ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
‘ਅਜੋਕੇ ਗੁਰਬਾਣੀ ਅਰਥਾਂ ਦੀ ਪ੍ਰਸੰਗਿਕਤਾ’
‘ਅਜੋਕੇ ਗੁਰਬਾਣੀ ਅਰਥਾਂ ਦੀ ਪ੍ਰਸੰਗਿਕਤਾ’
Page Visitors: 2718

                  ‘ਅਜੋਕੇ ਗੁਰਬਾਣੀ ਅਰਥਾਂ ਦੀ ਪ੍ਰਸੰਗਿਕਤਾ’
ਕਿਸੇ ਵੇਲੇ ਗੁਰਬਾਣੀ ਦੀ ਵਿਆਖਿਆ ਕਰਨ ਵੇਲੇ ਗੈਰ ਕੁਦਰਤੀ ਵਰਤਾਰੇ ਅਤੇ ਕ੍ਰਿਸ਼ਮਿਆਂ ਦੀਆਂ ਲੁਭਾਵਣੀਆਂ ਮਿਥਿਹਾਸਕ ਕਹਾਣੀਆਂ ਗੁਰਬਾਣੀ ਅਰਥਾਂ ਨਾਲ ਜੋੜ ਦਿੱਤੀਆਂ ਜਾਂਦੀਆਂਸਨ।ਕੋਈ ਜਿੰਨੀਆਂ ਜਿਆਦਾ ਕ੍ਰਿਸ਼ਮਿਆਂ ਦੀਆਂ ਕਹਾਣੀਆਂ ਗੁਰਬਾਣੀ ਅਰਥ ਸਮਝਾਣ ਲੱਗੇ ਜੋੜਦਾ ਸੀ ਓਨੀ ਹੀ ਵਧੀਆ ਉਸ ਦੀ ਗੁਰਬਾਣੀ ਵਿਆਖਿਆ ਸਮਝੀ ਜਾਂਦੀ ਸੀ।
ਪ੍ਰੋ: ਸਾਹਿਬ ਸਿੰਘ ਜੀ ਨੇ ਪਹਿਲੀ ਵਾਰੀਂ ਗੁਰਬਾਣੀ ਅਰਥਾਂ ਨਾਲ ਜੁੜੀਆਂ ਇਨ੍ਹਾਂ ਮਿਥਿਹਾਸਕ ਕਹਾਣੀਆਂ ਨੂੰ ਰੱਦ ਕਰਕੇ ਸਾਬਤ ਕਰ ਦਿੱਤਾ ਕਿ ਗੁਰਬਾਣੀ ਕਿਸੇ ਖਾਸ ਵਿਆਕਰਣਕ ਨਿਯਮਾਂ ਅਨੁਸਾਰ ਲਿਖੀ ਗਈ ਹੈ, ਇਸ ਲਈ ਇਸ ਦੇ ਅਰਥ ਵੀ ਵਿਆਕਰਣ ਨਿਯਮਾਂ ਅਨੁਸਾਰ ਹੀ ਹੋਣੇ ਚਾਹੀਦੇ ਹਨ।ਗੁਰਬਾਣੀ ਵਿੱਚ ਜਿੱਥੇ ਭਾਵਾਰਥ ਕਰਨ ਦੀ ਜਰੂਰਤ ਪਈ ਪ੍ਰੋ: ਸਾਹਿਬ ਸਿੰਘ ਜੀ ਨੇ ਅਰਥਾਂ ਦੇ ਨਾਲ ਭਾਵਾਰਥ ਵੀ ਸਮਝਾ ਦਿੱਤੇ।ਇੱਥੇ ਧਿਆਨ ਦੇਣ ਦੀ ਜਰੂਰਤ ਹੈ ਕਿ ਗੁਰਬਾਣੀ ਦੇ ਅਰਥ ਉਹੀ ਬਣਦੇ ਹਨ ਜੋ ਵਿਆਕਰਣ ਅਤੇ ਸ਼ਬਦ ਕੋਸ਼ ਅਨੁਸਾਰ ਹੋਣੇ ਚਾਹੀਦੇ ਹਨ।ਪਰ ਗੁਰਬਾਣੀ ਵਿੱਚ ਕਈ ਸ਼ਬਦ ਕਿਸੇ ਮੁਹਾਵਰੇ, ਅਖਾਣ, ਪ੍ਰਚੱਲਤ ਵਿਚਾਰਧਾਰਾ ਦੇ ਲਫਜ ਵਰਤ ਕੇ ਲਿਖੇ ਹੋਏ ਹਨ।ਜਿਨ੍ਹਾਂ ਦੇ ਗੁਰਬਾਣੀ ਵਿੱਚੋਂ ਹੀ ਸੇਧ ਲੈ ਕੇ ਭਾਵਾਰਥ ਕਰਨੇ ਹੁੰਦੇ ਹਨ।ਜੋ ਕਿ ਪ੍ਰੋ: ਸਾਹਿਬ ਸਿੰਘ ਜੀ ਨੇ ਬਹੁਤ ਖੂਬੀ ਨਾਲ ਕਰ ਦਿੱਤੇ ਹਨ।
ਦੂਜੇ ਪਾਸੇ ਅਜੋਕੇ ਸਮੇਂ ਵਿੱਚ ਕੁਝ ਆਪਣੇ ਆਪ ਨੂੰ ਜਾਗਰੁਕ ਅਤੇ ਸੁਚੇਤ ਸਮਝਣ ਵਾਲੇ ਵਿਦਵਾਨਾਂ ਨੇ ਵੀ ਗੁਰਬਾਣੀ ਅਰਥ ਸਮਝਾਣੇ ਸ਼ੁਰੂ ਕੀਤੇ ਹੋਏ ਹਨ।ਕੁਝਕੁ ਵਿਸ਼ਿਆਂ ਤੇ ਇਨ੍ਹਾਂ ਦੀ ਸੋਚ ਗੁਰੂ ਗ੍ਰੰਥ ਸਾਹਿਬ ਜੀ ਦੀ ਫਲੌਸਫੀ ਤੋਂ ਬਿਲਕੁਲ ਵੱਖਰੀ ਹੈ।ਇਸ ਲਈ ਇਹ ਲੋਕ ਉਨ੍ਹਾਂ ਵਿਸ਼ਿਆਂ ਤੇ ਗੁਰਬਾਣੀ ਦੇ ਆਪਣੇ ਹੀ ਅਰਥ ਘੜ ਕੇ ਪੇਸ਼ ਕਰ ਰਹੇ ਹਨ।ਅਸਲ ਵਿੱਚ ਇਨ੍ਹਾਂ ਵਿਦਵਾਨਾਂ ਦੀ ਜਾਗਰੁਕਤਾ ਅਤੇ ਸੁਚੇਤਤਾ ਕੀ ਹੈ, ਕਿੰਨੀਂਕੁ ਹੈ, ਅਤੇ ਇਸ ਦਾ ਆਧਾਰ ਕੀ ਹੈ, ਇਸ ਬਾਰੇ ਥੋੜ੍ਹੀ ਵਿਚਾਰ ਕਰਨੀ ਜਰੂਰੀ ਹੈ।
ਪੁਰਾਤਨ ਸਮੇਂ ਵਿੱਚ ਜਦੋਂ ਮਨੁੱਖ ਨੂੰ ਕੁਦਰਤ ਬਾਰੇ ਕੁਝ ਖਾਸ ਗਿਆਨ ਨਹੀਂ ਸੀ ਤਾਂ ਉਸਨੇ ਹਵਾ, ਅੱਗ, ਪਾਣੀ ਆਦਕਿ ਕੁਦਰਤੀ ਵਰਤਾਰਿਆਂ ਤੋਂ ਡਰਦਿਆਂ ਇਨ੍ਹਾਂਨੂੰ ਦੇਵਤੇ ਮੰਨਕੇ ਇਨ੍ਹਾਂਦੀ ਪੂਜਾ ਅਰਚਨਾ ਸ਼ੁਰੂ ਕਰ ਦਿੱਤੀ।ਜਿਉਂ ਜਿਉਂ ਵਿਗਿਆਨ ਨੇ ਤਰੱਕੀ ਕੀਤੀ ਤਾਂ ਇਸ ਗੱਲ ਦੀ ਸੋਝੀ ਆਉਣ ਲੱਗੀ ਕਿ ਹਵਾ, ਅੱਗ, ਪਾਣੀ ਆਦਿ ਕੋਈ ਦੇਵਤੇ ਜਾਂ ਰੱਬ ਨਹੀਂ, ਬਲਕਿ ਕੁਦਰਤ ਦੇ ਵਰਤਾਰੇ ਹਨ।ਗੁਰੂ ਸਾਹਿਬਾਂ ਨੇ ਵੀ ਦੇਵਤਿਆਂ ਦੀ ਹੋਂਦ ਦਾ ਖੰਡਣ ਕਰਕੇ ਇਕ ਪਰਮਾਤਮਾ ਦੀ ਹੋੰਂਦ ਦਾ ਸਿਧਾਂਤ ਦਿੱਤਾ ਹੈ।
ਪੁਰਾਤਨ ਧਰਮ ਗ੍ਰਥਾਂ ਵਿੱਚ ਧਰਤੀ ਨੂੰ ਚਪਟੀ ਹੋਣੀ ਲਿਖਿਆ ਹੈ।ਪਰ ਗਲੀਲੀਓ ਵਰਗੇ ਵਿਗਿਆਨੀਆਂ ਨੇ ਆਪਣੀ ਖੋਜ ਮੁਤਾਬਕ ਦੱਸਿਆ ਕਿ ਧਰਤੀ ਚਪਟੀ ਨਹੀਂ ਬਲਕਿ ਗੋਲ਼ ਹੈ, ਤਾਂ ਉਸ ਵਕਤ ਦੇ ਧਾਰਮਕਿ ਆਗੂਆਂ ਨੇ ਇਸ ਦਾ ਵਿਰੋਧ ਕੀਤਾ।ਜਿਸ ਕਰਕੇ ਉਸ ਨੂੰ ਬਾਕੀ ਦੀ ਸਾਰੀ ਉਮਰ (ਘਰ ਵਿੱਚ ਹੀ) ਕੈਦ ਰਹਿਣਾ ਪਿਆ।
ਵਿਗਿਆਨ ਦੀਆਂ ਤਰੱਕੀ ਦੀਆਂ ਗੱਲਾਂ ਅਤੇ ਧਾਰਮਿਕ ਆਗੂਆਂ ਵੱਲੋਂ ਇਨ੍ਹਾਂ ਦਾ ਵਿਰੋਧ ਕੀਤਾ ਜਾਣਾ, ਇਨ੍ਹਾਂ ਗੱਲਾਂ ਨੇ ਅਜੋਕੇ ਗੁਰਮਤਿ ਪ੍ਰਚਾਰਕਾਂ ਨੂੰ ਜਾਗਰੁਕ ਕਰ ਦਿੱਤਾ ਹੈ।ਇਨ੍ਹਾਂਨੂੰ ਲੱਗਦਾ ਹੈ ਕਿ ਬਹੁਤ ਹੀ ਛੇਤੀ (ਜਾਂ ਹੋ ਸਕਦਾ ਹੈ ਕੁਝ ਸਦੀਆਂ ਲੱਗ ਜਾਣ, ਪਰ ਆਉਣ ਵਾਲੇ ਸਮੇਂ ਵਿੱਚ) ਵਿਗਿਆਨੀ ਇੱਕ ਰੱਬ ਦੀ ਹੋਂਦ ਨੂੰ ਵੀ ਰੱਦ ਕਰ ਹੀ ਦੇਣਗੇ।ਸੋ ਇਨ੍ਹਾਂ ਅਜੋਕੇ ਵਿਆਖਿਆਕਾਰਾਂ ਨੂੰ ਗੁਰੂ ਸਾਹਿਬਾਂ ਦਾ ‘ਇਕ ਰੱਬ ਦੀ ਹੋਂਦ ਵਾਲਾ ਸੰਕਲਪ’ ਵੀ ਫੇਲ੍ਹ ਹੁੰਦਾ ਨਜ਼ਰ ਆ ਰਿਹਾ ਹੈ।ਵਿਗਿਆਨਕ ਪਤਾ ਨਹੀਂ ਕਦੋਂ ਇੱਕ ਰੱਬ ਦੀ ਹੋਂਦ ਨੂੰ ਵੀ ਰੱਦ ਕਰਨਗੇ, ਕਰ ਵੀ ਸਕਣਗੇ ਜਾਂ ਨਹੀਂ, ਪਤਾ ਨਹੀਂ, ਪਰ ਆਪਣੇ ਆਪ ਨੂੰ ਕੁਝ ਜਿਆਦਾ ਹੀ ਸੁਚੇਤ ਸਮਝਣ ਦੇ ਨਾਤੇ ਇਨ੍ਹਾਂਨੇ (ਅਸਿੱਧੇ ਰੂਪ ਵਿੱਚ) ਅੱਜ ਹੀ ਰੱਬ ਦੀ ਹੋਂਦ ਨੂੰ ਰੱਦ ਕਰ ਦਿੱਤਾ ਹੈ ਅਤੇ ਗੁਰਬਾਣੀ ਨੂੰ ਐਸੀ ਰੰਗਤ ਦੇਣੀ ਸ਼ੁਰੂ ਕਰ ਦਿੱਤੀ ਹੈ ਕਿ ਓਪਰੀ ਨਜ਼ਰੇ ਤਾਂ ਲੱਗੇ ਕਿ ਇਹ ਇਕ ਰੱਬ ਦੀ ਹੋਂਦ ਨੂੰ ਮੰਨਦੇ ਹਨ ਪਰ ਅਸਲ ਭਾਵ ਇਨ੍ਹਾਂਦਾ ਇਹੀ ਬਣਦਾ ਹੈ ਕਿ ਕਰਨ ਕਰਾਣ ਵਾਲਾ ਕੋਈ ਪਰਮਾਤਮਾ ਨਹੀਂ ਬਲਕਿ ਸਭ ਕੁਝ ਕੁਦਰਤ ਦੇ ਨਿਯਮਾਂ ਅਧੀਨ ਹੀ ਹੋ ਰਿਹਾ ਹੈ।ਇਸੇ ਲਈ ਇੱਕ ਰੱਬ ਦੀ ਹੋਂਦ ਨੂੰ ਮੰਨਣ ਵਾਲਿਆਂ ਨੂੰ ਇਨ੍ਹਾਂ ਵੱਲੋਂ ਪਿਛੜੇ ਹੋਏ ਅਤੇ ਅਨਪੜ੍ਹ ਕਰਾਰ ਦਿੱਤਾ ਜਾਂਦਾ ਹੈ।ਇਨ੍ਹਾਂ ਵਿੱਚੋਂ ਬਹੁਤੇ ਤਾਂ ਇਨ੍ਹਾਂ ਦੀ ਕਤਾਰ ਵਿੱਚ ਇਸ ਲਈ ਖੜ੍ਹੇ ਹੋ ਗਏ ਹਨ ਤਾਂ ਕਿ ਇਨ੍ਹਾਂਨੂੰ ਵੀ ਜਾਗਰੁਕ, ਸੁਲਝੇ ਹੋਏ ਅਤੇ ਸੁਚੇਤ ਸਮਝ ਲਿਆ ਜਾਵੇ ਅਨਪੜ੍ਹ ਅਤੇ ਪਿਛੜੇ ਹੋਏ ਨਹੀਂ।
ਇਨ੍ਹਾਂ ਦੇ ਕੁਝ ਜਿਆਦਾ ਹੀ ਜਾਗਰੁਕ ਹੋਣ ਦਾ ਇਕ ਹੋਰ ਵੀ ਕਾਰਣ ਹੈ।ਉਹ ਹੈ ਡਾਰਵਿਨ ਦਾ ਕਰਮ ਵਿਕਾਸ ਸਿਧਾਂਤ।ਜੋ ਕਿ ਕੇਵਲ ਅਤੇ ਕੇਵਲ ਸਰੀਰਕ ਢਾਂਚਿਆਂ ਦੀ ਬਣਤਰ ਸੰਬੰਧੀ ਅੰਦਾਜਿਆਂ ਤੇ ਆਧਾਰਿਤ ਹੈ।ਜਿਸ ਦਾ ਕਿ ਅਜੋਕੀ ‘ਡੀ ਐਨ ਏ’ ਥਿਉਰੀ ਵੀ ਸਮਰਥਨ ਕਰਦੀ ਨਜ਼ਰ ਆਉਂਦੀ ਹੈ ਪਰ ਅਸਲ ਵਿੱਚ ਜੇ ਡਾਰਵਿਨ ਦੀ ਸਰੀਰਕ ਢਾਂਚਿਆਂ ਤੇ ਆਧਾਰਿਤ ਥਿਉਰੀ ਅਤੇ ਅਜੋਕੀ ‘ਡੀ ਐਨ ਏ/ ਜੀਨਜ਼’ ਆਧਾਰਿਤ ਥਿਉਰੀ ਨੂੰ ਨਾਲ ਨਾਲ ਲੈ ਕੇ ਚੱਲੀਏ ਤਾਂ ਕਰਮ ਵਿਕਾਸ (ਐਵੋਲੂਸ਼ਨ) ਥਿਉਰੀ ਆਪਣੇ ਆਪ ਹੀ ਫੇਲ੍ਹ ਹੋ ਜਾਂਦੀ ਹੈ।ਕਿਉਂਕਿ ਬਹੁਤ ਥਾਵਾਂ ਤੇ ਇਹ ਦੋਨੋਂ ਗੱਲਾਂ ਆਪਸ ਵਿੱਚ ਵਿਰੋਧ ਕਰ ਰਹੀਆਂ ਹਨ।ਮਿਸਾਲ ਦੇ ਤੌਰ ਤੇ, ਸਰੀਰਕ ਢਾਂਚੇ ਦੇ ਆਧਾਰ ਤੇ ਚਿੰਪਾਂਜੀ ਨੂੰ ਮਨੁੱਖ ਦਾ ਨੇੜੇ ਦਾ ਪੂਰਵਜ ਸਮਝਿਆ ਜਾਂਦਾ ਹੈ, ਪਰ ਜੀਨਜ਼ ਦੇ ਹਿਸਾਬ ਨਾਲ ਸੂਰ ਅਤੇ ਚੂਹਾ ਮਨੁੱਖ ਦੇ ਨੇੜੇ ਦੇ ਪੂਰਵਜ ਬਣਦੇ ਹਨ।ਇਹੀ ਕਾਰਣ ਹੈ ਕਿ ਕਿਸੇ ਕਿਸਮ ਦੇ ਮਨੁੱਖ ਸੰਬੰਧੀ ਤਜਰਬਿਆਂ ਲਈ ਪਹਿਲਾਂ ਸੂਰ ਜਾਂ ਚੂਹਿਆਂ ਤੇ ਤਜਰਬੇ ਕੀਤੇ ਜਾਂਦੇ ਹਨ, ਚਿੰਪਾਂਜੀ ਤੇ ਨਹੀਂ।
ਐਵੋਲੂਸ਼ਨ ਸਿਧਾਂਤ ਕੁਝ ਵੀ ਹੋਵੇ।ਇਹ ਸਹੀ ਸਾਬਤ ਹੋਵੇ ਜਾਂ ਗਲਤ।ਮਨੁੱਖ ਅੱਜ ਦੀ ਸਥਿਤੀ ਵਿੱਚ ਕਿਸੇ ਵੀ ਤਰੀਕੇ ਨਾਲ ਪਹੁੰਚਿਆ ਹੋਵੇ ਗੁਰਮਤਿ ਦਾ ਇਸ ਨਾਲ ਕੋਈ ਸੰਬੰਧ ਹੀ ਨਹੀਂ ਹੈ, ਕਿਉਂਕਿ ਗੁਰਬਾਣੀ ਮੁੱਖ ਤੌਰਤੇ ਭੌਤਿਕਤਾ ਦੀ ਗੱਲ ਹੀ ਨਹੀਂ ਕਰਦੀ।ਇਹ ਭੌਤਿਕ ਸੰਸਾਰ ਤਾਂ ਉਸ ਦੀ ਖੇਡ ਹੈ ਅਤੇ ਉਸ ਦੇ ਬਣਾਏ ਕੁਦਰਤੀ ਨਿਯਮਾਂ ਅਨੁਸਾਰ ਹੀ ਚੱਲ ਰਿਹਾ ਹੈ।ਪਰ ਗੁਰਮਤਿ ਮਨ ਨਾਲ ਸੰਬੰਧਤ ਵਿਸ਼ਾ ਹੈ।ਅਤੇ ਮਨ ਕੋਈ ਭੌਤਿਕ ਚੀਜ ਨਾ ਹੋਣ ਕਰਕੇ ਇਸ ਉੱਪਰ ਕੁਦਰਤ ਦਾ ਕੋਈ ਨਿਯਮ ਲਾਗੂ ਨਹੀਂ ਹੁੰਦਾ।
ਅਜੋਕੇ ਗੁਰਬਾਣੀ ਵਿਆਖਿਆਕਾਰ ਜਦੋਂ ਇਹ ਗੱਲ ਕਹਿੰਦੇ ਹਨ ਕਿ “ ਇੱਕ (੧) ਦਾ ਸਿਧਾਂਤ ਸਮੁੱਚੇ ਬ੍ਰਹਿਮੰਡ ਵਿੱਚ ਅਕਾਲਪੁਰਖ ਨੂੰ ਇਕ ਅਟੱਲ ਨਿਯਮ ਵਜੋਂ, ਜਨਮ ਮਰਨ ਰਹਿਤ, ਇਕਸਾਰ ਸ਼ਕਤੀ ਰੂਪ ਵਿੱਚ ਵਿਚਰਦਾ ਤੱਕਦਾ ਹੈ” ਇੱਥੇ ਇਨ੍ਹਾਂ ਲੋਕਾਂ ਦੀ ਗੁੱਝੀ ਸੋਚ ਕੀ ਕੰਮ ਕਰ ਰਹੀ ਹੈ ਇਹ ਗੱਲ ਫਿਲਹਾਲ ਆਮ ਲੋਕਾਂ ਦੀ ਸਮਝ ਵਿੱਚ ਆਉਣ ਵਾਲੀ ਨਹੀਂ।ਇਹ ਲੋਕ ਇੱਕ (੧) ਦੀ ਗੱਲ ਤਾਂ ਕਰਦੇ ਹਨ ਪਰ ਸਿਰਫ ਭੁਲੇਖਾ ਪਾਉਣ ਲਈ ਅਸਲ ਵਿੱਚ ਇਹ ਇੱਕ ‘ਪਰਮਾਤਮਾ’ ਨੂੰ ਵੀ ਨਹੀਂ ਮੰਨਦੇ।ਇਨ੍ਹਾਂ ਦੀਆਂ ਵਿਆਖਿਆਵਾਂ ਅਤੇ ਭਾਵਾਂ ਅਨੁਸਾਰ ਉਹ ‘ਇੱਕ ਪਰਮਾਤਮਾ’ ਨਹੀਂ ਬਲਕਿ ਕੁਦਰਤ ਦੀ ਕੋਈ ਸ਼ਕਤੀ ਹੈ।ਜੋ ਕੁਦਰਤੀ ਨਿਯਮਾਂ ਅਧੀਨ ਬੱਝੀ ਹੋਈ ਆਪਣਾ ਕੰਮ ਕਰ ਰਹੀ ਹੈ।ਆਪਣੇ ਪੱਖ ਨੂੰ ਮਜਬੂਤੀ ਦੇਣ ਲਈ ਸਵਰਗ, ਨਰਕ, ਰੱਬ ਦੇ ਸੱਤਵੇਂ ਆਸਮਾਨ ਤੇ ਬੈਠੇ ਹੋਣ, ਉਸ ਨੇ ਆਪਣੇ ਕੋਈ ਵਿਚੋਲੇ ਰੱਖੇ ਹੋਏ ਹਨ, ਇਹੋ ਜਿਹੀਆਂ ਆਪਣੀਆਂ ਹੀ ਕਹਾਣੀਆਂ ਘੜ ਕੇ ‘ਇਕ ਰੱਬ’ ਦੀ ਹੋਂਦ ਨੂੰ ਮੰਨਣ ਵਾਲਿਆਂ ਪ੍ਰਤੀ ਲੋਕਾਂ ਨੂੰ ਗੁਮਰਾਹ ਕਰਨ ਲਈ ਜੋੜ ਦਿੱਤੀਆਂ ਜਾਂਦੀਆਂ ਹਨ।
ਅਜਿਹੀ ਸੋਚ ਵਾਲੇ ਹੀ ਇਕ ਡਾਕਟਰ(???) ਸਾਹਿਬ ਲਿਖਦੇ ਹਨ- “…ਸੰਪਰਦਾਈ ਸੋਚ ਵਾਲੇ ਗੁਰਬਾਣੀ ਦੀ ਵਿਆਖਿਆ ਕਰਨ ਵੇਲੇ ਵੀ ਵੈਦਿਕ ਜਾਂ ਪੁਰਾਣਿਕ ਅਰਥ ਹੀ ਕਰਦੇ ਸਨ ਜੋ ਇੱਕ (੧) ਦੇ ਫਲਸਫੇ ਦੇ ਵਿਰੁੱਧ ਜਾ ਖੜਦੇ ਸਨ। ਅਜਿਹੀ ਸੋਚ ਦਾ ਕਰਤਾ ਸੈ ਭੰ (ਸਵੈ ਭੰ), ਅਜੂਨੀ ਅਤੇ ਕਿਰਤ ਵਿੱਚ ਪੂਰਿਆ/ਇੱਕ ਮਿੱਕ ਹੋਇਆ ਬ੍ਰਹਿਮੰਡ ਵਿੱਚ ਇਕਸਾਰ ਵਿਚਰਨ ਵਾਲਾ ਨਹੀਂ ਸੀ ਸਗੋਂ ਧਰਤੀ ਤੋਂ ਉੱਪਰ ਕਿਸੇ ਆਸਮਾਨ ਤੇ ਬੈਠਾ ਆਪਣੇ ਪੂਰੇ ਵਿਭਾਗ ਰਾਹੀਂ ਇਕੱਲੇ ਇਕੱਲੇ ਮਨੁੱਖ ਦੇ ਕਰੇ ਕਰਮਾਂ ਦਾ ਫੈਸਲਾ ਆਵਾਗਵਣ ਰਾਹੀਂ ਨਿਸ਼ਚਿਤ ਕਰਦਾ, ਇਕ ਬਾਦਸ਼ਾਹ ਵਾਂਗ ਸੀ ਜਿਸ ਨੂੰ ਵਿਚੋਲਿਆਂ ਦੀ ਮਦਦ ਨਾਲ ਪੂਜਾ ਅਰਚਨਾ ਰਾਹੀਂ ਖੁਸ਼ਾਮਦ ਕਰਕੇ ਫੈਸਲੇ ਬਦਲਵਾਏ ਅਤੇ ਸੰਸਾਰਿਕ ਲਾਭ ਲਏ ਜਾ ਸਕਦੇ ਸਨ। ਅਜਿਹੀ ਸੋਚ ਅਧੀਨ ਗੁਰਬਾਣੀ ਦੇ ਅਰਥ ਕਰਨ ਵਾਲੇ ਵੀ ਇਸੇ ਭਾਵਨਾ ਦੀ ਪੂਰਤੀ ਨੂੰ ਧਿਆਨ ਵਿੱਚ ਰੱਖਦੇ ਸਨ”।
ਇਹ ਉੱਪਰ ਦਿੱਤੇ ਹਵਾਲੇ ਵਾਲੀਆਂ ਬ੍ਰਹਮਣੀ ਗੱਲਾਂ ‘ਇੱਕ ਰੱਬ’ ਦੀ ਹੋਂਦ ਨੂੰ ਮੰਨਣ ਵਾਲਿਆਂ ਨਾਲ ਸਿਰਫ ਉਨ੍ਹਾਂ ਪ੍ਰਤੀ ਆਮ ਲੋਕਾਂ ਦੀ ਨਫਰਤ ਪੈਦਾ ਕਰਨ ਅਤੇ ਆਪਣੇ ਪੱਖ ਨੂੰ ਮਜਬੂਤੀ ਦੇਣ ਲਈ ਜੋੜੀਆਂ ਜਾਂਦੀਆਂ ਹਨ।ਪਰ ਜੇ ਇਹ ਲੋਕ ਕੁਦਰਤ ਦੇ ਨਿਯਮਾਂ ਨੂੰ ਜਾਂ ਕੁਦਰਤ ਦੀ ਕਿਸੇ ਸ਼ਕਤੀ ਨੂੰ ਪਰਮਾਤਮਾ ਦਰਸਾ ਰਹੇ ਹਨ ਤਾਂ ਇਨ੍ਹਾਂ ਖੁਦ ਕੋਲ ਇਸ ਗੱਲ ਦਾ ਜਵਾਬ ਨਹੀਂ ਹੈ ਕਿ ਕੋਈ ਕੁਦਰਤ ਦਾ ਨਿਯਮ ਜਾਂ ਕੁਦਰਤ ਦੀ ਸ਼ਕਤੀ ਸੈ ਭੰ (ਸਵੈ ਭੰ) ਕਿਸ ਤਰ੍ਹਾਂ ਹੋ ਸਕਦੀ ਹੈ।ਮੇਰਾ ਇਹ ਸਵਾਲ ਉਨ੍ਹਾਂ ਸਾਰੇ ਅਜੋਕੇ ਗੁਰਬਾਣੀ ਵਿਆਖਿਆਕਾਰਾਂ ਨੂੰ ਹੈ ਜਿਹੜੇ ਪਰਮਾਤਮਾ ਨੂੰ ਅਜੂਨੀ ਅਤੇ ਸੈ ਭੰ (ਸਵੈ ਭੰ) ਵੀ ਮੰਨਦੇ ਹਨ ਅਤੇ ਨਾਲ ਹੀ ਦੂਸਰੇ ਪਾਸੇ ਕੁਦਰਤ ਦੇ ਨਿਯਮਾਂ ਨੂੰ ਹੀ ਪਰਮਾਤਮਾ ਦਰਸਾ ਰਹੇ ਹਨ, ਸਵਾਲ-
1- ਕੁਦਰਤ ਦੇ ਨਿਯਮ ਜਾਂ ਸ਼ਕਤੀ ਅਜੂਨੀ ਹੈ, ਜਾਂ ਹੋ ਸਕਦੀ ਹੈ?
2- ਕੀ ਕੁਦਰਤ ਦੇ ਨਿਯਮ ਜਾਂ ਸ਼ਕਤੀ ਸੈ ਭੰ (ਸਵੈ ਭੰ) ਹੈ, ਜਾਂ ਹੋ ਸਕਦੀ ਹੈ?
ਇਨ੍ਹਾਂ ਦੀ ਗੁਰਮਤਿ, ਪਰਮਾਤਮਾ ਨੂੰ ਕੁਦਰਤ ਵਿੱਚ ‘ਅਟੱਲ ਨਿਯਮ’ ਦੀ ਤਰ੍ਹਾਂ ਵਿਚਰਦਾ ਦੱਸਦੀ ਹੈ।ਤਾਂ ਸਵਾਲ ਪੈਦਾ ਹੁੰਦਾ ਹੈ ਕਿ ਤਾਂ ਫੇਰ ਗੁਰਬਾਣੀ ਵਿੱਚ ਦੱਸੇ ਗਏ ਉਸ ਦੇ ਹੇਠਾਂ ਲਿਖੇ ਹੋਏ ਗੁਣ ਕਿੱਥੇ ਫਿੱਟ ਹੁੰਦੇ ਹਨ:-
1- ਉਹ ਕਰਤਾ ਹੈ, ਪੁਰਖ ਹੈ- “…. ਕਰਤਾ ਪੁਰਖੁ”
(ਸਵਾਲ- ਕੀ ਕੁਦਰਤ ਦਾ ਕੋਈ ਨਿਯਮ ਸੰਸਾਰ ਦਾ ਕਰਤਾ ਹੈ? ਜੇ ਹੈ ਤਾਂ ਕੁਦਰਤ ਦਾ ਉਹ ਕਿਹੜਾ ਨਿਯਮ ਹੈ ਅਤੇ ਉਹ ਨਿਯਮ ਕਿੱਥੋਂ ਆਇਆ?)
2- ਉਹ, ਆਪਣੇ ਆਪ ਤੋਂ ਹੀ ਪਰਗਟ ਹੋਇਆ ਹੈ-
“ਅਜੂਨੀ ਸੈਭੰ” (ਸਵਾਲ- ਕੀ ਕੁਦਰਤ ਜਾਂ ਇਸ ਦੇ ਨਿਯਮ ਆਪਣੇ ਆਪ ਤੋਂ ਪੈਦਾ ਹੋਏ ਹਨ, ਜਾਂ ਆਪਣੇ ਆਪ ਪੈਦਾ ਹੋ ਸਕਦੇ ਹਨ?)
3- ਉਹ, ਅੰਤਰਜਾਮੀ ਹੈ- “ਤੂ ਘਟਿ ਘਟਿ ਰਵਿਆ ਅੰਤਰਜਾਮੀ॥” (ਪ-96)
“ਲੂਕਿ ਕਮਾਵੈ ਕਿਸ ਤੇ ਜਾ ਵੇਖੈ ਸਦਾ ਹਦੂਰਿ॥” (ਪ-48)
(ਸਵਾਲ- ਕੀ ਕੁਦਰਤ ਦਾ ਕੋਈ ਨਿਯਮ ਅੰਤਰਜਾਮੀ ਹੈ?)
4- ਉਹ ਕਰਮ/ ਰਹਿਮਤ/ ਮਿਹਰ ਕਰਨ ਵਾਲ਼ਾ ਹੈ/ਦਾਤਾ ਹੈ-
“ਕ੍ਰਿਪਾ ਕਰੇ ਪ੍ਰਭ ਕਰਮ ਬਿਧਾਤਾ॥” (ਪ-159)
“ਰਹਿਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ॥” (ਪ-724)
“ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜ ਆਵੈ ਰਾਸ॥
” (ਪ-44)
ਦਾਤਾ ਹੈ- “ਸਭਨਾ ਦਾਤਾ ਏਕ ਹੈ ਦੂਜਾ ਨਾਹੀ ਕੋਇ॥” (ਪ-45)
ਕੀਤੇ ਚੰਗੇ ਮਾੜੇ ਕਰਮਾਂ ਦਾ ਨਿਆਉਂ ਕਰਨ ਵਾਲਾ ਹੈ-
“ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ॥” (ਪ-89)
 (ਸਵਾਲ- ਕੀ ਕੁਦਰਤ ਦੇ ਕਿਸੇ ਨਿਯਮ ਵਿੱਚ  ਮਿਹਰ, ਰਹਿਮ, ਕਰਮ, ਦਾਤਾ ਵਾਲੇ ਗੁਣ ਹਨ?) 
5- ਉਹ ਬਖਸ਼ੰਦ ਹੈ-“ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ॥” (ਪ-681)
(ਸਵਾਲ- ਕੀ ਕੁਦਰਤ ਦੇ ਕਿਸੇ ਨਿਯਮ ਵਿੱਚ ਕਿਸੇ ਦੇ ਅਵਗੁਣ ਮਿਟਾਣ ਦੀ, ਦਇਆ ਕਰਨ ਦੀ, ਗਲਤ ਕੀਤੇ ਤੋਂ ਬਖਸ਼ਣ ਦੀ ਸੋਝੀ ਅਤੇ ਸ਼ਕਤੀ ਹੈ?) ਇਹ ਲੋਕ ਗੁਰਮਤਿ ਦੇ ਸਿਧਾਂਤ ‘ਕਰਮਾਂ ਦਾ ਲੇਖਾ ਹੋਣ’ ਤੋਂ ਵੀ ਮੁਨਕਰ ਹਨ।ਇਨ੍ਹਾਂ ਮੁਤਾਬਕ ਦੇਸ਼ ਸਮਾਜ ਦੇ ਬਣੇ ਕਾਨੂੰਨ ਦੀ ਪਾਲਣਾ ਕਰਨੀ ਹੈ।ਪਰ ਜੇ ਕੋਈ ਕਾਨੂੰਨ ਦੀਆਂ ਨਜ਼ਰਾਂ’ਚ ਧੂਲ ਝੋਂਕ ਕੇ ਜਾਂ ਭਾਰਤ ਵਰਗੇ ਦੇਸ਼ ਵਿੱਚ ਵੱਢੀ ਰਿਸ਼ਵਤ ਦੇ ਕੇ ਕੀਤੇ ਮਾੜੇ ਕੰਮਾਂ ਬਦਲੇ ਸਜਾ ਪਾਉਣ ਤੋਂ ਬਚ ਜਾਂਦਾ ਹੈ, ਜਾਂ ਦੇਸ਼ ਸਮਾਜ ਦੇ ਕਾਨੂੰਨ ਦੇ ਰਖਵਾਲੇ ਖੁਦ ਹੀ ਕਿਸੇ ਖਾਸ ਫਿਰਕੇ ਦੇ ਲੋਕਾਂ ਨਾਲ ਅਨਿਆਂ ਜਿਆਦਤੀ ਅਤੇ ਧੱਕਾ ਕਰਦੇ ਹਨ ਤਾਂ ਵੀ ਸਭ ਠੀਕ ਹੈ।
ਦੂਸਰੇ ਲਫਜ਼ਾਂ ਵਿੱਚ ਇਨ੍ਹਾਂ ਦੀ ਗੁਰਮਤਿ ਮਨੁੱਖ ਨੂੰ ਮਾੜੇ ਕੰਮ ਕਰਨ ਤੋਂ ਵਰਜਦੀ ਤਾਂ ਹੈ ਪਰ ਜੇ ਕੋਈ ਸਾਰੀ ਉਮਰ ਮਾੜੇ ਕੰਮਾਂ ਵਿੱਚ ਹੀ ਗੁਜ਼ਾਰ ਦਿੰਦਾ ਹੈ ਤਾਂ ਵੀ ਸਭ ਠੀਕ ਹੈ। ਡਾਰਵਿਨ ਦੇ ਕਰਮ ਵਿਕਾਸ ਸਿਧਾਂਤ ਅਤੇ ਵਿਗਿਆਨ ਦੀਆਂ ਹੋਰ ਸੁਣੀਆਂ ਸੁਣਾਈਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਗੁਰਮਤਿ ਨੂੰ ਆਪਣੀ ਮਰਜੀ ਦੀ ਰੰਗਤ ਦੇਣ ਵਾਲੇ ਇਨ੍ਹਾਂ ਅਜੋਕੇ ਗੁਰਬਾਣੀ ਵਿਆਖਿਆਕਾਰਾਂ ਕੋਲ ਵਿਗਿਆਨ ਆਧਾਰਿਤ ਪੁੱਛੇ ਜਾਂਦੇ ਕਿਸੇ ਸਵਾਲ ਦਾ ਕੋਈ ਜਵਾਬ ਨਹੀਂ।ਅਤੇ ਨਾ ਹੀ ਗੁਰਬਾਣੀ ਦੇ ਆਪਣੇ ਹੀ ਘੜੇ ਹੋਏ ਅਰਥਾਂ ਸੰਬੰਧੀ ਉੱਠੇ ਸਵਾਲਾਂ ਦੇ ਜਵਾਬ ਇਨ੍ਹਾਂ ਕੋਲ ਹਨ।ਇਸ ਲਈ ਜਾਹਰ ਹੈ ਕਿ ਨਾ ਤਾਂ ਇਨ੍ਹਾਂਨੇ ਵਿਗਿਆਨ ਨੂੰ ਹੀ ਪੜ੍ਹਿਆ ਹੈ ਅਤੇ ਨਾ ਹੀ ਗੁਰਬਾਣੀ ਨੂੰ।
ਫੇਰ ਵੀ ਇਹ ਲੋਕ ਦੂਸਰਿਆਂ ਨਾਲੋਂ ਜਿਆਦਾ ਪੜ੍ਹੇ ਲਿਖੇ ਸੁਚੇਤ ਤੇ ਜਾਗਰੁਕ ਹਨ।ਪਰਮਾਤਮਾ ਦੀ ਹੋਂਦ ਤੋਂ (ਅਸਿੱਧੇ ਰੂਪ ਵਿੱਚ) ਮੁਨਕਰ ਹਨ, ਪਰ ਫੇਰ ਵੀ ਇਹ ਲੋਕ ਆਪਣੇ ਆਪ ਨੂੰ ਆਸਤਿਕ ਦੱਸਦੇ ਹਨ।

ਜਸਬੀਰ ਸਿੰਘ ਵਿਰਦੀ

(ਸੰਪਾਦਕੀ ਨੋਟ:- ਇਹ ਸਾਰਾ ਉਪਰਾਲਾ ਆਤਮ ਪੜਚੋਲ ਲਈ ਹੈ )

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.