ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਦਰਗਹ ਕਿੱਥੇ ਹੈ :-
-: ਦਰਗਹ ਕਿੱਥੇ ਹੈ :-
Page Visitors: 2460

-: ਦਰਗਹ ਕਿੱਥੇ ਹੈ :-
ਦਰਗਹ ਦਾ ਅਖਰੀਂ ਅਰਥ ਹੈ__ ਕਚੈਹਰੀ, ਦਰਵਾਜਾ, ਦਲੀਜ, ਹਜੂਰੀ
  ਜਿਵੇਂ, ਦਰਗਾਹ ਏ ਇਲਾਹੀ__ ਰੱਬ ਦੀ ਹਜੂਰੀ ਵਿੱਚ, ਗੁਰਬਾਣੀ ਵਿੱਚ ਦਰਗਹ ਲਫਜ਼ ਮੁੱਖ ਤੌਰ ਤੇ
 (1) ਰੱਬ ਦੀ ਹਜੂਰੀ ਦੇ ਅਰਥਾਂ ਵਿੱਚ ਆਇਆ ਹੈ__
ਹਰਿ ਦਰਗਹ ਸੋਭਾਵੰਤ ਬਾਹ ਲੁਡਾਰੀਆ॥ (ਪੰਨਾ 241)
 ਪ੍ਰਭੂ ਦੀਆਂ ਖੁਸ਼ੀਆਂ ਪਰਾਪਤ ਹੋਣ ਕਰਕੇ, ਉਸ ਦੀ ਹਜੂਰੀ ਵਿੱਚ ਜੀਵ ਖ਼ਿਰਾਮਾਂ ਚਾਲ ਚੱਲਦਾ ਹੈ
(ਬਾਹ ਲੁਡਾਰੀਆ=ਖ਼ਿਰਾਮਾਂ= ਸੁੰਦਰ, ਮਸਤੀ-ਭਰੀ ਚਾਲ)
{ਨੋਟ- ਪ੍ਰਭੂ ਨਿਰਾਕਾਰ ਹੈ, ਉਸ ਦੀ ਦਰਗਹ ਵੀ ਨਿਰਾਕਾਰ ਹੈ ਅਤੇ ਇਸ ਜੀਵਨ ਤੋਂ ਬਾਅਦ, ਪ੍ਰਭੂ ਦੀ ਹਜੂਰੀ ਵਿੱਚ ਜੀਵ ਵੀ ਇਸ ਭੌਤਿਕ ਸਰੀਰ ਤੋਂ ਰਹਿਤ ਹੀ ਹੁੰਦਾ ਹੈ। ਇਸ ਲਈ, ਬਾਹ ਲੁਡਾਰੀਆ ਜਾਂ ਦਰਗਹ ਬੈਸਣ, ਆਦਿ ਲਫਜ਼ ਉਸੇ ਤਰ੍ਹਾਂ ਹੀ ਵਰਤੇ ਹਨ ਜਿਵੇਂ-
*ਬਾਹ ਪਕੜਿ ਪ੍ਰਭਿ ਕਾਢਿਆ ਕੀਨਾ ਅਪਨਇਆ॥ (ਪੰਨਾ 817) }
  ਅਤੇ ਦੂਸਰਾ, ਦਰਗਹ ਲਫਜ਼ ਪ੍ਰਭੂ ਦੀ ਕਚਹਿਰੀ ਦੇ ਅਰਥਾਂ ਵਿੱਚ ਆਇਆ ਹੈ__
ਅਮਲੁ ਸਿਰਾਨੋ ਲੇਖਾ ਦੇਨਾ॥ ਆਏ ਕਠਿਨ ਦੂਤ ਜਮ ਲੇਨਾ॥
ਕਿਆ ਤੈ ਖਟਿਆ ਕਹਾ ਗਵਾਇਆ॥ ਚਲਹੁ ਸਿਤਾਬ ਦੀਬਾਨਿ ਬੁਲਾਇਆ
॥1॥
ਚਲੁ ਦਰਹਾਲੁ ਦੀਵਾਨਿ ਬੁਲਾਇਆ॥ ਹਰਿ ਫੁਰਮਾਨੁ ਦਰਗਹ ਕਾ ਆਇਆ॥ {ਪੰਨਾ 792}
  ਅਰਥ :-(ਹੇ ਜੀਵ! ਜਗਤ ਵਿਚ) ਮੁਲਾਜ਼ਮਤ ਦਾ ਸਮਾ (ਭਾਵ, ਉਮਰ ਦਾ ਨਿਯਤ ਸਮਾ) ਲੰਘ ਗਿਆ ਹੈ, (ਇੱਥੇ ਜੋ ਕੁਝ ਕਰਦਾ ਰਿਹਾ ਹੈਂ) ਉਸ ਦਾ ਹਿਸਾਬ ਦੇਣਾ ਪਏਗਾ; ਕਰੜੇ ਜਮ-ਦੂਤ ਲੈਣ ਆ ਗਏ ਹਨ। (ਉਹ ਆਖਣਗੇ-) ਛੇਤੀ ਚੱਲ, ਧਰਮਰਾਜ ਨੇ ਸੱਦਿਆ ਹੈ। ਇੱਥੇ  ਰਹਿ ਕੇ ਤੂੰ ਕੀਹ ਖੱਟੀ ਖੱਟੀ ਹੈ, ਤੇ ਕਿੱਥੇ ਗਵਾਇਆ ਹੈ ?
ਦੂਜੈ ਭਾਇ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਇ॥ (ਪੰਨਾ 88)
ਦਰਗਹ ਕਿੱਥੇ ਹੈ__ ਕੁਝ ਗੁਰਮਤਿ ਪ੍ਰੇਮੀ ਸੱਜਣ ਅਨਜਾਣੇ ਵਿੱਚ, ਪ੍ਰਭੂ ਦੀ ਦਰਗਹ ਇਸ ਸੰਸਾਰ ਤੋਂ ਕਿਤੇ ਵੱਖਰੇ ਥਾਂ ਤੇ ਤਸੱਵੁਰ ਕਰਦੇ ਹਨ।
ਪਰ ਉਸ ਦੀ ਦਰਗਹ ਉਸ ਤੋਂ ਵੱਖਰੀ ਨਹੀਂ। ਜਿੱਥੇ ਉਹ ਆਪ ਵਸਦਾ ਹੈ, ਓਥੇ ਹੀ ਉਸਦੀ ਦਰਗਹ ਹੈ। ਇਸ ਬ੍ਰਹਮੰਡ ਵਿੱਚ ਪ੍ਰਭੂ ਸਰਬ ਵਿਆਪਕ ਹੈ। ਤਾਂ ਉਸ ਦੀ ਦਰਗਹ ਵੀ ਸਰਬ ਵਿਆਪਕ ਹੈ।
 ਅਜੋਕੇ ਕੁੱਝ ਅਗਾਂਹ-ਵਧੂ ਸੱਜਣਾਂ ਨੂੰ ਪ੍ਰਭੂ ਦਾ ਨਿਰਾਕਾਰ ਸੂਖਮ ਸਰੂਪ ਮੰਨਣ ਵਾਲੀ ਗੱਲ ਹਜਮ ਨਹੀਂ ਹੁੰਦੀ। ਉਹ ਸੱਜਣ ਪ੍ਰਭੂ ਨੂੰ *ਪੁਰਖ* (ਕਰਤਾ ਪੁਰਖ) ਮੰਨਣ ਤੋਂ ਇਨਕਾਰੀ ਹਨ। ਇਸ ਲਈ ਅਗਿਆਨਤਾ ਕਾਰਣ ਸ਼ਕਤੀ/ਅਨਰਜੀ ਨੂੰ ਹੀ ਰੱਬ ਮੰਨੀ ਬੈਠੇ ਹਨ।
 ਸ਼ਕਤੀ ਜਾਂ ਅਨਰਜੀ ਨਾਲ ਸੰਸਾਰ ਦੀਆਂ ਗਤੀ ਵਿਧੀਆਂ ਤਾਂ ਚੱਲ ਸਕਦੀਆਂ ਹਨ ਅਤੇ ਚੱਲ ਰਹੀਆਂ ਹਨ, ਪਰ ਕਿਸੇ ਸ਼ਕਤੀ ਵਿੱਚ ਸੋਚ, ਸਮਝ ਨਹੀਂ ਹੈ। ਕੋਈ ਸ਼ਕਤੀ ਖੁਦ ਕਿਸੇ ਵੀ ਚੀਜ਼ ਦੀ ਡਿਜ਼ਾਇਨਿੰਗ ਨਹੀਂ ਕਰ ਸਕਦੀ। ਕਿਸੇ ਵੀ ਬਣੇ ਸਿਸਟਮ ਵਿੱਚ ਕੰਮ ਤਾਂ ਕਰਦੀ ਹੈ, ਪਰ ਆਪਣੇ ਆਪ ਤੋਂ ਕੋਈ ਸਿਸਟਮ ਨਹੀਂ ਬਣਾ ਸਕਦੀ। ਜੇ ਮਿਸਾਲਾਂ ਗਿਣਨ ਲੱਗੋ ਤਾਂ ਜ਼ਿੰਦਗੀ ਖਤਮ ਹੋ ਜਾਏਗੀ, ਮਿਸਾਲਾਂ ਖਤਮ ਨਹੀਂ ਹੋਣਗੀਆਂ। ਇਸ ਲਈ ਸਿਰਫ ਇੱਕ ਛੋਟੀ ਜਿਹੀ ਮਿਸਾਲ ਹੀ ਪ੍ਰਸਤੁਤ ਹੈ__
  ਆਪਾਂ ਭੋਜਨ ਖਾਂਦੇ ਹਾਂ, ਭੋਜਨ ਤੋਂ ਆਪਣੇ ਆਪ ਖੂਨ ਬਣ ਜਾਂਦਾ ਹੈ। ਸਰੀਰ ਦੇ ਵਿੱਚ ਖੂਨ ਬਣਨ ਦੀ ਗਤੀ ਵਿਧੀ ਵਿੱਚ ਸ਼ਕਤੀ/ ਅਨਰਜੀ ਜਰੂਰ ਆਪਣਾ ਕੰਮ ਕਰਦੀ ਹੈ, ਪਰ ਭੋਜਨ ਤੋਂ ਖੂਨ ਬਣਨ ਦਾ ਜੋ ਸਿਸਟਮ ਬਣਿਆ ਹੈ, ਇਹ ਕਿਸੇ ਸ਼ਕਤੀ ਨੇ ਨਹੀਂ ਬਲਕਿ ਉਸ ਹਸਤੀ, ਉਸ ਪੁਰਖ ਤੋਂ ਹੋਂਦ ਵਿੱਚ ਆਇਆ ਹੈ ਜਿਸ ਵਿੱਚ ਸੂਝ-ਬੂਝ ਹੈ। ਜਿਸ ਵਿੱਚ ਕੁਝ ਵੀ ਕਰਨ ਦੀ ਸਮਰੱਥਾ ਹੈ। ਜੇ ਰੱਬ ਨੂੰ ਸ਼ਕਤੀ ਮੰਨੀਏ ਤਾਂ ਮੰਨਣਾ ਪਏਗਾ ਕਿ ਕਿਸੇ ਕਮਜ਼ੋਰ, ਬਿਮਾਰ, ਬੱਚੇ ਅਤੇ ਬੁਜੁਰਗ ਵਿੱਚ ਪ੍ਰਭੂ ਦਾ ਵਾਸਾ ਘੱਟ ਹੈ ਅਤੇ ਕਿਸੇ ਪਹਿਲਵਾਨ (ਚਾਹੇ ਉਹ ਦੁਰਾਚਾਰੀ ਹੀ ਕਿਉਂ ਨਾ ਹੋਵੇ) ਵਿੱਚ ਉਸ ਦਾ ਵਾਸਾ ਕੁਝ ਜਿਆਦਾ ਹੈ।
  ਕੋਈ ਵੀ ਸ਼ਕਤੀ ਕੀਤੇ ਕੰਮਾਂ ਦਾ ਲੇਖਾ ਨਹੀਂ ਮੰਗ ਸਕਦੀ ਪਰ ਪ੍ਰਭੂ ਸਾਡੇ ਕੀਤੇ ਕੰਮਾਂ ਨੂੰ ਵਾਚਦਾ ਵੀ ਹੈ ਅਤੇ ਸਾਡੇ ਕੀਤੇ ਕੰਮਾਂ ਮੁਤਾਬਕ ਉਸਦਾ ਹੁਕਮ ਚੱਲਦਾ ਹੈ-
  ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ ਬਹੁ ਦੇਇ ਸਜਾਇ॥ (ਪੰਨਾ 316) ਅਤੇ
ਹੁਕਮ ਚਲਾਏ ਅਪਣੇ ਕਰਮੀ ਵਹੈ ਕਲਾਮ
  ਅਰਦਾਸ ਕਰਨ ਤੇ ਪ੍ਰਭੂ ਕਿਸੇ ਦੀ ਭੁੱਲ ਬਖਸ਼ ਵੀ ਸਕਦਾ ਹੈ, ਜਦਕਿ ਕਿਸੇ ਸ਼ਕਤੀ ਵਿੱਚ ਇਹ ਗੁਣ ਜਾਂ ਸਮਰੱਥਾ ਨਹੀਂ ਹੈ।
ਮੁੱਦੇ ਵੱਲ ਪਰਤਦੇ ਹੋਏ- ਦਰਗਹ ਓਥੇ ਹੀ ਹੈ ਜਿੱਥੇ ਪ੍ਰਭੂ ਆਪ ਵਸਦਾ ਹੈ। ਪ੍ਰਭੂ ਸਾਰੇ ਬ੍ਰਹਮੰਡ ਵਿੱਚ ਸਰਬ ਵਿਆਪਕ ਹੈ।
  ਉਸ ਦੀ ਦਰਗਹ ਸਰਬ ਵਿਆਪਕ ਹੈ ਤਾਂ ਫੇਰ ਦਿਸਦੀ ਕਿਉਂ ਨਹੀਂ ?
 ਇਸ ਲਈ ਕਿ ਜੇ ਪ੍ਰਭੂ ਨਿਰਾਕਾਰ ਹੈ ਤਾਂ ਉਸ ਦੀ ਦਰਗਹ ਵੀ ਨਿਰਾਕਾਰ ਹੈ। ਉਸਦਾ ਨਿਆਉਂ ਅਦਿਖ ਰੂਪ ਵਿੱਚ ਵਰਤਦਾ ਹੈ__
ਮੇਰਾ ਪ੍ਰਭੁ ਨਿਰਮਲੁ ਅਗਮ ਅਪਾਰਾ॥ ਬਿਨੁ ਤਕੜੀ ਤੋਲੈ ਸੰਸਾਰਾ॥ (ਪੰਨਾ 110)
ਇੱਕ ਖਾਸ ਗੱਲ ਜਿਸ ਤੇ ਧਿਆਨ ਦੇਣ ਦੀ ਜਰੂਰਤ ਹੈ__
ਪ੍ਰਭੂ ਇਸੇ ਸੰਸਾਰ ਵਿੱਚ ਸਰਬ ਵਿਆਪਕ ਹੈ। ਉਸ ਦੀ ਦਰਗਹ ਵੀ ਇਸੇ ਸੰਸਾਰ ਵਿੱਚ ਸਰਬ ਵਿਆਪਕ ਹੈ, ਇਸ ਗੱਲ ਤੋਂ ਇਸ ਭੁਲੇਖੇ ਵਿੱਚ ਨਹੀਂ ਪੈਣਾ ਚਾਹੀਦਾ ਕਿ, ਉਸ ਦੀ ਦਰਗਹ ਦਾ ਸੰਬੰਧ ਇਸੇ ਜੀਵਨ ਤੱਕ ਹੀ ਸੀਮਿਤ ਹੈ। ਅਤੇ ਜੀਵ ਦਾ ਜਨਮ ਵੀ ਇਹ ਮੌਜੂਦਾ ਜਨਮ ਹੀ ਹੈ।
 ਉਸ ਦੀ ਦਰਗਹ ਦਾ ਸੰਬੰਧ ਜੀਵ ਦੇ ਇਸ ਜਨਮ/ਜੀਵਨ ਨਾਲ ਅਤੇ ਅਗਲੇ ਪਿਛਲੇ ਜਨਮਾਂ ਨਾਲ ਵੀ ਹੈ।
  ਅਗਲਾ ਪਿਛਲਾ ਜਨਮ ਕੀ ਹੈ ਅਤੇ ਕਿੱਥੇ ਹੈ, ਬਾਰੇ ਵੀ ਥੋੜ੍ਹੀ ਵਿਚਾਰ ਕਰਨ ਦੀ ਜਰੂਰਤ ਹੈ-
ਗੁਰਬਾਣੀ ਦਾ ਫੁਰਮਾਨ ਹੈ__
 ਉਦਮ ਕਰਹਿ ਅਨੇਕ ਹਰਿ ਨਾਮੁ ਨ ਗਾਵਹੀ॥
 ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀ
॥(ਪੰਨਾ 705)
__ ਜਿਹੜੇ ਮਨੁੱਖ ਹੋਰ ਹੋਰ ਕੰਮ ਤਾਂ ਅਨੇਕਾਂ ਕਰਦੇ ਹਨ ਪਰ ਪ੍ਰਭੂ ਦਾ ਨਾਮ ਨਹੀਂ ਸਿਮਰਦੇ, ਉਹ ਮੁੜ ਮੁੜ ਜਨਮ ਲੈ ਕੇ ਸੰਸਾਰ ਤੇ ਆ ਜਾਂਦੇ ਹਨ। *ਮਰਿ ਜਨਮਹਿ ਆਵਹੀ* ਮਰਦੇ ਹਨ ਜਨਮ ਲੈ ਕੇ ਫੇਰ ਆ ਜਾਂਦੇ ਹਨ।
  ਇਸੇ ਸੰਸਾਰ ਵਿੱਚ- ਇਸ ਮੌਜੂਦਾ ਜਨਮ ਤੋਂ ਪਹਿਲਾਂ ਜੋ ਜਨਮ ਸੀ ਉਹ ਪਿਛਲਾ ਜਨਮ ਸੀ ਅਤੇ ਇਸ ਮੌਜੂਦਾ ਜਨਮ ਤੋਂ ਬਾਅਦ ਫੇਰ ਜੋ ਜਨਮ ਹੋਣ ਵਾਲਾ ਹੈ ਉਹ ਅਗਲਾ ਜਨਮ ਹੋਵੇਗਾ।
ਜਿਵੇਂ-ਜਿਸ ਨੂੰ ਅਸੀਂ ਬੀਤਿਆ ਕਲ੍ਹ ਕਹਿੰਦੇ ਹਾਂ, ਇਕ ਦਿਨ ਪਹਿਲਾਂ ਉਹੀ ਮੌਜੂਦਾ ਦਿਨ ਸੀ ਜਿਸ ਨੂੰ ਅੱਜ ਆਪਾਂ ਮੌਜੂਦਾ ਦਿਨ ਕਹਿੰਦੇ ਹਾਂ, ਇਹੀ ਇਕ ਦਿਨ ਬਾਅਦ ਬੀਤਿਆ ਕਲ੍ਹ ਹੋ ਜਾਏਗਾ। ਜਿਸ ਨੂੰ ਅੱਜ ਆਪਾਂ ਆਉਣ ਵਾਲਾ ਕਲ੍ਹ ਕਹਿੰਦੇ ਹਾਂ, ਉਹੀ ਇਕ ਦਿਨ ਬਾਅਦ ਮੌਜੂਦਾ ਦਿਨ ਕਹਾਏਗਾ।
ਇਸੇ ਤਰ੍ਹਾਂ ਪਿਛਲਾ ਜਨਮ, ਮੌਜੂਦਾ ਜਨਮ/ਜੀਵਨ ਅਤੇ ਅਗਲਾ ਜਨਮ ਸਭ ਏਥੇ ਇਸੇ ਸੰਸਾਰ ਵਿੱਚ ਹੀ ਹੈ।
ਇਸੇ ਤਰ੍ਹਾਂ ਦਰਗਹ ਦਾ ਸਬੰਧ ਮੌਜੂਦਾ, ਪਿਛਲੇ ਅਤੇ ਅਗਲੇ ਜਨਮ ਜਾਂ ਜਨਮਾਂ ਨਾਲ ਹੈ।
ਜਸਬੀਰ ਸਿੰਘ ਵਿਰਦੀ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.