ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
‘ਰੱਬ ਅਤੇ ਸਾਇੰਸ’ ਬਾਰੇ ਵਿਚਾਰ ਵਟਾਂਦਰਾ:-
‘ਰੱਬ ਅਤੇ ਸਾਇੰਸ’ ਬਾਰੇ ਵਿਚਾਰ ਵਟਾਂਦਰਾ:-
Page Visitors: 3090

‘ਰੱਬ ਅਤੇ ਸਾਇੰਸ’ ਬਾਰੇ ਵਿਚਾਰ ਵਟਾਂਦਰਾ:-
ਫੇਸਬੁਕ ਤੇ ਇੱਕ ਨਾਸਤਿਕ ਗਰੁੱਪ ਤੋਂ:-
ਰਾਜ ਕੰਬੋਜ:-
ਇੱਕ ਨਾਸਤਿਕ ਬੰਦੇ ਦਾ ਰੱਬ ਤੋ ਬਿਨਾਂ ਸਰ ਜਾਂਦਾ ।
ਪਰ ਆਸਤਿਕ ਬੰਦਾ ਸਾਇੰਸ ਤੋ ਬਿਨਾਂ ਮਰ ਜਾਂਦਾ ।।
ਜਸਬੀਰ ਸਿੰਘ ਵਿਰਦੀ:-
ਰਾਜ ਕੰਬੋਜ ਜੀ! ਤੁਸੀਂ ਕਿੰਨੀ ਕੁ ਸਾਇੰਸ ਜਾਣਦੇ ਹੋ ? (ਉਸ ਹਿਸਾਬ ਨਾਲ ਗੱਲ ਅਗੇ ਤੋਰੀ ਜਾਏਗੀ)
ਰਾਜ ਕੰਬੋਜ:- ਸਵਾਲ ਇਹ ਹੈ ਕਿ ਆਸਤਿਕ ਬਾਬੇ ਜੋ ਸਤਿਸੰਗ ਵਿੱਚ ਵਿਗਿਆਨ ਦੀ ਅਲੋਚਨਾ ਕਰਦੇ ਹਨ ਦਾ ਸਾਇੰਸ ਬਿਨਾ
ਕਦੀ ਵੀ ਨਹੀਂ ਸਰਨਾ । ਨਾਸਤਕ ਤਾਂ ਰੱਬ ਤੋਂ ਬਿਨਾਂ ਵੀ ਜਿੰਦਾ ਰਹਿ ਲੈਂਦੇ ਹਨ ।
ਜਸਬੀਰ ਸਿੰਘ ਵਿਰਦੀ:- “ਕੋਈ ਸਤਸੰਗ ਵਿੱਚ ਕੀ ਕਹਿੰਦਾ ਹੈ, ਉਸ ਦੇ ਆਧਾਰ ਤੇ ਸਿਧਾਤ ਨਹੀਂ ਘੜਿਆ ਜਾ ਸਕਦਾ।
- ਵਿਗਿਆਨ ਵੀ ਹੋਰ ਸਬਜੈਕਟਾਂ ਦੀ ਤਰ੍ਹਾਂ ਇਕ ਸਬਜੈਕਟ ਹੈ, ਇਕ ਸਟਡੀ ਹੈ।ਦੁਨੀਆਂ ਤੇ ਸਾਰੇ ਲੋਕ ਵਿਗਿਆਨੀ ਨਹੀਂ ਹੋ ਸਕਦੇ।ਜਿੱਥੋਂ ਤੱਕ ਮੇਰਾ ਅੰਦਾਜਾ ਹੈ, ਤੁਸੀਂ ਵੀ ਕੋਈ ਵਿਗਿਆਨੀ ਨਹੀਂ ਹੋ ਅਤੇ ਨਾ ਹੀ ਤੁਸੀਂ ਕੋਈ ਇੱਕ ਵੀ ਵਿਗਿਆਨਕ ਖੋਜ ਕੀਤੀ ਹੈ। ਪਰ ਫੇਰ ਵੀ ਤੁਹਾਡੇ ਸਮੇਤ ਸਾਰਿਆਂ ਦਾ ਹੀ ਸਰੀ ਜਾਂਦਾ ਹੈ।
ਮੈਂ ਅੱਜ ਤੱਕ ਕੋਈ ਬੰਦਾ ਨਹੀਂ ਦੇਖਿਆ ਜਿਸ ਨੇ ਸਾਇੰਸ ਨਹੀਂ ਪੜ੍ਹੀ ਇਸ ਲਈ ਮਰ ਗਿਆ ਹੋਵੇ।
ਇਹ ਏਨਾ ਵਿਸ਼ਾਲ ਬ੍ਰਹਮੰਡ, ਏਨੀ ਵੱਡੀ ਕਾਇਨਾਤ ਕਿਸੇ ਵਿਗਿਆਨੀ ਨੇ ਨਹੀਂ ਬਣਾਈ।ਵਿਗਿਆਨ (ਕੁਦਰਤ ਬਾਰੇ ਸਟਡੀ ਕਰਨੀ), ਵਿਗਿਆਨੀਆਂ ਦਾ ਸਬਜੈਕਟ ਹੋਣ ਕਰਕੇ ਉਹ ਇਸ ਵਿਸ਼ਾਲ ਬ੍ਰਹਮੰਡ ਵਿਚਲੇ ਗੁੱਝੇ ਭੇਦਾਂ ਬਾਰੇ ਖੋਜ ਕਰ ਲੈਂਦੇ ਹਨ। ਇਹ ਵੀ ਕੋਈ ਸਿਧਾਂਤ ਨਹੀਂ ਕਿ ਕੋਈ ਵਿਗਿਆਨ ਪੜ੍ਹਨ ਲੱਗ ਗਿਆ ਹੈ ਇਸ ਲਈ ਹੁਣ ਉਹ ਆਸਤਕ ਨਹੀਂ ਰਿਹਾ, ਨਾਸਤਕ ਬਣ ਗਿਆ ਹੈ।
ਰਾਜ ਕੰਬੋਜ:- ਮੈਂ ਨਹੀਂ ਕਹਿੰਦਾ ਮੈਂ ਕੋਈ ਖੋਜ ਕੀਤੀ ਹਾਂ ਕੀਤੀਆਂ ਖੋਜਾਂ ਦੀ ਵਰਤੋਂ ਜਰੂਰ ਕਰ ਰਿਹਾ ਹਾਂ ।
ਜਸਬੀਰ ਸਿੰਘ ਵਿਰਦੀ:- ਸਾਇੰਸ ਕਿਸੇ ਦੀ ਨਿਜੀ ਪਰੌਪਰਟੀ ਜਾਂ ਨਿਜੀ ਵਿਰਾਸਤ ਨਹੀਂ ਹੈ।ਸਾਇੰਸ ਤਾਂ ਇਕ ਪੜ੍ਹਾਈ ਹੈ ਕੁਦਰਤ ਬਾਰੇ।ਜਿਵੇਂ ਕੋਈ ਹਿਸਟਰੀ ਪੜ੍ਹਦਾ ਹੈ, ਕੋਈ ਇਕੋਨੌਮਿਕਸ ਪੜ੍ਹਦਾ ਹੈ।ਕੋਈ ਪੋਲਿਟੀਕਲ ਸਾਇੰਸ ਪੜ੍ਹਦਾ ਹੈ, ਉਸੇ ਤਰ੍ਹਾਂ ਕੋਈ ਸਾਇੰਸ ਪੜ੍ਹਦਾ ਹੈ।ਜੇ ਕਿਸੇ ਨੇ ਐਸਟ੍ਰੋ ਫਿਜਿਕਸ ਪੜ੍ਹੀ ਹੈ ਤਾਂ ਜਰੂਰੀ ਨਹੀਂ ਹੈ ਉਹ ਅੱਖਾਂ ਦਾ ਓਪਰੇਸ਼ਨ ਵੀ ਕਰ ਸਕਦਾ ਹੋਵੇ।ਜੇ ਕਲ੍ਹ ਨੂੰ ਕਿਸੇ ਐਸਟ੍ਰੋਨੌਟ ਨੂੰ ਅੱਖਾਂ ਦੀ ਸਰਜਰੀ ਦੀ ਲੋੜ ਪਵੇ ਤਾਂ ਕੀ ਤੁਸੀਂ ਕਹੋਗੇ ਕਿ ਨਹੀਂ ਤੂੰ ਆਪਣੇ ਫੀਲਡ ਵਿੱਚ ਜਾਹ ਤੂੰ ਅੱਖਾਂ ਦੀ ਸਰਜਰੀ ਦੀ ਸੁਵਿਧਾ ਨਹੀਂ ਲੈ ਸਕਦਾ? ਤੁਸੀਂ ਕਿੱਥੋਂ ਪੜ੍ਹ ਲਿਆ ਕਿ ਕੋਈ ਸਾਇੰਸ ਪੜ੍ਹਕੇ ਨਾਸਤਕ ਬਣ ਜਾਂਦਾ ਹੈ? ਜੇ ਤੁਸੀਂ ਸਾਇੰਸ ਨਹੀਂ ਪੜ੍ਹੀ ਅਤੇ ਕੋਈ ਵਿਗਿਆਨਕ ਖੋਜ ਨਹੀਂ ਕੀਤੀ ਫੇਰ ਵੀ ਤੁਸੀਂ ਸਾਇੰਸ ਦੀ ਵਰਤੋਂ ਕਰਦੇ ਹੋ ਅਤੇ ਕਰ ਸਕਦੇ ਹੋ ਤਾਂ ਹੋਰ ਕੋਈ (ਆਸਤਕ) ਕਿਉਂ ਨਹੀਂ ਕਰ ਸਕਦਾ?
ਦੋ ਕੁ ਸਾਲ ਪਹਿਲਾਂ ਜਦੋਂ ਭਾਰਤ ਵਿੱਚ ਇਸਰੋ ਸਪੇਸ ਕਰਾਫਟ ਭੇਜਿਆ ਜਾਣਾ ਸੀ ਤਾਂ ਕਰਾਫਟ ਭੇਜਣ ਤੋਂ ਪਹਿਲਾਂ ਮੁਖੀ ਇਨਜੀਨੀਅਰ ਮੰਦਿਰ ਵਿੱਚ ਸਫਲਤਾ ਲਈ ਪ੍ਰਾਰਥਨਾ ਕਰਨ ਚਲਾ ਗਿਆ।ਉਸ ਵਕਤ ਵੀ ਨਾਸਤਕਾਂ ਨੇ ਫੇਸਬੁਕ ਤੇ ਬੜਾ ਰੌਲਾ ਪਾਇਆ ਸੀ ਕਿ ਇਕ ਇਨਜੀਨੀਅਰ ਹੋ ਕੇ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹੈ।
ਰਾਜ ਕੰਬੋਜ ਜੀ! ਨਫਰਤ’ਚੋਂ ਬਾਹਰ ਨਿਕਲੋ ਅਤੇ ਜ਼ਰਾ ਸੋਚ ਵਿਚਾਰ ਕਰੋ ਕਿ ਸਾਇੰਸ ਹੈ ਕੀ? ਸਾਇੰਸ ਕੁਦਰਤ ਬਾਰੇ ਸਟਡੀ ਹੈ।ਫੇਰ ਇਸ ਗੱਲ ਤੇ ਸੋਚ ਵਿਚਾਰ ਕਰਿਓ ਕਿ ਕੁਦਰਤ ਹੈ ਕੀ? ਇਹ ਏਨੀ ਵਿਸ਼ਾਲ ਕੁਦਰਤ ਆਈ ਕਿੱਥੋਂ, ਜਿਸ ਵਿੱਚ ਹਜ਼ਾਰਾਂ ਸਾਲਾਂ ਤੋਂ ਖੋਜਾਂ ਕਰਕੇ ਨਿਤ ਨਵੀਆਂ ਨਵੀਆਂ ਸਹੂਲਤਾਂ ਪ੍ਰਾਪਤ ਹੋ ਰਹੀਆਂ ਹਨ, ਕਿਤੇ ਇਸ ਕੁਦਰਤ ਦਾ ਅੰਤ ਨਾ ਹੋਇਆ ਹੈ ਅਤੇ ਨਾ ਹੀ ਲੱਗਦਾ ਹੈ ਕਿ ਕਦੇ ਇਸ ਦਾ ਅੰਤ ਹੋਵੇਗਾ ਵੀ? ਆਖਿਰ ਤਾਂ ਸਾਇੰਸ ਕੁਦਰਤ ਤੇ ਅਤੇ ਕੁਦਰਤ ਬਾਰੇ ਹੀ ਕੰਮ ਕਰਦੀ ਹੈ ਨਾ? ਬੱਸ ਇਸ ਤੋਂ ਅੱਗੇ ਦੀ ਜ਼ਰਾ ਡੂੰਘੀ ਵਿਚਾਰ ਕਰ ਕੇ ਦੇਖੋ ਕਿ ਇਹ ਏਨੀਆਂ ਸੁਖ ਸਹੂਲਤਾਂ ਆਪਣੇ ਵਿੱਚ ਲਈ ਬੈਠੀ ਕੁਦਰਤ ਆਈ ਕਿੱਥੋਂ??????
ਰਾਜ ਕੰਬੋਜ:- ਜਸਬੀਰ ਸਿੰਘ ਜੀ ਤੁਹਾਡੀਆਂ ਕਾਫੀ ਗੱਲਾਂ ਨਾਲ ਮੈਂ ਸਹਿਮਤ ਹਾਂ ਪਰ ਇਹ ਗੱਲ ਕਹਿਣਾ ਕਿ ਅਸੀਂ ਕਿਸੇ ਨਫਰਤ ਦਾ ਸਿ਼ਕਾਰ ਹਾਂ ਗ਼ਲਤ ਹੈ। ਅਸੀਂ ਤਾਂ ਨਫਰਤ ਕਰਨ ਵਾਲਿਆਂ ਦੇ ਖਿਲਾਫ ਨਾਸਤਿਕਤਾ ਅਪਣਾਈ ਐ । ਆਹ ਧਰਮਾਂ ਦੇ ਰੋਜ ਰੋਜ ਦੇ ਝਗੜੇ ਹੀ ਸਾਡੇ ਧਰਮ ਅਤੇ ਕਿਸੇ ਦੈਵਿਕ ਰੱਬ ਦੇ ਖਿਲਾਫ ਹੋਣ ਲਈ ਮਜਬੂਰ ਕੀਤਾ ਹੈ । ਹਾਂ ਅਸੀਂ ਕੁਦਰਤ ਨੂੰ ਮੰਨਦੇ ਹਾਂ ਅਤੇ ਕੁਦਰਤ ਦਾ ਸਤਿਕਾਰ ਵੀ ਕਰਦੇ ਹਾਂ ਪਰ ਉਸ ਰੱਬ ਦੀ ਹੋਂਦ ਨੂੰ ਅਸੀਂ ਸਵਿਕਾਰ ਨਹੀਂ ਕਰਦੇ ਜਿਹੜਾ ਪੂਜਾ ਭਗਤੀ ਦਾਨ ਪੁੰਨ ਸਮਾਧੀ ਚੜਾਵੇ ਦਾ ਭੁੱਖਾ ਹੈ । ਕੁਦਰਤ ਅਤੇ ਰੱਬ ਵਿੱਚ ਬਹੁਤ ਫਰਕ ਹੁੰਦਾ ਹੈ । ਕੁਦਰਤ ਨੂੰ ਰੱਬ ਕਹਿਣ ਵਾਲਿਆਂ ਦਾ ਅਸੀਂ ਸਤਿਕਾਰ ਕਰਦੇ ਹਾਂ ਪਰੰਤੂ ਉਹਨਾਂ ਦਾ ਵਿਰੋਧ ਜੋ ਇਹ ਕਹਿੰਦੇ ਹਨ ਕਿ ਕੁਦਰਤ ਨੂੰ ਕੋਈ ਹੋਰ ਵੱਡੀ ਸ਼ਕਤੀ ਕੰਟਰੌਲ ਕਰ ਰਹੀ ਹੈ । ਬਾਕੀ ਰਹੀ ਗੱਲ ਨਾਸਤਿਕ ਸਾਇੰਸ ਪੜ੍ਹਨ ਵਾਲੇ ਨਹੀਂ ਬਣਦੇ ਕਿਉਂਕਿ ਉਹ ਸਿਰਫ ਇੱਕ ਹੀ ਸ਼ਾਖਾ ਨੂੰ ਜਾਂ ਤਾਂ ਗਹਿਰਾਈ ਤੱਕ ਸਮਝਦੇ ਹਨ ਜਾਂ ਰੱਟੇ ਮਾਰਦੇ ਹਨ । ਨਾਸਤਿਕ ਬਣਨਾਂ ਕੋਈ ਸੌਖਾ ਕੰਮ ਨਹੀਂ । ਧਾਰਮਿਕ ਤਾਂ ਕੋਈ ਵੀ ਬਣ ਸਕਦਾ ਹੈ । ਤੇ ਬਣਨਾ ਵੀ ਬੜਾ ਹੀ ਸੌਖਾਂ ਹੈ ਸਿਰਫ ਦੋ ਸ਼ਬਦ ਬੋਲ ਦਿਉ ਜੋ ਕਰਦਾ ਹੈ ਸਭ ਰੱਬ ਕਰ ਰਿਹਾ ਹੈ ਅਤੇ ਜੈ ਫਲਾਣੇ ਦੀ ਵਗੈਰਾ । ਪਰ ਨਾਸਤਿਕ ਬਣਨ ਲਈ ਤਲਵਾਰ ਤੇ ਪੈਰ ਰੱਖ ਕੇ ਚਲਣਾ ਪੈਂਦਾ ਹੈ । ਅਸਲ ਵਿੱਚ ਦੁਨੀਆਂ ਅੰਦਰ ਇਮਾਨਦਾਰੀ ਦੀ ਸਥਾਪਨਾਂ ਨਾਸਤਿਕਤਾ ਨਾਲ ਹੀ ਹੋ ਸਕਦੀ ਹੈ ।
ਦੁਕਾਨ ਤੇ ਬੈਠਾ ਦੁਕਾਨਦਾਰ ਸਾਰਾ ਦਿੱਨ ਠੱਗੀਆਂ ਮਾਰਦਾ ਹੇ ਅਤੇ ਸ਼ਾਮ ਨੂੰ ਥੋੜੀ ਬਹੁਤ ਪੂਜਾਂ ਕਰਦੇ ਜਾਂ ਕਿਤੇ ਦਾਨ ਚੜਾਵਾ ਚੜਾ ਕੇ ਆਪਣੇ ਅਤੇ ਲੋਕਾਂ ਦੇ ਮੰਨ ਵਿੱਚ ਇਮਾਨਦਾਰ ਹੋਣ ਦਾ ਭ੍ਰਮ ਪਾਲ ਲੈਂਦਾ ਹੈ ਤੇ ਇਸ ਆਸ ਵਿੱਚ ਕਿ ਅਗਲੇ ਦਿੱਨ ਫਿਰ ਠੱਗੀਆਂ ਮਾਰਾਂਗੇ ਅਤੇ ਰੱਬ ਸਾਨੂੰ ਮਾਫ ਕਰ ਦੇਵੇਗਾ ।
ਅਦਾਲਤਾਂ ਵਿੱਚ ਬੇਕਸੂਰ ਫਸਾਏ ਜਾ ਰਹੈ ਹਨ। ਗੀਤਾ ਤੇ ਹੱਥ ਰੱਖ ਕੇ ਕਸਮ ਖਾਣ ਵਾਲਾ ਸੱਚ ਸਮਝ ਲਿਆ ਜਾਂਦਾ ਹੈ ਕਿਉਂਕਿ ਜੱਜ ਇਹ ਸਮਝ ਲੈਂਦਾ ਹੈ ਕਿ ਜੇ ਇਹ ਝੂਠ ਬੋਲੇਗਾ ਤਾਂ ਆਪੇ ਰੱਬ ਇਸ ਨੂੰ ਇਸ ਦੇ ਗੁਨਾਹਾਂ ਦੀ ਸਜਾ ਦੇਵੇਗਾ ਪਰ ਬੇਦੋਸਾ ਵਿਚਾਰਾ ਫਸ ਜਾਂਦਾ ਹੈ ਤੇ ਦੋਸੀ ਸਜਾ ਤੋਂ ਬਚ ਜਾਂਦਾ ਹੇ । ਕੀ ਕੀ ਦੱਸੀਏ ਬੜੀ ਲੰਬੀ ਗਾਥਾ ਹੈ
ਜਸਬੀਰ ਸਿੰਘ ਵਿਰਦੀ:- ਰਾਜ ਕੰਬੋਜ ਜੀ! ਮੇਰੀਆਂ ਕਾਫੀ ਗੱਲਾਂ ਨਾਲ ਤੁਸੀਂ ਸਹਿਮਤ ਹੋ, ਜਾਣ ਕੇ ਚੰਗਾ ਲੱਗਾ।ਜਿਹੜੀਆਂ  ਗੱਲਾਂ ਨਾਲ ਸਹਿਮਤ ਨਹੀਂ ਹੋ ਉਹਨਾਂ ਬਾਰੇ ਫੇਰ ਤੋਂ ਸਪੱਸ਼ਟੀਕਰਣ ਦੇਣ ਦੀ ਕੋਸ਼ਿਸ਼ ਕਰਦਾ ਹਾਂ। ਧਰਮਾਂ ਦੇ ਰੋਜ ਰੋਜ ਦੇ ਝਗੜੇ…:- ਕੰਬੋਜ ਜੀ! ਮੈਂ ਤੁਹਾਡੀ ਇਸ ਗੱਲ ਨਾਲ ਕਾਫੀ ਹੱਦ ਤੱਕ ਸਹਿਮਤ ਹਾਂ।ਪਰ ਅਸਲ ਗੱਲ ਇਹ ਹੈ ਕਿ ਧਰਮ (ਖਾਸ ਕਰਕੇ ਸਿੱਖ ਧਰਮ) ਤਾਂ ਝਗੜੇ ਕਰਨੇ ਸਿਖਾਉਂਦਾ ਹੀ ਨਹੀਂ। (ਸਿੱਖ-)ਧਰਮ ਤਾਂ ਪ੍ਰੇਮ ਕਰਨਾ ਸਿਖਾਉਂਦਾ ਹੈ-
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥
 “ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥
 ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ

 ਅਰਥ:- ਸਾਰੇ ਜੀਵਾਂ ਦੇ ਮਨ ਮੋਤੀ ਹਨ, (ਕਿਸੇ ਨੂੰ ਭੀ) ਦੁਖਾਣਾ ਉਕਾ ਹੀ ਚੰਗਾ ਨਹੀਂ । ਜੇ ਤੈਨੂੰ ਪਿਆਰੇ ਪ੍ਰਭੂ ਦੇ ਮਿਲਣ ਦੀ ਤਾਂਘ ਹੈ, ਤਾਂ ਕਿਸੇ ਦਾ ਦਿਲ ਨਾਹ ਢਾਹ ।”
ਦੁਨੀਆਂ ਤੇ ਜੋ ਅਨ-ਮਨੁੱਖੀ ਗਤੀ ਵਿਧੀਆਂ ਆਪਾਂ ਦੇਖ ਰਹੇ ਹਾਂ ਇਹ ਧਰਮ ਕਰਕੇ ਨਹੀਂ, ਲੋਭ ਲਾਲਚ ਕਰਕੇ ਧਰਮ ਦੇ ਨਾਂ ਤੇ ਅਧਰਮ ਹੋ ਰਿਹਾ ਹੈ।  ਧਰਮ ਬਾਰੇ ਜਾਣਕਾਰੀ ਦੀ ਕਮੀਂ ਕਰਕੇ ਅਤੇ ਮੁਖ ਤੌਰ ਤੇ ਧਰਮ ਵਿੱਚ ਗੰਦੀ ਸਿਆਸਤ ਵੜਨ ਕਰਕੇ ਹੋ ਰਿਹਾ ਹੈ।  ਕੋਈ ਧਰਮ ਨੂੰ ਮੰਨੇ ਜਾਂ ਨਾ ਮੰਨੇ, ਰੱਬ ਨੂੰ ਮੰਨੇ ਜਾਂ ਨਾ ਮੰਨੇ, ਲੋਭ-ਲਾਲਚ ਤਾਂ ਬੰਦੇ ਦੀ ਫਿਤਰਤ ਦਾ ਹਿੱਸਾ ਹੈ, ਇਹ ਨਾਲ ਹੀ ਰਹਿਣਾ ਹੈ।  ਪੰਜਾਬ ਦੇ ਸਿਆਸੀ ਹਾਲਾਤ ਦੇਖ ਸਕਦੇ ਹੋ। ਇਹਨਾਂ ਹਾਲਾਤਾਂ ਵਿੱਚ ਧਰਮ ਦਾ ਬਿਲਕੁਲ ਵੀ ਕੋਈ ਰੋਲ ਨਹੀਂ ਹੈ। ਜੇ ਥੋੜ੍ਹਾ ਬਹੁਤ ਹੈ ਵੀ ਤਾਂ ਉਹ ਸਿਰਫ ਧਰਮ ਨੂੰ ਵਰਤਣ ਦੇ ਮਕਸਦ ਨਾਲ ਹੋ ਰਿਹਾ ਹੈ। ਪੰਜਾਬ ਦਾ ਖਜਾਨਾ ਖਾਲੀ ਧਰਮ ਕਰਕੇ ਨਹੀਂ ਮਨੁੱਖੀ ਲੋਭ ਲਾਲਚ ਕਰਕੇ ਹੋਇਆ ਹੈ।
 ਰੱਬ ਦੀ ਹੋਂਦ ਹੈ ਜਾਂ ਨਹੀਂ, ਇਹ ਸਮਝਣ ਦੇ ਲਈ ਬਹੁਤ ਸਮਾਂ ਪਿੱਛੇ ਜਾਣਾ ਪਏਗਾ।  ਓਸ ਸਮੇਂ ਵਿੱਚ ਜਾਣਾ ਪਏਗਾ ਜਦੋਂ ਇਹ ਧਰਤੀ ਹੋਂਦ ਵਿੱਚ ਆਈ ਹੋਵੇਗੀ। ਇਹ ਧਰਤੀ ਹੋਰ ਅਰਬਾਂ, ਖਰਬਾਂ ਪਲੈਨਟਾਂ ਵਾਂਙੂੰ ਇਕ ਪਲੈਨਿਟ ਹੀ ਹੈ। ਵੱਖ ਵੱਖ ਧਰਤੀਆਂ ਦੀ ਤਰ੍ਹਾਂ ਇਕ ਧਰਤੀ ਹੈ। ਇਹ ਧਰਤੀ ਵੀ ਪਹਿਲਾਂ ਉਹਨਾਂ ਹੋਰ ਧਰਤੀਆਂ ਦੀ ਤਰ੍ਹਾਂ ਹੀ ਰਹੀ ਹੋਵੇਗੀ।  ਪਰ ਅੱਜ ਦੀ ਧਰਤੀ ਤੇ ਦੇਖੋ, ਏਨਾ ਕੁਝ ਹੈ ਕਿ ਗਿਣਿਆ ਵੀ ਨਹੀਂ ਜਾ ਸਕਦਾ। ਇਹ ਸਭ ਕੁਝ ਕਿੱਥੋਂ ਆਇਆ? ਇਸੇ ਧਰਤੀ ਦੇ ਵਿੱਚੋਂ ਹੀ, ਕਿਤੋਂ ਕੁਝ ਵੀ ਬਾਹਰੋਂ ਨਹੀਂ ਆਇਆ।ਇਸ ਦਾ ਮਤਲਬ ਇਹ ਸਭ ਕੁਝ ਅਤੇ ਆਉਣ ਵਾਲੀਆਂ ਸਦੀਆਂ ਵਿੱਚ ਧਰਤੀ ਤੇ ਜੋ ਵੀ ਦਿਸੇਗਾ, ਸਭ ਇਸੇ ਧਰਤੀ ਦੇ ਵਿੱਚੋਂ ਹੀ ਉਤਪੰਨ ਹੋਇਆ ਅਤੇ ਹੋਵੇਗਾ।  ਮਿਸਾਲ ਦੇ ਤੌਰ ਤੇ, ਬੋਹੜ ਦਾ ਬੀਜ ਤਿਲ ਤੋਂ ਵੀ ਛੋਟਾ ਹੁੰਦਾ ਹੈ।ਪਰ ਧਰਤੀ ਵਿੱਚ ਉਗਣ ਤੇ ਕਿੰਨਾ ਵਿਸ਼ਾਲ ਦਰਖਤ ਬਣ ਜਾਂਦਾ ਹੈ।  ਇਸ ਦਾ ਕਾਰਣ ਇਹ ਹੈ ਕਿ ਏਨੇ ਵਿਸ਼ਾਲ ਦਰਖਤ ਵਾਲੇ ਗੁਣ ਉਸ ਛੋਟੇ ਜਿਹੇ ਬੀਜ ਦੇ ਵਿੱਚ ਮੌਜੂਦ ਹਨ।
ਧਰਤੀ ਵਿੱਚ ਇਕ ਅੰਬ ਦਾ ਬੀਜ ਅਤੇ ਇਕ ਅੱਕ ਦਾ ਬੀਜ ਕੋਲ ਕੋਲ ਬੀਜੋ।ਅੰਬ ਦੇ ਦਰਖਤ ਨੂੰ ਮਿਠੇ ਅੰਬ ਲੱਗਣਗੇ ਅਤੇ ਉਸੇ ਧਰਤੀ ਵਿੱਚ ਅੱਕ ਦੇ ਪੌਦੇ ਨੂੰ ਕੌੜੇ ਫਲ ਲੱਗਣਗੇ। ਇਸ ਦਾ ਵੀ ਕਾਰਣ ਬੀਜ ਵਿੱਚ ਮੌਜੂਦ ਗੁਣ ਹਨ। ਇਸੇ ਤਰ੍ਹਾਂ ਧਰਤੀ ਤੇ ਜੋ ਕੁਝ ਅੱਜ ਆਪਾਂ ਦੇਖ ਰਹੇ ਹਾਂ ਇਸ ਸਭ ਕਾਸੇ ਦੇ ਗੁਣ ਧਰਤੀ ਵਿੱਚ ਮੌਜੂਦ ਸਨ ਅਤੇ ਹਨ ਜੋ ਇਸੇ ਧਰਤੀ ਦੇ ਵਿੱਚੋਂ ਹੀ ਉਜਾਗਰ ਹੋ ਰਹੇ ਹਨ(ਹਾਂ ਉਜਾਗਰ ਕਰਨ ਵਾਲੇ ਵਿਗਿਆਨਕ ਹਨ, ਇਸ ਗੱਲੋਂ ਉਹਨਾਂ ਦੇ ਸਿਰ ਸਿਹਰਾ ਹੈ)
ਸਵਾਲ ਪੈਦਾ ਹੁੰਦਾ ਹੈ ਕਿ ਧਰਤੀ ਵਿਚਲੇ ਏਨੇ ਅਨਗਿਣਤ ਗੁਣ ਇਸ ਵਿੱਚ ਕਿਸ ਨੇ ਪਾਏ? ੲਿਹ ਸੋਚਣ ਵਾਲੀ ਗੱਲ ਹੈ।
ਡਾਰਵਿਨ ਦੇ ਵਿਕਾਸ (ਐਵੋਲੂਸ਼ਨ) ਸਿਧਾਂਤ ਬਾਰੇ ਵੀ ਇਕ ਗੱਲ ਸਮਝਣ ਵਾਲੀ ਹੈ ਕਿ ਇਵੌਲਵ ਵੀ ਓਹੀ ਚੀਜ਼ ਹੋ ਸਕਦੀ ਹੈ ਜਿਹੜੀ  ਪਹਿਲਾਂ ਤੋਂ ਮੌਜੂਦ ਹੈ। ਅੱਜ ਦਾ ਮਨੁੱਖ ਇਵੌਲਵ ਹੋ ਕੇ ਅੱਜ ਦੀ ਸਥਿਤੀ ਤੇ ਪਹੁੰਚਿਆ ਦੱਸਿਆ ਜਾਂਦਾ ਹੈ (ਮੈਂ ਇਸ ਗੱਲ ਨੂੰ ਸਹੀ ਨਹੀਂ ਮੰਨਦਾ, ਪਰ ਇਹ ਗੱਲ ਠੀਕ ਹੈ ਜਾਂ ਗ਼ਲਤ, ਫਿਲਹਾਲ ਮੈਂ ਇਸ ਗੱਲ ਵਿੱਚ ਨਹੀਂ ਪੈਣਾ ਚਾਹੁੰਦਾ), ਜੇ ਇਹ ਗੱਲ ਸਹੀ ਮੰਨ ਵੀ  ਲਈਏ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਸਭ ਤੋਂ ਪਹਿਲਾ ਜੀਵ ਸੰਸਾਰ ਤੇ ਕਿਵੇਂ ਆਇਆ? ਆਖਿਰ ਤਾਂ ਕਿਸੇ ਵੀ ਜੀਵ ਦਾ ਸਰੀਰ  ਕੈਮੀਕਲ ਐਲੀਮੈਂਟਸ ਦਾ ਹੀ ਬਣਿਆ ਹੈ।  ਬੱਚਾ ਜਨਮ ਲੈਂਦਾ ਹੈ, ਆਖਿਰ ਤਾਂ ਉਸ ਦੀ ਸ਼ੁਰੂਆਤ ਕੁਝ ਕੈਮੀਕਲਜ਼ ਦੇ ਮੇਲ ਤੋਂ ਹੀ ਹੁੰਦੀ ਹੈ।               
ਸਵਾਲ ਪੈਦਾ ਹੁੰਦਾ ਹੈ ਕਿ ਜੀਵਨ-ਰਹਿਤ ਅਤੇ ਚੇਤਨਾ-ਰਹਿਤ ਉਹਨਾਂ ਤੱਤਾਂ ਵਿੱਚ ਜੀਵਨ ਅਤੇ ਚੇਤਨਾ ਕਿੱਥੋਂ ਅਤੇ ਕਿਵੇਂ ਆ ਜਾਂਦੀ ਹੈ?  ਇਹ ਸੋਚਣ ਵਾਲੀ ਗੱਲ ਹੈ।
ਰੱਬ ਕਿਸੇ ਪੂਜਾ, ਭਗਤੀ, ਪੁੰਨ, ਸਮਾਧੀ, ਚੜ੍ਹਾਵੇ ਦਾ ਭੁਖਾ ਨਹੀਂ। ਸਿੱਖ ਧਰਮ (/ਗੁਰਬਾਣੀ) ਵਿੱਚੋਂ ਐਸਾ ਕੁਝ ਵੀ ਕਰਨ ਬਾਰੇ ਕੋਈ ਸੰਦੇਸ਼ ਨਹੀਂ ਮਿਲਦਾ।  ਜਿਆਦਾਤਰ ਚੜ੍ਹਾਵੇ ਪ੍ਰਬੰਧਕਾਂ ਦੇ ਘਰਾਂ ਵਿੱਚ ਹੀ ਜਾਂਦੇ ਹਨ।  ਅਗਿਆਨਤਾ ਕਾਰਣ ਲੋਕ ਚੜ੍ਹਾਵੇ ਚੜ੍ਹਾਈ ਜਾਂਦੇ ਹਨ।  ਅਕਲ ਵਰਤੀ ਬਿਨਾ ਦਾਨ ਜਾਂ ਚੜ੍ਹਾਵੇ ਸਭ ਵਿਅਰਥ ਹਨ, ਇਹ ਗੁਰਬਾਣੀ ਦਾ ਫੁਰਮਾਨ ਹੈ।
ਤੁਸੀਂ ਲਿਖਿਆ ਹੈ:- “ਉਹਨਾਂ ਦਾ ਵਿਰੋਧ ਜੋ ਇਹ ਕਹਿੰਦੇ ਹਨ ਕਿ ਕੁਦਰਤ ਨੂੰ ਕੋਈ ਹੋਰ ਵੱਡੀ ਸ਼ਕਤੀ ਕੰਟਰੌਲ ਕਰ ਰਹੀ ਹੈ ।”-- -      ਕੁਦਰਤ ਵਿੱਚ ਖੁਦ ਵਿੱਚ ਕੋਈ ਸੋਝੀ ਨਹੀਂ ਹੈ। ਲੇਕਿਨ ਗਹਿਰਾਈ ਨਾਲ ਸੋਚ ਵਿਚਾਰ ਕਰਨ ਤੇ ਪਤਾ ਲੱਗ ਜਾਏਗਾ ਕਿ ਕੁਦਰਤ ਦੇ ਉਪਰ ਵੀ ਕੋਈ ਸ਼ਕਤੀ ਹੈ।
 ਮਿਸਾਲ ਦੇ ਤੌਰ ਤੇ- ਸਾਡੀਆਂ ਦੋ ਅੱਖਾਂ ਹਨ।  ਜਦੋਂ ਕਿ ਇੱਕ ਅੱਖ ਨਾਲ ਵੀ ਦੇਖਿਆ ਜਾ ਸਕਦਾ ਹੈ, ਤਾਂ ਫੇਰ ਦੋ ਅੱਖਾਂ ਦਾ ਕੀ ਮਤਲਬ? ਹਾਂ ਜੀ ਦੋ ਅੱਖਾਂ ਦਾ ਮਤਲਬ ਇਹ ਹੈ ਕਿ ਆਪਾਂ ਕੋਈ ਵੀ ਚੀਜ਼ ਦੇਖਦੇ ਹਾਂ।ਇੱਕ ਅੱਖ ਨੇ ਚੀਜ਼ ਕਿੰਨੇ ਸਮੇਂ  ਵਿੱਚ ਦੇਖੀ ਅਤੇ ਦੂਸਰੀ ਨੇ ਕਿੰਨੇ ਸਮੇਂ ਵਿੱਚ ਅਤੇ ਦੋਨਾਂ ਅੱਖਾਂ ਦੇ ਆਪਸ ਵਿਚਲੇ ਡਿਸਟੈਂਸ, ਇਸ ਤਰ੍ਹਾਂ ਬਣੇ ਤਿਕੋਣ ਦੇ ਨਾਲ ਦਿਮਾਗ਼ ਕੈਲਕੁਲੇਟ ਕਰਕੇ ਦੱਸਦਾ ਹੈ ਕਿ ਸਾਹਮਣੇ ਪਈ ਚੀਜ਼ ਕਿੰਨੀ ਦੂਰੀ ਤੇ ਹੈ।ਇਸੇ ਤਰ੍ਹਾਂ ਦੋ ਕੰਨਾਂ ਦਾ ਵੀ ਇਹੀ ਮਤਲਬ ਹੈ। ਦੋਨਾਂ ਕੰਨਾਂ ਦੁਆਰਾ ਸੁਣੀ ਗਈ ਆਵਾਜ਼ ਅਤੇ ਕੰਨਾ ਦੀ ਆਪਸ ਵਿਚਲੀ ਦੂਰੀ, ਇਸ ਸਭ ਕਾਸੇ ਨੂੰ ਕੈਲਕੁਲੇਟ ਕਰਕੇ ਦਿਮਾਗ਼ ਦੱਸਦਾ ਹੈ ਕਿ ਆਵਾਜ਼ ਕਿਸ ਦਿਸ਼ਾ ਵੱਲੋਂ ਆਈ ਹੈ।
ਹੋਰ ਦੇਖੋ- ਆਪਾਂ ਹਰ ਪਲ, ਬੇ-ਧਿਆਨੇ ਹੀ ਅੱਖਾਂ ਝਪਕਦੇ ਰਹਿੰਦੇ ਹਾਂ। ਇਸ ਦਾ ਕੀ ਮਤਲਬ ਹੈ? ਇਹ ਕਿ, ਅੱਖਾਂ ਦੇ ਵਿੱਚ ਉਪਰਲੇ ਪਾਸਿਓਂ ਥੋੜ੍ਹਾ ਥੋੜ੍ਹਾ ਪਾਣੀ ਟਪਕਦਾ ਰਹਿੰਦਾ ਹੈ।ਅੱਖਾਂ ਝਪਕਣ ਨਾਲ ਇਹਨਾਂ ਤੇ ਪੋਚਾ ਫੇਰਿਆ ਜਾਂਦਾ ਰਹਿੰਦਾ ਹੈ ਅਤੇ ਪਾਣੀ ਨਾਲ ਦੀ ਨਾਲ ਸਰੀਰ ਦੇ ਅੰਦਰ ਡ੍ਰੇਨ ਹੋਈ ਜਾਂਦਾ ਹੈ।ਇਸ ਤਰ੍ਹਾਂ ਅੱਖਾਂ ਦੇ ਸੰਪਰਕ ਵਿੱਚ ਆਉਣ ਵਾਲਾ ਮਿੱਟੀ ਘੱਟਾ ਸਾਫ ਹੁੰਦਾ ਰਹਿੰਦਾ ਹੈ ਅਤੇ ਨਾਲ ਅੱਖਾਂ ਲਈ ਜਰੂਰੀ ਨਮੀਂ ਇਹਨਾਂ ਨੂੰ ਮਿਲਦੀ ਰਹਿੰਦੀ ਹੈ।  ਅੱਖਾਂ ਵਿੱਚ ਟਪਕਣ ਵਾਲਾ ਨਿਰਾ ਪਾਣੀ ਹੀ ਨਹੀਂ ਇਹ ਥੋੜ੍ਹਾ ਨਮਕੀਨ ਹੁੰਦਾ ਹੈ, ਜਿਸ ਨਾਲ ਅੱਖਾਂ ਦੇ ਸੰਪਰਕ ਵਿੱਚ ਆਉਣ ਵਾਲੇ ਸੂਖਮ ਜਰਮਜ਼ ਮਰਦੇ ਰਹਿੰਦੇ ਹਨ, ਜਿਹੜੇ ਸਾਡੇ ਸਰੀਰ ਦੇ ਅੰਦਰ ਨੁਕਸਾਨ ਨਹੀਂ ਪੁਚਾ ਸਕਦੇ।
ਇਹ ਸਭ ਡਿਜ਼ਾਇਨ ਅਤੇ ਅਰੇਂਜਮੈਂਟ ਕੀ ਆਪੇ ਹੋ ਗਿਆ?
ਅੱਖਾਂ ਬਾਰੇ ਅਤੇ ਕੰਨਾਂ ਬਾਰੇ ਦਿਮਾਗ਼ ਵਿੱਚ ਫਾਰਮੁਲਾ ਕੁਦਰਤ ਆਪੇ ਫੀਡ ਨਹੀਂ ਕਰ ਸਕਦੀ, ਕਿਉਂਕਿ ਕੁਦਰਤ ਵਿੱਚ ਆਪਣੇ ਆਪ ਵਿੱਚ ਕੋਈ ਸੋਝੀ ਨਹੀਂ ਹੈ। ਸੋਚਣ ਵਾਲੀ ਗੱਲ ਹੈ ਕਿ ਫੇਰ ਇਹ ਕਿਸ ਨੇ ਕੀਤਾ?
ਨਾਸਤਕ ਬਣਨਾ ਬਹੁਤ ਸੌਖਾ ਹੈ ਬਾਰੇ-- ਨਾਸਤਕ ਨੂੰ ਕੁਝ ਵੀ ਸੋਚਣ ਦੀ ਜਰੂਰਤ ਨਹੀਂ ਪੈਂਦੀ।  ਨਾਸਤਕ ਦੇ ਭਾ ਦਾ ਕੁਦਰਤ ਵਿੱਚ ਸਭ ਕੁਝ ਆਪੇ ਬੱਝਵੇਂ ਨਿਯਮਾਂ ਅਧੀਨ ਹੋਈ ਜਾ ਰਿਹਾ ਹੈ।  ਨਾਸਤਕ ਇਸ ਤੋਂ ਅੱਗੇ ਕੁਝ ਵੀ ਨਹੀਂ ਸੋਚਦਾ ਕਿ ਆਖਿਰ ਇਹ ਸਭ ਆਪੇ ਹੋ ਕਿਵੇਂ ਰਿਹਾ ਹੈ? ਸਭ ਕੁਝ ਆਪੇ ਦਾ ਮਤਲਬ- ਮਿਸਾਲ ਦੇ ਤੌਰ ਤੇ- ਜਨਮ ਲੈਣ ਤੋਂ ਪਹਿਲਾਂ ਬੱਚਾ ਮਾਂ ਤੋਂ ਔਕਸੀਜਨ ਲੈਂਦਾ ਹੈ। ਪਰ ਸਾਹ ਲੈਣ ਦੀ ਪ੍ਰੈਕਟਿਸ ਮਾਂ ਦੇ ਪੇਟ ਵਿੱਚ ਹੀ ਕਰ ਲੈਂਦਾ ਹੈ।  ਬੱਚੇ ਦੇ ਜਨਮ ਲੈਣ ਤੋਂ ਪਹਿਲਾਂ ਉਸ ਦੇ ਲਈ ਦੁਧ ਪਹਿਲਾਂ ਹੀ ਤਿਆਰ ਹੁੰਦਾ ਹੈ। ਬੱਚੇ ਦਾ ਹਾਲੇ ਸਰੀਰ ਬਣਿਆ ਵੀ ਨਹੀਂ ਹੁੰਦਾ ਪਰ ਆਪਣੇ ਲਈ ਖੂਨ ਆਪ ਤਿਆਰ ਕਰਨ ਲੱਗ ਜਾਂਦਾ ਹੈ (ਮਾਂ ਤੋਂ ਇੱਕ ਬੂੰਦ ਵੀ ਖੂਨ ਦੀ ਨਹੀਂ ਲੈਂਦਾ)। ਸਾਰੇ ਪਲੈਨਿਟ ਅਤੇ ਸਬ ਪਲੈਨਿਟ ਆਪਣੇ ਧੁਰੇ ਦੁਆਲੇ ਘੁੰਮ ਰਹੇ ਹਨ। ਨਾਸਤਕ ਲਈ ਇਹ ਸਭ ਕੁਦਰਤੀ ਨਿਯਮਾਂ ਅਧੀਨ ਆਪੇ ਹੋਈ ਜਾ ਰਿਹਾ ਹੈ। 
ਪਰ ਆਸਤਕ ਇਸ ਤੋਂ ਅੱਗੇ ਵੀ ਸੋਚਦਾ ਹੈ ਕਿ ਆਖਿਰ ਸਾਰਾ ਸਿਲਸਿਲਾ ਬੱਝਵੇ ਨਿਯਮਾਂ ਵਿੱਚ ਕਿਵੇਂ ਚੱਲੀ ਜਾਂਦਾ ਹੈ ਅਤੇ ਇਹ ਸਾਰਾ ਸਿਲਸਿਲਾ ਬਣਾਇਆ ਕਿਸਨੇ ਹੈ?
 ਇਸ ਸਭ ਕਾਸੇ ਦੀ ਡਿਜ਼ਾਇਨਿੰਗ ਕਿਸ ਨੇ ਕੀਤੀ?
 ਇਹ ਕਰਨ ਨਾਲ ਓਹ ਹੋ ਜਾਂਦਾ ਹੈ, ਓਹ ਕਰਨ ਨਾਲ ਏਹ ਹੋ ਜਾਂਦਾ ਹੈ, ਇਹ ਸਭ ਕਿਵੇਂ ਹੋਣ ਲੱਗ ਪਿਆ?
 ਆਖਿਰ ਤਾਂ ਪਹਿਲਾਂ ਕਿਸੇ ਨੇ ਇਹ ਸਾਰਾ ਸਿਸਟਮ ਬਣਾਇਆਂ ਫੇਰ ਹੀ ਸਭ ਆਪੇ ਹੋਣ ਲਗਾ ਹੈ?
ਦੋ ਸ਼ਬਦ ਬੋਲ ਦਿਉ ਸਭ ਰੱਬ ਕਰ ਰਿਹਾ ਹੈ, ਜੇ ਇਸ ਗੱਲ ਤੋਂ ਇਨਕਾਰੀ ਹੁੰਦੇ ਹਾਂ, ਫੇਰ ਸਾਵਲ ਪੈਦਾ ਹੁੰਦਾ ਹੈ ਕਿ ਜੇ ਰੱਬ ਨਹੀਂ ਕਰਦਾ ਤਾਂ ਹੋਰ ਕੌਣ ਕਰਦਾ ਹੈ?
ਉਸ ਕਰਨ ਵਾਲੇ ਦਾ ਕੋਈ ਤਾਂ ਨਾਮ ਹੋਵੇਗਾ। ਜਾਂ ਫੇਰ ਉਸ ਦਾ ਕੋਈ ਤਾਂ ਨਾਮ ਮਿਥਣਾ ਹੀ ਪਵੇਗਾ?
ਉਸ ਨੂੰ ਰੱਬ ਕਹਿਣ ਵਿੱਚ ਕੋਈ ਖਰਾਬੀ ਹੈ ਤਾਂ ਕੋਈ ਹੋਰ ਨਾਮ ਦੇਣਾ ਪਏਗਾ।
ਨਾਸਤਕ ਬਣਨ ਲਈ ਤਲਵਾਰ ਤੇ ਪੈਰ ਰੱਖਣ ਵਾਲੀ ਗੱਲ ਮੈਂ ਨਹੀਂ ਸਮਝ ਸਕਿਆ।
ਇਮਾਨਦਾਰੀ ਦੀ ਸਥਾਪਨਾ ਨਾਸਤਕਾਂ ਨਾਲ????? ਬੜੀ ਹਾਸੋਹੀਣੀ ਗੱਲ ਹੈ।
ਨਾਸਤਕ (ਰਿਸ਼ੀ ਚਾਰਵਾਕ) ਤਾਂ ਕਹਿੰਦਾ ਹੈ; ਜਿੰਨਾ ਚਿਰ ਜਿਉਣਾ ਹੈ, ਐਸ਼ ਅਤੇ ਮੌਜ ਮਸਤੀ ਕਰਦੇ ਹੋਏ ਜੀਵੋ।ਗੁੰਜਾਇਸ਼ ਨਹੀਂ ਤਾਂ ਕਰਜਾ ਚੁੱਕ ਕੇ ਵੀ ਘਿਉ ਪੀਵੋ।  ਕਰਜਾ ਮੋੜਨ ਦੀ ਚਿੰਤਾ ਨਾ ਕਰੋ।  ਕਿਉਂਕਿ ਮਰਨ ਤੋਂ ਬਾਅਦ ਕਰਜਾ ਵਾਪਸ ਮੰਗਣ ਕਿਸੇ ਨੇ ਤੁਹਾਡੇ ਪਿੱਛੇ ਨਹੀਂ ਆਉਣਾ ਅਤੇ ਨਾ ਹੀ ਤੁਸੀਂ ਕਰਜਾ ਮੋੜਨ ਲਈ ਵਾਪਸ ਧਰਤੀ ਤੇ ਆਉਣਾ ਹੈ-
ਜਾਵਤ ਜੀਵੇਤ ਸੁਖਮ ਜੀਵੇਤ।
ਰਿਣਮ ਕ੍ਰਿਤਵਾ ਘ੍ਰਿਤਮ ਪੀਬੇਤ
। -ਰਿਸ਼ੀ ਚਾਰਵਾਕ’
ਰੋਜ ਠੱਗੀਆਂ ਮਾਰ ਕੇ ਪੂਜਾ ਕਰ ਲਵੋ, ਰੱਬ ਰੋਜ ਮਾਫ ਕਰ ਦੇਵੇਗਾ; -- -- ਸਿੱਖ ਧਰਮ ਐਸਾ ਬਿਲਕੁਲ ਵੀ ਨਹੀਂ ਮੰਨਦਾ।
ਜੇ ਬੰਦਾ ਗੀਤਾ ਦੀ ਕਸਮ ਖਾ ਕੇ ਵੀ ਝੂਠ ਬੋਲ ਸਕਦਾ ਹੈ ਤਾਂ ਬਿਨਾ ਕਸਮ ਖਾਧੇ ਵੀ ਝੂਠ ਬੋਲ ਸਕਦਾ ਹੈ। ਗੀਤਾ ਦੀ ਕਸਮ ਬੰਦੇ ਨੂੰ ਸੱਚ ਬੋਲਣ ਲਈ ਪ੍ਰੇਰਿਤ ਕਰਨ ਲਈ ਖੁਆਈ ਜਾਂਦੀ ਹੈ।  ਅਸਲ ਜਜਮੈਂਟ ਤਾਂ ਤੱਥਾਂ ਦੇ ਆਧਾਰ ਤੇ ਹੀ ਹੁੰਦੀ ਹੈ।
ਜਸਬੀਰ ਸਿੰਘ ਵਿਰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.