ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
"-: ਤਬ ਇਹੁ ਕਹਾ ਕਮਾਵਨ ਪਰਿਆ॥ :-
"-: ਤਬ ਇਹੁ ਕਹਾ ਕਮਾਵਨ ਪਰਿਆ॥ :-
Page Visitors: 2633

"-: ਤਬ ਇਹੁ ਕਹਾ ਕਮਾਵਨ ਪਰਿਆ॥ :-
 ਕੁਝ ਸਮਾਂ ਪਹਿਲਾਂ ਫੇਸ ਬੁੱਕ ਤੇ ਇੱਕ ਸੱਜਣ ਅਰਮਿੰਦਰ ਸਿੰਘ ਨੇ ਪੋਸਟ ਪਾਈ ਸੀ:-
 ਅਰਮਿੰਦਰ ਸਿੰਘ:- “ਅਕਸਰ ਪੜ੍ਹਨ ਨੂੰ ਮਿਲਦਾ ਰਹਿੰਦਾ ਹੈ ਕਿ ਵਰਤਮਾਨ ਜੀਵਨ ਵਿੱਚ ਕੀਤੇ ਕਰਮਾਂ ਦਾ ਫਲ਼ ਅਗਲੇ ਜਨਮ ਵਿੱਚ ਮਿਲਦਾ ਹੈ। ਪਰ ਇਹ ਵਿਚਾਰ ਗੁਰਮਤਿ ਅਨੁਕੂਲ ਨਹੀਂ ਹੈ।
"ਕਰਮੀ ਆਪੋ ਆਪਣੀ" ਸਿਧਾਂਤ ਨੂੰ ਸਾਹਮਣੇ ਰੱਖਕੇ ਪਤਾ ਚੱਲਦਾ ਹੈ, ਕਰਮ ਕਰਕੇ ਇਨਸਾਨ ਅਜਾਦ ਹੈ, ਪਰ ਯਾਦ ਰੱਖਣ ਜੋਗ ਹੈ ਕਿ "ਆਪੇ ਬੀਜ ਆਪੇ ਹੀ ਖਾਹੁ" ਜੋ ਇਨਸਾਨ ਨੇ ਬੀਜਿਆ ਹੈ ਉਹ ਇਸ ਹੀ ਜਨਮ ਵਿੱਚ ਖਾਣਾ ਵੀ ਪਵੇਗਾ...ਕੋਈ ਅਗਲੇ ਪਿਛਲੇ ਜਨਮ ਵਾਲਾ ਬਹਾਨਾ ਨਹੀਂ ਚੱਲੇਗਾ।  ਜਨਮ ਅਤੇ ਮਰਨ ਹੁਕਮੀ ਦੇ ਹੁਕਮ ਵਿੱਚ ਹੈ..ਉਸ ਦੇ ਹੁਕਮ ਰਜ਼ਾ (ਭਾਣੇ) ਵਿੱਚ ਹੈ!! ਜਨਮ ਕਰਮ, ਕਰਕੇ ਨਹੀਂ, ਸਤਿਗੁਰੂ ਦੀ ਰਜ਼ਾ ਵਿੱਚ ਮਿਲਦਾ ਹੈ।ਫੁਰਮਾਨ ਹੈ-
 "ਮੋ ਕਉ ਇਹੁ ਬਿਧਿ ਕੋ ਸਮਝਾਵੈ॥ਕਰਤਾ ਹੋਇ ਜਨਾਵੈ॥1॥ਰਹਾਉ॥
ਅਨਜਾਨਤ ਕਿਛੁ ਇਨਹਿ ਕਮਾਨੇ ਜਪ ਤਪ ਕਛੂ ਨ ਸਾਧਾ॥
ਦਹ ਦਿਸਿ ਲੈ ਇਹੁ ਮਨੁ ਦਉਰਾਇਓ ਕਵਨ ਕਰਮ ਕਰਿ ਬਾਧਾ
॥1॥
ਮਨ ਤਨ ਧਨ ਭੁਮਿ ਕਾ ਠਾਕੁਰੁ ਹਉ ਇਸ ਕਾ ਇਹੁ ਮੇਰਾ॥
ਭਰਮ ਮੋਹ ਕਛੁ ਸੂਝਸਿ ਨਾਹੀ ਇਹ ਪੈਖਰ ਪਏ ਪੈਰਾ
॥2॥
ਤਬ ਇਹੁ ਕਹਾ ਕਮਾਵਨ ਪਰਿਆ ਜਬ ਇਹੁ ਕਛੂ ਨ ਹੋਤਾ॥
ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭੁ ਕਿਛੁ ਆਪਹਿ ਕਰਤਾ
॥3॥
ਅਪਨੇ ਕਰਤਬ ਆਪੇ ਜਾਨੈ ਜਿਨਿ ਇਹੁ ਰਚਨੁ ਰਚਾਇਆ॥
ਕਹੁ ਨਾਨਕ ਕਰਣਹਾਰੁ ਹੈ ਆਪੇ ਸਤਿਗੁਰਿ ਭਰਮ ਚੁਕਾਇਆ
॥4॥ (ਪੰਨਾ 215-216)”
 ਜਸਬੀਰ ਸਿੰਘ ਵਿਰਦੀ:- ਉਪਰੋਕਤ ਸ਼ਬਦ ਦੇ ਪ੍ਰੋ: ਸਾਹਿਬ ਸਿੰਘ ਜੀ ਦੁਆਰਾ ਕੀਤੇ ਅਰਥ:-
 (ਹੇ ਭਾਈ!) ਹੋਰ ਕੌਣ ਮੈਨੂੰ ਇਸ ਤਰ੍ਹਾਂ ਸਮਝਾ ਸਕਦਾ ਹੈ? (ਉਹੀ ਗੁਰਮੁਖ) ਸਮਝਾ ਸਕਦਾ ਹੈ (ਜੋ) ਕਰਤਾਰ ਦਾ ਰੂਪ ਹੋ ਜਾਏ ।1।ਰਹਾਉ।
(ਹੇ ਭਾਈ! ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਸਮਝਾ ਸਕਦਾ ਕਿ) ਅਗਿਆਨਤਾ ਵਿਚ ਫਸਕੇ ਇਸ ਜੀਵ ਨੇ ਸਿਮਰਨ ਨਹੀਂ ਕੀਤਾ ਤੇ ਵਿਕਾਰਾਂ ਵਲੋਂ ਰੋਕ ਦਾ ਉੱਦਮ ਨਹੀਂ ਕੀਤਾ, ਕੁਝ ਹੋਰ ਹੋਰ ਹੀ (ਕੋਝੇ ਕੰਮ) ਕੀਤੇ ਹਨ। ਇਹ ਜੀਵ ਆਪਣੇ ਇਸ ਮਨ ਨੂੰ ਦਸੀਂ ਪਾਸੀਂ ਭਜਾ ਰਿਹਾ ਹੈ।ਇਹ ਕੇਹੜੇ ਕਰਮਾਂ ਦੇ ਕਾਰਨ (ਮਾਇਆ ਦੇ ਮੋਹ ਵਿਚ) ਬੱਝਾ ਪਿਆ ਹੈ? ।1।
 (ਹੇ ਭਾਈ! ਮਾਇਆ ਦੀ ਖ਼ਾਤਰ) ਭਟਕਣਾ ਦੇ ਕਾਰਨ (ਮਾਇਆ ਦੇ) ਮੋਹ ਦੇ ਕਾਰਨ (ਜੀਵ ਨੂੰ) ਕੋਈ ਸੁਚੱਜੀ ਗੱਲ ਨਹੀਂ ਸੁੱਝਦੀ, ਇਸ ਦੇ ਪੈਰਾਂ ਵਿਚ ਮਾਇਆ ਦੇ ਮੋਹ ਦੇ ਢੰਗੇ ਪਏ ਹੋਏ ਹਨ (ਜਿਵੇਂ ਖੋਤੇ ਆਦਿਕ ਨੂੰ ਚੰਗਾ ਢੰਗਾ ਆਦਿਕ ਪਾਇਆ ਹੁੰਦਾ ਹੈ)।(ਮੋਹ ਵਿਚ ਫਸ ਕੇ ਜੀਵ ਹਰ ਵੇਲੇ ਇਹੀ ਆਖਦਾ ਹੈ—) ਮੈਂ ਆਪਣੀ ਜਿੰਦ ਦਾ ਸਰੀਰ ਦਾ ਧਨ ਦਾ ਧਰਤੀ ਦਾ ਮਾਲਕ ਹਾਂ, ਮੈਂ ਇਸ (ਧਨ ਆਦਿ) ਦਾ ਮਾਲਕ ਹਾਂ, ਇਹ ਧਨ ਆਦਿਕ ਮੇਰਾ ਹੈ।2।
 (ਹੇ ਭਾਈ! ਗੁਰੂ ਤੋਂ ਬਿਨਾ ਹੋਰ ਕੌਣ ਦੱਸੇ? ਕਿ) ਜਦੋਂ (ਜਗਤ-ਰਚਨਾ ਤੋਂ ਪਹਿਲਾਂ) ਇਸ ਜੀਵ ਦੀ ਕੋਈ ਹਸਤੀ ਨਹੀਂ ਸੀ, ਜਦੋਂ ਕੇਵਲ ਇਕ ਨਿਰੰਜਨ ਆਕਾਰ-ਰਹਿਤ ਪ੍ਰਭੂ ਆਪ ਹੀ ਆਪ ਸੀ, ਜਦੋਂ ਪ੍ਰਭੂ ਆਪ ਹੀ ਸਭ ਕੁਝ ਕਰਨ ਵਾਲਾ ਸੀ, ਤਦੋਂ ਇਹ ਜੀਵ ਕੀਹ ਕਮਾਣ ਜੋਗਾ ਸੀ (ਤੇ, ਹੁਣ ਇਹ ਮਾਣ ਕਰਦਾ ਹੈ ਕਿ ਮੈਂ ਧਨ ਦਾ ਮਾਲਕ ਹਾਂ ਮੈਂ ਧਰਤੀ ਦਾ ਮਾਲਕ ਹਾਂ)।3।
 ਹੇ ਨਾਨਕ! ਆਖ—ਗੁਰੂ ਨੇ ਹੀ (ਇਹ ਤਨ ਧਨ ਧਰਤੀ ਆਦਿਕ ਦੀਆਂ ਮਲਕੀਅਤਾਂ ਦਾ) ਭੁਲੇਖਾ ਦੂਰ ਕੀਤਾ ਹੈ ਤੇ ਸਮਝਾਇਆ ਹੈ ਕਿ ਜਿਸ ਪਰਮਾਤਮਾ ਨੇ ਇਹ ਜਗਤ-ਰਚਨਾ ਰਚੀ ਹੈ ਉਹੀ ਆਪ ਆਪਣੇ ਕੀਤੇ ਕੰਮਾਂ ਨੂੰ ਜਾਣਦਾ ਹੈ ਤੇ ਉਹੀ ਆਪ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ (ਅਗਿਆਨੀ ਜੀਵ ਵਿਅਰਥ ਹੀ ਮਲਕੀਅਤਾਂ ਦਾ ਮਾਣ ਕਰਦਾ ਹੈ ਤੇ ਭਟਕਦਾ ਫਿਰਦਾ ਹੈ) ।4।
 ਵਿਚਾਰ:- ਇੱਥੇ ਰਹਾਉ ਦੀ ਤੁਕ ਵਿੱਚ ਕਿਹਾ ਗਿਆ ਹੈ ਕਿ ਕੋਈ ਕਰਤਾਰ-ਰੂਪ ਸੱਜਣ (ਗੁਰੂ) ਹੀ ਇਹ ਸਮਝਾ ਸਕਦਾ ਹੈ ਕਿ-
 1- ਜੀਵ ਨੇ ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਮਾਇਆ ਦੇ ਮੋਹ ਵਾਲੇ ਧੰਦਿਆਂ ਵਿੱਚ ਫਸਿਆ ਰਿਹਾ।
2- ਮੋਹ ਮਾਇਆ’ਚ ਫਸਿਆ ਬੰਦਾ ਇਹੀ ਸਮਝਦਾ ਹੈ ਕਿ ਇਹ ਧਨ ਦੌਲਤ ਜਾਇਦਾਤ ਇਹ ਆਪਣੀ ਸਮਝ ਅਤੇ ਆਪਣੇ ਉੱਦਮ ਨਾਲ ਕਮਾ ਰਿਹਾ ਹੈ।ਪਰ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਸਮਝਾ ਸਕਦਾ ਕਿ ਇਹ ਸਾਰਾ ਪਸਾਰਾ ਉਸੇ ਦਾ ਹੀ ਕੀਤਾ ਹੋਇਆ ਹੈ।ਕਿਸੇ ਨੇ ਆਪਣੇ ਉੱਦਮ ਆਪਣੀ ਸਮਝ ਅਤੇ ਸਿਆਣਪ ਨਾਲ ਕੁਝ ਨਹੀਂ ਬਣਾਇਆ।
 3- ਸੋਚਣ ਵਾਲੀ ਗੱਲ ਹੈ, ਕਿ ਜਿਸ ਧਨ, ਦੌਲਤ ਦਾ ਇਹ ਅਹੰਕਾਰ ਕਰਦਾ ਹੈ, ਜਦੋਂ ਹਾਲੇ ਇਹ ਸੰਸਾਰ- ਪਸਾਰਾ ਨਹੀਂ ਸੀ ਹੋਇਆ, ਉਸ ਵੇਲੇ ਇਹ ਧਨ ਦੌਲਤ ਕਿੱਥੇ ਸੀ? ਉਸ ਵਕਤ ਨਾ ਇਹ ਧਨ ਦੌਲਤ ਸੀ ਅਤੇ ਨਾ ਹੀ ਇਹ ਧਨ ਦੌਲਤ ਕਮਾਉਣ ਵਾਲਾ ਹੀ ਕੋਈ ਸੀ।
 4- ਗੁਰੂ ਨੇ ਸਮਝਾਇਆ ਹੈ ਕਿ, ਜਿਸ ਧਨ ਦੌਲਤ ਨੂੰ ਇਹ ਆਪਣੀ ਸਮਝਦਾ ਹੈ, ਇਹ ਸਭ ਪ੍ਰਭੂ ਦੀ ਰਚਨਾ ਦਾ ਹਿੱਸਾ ਹੈ।ਤੇ ਪ੍ਰਭੂ ਆਪ ਹੀ ਆਪਣੇ ਕੰਮਾਂ ਨੂੰ (ਆਪਣੀ ਰਚਨਾ ਨੂੰ) ਜਾਣਦਾ ਹੈ।ਅਗਿਆਨੀ ਮਨੁੱਖ ਭੁਲੇਖੇ ਵਿੱਚ ਹੀ ਪਿਆ ਇਹ ਸਮਝਦਾ ਹੈ ਇਹ ਸਭ ਕੁਝ ਉਹ ਆਪਣੀ ਸਿਆਣਪ, ਆਪਣੇ ਉੱਦਮ ਨਾਲ ਬਣਾ ਰਿਹਾ ਹੈ।
ਸ਼ਬਦ ਵਿੱਚ ਜੰਮਣ-ਮਰਨ, ਇਸ ਜਨਮ ਜਾਂ ਅਗਲੇ ਪਿਛਲੇ ਜਨਮ ਦੀ ਗੱਲ ਨਹੀਂ ਕਹੀ, ਬਲਕਿ ਇਹ ਸਮਝਾਇਆ ਹੈ ਕਿ ਜਿਵੇਂ ਖੋਤੇ ਦੇ ਪੈਰਾਂ ਵਿੱਚ ਢੰਗਾ ਪਇਆ ਹੁੰਦਾ ਹੈ ਅਤੇ ਮਾਲਕ ਦੇ ਕਹੇ ਤੇ ਭਾਰ ਢੋਈ ਜਾਂਦਾ ਹੈ, ਉਸੇ ਤਰ੍ਹਾਂ ਜੀਵ ਆਪਣੇ ਪੈਰਾਂ ਵਿੱਚ ਮਾਇਆ ਦਾ ਢੰਗਾ ਪਾ ਕੇ ਕਿਰਤ ਕਰੀ ਜਾਂਦਾ ਹੈ ਤੇ ਸਮਝਦਾ ਹੈ; ਇਹ ਸਰੀਰ, ਧਨ, ਦੌਲਤ ਉਸ ਨੇ ਆਪ ਬਣਾਈ ਹੈ, ਜਦਕਿ ਅਸਲੀਅਤ ਇਹ ਹੈ ਕਿ ਇਸ ਸਭ ਕਾਸੇ ਦਾ ਕਰਤਾ ਪਰਮਾਤਮਾ ਹੈ।
 ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਇੱਕ ਵੀ ਤੁਕ ਐਸੀ ਨਹੀਂ ਮਿਲਦੀ ਜਿਸ ਵਿੱਚ ਲਿਖਿਆ ਹੋਵੇ ਕਿ ਸਾਰੇ ਚੰਗੇ ਮੰਦੇ ਕਰਮਾਂ ਦਾ ਫਲ਼ ਇਸੇ ਜਨਮ ਵਿੱਚ ਭੁਗਤਿਆ ਜਾ ਰਿਹਾ ਹੈ। ਬਲਕਿ ਇਸ ਭਾਵ ਦੀਆਂ ਅਨੇਕਾਂ ਉਦਾਹਰਣਾਂ ਮਿਲਦੀਆਂ ਹਨ ਕਿ ਬੰਦਾ ਸਾਰੀ ਉਮਰ ਸਿਰ ਦੇ ਵਾਲ ਚਿੱਟੇ ਹੋ ਜਾਣ ਤੱਕ, ਸਰੀਰ ਦੇ ਸਾਰੇ ਅੰਗ ਕੰਮ ਛੱਡ ਜਾਣ ਤੱਕ, ਜੀਵਨ ਦੇ ਆਖਰੀ ਪੜਾਵ ਤੇ ਪਹੁੰਚਣ ਤੱਕ ਵੀ ਪ੍ਰਭੂ ਨੂੰ ਯਾਦ ਨਹੀਂ ਕਰਦਾ ਅਤੇ ਅੰਤ ਨੂੰ ਪਛਤਾਉਂਦਾ ਹੈ ਅਤੇ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ।
 “ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ॥ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ॥” (ਪੰਨਾ-466)
 ਹਉਮੈ ਦਾ ਗ੍ਰਸਿਆ ਮਨੁੱਖ ਸਮਝਦਾ ਹੈ; ਮੇਰਾ ਸਰੀਰ, ਮੇਰੀ ਸਮਝ, ਮੇਰੀ ਦੌਲਤ, ਮੈਂ ਏਹ ਕੀਤਾ, ਮੈਂ ਓਹ ਕੀਤਾ… ਹਉਮੈ ਦੇ ਬੰਧਨਾਂ ਦਾ ਬੱਝਾ ਬੰਦਾ ਕਰਮ ਕਮਾਈ ਜਾਂਦਾ ਹੈ ਅਤੇ ਇਨ੍ਹਾਂ ਆਸ਼ਾਵਾਂ ਤ੍ਰਿਸ਼ਨਾਵਾਂ ਕਰਕੇ ਮੁੜ ਮੁੜ ਜੂਨਾਂ ਦੇ ਗੇੜ ਵਿੱਚ ਪੈ ਜਾਂਦਾ ਹੈ। ਜਨਮ-ਮਰਨ ਸਭ ਉਸ ਦੇ ਭਾਣੇ, ਉਸ ਦੇ ਹੁਕਮ ਵਿੱਚ ਹੀ ਹੁੰਦਾ ਹੈ ਪਰ ਉਸ ਦਾ ਹੁਕਮ ਚੱਲਦਾ ਸਾਡੇ ਕੀਤੇ ਕਰਮਾਂ ਅਨੁਸਾਰ ਹੈ-
 ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ॥” (ਪੰਨਾ-1241)
 ਅਰਮਿੰਦਰ ਸਿੰਘ:-
 ਤਬ ਇਹੁ ਕਹਾ ਕਮਾਵਨ ਪਰਿਆ ਜਬ ਇਹੁ ਕਛੂ ਨ ਹੋਤਾ॥
ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭੁ ਕਿਛੁ ਆਪਹਿ ਕਰਤਾ
॥(ਪੰਨਾ 215) **ਜਬ ਇਹੁ ਕਛੂ ਨ ਹੋਤਾ**
 “ਜਬ ਅਕਾਰੁ ਇਹੁ ਕਛੁ ਨ ਦ੍ਰਿਸ਼ਟੇਤਾ॥ਪਾਪ ਪੁੰਨ ਤਬ ਕਹ ਤੇ ਹੋਤਾ॥
ਜਬ ਧਾਰੀ ਆਪਨ ਸੁੰਨ ਸਮਾਧਿ॥ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ॥
ਜਬ ਇਸ ਕਾ ਬਰਨੁ ਚਿਹਨੁ ਨ ਜਾਪਤ॥ਤਬ ਹਰਖ ਸੋਗ ਕਹੁ ਕਿਸਹਿ ਬਿਆਪਤ॥
ਜਬ ਆਪਨ ਆਪ ਆਪਿ ਪਾਰਬ੍ਰਹਮ॥ਤਬ ਮੋਹ ਕਹਾ ਕਿਸੁ ਹੋਵਤ ਭਰਮ॥
ਆਪਨ ਖੇਲੁ ਆਪਿ ਵਰਤੀਜਾ॥ਨਾਨਕ ਕਰਨੈਹਾਰੁ ਨ ਦੂਜਾ
॥” (ਪੰਨਾ-290-291) “ਜਬ ਇਹੁ ਕਛੂ ਨ ਹੋਤਾ”
 ਤੋਂ ਸਾਫ ਪਤਾ ਚੱਲਦਾ ਹੈ ਕਿ ਜਦ ਮਾਲਕ ਨੇ ਜੀਵ ਪੈਦਾ ਕੀਤੇ ਸਨ ਉਸ ਵੇਲੇ ਤਾਂ ਕਰਮ ਤੋਂ ਮੁਕਤ ਸਨ। ਸਭ ਕੁਝ ਹੁਕਮ ਵਿੱਚ ਹੋਇਆ ਹੈ ਅਤੇ ਹੁੰਦਾ ਹੈ।
 “ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ॥
ਹਉਮੈ ਏਈ ਬੰਧਨਾ ਫਿਰ ਫਿਰ ਜੋਨੀ ਪਾਹਿ
॥”
 ਫਿਰਿ ਫਿਰਿ ਜੋਨੀ ਤੋਂ ਭਾਵ ਕੋਈ ਪਿਛਲੇ ਅਗਲੇ ਜਨਮ ਤੋਂ ਨਹੀਂ….ਹਰ ਪਲ ਅਸੀਂ ਹਉਮੈ ਕਰਕੇ ਜੀਵਨ ਸਲੀਕਾ ਬਦਲਦੇ ਰਹਿੰਦੇ ਹਾਂ।
 ਜਸਬੀਰ ਸਿੰਘ ਵਿਰਦੀ:-
ਮਨੁੱਖ ‘ਮਨ, ਤਨ, ਧਨ, ਭੂਮਿ’ ਦਾ ਆਪਣੇ ਆਪ ਨੂੰ ਮਾਲਕ ਸਮਝਦਾ ਹੈ, ਅਗਿਆਨੀ ਮਨੁੱਖ ਇਹ ਨਹੀਂ ਸੋਚਦਾ ਕਿ ਜਦੋਂ ‘ਮਨ, ਤਨ, ਧਨ, ਭੂਮੀ ਕੁਝ ਵੀ ਨਹੀਂ ਸੀ, ਕੇਵਲ ਨਿਰਾਕਾਰ ਪ੍ਰਭੂ ਆਪ ਹੀ ਆਪ ਸੀ, ਉਸ ਵੇਲੇ ਕੋਈ ਕੀ ਕਮਾਉਣ ਜੋਗਾ ਸੀ? “ਤਬ ਇਹੁ ਕਹਾ ਕਮਾਵਨ ਪਰਿਆ, ਜਬ ਇਹੁ ਕਛੂ ਨ ਹੋਤਾ” ਜੀਵ ਘੁਮੰਡ ਕਰਦਾ ਹੈ ਕਿ ਮੈਂ ਆਪਣੀ ਸਮਝ ਸਿਆਣਪ ਅਤੇ ਤਾਕਤ ਨਾਲ ਕਮਾਈ ਕਰਕੇ ਧਨ ਦੌਲਤ ਭੂਮੀ ਬਣਾਈ ਹੈ, ਪਰ ਜਦੋਂ ਪ੍ਰਭੂ ਦਾ ਇਹ ਪਸਾਰਾ ਹੀ ਨਹੀਂ ਸੀ ਉਸ ਵੇਲੇ ਕਿਸ ਨੇ ਅਤੇ ਕਿਹੜੀ ਕਮਾਈ ਕਰਕੇ ਇਹ ਸਭ ਕੁਝ ਬਣਾਇਆ? ਇਸ ਸ਼ਬਦ ਵਿੱਚ ਇਸ ਜਨਮ ਜਾਂ ਅਗਲੇ ਪਿਛਲੇ ਜਨਮ ਦੇ ਕਰਮਾਂ ਦਾ ਜਿਕਰ ਹੀ ਨਹੀਂ ਹੈ।ਇੱਥੇ ਤਾਂ ਮਨੁਖ ਦੇ ਸਰੀਰ, ਤਾਕਤ, ਬੁੱਧੀ ਆਦਿ ਦੇ ਘੁਮੰਡ ਦੀ ਗੱਲ ਕੀਤੀ ਗਈ ਹੈ, ਜਿਨ੍ਹਾਂ ਦੇ ਘੁਮੰਡ ਕਰਕੇ ਇਹ ਸਮਝਦਾ ਹੈ ਕਿ ਇਨ੍ਹਾਂ ਗੁਣਾਂ ਕਰਕੇ ਉਸਨੇ ਤਨ, ਮਨ, ਧਨ ਦੌਲਤ ਬਣਾਈ ਹੈ। ਇਹ ਠੀਕ ਹੈ ਕਿ ਸਭ ਕੁਝ ਉਸਦੇ ਹੁਕਮ ਵਿੱਚ ਹੋਇਆ ਹੈ ਅਤੇ ਹੋ ਰਿਹਾ ਹੈ, ਪਰ ਉਸ ਦਾ ਹੁਕਮ ਮਨੁੱਖ ਦੇ ਕਰਮਾਂ ਅਨੁਸਾਰ ਚੱਲਦਾ ਹੈ-
 “ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ॥”
 “ਜਬ ਅਕਾਰੁ ਇਹੁ ਕਛੁ ਨ ਦ੍ਰਿਸ਼ਟੇਤਾ॥ਪਾਪ ਪੁੰਨ ਤਬ ਕਹਿ ਤੇ ਹੋਤਾ॥”
  ਇਸ ਅਸ਼ਟਪਦੀ ਦੇ ਅਖੀਰ’ਚ ਪ੍ਰੋ: ਸਾਹਿਬ ਸਿੰਘ ਜੀ ਦਾ ਲਿਖਿਆ ਨੋਟ ਦੇਖੋ:-- “ਇਸ ਅਸ਼ਟਪਦੀ ਵਿੱਚ ਇਸ ਖਿਆਲ ਦਾ ਖੰਡਨ ਕੀਤਾ ਗਿਆ ਹੈ ਕਿ ***ਜਗਤ ਦੀ ਰਚਨਾ ਜੀਵਾਂ ਦੇ ਕਰਮਾਂ ਕਰਕੇ ਹੋਈ***।ਗੁਰ-ਆਸ਼ੇ ਅਨੁਸਾਰ ਸਿਰਫ ਪਰਮਾਤਮਾ ਹੀ ਅਨਾਦੀ ਹੈ।ਜਦੋਂ ਅਜੇ ਜਗਤ ਹੈ ਹੀ ਨਹੀਂ ਸੀ, ਕੇਵਲ ਅਕਾਲ ਪੁਰਖ ਹੀ ਸੀ, ਤਦੋਂ ਨਾ ਕੋਈ ਜੀਵ ਸਨ ਨਾ ਮਾਇਆ ਸੀ।ਤਦੋਂ ਕਰਮਾਂ ਦਾ ਭੀ ਅਭਾਵ ਸੀ।ਪਰਮਾਤਮਾ ਨੇ ਆਪ ਹੀ ਇਹ ਖੇਡ ਰਚੀ ਹੈ।ਕਰਮਾਂ ਦਾ, ਨਰਕ ਸੁਰਗ ਦਾ ਪਾਪ ਪੁੰਨ ਦਾ ਸਿਲਸਿਲਾ ਤਦੋਂ ਸ਼ੁਰੂ ਹੋਇਆ, ਜਦੋਂ ਜਗਤ ਹੋਂਦ ਵਿੱਚ ਆ ਹੀ ਗਿਆ।(-ਪ੍ਰੋ: ਸਾਹਿਬ ਸਿੰਘ) ਸਾਂਖ (ਹਿੰਦੂ) ਮੱਤ ਅਨੁਸਾਰ; ਜੀਵ, ਪ੍ਰਕਿਰਤੀ ਅਤੇ ਪਰਮਾਤਮਾ ਤਿੰਨੋਂ ਹੀ ਅਨਾਦੀ ਹਨ।ਅਤੇ ਜਗ ਰਚਨਾ ਜੀਵਾਂ ਦੇ ਕਰਮਾਂ ਕਰਕੇ ਹੋਈ ਹੈ।ਸੁਖਮਨੀ ਸਾਹਿਬ ਦੀ ਇਸ ਅਸ਼ਟਪਦੀ ਵਿੱਚ ਹਿੰਦੂ ਮੱਤ ਦੀ ਇਸ ਵਿਚਾਰਧਾਰਾ ਦਾ ਖੰਡਨ ਕੀਤਾ ਗਿਆ ਹੈ ਕਿ ਜੇ ਜਗਤ ਪਸਾਰਾ ਜੀਵ ਦੇ ਕਰਮਾਂ ਕਰਕੇ ਹੋਇਆ ਹੈ ਤਾਂ ਉਸ ਵਕਤ ਜੀਵ ਨੇ ਕਿਹੜੇ ਕਰਮ, ਕਿਹੜੇ ਪਾਪ ਪੁੰਨ ਕੀਤੇ ਜਦੋਂ ਹਾਲੇ ਜਗਤ ਪਸਾਰਾ ਹੀ ਨਹੀਂ ਸੀ ਹੋਇਆ?
 “ਮੋ ਕਉ ਇਹੁ ਬਿਧਿ ਕੋ ਸਮਝਾਵੈ॥ਕਰਤਾ ਹੋਇ ਜਨਾਵੈ॥”
 ਸ਼ਬਦ ਵਿੱਚ ਇਹ ਦੱਸਿਆ ਗਿਆ ਹੈ ਕਿ ਸਭ ਕੁਝ ਪ੍ਰਭੂ ਦੇ ਹੁਕਮ ਵਿੱਚ ਹੋ ਰਿਹਾ ਹੈ। ਅਤੇ “ਜਬ ਅਕਾਰੁ ਇਹੁ ਕਛੁ ਨ ਦ੍ਰਿਸ਼ਟੇਤਾ॥” ਅਸ਼ਟਪਦੀ ਵਿੱਚ ਇਹ ਖਿਆਲ ਦਿੱਤਾ ਗਿਆ ਹੈ ਕਿ ਜਗਤ ਰਚਨਾ ਮਨੁੱਖ ਦੇ ਕੀਤੇ ਕਰਮਾਂ ਕਰਕੇ ਨਹੀਂ, ਪ੍ਰਭੂ ਦੇ ਹੁਕਮ ਵਿੱਚ ਹੋਈ ਹੈ। ਅਤੇ ਕਰਮਾਂ ਦਾ ਸਿਲਸਿਲਾ ਵੀ ਓਦੋਂ ਹੀ ਸ਼ੁਰੂ ਹੋਇਆ ਜਦੋਂ ਪ੍ਰਭੂ ਨੇ ਸੰਸਾਰ ਰਚਨਾ ਕੀਤੀ। ਸੋਚਣ ਵਾਲੀ ਗੱਲ ਹੈ ਕਿ ਜੇ ਜਗਤ ਪਸਾਰੇ ਵਾਲੀ ਖੇਡ ਰਚਣ ਤੇ ਵੀ ਮਨੁੱਖ ਦੇ ਕੀਤੇ ਚੰਗੇ ਮਾੜੇ ਕਰਮਾਂ ਦਾ ਕੋਈ ਲੇਖਾ ਨਹੀਂ, ਫੇਰ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਗੁਰਮਤਿ ***ਚਾਰਵਾਕੀ*** ਵਿਚਾਰਧਾਰਾ ਦਾ ਸਮਰਥਨ ਕਰਦੀ ਹੈ ਕਿ ਆਪਣਾ ਇਹ ਮੌਜੂਦਾ ਜੀਵਨ ਸੁਖਾਂ ਭਰਿਆ ਅਤੇ ਐਸ਼ ਨਾਲ ਗੁਜਾਰੋ ਚੰਗੇ ਮਾੜੇ ਕਰਮਾਂ ਦੇ ਲੇਖੇ ਦੀ ਪਰਵਾਹ ਨਾ ਕਰੋ।ਆਪਣੀਆਂ ਸੁਖ ਸਹੂਲਤਾਂ ਦੀ ਸੋਚੋ, ਕਿਸੇ ਪਰਉਪਕਾਰ ਬਾਰੇ ਸੋਚਣ ਦੀ ਜਰੂਰਤ ਨਹੀਂ।
 ਅਰਮਿੰਦਰ ਸਿੰਘ ਜੀ! ਤੁਹਾਡੀਆਂ ਪੇਸ਼ ਕੀਤੀਆਂ ਉਦਾਹਰਣਾਂ ਵਿੱਚ ਕਿਤੇ ਵੀ ਇਸ ਜਨਮ ਤੋਂ ਬਾਅਦ ਫੇਰ ਜਨਮ ਦਾ ਖੰਡਨ ਨਹੀਂ ਕੀਤਾ ਗਿਆ। ਅਤੇ “ਜੋਨੀ ਪਾਹਿ” ਦੇ ਅਰਥ ਤੁਸੀਂ ਕੀਤੇ ਹਨ- “ਜੀਵਨ ਸਲੀਕਾ ਬਦਲਦੇ ਰਹਿੰਦੇ ਹਾਂ” (?)।     ਇਹ ਨਿਰੋਲ ਤੁਹਾਡੀ ਆਪਣੀ ਸੋਚ ਹੈ, ਸ਼ਬਦ ਵਿੱਚ ਐਸਾ ਕੋਈ ਸੰਕੇਤ ਨਹੀਂ ਮਿਲਦਾ।
ਅਰਮਿੰਦਰ ਸਿੰਘ:-
 “ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥”
..ਗੁਰਬਾਣੀ ਦੱਸ ਰਹੀ ਹੈ ਜਨਮ ਮਰਣ ਹੁੰਦਾ ਹੈ ਪਰ ਕਰਮ ਕਰਕੇ ਨਹੀਂ ਸਤਿਗੁਰ ਦੀ ਰਜ਼ਾ ਜਾਂ ਭਾਣੇ ਕਰਕੇ।
 ਜਸਬੀਰ ਸਿੰਘ ਵਿਰਦੀ:-
 ਵੀਰ ਜੀ! ਮੈਂ ਕਿਤੇ ਨਹੀਂ ਕਿਹਾ ਕਿ ਬੰਦਾ ਕਰਮਾਂ ਕਰਕੇ ਜੰਮਦਾ ਮਰਦਾ ਹੈ।  ਮੈਂ ਤਾਂ ਖੁਦ ਹੀ ਕਹਿ ਰਿਹਾ ਹਾਂ ਕਿ ਜੀਵ ਪ੍ਰਭੂ ਦੇ ਹੁਕਮ ਵਿੱਚ ਸੰਸਾਰ ਤੇ ਆਉਂਦਾ ਅਤੇ ਹੁਕਮ ਵਿੱਚ ਹੀ ਸੰਸਾਰ ਤੋਂ ਤੁਰ ਜਾਂਦਾ ਹੈ। ਪਰ ਉਸ ਦਾ ਹੁਕਮ ਬੰਦੇ ਦੇ ਕੀਤੇ ਕਰਮਾਂ ਅਨੁਸਾਰ ਚੱਲਦਾ ਹੈ-
 “ਹੁਕਮ ਚਲਾਏ ਆਪਣੈ ਕਰਮੀ ਵਹੈ ਕਲਾਮ॥” ਅਤੇ
 “ਮਨਮੁਖਾ ਨੋ ਫਿਰਿ ਜਨਮ ਹੈ ਨਾਨਕ ਹਰਿ ਭਾਏ
 ਉਸ ਦਾ ਇਹੀ ਭਾਣਾ ਹੈ, ਉਸ ਨੂੰ ਇਹੀ ਚੰਗਾ ਲੱਗਦਾ ਹੈ ਕਿ ਮਨਮੁਖ ਬੰਦਾ ਜਨਮ ਮਰਨ ਦੇ ਗੇੜ ਵਿੱਚ ਪਏ। ਜੇ ਇਹ ਮੰਨ ਲਈਏ ਕਿ ਇਸ ਜਨਮ ਤੋਂ ਮਗ਼ਰੋਂ ਕੋਈ ਜਨਮ ਨਹੀਂ ਤਾਂ ਇਸ ਦਾ ਮਤਲਬ ਇਹੀ ਬਣਦਾ ਹੈ ਕਿ ਗੁਰਬਾਣੀ ਚਾਰਵਾਕ ਮੱਤ ਦਾ ਸਮਰਥਨ ਕਰਦੀ ਹੈ। ਚਾਰਵਾਕੀਆਂ ਦਾ ਮੱਤ ਹੈ ਕਿ ਇਹ ਮੌਜੂਦਾ ਜੀਵਨ ਸੁਖ ਆਨੰਦ ਮਾਣਦੇ ਹੋਏ ਗੁਜ਼ਾਰੋ। ਚਾਹੇ ਕਰਜ਼ਾ ਚੁੱਕਕੇ, ਧੋਖਾਧੜੀ ਅਤੇ ਗਰੀਬਮਾਰ ਕਰਕੇ ਹੀ ਕਿਉਂ ਨਾ ਦੌਲਤ ਇਕੱਠੀ ਕਰਨੀ ਪਵੇ। ਗੁਰਬਾਣੀ ਵਿੱਚੋਂ ਕੋਈ ਇੱਕ ਵੀ ਉਦਾਹਰਣ ਪੇਸ਼ ਨਹੀਂ ਕੀਤੀ ਜਾ ਸਕਦੀ ਜਿਸ ਵਿੱਚ ਲਿਖਿਆ ਹੋਵੇ ਕਿ ਬੰਦੇ ਦੇ ਕੀਤੇ ਚੰਗੇ ਮਾੜੇ ਕਰਮਾਂ ਦਾ ਲੇਖਾ ਇਸੇ ਜਨਮ ਵਿੱਚ ਹੀ ਭੁਗਤਿਆ ਜਾ ਰਿਹਾ ਹੈ। ਤੁਸੀਂ ਜਿਹੜੀਆਂ ਗੁਰਬਾਣੀ ਉਦਹਰਣਾਂ ਪੇਸ਼ ਕੀਤੀਆਂ ਹਨ ਉਨ੍ਹਾਂ ਵਿੱਚ ਕਿਤੇ ਵੀ ਜਨਮ ਮਰਨ ਦੇ ਗੇੜ ਵਿੱਚ ਪੈਣ ਦਾ ਖਡਣ ਨਹੀਂ ਕੀਤਾ ਗਿਆ।
 ਅਰਮਿੰਦਰ ਸਿੰਘ:-
 ਜਸਬੀਰ ਸਿੰਘ ਜੀ! ਮੈਂ ਇਸ ਟੌਪਿਕ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ, ਗੁਰਬਾਣੀ ਮੁਤਾਬਕ ਜਨਮ ਅਤੇ ਮਰਨ ਸਤਿਗੁਰੂ ਦੀ ਰਜ਼ਾ ਵਿੱਚ ਹੀ ਹੁੰਦਾ ਹੈ ਨਾ ਕਿ ਕਰਮ ਕਰਕੇ। ਜੇ ਕਰਮ ਕਰਕੇ ਹੁੰਦਾ ਤਾਂ ਜਦ ਸ੍ਰਿਸ਼ਟੀ ਬਣੀ ਤਦ ਕੇਹੜਾ ਕਰਮ ਸੀ? ਇਹ ਤਾਂ ਸਤਿਗੁਰੂ ਦੀ ਖੇਡ ਹੈ। ਜਿੱਥੋਂ ਤੱਕ ਕਰਮਾਂ ਦੇ ਫਲ਼ ਦਾ ਸਵਾਲ ਹੈ ਇਹ ਸਮੇਂ ਸਮੇਂ ਤੇ ਮਿਲ ਰਿਹਾ ਹੈ। ਗੁਰਬਾਣੀ ਵੀ ਦੱਸਦੀ ਹੈ;
 1-“ਅਹਿ ਕਰੁ ਕਰੈ ਸੁ ਅਹਿ ਕਰੁ ਪਾਏ॥”
 2- “ਦਦੈ ਦੋਸੁ ਨ ਦੀਜੈ ਦੇਊ ਕਿਸੇ ਦੋਸੁ ਕਰੰਮਾ ਆਪਣਿਆ॥
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ
॥” (ਪੰਨਾ-433) ਮਨੁੱਖ
 “ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥” (ਪੰਨਾ 134)
 ਆਪਣੇ ਖਿਆਲਾਂ ਅਤੇ ਇੱਥੇ ਕੀਤੇ ਕਰਮਾਂ ਅਨੁਸਾਰ ਮਨੁੱਖ ਆਪ ਹੀ ਚੰਗਾ ਜਾਂ ਮੰਦਾ ਫਲ਼ ਪਰਾਪਤ ਕਰਦਾ ਹੈ। ਕਰਮਾਂ ਦਾ ਨਿਬੇੜਾ ਨਾਲੋ ਨਾਲ ਹੋ ਜਾਂਦਾ ਹੈ ਉਸੇ ਅਨੁਸਾਰ
 “ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ” ਮਨੁੱਖ ਰੱਬ ਜੀ ਤੋਂ (ਆਤਮਕ) ਨੇੜੇ ਜਾਂ ਦੂਰ ਹੋ ਜਾਂਦਾ ਹੈ।
 “ਇਸ ਗ੍ਰਿਹ ਮਹਿ ਕੋਈ ਜਾਗਤੁ ਰਹੈ॥ਸਾਬਤੁ ਵਸਤੁ ਓਹੁ ਅਪਨੀ ਲਹੈ॥” (ਪੰਨਾ 182)
ਜੇ ਮਨ ਸਤਿਗੁਰੂ (ਗਿਆਨ ਗੁਰੂ) ਅਨੁਸਾਰ ਜਾਗ ਪਵੇ ਤਾਂ ਆਪਣੇ ਅੰਦਰੋਂ ਹੋਰਨਾਂ ਜੂਨੀਆਂ ਵਾਲੀ (ਸੋਚਣੀ, ਕਰਨੀ) ਬਿਰਤੀ ਤੋਂ ਜਾਗਰੁਕ ਹੋ ਜਾਂਦਾ ਹੈ, ਸਿੱਟੇ ਵਜੋਂ ਉਸਨੂੰ “ਅਪਣਾ ਮੂਲ ਪਛਾਣ” ਦੀ ਸੋਝੀ ਪੈ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ’ਚ ਇਸੇ ਅਵਸਥਾ ਨੂੰ ‘ਜਨਮ ਮਰਨ ਕੀ ਸੋਈ ਜਾਗੀ’ ਕਿਹਾ ਗਿਆ ਹੈ। ਤੇ ਫੇਰ ਵੀਰ ਜੀ! ਕੀ ਆਪ ਜੀ ਨੂੰ ਲੱਗਦਾ ਹੈ ਅਜੇਹਾ ਬੰਦਾ ‘ਚਾਰਵਾਕ’ ਵਾਲੇ ਕੰਮ ਕਰੇਗਾ?
 ਜਸਬੀਰ ਸਿੰਘ ਵਿਰਦੀ:-
 ਅਰਮਿੰਦਰ ਸਿੰਘ ਜੀ! ਤੁਸੀਂ ਇਹ ਸਿੱਧ ਕਰਨ ਲਈ ਕਿ ਇਸੇ ਜਨਮ ਵਿੱਚ ਨਾਲ ਦੀ ਨਾਲ ਸਾਰੇ ਕਰਮਾਂ ਦਾ ਫਲ ਭੁਗਤਿਆ ਜਾ ਰਿਹਾ ਹੈ, ਤੁਸੀਂ ਗੁਰਬਾਣੀ ਦੀ ਪੰਗਤੀ ਪੇਸ਼ ਕੀਤੀ ਹੈ-
1- “ਅਹਿ ਕਰੇ ਕਰੇ ਸੁ ਅਹਿ ਕਰੁ ਪਾਏ॥ਕੋਈ ਨ ਪਕੜੀਐ ਕਿਸੈ ਥਾਇ॥”
 ਵੀਰ ਜੀ! ਇਸ ਤੁਕ ਦੇ ਅਰਥ ਹਨ- ਜਿਸ ਹੱਥ ਨੇ ਕੋਈ ਗੁਨਾਹ ਕੀਤਾ ਹੈ ਉਹੀ ਹੱਥ ਉਸ ਦਾ ਫਲ਼ ਭੁਗਤਦਾ ਹੈ। ਅਰਥਾਤ ਜਿਹੜਾ ਬੰਦਾ ਗੁਨਾਹ ਕਰਦਾ ਹੈ ਉਹੀ ਉਸ ਦਾ ਫਲ਼ ਭੁਗਤਦਾ ਹੈ, ਉਸ ਦੇ ਬਦਲੇ ਕੋਈ ਹੋਰ ਉਸਦਾ ਫਲ ਭੁਗਤਣ ਲਈ ਨਹੀਂ ਫੜਿਆ ਜਾਂਦਾ। ਇਸ ਦਾ ਇਹ ਅਰਥ ਬਿਲਕੁਲ ਵੀ ਨਹੀਂ ਬਣਦਾ ਕਿ ਇਸੇ ਜਨਮ ਵਿੱਚ ਸਾਰੇ ਕਰਮਾਂ ਦਾ ਫਲ ਭੁਗਤਿਆ ਜਾ ਰਿਹਾ ਹੈ।
 2- “ਦਦੈ ਦੋਸੁ ਨਾ ਦੇਊ ਕਿਸੈ ਦੋਸ ਕਰਮਾ ਆਪਣਿਆ॥ਜੋ ਮੈ ਕੀਆ ਸ ਮੈ ਪਾਇਆ ਦੋਸੁ ਨ ਦੀਜੈ ਅਵਰਿ ਜਨਾ॥”
 ਦਾ ਅਰਥ ਹੈ- ਬੰਦਾ ਆਪਣੇ ਹੀ ਕੀਤੇ ਕਰਮਾਂ ਦਾ ਫਲ਼ ਭੁਗਤਦਾ ਹੈ, ਕਿਸੇ ਦੁਖ ਤਕਲੀਫ ਲਈ ਦੂਸਰਾ ਕੋਈ ਹੋਰ ਬੰਦਾ ਜਿੰਮੇਵਾਰ ਨਹੀਂ ਹੁੰਦਾ। ਇੱਥੇ ਵੀ ਇਹ ਅਰਥ ਬਿਲਕੁਲ ਨਹੀਂ ਬਣਦੇ ਕਿ ਕਰਮਾਂ ਦਾ ਫਲ਼ ਇਸੇ ਜਨਮ ਵਿੱਚ ਭੁਗਤਿਆ ਜਾ ਰਿਹਾ ਹੈ।
3- “ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ॥”
 ਇਸ ਦਾ ਵੀ ਅਰਥ ਇਹ ਬਿਲਕੁਲ ਨਹੀਂ ਬਣਦਾ ਕਿ ਕਰਮਾਂ ਦਾ ਫਲ਼ ਇਸੇ ਜਨਮ ਵਿੱਚ ਨਾਲ ਦੀ ਨਾਲ ਭੁਗਤਿਆ ਜਾ ਰਿਹਾ ਹੈ।   ਵੀਰ ਜੀ! ਇਸ ਗੱਲ ਤੇ ਗੌਰ ਕਰੋ ਕਿ ਜੇ ਕਰਮਾਂ ਦਾ ਫਲ਼ ਇਸੇ ਜਨਮ ਵਿੱਚ ਨਾਲ ਦੀ ਨਾਲ ਭੁਗਤਿਆ ਜਾ ਰਿਹਾ ਹੈ ਤਾਂ ਗੁਰਬਾਣੀ ਉਪਦੇਸ਼ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਮਿਸਾਲ ਦੇ ਤੌਰ ਤੇ ਜੇ ਕੀਤੇ ਕੰਮਾਂ ਦਾ ਫਲ ਇਸੇ ਜਨਮ ਵਿੱਚ ਨਾਲ ਦੀ ਨਾਲ ਭੁਗਤਿਆ ਜਾ ਰਿਹਾ ਹੈ ਤਾਂ- ਕੋਈ ਵਿਅਕਤੀ ਵਿਕਾਰਾਂ ਭਰੇ ਜੀਵਨ ਨੂੰ ਆਨੰਦ-ਮਈ ਸਮਝਦਾ ਹੋਇਆ ਸਾਰੀ ਉਮਰ ਜਦੋਂ ਸਰੀਰਕ ਅੰਗ ਆਪਣਾ ਕੰਮ ਕਰਨਾ ਛੱਡ ਜਾਂਦੇ ਹਨ, ਓਦੋਂ ਤੱਕ ਵਿਕਾਰਾਂ ਦਾ ਆਨੰਦ ਮਾਣਦਾ ਹੋਇਆ ਜੀਵਨ-ਸਫਰ ਖਤਮ ਹੋ ਜਾਣ ਤੇ, ਸੰਸਾਰ ਤੋਂ ਤੁਰ ਜਾਂਦਾ ਹੈ, ਉਸ ਦੇ ਇਸ ਜਨਮ ਵਿੱਚ ਕੀਤੇ ਕਰਮਾਂ ਦਾ ਫਲ਼ ਇਸੇ ਜਨਮ ਵਿੱਚ ਕਦੋਂ ਅਤੇ ਕਿਸ ਤਰ੍ਹਾਂ ਮਿਲਦਾ ਹੈ?
 ਤੁਸੀਂ ਲਿਖਿਆ ਹੈ- “ਆਪਣੇ ਖਿਆਲਾਂ ਅਤੇ ਕੀਤੇ ਕਰਮਾਂ ਅਨੁਸਾਰ ਮਨੁੱਖ ਆਪ ਹੀ ਚੰਗਾ ਜਾਂ ਮੰਦਾ ਫਲ਼ ਪਰਾਪਤ ਕਰਦਾ ਹੈ।  ਕਰਮਾਂ ਦਾ ਨਬੇੜਾ ਨਾਲੋ ਨਾਲ ਹੋ ਜਾਂਦਾ ਹੈ”। ਸਵਾਲ ਪੈਦਾ ਹੁੰਦਾ ਹੈ ਕਿ ਜੇ ਕਰਮਾਂ ਦਾ ਫਲ ਇਸੇ ਜਨਮ ਵਿੱਚ ਨਾਲ ਦੀ ਨਾਲ ਹੀ ਨਿਬੜੀ ਜਾਂਦਾ ਹੈ, ਤਾਂ ਗੁਰਬਾਣੀ ਉਪਦੇਸ਼ ਦਾ ਮਤਲਬ ਹੀ ਕੀ ਰਹਿ ਜਾਂਦਾ ਹੈ? ਕੋਈ ਵੀ ਵਿਕਾਰੀ ਤੋਂ ਵਿਕਾਰੀ, ਬਲਾਤਕਾਰੀ, ਅਤੇ ਜਨਤਾ ਨੂੰ ਲੁੱਟਣ ਵਾਲਾ ਵਿਅਕਤੀ, ਸਾਧ, ਬਾਬਾ ਹੋਵੇ, ਕਿਸੇ ਦੇ ਵੀ ਸਿਰ ਤੇ ਤਲਵਾਰ ਤਾਂ ਰੱਖੀ ਨਹੀਂ ਹੁੰਦੀ ਕਿ ਤੈਨੂੰ ਕਿਸੇ ਸਜ਼ਾ ਵਜੋਂ ਵਿਕਾਰਾਂ ਵਾਲਾ ਜੀਵਨ ਬਿਤਾਉਣਾ ਹੀ ਪਏਗਾ।  ਬਲਕਿ ਵਿਕਾਰਾਂ ਵਾਲੇ ਜੀਵਨ ਨੂੰ ਤਾਂ ਬੰਦਾ ਖੁਦ ਆਪਣੀ ਇੱਛਾ ਅਨੁਸਾਰ ਚੁਣਦਾ ਅਤੇ ਬਿਤਾਂਦਾ ਹੈ।  ਜੇ ਬੰਦਾ ਵਿਕਾਰਾਂ ਵਾਲਾ ਬਲਾਤਕਾਰੀ ਜੀਵਨ ਕੀਤੇ ਕਰਮਾਂ ਦੀ ਸਜ਼ਾ ਵਜੋਂ ਬਿਤਾਂਦਾ ਹੈ, ਫੇਰ ਤਾਂ ਇਹ ਸਜ਼ਾ ਉਸ ਦੇ ਲਈ ਵਰਦਾਨ ਹੋ ਗਈ।  ਮਿਸਾਲ ਦੇ ਤੌਰ ਤੇ ਕੀ ਸੱਚੇ ਸੌਦੇ ਵਾਲੇ ਰਾਮ ਰਹੀਮ ਦਾ ਬਲਾਤਕਾਰੀ ਅਤੇ ਦੁਰਾਚਾਰੀ ਹੋਣਾ ਕੀ ਉਸ ਦੇ ਕੀਤੇ ਕਰਮਾਂ ਦਾ ਫਲ਼ ਹੈ? ਤੁਸੀਂ ਲਿਖਿਆ ਹੈ-
 “ਇਸੁ ਗ੍ਰਿਹ ਮਹਿ ਕੋਈ ਜਾਗਤ ਰਹੈ॥ਸਾਬਤ ਵਸਤੁ ਓਹੁ ਅਪਨੀ ਲਹੈ॥” (ਪੰਨਾ 182)
 ਜੇਕਰ ਮਨ ਸਤਿਗੁਰੂ (ਗਿਆਨ ਗੁਰੂ) ਅਨੁਸਾਰ ਜਾਗ ਪਵੇ ਤਾਂ ਅੰਦਰੋਂ ਹੋਰਨਾਂ ਜੂਨੀਆਂ ਵਾਲੀ (ਸੋਚਣੀ, ਕਰਨੀਆਂ) ਬਿਰਤੀ ਤੋਂ ਜਾਗਰੁਕ ਹੋ ਜਾਂਦਾ ਹੈ। ਸਿੱਟੇ ਵਜੋਂ ਉਸ ਨੂੰ ਆਪਣਾ ਮੂਲ ਪਛਾਨਣ ਦੀ ਸੋਝੀ ਪੈ ਜਾਂਦੀ ਹੈ। ਇਸੇ ਅਵਸਥਾ ਨੂੰ ਜਨਮ-ਜਨਮ ਕੀ ਸੋਈ ਜਾਗੀ ਕਿਹਾ ਹੈ।  ਤੇ ਫੇਰ ਵੀਰ ਜੀ! ਕੀ ਆਪ ਜੀ ਨੂੰ ਲੱਗਦਾ ਹੈ ਅਜੇਹਾ ਬੰਦਾ ਚਾਰਵਾਕ ਵਾਲੇ ਕੰਮ ਕਰੇਗਾ”? ਵੀਰ ਜੀ! ਤੁਸੀਂ ਲਿਖਿਆ ਹੈ “ਅਜੇਹਾ ਬੰਦਾ…” ਅਜੇਹਾ ਬੰਦਾ ਲਿਖਣ ਤੋਂ ਸਾਫ ਭਾਵ ਹੈ ਕਿ ਦੁਨੀਆਂ ਦਾ ਹਰ ਬੰਦਾ ਨਹੀਂ, ਬਲਕਿ ‘ਕੋਈ ਅਜੇਹਾ ਬੰਦਾ …’ ਅਤੇ ਤੁਕ ਵਿੱਚ ਲਿਖਿਆ ਹੈ “ਜਾਗਤ ਰਹੇ” ਅਰਥਾਤ ਕਿਸੇ ਖਾਸ ਬੰਦੇ ਦੀ ਗੱਲ ਕਹੀ ਗਈ ਹੈ ਜਿਹੜਾ ਜਾਗਦਾ ਹੈ, ਸੁਚੇਤ ਹੈ।ਅਤੇ ਦੁਨੀਆਂ ਦਾ ਹਰ ਬੰਦਾ ‘ਜਾਗਤ ਰਹੈ’ ਨਹੀਂ ਹੈ।  ਤੁਸੀਂ ਲਿਖਿਆ ਹੈ “ਜੇਕਰ ਮਨ…ਜਾਗ ਪਵੇ” ਅਰਥਾਤ ਸ਼ਰਤ ਹੈ ਅਤੇ ਇਸ ਦਾ ਵੀ ਮਤਲਬ ਹੈ ਕਿ ਦੁਨੀਆਂ ਦਾ ਹਰ ਬੰਦਾ ਜਾਗਿਆ ਹੋਇਆ, ਸੁਚੇਤ ਨਹੀਂ ਹੈ। ਸਵਾਲ ਪੈਦਾ ਹੁੰਦਾ ਹੈ ਕਿ ਜਿਸ ਦਾ ਮਨ ਜਾਗਿਆ ਹੋਇਆ ਨਹੀਂ ਹੈ, ਜਿਸ ਨੂੰ ਇਹ ਗੱਲ ਚੰਗੀ ਲੱਗਦੀ ਹੈ ਕਿ ਲੋਕਾਂ ਨੂੰ ਧੋਖਾ ਦੇ ਕੇ, ਠੱਗੀ ਮਾਰ ਕੇ, ਕਰਜੇ (ਉਧਾਰ ਮੰਗਣ) ਦੇ ਬਹਾਨੇ ਦੌਲਤ ਇਕੱਠੀ ਕਰੋ ਅਤੇ ਇਹ ਮੌਜੂਦਾ ਜੀਵਨ ਐਸ਼ ਨਾਲ ਗੁਜਾਰੋ, ਕਰਜਾ ਮੋੜਨ ਦੀ ਚਿੰਤਾ ਨਾ ਕਰੋ, ਕਿਉਂਕਿ ਇਸ ਜੀਵਨ ਤੋਂ ਮਗ਼ਰੋਂ ਫੇਰ ਜੀਵਨ ਤਾਂ ਹੈ ਨਹੀਂ, ਮਰਨ ਤੋਂ ਬਾਅਦ ਫੇਰ ਕਿਸ ਨੇ ਕਰਜਾ ਮੰਗਣਾ ਹੈ ਅਤੇ ਕਿਸ ਨੇ ਕਰਜਾ ਮੋੜਨਾ ਹੈ? ਤਾਂ ਕੀ ਉਸ ਨੂੰ ਚਾਰਵਾਕ ਦੀ ਗੱਲ ਵਧੀਆ ਨਹੀਂ ਲੱਗੇਗੀ?
ਅਰਮਿੰਦਰ ਸਿੰਘ:-
 ਜਸਬੀਰ ਸਿੰਘ ਜੀ! ਜਿਨ੍ਹਾਂ ਰਾਮ ਰਹੀਮ ਵਰਗੇ ਸਾਧਾਂ (ਅਸਾਧਾਂ) ਦੇ ਨਾਮ ਆਪ ਨੇ ਲਿਖੇ ਨੇ ਇਨ੍ਹਾਂ ਨੇ ਕੁਕਰਮ ਇਸ ਜਨਮ ਵਿੱਚ ਮਿਲੇ ਪੰਚ ਭੂਤਕ ਚੋਲੇ ਵਿੱਚ ਕੀਤੇ ਹਨ ਆਪ ਜੀ ਮੁਤਾਬਕ ਸਜ਼ਾ ਵਜੋਂ ਅਗਲੇ ਜਨਮ ਵਿੱਚ ਸਜ਼ਾ ਮਿਲੇਗੀ।  ਫੇਰ ਤਾਂ ਸਜ਼ਾ ਜੋਤ ਨੂੰ ਮਿਲੇਗੀ ਚੋਲਾ ਤਾਂ ਇਸੇ ਜਨਮ ਵਿੱਚ ਖਤਮ ਹੋ ਜਾਣਾ ਹੈ?
 ਜਸਬੀਰ ਸਿੰਘ ਵਿਰਦੀ:-
 ਅਰਮਿੰਦਰ ਸਿੰਘ ਜੀ! “ਅਗਲੇ ਜਨਮ” ਨੂੰ ਤੁਸੀਂ “ਜੋਤਿ” ਨੂੰ ਸਜ਼ਾ ਕਿਵੇਂ ਕਹਿ ਸਕਦੇ ਹੋ? ਜਦੋਂ ਜੀਵ ਸਰੀਰ ਧਾਰ ਕੇ ਸੰਸਾਰ ਤੇ ਆ ਗਿਆ ਤਾਂ ਇਸ ਨੂੰ ‘ਜੋਤਿ’ ਕਹਾਂਗੇ? ਤੁਸੀਂ ਇਸ ਜਨਮ ਤੋਂ ਬਾਅਦ ਫੇਰ ਜਨਮ ਵਾਲੇ ਸਿਧਾਂਤ ਨੂੰ ਸਵਿਕਾਰ ਨਹੀਂ ਕਰਦੇ, ਫੇਰ ਤਾਂ ਇਹ ਸਵਾਲ ਤੁਹਾਡੇ ਹੀ ਸੋਚਣ ਵਾਲਾ ਹੈ ਕਿ- ਇਸ ਜਨਮ ਵਿੱਚ ਵੀ ਉਨ੍ਹਾਂ ਸਾਧਾਂ (ਅਸਾਧਾਂ) ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਨਹੀਂ ਮਿਲੀ।ਅਗਲਾ ਕੋਈ ਜਨਮ ਤੁਹਾਡੇ ਮੁਤਾਬਲ ਹੈ ਨਹੀਂ ਤਾਂ ਉਹਨਾਂ ਨੂੰ ਫੇਰ ਕਦੋਂ ਸਜ਼ਾ ਮਿਲੇਗੀ?”
 (ਨੋਟ:- ਇਸ ਤੋਂ ਅੱਗੇ ਅਰਮਿੰਦਰ ਸਿੰਘ ਦੇ ਵਿਚਾਰ ਨਹੀਂ ਆਏ)
ਜਸਬੀਰ ਸਿੰਘ ਵਿਰਦੀ








 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.