ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
“ਅਕਾਲ ਤਖਤ ਕਿੱਥੇ ਹੈ?”
“ਅਕਾਲ ਤਖਤ ਕਿੱਥੇ ਹੈ?”
Page Visitors: 3184

                           “ਅਕਾਲ ਤਖਤ ਕਿੱਥੇ ਹੈ?”
ਕੁਝ ਲੋਕ ਅਕਾਲ ਤਖਤ ਦੀ ਹੋਂਦ ਨੂੰ ਨਕਾਰਦੇ ਹੋਏ ਦਲੀਲ ਦਿੰਦੇ ਹਨ ਕਿ ਗੁਰਬਾਣੀ ਵਿੱਚ ਅਕਾਲ ਤਖਤ ਲਫਜ਼ ਪਰਮਾਤਮਾ ਦੇ ਤਖਤ ਲਈ ਵਰਤਿਆ ਗਿਆ ਹੈ।ਅਤੇ ਉਸ ਦਾ ਤਖਤ ਕਿਸੇ ਬਿਲਡਿੰਗ ਦੇ ਰੂਪ ਵਿੱਚ ਇਕ ਥਾਂ ਸਥਿਤ ਨਹੀਂ ਹੋ ਸਕਦਾ।ਇਸ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਰਿਸਰ ਅੰਦਰ ਸਥਿਤ ਅਕਾਲ ਤਖਤ ਵਰਗੇ ਕਿਸੇ ਤਖਤ ਦੀ ਸਿੱਖ ਮੱਤ ਵਿੱਚ
ਮਾਨਤਾ ਨਹੀਂ ਹੈ।ਇਸ ਸੰਬੰਧੀ ਗੁਰਬਾਣੀ ਦੀਆਂ ਕੁਝ ਉਦਾਹਰਣਾਂ ਵੀ ਪੇਸ਼ ਕੀਤੀਆਂ ਜਾਂਦੀਆਂ ਹਨ।ਜਿਵੇਂ ਕਿ-
 ਸਚੈ ਤਖਤਿ ਬੁਲਾਵੈ ਸੋਇ॥ਦੇ ਵਡਿਆਈ ਕਰੇ ਸੁ ਹੋਇ॥(355) 
ਤਖਤ ਨਿਵਾਸੀ ਪੰਚ ਸਮਾਇ॥ਕਾਰ ਕਮਾਈ ਖਸਮ ਰਜਾਇ॥(411)
ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਐ॥(515)
ਸਚੁ ਹੁਕਮੁ ਤੁਮਾਰਾ ਤਖਤਿ ਨਿਵਾਸੀ॥ਆਇ ਨ ਜਾਵੈ ਮੇਰਾ ਪ੍ਰਭ ਅਬਿਨਾਸੀ॥(562)
ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ॥(580)
ਅਨਿਕ ਲੀਲਾ ਰਾਜ ਰਸ ਰੂਪੰ ਛਤ੍ਰ ਚਮਰ ਤਖਤ ਆਸਨੰ॥(707)
ਭਾਣੈ ਤਖਤਿ ਵਡਾਈਆ ਭਾਣੈ ਭੀਖ ਉਦਾਸਿ ਜੀਉ॥(762)
ਸਾਚੇਤਖਤੁ ਰਚਾਇਓਨੁ ਆਕਾਸ ਪਤਾਲਾ॥ (785)
ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ॥(949)
ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤ॥(966)
ਓਹੁ ਨਿਰਮਲੁ ਹੈ ਨਾਹੀ ਅੰਧਿਆਰਾ॥ਓਹੁ ਆਪੇ ਤਖਤਿ ਬਹੈ ਸਚਿਆਰਾ॥ (1026)
ਦੂਸਰੇ ਪਾਸੇ ਇਸ ਦੇ ਉਲਟ ਵਿਦਵਾਨਾਂ ਦਾ ਇਹ ਕਹਿਣਾ ਹੈ ਕਿ ਅਕਾਲ ਤਖਤ ਦਾ ਸੰਕਲਪ ਖੁਦ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦੇਣ ਹੈ।ਪਰ ਅਜੋਕੇ ਸਮੇਂ ਵਿੱਚ ਇਸ ਉੱਤੇ ਸਿਆਸੀ ਪ੍ਰਭਾਵ ਹੇਠਾਂ ਕਾਬਜ਼ ਕੁਝ ਲੋਕਾਂ ਨੇ ਗੁਰੂ ਸਾਹਿਬਾਂ ਦੀ ਦੇਣ ਨੂੰ ਗੰਧਲਾ ਕਰਕੇ ਰੱਖ ਦਿੱਤਾ ਹੈ।ਵਰਨਾ ਅਕਾਲ ਤਖਤ ਦੀ ਸਾਰਥਿਕਤਾ ਅਤੇ ਮਹਾਨਤਾ ਅੱਜ ਵੀ ਓਨੀ ਹੀ ਹੈ ਜਿੰਨੀ ਗੁਰੂ ਸਾਹਿਬਾਂ ਦੇ ਵਕਤ ਸੀ।
ਗੁਰਬਾਣੀ ਵਿੱਚ ਪ੍ਰਭੂ ਦੇ ਤਖਤ ਦੀ ਗੱਲ ਬਹੁਤ ਵਾਰੀਂ ਕੀਤੀ ਗਈ ਹੈ।ਇਸ ਤੋਂ ਇਲਾਵਾ ਅਧਿਆਤਮਿਕਤਾ ਦੀ ਸਿਖਰ ਤੇ ਪਹੁੰਚੇ ਹੋਏ ਗੁਰਮੁਖਾਂ ਦੇ ਤਖਤ ਦੀ, ਗੁਰੂ ਨਾਨਕ ਜੀ ਦੁਆਰਾ ਚਲਾਏ ਗਏ ਮਿਸ਼ਨ ਸੰਬੰਧੀ ਤਖਤ/ਗੁਰਗੱਦੀ (ਜੋ ਕਿ ਕੋਈ ਖਾਸ ਭੌਤਿਕ
ਤਖਤ ਨਹੀਂ ਸੀ) ਦਾ ਜ਼ਿਕਰ ਕੀਤਾ ਗਿਆ ਹੈ।ਦੁਨਿਆਵੀ ਰਾਜਿਆਂ, ਭੂਪਤੀਆਂ ਦੇ ਤਖਤ ਦਾ ਜ਼ਿਕਰ ਕੀਤਾ ਗਿਆ ਹੈ।ਸਪੱਸ਼ਟ ਤੌਰ ਤੇ ਕਿਸੇ ਭੌਤਿਕ ਤਖਤ ਦੀ ਗੱਲ ਬੇਸ਼ਕ ਗੁਰਬਾਣੀ ਵਿੱਚ ਨਹੀਂ ਕੀਤੀ ਗਈ।ਪਰ ਫੇਰ ਵੀ ਇਹ ਮੌਜੂਦਾ ਤਖਤ ਗੁਰੂ ਸਾਹਿਬ ਜੀ ਦੀ ਦੇਣ ਹੈ।ਜਿਸ ਦੀ ਸਮੇਂ ਦੇ ਮੁਤਾਬਕ ਉਸ ਵਕਤ ਜਰੂਰਤ ਸੀ ਅਤੇ ਅੱਜ ਵੀ ਹੈ।
ਜਿਹੜੇ ਲੋਕ ਅੱਜ ਅਕਾਲ ਤਖਤ ਦੇ ਵਿਰੋਧ ਦੀ ਗੱਲ ਕਰਦੇ ਹਨ ਉਹ ਵੀ ਇਸ ਗੱਲੋਂ ਇਨਕਾਰੀ ਨਹੀਂ ਹਨ ਕਿ ਸੰਕਲਪ ਦੇ ਲਿਹਾਜ ਨਾਲ ਇਹ ਮੌਜੂਦਾ ਤਖਤ ਗੁਰੂ ਹਰਗੋਬਿੰਦ ਸਹਿਬ ਜੀ ਦੀ ਦੇਣ ਹੈ।
ਸਮੇਂ ਦੇ ਗੇੜ ਨਾਲ ਜੇ ਅੱਜ ਇਸ ਉੱਤੇ ਗ਼ਲਤ ਬੰਦਿਆਂ ਦਾ ਕਬਜ਼ਾ ਹੋ ਗਿਆ ਹੈ ਅਤੇ ਇਸ ਦੀ ਦੁਰ ਵਰਤੋਂ ਹੋ ਰਹੀ ਹੈ ਤਾਂ ਇਸ ਦੇ ਸੁਧਾਰ ਜਾਂ ਵਿਕਲਪ ਬਾਰੇ ਸੋਚਣ ਦੀ ਜਰੂਰਤ ਹੈ, ਨਾ ਕਿ ਇਸ ਦੇ ਖਾਤਮੇ ਬਾਰੇ ਹੀ ਘਾੜਤਾਂ ਘੜਨ ਦੀ।ਜੇ ਘਰ ਵਿੱਚ ਕਿਸੇ ਕਾਰਣ ਕੂੜਾ ਕਰਕਟ ਜਮ੍ਹਾ ਹੋ ਜਾਵੇ ਤਾਂ ਕੋਈ ਘਰ ਨੂੰ ਤਿਆਗਣ ਦੀਆਂ ਸਕੀਮਾਂ ਨਹੀਂ ਘੜਨ ਲੱਗ ਜਾਂਦਾ।
ਦਰਬਾਰ ਸਾਹਿਬ ਅੰਮ੍ਰਿਤਸਰ ਨਿਰੋਲ ਗੁਰਮਤਿ ਪ੍ਰਚਾਰ ਦਾ ਕੇਂਦਰ ਹੈ।ਇਸ ਦਾ ਕਿਸੇ ਸਿਆਸਤ ਨਾਲ ਸਿੱਧਾ ਕੋਈ ਸੰਬੰਧ ਨਹੀਂ।ਇਸ ਲਈ ਇਸ ਵਿੱਚ ਕਿਸੇ ਕਿਸਮ ਦਾ ਸਿਆਸੀ ਜਾਂ ਸਰਕਾਰੀ ਦਖਲ ਨਹੀਂ ਹੋ ਸਕਦਾ।ਪਰ ਕਿਉਂਕਿ ਗੁਰੂ ਅਰਜੁਨ ਸਾਹਿਬ ਦੇ ਵਕਤ ਹੀ ਸਿੱਖ ਧਰਮ ਵਿੱਚ ਸਰਕਾਰੀ ਦਖਲ ਸ਼ੁਰੂ ਹੋ ਗਿਆ ਸੀ, ਜਿਸ ਕਾਰਣ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਵੀ ਹੋਣਾ ਪਿਆ।ਇਸ ਲਈ ਸਮੇਂ ਦੀ ਜਰੂਰਤ ਮੁਤਾਬਕ ਕਿਸੇ ਕਿਸਮ ਦੇ ਬਾਹਰੀ ਦਖਲ ਨਾਲ ਨਜਿੱਠਣ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਹੱਦ ਦੇ ਅੰਦਰ ਹੀ ਪਰ ਦਰਬਾਰ ਸਾਹਿਬ ਤੋਂ ਵੱਖਰਾ ਅਤੇ ਬਿਲਕੁਲ ਇਸ ਦੇ ਕੋਲ ਹੀ ਥੜ੍ਹੇ ਦੇ ਰੂਪ ਵਿੱਚ ਇਕ ਤਖਤ ਸਥਾਪਿਤ ਕੀਤਾ ਗਿਆ।ਜਿੱਥੋਂ ਗੁਰੂ ਸਾਹਿਬ ਹੁਕਮਨਾਮੇ ਜਾਰੀ ਕਰਦੇ ਸਨ ਅਤੇ ਸਿੱਖ ਪੰਥ ਸੰਬੰਧੀ ਮਸਲਿਆਂ ਤੇ ਵਿਚਾਰਾਂ ਕੀਤੀਆਂ ਜਾਂਦੀਆਂ ਸਨ।ਗ੍ਰੰਥ ਦੇ ਨਾਲ ਪੰਥਕ ਹਿਤਾਂ ਦੀ ਰਾਖੀ ਲਈ ‘ਤਖਤ’ ਦੀ ਹੋਂਦ ਉਸ ਵੇਲੇ ਵਕਤ ਦੀ ਜਰੂਰਤ ਸੀ, ਇਹ ਜਰੂਰਤ ਅੱਜ ਵੀ ਹੈ ਅਤੇ ਹਮੇਸ਼ਾਂ ਹੀ ਰਹੇਗੀ।
ਸਿੱਖ ਧਰਮ ਸਰਬ ਸਾਂਝਾ ਧਰਮ ਹੈ, ਜੋ ਹੋਰ ਧਰਮਾਂ ਦੇ ਲੋਕਾਂ ਨੂੰ ਵੀ ਆਪਣੇ ਵੱਲ ਅਕਰਸ਼ਿਤ ਕਰਦਾ ਹੈ।ਇਸ ਲਈ ਇਹ ਹੋਰ ਧਰਮਾਂ ਲਈ ਚੁਨੌਤੀ ਬਣਿਆ ਹੋਇਆ ਹੈ।ਇਹੀ ਕਾਰਣ ਹੈ ਕਿ ਇਸ ਨੂੰ ਖ਼ਤਮ ਕਰਨ ਲਈ ਇਸ ਦਾ ਵਿਰੋਧ ਹੁੰਦਾ ਰਹਿੰਦਾ ਹੈ ਅਤੇ ਹੁੰਦਾ ਹੀ ਰਹਿਣਾਂ ਹੈ।ਅਤੇ ਇਸ ਲਈ ‘ਤਖਤ’ ਦੀ ਜਰੂਰਤ ਹਮੇਸ਼ਾਂ ਬਣੀ ਹੀ ਰਹਿਣੀ ਹੈ।ਇਹੀ ਕਾਰਣ ਹੈ ਕਿ ਸਿੱਖ ਧਰਮ ਵਿਰੋਧੀ ਲੋਕ ਇਸ ‘ਤਖਤ’ ਨੂੰ ਢਾਉਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹਨ।ਜੋ ਵੀ ਕੋਈ ਇਸ ‘ਤਖਤ’  ਨੂੰ ਢਾਹੁਣਾ ਚਾਹੁੰਦਾ ਹੈ ਕੇਵਲ ਇਮਾਰਤ ਨੂੰ ਢਾਹ ਕੇ ਸਮਝਦਾ ਹੈ ਕਿ ‘ਅਕਾਲ ਤਖਤ’ ਢਾਹ ਦਿੱਤਾ।ਪਰ ਬਿਲਡਿੰਗ ਫੇਰ ਖੜ੍ਹੀ ਹੋ ਜਾਂਦੀ ਹੈ।ਇਸ ਲਈ ਇਸ ਦੀ ਵਿਰੋਧਤਾ ਕਰਨ ਵਾਲਿਆਂ ਨੇ ਸੋਚਿਆ ਕਿ ਜਿੰਨੀ ਦੇਰ ਇਸ ਦੀਆਂ ਜੜਾਂ, ਇਸ ਦੇ ਸੰਕਲਪ ਨੂੰ ਢਾਹ ਨਹੀਂ ਲਾਈ ਜਾਂਦੀ ਓਨੀ ਦੇਰ ਇਸ ਦਾ ਖਾਤਮਾ ਮੁਸ਼ਕਿਲ ਹੈ।
ਸੋ ਇਸ ਮਕਸਦ ਨਾਲ ਕੁੱਝ ਲੋਕਾਂ ਵੱਲੋਂ ਜਾਣੇ ਅਨਜਾਣੇ ਅੱਜ ਇਸ ਦੀ ਬੁਨਿਆਦ, ਇਸ ਦੇ ਸੰਕਲਪ ਸੰਬੰਧੀ ਹੀ ਭੁਲੇਖੇ ਖੜੇ ਕਰਕੇ ਆਮ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।
ਅਕਾਲ ਤਖਤ ਦੇ ਖਾਤਮੇ ਲਈ ਸਭ ਤੋਂ ਪਹਿਲਾ ਭੁਲੇਖਾ ਇਸ ਦੇ ਨਾਮ ਬਾਰੇ ਖੜਾ ਕੀਤਾ ਜਾ ਰਿਹਾ ਹੈ।ਇਸ ਸੰਬੰਧੀ ਗੁਰਬਾਣੀ ਉਦਾਹਰਣਾਂ ਪੇਸ਼ ਕਰਕੇ ਪ੍ਰਚਾਰਿਆ ਜਾ ਰਿਹਾ ਹੈ ਕਿ “ਅਕਾਲ ਤਖਤ’ ਦਾ ਅਰਥ ਹੈ ‘ਅਕਾਲ ਪੁਰਖ ਦਾ ਤਖਤ’।ਅਤੇ ਕਿਹਾ ਜਾ ਰਿਹਾ ਹੈ ਕਿ ਅਕਾਲ ਪੁਰਖ ਦਾ ਤਖਤ ਕਿਸੇ ਇਕ ਖਾਸ ਥਾਂ ਤੇ ਭੌਤਿਕ ਬਿਲਡਿੰਗ ਨਹੀਂ ਹੋ ਸਕਦਾ।ਅਤੇ ਸਿੱਖ ਨੇ ਕਿਸੇ ਦੁਨਿਆਵੀ ਤਖਤ ਤੋਂ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਣੀ ਹੈ।
ਇਸ ਸੰਬੰਧੀ ਇਨ੍ਹਾਂ ਲੋਕਾਂ ਨੂੰ ਇਹ ਯਾਦ ਰਖਣ ਦੀ ਲੋੜ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਅੰਦਰ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਏ ਹੋਣ ਦੇ ਬਾਵਜੂਦ ਇਸ ਤੋਂ ਵੱਖਰਾ ਤਖਤ ਹੋਂਦ ਵਿੱਚ ਲਿਆਂਦਾ ਸੀ ਇਸ ਗੱਲ ਤੋਂ ਤਾਂ ਅਕਾਲ ਤਖਤ ਦਾ ਖਾਤਮਾ ਲੋਚਦੇ ਅਜੋਕੇ ਵਿਦਵਾਨ ਵੀ ਇਨਕਾਰੀ ਨਹੀਂ ਹਨ।ਸਿੱਖ ਨੇ ਅਧਿਆਤਮਕਤਾ ਸੰਬੰਧੀ ਹਰ ਸੇਧ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਹੈ ਅਤੇ ਸਿੱਖ ਪੰਥ ਨਾਲ ਜੁੜੇ ਮਸਲਿਆਂ ਸੰਬੰਧੀ ਸੇਧ ਅਕਾਲ ਤਖਤ ਤੇ ਇਕੱਥੇ ਹੋਏ ਵਿਦਵਾਨਾਂ ਦੁਆਰਾ ਵਿਚਾਰ ਵਿਮਰਸ਼ ਕਰਕੇ ਕੀਤੇ ਗਏ ਫੈਸਲਿਆਂ ਤੋਂ।ਜੇ ਸਿੱਖ ਨੇ ਪੰਥਕ ਮਸਲਿਆਂ ਸੰਬੰਧੀ ਵੀ ਹਰ ਕਿਸਮ ਦੀ ਸੇਧ ਗੁਰੂ ਗ੍ਰੰਥ ਸਾਹਿਬ ਤੋਂ ਹੀ ਲੈਣੀ ਹੈ ਤਾਂ ਗੁਰੂ ਸਾਹਿਬ ਨੂੰ ਵੱਖਰਾ ਤਖਤ ਬਨਾਉਣ ਦੀ ਕੀ ਜਰੂਰਤ ਸੀ? ਦਰਬਾਰ ਸਾਹਿਬ ਅਤੇ ਅਕਾਲ ਤਖਤ ਦੇ ਫ਼ਰਕ ਨੂੰ ਸਮਝਣ ਦੀ ਜਰੂਰਤ ਹੈ।ਗੁਰੂ ਗ੍ਰੰਥ ਸਾਹਿਬ ਦਾ ਸੰਕਲਪ ਅਤੇ ਉਪਦੇਸ਼ ਆਪਣੇ ਥਾਂ ਹੈ, ਅਤੇ ਅਕਾਲ ਤਖਤ ਦਾ ਆਪਣੇ ਥਾਂ।ਦੋਨੋਂ ਸੰਕਲਪ ਆਪੋ ਆਪਣੇ ਥਾਂ ਵੱਖਰੇ ਵੱਖਰੇ ਵੀ ਹਨ ਪਰ ਆਪਸ ਵਿੱਚ ਜੁੜੇ ਹੋਏ ਵੀ।ਜਿਵੇਂ ਮਨੁੱਖ ‘ਆਤਮਾ ਅਤੇ ਸਰੀਰ’ ਦਾ ਸੁਮੇਲ ਹੈ।ਆਤਮਾ ਦੀਆਂ ਜਰੂਰਤਾਂ ਅਤੇ ਮਹੱਮਤਾ ਆਪਣੇ ਥਾਂ ਵੱਖਰੇ ਹਨ ਅਤੇ ਸਰੀਰ ਦੇ ਵੱਖਰੇ।
ਪਰ ਦੋਨਾਂ ਦੀਆਂ ਜਰੂਰਤਾਂ ਅਤੇ ਮਹੱਤਤਾਵਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ।ਅਕਾਲ ਤਖਤ, ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਪੰਥ ਦੀ ਹਿਫਾਜਤ ਅਤੇ ਚੜ੍ਹਦੀ ਕਲਾ
ਲਈ ਪਹਿਰੇਦਾਰ ਅਤੇ ਖੇਤ ਦੁਆਲੇ ਵਾੜ ਦੀ ਨਿਆਈਂ ਹੈ। ਇਕ ਗਲ ਹੋਰ ਸਮਝਣ ਦੀ ਜਰੂਰਤ ਹੈ ਕਿ ਅਕਾਲ ਤਖਤ ਨਾ ਤਾਂ ਸਿਰਫ ਖਾਸ ਬਿਲਡਿੰਗ ਕਰਕੇ ਅਕਾਲ ਤਖਤ ਹੈ, ਨਾ ਕਿਸੇ ਖਾਸ ਸਥਾਨ ਕਰਕੇ ਅਤੇ ਨਾ ਹੀ ਇਸ ਦਾ ਨਾਮ ਅਕਾਲ ਤਖਤ ਹੋਣ ਕਰਕੇ ਅਕਾਲ ਤਖਤ ਹੈ।ਅਕਾਲ ਤਖਤ ਆਪਣੇ ਸੰਕਲਪ ਅਤੇ ਸਿਧਾਂਤ ਕਰਕੇ ਅਕਾਲ ਤਖਤ ਹੈ।ਇਸ ਨਾਲ ਲਫਜ਼ ‘ਅਕਾਲ’ ਜੁੜੇ ਹੋਣ ਨਾਲ ਵੀ ਇਸ ਭੁਲੇਖੇ ਵਿੱਚ ਨਹੀਂ ਪੈਣਾ ਚਾਹੀਦਾ ਅਤੇ ਇਸ ਦੇ ਇਹ ਅਰਥ ਨਹੀਂ ਕਢਣੇ ਚਾਹੀਦੇ ਕਿ ਪਰਮਾਤਮਾ ਦੇ ਬੈਠਣ ਦਾ ਤਖਤ।ਅਕਾਲ ਤਖਤ ਲਈ ਅਕਾਲ ਲਫਜ਼ ਤਾਂ ਸਿਰਫ ਇਸ ਦੇ ਨਾਮ ਵਜੋਂ ਹੀ ਵਰਤਿਆ ਗਿਆ ਹੈ।ਮਹਾਨ ਕੋਸ਼ ਅਨੁਸਾਰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਮੁਢਲੇ ਤੌਰ ਤੇ ਇਸ ‘ਤਖਤ’ ਦਾ ਨਾਮ ‘ਅਕਾਲ ਬੁੰਗਾ’ ਹੈ।ਅਤੇ ਇਹ ਤਖਤ ਹੋਣ ਕਰਕੇ ਇਸ ਦਾ ਨਾਮ ‘ਤਖਤ ਅਕਾਲ ਬੁੰਗਾ’ ਜਾਂ ਸਿੱਧਾ ਹੀ ‘ਅਕਾਲ ਤਖਤ’ ਪ੍ਰਚੱਲਤ ਹੈ।
ਅਜੋਕੇ ਸਮੇਂ ਕੁਝ ਲੋਕਾਂ ਨੇ ਜਿਵੇਂ ਹਰ ਹਾਲਤ ਵਿੱਚ ਇਸ ਦਾ ਖਾਤਮਾ ਹੀ ਮਿਥਿਆ ਹੋਵੇ।ਹਰ ਸਹੀ ਦਲੀਲ, ਹਰ ਸਬੂਤ ਨੂੰ ਵੀ ਰੱਦ ਕਰਕੇ ਮੁੱਢੋਂ ਹੀ ਇਸ ਦੇ ਖਾਤਮੇ ਲਈ ਸੰਘਰਸ਼-ਰਤ ਹਨ।ਮੌਜੂਦਾ ਸਮੇਂ ਇਸ ਵਿਸ਼ੇ ਸੰਬੰਧੀ ਚੱਲ ਰਹੀਆਂ ਵਿਚਾਰਾਂ ਅਧੀਨ ਇਕ ਵਿਦਵਾਨ ਸੱਜਣ ਪੁਰਾਤਨ ਤਸਵੀਰਾਂ ਅਤੇ ਸਿੱਕਿਆਂ ਦੇ ਸਬੂਤ ਅਤੇ ਦਲੀਲਾਂ ਸਮੇਤ ਸਾਰੇ ਤੱਥ ਸਾਹਮਣੇ ਲਿਆ ਰਹੇ ਹਨ, ਪਰ ਜਿਨ੍ਹਾਂ ਲੋਕਾਂ ਨੇ ਅਕਾਲ ਤਖਤ ਦਾ ਹਰ ਹਾਲ ਵਿੱਚ ਖਾਤਮਾ ਮਿਥਿਆ ਹੀ ਹੋਇਆ ਹੈ, ਬੇ ਬੁਨਿਆਦ ਘੁੰਡੀਆਂ ਕਢ ਕਢ ਕੇ ਆਪਣਾ ਝੂਠਾ ਪੱਖ ਸਹੀ ਸਾਬਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ।
ਅਜੋਕੇ ਸਮੇਂ ਵੀ ਸਿੱਖ ਪੰਥ ਨਾਲ ਜੁੜੇ ਅੰਦਰੂਨੀ ਅਤੇ ਬਾਹਰਲੇ ਅਨੇਕਾਂ ਮਸਲੇ ਹਨ।ਜਿਨ੍ਹਾਂਨੂੰ ਸਿੱਖਾਂ ਦੇ ਇਕ ਕੇਂਦਰੀ ਸਥਾਨ ਤੋਂ ਹੀ ਸੁਲਝਾਇਆ ਜਾਣਾ ਚਾਹੀਦਾ ਹੈ।ਅਤੇ ਅਕਾਲ ਤਖ਼ਤ ਦੀ ਸਥਾਪਨਾ ਇਸੇ ਮਕਸਦ ਲਈ ਕੀਤੀ ਗਈ ਸੀ।ਮਿਸਾਲ ਦੇ ਤੌਰ ਤੇ ਇਹ ਅਕਾਲ ਤਖਤ ਵਾਲਾ ਹੀ ਮਸਲਾ ਜਾਂ ਸਿੱਖ ਪੰਥ ਨਾਲ ਜੁੜਿਆ ਕੋਈ ਵੀ ਹੋਰ ਮਸਲਾ ਹੋਵੇ।ਕੀ ਦਰਬਾਰ ਸਾਹਿਬ ਅੰਦਰ ਜਿੱਥੇ ਸ਼ਬਦ ਕੀਰਤਨ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ, ਉਸੇ ਸਥਾਨ ਤੇ ਸਿੱਖ ਬੈਠ ਕੇ ਸਿੱਖ ਪੰਥ ਨਾਲ ਜੁੜੇ ਮਸਲਿਆਂ ਬਾਰੇ ਵਿਚਾਰ ਵਟਾਂਦਰੇ ਕਰ ਸਕਦੇ ਹਨ?
ਨਹੀਂ, ਐਸਾ ਕਰਨਾ ਗੁਰਮਤਿ ਅਨੁਸਾਰੀ ਵੀ ਨਹੀਂ ਹੈ।ਹੋਣਾ ਤਾਂ ਇਹ ਚਾਹੀਦਾ ਸੀ ਕਿ ਸਿੱਖ ਪੰਥ ਦੇ ਸੁਲਝੇ, ਇਮਾਨਦਾਰ ਅਤੇ ਸਿੱਖੀ ਨੂੰ ਪਰਣਾਏ ਹੋਏ ਵਿਦਵਾਨ ਸੱਜਣ ਅਕਾਲ ਤਖਤ ਤੋਂ ਵਿਚਾਰ ਵਿਮਰਸ਼ ਕਰਕੇ ਸਿਖ ਜਗਤ ਨੂੰ ਹਰ ਕਿਸਮ ਦੀ ਸੇਧ ਦਿੰਦੇ।ਜਿਸ ਨੂੰ ਕਿ ਹਰ ਗੁਰਸਿੱਖ ਮੰਨਣ ਵਿੱਚ ਫਖ਼ਰ ਮਹਿਸੂਸ ਕਰਦਾ।ਪਰ ਹੋ ਇਸ ਦੇ ਉਲਟ ਇਹ ਰਿਹਾ ਹੈ ਕਿ ਇਥੇ ਸਿਖ ਵਿਰੋਧੀ ਸਿਆਸੀ ਲੋਕਾਂ ਹੱਥੀ ਵਿਕੇ ਹੋਏ ਲੋਕ ਕਾਬਜ਼ ਹਨ।ਜਿਨ੍ਹਾਂ ਕੋਲ ਇਕ ਆਮ ਸਿੱਖ ਨਾਲੋਂ ਵੀ ਘੱਟ ਸੂਝ ਬੂਝ ਅਤੇ ਗੁਰਮਤਿ ਬਾਰੇ ਜਾਣਕਾਰੀ ਹੈ, ਜਾਂ ਫੇਰ ਸਿਆਸੀ ਲੋਕਾਂ ਹੱਥੀ ਵਿਕੇ ਹੋਣ ਕਰਕੇ ਪੰਥ ਦੇ ਭਲੇ ਲਈ ਰੱਤੀ ਭਰ ਵੀ ਕੰਮ ਨਹੀਂ ਕਰ ਰਹੇ ਬਲਕਿ ਇਥੋਂ ਪੰਥ ਵਿਰੋਧੀ ਕਾਰਵਾਈਆਂ ਹੀ ਹੋ ਰਹੀਆਂ ਹਨ।
ਜੇ ਅੱਜ ਅਕਾਲ ਤਖਤ ਦੀ ਵਿਵਸਥਾ ਵਿੱਚ ਖਰਾਬੀ ਆ ਚੁੱਕੀ ਹੈ ਤਾਂ ਇਸ ਦੇ ਸੁਧਾਰ ਲਈ ਸੋਚਣ ਦੀ ਜਰੂਰਤ ਹੈ।ਨਾ ਕਿ ਇਸ ਦੇ ਬੁਨਿਆਦੀ ਸਿਧਾਂਤ ਅਤੇ
ਸੰਕਲਪ ਨੂੰ ਹੀ ਗ਼ਲਤ ਕਰਾਰ ਦੇ ਕੇ ਇਸ ਤੋਂ ਛੁਟਕਾਰਾ ਪਾਉਣ ਦੀ।ਯਾਦ ਰੱਖਣਾ ਚਾਹੀਦਾ ਹੈ ਕਿ ‘ਅਕਾਲ ਤਖਤ’ ਦੇ ਪ੍ਰਬੰਧ ਅਤੇ ਇਸ ਦੀ ਵਰਤੋਂ ਵਿੱਚ ਖਰਾਬੀ ਆਈ ਹੈ, ਇਸ ਦੇ ਬੁਨਿਆਦੀ ਸੰਕਲਪ ਅਤੇ ਸਿਧਾਂਤ ਵਿੱਚ ਨਹੀਂ। ਕੀ ਅੱਜ ਸਿੱਖਾਂ ਵਿੱਚ ਕੋਈ ਮਸਲੇ ਨਹੀਂ ਹਨ? ਸਿੱਖਾਂ ਨੂੰ ਇੱਕ ਸਾਂਝੀ ਸੇਧ ਦੀ ਜਰੂਰਤ ਨਹੀਂ? ਜੇ ਹੈ ਤਾਂ ਉਹ ਸੇਧ ਕਿੱਥੋਂ ਮਿਲ ਸਕਦੀ ਹੈ? ਕੀ ਸਿਖ ਪੰਥ ਸੰਬੰਧੀ ਮਸਲਿਆਂ ਦੀਆਂ ਵਿਚਾਰਾਂ ਲਈ ਇੱਕ ਕੇਂਦਰੀ ਧੁਰਾ, ਕੇਂਦਰੀ ਸਥਾਨ ਨਹੀਂ ਹੋਣਾ ਚਾਹੀਦਾ? ਅਕਾਲ ਤਖਤ ਦੇ ਸੰਕਲਪ ਨੂੰ ਮੁੱਢੋਂ ਹੀ ਰੱਦ ਕਰਨ ਵਾਲੇ ਇਕ ਲੇਖਕ ਜੀ ਲਿਖਦੇ ਹਨ-
“ਗੁਰੂ ਸਾਹਿਬ ਤਾਂ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਤੌਰ ਤੇ ਸਾਨੂੰ ਅਗਵਾਈ ਦੇਣ ਹਿਤ ਸਾਡੇ ਵਿੱਚ ਮੌਜੂਦ ਹੈ।ਸੋ ਅੱਜ ਵੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉੱਥੇ ਹੀ ਤਖਤ ਮੌਜੂਦ ਹੈ।ਗੁਰੂ ਜੀ ਨੂੰ ਕਿਸੇ ਨਕਲੀ ਤਖਤ ਦੀ ਲੋੜ ਨਹੀਂ”।
ਇਸ ਸੰਬੰਧੀ ਜਦੋਂ ਇਸ ਵਿਦਵਾਨ ਜੀ ਤੋਂ ਪੁੱਛਿਆ ਗਿਆ ਕਿ- ‘ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਾਂ ਬਾਬਿਆਂ ਦੇ ਡੇਰਿਆ ਤੇ ਵੀ ਹੈ।ਤਾਂ ਕੀ ਬਾਬਿਆਂ ਦੇ ਡੇਰਿਆਂ ਤੋਂ ਸਿੱਖ ਨੇ ਅਗਵਾਈ ਲੈਣੀ ਹੈ? (ਗੁਰੂ) ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਾਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਉਸ ਵਕਤ ਵੀ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ “ਅਕਾਲ ਤਖਤ” ਦੀ ਸਥਾਪਨਾ ਕੀਤੀ ਸੀ।ਜਿਸ ਨੂੰ ਤੁਸੀਂ ਨਕਲੀ ਤਖਤ ਨਾਮ ਦਿੱਤਾ ਹੈ, ਤਾਂ ਫਿਰ ਗੁਰੂ ਸਾਹਿਬ ਨੂੰ ਇਹ ‘ਨਕਲੀ ਤਖਤ’ ਸਥਾਪਤ ਕਰਨ ਦੀ ਕੀ ਜਰੂਰਤ ਸੀ? ਇਸ ਸਵਾਲ ਦਾ ਜਵਾਬ ਵਿਦਵਾਨ ਸੱਜਣ ਜੀ ਕੋਲ ਕੋਈ ਨਹੀਂ ਸੀ।
ਬੜੀ ਹੈਰਾਨੀ ਦੀ ਗੱਲ ਹੈ ਕਿ ਕੁਝ ਲੋਕ ਇੱਕ ਪਾਸੇ ਤਾਂ ਅਕਾਲ ਤਖਤ ਜਿੱਥੇ ਕਿ ਮਿਲ ਬੈਠ ਕੇ ਸਿੱਖਾਂ ਨੇ ਵਿਚਾਰਾਂ ਕਰਨੀਆਂ ਹਨ, ਇਸ ਦੇ ਖਾਤਮੇ ਲਈ ਪ੍ਰਚਾਰ ਕਰ ਰਹੇ ਹਨ ਅਤੇ ਦੂਜੇ ਪਾਸੇ ਖੁਦ ਜੱਥੇਬੰਦ ਹੋਣ ਦਾ ਹੋਕਾ ਦੇ ਰਹੇ ਹਨ। ਇਸੇ ਤਰ੍ਹਾਂ ਦੇ ਇਕ ਲੇਖਕ ਜੀ ਲਿਖਦੇ ਹਨ-
“ਇੰਜ ਪ੍ਰਤੀਤ ਹੋ ਰਿਹਾ ਹੈ ਕਿ 110 ਸਾਲ ਬਾਅਦ ਇੱਕ ਅਗਿਆਤ/ ਗੁਮਨਾਮ ਕਵੀ ਵੱਲੋਂ 1718 ਈ: ਦੇ ਨੇੜੇ-ਤੇੜੇ ਲਿਖੀ ਇੱਕ ਕਿਤਾਬ “ਗੁਰ ਬਿਲਾਸ ਪਾਤਸ਼ਾਹੀ 6’ ਅਨੁਸਾਰ ਹੀ ‘ਅਕਾਲ ਤਖਤ’ਦੀ ਹੋਂਦ ਨੂੰ ਮਾਣਤਾ ਦਿੱਤੀ ਹੋਈ ਹੈ।…. ‘ਅਕਾਲ ਪੁਰਖ’ ਸਾਰੀ ਸ੍ਰਿਸ਼ਟੀ ਅਤੇ ਹਰ ਥਾਂ ਵਿਖੇ ਵਿਚਰਦਾ ਹੈ, ‘ਉਸ ਦੀ ਹੋਂਦ ਨੂੰ’ ਕਿਸੇ ਇੱਕ ਜਗਹ ਨਹੀਂ ਥਾਪਿਆ ਜਾ ਸਕਦਾ।….‘ਅਕਾਲ ਤਖਤ ਦੀ ਹੋਂਦ ਨੂੰ ਕਿਸੇ ‘ਇਮਾਰਤ’ ਨਾਲ ਨਹੀਂ ਜੋੜਿਆ ਜਾ ਸਕਦਾ ਅਤੇ ਨਾ ਹੀ ਐਸੇ ਕਿਸੇ ਪ੍ਰਬੰਧਕ ਨੂੰ ਸਿੱਖਾਂ ਦਾ ਸਭ ਤੋਂ ਉੱਚਾ ਅਹੁਦੇਦਾਰ ਥਾਪਿਆ ਜਾ ਸਕਦਾ ਹੈ ਕਿਉਂਕਿ ਹਰੇਕ ਸਿੱਖ ਲਈ “ਗੁਰੂ ਗ੍ਰੰਥ ਸਾਹਿਬ” ਹੀ ਸਭ ਤੋਂ ਸ੍ਰੇਸ਼ਟ ਪਦਵੀ ਹੈ।… ਕੀ ਕੋਈ ਕਮੇਟੀ, ਜੱਥੇਬੰਦੀ, ਸੰਸਥਾ, ਸਿੱਖ ਪ੍ਰਚਾਰਕ ਜਾਂ ਲੇਖਕ ਇਹ ਜਾਣਕਾਰੀ ਦੇਣ ਦੀ ਖ਼ੇਚਲ ਕਰੇਗਾ ਕਿ 1469 ਤੋਂ ਲੈ ਕੇ 1606 ਈਸਵੀ ਤੱਕ ‘ਅਕਾਲ ਤਖਤ’ ਦੀ ਹੋਂਦ ਕਿੱਥੇ ਸੀ ਜਾਂ ਕੀ ‘ਅਕਾਲ ਪੁਰਖ’ ਸਿਰਫ ਸਿੱਖਾਂ ਦਾ ਹੀ ਹੈ, ਜਿਸ ਦਾ ਤਖਤ ਅੰਮ੍ਰਿਤਸਰ ਵਿਖੇ ਹੀ ਬਣਾਇਆ ਗਿਆ ਹੈ?... ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣ ਕਰਕੇ ਇਸ ਸਥਾਨ (ਅਕਾਲ ਤਖਤ) ਨੂੰ ਵੀ ਦੂਜੇ ਗੁਰਦੁਆਰਿਆਂ ਵਾਂਗ, ਗੁਰਦੁਆਰਾ ਹੀ ਸਮਝਣਾ ਚਾਹੀਦਾ ਹੈ”।
ਇਸ ਲਿਖਤ ਤੋਂ ਕੁਝ ਦਿਨਾਂ ਪਿੱਛੋਂ ਇਹੀ ਲੇਖਕ ਜੀ ਲਿਖਦੇ ਹਨ-
“ਬੇਨਤੀ ਹੈ ਕਿ ਸਾਰੀ ਸਿੱਖ ਕੌਮ ‘ਗੁਰੂ ਗਰੰਥ ਸਾਹਿਬ’ ਦੇ ਉਪਦੇਸ਼ਾਂ ਨੂੰ ਗ੍ਰਹਿਣ ਕਰਕੇ ‘ਇੱਕ ਬਸੰਤੀ ਨਿਸ਼ਾਨ ਸਾਹਿਬ (ਯੳਨਟਹਚਿ ਚੋਲੋੁਰ ਡਲੳਗ) ਥੱਲੇ’ ਇਕੱਠੇ ਹੋ ਜਾਣ ਤਾਂ ਜੋ ਅਸੀਂ ਆਪਣੇ ਸਿੱਖ ਵਿਰਸੇ ਨੂੰ ਚੜ੍ਹਦੀ ਕਲਾ ਵਿੱਚ ਕਾਇਮ ਰੱਖ ਸਕੀਏ”।
ਵਿਚਾਰ- ਲਗਦਾ ਹੈ ਕਿ ਇਸ ਤਰ੍ਹਾਂ ਦੀ ਸੋਚਣੀ ਵਾਲੇ ਲੋਕਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਸਥਾਪਤ ਕੀਤੇ ਅਕਾਲ ਤਖਤ ਦੇ ਸਿਧਾਂਤ ਅਤੇ ਸੰਕਲਪ ਨੂੰ ਸਮਝੇ ਬਿਨਾ ਹੀ ਇਸ ਨੂੰ ਖਤਮ ਕਰਨ ਦਾ ਪ੍ਰਚਾਰ ਅਰੰਭਿਆ ਹੋਇਆ ਹੈ।
ਇਹ ਲੋਕ ‘ਅਕਾਲ ਤਖਤ’ ਨੂੰ ‘ਅਕਾਲ ਪੁਰਖ ਦਾ ਤਖਤ’ ਅਰਥ ਕਰਨ ਕਰਕੇ ਭੁਲੇਖੇ ਵਿੱਚ ਪਏ ਲੱਗਦੇ ਹਨ।ਜਦਕਿ ਅਕਾਲ ਪੁਰਖ ਦਾ ਤਖਤ ਅਤੇ ਨਿਆਂ ਮਨੁੱਖ ਦੇ ਕੀਤੇ ਕਰਮਾਂ ਅਤੇ ਕਰਮ ਫਲ਼ ਨਾਲ ਸੰਬੰਧ ਰੱਖਦਾ ਹੈ, ਅਤੇ ਅੰਮ੍ਰਿਤਸਰ ਵਿਖੇ ਸਥਾਪਤ ਅਕਾਲ ਤਖਤ ਸਿੱਖ ਜਗਤ ਨਾਲ ਸੰਬੰਧਤ ਵਿਸ਼ਿਆਂ ਅਤੇ ਮਸਲਿਆਂ ਬਾਰੇ ਵਿਚਾਰ ਵਟਾਂਦਰੇ ਕਰਨ ਦਾ ਕੇਂਦਰ ਹੈ। ਜਿਹੜੇ ਲੋਕ ਇਸ ਤਰ੍ਹਾਂ ਦੇ ਸਵਾਲ ਖੜੇ ਕਰਦੇ ਹਨ ਕਿ 1469 ਤੋਂ 1606 ਈਸਵੀ ਤੱਕ ਅਕਾਲ ਤਖਤ ਦੀ ਹੋਂਦ ਕਿੱਥੇ ਸੀ।ਉਹ ਸਿੱਖੀ ਸਿਧਾਂਤਾਂ ਤੋਂ ਅਨਜਾਣ ਜਾਂ ਖੁੰਝੇ ਹੋਏ ਲੱਗਦੇ ਹਨ।ਵਰਨਾ ਉਨ੍ਹਾਂ ਦੇ ਇਸ ਸਵਾਲ ਨਾਲ ਤਾਂ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਅਕਾਲ ਤਖਤ ਦੀ ਹੋਂਦ ਦੀ ਗਵਾਹੀ ਹੋਰ ਵੀ ਪੱਕੀ ਹੋ ਜਾਂਦੀ ਹੈ।ਸਨ 1469 (ਗੁਰੂ ਨਾਨਕ ਦੇਵ ਜੀ ਦੇ ਜਨਮ) ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਸਮੇਂ ਤੱਕ ਸਿੱਖ ਧਰਮ ਵਿੱਚ ਬਾਹਰਲਾ ਕੋਈ ਸਰਕਾਰੀ ਜਾਂ ਗੈਰ ਸਰਕਾਰੀ ਦਖਲ ਨਹੀਂ ਸੀ।ਪਰ ਗੁਰੂ ਅਰਜਨ ਦੇਵ ਜੀ ਦੇ ਸਮੇਂ ਇਸ ਵਿੱਚ ਸਮੇਂ ਦੀ ਸਰਕਾਰ ਦਾ ਦਖਲ ਸ਼ੁਰੂ ਹੋ ਗਿਆ ਸੀ।ਜਿਸ ਕਰਕੇ ਗੁਰੂ ਸਾਹਿਬ ਨੂੰ ਸ਼ਹੀਦ ਹੋਣਾ ਪਿਆ।ਇਸੇ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਰਬਾਰ ਸਾਹਿਬ ਦੇ ਸਾਹਮਣੇ ਅਤੇ ਬਿਲਕੁਲ ਇਸ ਦੇ ਕੋਲ ਹੀ ਵੱਖਰੇ ਅਕਾਲ ਤਖਤ ਦੀ ਸਥਾਪਨਾ ਕੀਤੀ ਸੀ।ਜਿੱਥੋਂ ਸਿੱਖ ਜੱਥੇਬੰਦੀ ਨਾਲ ਸੰਬੰਧਤ ਮਸਲਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਜਾ ਸਕਣ
 ਇਹ ਲੋਕ ਇਕ ਝੰਡੇ ਥੱਲੇ ਇਕੱਠੇ ਹੋਣ ਦੀ ਗੱਲ ਕਰ ਰਹੇ ਹਨ।ਉਸ ਇਕ ਝੰਡੇ ਥੱਲੇ ਇਕੱਠੇ ਹੋਣ ਅਤੇ ਅਕਾਲ ਤਖਤ ਤੇ ਇਕੱਠੇ ਹੋਣ ਵਿੱਚ ਕੀ ਫਰਕ ਹੈ?ਗੱਲ ਤਾਂ ਇਹ ਲੋਕ ਵੀ ਇਕੱਠੇ ਹੋਣ ਦੀ ਹੀ ਕਰਦੇ ਹਨ।ਤਾਂ ਫੇਰ ਇਹ ਲੋਕ ਅਕਾਲ ਤਖਤ ਦੇ ਮੁਢਲੇ ਸਿਧਾਂਤ ਨੂੰ ਕਿਉਂ ਰੱਦ ਕਰਨ ਲਈ ਆਮ ਸਿੱਖਾਂ ਨੂੰ ਭੁਲੇਖੇ ਵਿੱਚ ਪਾਣ ਦੀ ਕੋਸ਼ਿਸ਼ ਕਰ ਰਹੇ ਹਨ?
ਕਿਉਂ ਇਹ ਕਹਿਕੇ ਸਿੱਖਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਕਿ ਗੁਰਬਾਣੀ ਅਨੁਸਾਰ ਕੋਈ ‘ਇਕ ਥਾਂ’ ਤਖਤ ਨਹੀਂ ਹੋ ਸਕਦਾ, ਜਦਕਿ ਖੁਦ ਇਕ ਥਾਂ ਇਕੱਠੇ ਹੋਣ ਦਾ ਸੱਦਾ ਦੇ ਰਹੇ ਹਨ? ਇਥੇ ਪਾਠਕ ਕਿਸੇ ਭੁਲੇਖੇ ਵਿੱਚ ਨਾ ਰਹਿਣ; ਜਿਸ ਤਰ੍ਹਾਂ ਕਿ ਉੱਪਰ ਦੱਸਿਆ ਜਾ ਚੁਕਾ ਹੈ ਕਿ ‘ਅਕਾਲ ਤਖਤ’ ਨਾ ਤਾਂ ਕੋਈ ਖਾਸ ਬਿਲਡਿੰਗ ਕਰਕੇ ਅਕਾਲ ਤਕਤ ਹੈ, ਨਾ ਕੋਈ ਖਾਸ ਸਥਾਨ ਕਰਕੇ ਅਤੇ ਨਾ ਹੀ ਅਕਾਲ ਤਖਤ ਨਾਮ ਹੋਣ ਕਰਕੇ।ਅਕਾਲ ਤਖਤ ਆਪਣੇ ਸੰਕਲਪ ਅਤੇ ਸਿਧਾਂਤ ਕਰਕੇ ਅਕਾਲ ਤਖਤ ਹੈ।ਜੋ ਕਿ ਖੁਦ ਗੁਰੂ ਸਾਹਿਬ ਦੁਆਰਾ ਸਥਾਪਿਤ ਕੀਤਾ ਗਿਆ ਸੀ।
ਇਸ ਨੁਕਤਾ ਨਿਗਾਹ ਤੋਂ ਸੋਚਣ ਦੀ ਜਰੂਰਤ ਹੈ ਕਿ ਜੇ ਅੱਜ ਗੁਰੂੁ ਸਾਹਿਬ ਦੁਆਰਾ ਬਖਸ਼ੇ ਤਖਤ ਉੱਤੇ ਸਿੱਖ ਵਿਰੋਧੀ ਤਾਕਤਾਂ ਦਾ ਕਬਜਾ ਹੈ ਤਾਂ ਇਸ ਨੂੰ ਕਿਵੇਂ ਉਨ੍ਹਾਂ ਤੋਂ ਆਜ਼ਾਦ ਕਰਵਾਇਆ ਜਾ ਸਕਦਾ ਹੈ?
ਬੇਸ਼ੱਕ ਸਿਖ ਕੌਮ ਨੂੰ ਇਕ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ ਹੈ ਪਰ ‘ਅਕਾਲ ਤਖਤ’ ਦੇ ਸੰਕਲਪ ਅਤੇ ਸਿਧਾਂਤ ਨੂੰ ਰੱਦ ਕਰਕੇ ਨਹੀਂ ਬਲਕਿ ਸਿੱਖ ਜਗਤ ਨੂੰ ਇਸ ਗੱਲੋਂ ਸੁਚੇਤ ਕਰਕੇ ਕਿ ਅਕਾਲ ਤਖਤ ਤੇ ਸਿੱਖ ਮਾਰੂ ਤਾਕਤਾਂ ਦਾ ਕਬਜ਼ਾ ਹੈ, ਜੋ ਕਿ ਅਕਾਲ ਤਖਤ ਦੀ ਦੁਰ-ਵਰਤੋਂ ਕਰਕੇ ਸਿੱਖੀ ਦਾ ਘਾਣ ਕਰ ਰਹੇ ਹਨ।ਇਸ ਲਈ ਇਸ ਦੇ ਵਿਕਲਪ ਵਜੋਂ ਨਵਾਂ ਕਦਮ ਪੁੱਟਿਆ ਜਾ ਰਿਹਾ ਹੈ। ਅਸਲ ਵਿੱਚ ਅਕਾਲ ਤਖਤ ਦੀ ਵਿਵਸਥਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਇਸ ਸੰਬੰਧੀ ਥੋੜ੍ਹੇ ਜਿਹੇ ਲਫਜ਼ਾਂ ਵਿੱਚ ਇਕ ਵਿਦਵਾਨ ਸੱਜਣ ਜੀ ਦੇ ਵਿਚਾਰ ਪੇਸ਼ ਹਨ:- “ਅੱਜ ਫਿਰ ਸਾਨੂੰ ਅਕਾਲ ਤਖਤ ਨੂੰ ਓਸੇ ਰੂਪ ਵਿਚ ਸੁਰਜੀਤ ਕਰਨ ਦੀ ਲੋੜ ਹੈ, ਜਿਸ ਤੇ ਸਿੱਖਾਂ ਦੇ ਸਮੂਹਕ ਫੈਸਲੇ ਹੋਣ।ਜਿਵੇਂ ਇਹ ਫੈਸਲੇ (ਜਿਸ ਨੂੰ ਸਿੱਖਾਂ ਲਈ ਅਕਾਲ ਤਖਤ ਤੋਂ ਪਰਸਾਰਤ ਕੀਤੇ ਜਾਣ ਦਾ ਵਿਧਾਨ ਸੀ) ਸਿੱਖਾਂ ਲਈ ਹੁਕਮਨਾਮੇ ਦੀ ਹੈਸੀਅਤ ਰੱਖਣ, ਜਿਸ ਦੀ ਉਲੰਘਣਾ ਕਰਨ ਦੀ ਕੋਈ ਵੀ ਸਿੱਖ ਕੋਸ਼ਿਸ਼ ਨਾ ਕਰੇ।
ਪਰ ਇਹ ਤਦ ਹੀ ਸੰਭਵ ਹੈ ਜਦ ਅਕਾਲ ਤਖਤ ਦਾ ਜਥੇਦਾਰ ਅਲੌਕਿਕ ਸ਼ਕਤੀਆਂ ਨਾਲ ਲੈਸ ਕੋਈ ਚਮਤਕਾਰੀ ਪੁਰਸ਼ ਨਾ ਹੋ ਕੇ ਪੰਥ ਦਾ ਬੁਲਾਰਾ ਮਾਤ੍ਰ ਹੋਵੇ।ਜੋ ਪੰਥ ਵਲੋਂ ਕੀਤੇ ਫੈਸਲਿਆਂ ਜਾਂ ਪੰਥਿਕ ਵਿਦਵਾਨਾਂ ਵਲੋਂ, ਕਿਸੇ ਖਾਸ ਮੁਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੀ ਰੌਸ਼ਨੀ ਵਿਚ ਕੀਤੇ ਫੈਸਲੇ ਨੂੰ, ਅਕਾਲ ਤਖਤ ਤੋਂ ਪੰਥ ਲਈ ਪਰਸਾਰਤ ਕਰਨ ਦਾ ਅਧਿਕਾਰੀ ਹੋਵੇ।ਜੋ ਪੰਥ ਲਈ ਹਊਆ ਹੋਣ ਦੀ ਥਾਂ, ਪੰਥ ਦਾ ਇਕ ਅੰਗ ਮਾਤ੍ਰ ਹੋਵੇ।ਅਤੇ ਪੰਥਿਕ ਨੁਮਾਇੰਦਿਆਂ ਵਿਚ ਵੀ ਏਨਾ ਆਤਮ ਵਿਸ਼ਵਾਸ ਹੋਵੇ ਕਿ ਉਹ ਸਚਾਈ ਤੇ ਪਹਿਰਾ ਦਿੰਦੇ, ਭਰੀ ਸਭਾ ਵਿਚ, ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਆਖਣ ਦੀ ਹਿੱਮਤ ਰਖਦੇ ਹੋਣ” ।
ਸੋ ਸਾਨੂੰ ਇਹ ਫਰਕ ਸਮਝਣ ਅਤੇ ਚੇਤੇ ਰੱਖਣ ਦੀ ਜਰੂਰਤ ਹੈ ਕਿ ਗੁਰਬਾਣੀ ਵਿੱਚ ਆਏ ਸ਼ਬਦ “ਤਖਤ” ਅਤੇ ਗੁਰੂ ਹਰਗੋਬਿੰਦ ਸਾਹਿਬ ਦੁਆਰਾ ਸਥਾਪਿਤ ਕੀਤੇ ਗਏ ਤਖਤ ‘ਅਕਾਲ ਬੁੰਗਾ’ ਜਿਸ ਨੂੰ ਕਿ ਅੱਜ ਕਲ੍ਹ ‘ਅਕਾਲ ਤਖਤ’ ਨਾਮ ਨਾਲ ਜਿਆਦਾ ਜਾਣਿਆ ਜਾਂਦਾ ਹੈ, ਦੋਨਾਂ ਵਿੱਚ ਫਰਕ ਹੈ।ਗੁਰਬਾਣੀ ਵਿੱਚ ਆਏ ਤਕਤ ਦਾ ਸੰਬੰਧ ਅਕਾਲ ਪੁਰਖ ਨਾਲ ਹੈ ਅਤੇ ਮੌਜੂਦਾ ਅਕਾਲ ਤਖਤ ਦਾ ਸੰਬੰਧ ਸਿੱਖ ਪੰਥ ਨਾਲ ਹੈ।ਇਕ ਤਖਤ ਦਾ ਸੰਬੰਧ ਅਧਿਆਤਮਕਤਾ ਨਾਲ ਹੈ ਅਤੇ ਦੂਜੇ ਦਾ ਪੰਥਕ ਗਤੀ ਵਿਧੀਆਂ ਨਾਲ।ਇਕ ਗੱਲੋਂ ਹੋਰ ਸੁਚੇਤ ਹੋਣ ਦੀ ਜਰੂਰਤ ਹੈ ਕਿ ਮੈਜੂਦਾ ਸਮੇਂ ਅਕਾਲ ਤਖਤ ਤੇ ਇੱਕ ਪਾਸੇ ਬ੍ਰਹਮਣੀ ਸੋਚ ਅਤੇ ਸਿਆਸੀ ਲੋਕਾਂ ਹੱਥੋਂ ਵਿਕੇ ਲੋਕਾਂ ਦਾ ਕਬਜ਼ਾ ਹੈ ਅਤੇ ਦੂਜੇ ਪਾਸੇ ਕੁਝ ਆਪਣੇ ਆਪ ਨੂੰ ਵਿਦਵਾਨ ਅਖਵਾਉਂਦੇ ਲੋਕਾਂ ਵੱਲੋਂ ਇਸ ਨੂੰ ਜੜ ਤੋਂ ਹੀ ਉਖਾੜ ਦੇਣ ਦੀਆਂ ਸਾਜਿਸ਼ਾਂ ਚੱਲ ਰਹੀਆਂ ਹਨ।ਇਸ ਲਈ ਅਕਾਲ ਤਖਤ ਨੂੰ ਸਿੱਖ ਵਿਰੋਧੀ ਕਾਬਜ ਲੋਕਾਂ ਹੱਥੋਂ ਆਜ਼ਾਦ ਕਰਵਾਉਣ ਦੀ ਜਰੂਰਤ ਹੈ ਅਤੇ ਦੂਜੇ ਪਾਸੇ ਜਿਹੜੇ ਮੁਢੋਂ ਹੀ ਇਸ ਦਾ ਖਾਤਮਾ ਚਾਹੁੰਦੇ ਹਨ ਉਨ੍ਹਾਂ ਨਾਲ ਨਜਿੱਠਣ ਦੀ ਜਰੂਰਤ ਹੈ।
(ਨੋਟ: ਪਹਿਲਾਂ ਇਸ ਲੇਖ ਵਿੱਚ ਕੁਝ ਗ਼ਲਤੀਆਂ ਅਤੇ ਕਮੀਆਂ ਰਹਿ ਗਈਆਂ ਸਨ, ਜਿਨ੍ਹਾਂਨੂੰ ਸੋਧ ਕੇ ਲੇਖ ਦੁਬਾਰਾ ਪਾਇਆ ਗਿਆ ਹੈ)।

 ਜਸਬੀਰ ਸਿੰਘ ਵਿਰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.