ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: “ਸੁਨਹੁ ਰੇ ਤੂ ਕਉਨੁ ਕਹਾ ਤੇ ਅਇਓ॥” :-
-: “ਸੁਨਹੁ ਰੇ ਤੂ ਕਉਨੁ ਕਹਾ ਤੇ ਅਇਓ॥” :-
Page Visitors: 2837

-: “ਸੁਨਹੁ ਰੇ ਤੂ ਕਉਨੁ ਕਹਾ ਤੇ ਅਇਓ॥” :-
ਇਹ ਲੇਖ ਵਿਆਕਰਣ ਦੇ ਮਾਹਰ ਚਮਕੌਰ ਸਿੰਘ ਬਰਾੜ ਨਾਲ ਫੇਸ ਬੁੱਕ ਤੇ ਚੱਲੀ ਮੇਰੀ ਵਿਚਾਰ ਸੰਬੰਧੀ ਹੈ।
ਚਮਕੌਰ ਸਿੰਘ ਬਰਾੜ ਵੱਲੋਂ ਮੇਰੇ ਤੇ ਸਵਾਲ ਕੀਤਾ ਗਿਆ ਸੀ ਕਿ ਮੈਂ ਦੱਸਾਂ ਮੈਂ ਪਿਛਲੇ ਜਨਮ ਵਿੱਚ ਕੀ ਸੀ ਅਤੇ ਅੱਗੋਂ ਕਿਸ ਜੂਨ ਵਿੱਚ ਪਵਾਂਗਾ।ਇਸ ਦੇ ਜਵਾਬ ਵਿੱਚ ਮੈਂ ਗੁਰਬਾਣੀ ਦੀਆਂ ਦੋ ਉਦਾਹਰਣਾਂ ਦਿੱਤੀਆਂ ਸਨ ਜਿਨ੍ਹਾਂ ਦੁਆਰਾ ਮੈਂ ਦੱਸਣਾ ਚਾਹਿਆ ਸੀ ਕਿ ਗੁਰਮਤਿ ਅਨੁਸਾਰ ਇਹ ਨਹੀਂ ਦੱਸਿਆ ਜਾ ਸਕਦਾ ਕਿ ਕੋਈ ਪਹਿਲਾਂ ਕਿੱਥੋਂ ਆਇਆ ਹੈ ਅਤੇ ਇਸ ਜਨਮ ਤੋਂ ਬਾਅਦ ਇਸ ਨਾਲ ਕੀ ਹੋਣਾ ਹੈ।ਪਰ ਗੁਰਮਤਿ ਇਸ ਜਨਮ ਤੋਂ ਅੱਗੇ ਪਿੱਛੇ ਵਾਲੀਆਂ ਜੂਨਾਂ ਦਾ ਖੰਡਣ ਨਹੀਂ ਕਰਦੀ।ਇਸ ਜਨਮ ਤੋਂ ਪਹਿਲਾਂ ਕਿਸ ਜੂਨ ਵਿੱਚ ਸੀ ਜਾਂ ਅੱਗੋਂ ਕਿਸ ਜੂਨ ਵਿੱਚ ਜਾਣਾ ਪਏਗਾ ਦਾ *ਪਤਾ ਨਾ ਹੋਣ* ਦਾ ਇਹ ਮਤਲਬ ਨਹੀਂ ਕਿ *ਅੱਗੇ ਪਿੱਛੇ ਵਾਲੀਆਂ ਜੂਨਾਂ ਹੈ ਹੀ ਨਹੀਂ*।
ਚਮਕੌਰ ਸਿੰਘ ਨੇ ਮੇਰੇ ਵਿਚਾਰਾਂ ਨੂੰ ਰੱਦ ਕਰਦੇ ਹੋਏ ਸੰਬੰਧਤ (ਇੱਕ) ਸ਼ਬਦ ਦੇ ਆਪਣੇ ਅਰਥ ਪੇਸ਼ ਕੀਤੇ ਹਨ।ਸੋ ਪੇਸ਼ ਹਨ ਚਮਕੌਰ ਸਿੰਘ ਦੇ ਅਰਥਾਂ ਸੰਬੰਧੀ ਮੇਰੇ ਵਿਚਾਰ ਅਤੇ ਕੁਝ ਸਵਾਲ:-
ਸੁਨਹੁ ਰੇ ਤੂ ਕਉਨੁ ਕਹਾ ਤੇ ਆਇਓ ॥
ਏਤੀ ਨ ਜਾਨਉ ਕੇਤੀਕ ਮੁਦਤਿ ਚਲਤੇ ਖਬਰਿ ਨ ਪਾਇਓ
॥੧॥ ਰਹਾਉ ॥
ਅਰਥ (ਚਮਕੌਰ ਸਿੰਘ ਬਰਾੜ)— (ਐਹ ਜੀਵ!), ਮੇਰੀ ਸੁਣ। ਤੂੰ ਕਉਣ ਹੈ ਅਤੇ ਕਿਥੌਂ ਆਇਆ ਹੈ  (ਭਾਵ ਜੀਵ! ਤੈਨੂੰ ਪਤਾ ਨਹੀਂ ਤੂੰ ਕਿਥੋ ਆਇਆ ਹੈ ਅਤੇ ਕਿਸ਼ ਚੀਜ਼ ਦਾ ਬਣਿਆ ਹੈ। ਜਿਸ ਨੂੰ ਗੁਰੂ ਸਾਹਿਬ ਸਾਰੇ ਸ਼ਬਦ ਵਿਚ ਖੋਲਦੇ ਹਨ) ਤੂੰ ਤਾਂ ਇੰਨਾ ਵੀ ਨਹੀ ਜਾਣਦਾ ਕਿ ਤੇਰੀ ਏਥੇ ਕਿੰਨੀ ਕੁ ਮੁਹਲਤ ਹੈ। ( ਕਿਸੇ ਨੇ ਵੀ) ਚਲਦੇ ਨੇ ਖਬਰ ਨਹੀ ਪਾਈ ਹੈ ( ਤੂੰ ਐਵੇਂ ਹੀ ਫੋਕੇ ਮਾਨ ਵਿਚ ਤੁਰਿਆ ਫਿਰਦਾ ਹੈ।ਇਸ ਨਾਸ਼ਵੰਤ ਦੁਨੀਆ ਤੋਂ ਟੁਰ ਜਾਣ ਦਾ ਕਿਸੇ ਨੂੰ ਵੀ ਕੋਈ ਨਹੀਂ ਪਤਾ)”
ਵਿਚਾਰ:- ਰਹਾਉ ਦੀ ਪੰਗਤੀ ਵਿੱਚ ਬੜਾ ਸਾਫ ਲਿਖਿਆ ਹੈ ਕਿ- ਤੇਰਾ ਅਸਲਾ ਕੀ ਹੈ ਅਤੇ ਤੂੰ ਕਿੱਥੋਂ ਆਇਆ ਹੈਂ? ਅਤੇ ਕਿੰਨੀਕੁ ਮੁੱਦਤ ਤੋਂ ਚੱਲਦਾ (ਅਰਥਾਤ ਕਿੰਨੀਆਂ ਕੁ ਜੂਨਾਂ ਭੋਗਦਾ) ਹੋਇਆ ਤੁੰ ਹੁਣ ਏਥੇ ਆਇਆ ਹੈਂ।
ਪਰ ਕਿਉਂਕਿ ਚਮਕੌਰ ਸਿੰਘ ਬਰਾੜ ਨੂੰ ਗੁਰਬਾਣੀ ਦੇ ਕਈ ਸੰਕਲਪ ਮਨਜ਼ੂਰ ਨਹੀਂ ਅਤੇ ਉਹਨਾਂ ਸੰਕਲਪਾਂ ਦੇ ਅਰਥ ਆਪਣੀ ਸੋਚ ਮੁਤਾਬਕ ਘੜਨੇ ਹੁੰਦੇ ਹਨ।ਇਸ ਲਈ ਇਸ ਸ਼ਬਦ ਦੇ ਵੀ ਉਹਨਾਂਨੇ ਆਪਣੀ ਸੋਚ ਮੁਤਾਬਕ ਅਰਥ ਘੜ ਲਏ ਹਨ।
1- ਚਮਕੌਰ ਸਿੰਘ ਜੀ ‘ਮੁਦਤਿ’ ਦੇ ਅਰਥ ‘ਮੁਹਲਤ’ ਕਰ ਰਹੇ ਹਨ।ਸੋ ਸਭ ਤੋਂ ਪਹਿਲਾਂ ਚਮਕੌਰ ਸਿੰਘ ਜੀ ਨੂੰ ਇਹ ਗੱਲ ਸਮਝਣ ਦੀ ਜਰੂਰਤ ਹੈ ਕਿ-
‘ਮੁਦਤਿ’ ਅਤੇ ‘ਮੁਹਲਤ’ ਓਪਰੀ ਨਜ਼ਰੇ ਦੋਨਾਂ ਦਾ ਅਰਥ ਬੇਸ਼ੱਕ ਇੱਕੋ ਹੀ ਨਜ਼ਰ ਆਉਂਦਾ ਹੈ ‘ਸਮਾਂ’, ਪਰ ਅਸਲ ਵਿੱਚ ਇਹ ਸ਼ਬਦ ਵਰਤਣ ਪੱਖੋਂ ਦੋਨਾਂ ਦੇ ਅਰਥਾਂ ਵਿੱਚ ਬਹੁਤ ਜਿਆਦਾ ਫਰਕ ਹੈ।
‘ਮੁਦਤਿ’ ਸ਼ਬਦ ਆਮ ਤੌਰ ਤੇ ਬੀਤੇ ਸਮੇਂ ਨਾਲ ਸੰਬੰਧ ਰੱਖਦਾ ਹੈ।ਜਿਵੇਂ ਮਿਸਾਲ ਦੇ ਤੌਰ ਤੇ, ‘ਕੋਈ ਕੰਮ ਕਿੰਨੀ ਮੁਦੱਤ ਤੋਂ ਹੁੰਦਾ ਆ ਰਿਹਾ ਹੈ।ਇਸ ਨੂੰ ਇਹ ਨਹੀਂ ਕਹਿ ਸਕਦੇ ਕਿ ਕੋਈ ਕੰਮ ਕਿੰਨੀ ਮੁਹਲਤ ਤੋਂ ਹੁੰਦਾ ਆ ਰਿਹਾ ਹੈ।ਇਸ ਵਿੱਚ ਸਮੇਂ ਦੀ ਅਵਧੀ ਨਿਰਧਾਰਿਤ ਨਹੀਂ ਹੁੰਦੀ।
ਅਤੇ
‘ਮੁਹਲਤ’ *ਕਿਸੇ ਵੱਲੋਂ ਪ੍ਰਦਾਨ ਕੀਤੀ ਗਈ* ਸਮੇਂ ਦੀ ਖਾਸ ਨਿਰਧਾਰਿਤ ਅਵਧੀ ਹੁੰਦੀ ਹੈ।ਜੋ ਕਿ ਆਮ ਤੌਰ ਤੇ ਅੱਗੋਂ ਆਉਣ ਵਾਲੇ ਸਮੇਂ ਲਈ ਹੁੰਦੀ ਹੈ।
ਪਰ ਕਿਉਂਕਿ ਚਮਕੌਰ ਸਿੰਘ ਨੂੰ ਗੁਰਬਾਣੀ ਦੀ ਇਹ ਗੱਲ ਮਨਜ਼ੂਰ ਨਹੀਂ ਕਿ ਬੰਦਾ ਪਹਿਲਾਂ ਪਤਾ ਨਹੀਂ ਕਿੰਨੀਂ ਕੁ ਮੁੱਦਤ ਤੋਂ ਅਰਥਾਤ ਕਿੰਨੀਆਂ ਕੁ ਜੂਨਾਂ ਵਿੱਚੋਂ ਦੀ ਹੁੰਦਾ ਹੋਇਆ ਆਇਆ ਹੈ, ਇਸ ਲਈ ‘ਮੁਦਤਿ’ ਦੇ ਅਰਥ ‘ਮੁਹਲਤ’ ਕਰ ਰਹੇ ਹਨ।
ਦੂਸਰਾ- ਚਮਕੌਰ ਸਿੰਘ ਜੀ, “ਕਹਾ ਤੇ ਆਇਓ” ਦੇ ਅਰਥ ਕਰਦੇ ਹਨ- “ਤੂੰ ਕਿੱਥੋਂ ਆਇਆ ਹੈਂ” ਪਰ ਨਾਲ ਹੀ ‘ਕਿੱਥੋਂ ਆਇਆ ਹੈਂ’ ਦੇ ਭਾਵਾਰਥ ਕਰ ਰਹੇ ਹਨ- “ਕਿਸ ਚੀਜ਼ ਦਾ ਬਣਿਆ ਹੈ?” ਜੋ ਕਿ ਭਾਵਾਰਥ ਨੇੜੇ ਤੇੜੇ ਵੀ ਨਹੀਂ ਢੁਕਦੇ।
ਚਮਕੌਰ ਸਿੰਘ ਲਿਖਦੇ ਹਨ:- “ਤੈਨੂੰ ਪਤਾ ਨਹੀਂ ਤੂੰ ਕਿਥੋ ਆਇਆ ਹੈ ਅਤੇ ਕਿਸ਼ ਚੀਜ਼ ਦਾ ਬਣਿਆ ਹੈ। ਜਿਸ ਨੂੰ ਗੁਰੂ ਸਾਹਿਬ ਸਾਰੇ ਸ਼ਬਦ ਵਿਚ ਖੋਲਦੇ ਹਨ)”
ਵਿਚਰ:- ਇਸ ਦਾ ਮਤਲਬ ਹੈ ਕਿ ਸਾਰੇ ਸ਼ਬਦ ਵਿੱਚ ਇਸ ਗੱਲ ਦਾ ਵਿਸਥਾਰ ਕੀਤਾ ਗਿਆ ਹੈ ਕਿ- ‘ਤੂੰ ਕਿਸ ਚੀਜ਼ ਦਾ ਬਣਿਆ ਹੈਂ? ਤੇਰਾ ਬੌਡੀ ਸਟਰਕਚਰ ਕੀ ਹੈ।
 ਆਓ ਦੇਖੀਏ, ਕਿ ਕੀ ਬਾਕੀ ਦੇ ਸ਼ਬਦ ਵਿੱਚ (ਚਮਕੌਰ ਸਿੰਘ ਦੇ ਅਰਥਾਂ ਅਨੁਸਾਰ) ਮਨੁੱਖ ਦੇ ਬੌਡੀ-ਸਟਰਕਚਰ ਬਾਰੇ ਖੋਲ੍ਹਕੇ ਸਮਝਾਇਆ ਗਿਆ ਹੈ?:-
 “ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤੁ ਅਹੰਕਾਰਾ ॥
  ਕਵਨ ਚਿਹਨ ਸੁਨਿ ਊਪਰਿ ਛੋਹਿਓ ਮੁਖ ਤੇ ਸੁਨਿ ਕਰਿ ਗਾਰਾ
॥੧॥”
ਅਰਥ (ਚਮਕੌਰ ਸਿੰਘ)—ਇਹ ਤੇਰਾ ਹੰਕਾਰ ਕਿਹੜੀ ਚੀਜ ਹੈ। ਇਹ ਤੇਰੇ ਵੱਡੇਪਣ ਹੋਣ ਦਾ ਨਾਮ ਤੇਰੇ ਕਿਥੇ ਫiਸਆ ਹੋਇਆ ਹੈ। ਤੈਨੂੰ ਕਿਸੇ ਦੇ ਮੂੰਹੋ ਗਾਲਾਂ ਸੁਣਕੇ ਤੇਰਾ ਪਾਰਾ ਅਸਮਾਨ ਨੂੰ ਚੜ ਜਾਂਦਾ ਹੈ। ਤੇਰੇ ਕਿਹੜੇ ਫਟ ਲਗ ਜਾਂਦੇ ਹੈ ਗਾਲਾ ਸੁਣਕੇ॥1॥
ਵਿਚਰ:- ਇਸ ਪਹਿਲੇ ਬੰਦ ਵਿੱਚ- ਚਮਕੌਰ ਸਿੰਘ ਦੇ ਅਰਥਾਂ ਵਾਲਾ- ‘ਕਿਸ ਚੀਜ਼ ਦਾ ਬਣਿਆ ਹੈਂ?’ - ‘ਤੇਰਾ ਬੌਡੀ ਸਟਰਕਚਰ ਕੀ ਹੈ?’ ਦਾ ਕੋਈ ਜਵਾਬ ਨਹੀਂ ਮਿਲਦਾ।
 “ਸਹਨ ਸੀਲ ਪਵਨ ਅਰੁ ਪਾਣੀ ਬਸੁਧਾ ਖਿਮਾ ਨਿਭਰਾਤੇ ॥
 ਪੰਚ ਤਤ ਮਿਲਿ ਭਇਓ ਸੰਜੋਗਾ ਇਨ ਮਹਿ ਕਵਨ ਦੁਰਾਤੇ
॥੨॥ ”
 ਅਰਥ (ਚਮਕੌਰ ਸਿੰਘ)—( ਗੁਰੂ ਜੀ ਰਹਾਉ ਵਾਲੀ ਪੰਗਤੀ ਨੂੰ ਖੋਲਦੇ ਹਨ ਕਿ ਹੇ ਜੀਵ! ਤੂੰ ਕਉਣ ਹੈ ਭਾਵ ਤੇਰਾ **ਬਾਡੀ ਸਟਰਕਚਰ** ਕੀ ਹੈ) ਤੂੰ ਪੰਜ ਤੱਤਾਂ ਨਾਲ ਮਿਲਕੇ ਬਣਿਆ ਹੋਇਆ ਹੈਂ। ਹਵਾ ਅਤੇ ਪਾਣੀ ਸਹਿਨਸੀਲਤਾ ਦੇ ਸੋਮੇ ਹਨ ਅਤੇ ਧਰਤੀ ਸਦਾ ਖਿਮਾ ਕਰਨ’ ਵਾਲੀ ਅਚਲ ਹੈ ( ਇਹ ਸਾਰੇ ਚੰਗੇ ਤੱਤਾਂ ਦਾ ਤੂੰ ਬਣਿਆ ਹੋਇਆ ਹੈ ਪਰ ਫਿਰ ਵੀ ਤੂੰ ਹੰਕਾਰ ਦਾ ਭਰਿਆ ਪਇਆ ਹੈ) ( ਤੂੰ ਮੈਨੂੰ ਦਸ) ਇੰਨਾ ਤੱਤਾ ਵਿਚੋਂ (ਜਿਨਾਂ ਦਾ ਤੂੰ ਬਣਿਆ ਹੋਇਆ ਹੈ) ਕਿਹੜੇ ਭੈੜੇ ਤੱਤ ਹੈ (ਜਿਸ ਨਾਲ ਤੇਰੇ ਵਿਚ ਇੰਨਾ ਹੰਕਾਰ ਭਰ ਗਇਆ ਹੈ)॥ 2॥
ਵਿਚਾਰ:- ਚਮਕੌਰ ਸਿੰਘ ਮੁਤਾਬਕ, ਇਸ ਬੰਦ ਵਿੱਚ “ਤੂੰ ਕਿਸ ਚੀਜ਼ ਦਾ ਬਣਿਆ ਹੈਂ” ਅਰਥਾਤ ਤੇਰਾ ਬੌਡੀ ਸਟਰਕਚਰ ਕੀ ਹੈ” ਬਾਰੇ ਗੁਰੂ ਸਾਹਿਬ ਖੋਲ੍ਹਕੇ ਸਮਝਾਉਂਦੇ ਹਨ।
ਪਰ ਦੇਖੋ ਅਰਥਾਂ ਵਿੱਚ ਐਸਾ ਕੁਝ ਵੀ ਨਜ਼ਰ ਆਉਂਦਾ ਹੈ?  ਇਸ ਦੂਸਰੇ ਬੰਦ ਵਿੱਚ ‘ਪੰਚ ਤੱਤ’ ਦੀ ਗੱਲ ਤਾਂ ਜਰੂਰ ਕੀਤੀ ਹੈ ਜੋ ਕਿ ਗੁਰੂ ਸਾਹਿਬਾਂ ਤੋਂ ਬਹੁਤ ਸਦੀਆਂ ਪਹਿਲਾਂ ਤੋਂ ਧਰਮ ਗ੍ਰੰਥਾਂ ਵਿੱਚ ਇਹਨਾਂ ਤੱਤਾਂ ਦਾ ਜ਼ਿਕਰ ਕੀਤਾ ਮਿਲਦਾ ਹੈ।   
      ਦੂਸਰੀ ਗੱਲ- ਪੰਜਾਂ ਤੱਤਾਂ ਵਿੱਚੋਂ ਸਿਰਫ ਤਿੰਨ ਤੱਤਾਂ ਹਵਾ, ਪਾਣੀ ਅਤੇ ਧਰਤੀ ਦਾ ਹੀ ਜ਼ਿਕਰ ਹੈ, ਤੇਜ ਅਤੇ ਆਕਾਸ਼ ਦਾ ਜ਼ਿਕਰ ਨਹੀਂ ਹੈ।ਤਾਂ ਫੇਰ ਚਮਕੌਰ ਸਿੰਘ ਕਿਵੇਂ ਕਹਿੰਦੇ ਹਨ ਕਿ ਬੌਡੀ ਸਟਰਕਚਰ ਬਾਰੇ ਖੋਲ੍ਹਕੇ ਸਮਝਾਉਂਦੇ ਹਨ?(ਨੋਟ:- ਇਸ ਸਾਰੇ ਸ਼ਬਦ ਵਿੱਚ ਇਸ ਬੰਦ ਤੋਂ ਇਲਾਵਾ ਹੋਰ ਕਿਤੇ ਵੀ ‘ਤੱਤਾਂ’ (ਜਾਂ ਬੌਡੀ ਸਟਕਸਰ ਆਦਿ) ਦਾ ਕੋਈ ਜ਼ਿਕਰ ਨਹੀਂ ਹੈ)।
ਜਿਹਨਾਂ ਭਾਵ ਅਰਥਾ ਵਿੱਚ ਤਿੰਨ ਤੱਤਾਂ ਦਾ ਜ਼ਿਕਰ ਕੀਤਾ ਵੀ ਗਿਆ ਹੈ, ਉਹ ਤਾਂ ਚਮਕੌਰ ਸਿੰਘ ਦੇ ਆਪਣੇ ਅਰਥਾਂ ਨਾਲ ਹੀ ਮੇਲ ਨਹੀਂ ਖਾਂਦੇ।ਇਸ ਬੰਦ ਵਿੱਚ ਚਮਕੌਰ ਸਿੰਘ ਦੇ ਅਰਥਾਂ ਅਨੁਸਾਰ ਹੀ ਹਵਾ, ਪਾਣੀ ਅਤੇ ਧਰਤੀ ਦਾ **ਸਹਿਨਸ਼ੀਲਤਾ ਅਤੇ ਖਿਮਾਂ** ਦਾ ਸੁਭਾਵ ਦੱਸਿਆ ਹੈ। ਪਰ ਸਹਿਨਸ਼ੀਲਤਾ ਅਤੇ ਖਿਮਾਂ ਬੌਡੀ ਸਟਰਕਚਰ ਦਾ ਅੰਗ ਨਹੀਂ ਹਨ। ਜੇ ਇਥੇ ਸ਼ਬਦ ਵਿੱਚ ਬੌਡੀ ਸਟਰਕਚਰ ਦੀ ਗੱਲ ਹੈ, ਫੇਰ ਤਾਂ ਇਹ ਸਾਰੇ ਤੱਤ ਹਰ ਇਕ ਵਿੱਚ ਮੌਜੂਦ ਹਨ। ਫੇਰ ਤਾਂ ਹਰ ਇਕ ਨੂੰ ਸਹਿਨਸ਼ੀਲ ਅਤੇ ਖਿਮਾ ਕਰਨ ਵਾਲੇ ਹੋਣਾ ਚਾਹੀਦਾ ਸੀ।  ਬਲਕਿ ਫੇਰ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ, ਜਿਸ ਦੇ ਸਰੀਰ ਵਿੱਚ ਇਹਨਾਂ ਤੱਤਾਂ ਦੀ ਬਹੁਤਾਤ ਹੈ ਅਰਥਾਤ ਸਰੀਰ ਪੱਖੋਂ ਤਕੜਾ ਹੈ, ਉਹ ਕਮਜ਼ੋਰ ਸਰੀਰਕ ਸਟਰਕਚਰ ਵਾਲੇ ਨਾਲੋਂ ਵੱਧ ਸਹਿਨਸ਼ੀਲ ਅਤੇ ਵੱਧ ਖਿਮਾ ਦਾ ਧਾਰਣੀ ਹੋਣਾ ਚਾਹੀਦਾ ਹੈ।
ਜੇ ਸਾਰੇ ਸ਼ਬਦ ਵਿੱਚ ਬੌਡੀ ਸਟਰਕਚਰ ਬਾਰੇ ਖੋਲ੍ਹਕੇ ਦੱਸਿਆ ਹੈ ਤਾਂ, ਚਮਕੌਰ ਸਿੰਘ ਬਰਾੜ ਦੱਸਣਗੇ ਕਿ- ਸਰੀਰਕ-ਸਟਰਕਚਰ ਦਾ ਪੰਜਵਾਂ ‘ਆਕਾਸ਼ੀ ਤੱਤ’ (ਜਿਸ ਦਾ ਕਿ ਸ਼ਬਦ ਵਿੱਚ ਜ਼ਿਕਰ ਨਹੀਂ ਹੈ) ਇਹ ਕਿਹੜਾ ਤੱਤ ਹੈ? ਕੀ ਇਹ ਕੋਈ ਭੌਤਿਕ ਤੱਤ ਹੈ ਜਾਂ ਸੂਖਮ ਤੱਤ? ਇਸ ਦਾ ਅਪਣੀ ਬੌਡੀ ਵਿੱਚ ਕੀ ਫੰਕਸ਼ਨ ਹੈ?
ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ ॥
 ਜਨਮ ਮਰਣੁ ਉਸ ਹੀ ਕਉ ਹੈ ਰੇ ਓਹਾ ਆਵੈ ਜਾਈ
॥੩॥ ”
 ਅਰਥ (ਚਮਕੌਰ ਸਿੰਘ)_- ਜਿਸ ਪ੍ਰਭੂ ਰਚਣ ਹਾਰ ਨੇ ਇਹ ਤੇਰਾ ਰਚਨ ਰਚਿਆ ਹੈ ਉਸੇ ਪ੍ਰਭੂ ਨੇ ਨਾਲ ਹੀ ਹਾਉਮੈ ਵੀ ਤੇਰੀ ਵਿਚ ਪਾ ਦਿਤੀ ਹੈ। ਇਹ ਜਨਮ ਮਰਨ ਦਾ ਚਕਰ ਹੀ ਹਾਉਮੈ ਨੂੰ ਹੈ । ਇਹ ਹਉਮੈਂ ਹੀ ਆਣ ਜਾਣ ਵਿਚ ਪਈ ਰਹਿੰਦੀ ਹੈ। (ਭਾਵ ਹਾਉਮੈ ਕਰਕੇ ਹੀ ਤੂੰ ਮਰਨ ਜੰਮਣ ਦੇ ਗੇੜ ਵਿਚ ਹੈ। ਹੇ ਜੀਵ ਜੇ ਤੂੰ (ਹੁਣ) ਹੰਕਾਰ ਦਾ ਧਾਰਨੀ ਹੈ ਜਾਂ ਹਉਮੈ ਵਾਲਾ ਹੈ ਤਾਂ ਜਨਮ ਮਰਨ ਦੇ ਚਕਰ ਵਿਚ ਹੈਂ ॥ 3॥ ) 
ਚਮਕੌਰ ਸਿੰਘ ਦੱਸਣਗੇ ਕਿ ਪੰਜਾਂ ਤੱਤਾਂ ਵਿੱਚੋਂ ਹਉਮੈ ਕਿਹੜੇ ਤੱਤ ਨੂੰ ਹੈ?
ਚਮਕੌਰ ਸਿੰਘ ਸ਼ਾਇਦ, ਇਸ ਸਰੀਰ ਨੂੰ ਹੀ ਮਨੁਖ ਦਾ ਅਸਲਾ ਅਤੇ ਇਸ ਸਰੀਰ ਨੂੰ ਹੀ ਹਉਮੈ ਹੋਣੀ ਸਮਝੀ ਬੈਠੇ ਹਨ।   ਇਸੇ ਲਈ ‘ਤੂੰ ਕੌਣ ਹੈਂ’ ਦੇ ‘ਤੇਰਾ ਬੌਡੀ ਸਟਰਕਚਰ ਕੀ ਹੈ’ ਅਰਥ ਕਰੀ ਜਾ ਰਹੇ ਹਨ।       ਸ਼ਾਇਦ ਇਹਨਾਂ ਮੁਤਾਬਕ ਜੀਵਨ ਖਤਮ ਹੋਣ ਤੇ ਸਰੀਰ ਖਤਮ ਅਤੇ ਨਾਲ ਹੀ ਹੁੳਮੈ ਅਤੇ ਚੰਗੇ-ਮਾੜੇ ਕਰਮਾਂ ਦੇ ਲੇਖੇ ਸਮੇਤ ਸਭ ਕੁਝ ਖਤਮ।
   ਜਦਕਿ ਬਰਾੜ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ, ਹਉਮੈ ਸਰੀਰ ਨੂੰ ਨਹੀਂ, ਮਨ ਦੇ ਜ਼ਰੀਏ ਖੁਦ ਜੀਵ ਨੂੰ ਹੈ (ਜੋ ਕਿ ਇਸ ਸਰੀਰ ਤੋਂ ਵੱਖਰਾ ਹੈ)।ਹਉਮੈ ਨੂੰ ਹੀ ਜਨਮ ਮਰਨ ਦਾ ਚੱਕਰ ਹੈ, ਦਾ ਮਤਲਬ ਹੈ ਕਿ ਜਿੰਨੀ ਦੇਰ ਮਨੁਖ ਦੀ ਹਉਮੈ ਅਰਥਾਤ ਪ੍ਰਭੂ ਤੋਂ ਆਪਣੀ ਵੱਖਰੀ ਹਸਤੀ ਤਸੱਵੁਰ ਕਰਨੀ ਹੈ, ਇਸ ਨੂੰ ਮੁੜ ਮੁੜ ਜਨਮ ਲੈ ਕੇ ਸੰਸਾਰ ਤੇ ਆਉਣਾ ਪੈਂਦਾ ਹੈ।     ਜਦੋਂ ਇਸ ਨੂੰ ਸੋਝੀ ਆ ਜਾਂਦੀ ਹੈ ਕਿ ਪ੍ਰਭੂ ਦੀ ਅੰਸ਼ ਹੋਣ ਕਰਕੇ ਇਸ ਦਾ ਅਸਲਾ ਪ੍ਰਭੂ ਵਾਲਾ ਹੀ ਹੈ।  ਇਹ ਜੋ ਕੁਝ ਕਰਦਾ ਹੈ, ਉਸੇ ਦਾ ਕਰਾਇਆ ਹੀ ਕਰਦਾ ਹੈ, ਉਸ ਤੋਂ ਬਿਨਾ ਇਸ ਦੀ ਆਪਣੀ ਕੋਈ ਹਸਤੀ ਨਹੀਂ ਹੈ।    ਜਦੋਂ ਇਸ ਦੀ ਹਉਂ ਖਤਮ ਹੋ ਜਾਂਦੀ ਹੈ, ਉਸ ਵਕਤ ਇਸ ਦਾ ਜਨਮ ਮਰਨ ਦਾ ਚੱਕਰ ਖਤਮ ਹੁੰਦਾ ਹੈ, ਇਹ ਸਰੀਰ ਖਤਮ ਹੋਣ ਨਾਲ ਨਹੀਂ।
   ਇੱਕ ਸਵਾਲ-
 ਕੀ ਬੰਦਾ ਸਿਰਫ ‘ਪੰਜ ਤਤਾਂ ਦਾ ਬਣਿਆ ਬੌਡੀ ਸਟਰਕਚਰ ਹੀ ਹੈ? ਜੇ ਬੰਦਾ ਪੰਜ ਤਤ ਦਾ ਬਣਿਆ ਬੌਡੀ ਸਟਰਕਚਰ ਹੀ ਹੈ ਤਾਂ-
ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ ॥”
ਚਮਕੌਰ ਸਿੰਘ ਬਰਾੜ ਦੱਸਣ ਦੀ ਖੇਚਲ ਕਰਨਗੇ ਕਿ ਇਸ ਤੁਕ ਵਿੱਚ-
 1- ‘ਏ ਸਰੀਰਾ ਮੇਰਿਆ!’ ਕਹਿਕੇ ‘ਸਰੀਰ’ ਨੂੰ ਸੰਬੋਧਨ ਕਰਨ ਵਾਲਾ ਕੌਣ ਹੈ?
 2- ਪੰਜਾਂ ਤਤਾਂ ਵਿੱਚੋਂ ‘ਜੋਤਿ’ ਕਿਹੜਾ ਤੱਤ ਹੈ? ਕੀ ‘ਜੋਤ’ ਪੰਜਾਂ ਤੱਤਾਂ ਵਿੱਚੋਂ ਕੋਈ ਭੌਤਿਕ ਤੱਤ ਹੈ ਜਾਂ ਇਹਨਾਂ ਤੋਂ ਵੱਖਰਾ ਕੋਈ ਸੂਖਮ ਤੱਤ ਹੈ?
   “ਬਰਨੁ ਚਿਹਨੁ ਨਾਹੀ ਕਿਛੁ ਰਚਨਾ ਮਿਥਿਆ ਸਗਲ ਪਸਾਰਾ ॥
     ਭਣਤਿ ਨਾਨਕੁ ਜਬ ਖੇਲੁ ਉਝਾਰੈ ਤਬ ਏਕੈ ਏਕੰਕਾਰਾ
॥੪॥੪॥”
“ਅਰਥ (ਚਮਕੌਰ ਸਿੰਘ)_-   ਹੇ ਜੀਵ! ( ਅਸਲੀਅਤ ਵਿਚ) ਏਥੇ ਰੰਗ ਸ਼ਕਲ (ਸਰੀਰਕ) ਬਣਤਰ ਕੁਝ ਵੀ( ਸਥਿਰ) ਨਹੀਂ। ਇਹ ਸਾਰੀ ਸਰਿਸਟੀ ਨਾਸ਼ਵੰਤ ਹੈ।
ਨਾਨਕ ਤਾਂ ਆਖਦਾ ਹੈ ਕਿ ਜਦੋਂ ਪ੍ਰਭੂ ਏਸ ਖੇਲ ਨੂੰ ਖਤਮ ਕਰ ਦਿੰਦਾ ਹੈ( ਭਾਵ ਜਦੋਂ ਜੀਵਨ ਲੀਲਾ ਖਤਮ ਕਰ ਦਿਤੀ ਜਾਂਦੀ ਹੈ) ਤਾਂ ਇਹ ਇੱਕ ਵਿਚ (ਮਿਲਕੇ) ਇੱਕ ਦਾ ਰੂਪ ਹੀ (ਬਣ ਜਾਂਦੀ ਹੈ) ॥ 4॥ 4॥  ”
ਸਵਾਲ:- ਜੇ ਰੰਗ ਸ਼ਕਲ (ਸਰੀਰਕ) ਬਣਤਰ ਕੁਝ ਵੀ ਸਥਿਰ ਨਹੀਂ ਤਾਂ ਗੁਰੂ ਸਾਹਿਬ ਸਰੀਰਕ ਸਟਰਕਚਰ ਬਾਰੇ ਵਿਸਥਾਰ ਨਾਲ ਕਿਉਂ ਸਮਝਾਉਣਗੇ? ਸਰੀਰਕ ਸਟਰਕਚਰ ਕਿਸ ਚੀਜ਼ ਦਾ ਬਣਿਆ ਹੈ, ਕਿਸ ਦਾ ਨਹੀਂ, ਇਸ ਨਾਲ ਕੀ ਫਰਕ ਪੈਂਦਾ ਹੈ?
ਸ਼ਬਦ ਦੇ ਇਸ ਬੰਦ ਵਿੱਚ ਤਾਂ ‘ਸਗਲ ਪਸਾਰੇ’ ਨੂੰ ਉਜਾੜਨ (ਖਤਮ ਕਰਨ) ਦੀ ਗੱਲ ਕਹੀ ਗਈ ਹੈ।ਪਰ ਚਮਕੌਰ ਸਿੰਘ ਜੀ ਸਗਲ ਪਸਾਰੇ ਦੇ ਅਰਥ, ਬੰਦੇ ਦੀ ‘ਜੀਵਨ ਲੀਲਾ’ ਕਰੀ ਜਾ ਰਹੇ ਹਨ ।  
ਜੇ ਇਥੇ ਮਨੁੱਖ ਦੀ ਜੀਵਨ-ਲੀਲਾ ਖਤਮ ਹੋਣ ਦੀ ਗੱਲ ਕਹੀ ਗਈ ਹੈ ਅਤੇ ਜੀਵਨ ਲੀਲਾ ਖਤਮ ਹੋਣ ਤੇ “ਉਸ ਇੱਕ ਵਿੱਚ ਮਿਲਕੇ ਇੱਕ ਦਾ ਹੀ ਰੂਪ ਹੋ ਜਾਈਦਾ ਹੈ ਫੇਰ ਤਾਂ ਉਸ ਇੱਕ ਨਾਲ ਮਿਲਣ ਦੇ ਕੋਈ ਹੋਰ ਉਪਰਾਲੇ ਕਰਨ ਦੀ ਜਰੂਰਤ ਹੀ ਨਹੀਂ।  ਫੇਰ ਤਾਂ ਪ੍ਰਭੂ ਨੂੰ ਮਿਲਣ ਲਈ ਕਿਸੇ ਦੁਰਾਚਾਰੀ ਨੂੰ ਆਪਣਾ ਭੈੜਾ ਆਚਰਣ ਛੱਡਣ ਦੀ ਵੀ ਕੋਈ ਲੋੜ ਨਹੀਂ।  ਜੀਵਨ-ਲੀਲਾ ਖਤਮ ਹੋਣ ਤੇ ਹਰ ਇੱਕ ਨੇ ਉਸ ਇਕ ਵਿੱਚ ਮਿਲਕੇ ਉਸ ਇੱਕ ਦਾ ਰੂਪ ਹੋ ਹੀ ਜਾਣਾ ਹੈ।
ਜੇ ਜੀਵਨ-ਲੀਲਾ ਖਤਮ ਹੋਣ ਤੇ ਉਸ ਇਕ ਵਿੱਚ ਮਿਲਕੇ ਇਕ ਦਾ ਰੂਪ ਹੋਈਦਾ ਹੈ ਤਾਂ ਇਸ ਦਾ ਮਤਲਬ ਜਿਉਂਦਿਆਂ ਉਸ ਇਕ ਦਾ ਰੂਪ ਨਹੀਂ ਹੋਇਆ ਜਾ ਸਕਦਾ।
 ਕਿਉਂ ਕਿ ਚਮਕੌਰ ਸਿੰਘ ਬਰਾੜ ਜੀ ਆਪਣੀ ਹੀ ਗੁਰਮਤਿ ਵਿਚਾਰਧਾਰਾ ਘੜਨ ਦੇ ਮਾਹਰ ਹਨ।  ਇਸ ਲਈ ਹਰ ਸ਼ਬਦ ਲਈ ਆਪਣੀ ਹੀ ਵੱਖਰੀ ਵਿਚਾਰਧਾਰਾ ਘੜ ਲੈਂਦੇ ਹਨ। ਦੇਖੋ ਪਹਿਲਾਂ ਕਈ ਵੱਖ ਵੱੱਖ ਸਬਦਾਂ ਦੇ ਅਰਥਾਂ ਵਿੱਚ ਕੀ ਲਿਖਦੇ ਹਨ:-
- …. “ਅਰਥ--- ਹੇ ਭਾਈ ! ਕਿਸੇ ਚੰਗੇ ਗੁਣਾਂ ਵਾਲੇ ਮਨੁਖ ਜਾਂ ਗੁਰੂ ਦੀ ਸੰਗਤ ਵਿੱਚ ਪ੍ਰਭੂ ਦੇ ਗੁਣਾ ਨੂੰ ਆਪਣੇ ਹਿਰਦੇ ਦਿਲ ਵਿਚ ਵਸਾਓ ਜਾਂ ਦਿਰੜ ਕਰੋ। ਇਹ ਹੀ **ਪ੍ਰਭੂ ਦੇ ਮਿਲਨ** ਦਾ ਰਸਤਾ ਹੈ ”
- “ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ … ’ ਅਰਥ-  ਨਾਨਕ ਕਹਿੰਦਾ ਹੈ **ਇਹ ਜੀਵਨ** ਤੇਰਾ *ਪ੍ਰਭੂ ਦੇ ਮਿਲਾਪ ਦਾ ਵੇਲਾ* ਹੈ ਇਸ ਕਰਕੇ ਉਸ ਦੇ ਗੁਣਾ ਨੂੰ ਜਾਂ ਨਾਮ ਨੂੰ ਆਪਣੇ ਹਿਰਦੇ ਦਿਲ ਵਿੱਚ ਯਾਦ ਕਰਿਆ ਕਰ ”
- “ਮਿਲੁ ਜਗਦੀਸ ਮਿਲਨ ਕੀ ਬਰੀਆ ॥- “…  ਅਰਥ- { ਜਿਹੜੀ ਕਿ ਦੂਜੇ ਸਾਰੇ ਜੀਵਾਂ ਤੋਂ ਸੁਪੀਰੀਅਰ ਹੈ} ਇਹ ਤੇਰੇ ਵਾਸਤੇ ਬੜੀਆ ਵਧੀਆ ਮੌਕਾ ਹੈ **ਪ੍ਰਭੁ ਨੂੰ ਮਿਲਨ ਦਾ**”
ਸੋ ਇਸ ਮੌਜੂਦਾ ਸ਼ਬਦ ਦੇ ਚਮਕੌਰ ਸਿੰਘ ਦੇ ਅਰਥਾਂ ਮੁਤਾਬਕ ਤਾਂ ਜੀਵਨ ਲੀਲਾ ਖਤਮ ਹੋਣ ਤੇ ਹਰ ਇਕ ਨੇ ਬਿਨਾ ਕੋਈ ਖਾਸ ਉਚੇਚ ਕੋਈ ਉਪਰਾਲਾ ਕੀਤੇ, ਪ੍ਰਭੂ ਨਾਲ ਮਿਲ ਜਾਣਾ ਹੈ।
ਜਦਕਿ ਇਸ ਤੋਂ ਪਹਿਲੇ (ਵੱਖ-ਵੱਖ ਸ਼ਬਦਾਂ ਦੇ) ਅਰਥਾਂ ਮੁਤਾਬਕ ਇਹ ਮਨੁੱਖਾ ਜਨਮ ਪ੍ਰਭੂ ਮਿਲਣ ਦਾ ਸਮਾਂ ਦੱਸਦੇ ਹਨ। ਅਰਥਾਤ ਇਸ ਮਨੁਖਾ ਜਨਮ ਦੇ ਜੀਵਨ ਕਾਲ ਵਿੱਚ ਉਸ ਨੂੰ ਮਿਲਣ ਦਾ ਉਪਰਾਲਾ ਕਰਨਾ ਹੈ।
ਨਿਚੋੜ:- ਬੰਦਾ ਪਤਾ ਨਹੀਂ ਕਿਹੜੀਆਂ ਕਿਹੜੀਆਂ ਜੂਨਾਂ ਤੋਂ ਹੁੰਦਾ ਹੁਣ ਏਥੇ ਆਇਆ ਹੈ ਵਾਲੇ ਗੁਰਮਤਿ ਸੰਕਲਪ ਨੂੰ ਰੱਦ ਕਰਨ ਲਈ ਚਮਕੌਰ ਸਿੰਘ ਬਰਾੜ ਜਿੰਨੇ ਵੀ ਅਰਥ ਘੜਦੇ ਹਨ ਇਹ ਇਹਨਾਂ ਦੀ ਆਪਣੀ ਸੋਚ ਹੈ, ਗੁਰਮਤਿ ਜਾਂ ਗੁਰਬਾਣੀ ਦੇ ਅਰਥ ਨਹੀਂ।
ਜਸਬੀਰ ਸਿੰਘ ਵਿਰਦੀ                             
    15-03-2016
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.