ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: "ਪੁਰਬਲੇ ਜਨਮ" ਲੇਖ ਬਾਰੇ:-
-: "ਪੁਰਬਲੇ ਜਨਮ" ਲੇਖ ਬਾਰੇ:-
Page Visitors: 2554

-: "ਪੁਰਬਲੇ ਜਨਮ" ਲੇਖ ਬਾਰੇ:-   
ਗੁਰਮਤਿ ਗਿਆਨ ਮਿਸ਼ਨਰੀ ਕਾਲੇਜ ਜਵੱਦੀ ਲੁਧਿਆਣਾ ਦੇ ਪ੍ਰਿੰ: ਗਿਆਨੀ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦੇ "ਪੁਰਬਲੇ ਜਨਮ" ਲੇਖ ਬਾਰੇ ਵਿਚਾਰ-
ਗਿਆਨੀ ਜੀ ਗੁਰਬਾਣੀ ਦੇ ਕਈ ਸੰਕਲਪ ਮੰਨਣ ਤੋਂ ਇਨਕਾਰੀ ਹਨ।ਬੇਸ਼ੱਕ ਕਿਸੇ ਨੂੰ ਵੀ ਕੁਝ ਵੀ ਮੰਨਣ ਜਾਂ ਨਾ ਮੰਨਣ ਦਾ ਪੂਰਾ ਅਧਿਕਾਰ ਹੈ।
ਪਰ ਜਦੋਂ ਗਿਆਨੀ ਜੀ ਗੁਰਮਤਿ ਦੇ ਉਲਟ, ਗੁਰਬਾਣੀ ਦੇ ਅਰਥ ਕਰਕੇ ਉਹਨਾ ਨੂੰ ਗੁਰਮਤਿ ਨਾਮ ਦੇ ਕੇ ਪ੍ਰਚਾਰਦੇ ਹਨ ਤਾਂ ਇਹ ਗੱਲ ਇਤਰਾਜ ਯੋਗ ਹੈ।
ਇਹ ਧੋਖਾ ਅਤੇ ਅਨਮਤੀ ਘੁਸਪੈਠ ਹੈ।ਐਸਾ ਨਹੀਂ ਹੈ ਕਿ ਪੁਰਬ ਜਨਮ ਜਾਂ ਕਰਮ ਸਿਧਾਂਤ ਬਾਰੇ ਗਿਆਨੀ ਜੀ ਨੇ ਲੇਖ ਪਹਿਲੀ ਵਾਰੀਂ ਹੀ ਲਿਖਿਆ ਹੋਵੇ।ਗਿਆਨੀ ਜੀ ਕਈ ਸਾਲਾਂ ਤੋਂ ਗੁਰਮਤਿ ਨੂੰ ਗੁਰਮਤਿ ਦੇ ਉਲਟ ਸਿਧਾਂਤਾਂ ਅਨੁਸਾਰ ਪ੍ਰਚਾਰ ਰਹੇ ਹਨ ਅਤੇ ਬਹੁਤ ਵਾਰੀਂ ਗੁਰਬਾਣੀ ਉਦਾਹਰਣਾਂ ਸਮੇਤ ਇਹਨਾਂ ਨੂੰ ਗ਼ਲਤ ਸਾਬਤ ਵੀ ਕੀਤਾ ਜਾ ਚੁੱਕਾ ਹੈ।ਪਰ ਉਹ ਆਪਣਾ ਰੱਵਈਆ ਨਹੀਂ ਬਦਲ ਰਹੇ।ਇਸ ਪਿੱਛੇ ਉਹਨਾ ਦੀ ਕੀ ਸਾਜਿਸ਼ ਹੈ, ਕਿਉਂ ਉਹ ਗੁਰਮਤਿ ਦੇ ਨਾਂ ਤੇ ਗੁਰਮਤਿ ਦੇ ਉਲਟ ਪ੍ਰਚਾਰ ਕਰ ਰਹੇ ਹਨ, ਇਹ ਤਾਂ ਉਹ ਖੁਦ ਹੀ ਜਾਣਦੇ ਹਨ।
ਪ੍ਰਸਤੁਤ ਹੈ ਉਹਨਾ ਦੇ ਲੇਖ ਵਿੱਚੋਂ ਕੁਝ ਨੁਕਤਿਆਂ ਬਾਰੇ ਵਿਚਾਰ-
ਗਿਆਨੀ ਜੀ ਲਿਖਦੇ ਹਨ- " ਪਹਿਲੀ ਗੱਲ ਤਾਂ ਇਹ ਹੈ ਕਿ ਗੁਰਬਾਣੀ ਇਸ ਜਨਮ ਤੋਂ ਪਹਿਲਾਂ ਕੋਈ ਹੋਰ ਜਨਮ ਨਹੀਂ ਮੰਨਦੀ ਹੈ। "
ਵਿਚਾਰ__ ਪਹਿਲਾਂ ਤਾਂ ਲੇਖ ਵਿੱਚ ਗਿਆਨੀ ਜੀ ਦੁਆਰਾ ਖੂਦ ਦੇ ਲਿਖੇ ਅਰਥਾਂ ਸਮੇਤ ਲਿਖੀ ਗੁਰਬਾਣੀ ਉਦਾਹਰਣ ਪ੍ਰਸਤੁਤ ਹੈ__
 " ਦਾਨੰ ਪਰਾ ਪੂਰਬੇਣ ਭੁੰਚੰਤੇ ਮਹੀਪਤੇ॥
ਬਿਪਰੀਤ ਬੁਧ੍ਯ੍ਯੰ ਮਾਰਤ ਲੋਕਹ ਨਾਨਕ ਚਿਰੰਕਾਲ ਦੁਖ ਭੋਗਤੇ
॥ ੨੪॥ (ਪੰਨਾ 1356)
ਅਰਥ ਗੁਰਬਚਨ ਸਿੰਘ--— **ਪੂਰਬਲੇ ਜਨਮਾਂ ਵਿੱਚ ਕੀਤੇ ਪੁੰਨ-ਕਰਮਾਂ ਦਾ ਸਦਕਾ** ਰਾਜੇ (ਇਥੇ ਰਾਜ-ਮਿਲਖ ਦੀ) ਮਾਲਕੀ ਮਾਣਦੇ ਹਨ ਪਰ, ਹੇ ਨਾਨਕ! ਇਥੇ ਨਾਸਵੰਤ ਜਗਤ ਵਿੱਚ (ਉਹਨਾਂ ਸੁਖਾਂ ਦੇ ਕਾਰਨ) ਜਿਨ੍ਹਾਂ ਦੀ ਬੁੱਧੀ ਉਲਟੀ ਹੋ ਜਾਂਦੀ ਹੈ, ਉਹ ਚਿਰਕਾਲ ਤਕ ਦੁੱਖ ਭੋਗਦੇ ਹਨ।"
ਵਿਚਾਰ__ ਪਤਾ ਨਹੀਂ ਕਿਸ ਤਰ੍ਹਾਂ ਅਤੇ ਕਿਉਂ ਗਿਆਨੀ ਜੀ ਖੁਦ ਦੇ ਅਰਥਾਂ ਤੋਂ ਹੀ ਪਲਟੀ ਮਾਰ ਕੇ ਗੱਲ ਨੂੰ ਘੁਮਾ ਜਾਂਦੇ ਹਨ?
ਇਹਨਾ ਦੇ ਖੁਦ ਦੇ ਅਰਥਾਂ ਨੂੰ ਹੀ ਜ਼ਰਾ ਫੇਰ ਤੋਂ ਗ਼ੌਰ ਨਾਲ ਪੜ੍ਹਿਆ ਜਾਵੇ__ **ਪੂਰਬਲੇ ਜਨਮਾਂ ਦੇ ਕੀਤੇ ਪੁੰਨ-ਕਰਮਾਂ ਦਾ ਸਦਕਾ** ਰਾਜੇ (ਇਥੇ ਰਾਜ ਮਿਲਖ ਦੀ) ਮਾਲਕੀ ਮਾਣਦੇ ਹਨ ...।
ਤੁਕ ਵਿੱਚ ਵੀ ਅਤੇ ਗਿਆਨੀ ਜੀ ਦੇ ਕੀਤੇ ਅਰਥਾਂ ਵਿੱਚ ਵੀ ਸਾਫ **ਪੂਰਬਲੇ ਜਨਮਾਂ ਦੇ ਕੀਤੇ ਪੁੰਨ-ਕਰਮਾਂ** ਦੀ ਕਹੀ ਗਈ ਗੱਲ ਨੂੰ ਪਤਾ ਨਹੀਂ ਕਿਵੇਂ ਖੁਦ ਹੀ ਰੱਦ ਕਰੀ ਜਾ ਰਹੇ ਹਨ ਅਤੇ ਇਹਨਾ ਦੇ ਪ੍ਰਸ਼ੰਸਕ ਵੀ ਇਹਨਾ ਦੇ ਝੂਠ ਨੂੰ ਸੱਚ ਮੰਨਕੇ ਸਵਿਕਾਰ ਕਰੀ ਜਾਂਦੇ ਹਨ?
ਪੁਰਬ ਜਨਮ ਸਬੰਧੀ ਕੁਝ ਗੁਰਬਾਣੀ ਉਦਾਹਰਣਾਂ ਦੇਖੋ-
ਮੇਰੀ ਮੇਰੀ ਕਿਆ ਕਰਹਿ ਜਿਨਿ ਦੀਆ ਸੋ ਪ੍ਰਭੁ ਲੋੜਿ॥
ਸਰਪਰ ਉਠਿ ਚਲਣਾ ਛਡਿ ਜਾਸੀ ਲਖ ਕਰੋੜਿ ॥3॥
ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ॥
ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ
॥4॥ {ਪੰਨਾ 50}___
ਦੇਖੋ, ਸਾਫ ਲਿਖਿਆ ਹੈ ਕਿ ਲੱਖ ਚਉਰਾਸੀਹ ਅਰਥਾਤ ਅਨੇਕਾਂ ਜੂਨਾਂ ਵਿੱਚ ਭ੍ਰਮਣ ਤੋਂ ਬਾਅਦ ਇਹ ਦੁਲਭ ਮਨੁੱਖਾ ਜਨਮ ਪਾਇਆ ਹੈ।       ਹੋਰ ਦੇਖੋ__
ਸਤਿਗੁਰੁ ਜਿਨੀ ਨਾ ਸੇਵਿਓ ਸਬਦਿ ਨ ਕੀਤੋ ਵੀਚਾਰੁ॥
ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ॥
ਲਖ ਚਉਰਾਸੀਹ ਫੇਰੁ ਪਇਆ ਮਰਿ ਜੰਮੈ ਹੋਇ ਖੁਆਰੁ
॥(ਪੰਨਾ 88)___
ਸਾਫ ਲਿਖਿਆ ਹੈ ਕਿ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਨਾ ਕਰਨ ਕਰਕੇ (ਮੌਜੂਦਾ ਜਨਮ ਵਿੱਚ) ਸਾਰਾ ਸੰਸਾਰ ਆਤਮਕ ਮੌਤ ਮਰਿਆ ਹੋਇਆ ਹੈ।ਆਤਮਕ ਮੌਤ ਵਿੱਚ ਜੀਵਨ ਗੁਜ਼ਾਰਨ ਕਰਕੇ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਿਆ ਹੋਇਆ ਹੈ।
ਹੋਰ ਦੇਖੋ__
"ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ॥
ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ॥
(ਪੰਨਾ 700)___
ਸਾਫ ਲਿਖਿਆ ਹੈ ਕਿ ਇਸ ਜਨਮ ਵਿੱਚ ਆਪਣੇ ਜੋ ਰਿਸਤੇ ਜਾਂ ਸਬੰਧ ਹਨ, ਇਹ ਪਿਛਲੇ ਜਨਮਾਂ ਦੇ ਸੰਜੋਗਾਂ ਕਰਕੇ ਹਨ।
ਹੋਰ ਦੇਖੋ__
 ਸੁਖੁ ਦੁਖੁ ਪੁਰਬ ਜਨਮ ਕੇ ਕੀਏ॥ਸੋ ਜਾਣੈ ਜਿਨਿ ਦਾਤੈ ਦੀਏ॥
ਕਿਸ ਕਉ ਦੋਸੁ ਦੇਹਿ ਤੂ ਪ੍ਰਾਣੀ ਸਹੁ ਅਪਣਾ ਕੀਆ ਕਰਾਰਾ ਹੇ
॥(ਪੰਨਾ 1030)___
ਦੇਖੋ! ਸਾਫ ਲਿਖਿਆ ਹੈ ਕਿ ਇਸ ਜਨਮ ਵਿੱਚ ਸਾਨੂੰ ਜੋ ਵੀ ਸੁਖ-ਦੁਖ ਮਿਲਦੇ ਹਨ, ਉਹ ਪੂਰਬ ਜਨਮ ਦੇ ਕੀਤੇ ਕਰਮਾਂ ਕਰਕੇ ਹਨ।
ਹੋਰ ਦੇਖੋ__
ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬਿ ਕਮਾਈ॥
ਖਿਨੁ ਤਿਲੁ ਰਹਿ ਨ ਸਕੈ ਪਲੁ ਜਲ ਬਿਨੁ ਮਰਨੁ ਜੀਵਨੁ ਤਿਸੁ ਤਾਂਈ
॥ (ਪੰਨਾ 1273)___
ਧਿਆਨ ਦੇਵੋ! ਸਾਫ ਲਿਖਿਆ ਹੈ ਕਿ ਮੱਛੀ ਪਾਣੀ ਵਿੱਚ ਹੀ ਜੰਮਦੀ ਹੈ, ਪਾਣੀ ਵਿੱਚ ਹੀ ਮਰਦੀ ਹੈ ਉਸ ਨੂੰ ਜੋ ਵੀ ਸੁਖ ਜਾਂ ਦੁਖ ਹਨ ਪੁਰਬ ਜਨਮ ਦੀ ਕਮਾਈ ਕਰਕੇ ਹਨ। ਸੋਚਣ ਵਾਲੀ ਗੱਲ ਹੈ ਕਿ ਜੇ ਇਸ ਜਨਮ ਤੋਂ ਪਹਿਲਾਂ ਕੋਈ ਜਨਮ ਹੀ ਨਹੀਂ ਤਾਂ ਮੱਛੀ ਨੇ ਇਸੇ ਜਨਮ ਵਿੱਚ ਕਿਹੜੇ ਕਰਮ ਕੀਤੇ ਹਨ, ਜਿਨ੍ਹਾਂ ਦੇ ਫਲ਼ ਵਜੋਂ ਉਹ ਸੁਖ-ਦੁਖ ਭੋਗਦੀ ਹੈ?
ਹੋਰ ਦੋਖੋ__
ਅਸਥਾਵਰ ਜੰਗਮ ਕੀਟ ਪਤੰਗਾ॥ਅਨਿਕ ਜਨਮ ਕੀਏ ਬਹੁ ਰੰਗਾ॥1॥
ਐਸੇ ਘਰ ਹਮ ਬਹੁਤੁ ਬਸਾਏ॥ਜਬ ਹਮ ਰਾਮ ਗਰਭ ਹੋਇ ਆਏ॥1॥ਰਹਾਉ॥
ਜੋਗੀ ਜਤੀ ਤਪੀ ਬ੍ਰਹਮਚਾਰੀ॥ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ॥2॥
ਸਾਕਤ ਮਰਹਿ ਸੰਤ ਸਭਿ ਜੀਵਹਿ॥ਰਾਮ ਰਸਾਇਨੁ ਰਸਨਾ ਪੀਵਹਿ ॥3॥
ਕਹੁ ਕਬੀਰ ਪ੍ਰਭ ਕਿਰਪਾ ਕੀਜੈ॥ਹਾਰਿ ਪਰੇ ਅਬ ਪੂਰਾ ਦੀਜੈ ॥4॥ {ਪੰਨਾ 326}___ 
ਇਹ ਸ਼ਬਦ ਪੜ੍ਹਕੇ ਪਿਛਲੇ ਜਨਮਾਂ ਬਾਰੇ ਬਿਲਕੁਲ ਵੀ ਭੁਲੇਖਾ ਨਹੀਂ ਰਹਿ ਜਾਂਦਾ।
ਹੋਰ ਦੇਖੋ__
ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈ ਹੈ॥
ਊਠਤ ਬੈਠਤ ਠੇਗਾ ਪਰਿ ਹੈ ਤਬ ਕਤ ਮੂਡ ਲੁਕਈ ਹੈ
॥1॥
ਹਰਿ ਬਿਨੁ ਬੈਲ ਬਿਰਾਨੇ ਹੁਈ ਹੈ॥
ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈ ਹੈ
॥1॥ਰਹਾਉ॥
ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਘਈ ਹੈ॥
ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਈ ਹੈ
॥2॥
ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈ ਹੈ॥
ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ ਇਹੁ ਅਉਸਰੁ ਕਤ ਪਈ ਹੈ
॥3॥
ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈ ਹੈ॥
ਕਹਤ ਕਬੀਰ ਰਾਮ ਨਾਮ ਬਿਨੁ ਮੂੰਡ ਧੁਨੇ ਪਛੁਤਈ ਹੈ
॥4॥ {ਪੰਨਾ 524}___
ਇਹ ਸ਼ਬਦ ਪੜ੍ਹਕੇ ਇਸ ਜਨਮ ਤੋਂ ਬਾਅਦ ਫੇਰ ਜਨਮਾਂ ਬਾਰੇ ਕੋਈ ਭੁਲੇਖਾ ਬਾਕੀ ਨਹੀਂ ਰਹਿ ਜਾਂਦਾ।
ਇਸ ਜਨਮ ਤੋਂ ਪਹਿਲਾਂ ਅਤੇ ਅੱਗੋਂ ਜਨਮਾਂ ਵਾਲੇ ਗੁਰਮਤਿ ਸੰਕਲਪ ਨੂੰ ਰੱਦ ਕਰਨ ਲਈ ਗਿਆਨੀ ਜੀ ਇੱਕ ਮਿਸਾਲ ਦੇ ਕੇ ਸਵਾਲ ਕਰਦੇ ਹਨ__
"ਜੇ ਇਹ ਮੰਨ ਲਿਆ ਜਾਏ ਕਿ ਸਾਡੇ ਜਨਮ ਤੋਂ ਪਹਿਲਾਂ ਵਾਲਾ ਸਾਡਾ ਕੋਈ ਹੋਰ ਜੀਵਨ ਸੀ ਤੇ ਉਸ ਜੀਵਨ ਵਿੱਚ ਕੀਤੇ ਕਰਮਾਂ ਦਾ ਫਲ਼ ਹੁਣ ਭੋਗ ਰਹੇ ਹਾਂ ਤਾਂ ਵਰਤ ਮਾਨ ਜੀਵਨ ਵਿੱਚ ਜਿਸ ਬੱਚੀ ਨਾਲ ਬਲਾਤਕਾਰ ਹੋਇਆ ਹੈ ਤਾਂ ਕੀ ਉਸ ਨੂੰ ਕਿਸੇ ਪਿਛਲੇ ਜਨਮ ਵਿੱਚ ਕੀਤੇ ਕਰਮਾਂ ਦਾ ਫਲ ਮਿਲਿਆ ਹੈ?"
ਵਿਚਾਰ__ ਇਸ ਸਬੰਧੀ ਗੁਰਬਾਣੀ ਫੁਰਮਾਨ ਦੇਖੋ__
ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ॥ (ਪੰਨਾ 11)
ਅਰਥਾਤ ਸੰਸਾਰ ਤੇ ਸਭ ਉਸ ਦੇ ਭਾਣੇ ਵਿੱਚ ਹੀ ਹੁੰਦਾ/ਵਰਤਦਾ ਹੈ।
ਹੋਰ ਦੇਖੋ-
ਇਕਿ ਭਗਤੀ ਸਾਰ ਨ ਜਾਣਨੀ ਮਨਮੁਖ ਭਰਮਿ ਭੁਲਾਇ ॥
ਓਨਾ ਵਿਚਿ ਆਪਿ ਵਰਤਦਾ ਕਰਣਾ ਕਿਛੂ ਨ ਜਾਇ
॥3॥( ਪੰਨਾ 994)__
ਦੇਖੋ, ਇਹਨਾ ਪੰਗਤੀਆਂ ਵਿੱਚ ਗਿਆਨੀ ਜੀ ਦੇ ਸਵਾਲ ਦਾ ਜਵਾਬ ਮਿਲ ਰਿਹਾ ਹੈ ਕਿ (ਬਲਾਤਕਾਰੀ/) ਮਨਮੁਖਾਂ ਵਿੱਚ ਵੀ ਉਹੀ ਵਰਤਦਾ ਹੈ ਅਤੇ ਉਹਨਾ ਨੂੰ ਉਹ ਆਪ ਹੀ ਭਰਮ ਭੁਲਾਉਂਦਾ ਹੈ।
ਹੋਰ ਦੇਖੋ-
ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ॥
ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ॥
ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ
॥ {ਪੰਨਾ 417-418}
ਦੇਖੋ, ਇਹਨਾਂ ਪੰਗਤੀਆਂ ਵਿੱਚ ਵੀ ਬੱਚੀ ਨਾਲ ਹੋਏ ਬਲਾਤਕਾਰ ਬਾਰੇ ਗਿਆਨੀ ਜੀ ਦੇ ਸਵਾਲ ਦਾ ਜਵਾਬ ਮਿਲ ਰਿਹਾ ਹੈ ਕਿ ਸਾਡੇ ਨਾਲ ਜੋ ਵੀ ਚੰਗਾ, ਮਾੜਾ ਹੁੰਦਾ ਹੈ, ਦੁਖ, ਸੁਖ ਵਾਪਰਦਾ ਹੈ ਤਾਂ ਕਿਸ ਅੱਗੇ ਜਾ ਕੇ ਦੁਖੜਾ ਰੋਈਏ, ਕਿਸ ਅੱਗੇ ਫਰਿਆਦ ਕਰੀਏ ਜਦੋਂ ਸਭ ਕੁਝ 'ਆਪੇ ਕਰੇ ਕਰਾਏ ਕਰਤਾ' ਹੈ।ਸਭ ਕੁਝ ਉਸ ਦੇ ਭਾਣੇ ਵਿੱਚ ਉਸ ਦੇ ਹੁਕਮ ਨਾਲ ਹੀ ਵਰਤਦਾ ਹੈ?
ਹੋਰ ਦੇਖੋ-
ਜੋ ਹਰਿ ਪ੍ਰਭ ਭਾਣਾ ਸੋ ਥੀਆ ਧੁਰਿ ਲਿਖਿਆ ਨ ਮੇਟੈ ਕੋਇ॥3॥
ਅਰਥ__ ( ਜੀਵਾਂ ਦੇ ਭੀ ਕੀਹ ਵੱਸ ?) ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ।ਧੁਰੋਂ ਪ੍ਰਭੂ ਦੀ ਦਰਗਾਹ ਤੋਂ ਲਿਖੇ ਹੁਕਮ ਨੂੰ ਕੋਈ ਮਿਟਾ ਨਹੀਂ ਸਕਦਾ ।3। (ਪੰਨਾ 41) 
ਹੋਰ ਦੇਖੋ__
ਪੁਰਬ ਲਿਖੇ ਕਾ ਲਹਣਾ ਪਾਹਿ॥
ਸਭੁ ਕਿਛੁ ਤਿਸ ਕਾ ਓਹੁ ਕਰਨੈ ਜੋਗੁ॥
ਤਿਸੁ ਬਿਨੁ ਦੂਸਰ ਹੋਆ ਨ ਹੋਗੁ
॥ (ਪੰਨਾ 283)
  ਅਰਥ__ (ਜੀਵ) ਆਪਣੇ ਪਿਛਲੇ ਕੀਤੇ ਕਰਮਾਂ ਦਾ ਫਲ ਭੋਗਦੇ ਹਨ।ਸਭ ਕੁਝ ਉਸ ਪ੍ਰਭੂ ਦਾ ਹੀ ਹੈ, ਤੇ ਉਹੀ ਸਭ ਕੁਝ ਕਰਨ ਦੇ ਸਮਰੱਥ ਹੈ।
ਹੋਰ ਦੇਖੋ__
ਸਿਰਿ ਸਿਰਿ ਸਚੜੈ ਲਿਖਿਆ ਦੁਖੁ ਸੁਖੁ ਪੁਰਬਿ ਵੀਚਾਰੋ ਵਾ॥
ਦੁਖੁ ਸੁਖੁ ਦੀਆ ਜੇਹਾ ਕੀਆ ਸੋ ਨਿਬਹੈ ਜੀਅ ਨਾਲੇ
॥ (ਪੰਨਾ 581)
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੇ ਹਰੇਕ ਜੀਵ ਦੇ ਸਿਰ ਉਤੇ ਉਸ ਦੇ **ਪੂਰਬਲੇ ਸਮੇ ਵਿਚ ਕੀਤੇ ਕਰਮਾਂ ਦੇ ਵਿਚਾਰ ਅਨੁਸਾਰ** ਦੁੱਖ ਅਤੇ ਸੁਖ (ਭੋਗਣ) ਦੇ ਲੇਖ ਲਿਖ ਦਿੱਤੇ ਹਨ। ਜਿਹੋ ਜਿਹਾ ਕਰਮ ਜੀਵ ਨੇ ਕੀਤਾ ਉਹੋ ਜਿਹਾ ਦੁੱਖ ਤੇ ਸੁਖ ਪਰਮਾਤਮਾ ਨੇ ਉਸ ਨੂੰ ਦੇ ਦਿੱਤਾ ਹੈ।
ਯਾਦ ਰਹੇ ਕਿ, ਉਸ ਨੇ ਦੁਖ-ਸੁਖ 'ਜੇਹਾ ਕੀਆ' ਦੇ ਆਧਾਰ ਤੇ ਦਿੱਤਾ ਹੈ।ਸਿਰਿ ਸਿਰਿ ਸੱਚੇ ਨੇ ਉਹੀ ਦੁਖ ਸੁਖ ਲਿਖਿਆ ਜੋ ਮਨੁੱਖ ਨੇ ਪਹਿਲਾਂ ਕਰਮ ਕਮਾਏ ਹਨ।
ਹੋਰ ਦੇਖੋ__
ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ॥ (ਪੰਨਾ 579)
 ਧਿਆਨ ਦੇਵੋ__ ਜਿਹੋ ਜਿਹਾ ਪ੍ਰਭੂ ਨੇ ਧੁਰੋਂ ਲਿਖਿਆ ਹੈ, ਉਹੀ ਵਾਪਰਦਾ ਹੈ ਅਤੇ ਪ੍ਰਭੂ ਨੇ ਧੁਰੋਂ ਉਹੀ ਲਿਖਿਆ ਹੈ ਜੋ ਇਸ ਨੇ ਪੁਰਬ ਕਮਾਇਆ ਹੈ।
ਹੋਰ ਦੇਖੋ__
ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥ (ਪੰਨਾ 134)__
ਮੱਥੇ ਤੇ ਉਹੀ ਲਿਖਿਆ ਗਿਆ ਹੈ ਅਤੇ ਉਸ ਨੇ ਉਹੀ ਵੱਢਿਆ ਹੈ, ਜੋ ਇਸ ਨੇ ਪਹਿਲਾਂ ਬੀਜਿਆ ਹੈ।
ਹੋਰ ਦੇਖੋ__
ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਤਿਦੁੂ ਕਿਛੁ ਗੁਝਾ ਨ ਹੋਇਆ॥
ਜੈਸਾ ਬੀਜੈ ਸੋ ਲੁਣੈ ਜੇਹਾ ਪੁਰਬਿ ਕਿਨੈ ਬੋਇਆ
॥ {ਪੰਨਾ 309}__
ਧਿਆਨ ਦਿੱਤਾ ਜਾਵੇ ਕਿ, ਜੋ ਅਸੀਂ ਕਰਦੇ ਹਾਂ ਉਸ ਤੋਂ ਕੁਝ ਵੀ ਲੁਕਿਆ ਨਹੀਂ।ਸਾਡੇ ਕੀਤੇ ਮੁਤਾਬਕ. ਸਾਡੇ ਬੀਜੇ ਮੁਤਾਬਕ ਧੁਰੋਂ ਲਿਖਿਆ ਹੈ ਅਤੇ ਜੋ ਲਿਖਿਆ ਹੈ ਉਹੀ ਭੋਗਦੇ ਹਾਂ।
 ਗਿਆਨੀ ਗੁਰਬਚਨ ਸਿੰਘ ਜੀ ਅੱਗੇ ਤਰਕ ਕਰਦੇ ਹਨ__
"ਜੇ ਪਿਛਲੇ ਜਨਮਾਂ ਦੇ ਕੀਤੇ ਕਰਮ ਹੀ ਅਸੀਂ ਭੋਗ ਰਹੇ ਹਾਂ ਤਾਂ ਫਿਰ ਕਿਸੇ ਨੂੰ ਵੀ ਕੋਟ ਕਚਹਿਰੀਆਂ ਵਿੱਚ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਹਰੇਕ ਮਨੁੱਖ ਪਿਛਲੇ ਜਨਮ ਵਿੱਚ ਕੀਤੇ ਕਰਮਾਂ ਦਾ ਹੀ ਫਲ਼ ਭੋਗ ਰਿਹਾ ਹੈ"।
ਵਿਚਾਰ__
ਗੁਰਬਾਣੀ ਸਾਨੂੰ ਆਪਣੀ ਨਿਰਮਲ ਆਤਮਾ ਦੇ ਅਧੀਨ ਕੋਈ ਵੀ ਕਰਤਵ ਕਰਨ ਤੋਂ ਨਹੀਂ ਰੋਕਦੀ।ਕੋਰਟ ਕਚਹਿਰੀਆਂ ਦੇ ਨਿਆਂ ਆਪਣੇ ਥਾਂ ਹਨ।ਪ੍ਰਭੂ ਦਾ ਇਨਸਾਫ ਆਪਣੇ ਥਾਂ ਹੈ।ਜੇ ਕੋਰਟ ਕਚਹਿਰੀਆਂ ਦੀ ਗੱਲ ਕਰੀਏ ਤਾਂ ਕੀ ਜਰੂਰੀ ਹੈ ਕਿ ਸਾਨੂੰ ਇਹਨਾ ਦੁਨਿਆਵੀ ਕੋਰਟ ਕਚਹਿਰੀਆਂ ਤੋਂ ਇਨਸਾਫ ਮਿਲ ਜਾਂਦਾ ਹੈ ਅਤੇ ਸਹੀ ਇਨਸਾਫ ਮਿਲ ਜਾਂਦਾ ਹੈ।ਜੇ ਐਸਾ ਹੁੰਦਾ ਤਾਂ ਸਨ 84 ਦੇ ਸਿੱਖ ਕਤਲੇਆਮ ਦਾ ਨਿਆਂ ਅੱਜ ਤੋਂ 35 ਸਾਲ ਪਹਿਲਾਂ ਮਿਲ ਗਿਆ ਹੋਣਾ ਸੀ ਜੋ ਕਿ ਅੱਜ ਤੱਕ ਵੀ ਨਹੀਂ ਮਿਲ ਸਕਿਆ।ਜਿਨ੍ਹਾਂ ਕੋਰਟ ਕਚਹਿਰੀਆਂ ਦਾ ਹਵਾਲਾ ਗਿਆਨੀ ਜੀ ਦੇ ਰਹੇ ਹਨ, ਉਹਨਾ ਨੇ ਤਾਂ ਪੀੜੀਤ ਪਰਿਵਾਰਾਂ ਦੀ ਥਾਣਿਆਂ ਵਿੱਚ ਮੁਢਲੀ ਰਿਪੋਰਟ ਐਫ ਆਈ ਆਰ ਤੱਕ ਦਰਜ ਨਹੀਂ ਕੀਤੀ।
   35-36 ਸਾਲ ਪਿੱਛੇ ਜਾਣ ਦੀ ਜਰੂਰਤ ਨਹੀਂ ਹੈ, ਭਾਰਤ ਵਿੱਚ ਬਹੁਤ ਸਾਰੇ ਇਲਾਕੇ ਹੁਣ ਵੀ ਐਸੇ ਹਨ, ਜਿੱਥੇ ਕਹੇ ਜਾਂਦੇ ਨੀਵੀਂ ਜਾਤ ਦੇ ਲੋਕਾਂ ਤੇ, ਆਪਣੇ ਆਪ ਨੂੰ ਉਚੀ ਜਾਤ ਦੇ ਅਖਵਾਉਣ ਵਾਲੇ ਬਲਾਤਕਾਰ ਅਤੇ ਹੋਰ ਬਹੁਤ ਕਿਸਮ ਦੇ ਤਸ਼ੱਦਦ ਕਰਦੇ ਹਨ, ਪਰ ਕਿਸੇ ਕੋਰਟ ਕਚਹਿਰੀ ਤੋਂ ਪੀੜੀਤਾਂ ਨੂੰ ਇਨਸਾਫ ਨਹੀਂ ਮਿਲਦਾ।
ਗਿਆਨੀ ਜੀ ਗੁਰਬਾਣੀ ਤੋਂ ਹਟ ਕੇ ਆਪਣੇ ਮਨ ਦੀ ਮੱਤ ਨੂੰ ਹੀ ਗੁਰਮਤਿ ਸਿਧਾਂਤ ਦੱਸਕੇ ਗੁਰਮਤਿ ਸਿਧਾਂਤਾਂ ਦਾ ਘਾਣ ਕਰ ਰਹੇ ਹਨ।
ਸਮਝਣ ਦੀ ਜਰੂਰਤ ਹੈ ਕਿ ਗੁਰਮਤਿ ਦਾ ਕਰਮ ਅਤੇ ਕਰਮ-ਫਲ਼ ਸਿਧਾਂਤ ਕੀ ਹੈ__
 ਗੁਰਬਾਣੀ ਕਰਮ-ਸਿਧਾਂਤ ਨੂੰ ਅਧੂਰਾ ਮੰਨਦੀ ਹੈ।ਗੁਰਮਤਿ *ਕਰਮ + ਹੁਕਮ* ਸਿਧਾਂਤ ਦੀ ਹਾਮੀ ਹੈ।ਸਭ ਤੋਂ ਪਹਿਲੀ ਗੱਲ ਇਹ ਹੈ ਕਿ ਗੁਰਮਤਿ ਅਨੁਸਾਰ ਸੰਸਾਰ ਤੇ ਜੋ ਵੀ ਹੁੰਦਾ ਹੈ ਪ੍ਰਭੂ ਦੇ ਹੁਕਮ ਵਿੱਚ ਹੁੰਦਾ ਹੈ।ਕਰਮ ਅਤੇ ਕਰਮ-ਫਲ਼ ਦੂਜੇ ਨੰਬਰ ਤੇ ਆਉਂਦਾ ਹੈ।
ਦੁਖ-ਸੁਖ ਅਤੇ ਸਾਡੇ ਨਾਲ ਚੰਗੀਆਂ-ਮੰਦੀਆਂ ਘਟਨਾਵਾਂ ਉਸ ਦੇ ਹੁਕਮ ਵਿੱਚ ਪਰ ਸਾਡੇ ਪਿਛਲੇ ਕੀਤੇ ਮੁਤਾਬਕ ਵਾਪਰਦੀਆਂ ਹਨ__
ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ॥(ਪੰਨਾ 1241) ਸਾਡੇ ਕੀਤੇ ਕਰਮਾਂ ਅਨੁਸਾਰ ਉਸ ਦੇ ਹੁਕਮ ਦੀ ਕਲਮ ਚੱਲਦੀ ਹੈ।
ਸੁਖੁ ਦੁਖੁ ਪੁਰਬ ਜਨਮ ਕੇ ਕੀਏ ॥ ਸੋ ਜਾਣੈ ਜਿਨਿ ਦਾਤੈ ਦੀਏ॥
ਕਿਸ ਕਉ ਦੋਸੁ ਦੇਹਿ ਤੂ ਪ੍ਰਾਣੀ ਸਹੁ ਅਪਣਾ ਕੀਆ ਕਰਾਰਾ ਹੇ
॥ (ਪੰਨਾ 1030) "
ਅਤੇ__
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥ (ਪੰਨਾ 433)
ਅਤੇ__
" ਉਦਮ ਕਰਹਿ ਅਨੇਕ ਹਰਿ ਨਾਮੁ ਨ ਗਾਵਹੀ॥ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀ॥
ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ॥ਬੀਜੁ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ
॥ " (ਪੰਨਾ 705)
ਸਾਡੇ ਨਾਲ ਜੋ ਵਾਪਰਦਾ ਹੈ ਅਤੇ ਜਿਸ ਵਾਪਰਨ ਤੇ ਸਾਡਾ ਕੋਈ ਜ਼ੋਰ ਨਹੀਂ ਚੱਲਦਾ ਉਹੀ ਪ੍ਰਭੂ ਦਾ ਭਾਣਾ ਹੈ।
ਪ੍ਰਭੂ ਦਾ ਭਾਣਾ ਸਮਝਣ ਲਈ, ਇਕ ਮਿਸਾਲ ਪੇਸ਼ ਹੈ__
ਸਟੀਫਨ ਹਾਕਿੰਗ ਨੂੰ ਧੁਨੀਆਂ ਭਰ ਵਿੱਚ ਬਹੁਤ ਲੋਕ ਜਾਣਦੇ ਹਨ।ਖਾਸ ਕਰਕੇ ਨਾਸਤਕ ਸੋਚ ਰੱਖਣ ਵਾਲੇ ਉਸ ਦੇ ਬਹੁਤ ਪ੍ਰਸ਼ੰਸਕ ਰਹੇ ਹਨ।ਵਿਗਿਆਨ ਦੀ ਦੁਨੀਆਂ ਵਿੱਚ ਉਸ ਦਾ ਨਾਮ ਹੈ।ਰੱਬ ਦੀ ਹੋਂਦ ਮੰਨਣ ਤੋਂ ਇਨਕਾਰੀ ਰਿਹਾ ਹੈ।ਉਸ ਨੇ ਆਪਣੀ ਚੜ੍ਹਦੀ ਜਵਾਨੀ ਤੋਂ ਲੈ ਕੇ ਜੀਵਨ ਦੇ ਅਖੀਰਲੇ ਦਿਨ ਤੱਕ ਵ੍ਹੀਲ ਚੇਅਰ ਵਿੱਚ ਅਪਾਹਜਾਂ ਵਾਲਾ ਜੀਵਨ ਗੁਜ਼ਾਰਿਆ।ਰੱਬ ਨੂੰ ਨਹੀਂ ਸੀ ਮੰਨਦਾ, ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਉਸ ਨਾਲ ਜੋ ਵਾਪਰਿਆ ਉਸ ਨੇ ਰੱਬ ਦਾ ਭਾਣਾ ਮੰਨਕੇ ਆਪਣੇ ਅਪਾਹਜ ਜੀਵਨ ਨੂੰ ਸੁਧਾਰਨ ਲਈ ਕੋਈ ਉਪਰਾਲੇ ਨਹੀਂ ਕੀਤੇ।
  ਇਸ ਦੇ ਬਾਵਜੂਦ ਵੀ ਦਿਮਾਗ਼ੀ ਤੌਰ ਤੇ ਤੰਦਰੁਸਤ ਹੋਣ ਤੇ ਵੀ, ਉਸਨੇ ਆਪਣੇ ਜੀਵਨ ਦਾ ਜਿਆਦਾ ਹਿੱਸਾ ਅਪਾਹਜਾਂ ਵਾਲਾ ਗੁਜ਼ਾਰਿਆ।ਉਹ ਜਾਂ ਕੋਈ ਵੀ ਹੋਰ, ਇਸ ਗੱਲ ਨੂੰ ਮੰਨੇ ਜਾਂ ਨਾ ਮੰਨੇ ਪਰ ਇਹੀ ਹੈ ਪ੍ਰਭੂ ਦਾ ਭਾਣਾ।
ਹੋਰ ਦੇਖੋ__ ਦੁਨੀਆਂ ਭਰ ਦੇ ਵਿਗਿਆਨਕ ਅਤੇ ਹੋਰ ਖੇਤਰਾਂ ਦੇ ਵਿਦਵਾਨ, ਇਨਸਾਨ ਨੂੰ ਸੁਖ ਸਹੂਲਤਾਂ ਮੁਹੱਈਆ ਕਰਨ ਦੇ ਉਪਰਾਲਿਆਂ ਵਿੱਚ ਲੱਗੇ ਹੋਏ ਹਨ। ਪਰ ਫੇਰ ਵੀ ਪਿਛਲੇ ਸਮੇਂ ਵਿੱਚ ਝਾਕ ਕੇ ਹੁਣ ਦੇ ਮੌਜੂਦਾ ਸਮੇਂ ਵਿੱਚ ਝਾਤੀ ਮਾਰਕੇ ਦੇਖੋ, ਇਨਸਾਨ ਪਹਿਲਾਂ ਨਾਲੋਂ ਸੁਖੀ ਹੋਇਆ ਹੈ ਕਿ ਦੁਖੀ ਹੋਇਆ ਹੈ ? -
ਸੁਖੁ ਮਾਂਗਤ ਦੁਖੁ ਆਗੈ ਆਵੈ॥(ਪੰਨਾ 330) ਇਹੀ ਹੈ ਉਸ ਦਾ ਭਾਣਾ।
ਜਿੱਥੋਂ ਤੱਕ ਬੱਚੀ ਨਾਲ ਹੋਏ ਬਲਾਤਕਾਰ ਸਬੰਧੀ ਗੁਰਬਚਨ ਸਿੰਘ ਥਾਈਲੈਂਡ ਦੀ ਕੋਰਟ ਕਚਹਿਰੀ ਵਾਲੀ ਦਲੀਲ-
ਬੱਚੀ ਨੂੰ ਕਿਸੇ ਕੋਰਟ, ਕਚਹਿਰੀ ਤੋਂ ਦੁਨਿਆਵੀ ਨਿਆਉਂ ਮਿਲੇ ਜਾਂ ਨਾ ਮਿਲੇ, ਬੱਚੀ ਨਾਲ ਵਾਪਰੇ ਅਨ-ਮਨੁੱਖੀ ਵਰਤਾਰੇ, ਉਸ ਨਾਲ ਜ਼ਿੰਦਗੀ ਭਰ ਲਈ ਜੁੜੇ ਮਾਨਸਕ ਸੰਤਾਪ ਨੂੰ ਦੁਨੀਆਂ ਦੀ ਕੋਈ ਵੀ ਕੋਰਟ, ਕਚਹਿਰੀ ਮਿਟਾ ਨਹੀਂ ਸਕਦੀ। ਉਸ ਦਾ ਰਿਸਤਾ ਤੈਅ ਹੋਣ ਵੇਲੇ ਉਹ ਕਚਹਿਰੀ ਦਾ ਸਰਟੀਫਿਕੇਟ ਦਿਖਾ ਕੇ ਨਹੀਂ ਕਹਿ ਸਕਦੀ ਕਿ ਦੇਖੋ ਜੀ ਮੇਰੇ ਨਾਲ ਵਾਪਰੇ ਸੰਤਾਪ ਬਾਰੇ ਮੈਨੂੰ ਕੋਰਟ, ਕਚਹਿਰੀ ਤੋਂ ਸਰਟੀਫਿਕੇਟ ਮਿਲਿਆ ਹੋਇਆ ਹੈ, ਹੁਣ ਮੈਂ ਪਹਿਲਾਂ ਦੀ ਤਰ੍ਹਾਂ ਹੀ ਦੋਸ਼-ਰਹਿਤ ਹੋ ਗਈ ਹਾਂ।
ਦੂਸਰੀ ਗੱਲ, ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਐਸਾ ਕੁਝ ਨਹੀਂ ਲਿਖਿਆ ਮਿਲਦਾ ਕਿ ਕਿਸੇ ਨਾਲ ਵਾਪਰੇ ਹਾਦਸੇ ਬਾਰੇ ਸਮਾਜ ਜੁੰਮੇਵਾਰ ਹੈ ਜਾਂ ਸਰਕਾਰਾਂ ਜੁੰਮੇਵਾਰ ਹਨ, ਜਾਂ ਸਾਡੇ ਨਾਲ ਵਾਪਰਦੇ ਹਾਦਸਿਆਂ ਬਾਰੇ ਨਿਆਉਂ ਕੋਰਟ ਕਚਹਿਰੀਆਂ ਵਿੱਚੋਂ ਮਿਲੇਗਾ।
ਗਿਆਨੀ ਗੁਰਬਚਨ ਸਿੰਘ ਜੀ ਗੁਰਬਾਣੀ ਦੇ ਨਾਂ ਤੇ ਆਪਣੇ ਹੀ ਕਿਸੇ ਗੁਰਮਤਿ-ਵਿਰੋਧੀ ਵਿਚਾਰਧਾਰਾ ਦਾ ਪ੍ਰਚਾਰ ਕਰ ਰਹੇ ਹਨ।
{ਨੋਟ: ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦੇ ਕਿਸੇ ਪ੍ਰਸ਼ੰਸਕ, ਪ੍ਰੇਮੀ ਨੇ ਮੇਰੀ ਇਸ ਲਿਖਤ ਬਾਰੇ ਸਵਾਲ ਕਰਨੇ ਹੋਣ ਤਾਂ ਪਹਿਲਾਂ ਮਿਹਰਬਾਨੀ ਕਰਕੇ ਮੇਰੇ ਵੱਲੋਂ ਪੇਸ਼ ਕੀਤੇ ਗੁਰਬਾਣੀ ਹਵਾਲਿਆਂ ਸਮੇਤ ਸਾਰੇ ਵਿਚਾਰਾਂ ਬਾਰੇ ਆਪਣਾ ਪੱਖ ਕਲੀਅਰ ਕਰੇ।
ਲੇਖ ਵਿੱਚ ਲਿਖੇ ਵਿਚਾਰਾਂ ਵਿੱਚੋਂ ਜਿਨ੍ਹਾਂ ਵਿਚਾਰਾਂ ਨਾਲ ਸਹਿਮਤ ਹੈ, ਉਹਨਾ ਵਿਚਾਰਾਂ ਲਈ ਸਹਿਮਤੀ ਪ੍ਰਗਟ ਕਰੇ।
ਜਿਹੜੇ ਵਿਚਾਰਾਂ ਨਾਲ ਸਹਿਮਤੀ ਨਹੀਂ ਹੈ, ਉਹਨਾ ਬਾਰੇ ਗੁਰਬਾਣੀ ਉਦਾਹਰਣਾ ਸਹਿਤ ਪਹਿਲਾਂ ਆਪਣਾ ਪੱਖ ਕਲੀਅਰ ਕਰੇ ਫੇਰ ਸਵਾਲ ਕਰੇ।
ਵਿਚਾਰ ਵਟਾਂਦਰਾ ਮੌਜੂਦਾ ਵਿਸ਼ੇ ਦੇ ਦਾਇਰੇ ਅੰਦਰ ਰਹਿਕੇ ਗੁਰਬਾਣੀ ਹਵਾਲਿਆਂ ਸਹਿਤ ਕੀਤਾ ਜਾਵੇ।}
ਜਸਬੀਰ ਸਿੰਘ ਵਿਰਦੀ             23-11-2019

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.