ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਜੋਨੀ ਬਾਬਾ ਜੀ ਅਤੇ ਨੀਲੇ ਦੀ ਸਾਖੀ :-
-: ਜੋਨੀ ਬਾਬਾ ਜੀ ਅਤੇ ਨੀਲੇ ਦੀ ਸਾਖੀ :-
Page Visitors: 2500

-: ਜੋਨੀ ਬਾਬਾ ਜੀ ਅਤੇ ਨੀਲੇ ਦੀ ਸਾਖੀ :-
ਜੋਨੀ ਬਾਬਾ ਜੀ ਤੇ ਨੀਲੇ ਦੀ ਸਾਖੀ ਕਹਿ ਲਵੋ ਜਾਂ ਬਾਬਾ ਹਰਨਾਮ ਸਿੰਘ ਭੁੱਚੋ ਤੇ ਨੀਲੇ ਦੀ ਸਾਖੀ ਕਹਿ ਲਵੋ, ਗੱਲ ਤਾਂ ਇਕੋ ਹੀ ਹੈ।ਗੱਲ ਤਾਂ ਇਹ ਸਮਝਣ ਦੀ ਲੋੜ ਹੈ ਕਿ ਇਹ ਸੰਤ, ਬਾਬੇ ਸਿੱਖਾਂ ਨੂੰ ਕਿਵੇਂ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਕੇ ਆਪਣੇ ਨਾਲ ਜੋੜਦੇ ਹਨ। ਇਹਨਾ ਸੰਤਾਂ ਬਾਬਿਆਂ ਦੇ ਲੜ ਲੱਗੇ ਸਿੱਖ ਇਸੇ ਭਰਮ ਵਿੱਚ ਰਹਿੰਦੇ ਹਨ ਕਿ ਉਹ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਨ ਅਤੇ ਇਕ ਪਰਮਾਤਮਾ ਵਿੱਚ ਆਸਥਾ ਰੱਖਦੇ ਹਨ। ਪਰ ਇਹਨਾ ਨੂੰ ਅਹਿਸਾਸ ਵੀ ਨਹੀਂ ਹੁੰਦਾ ਕਿ ਉਹ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਚੁੱਕੇ ਹਨ ਅਤੇ ਉਹਨਾ ਦੇ ਬਾਬਾ ਜੀ ਹੀ ਉਹਨਾ ਲਈ ਰੱਬ ਤੋਂ ਵੀ ਉਪਰ ਹਨ।
ਨੀਲੇ ਵਾਲੀ ਸਾਖੀ ਦੇ ਜਰੀਏ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਵੇਂ ਇਹਨਾ ਬਾਬਿਆਂ ਵੱਲੋਂ ਸਿੱਖਾਂ ਨੂੰ ਗੁਰੂ ਨਾਲੋਂ ਤੋੜਕੇ ਆਪਣੇ ਨਾਲ ਜੋੜਿਆ ਜਾ ਰਿਹਾ ਹੈ।
ਪਹਿਲਾਂ ਜੋਨੀ ਬਾਬਾ ਜੀ ਦੁਆਰਾ ਸੁਣਾਈ ਗਈ ਸਾਖੀ ਵਿੱਚੋਂ ਕੁਝ ਅੰਸ਼ ਪੇਸ਼ ਹਨ__
" ... ਸੰਗਤ ਭੁੱਚੋ ਸਾਹਿਬ ਪਹੁੰਚ ਗਈ .. (ਕਹਿੰਦੇ) ਬਾਬਾ ਜੀ! ਮੀਂਹ ਨਹੀਂ ਪੈਂਦਾ, ਹਵਾ ਨਹੀਂ ਚੱਲਦੀ। ਬੁਰਾ ਹਾਲ ਹੈ। ਮਰ ਗਏ ਗਰਮੀ'ਚ।
ਬਾਬਾ ਜੀ ਦਾ ਸੇਵਾਦਾਰ ਸੀ ਨੀਲਾ ਗੜਵਈ। ਬਾਬਾ ਜੀ ਕਹਿੰਦੇ ਜਾਹ ਨੀਲਿਆ ਟਿਲੇ ਉਤੇ ਐਨੇ ਨੰਬਰ ਦਾ ਘੜਾ ਆ, ਘੜੇ ਦਾ ਚੱਪਣ ਚੁੱਕ ਆ। ਥੋੜ੍ਹਾ ਜਿਹਾ ਚੱਕੀਂ, ਹਵਾ ਚੱਲ ਪਊਗੀ। ਉਹ ਅੱਕਿਆ ਬੈਠਾ ਸੀ। ਕਹਿੰਦਾ ਜਦੋਂ ਰੋਟੀਆਂ ਮੰਗੀਏ, ਓਦੋਂ ਭੱਜ-ਭੱਜ ਪੈਂਦੇ ਆ। ਜਦੋਂ ਕੋਈ ਚੀਜ ਮੰਗੀਏ ਓਦੋਂ ਕਹਿੰਦੇ ਆ ਥੋਨੂੰ ਵਿਹਲੜਾਂ ਨੂੰ.....।(ਨੀਲਾ) ਕਹਿੰਦਾ ਅੱਜ ਪੈ ਗਈ ਨਾ ਲੋੜ? (ਨੀਲਾ) ਟਿੱਲੇ ਤੇ ਚੜ੍ਹਿਆ ਤੇ ਸਾਰਾ ਚੱਪਣ ਚੱਕਕੇ ਰੱਖ ਦਿੱਤਾ। ਜਦੋਂ ਚੱਪਣ ਚੱਕਿਆ ਤਾਂ ਏਨੀਆਂ ਹਨੇਰੀਆਂ, ਏਨੇ ਝੱਖੜ, ਏਨੇ ਤੁਫਾਨ, ਗਰੀਬਾਂ ਦੇ ਘਰ ਢਹਿ ਗਏ। ਪਸ਼ੂ ਨੁਕਸਾਨੇ ਗਏ।
ਸੰਗਤ ਫੇਰ ਆ ਗਈ। ਕਹਿੰਦੇ ਬਾਬਾ ਜੀ! ਆਹ ਤਾਂ ਬੁਰਾ ਹਾਲ ਹੋ ਗਿਆ।  ਮਹਾਂਪੁਰਖ ਜਾਣੀਜਾਣ ਸੀ, ਨੀਲੇ ਵੱਲ ਝਾਕਕੇ ਕਹਿੰਦੇ ਨੀਲਿਆ! ਇਹ ਤੇਰਾ ਹੀ ਕਾਰਾ ਲੱਗਦਾ ਹੈ?
ਹੱਥ ਜੋੜਕੇ ਕਹਿੰਦਾ, ਮੈਹੀਓਂ ਕੀਤਾ ਐ....।"
ਇਸ ਵੀਡੀਓ ਬਾਰੇ ਜੋਨੀ ਬਾਬਾ ਜੀ ਨੇ ਗੁਰਬਾਣੀ ਦੀਆਂ ਉਦਾਹਰਣਾਂ ਸਮੇਤ ਜੋ ਸਫਾਈ ਦਿੱਤੀ, ਉਸ ਦੇ ਵੀ ਕੁਝ ਅੰਸ਼ ਪ੍ਰਸਤੁਤ ਕਰਨੇ ਜਰੂਰੀ ਹਨ__
ਕਰਾਮਾਤ? ...
. ਗੰਗ ਗੁਸਾਇਨਿ ਗਹਿਰ ਗੰਭੀਰ
ਜੰਜੀਰ ਬਾਂਧਿ ਕਰਿ ਖਰੇ ਕਬੀਰ
1
ਮਨ ਨ ਡਿਗੈ ਤਨੁ ਕਾਹੇ ਕਉ ਡਰਾਇ॥
ਚਰਨ ਕਮਲ ਚਿਤੁ ਰਹਿਓ ਸਮਾਇ
॥ ਰਹਾਉ॥
ਗੰਗਾ ਕੀ ਲਹਿਰ ਮੇਰੀ ਟੁਟੀ ਜੰਜੀਰ॥
ਮ੍ਰਿਗਛਾਲਾ ਪਰ ਬੈਠੇ ਕਬੀਰ
2
ਕਹਿ ਕਬੀਰ ਕੋਊ ਸੰਗ ਨ ਸਾਥ॥
ਜਲ ਥਲ ਰਾਖਨ ਹੈ ਰਘੂਨਾਥ
3
ਕਹਿੰਦੇ ਡੂੰਘੀ ਅਤੇ ਗਹਰੀ ਗੰਗਾ ਵਿੱਚ ਡੋਬਣ ਦੇ ਲਈ ਲੈ ਗਏ।.... ਮਨ ਨ ਡਿਗੈ ਤਨੁ ਕਾਹੇ ਕਉ ਡਰਾਇ
ਕਿਉਂ ਨਹੀਂ ਡਰਦਾ ਤਨ
? ਕਿਉਂਕਿ ਚਰਨ ਕਮਲ ਚਿਤੁ ਰਹਿਓ ਸਮਾਇਗੰਗਾ ਕੀ ਲਹਿਰ ਮੇਰੀ ਟੂਟੀ ਜੰਜੀਰਮ੍ਰਿਗਛਾਲਾ ਪਰ ਖੜੇ ਕਬੀਰ
ਗੰਗਾ ਦੀਆਂ ਲਹਿਰਾਂ ਵਿੱਚ ਤਾਂ ਮੈਨੂੰ ਡੋਬਿਆ ਸੀ। ਪਰ ਮੇਰੀਆਂ ਜੰਜੀਰਾਂ ਪਤਾ ਨਹੀਂ ਕਿਵੇਂ ਟੁੱਟ ਗਈਆਂ।
ਇਹ ਕਰਾਮਾਤ ਨਹੀਂ?
ਇਹ ਰੱਬ ਵੱਲੋਂ ਮਿਲੀ ਦਾਤ ਨਹੀਂ?...."

ਵਿਚਾਰ__
ਸਭ ਤੋਂ ਪਹਿਲਾਂ ਬਾਬਾ ਜੋਨੀ ਜੀ ਵੱਲੋਂ ਸੁਣਾਈ ਗਈ ਨੀਲੇ ਵਾਲੀ ਸਾਖੀ ਅਤੇ ਕਬੀਰ ਜੀ ਦੀ ਜੰਜੀਰ ਵਾਲੀ ਸਾਖੀ ਦਾ ਆਪਸ ਵਿੱਚ ਮਿਲਾਨ ਕਰਕੇ ਦੇਖੀਏ__

ਕਬੀਰ ਜੀ ਨੂੰ ਰਘੂਨਾਥ ਨੇ ਡੋਲਣ ਨਹੀਂ ਦਿੱਤਾ ਅਤੇ ਉਸਨੇ ਲਾਜ ਇਸ ਲਈ ਰੱਖੀ, ਕਿਉਂਕਿ ਕਬੀਰ ਜੀ ਦਾ ਚਿੱਤ ਪ੍ਰਭੂ ਦੇ ਚਰਣ ਕਮਲਾਂ ਵਿੱਚ ਜੁੜਿਆ ਹੋਇਆ ਹੈ। ਕਬੀਰ ਨੇ ਆਪਣਾ ਆਪਾ ਪ੍ਰਭੂ ਦੇ ਸਪੁਰਦ ਕੀਤਾ ਹੋਇਆ ਹੈ।
ਦੂਜੇ ਪਾਸੇ, ਨੀਲੇ ਵਾਲੀ ਸਾਖੀ ਤੇ ਗ਼ੌਰ ਕਰੋ_ ਬਾਬਾ ਜੀ ਨੇ ਨੀਲੇ ਨੂੰ '.... ਐਨੇ ਨੰਬਰ ਘੜੇ ਦਾ ਚੱਪਣ ਚੁੱਕਣ ਦਾ ਹੁਕਮ ਦਿੱਤਾ। ਇਸ ਦਾ ਮਤਲਬ ਹੈ ਕਿ ਘੜਾ ਕੋਈ ਅਦਿਖ ਨਹੀਂ, ਆਮ ਘੜਿਆਂ ਵਰਗਾ ਘੜਾ ਸੀ।'...ਐਨੇ ਨੰਬਰ' ਕਹਿਣ ਦਾ ਮਤਲਬ ਇਹ ਵੀ ਹੈ ਕਿ ਘੜੇ ਹੋਰ ਵੀ ਸਨ।
ਜਾਣੀ ਕਿ ਪਹਿਲਾਂ ਟਿੱਲੇ ਤੇ ਘੜੇ ਰੱਖੇ ਗਏ ਸਨ। ਸਵਾਲ ਪੈਦਾ ਹੁੰਦਾ ਹੈ ਕਿ ਟਿੱਲੇ ਤੇ ਘੜੇ ਰੱਖੇ ਕਿਸਨੇ?
  ਕੀ ਬਾਬਾ ਜੀ ਨੇ ਚਮਤਕਾਰੀ ਅਤੇ ਸ਼ਕਤੀ ਭਰਪੂਰ ਘੜੇ ਟਿੱਲੇ ਤੇ ਪਹੁੰਚਦੇ ਕੀਤੇ ਸੀ, ਕਿ ਲੋੜ ਪੈਣ ਤੇ ਇਹਨਾ ਤੋਂ ਕੰਮ ਲਿਆ ਜਾਏਗਾ?
ਕਬੀਰ ਦੀ ਜੰਜੀਰ ਵਾਲੀ ਸਾਖੀ ਵਿੱਚ ਤਾਂ ਕਬੀਰ ਜੀ ਦਾ ਬੱਸ ਏਨਾ ਰੋਲ ਹੈ ਕਿ ਉਹਨਾ ਦਾ ਚਿੱਤ ਪ੍ਰਭੂ ਚਰਨਾ ਵਿੱਚ ਸਮਾਇਆ/ਜੁੜਿਆ ਹੋਇਆ ਹੈ। ਕਬੀਰ ਜੀ ਦੀ ਜੰਜੀਰ ਟੁੱਟਣ ਵਾਲੀ ਸਾਖੀ ਵਿੱਚ ਜਲ, ਥਲ, ਸਭ ਜਗ੍ਹਾ ਤੇ ਆਪ ਰੱਖਣ ਵਾਲੇ ਰਘੂਨਾਥ ਦੀ ਕਰਾਮਾਤ ਹੈ।
ਪਰ ਜੋਨੀ ਬਾਬਾ ਜੀ ਵਾਲੀ ਸਾਖੀ ਵਿੱਚ ਜਲ, ਥਲ ਵਿੱਚ ਰੱਖਣ ਵਾਲੇ ਪ੍ਰਭੂ ਦਾ ਕੋਈ ਰੋਲ ਨਹੀਂ ਹੈ। ਜੋਨੀ ਬਾਬਾ ਜੀ ਵਾਲੀ ਸਾਖੀ ਵਿੱਚ
1- ਭੁੱਚੋ ਵਾਲੇ ਬਾਬਾ ਜੀ ਹਨ,
2- ਚਮਤਕਾਰੀ ਘੜਾ ਹੈ ਅਤੇ
3- ਨੀਲਾ ਹੈ।
ਪਰਮਾਤਮਾ ਦਾ ਕੋਈ ਜ਼ਿਕਰ ਨਹੀਂ।

ਇਹ ਗੱਲ ਤਾਂ ਜੋਨੀ ਬਾਬਾ ਜੀ ਹੀ ਦੱਸ ਸਕਦੇ ਹਨ ਕਿ ਚਮਤਕਾਰੀ ਘੜਾ ਟਿੱਲੇ ਤੇ ਕਿਵੇਂ ਪਹੁੰਚਿਆ?
ਜੇ ਇਹ ਕੰਮ ਬਾਬਾ ਜੀ ਦਾ ਹੈ ਤਾਂ, ਟਿੱਲੇ ਤੇ ਘੜੇ ਰੱਖਣ ਦੀ ਅਤੇ ਨੀਲੇ ਗੜਵਈ ਦੀ ਤਾਂ ਕੋਈ ਲੋੜ ਨਹੀਂ ਸੀ ਆਪਣੀ ਕਰਾਮਾਤ ਨਾਲ ਬੈਠੇ ਬਠਾਏ ਕੰਮ ਕਰ ਸਕਦੇ ਸੀ। ਨੀਲੇ ਨੇ ਤਾਂ ਬਲਕਿ ਕੰਮ ਵਗਾੜਿਆ ਹੀ ਹੈ। ਉਹ ਪਹਿਲਾਂ ਹੀ ਅੱਕਿਆ ਬੈਠਾ ਸੀ। ਕਿਸੇ ਦਾ ਗੁੱਸਾ ਕਿਸੇ ਤੇ ਲਾਹ ਦਿੱਤਾ। ਜੇ ਬਾਬਾ ਜੀ ਕਰਾਮਾਤ ਨਾਲ ਹਵਾ ਆਪ ਹੀ ਰੈਗੂਲੇਟ ਕਰਕੇ ਵਗਾ ਦਿੰਦੇ ਤਾਂ ਨੀਲੇ ਦੇ ਹੱਥੋਂ ਗਰੀਬਾਂ ਦੇ ਘਰਾਂ ਦਾ ਅਤੇ ਪਛੂਆਂ ਦਾ ਨੁਕਸਾਨ ਹੋਣੋ ਬਚ ਜਾਣਾ ਸੀ। ਗਰੀਬਾਂ ਦਾ ਭਲਾ ਹੋਣ ਦੀ ਬਜਾਏ ਉਲਟਾ ਨੁਕਸਾਨ ਹੋ ਗਿਆ।
ਜੋਨੀ ਬਾਬਾ ਜੀ ਕਹਿੰਦੇ ਹਨ ਕਿ ਗੁਰਬਾਣੀ ਵਿੱਚ ਬਹੁਤ ਕਰਾਮਾਤਾਂ ਦਾ ਜ਼ਿਕਰ ਹੈ। ਹਰ ਥਾਂ ਕਰਾਮਾਤ ਹੀ ਕਰਾਮਾਤ ਹੈ।
ਵਿਚਾਰ__ ਠੀਕ ਹੈ ਕਿ ਹਰ ਥਾਂ ਕਰਾਮਾਤ ਹੀ ਕਰਾਮਾਤ ਹੈ।   ਪਰ ਗੁਰਮਤਿ ਵਿੱਚ ਕਿਸੇ ਵੀ ਮਹਾਂਪੁਰਸ਼ ਨੇ ਕਰਾਮਾਤ ਨਹੀਂ ਕੀਤੀ।
ਮਿਸਾਲ ਦੇ ਤੌਰ ਤੇ__
ਸੁਲਤਾਨ ਨਾਮਦੇਵ ਨੂੰ ਕਹਿੰਦਾ ਹੈ ਕਿ ਮਰੀ ਗਊ ਜਿਉਂਦੀ ਕਰ।ਨਹੀਂ ਤਾਂ ਹੁਣੇ ਤੇਰਾ ਸਿਰ ਗਰਦਨ ਤੋਂ ਵੱਖ ਕਰਦਾ ਹਾਂ। ਅੱਗੋਂ ਨਾਮਦੇਵ ਦਾ ਕਹਿਣਾ ਸੀ__ " ਮੇਰਾ ਕੀਆ ਕਛੂ ਨ ਹੋਇਕਰਿ ਹੈ ਰਾਮੁ, ਹੋਇ ਹੈ ਸੋਇ॥" ਅਰਥਾਤ ਹੇ ਸੁਲਤਾਨ! ਮੈਂ ਇਹ ਕੰਮ(ਕਰਾਮਾਤ) ਨਹੀਂ ਕਰ ਸਕਦਾ। ਹਾਂ ਪਰਮਾਤਮਾ ਚਾਹੇ ਤਾਂ ਕਰ ਸਕਦਾ ਹੈ।

ਭੁੱਚੋ ਵਾਲੇ ਬਾਬਾ ਜੀ ਵਿੱਚ ਸ਼ਾਇਦ ਕਰਾਮਾਤੀ ਤਾਕਤ ਜਿਆਦਾ ਸੀ ਤਾਂ ਹੀ ਨੀਲੇ ਨੂੰ ਹੁਕਮ ਦੇ ਕੇ ਕੰਮ ਕਰਵਾ ਲਿਆ (ਇਹ ਗੱਲ ਵੱਖਰੀ ਹੈ ਕਿ ਉਸਨੇ ਕੰਮ ਸਵਾਰਨ ਦੇ ਥਾਂ ਵਿਗਾੜ ਦਿੱਤਾ)।

 ਪਰ ਨਾਮਦੇਵ ਨੇ ਸਾਫ ਕਹਿ ਦਿੱਤਾ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ। 
ਨਾਮਦੇਵ ਦੀ ਡੋਰ ਤਾਂ ਕੇਵਲ ਪਰਮਾਤਮਾ ਤੇ ਹੀ ਛੱਡੀ ਹੋਈ ਸੀ__
" ਗੰਗ ਜਮੁਨ ਜਉ ਉਲਟੀ ਬਹੈਤਉ ਨਾਮਾ ਹਰਿ ਕਰਤਾ ਰਹੈ ॥"
ਨਾਮਦੇਵ ਨੇ ਕਿਸੇ ਨੀਲੇ ਨੂੰ ਹੁਕਮ ਨਹੀਂ ਸੀ ਦਿੱਤਾ
, ਉਸ ਨੂੰ ਤਾਂ ਤਿੰਨਾਂ ਭਵਨਾ ਦੇ ਮਾਲਕ ਪ੍ਰਭੂ ਤੇ ਹੀ ਆਸ ਸੀ__
"ਸਾਤ ਘੜੀ ਜਬ ਬੀਤੀ ਸੁਣੀ॥
ਅਜਹੁ ਨ ਆਇਓ ਤ੍ਰਿਭਵਣ ਧਣੀ
॥"

ਇਹ ਫਰਕ ਹੈ ਗੁਰਮਤਿ ਦੀ ਕਰਾਮਾਤ ਦਾ ਅਤੇ ਡੇਰੇਦਾਰ ਸੰਤਾਂ ਬਾਬਿਆਂ ਦੀ ਕਰਾਮਾਤ ਦਾ-
ਕਬੀਰ ਜੀ ਦੀ ਜੰਜ਼ੀਰ ਕੱਟਣ ਵਾਲਾ ਵੀ ਪਰਮਾਤਮਾ ਸੀ ਅਤੇ ਨਾਮਦੇਵ ਲਈ ਮਰੀ ਗਾਂ ਜਿਉਂਦੀ ਕਰਨ ਵਾਲਾ ਵੀ ਗੋਬਿੰਦ ਆਪ ਸੀ। ਪਰ ਇਹਨਾ ਬਾਬਿਆਂ ਦੀਆਂ ਘੜੀਆਂ ਫਰਜੀ ਕਰਾਮਾਤੀ ਕਹਾਣੀਆਂ ਅਨੁਸਾਰ ਇਹਨਾ ਨੇ ਆਪਣੇ ਆਪ ਨੂੰ ਹੀ ਰੱਬ ਹੋਣ ਦਾ ਭਰਮ ਭੋਲੇ ਭਾਲੇ ਲੋਕਾਂ ਦੇ ਜ਼ਹਨ ਵਿੱਚ ਪਾ ਛੱਡਿਆ ਹੈ। ਇਹੀ ਕਾਰਣ ਹੈ ਕਿ ਬਾਬਾ ਜੀ ਦੇ ਪ੍ਰੇਮੀ ਗੁਰੂ ਗ੍ਰੰਥ ਸਾਹਿਬ ਤੋਂ ਵੀ ਅਤੇ ਪ੍ਰਭੂ ਤੋਂ ਵੀ ਜਿਆਦਾ ਆਪਣੇ ਬਾਬਾ ਜੀ ਵਿੱਚ ਆਸਥਾ ਰੱਖਦੇ ਹਨ।
ਇਹਨਾ ਬਾਬਿਆਂ ਦੀਆਂ ਪ੍ਰਭਾਵ-ਪੂਰਣ ਅਕਰਸ਼ਿਤ ਕਰਨ ਵਾਲੀਆਂ ਕਹਾਣੀਆਂ ਸੁਣਕੇ ਸਿੱਖ ਅਸਲੀ ਗੁਰਮਤਿ ਤੋਂ ਦੂਰ ਜਾਈ ਜਾਂਦੇ ਹਨ ਅਤੇ ਡੇਰਿਆਂ ਦੀ ਗਿਣਤੀ ਵਧੀ ਜਾਂਦੀ ਹੈ। ਬਾਬਿਆਂ ਤੋਂ ਕੁਝ ਹਾਸਲ ਕਰਨ ਦੀ ਮ੍ਰਿਗ ਤ੍ਰਿਸ਼ਨਾ ਵਿੱਚ ਆਪਣਾ ਆਪ ਲੁਟਾਈ ਜਾਂਦੇ ਹਨ।
ਜਸਬੀਰ ਸਿੰਘ ਵਿਰਦੀ       05-12-2019
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.