ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
‘ਮਨੁਖਾ ਜਨਮ ਦਾ ਮਕਸਦ’
‘ਮਨੁਖਾ ਜਨਮ ਦਾ ਮਕਸਦ’
Page Visitors: 2785

 

                             ‘ਮਨੁਖਾ ਜਨਮ ਦਾ ਮਕਸਦ’

ਵੱਖ ਵੱਖ ਧਰਮਾਂ ਵਿੱਚ ਮਨੁੱਖਾ ਜਨਮ ਦੇ ਮਨੋਰਥ ਬਾਰੇ ਵੱਖ ਵੱਖ ਵਿਚਾਰ ਹਨ।ਸਾਂਖ ਮੱਤ ਅਨੁਸਾਰ ਜੀਵ ਅਤੇ ਪ੍ਰਕਿਰਤੀ ਨੂੰ ਪਰਮਾਤਮਾ ਨੇ ਨਹੀਂ ਬਣਾਇਆ ਬਲਕਿ ਪਰਮਾਤਮਾ ਦੀ ਤਰ੍ਹਾਂ ਜੀਵ ਅਤੇ ਪ੍ਰਕਿਰਤੀ ਵੀ ਅਨਾਦੀ ਹਨ ਅਰਥਾਤ ਹਮੇਸ਼ਾਂ ਤੋਂ ਮੌਜੂਦ ਹਨ।ਇਸ ਲਈ ਮਨੁੱਖਾ ਜਨਮ ਦਾ ਕੋਈ ਖਾਸ ਮਕਸਦ ਨਹੀਂ।ਸਾਂਖ ਮੱਤ ਅਨੁਸਾਰ ਪ੍ਰਕਿਰਤੀ ਹਮੇਸ਼ਾਂ ਪਰਿਣਾਮਿਤ ਹੁੰਦੀ ਰਹਿੰਦੀ ਹੈ ਅਰਥਾਤ ਆਪਣਾ ਰੂਪ ਬਦਲਦੀ ਰਹਿੰਦੀ ਹੈ।ਨਾਸਤਿਕ ਸੋਚ ਵਾਲਿਆਂ ਦਾ ਵੀ ਕੁਝ ਇਸੇ ਤਰ੍ਹਾਂ ਦਾ ਹੀ ਵਿਚਾਰ ਹੈ ਕਿ ਜੀਵ ਅਤੇ ਪ੍ਰਕਿਰਤੀ ਹਮੇਸ਼ਾਂ ਕਰਮ ਵਿਕਾਸ ਸਿਧਾਂਤ ਅਨੁਸਾਰ ਵਿਕਸਿਤ ਹੁੰਦੇ ਰਹਿੰਦੇ ਹਨ।ਨਾਸਤਿਕ ਸੋਚ ਵਾਲੇ ਅਜੋਕੇ ਗੁਰਬਾਣੀ ਵਿਆਖਿਆ-ਕਾਰ ਰੱਬ ਦੀ ਹੋਂਦ ਬਾਰੇ ਦੋਗਲੀ ਨੀਤੀ ਖੇਡ ਜਾਂਦੇ ਹਨ।ਅਸਲ ਵਿੱਚ ਇਹ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ, ਪਰ ਮੌਕੇ ਮੁਤਾਬਕ ਅਤੇ ਕਿਸੇ ਮਜਬੂਰੀ ਕਾਰਣ ਰੱਬ ਦੀ ਹੋਂਦ ਮੰਨਣ ਦੀ ਗੱਲ ਕਰ ਜਾਂਦੇ ਹਨ, ਪਰ ਰੱਬ ਦੀ ਵਿਆਖਿਆ ਕਰਨ ਲੱਗੇ ਕੁਦਰਤ ਨੂੰ ਹੀ ਰੱਬ ਕਹਿ ਦਿੰਦੇ ਹਨ।ਇਹ ਲੋਕ ਇਸ ਸਵਾਲ ਬਾਰੇ ਚੁੱਪ ਹਨ ਕਿ ਪ੍ਰਕਿਰਤੀ ਅਤੇ ਜੀਵ ਅਨਾਦੀ ਹਨ ਜਾਂ (ਗੁਰਮਤਿ ਫਲਸਫੇ ਦੀ ਤਰ੍ਹਾਂ) ਪ੍ਰਕਿਰਤੀ ਅਤੇ ਜੀਵ ਨੂੰ ਪਰਮਾਤਮਾ ਨੇ ਬਣਾਇਆ ਹੈ।
ਪਰ ਇਨ੍ਹਾਂ ਮੁਤਾਬਕ ਸਭ ਤੋਂ ਪਹਿਲਾਂ ਧਰਤੀ ਤੇ ਜੀਵ ਇੱਤਫਾਕਨ ਹੀ ਕੁਝ ਖਾਸ ਤੱਤਾਂ ਦੇ ਇੱਕਠ ਅਤੇ ਖਾਸ ਵਾਤਾਵਰਣ ਦੇ ਸੰਜੋਗ ਨਾਲ ਪਾਣੀ ਵਿੱਚ ‘ਕਾਈ / ਬੈਕਟੀਰੀਆ’ ਦੇ ਰੂਪ ਵਿੱਚ ਪੈਦਾ ਹੋਇਆ।ਜੋ ਕਿ ਸਰੀਰਕ ਅਤੇ ਦਿਮਾਗੀ ਵਿਕਾਸ ਕਰਦਾ ਹੋਇਆ ਅੱਜ ਦੇ ਇਨਸਾਨ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ।ਕਿਉਂਕਿ ਇਨ੍ਹਾਂ ਵਿਦਵਾਨਾਂ ਅਨੁਸਾਰ ਜੀਵ ਇੱਤਫਾਕਨ ਹੀ ਕੁਝ ਖਾਸ ਤੱਤਾਂ ਦੇ ਇਕੱਠ ਅਤੇ ਖਾਸ ਵਾਤਾਵਰਣ ਦੇ ਕਾਰਣ ਹੋਂਦ ਵਿੱਚ ਆਇਆ ਹੈ, ਇਸ ਲਈ ਮਨ ਵਰਗੀ ਆਕਾਰ ਰਹਿਤ ਕਿਸੇ ਚੀਜ ਦੀ ਹੋਂਦ ਨੂੰ ਨਹੀਂ ਮੰਨਦੇ। ਇਨ੍ਹਾਂ ਦੀ ਸੋਚ ਅਨੁਸਾਰ ਵੀ ਮਨੁੱਖ ਦਾ ਜੀਵਨ ਮਕਸਦ ਸਿਰਫ ਸਰੀਰਕ ਅਤੇ ਦਿਮਾਗੀ ਵਿਕਾਸ ਹੀ ਹੈ।ਜੋ ਕਿ ਕਰੋੜਾਂ ਸਾਲਾਂ ਤੋਂ ਜਦੋਂ ਕਿ ਇਨਸਾਨ ਧਰਤੀ ਤੇ ਮੌਜੂਦ ਵੀ ਨਹੀਂ ਸੀ ਓਦੋਂ ਤੋਂ ਇਹ ਵਿਕਾਸ ਕੁਦਰਤੀ ਨਿਯਮਾਂ ਅਨੁਸਾਰ ਆਪਣੇ ਆਪ ਹੀ ਹੁੰਦਾ ਆ ਰਿਹਾ ਹੈ ਅਤੇ ਹੁੰਦਾ ਹੀ ਰਹਿਣਾ ਹੈ।ਜਿਸ ਵਿਚ ਕਿਸੇ ਵਿਗਿਆਨਕ ਜਾਂ ਕਿਸੇ ਇਨਸਾਨ ਦਾ ਹੱਥ ਨਹੀਂ।
ਅਜੋਕੇ ਗੁਰਬਾਣੀ ਵਿਆਖਿਆਕਾਰਾਂ ਅਨੁਸਾਰ ਕਿਉਂਕਿ ਜੀਵ ਇੱਤਫਾਕਨ ਹੀ ਧਰਤੀ ਤੇ ਪੈਦਾ ਹੋ ਗਿਆ ਹੈ, ਇਸ ਲਈ ਇਸ ਦਾ ਜੀਵਨ ਮਕਸਦ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਇਹ ਗੱਲ ਵੱਖਰੀ ਹੈ ਕਿ ਗੁਰਬਾਣੀ ਵਿਆਖਿਆਵਾਂ ਕਰਨ ਵੇਲੇ ਕਿਸੇ ਮਜਬੂਰੀ ਕਾਰਣ ਮਨੁੱਖਾ ਜਨਮ ਦਾ ਮਕਸਦ ਹੋਣ ਦੀਆਂ ਗੱਲਾਂ ਕਰ ਜਾਂਦੇ ਹਨ ਪਰ ਅਸਲੀ ਵਿਚਾਰਧਾਰਾ ਇਨ੍ਹਾਂ ਦੀ ਇਹ ਹੈ ਕਿ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਦਿਮਾਗੀ ਅਤੇ ਸਰੀਰਕ ਤੌਰ ਤੇ ਰਿਸ਼ਟ-ਪੁਸ਼ਟ ਕਰੋ।ਦਇਆ-ਭਾਵਨਾ, ਪਰਉਪਕਾਰ, ਵੰਡ ਛਕਣ ਆਦਿ ਦੀਆਂ ਗੱਲਾਂ ਇਹ ਜਰੂਰ ਕਰਦੇ ਹਨ ਪਰ ਇਨ੍ਹਾਂ ਦੇ ਮੁਢਲੇ ਸਿਧਾਂਤਾਂ ਵਿੱਚ ਇਹ ਗੱਲਾਂ ਕਿਤੇ ਫਿਟ ਨਹੀਂ ਬੈਠਦੀਆਂ।
ਮਨੁੱਖ ਦੇ ਜੀਵਨ ਮਕਸਦ ਬਾਰੇ ਗੁਰਮਤਿ ਵਿਚਾਰਧਾਰਾ:- ਗੁਰਮਤਿ ਅਨੁਸਾਰ ਸਿਰਫ ਪਰਮਾਤਮਾ ਹੀ ਅਨਾਦੀ ਹੈ।ਜਦੋਂ ਉਸਨੂੰ ਭਾਇਆ, ਪ੍ਰਕਿਰਤੀ ਅਤੇ ਜੀਵ ਉਸ ਨੇ ਆਪਣੇ ਆਪ ਤੋਂ ਹੀ ਪੈਦਾ ਕੀਤੇ ਹਨ।ਇਹ ਸੰਸਾਰ ਪ੍ਰਭੂ ਦੀ ਰਚੀ ਹੋਈ ਖੇਡ ਹੈ।ਮਨੁੱਖ ਵੀ ਉਸ ਦੀ ਖੇਡ ਦਾ ਇੱਕ ਹਿੱਸਾ ਹੈ।ਪਰਮਾਤਮਾ ਚੇਤਨ ਸਰੂਪ ਹੈ।ਮਨੁੱਖ ਵਿੱਚ ਵੀ ਚੇਤਨ-ਸੱਤਾ, ਮਨ, ਆਤਮਾ ਉਸੇ ਦਾ ਹੀ ਅੰਸ਼ ਹੈ।ਮਨ, ਆਤਮਾ ਉਸੇ ਪ੍ਰਭੂ ਦੀ ਅੰਸ਼ ਹੈ ਇਸ ਲਈ ਇਸ ਦਾ ਬੁਨਿਆਦੀ ਸੁਭਾਵ ਵੀ ਪਰਮਾਤਮਾ ਵਾਲਾ ਹੀ ਹੈ।ਜੀਵ ਪ੍ਰਭੂ ਦੀ ਹੀ ਅੰਸ਼ ਹੈ ਪਰ ਇਸ ਵਿੱਚ ਉਸ ਨੇ ਹਉਮੈ ਦਾ ਪਰਦਾ ਵੀ ਪਾ ਦਿੱਤਾ ਹੈ।ਹਉਮੈ ਦਾ ਅਰਥ ਹੈ, ਪਰਮਾਤਮਾ ਅਤੇ ਹੋਰ ਜੀਵਾਂ ਤੋਂ ਆਪਣੇ ਆਪ ਨੂੰ ਵੱਖਰੀ ਹਸਤੀ ਮੰਨਣਾ।ਪਰਮਾਤਮਾ ਨੇ ਸੰਸਾਰ ਰਚਨਾ ਰਚ ਕੇ ਇਸ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿ ਤ੍ਰੈ-ਗੁਣ ਵੀ ਪੈਦਾ ਕਰ ਦਿੱਤੇ ਹਨ।    
    ਜੀਵ ਆਪਣੇ ਆਪ ਨੂੰ ਵੱਖਰੀ ਹਸਤੀ ਸਮਝਦਾ ਹੈ ਇਸ ਲਈ ਸੰਸਾਰ ਦੀ ਹਰ ਸ਼ੈਅ ਆਪਣੀ ਬਨਾਣ ਦੀ ਇੱਛਾ ਨਾਲ ਲੋਭ ਲਾਲਚ ਅਧੀਨ ਕੰਮ ਕਰਦਾ ਹੈ।
ਜਿਉਂ ਜਿਉਂ ਇਹ ਲੋਭ ਲਾਲਚ ਅਧੀਨ ਕੰਮ ਕਰਦਾ ਹੈ, ਤ੍ਰੈ-ਗੁਣੀ ਮਾਇਆ ਦੇ ਵਿਕਾਰਾਂ ਵਿੱਚ ਹੋਰ ਵੱਧ ਫਸਦਾ ਚਲਾ ਜਾਂਦਾ ਹੈ।ਇਸ ਤਰ੍ਹਾਂ ਆਪਣੇ ਮੂਲ ਪ੍ਰਭੂ, ਜਿਸ ਦੀ ਇਹ ਅੰਸ਼ ਹੈ, ਉਸ ਤੋਂ ਇਸ ਦੀ ਦੂਰੀ ਹੋਰ ਵਧਦੀ ਚਲੀ ਜਾਂਦੀ ਹੈ।ਹਉਮੈ ਦਾ ਪੜਦਾ ਹੋਰ ਕਰੜਾ ਹੁੰਦਾ ਜਾਂਦਾ ਹੈ।ਹਉਮੈ, ਲੋਭ, ਲਾਲਚ, ਇੱਛਾਵਾਂ, ਤ੍ਰਿਸ਼ਨਾਵਾਂ ਵਿੱਚ ਹੀ ਜੀਵਨ-ਅਵਧੀ ਖਤਮ ਹੋਈ ਤੋਂ ਅਖੀਰ ਇਹ ਸਰੀਰ ਤਿਆਗ ਜਾਂਦਾ ਹੈ।ਪਰ ਮਨੁੱਖਾ ਜਨਮ ਵਿੱਚ ਉਪਜੀਆਂ ਇੱਛਾਵਾਂ, ਤ੍ਰਿਛਨਾਵਾਂ, ਲੋਭ ਲਾਲਚ ਅਧੀਨ ਕੀਤੇ ਚੰਗੇ ਮਾੜੇ ਕੰਮਾਂ ਦੇ ਸੰਸਕਾਰ ਇਸ ਦੇ ਨਾਲ ਹੀ ਜਾਂਦੇ ਹਨ।ਜਿਨ੍ਹਾਂ ਦੇ ਆਧਾਰ ਤੇ ਪ੍ਰਭੂ ਦੇ ਹੁਕਮ ਵਿੱਚ ਫੇਰ ਤੋਂ ਇਨਸਾਨ ਜਾਂ ਕਿਸੇ ਹੋਰ ਜੂਨ ਵਿੱਚ ਜਨਮ ਲੈ ਕੇ ਸੰਸਾਰ ਤੇ ਆ ਜਾਂਦਾ ਹੈ, ਅਤੇ ਇਸ ਤਰ੍ਹਾਂ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ।
ਦੂਸਰਾ ਪੱਖ-
ਜੀਵ ਵਿੱਚ ਮਨ, ਆਤਮਾ, ਜੋਤਿ ਉਸੇ ਪ੍ਰਭੂ ਦੀ ਹੀ ਅੰਸ਼ ਹੈ (ਅੰਸ਼ ਤੋਂ ਭਾਵ ਇਹ ਨਹੀਂ ਕਿ ਉਸ ਤੋਂ ਕੁਝ ਹਿੱਸਾ ਵੱਖਰਾ ਹੋ ਕੇ ਉਸ ਪ੍ਰਭੂ ਵਿੱਚ ਕੋਈ ਕਮੀਂ ਆ ਗਈ ਜਾਂ ਉਸ ਵਿੱਚ ਕੁਝ ਹਿੱਸਾ ਮਿਲ ਜਾਣ ਨਾਲ ਉਸ ਵਿੱਚ ਕੋਈ ਵਾਧਾ ਹੋ ਜਾਂਦਾ ਹੈ।ਬਲਕਿ ਹਰ ਹਾਲਤ ਵਿੱਚ ਉਹ ਸੰਪੂਰਣ ਹੈ ਅਤੇ ਸੰਪੂਰਣ ਹੀ ਰਹਿੰਦਾ ਹੈ।ਦੂਸਰਾ ਸਾਰੀ ਸ੍ਰਿਸ਼ਟੀ ਵਿੱਚ ਉਹ ਵਿਆਪਕ ਵੀ ਹੈ ਪਰ ਸਭ ਕਾਸੇ ਤੋਂ ਨਿਰਲੇਪ ਵੀ ਹੈ) । ਇਸ ਲਈ ਬੁਨਿਆਦੀ ਤੌਰ ਤੇ ਮਨੁੱਖ ਦੇ ਗੁਣ ਪਰਮਾਤਮਾ ਵਾਲੇ ਹੀ ਹਨ।ਇਸ ਗੱਲ ਦੀ ਸਮਝ ਇਸ ਨੂੰ ਸਾਧ ਸੰਗਤ ਵਿੱਚ ਜਾ ਕੇ, ਗੁਰੁ ਦਾ ਉਪਦੇਸ਼ ਸੁਣ ਕੇ ਆਉਂਦੀ ਹੈ।ਜਿਸ ਨੂੰ ਹਮੇਸ਼ਾਂ ਯਾਦ ਕਰਦੇ ਰਹੀਏ, ਜਿਸ ਦੇ ਹਮੇਸ਼ਾਂ ਗੁਣ ਗਾਉਂਦੇ ਰਹੀਏ ਸਾਡਾ ਸੁਭਾਵ ਵੀ ਉਸੇ ਵਰਗਾ ਬਣਦਾ ਜਾਂਦਾ ਹੈ।
  ਸੋ ਹਰ ਵੇਲੇ ਪ੍ਰਭੂ ਦੀ ਯਾਦ ਮਨ ਵਿੱਚ ਵਸਾਈ ਰੱਖਣ ਨਾਲ, ਉਸੇ ਦਾ ਨਾਮ ਜਪਣ, ਉਸੇ ਦੇ ਗੁਣ ਗਾਉਣ ਨਾਲ ਗੁਰਮੁਖ ਬੰਦੇ ਦਾ ਸੁਭਾਵ ਵੀ ਉਸੇ ਪ੍ਰਭੂ ਵਰਗਾ ਹੀ ਹੋ ਜਾਂਦਾ ਹੈ।ਇਥੇ ਇਸ ਭੁਲੇਖੇ ਵਿੱਚ ਨਹੀਂ ਪੈਣਾ ਚਾਹੀਦਾ ਕਿ ਕੰਮ ਕਾਰ ਛੱਡਕੇ ਪ੍ਰਭੂ ਨੂੰ ਯਾਦ ਕਰਦੇ ਰਹਿਣਾ ਹੈ।ਬਲਕਿ ਇਮਾਨਦਾਰੀ ਨਾਲ ਆਪਣੇ ਨਿਤ ਪ੍ਰਤੀ ਦੇ ਕੰਮ ਕਾਰ ਕਰਦੇ ਹੋਇਆਂ ਮਨ ਵਿੱਚ ਉਸ ਪ੍ਰਭੂ ਦੀ ਯਾਦ ਨੂੰ ਵਸਾਈ ਰੱਖਣਾ ਹੈ।ਕੰਮ-ਕਾਰ ਕਰਦੇ ਹੋਇਆਂ ਉਸ ਨੂੰ ਹਰ ਵੇਲੇ ਆਪਣੇ ਅੰਗ-ਸੰਗ ਮਹਿਸੂਸ ਕਰਨਾ ਹੈ।ਗੁਰਮੁਖ ਬੰਦੇ ਨੂੰ ਸੋਝੀ ਆ ਜਾਂਦੀ ਹੈ ਕਿ ਉਸ ਵਿੱਚ ਅਤੇ ਸਾਰੇ ਜੀਵਾਂ ਵਿੱਚ ਉਸੇ ਪ੍ਰਭੂ ਦੀ ਜੋਤ ਹੈ।ਇਸ ਲਈ ਉਹ ਹਉਮੈ, ਲੋਭ, ਲਾਲਚ, ਦੁਨਿਆਵੀ ਧੰਦਿਆਂ ਆਦਿ ਵਿੱਚ ਪ੍ਰਵਿਰਤ ਹੋ ਕੇ ਕੰਮ ਨਹੀਂ ਕਰਦਾ।ਇਸ ਲਈ ਉਸਨੂੰ ਦੁਨਿਆਵੀ ਵਸਤਾਂ ਦੀਆਂ ਇੱਛਾਵਾਂ ਤ੍ਰਿਸ਼ਨਾਵਾਂ ਵੀ ਨਹੀਂ ਰਹਿੰਦੀਆਂ, ਜੋ ਕਿ ਇਹ ਮਨੁੱਖਾ ਸਰੀਰ ਤਿਆਗਣ ਤੋਂ ਬਾਅਦ ਮਨੁੱਖ ਨੂੰ ਜਨਮ ਮਰਨ ਦੇ ਗੇੜ ਵਿੱਚ ਪਾਈ ਰੱਖਣ ਦਾ ਕਾਰਣ ਬਣਦੀਆਂ ਹਨ ।
ਇਸ ਤਰ੍ਹਾਂ ਗੁਰਮੁਖ ਬੰਦਾ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ।ਮਨ ਤੋਂ ਦਵੈਤ ਦਾ ਭਰਮ ਮਿਟਾ ਦੇਣਾ, ਇਸ ਮਨੁਖਾ ਜਨਮ ਨੂੰ ਸਫਲਾ ਕਰਕੇ, ਉਸ ਪ੍ਰਭੂ ਦਾ ਹੀ ਰੂਪ ਹੋ ਜਾਣਾ, ਜਿਸ ਪ੍ਰਭੂ ਦੀ ਇਹ ਅੰਸ਼ ਹੈ; ਇਹੀ ਗੁਰਮਤਿ ਅਨੁਸਾਰ ਮਨੁੱਖਾ ਜਨਮ ਦਾ ਮਕਸਦ ਹੈ।
ਅਜੋਕੇ ਗੁਰਬਾਣੀ ਵਿਆਖਿਆਕਾਰਾਂ ਦੁਆਰਾ ਵਿਗਿਆਨ ਦੇ ਕੁਝ ਸਿਧਾਂਤਾਂ ਨੂੰ ਗੁਰਮਤਿ ਨਾਲ ਜੋੜਿਆ ਜਾਂਦਾ ਹੈ, ਇਸ ਲਈ ਕੁਝਕੁ ਗੱਲਾਂ ਵਿਗਿਆਨਕ ਦ੍ਰਿਸ਼ਟੀਕੋਣ ਤੋਂ- ਪਰਮਾਤਮਾ ਨੇ ਸੰਸਾਰ ਰਚਨਾ ਕੀਤੀ ਹੈ ਤਾਂ ਇਸ ਵਿੱਚ ਕੁਦਰਤ ਦੇ ਨਿਯਮ ਵੀ ਪੈਦਾ ਕੀਤੇ ਹਨ।ਜੋ ਕਿ ਕਦੇ ਵੀ ਨਹੀਂ ਬਦਲਦੇ ਅਤੇ ਨਾ ਹੀ ਬਦਲੇ ਜਾ ਸਕਦੇ ਹਨ।ਸੋ ਇਹ ਦਿਸਦਾ ਸੰਸਾਰ ਉਨ੍ਹਾਂ ਕੁਦਰਤੀ ਨਿਯਮਾਂ ਅਧੀਨ ਹੀ ਚੱਲ ਰਿਹਾ ਹੈ।ਅਜੋਕੇ ਗੁਰਬਾਣੀ ਵਿਆਖਿਆਕਾਰ ਇਸ ਭੁਲੇਖੇ ਵਿੱਚ ਹਨ ਕਿ ਸਾਰਾ ਸੰਸਾਰ ਤਾਂ ਕੁਦਰਤੀ ਨਿਯਮਾਂ ਅਧੀਨ ਹੀ ਚੱਲ ਰਿਹਾ ਹੈ, ਇਸ ਵਿੱਚ ਪਰਮਾਤਮਾ ਦਾ ਕੀ ਰੋਲ ਹੈ?ਆਪਣੀ ਇਸੇ ਸੋਚ ਅਨੁਸਾਰ ਹੀ ਅਜੋਕੇ ਗੁਰਬਾਣੀ ਵਿਆਖਿਆਕਾਰ ਗੁਰਬਾਣੀ ਦੇ ਅਰਥ ਬਦਲ ਕੇ ਗੁਰਮਤਿ ਦਾ ਪ੍ਰਚਾਰ ਕਰ ਰਹੇ ਹਨ।ਇਨ੍ਹਾਂ ਅਜੋਕੀਆਂ ਵਿਆਖਿਆਵਾਂ ਨੂੰ ਪ੍ਰੋਢਾਵਾਦ ਦਾ ਨਾਮ ਦਿੱਤਾ ਗਿਆ ਹੈ।        ਪਰ ਇਹ ਗੱਲ ਸਮਝਣ ਦੀ ਜਰੂਰਤ ਹੈ ਕਿ ਦਿਸਦਾ ਸੰਸਾਰ ਬੇਸ਼ੱਕ ਕੁਦਰਤੀ ਨਿਯਮਾਂ ਅਧੀਨ ਹੀ ਚੱਲ ਰਿਹਾ ਹੈ, ਪਰ ਇਹ ਚੱਲਦਾ ਪਰਮਾਤਮਾ ਦੁਆਰਾ ਰਚੀ ਵਿਧੀ (ਬਿਧ) ਅਨੁਸਾਰ ਹੈ।
“ਜਿਉ ਸੰਪੈ ਤਿਉ ਬਿਪਤਿ ਹੈ ‘ਬਿਧ ਨੇ ਰਚਿਆ ਸੋ ਹੋਇ’॥” (337)
ਵਿਧੀ ਦਾ ਰਚਿਆ ਕਿਵੇਂ ਵਾਪਰਦਾ ਹੈ, ਬਾਰੇ ਵਿਗਿਆਨਕ ਤੱਥਾਂ ਤੇ ਆਧਾਰਿਤ ਕੁਝ ਗੱਲਾਂ- ਧਰਤੀ ਤੇ ਹਵਾ ਵਿੱਚ ਕਾਰਬਨਡਾਈ ਔਕਸਾਈਡ ਦੀ ਮਾਤ੍ਰਾ ਕੇਵਲ 0.03% ਹੈ।ਪਰ ਜੇ ਇਹ ਇਸ ਤੋਂ ਥੋੜ੍ਹੀ ਜਿਹੀ ਵਧ ਜਾਵੇ ਤਾਂ ਸਾਹ ਦੇ ਜਰੀਏ ਅੰਦਰ ਜਾਣ ਨਾਲ ਜੀਵਨ ਨੂੰ ਖਤਰਾ ਹੈ।ਪਰ ਜੇ ਇਹ ਹਵਾ ਵਿੱਚ ਏਨੀ ਵੀ ਨਾ ਹੋਵੇ ਤਾਂ ਧਰਤੀ ਤੇ ਰਾਤ ਨੂੰ ਤਾਪਮਾਨ ਸੈਂਕੜੇ ਡਿਗਰੀ ਹੇਠਾਂ ਡਿੱਗ ਜਾਵੇ, ਜੋ ਕਿ ਜੀਵਨ ਲਈ ਖਤਰਾ ਹੈ (ਕਾਰਬਨਡਾਈ ਔਕਸਾਈਡ ਹੀ ਦਿਨ ਦੀ ਸੂਰਜ ਦੀ ਗਰਮੀਂ ਨੂੰ ਰਾਤ ਨੂੰ ਵੀ ਰੋਕ ਕੇ ਰੱਖਦੀ ਹੈ)
।ਓਜ਼ੋਨ ਹਵਾ ਵਿੱਚ ਹੋਵੇ ਤਾਂ ਸਾਹ ਦੇ ਜਰੀਏ ਅੰਦਰ ਜਾਣ ਨਾਲ ਜੀਵਨ ਨੂੰ ਖਤਰਾ ਹੈ, ਪਰ ਇਹੀ ਓਜ਼ੋਨ ਜੇ ਹਵਾ ਤੋ ਉੱਪਰਲੇ ਮੰਡਲਾਂ ਵਿੱਚ ਚਾਦਰ ਦੀ ਤਰ੍ਹਾਂ ਨਾ ਵਿਸ਼ੀ ਹੋਵੇ ਤਾਂ ਸੂਰਜ ਤੋਂ ਆਉਣ ਵਾਲੀਆਂ ਅਲਟਰਾ ਵਾਇਲਟ ਕਿਰਨਾਂ ਤੋਂ ਜੀਵਨ ਨੂੰ ਖਤਰਾ ਹੈ।ਇਹ ਤਾਂ ਹਨ ਕੁਝ ਐਸੀਆਂ ਉਦਾਹਰਣਾਂ ਜਿਹੜੀਆਂ ਹਨ ਤਾਂ ਵਿਧੀ ਦੀਆਂ ਰਚੀਆਂ ਹੋਈਆਂ, ਪਰ ਇਨ੍ਹਾਂ ਨੂੰ ਵਿਗਿਆਨਕ ਸੋਚ ਵਾਲੇ ਕਹਿ ਸਕਦੇ ਹਨ ਕਿ ਇਹ ਤਾਂ ਗੈਸਾਂ ਦੇ ਹਲਕੇ ਭਾਰੇ ਹੋਣ ਦੇ ਹਿਸਾਬ ਨਾਲ ਕੁਦਰਤੀਂ ਇਸ ਤਰ੍ਹਾਂ ਹੈ ।
ਪਰ ਬਹੁਤ ਸਾਰੀਆਂ ਐਸੀਆਂ ਗੱਲਾਂ ਹਨ ਜਿਨ੍ਹਾਂ ਦਾ ਵਿਗਿਆਨਕਾਂ ਕੋਲ ਕੋਈ ਜਵਾਬ ਨਹੀਂ।ਮਿਸਾਲ ਦੇ ਇਨਸਾਦੇ ਤੌਰ ਤੇ- ਜੜ ਪਦਾਰਥਾਂ ਤੋਂ ਪੈਦਾ ਹੋਏ ਜੀਵਨ ਵਿੱਚ ਚੇਤਨਾਂ ਕਿਸ ਤਰ੍ਹਾਂ ਪੈਦਾ ਹੋ ਗਈ? ਜੀਵ ਇਵੌਲਵ (ਓਵੋਲਵੲ) ਹੋ ਕੇ ਅੱਜ ਨ ਦੇ ਰੂਪ ਵਿੱਚ ਪ੍ਰਗਟ ਹੋਏ ਹਨ, 

1- ਕੀ ਜੀਵਾਂ ਵਿੱਚ ਏਨੀਂ ਸੋਝੀ ਸੀ/ਹੈ ਕਿ ਆਪਣੀ ਇੱਛਾ ਅਨੁਸਰ ਆਪਣੇ ਅੰਦਰੂਨੀ ਅਤੇ ਬਾਹਰੀ ਅੰਗਾਂ ਦੀ ਬਣਤਰ ਨੂੰ ਬਦਲ ਸਕਣ?
2- ਜਾਂ ਕੁਦਰਤ ਦੇ ਨਿਯਮਾਂ ਵਿੱਚ ਏਨੀਂ ਸੋਝੀ ਹੈ ਕਿ ਕਿਸ ਜੀਵ ਨੂੰ ਕਿਸ ਤਰ੍ਹਾਂ ਦੇ ਅੰਗਾਂ ਦੀ ਜਰੂਰਤ ਹੈ, ਉਸ ਤਰ੍ਹਾਂ ਦੇ ਅੰਗ ਇਸ ਵਿੱਚ ਵਿਕਸਿਤ ਕਰ ਦਿੱਤੇ ਜਾਣ?
3- ਜਾਂ ਫੇਰ ਕੁਦਰਤ ਦੇ ਉੱਪਰ ਵੀ ਕੋਈ ਹਸਤੀ ਹੈ ਜਿਹੜੀ ਜੀਵ ਦੀ ਇੱਛਾ ਅਨੁਸਾਰ ਸਭ ਕੁਝ ਮੁਹਈਆ ਕਰ ਰਹੀ ਹੈ?

ਇੱਥੇ ਯਾਦ ਰੱਖਣਾ ਚਾਹੀਦਾ ਹੈ ਕਿ ਇੱਤਫਾਕਨ ਕੁਝ ਖਾਸ ਤੱਤਾਂ ਤੋਂ ਕਿਸੇ ਖਾਸ ਵਾਤਾਵਰਣ ਦੇ ਕਾਰਣ ਧਰਤੀ ਤੇ ਜੀਵਨ ਪ੍ਰਗਟ ਹੋਣ ਨਾਲ ਉਸ ਜੀਵਨ ਦੀ ਗਿਣਤੀ ਜਾਂ ਮਿਕਦਾਰ ਵਿੱਚ ਤਾਂ ਵਾਧਾ ਹੋ ਸਕਦਾ ਹੈ ਪਰ ਉਸ ਵਿੱਚ ਇਵੌਲਵ (ਓਵੋਲਵੲ) ਹੋਣ ਦਾ ਗੁਣ ਆਪਣੇ ਆਪ ਨਹੀਂ ਆ ਸਕਦਾ, ਅਤੇ ਨਾ ਹੀ ਐਸਾ ਕੋਈ ਕੁਦਰਤ ਦਾ ਫਾਰਮੁਲਾ ਹੈ ਕਿ ਇਸ ਤਰ੍ਹਾਂ ਜੀਵਨ ਪੈਦਾ ਹੋਣ ਨਾਲ ਇਨ੍ਹਾਂ-ਇਨ੍ਹਾਂ ਕੁਦਰਤੀ ਨਿਯਮਾਂ ਅਧੀਨ ਇਸ ਨੇ ਇਵੌਲਵ ਹੋਣਾ ਹੀ ਸੀ।
ਇੱਥੇ ਵਿਗਿਆਨਕ ਤੱਥਾਂ ਦੀਆਂ ਉਦਾਹਰਣਾਂ ਦੇਣ ਦਾ ਮਕਸਦ ਸਿਰਫ ਇਹ ਦੱਸਣਾ ਹੈ ਕਿ ਕੁਦਰਤ ਹੀ ਰੱਬ ਨਹੀਂ।ਕੁਦਰਤ ਨੂੰ ਵੀ ਬਨਾਣ ਵਾਲਾ ਰੱਬ ਵੱਖਰਾ ਅਤੇ ਕੁਦਰਤ ਵਿੱਚ ਹੀ ਵਿਆਪਕ ਵੱਖਰੀ ਹਸਤੀ ਹੈ ਜਿਸ ਦੇ ਰਚੇ ਵਿਧਾਨ ਅਧੀਨ ਸੰਸਾਰ ਚੱਲ ਰਿਹਾ ਹੈ।ਅਤੇ ਉਸੇ ਖੇਡ ਅਤੇ ਵਿਧਾਨ ਦਾ ਹਿੱਸਾ ਇਹ ਹੈ ਕਿ ਜੀਵ ਇੱਥੇ ਪ੍ਰਭੂ ਦਾ ਹੀ ਰੂਪ ਹੋਣ ਵਾਲਾ ਕੋਈ ਖਾਸ ਮਕਸਦ ਲੈ ਕੇ ਸੰਸਾਰ ਤੇ ਆਇਆ ਹੈ।ਅਤੇ ਜਿੰਨੀਂ ਦੇਰ ਮਕਸਦ ਪੂਰਾ ਨਹੀਂ ਹੁੰਦਾ ਆਵਾਗਵਣ ਦੇ ਗੇੜ ਵਿੱਚ ਪਿਆ ਰਹਿੰਦਾ ਹੈ।

 ਜਸਬੀਰ ਸਿੰਘ ਵਿਰਦੀ (ਕੈਲਗਰੀ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.