ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
- : ਅਖੰਡ ਪਾਠ ਅਤੇ ਪਾਠੀ : -
- : ਅਖੰਡ ਪਾਠ ਅਤੇ ਪਾਠੀ : -
Page Visitors: 72

- : ਅਖੰਡ ਪਾਠ ਅਤੇ ਪਾਠੀ : -
ਸਵਾਲ- ਕੀ ਅਖੰਡ ਪਾਠ ਦੀ ਰੌਲ਼ ਕੋਈ ਗ਼ੈਰ-ਸਿੱਖ ਵਿਅਕਤੀ ਲਗਾ ਸਕਦਾ ਹੈ?
ਜਵਾਬ- ਗੁਰੂ ਦਾ ਉਪਦੇਸ਼ ਸਰਬ ਸਾਂਝਾ ਹੈ।ਸੋ ਪਾਠ ਤਾਂ ਕੋਈ ਵੀ ਕਰ ਸਕਦਾ ਹੈ।ਚਾਹੇ ਉਹ ਅਖੰਡ ਪਾਠ ਹੋਵੇ, ਸਧਾਰਣ ਪਾਠ ਹੋਵੇ, ਜਾਂ ਫੇਰ ਨਿਜੀ ਤੌਰ ਤੇ ਇਕਾਂਤ ਵਿੱਚ ਬੈਠਕੇ ਕੀਤਾ ਜਾਣ ਵਾਲਾ ਪਾਠ ਹੋਵੇ।ਇਸ ਵਿੱਚ ਕਿਸੇ ਨੂੰ ਵੀ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ।
ਪਰ ਸਿੱਖ ਸੰਗਤ ਨੂੰ ਸੰਬੋਧਨ ਕਰਕੇ ਗੁਰਬਾਣੀ ਵਿਆਖਿਆ, ਸਿਖਿਆ ਜਾਂ ਹਦਾਇਤਾਂ ਕਰਨ ਦੀ ਇਜਾਜਤ ਗ਼ੈਰ-ਸਿੱਖ ਨੂੰ ਨਹੀਂ ਹੋਣੀ ਚਾਹੀਦੀ।
ਸਿੱਖ ਸੰਗਤ ਨੂੰ ਸੰਬੋਧਨ ਕਰਕੇ ਕੋਈ ਗ਼ੈਰ-ਸਿਖ ਵਿਅਕਤੀ ਗੁਰਬਾਣੀ ਵਿਆਖਿਆ, ਉਪਦੇਸ਼ ਜਾਂ ਹਦਾਇਤਾਂ ਕਿਉਂ ਨਹੀਂ ਕਰ ਸਕਦਾ:- ਇਸ ਲਈ ਕਿ, ਗੁਰੂ ਸਾਹਿਬ ਨੇ ਅੰਮ੍ਰਿਤ ਛਕਾਕੇ ਸਿੱਖ ਨੂੰ ਸਿੱਖੀ ਜਮਾਤ ਵਿੱਚ ਦਾਖਲ ਕੀਤਾ ਹੈ। ਸਿੱਖ ਨੂੰ ਵੱਖਰੀ ਪਛਾਣ ਦਿੱਤੀ ਹੈ।ਏਥੇ ਇਹ ਗੱਲ ਕਲੀਅਰ ਕਰਨੀ ਜਰੂਰੀ ਹੈ ਕਿ ਖੰਡੇ ਬਾਟੇ ਦੇ ਅੰਮ੍ਰਿਤ/ਪਾਹੁਲ ਦਾ ਗੁਰਮਤਿ ਦੇ ਅਧਿਆਤਮਕ ਸਿਧਾਂਤਾਂ ਜਾਂ ਗੁਰਮਤਿ ਫਲੌਸਫੀ ਨਾਲ ਸਿੱਧਾ ਕੋਈ ਸਬੰਧ ਨਹੀਂ। ਪਰ ਖੰਡੇ ਬਾਟੇ ਦੇ ਅੰਮ੍ਰਿਤ ਦਾ, ਸਿੱਖ ਪੰਥ, ਸਿੱਖ ਜਗਤ ਜਾਂ ਸਿੱਖ ਭਾਈਚਾਰੇ ਨਾਲ ਸਬੰਧ ਹੈ।ਖੰਡੇ ਬਾਟੇ ਦੇ ਅੰਮ੍ਰਿਤ ਦਾ ਮਤਲਬ ਹੈ ਕਿ ਕੋਈ ਵਿਅਕਤੀ ਆਪਣੇ ਆਪ ਨੂੰ ਗੁਰਮਤਿ ਸਿਧਾਂਤਾਂ ਤੇ ਚੱਲਣ ਵਾਲੀ ਸਿੱਖੀ ਜਮਾਤ ਵਿੱਚ ਦਾਖਲ ਕਰਦਾ ਹੈ।
ਕੁਝ ਪੜ੍ਹੇ ਲਿਖੇ ਸੱਜਣ ਗੁਰਬਾਣੀ ਦੀਆਂ ‘ਅੰਮ੍ਰਿਤ’ ਵਾਲੀਆਂ ਉਦਾਹਰਣਾਂ ਦੇ ਕੇ ਖੰਡੇ ਬਾਟੇ ਦੇ ਅੰਮ੍ਰਿਤ/ਪਾਹੁਲ ਤੇ ਕਿੰਤੂ ਪ੍ਰੰਤੂ ਕਰਨ ਲੱਗ ਜਾਂਦੇ ਹਨ।ਇਸ ਲਈ ਸਵਾਲ ਖੜ੍ਹੇ ਕਰਨ ਵਾਲੇ ਵੀਰਾਂ ਨੂੰ ਸਮਝਣ ਦੀ ਜਰੂਰਤ ਹੈ ਕਿ, ਗੁਰਬਾਣੀ ਵਿੱਚ ਆਏ ‘ਅੰਮ੍ਰਿਤ’ ਲਫਜ਼ ਅਤੇ ਖੰਡੇ ਬਾਟੇ ਦੇ ਅੰਮ੍ਰਿਤ ਜਾਂ ਪਾਹੁਲ ਦਾ ਫਰਕ ਹੈ। ਗੁਰਬਾਣੀ ਵਿੱਚ ਆਏ ਅੰਮ੍ਰਿਤ ਦਾ ਸਬੰਧ ਅਧਿਆਤਮਕਤਾ ਨਾਲ ਹੈ। ਜਦਕਿ ਖੰਡੇ ਬਾਟੇ ਦੇ ਅੰਮ੍ਰਿਤ/ਪਾਹੁਲ ਦਾ ਮਤਲਬ ਹੈ ਕਿ ਕੋਈ ਵਿਅਕਤੀ ਸਿੱਖੀ ਸਿਧਾਂਤਾਂ ਤੇ ਚੱਲਣ ਲਈ ਆਪਣੇ ਆਪ ਨੂੰ ਇਸ, ਸਿੱਖੀ ਦੀ ਜਮਾਤ ਜਾਂ ਸ਼੍ਰੇਣੀ ਵਿੱਚ ਦਾਖਲ ਕਰਦਾ ਹੈ।(ਪਾਹੁਲ ਦਾ ਅਰਥ ਹੈ- ਪਾਹ ਲੱਗਣਾ)।
ਸਿੱਖ ਦੀ ਵੱਖਰੀ ਪਛਾਣ ਵਾਲੀ ਗੱਲ ਵੀ ਕਈ ਸੱਜਣਾ ਨੂੰ ਹਜਮ ਨਹੀਂ ਹੋਵੇਗੀ।ਸੋ ਇਹ ਗੱਲ ਵੀ ਕਲੀਅਰ ਕਰਨੀ ਬਣਦੀ ਹੈ; ਗੁਰੂ ਸਾਹਿਬ ਨੇ, ਸਿੱਖ ਨੂੰ ਵੱਖਰੀ ਪਛਾਣ ਇਸ ਲਈ ਦਿੱਤੀ ਹੈ ਕਿ; ਸਿੱਖੀ ਦੇ ਕੁਝ ਉਚੇ-ਸੁਚੇ ਉਸੂਲ ਅਤੇ ਸਿਧਾਂਤ ਹਨ।ਜੇ ਕੋਈ ਸੱਜਣ ਆਪਣੇ ਆਪ ਨੂੰ ਸਿੱਖੀ ਸਿਧਾਂਤਾਂ ਤੇ ਚੱਲਣ ਵਾਲੀ ਜਮਾਤ ਵਿੱਚ ਦਾਖਲ ਕਰਦਾ ਹੈ ਤਾਂ ਉਸਦੇ ਲਈ ਸਿੱਖ ਲਈ ਨਿਰਧਾਰਿਤ ਕੀਤੇ ਗਏ ਨਿਯਮਾਂ ਤੇ ਚੱਲਣਾ ਵੀ ਲਾਜਿਮ ਹੋ ਜਾਂਦਾ ਹੈ ਅਤੇ ਉਸਦਾ ਸਿੱਖੀ
ਸਿਧਾਂਤਾਂ ਤੇ ਚੱਲਣਾ ਪ੍ਰਤੱਖ ਨਜ਼ਰ ਆਉਣਾ ਵੀ ਚਾਹੀਦਾ ਹੈ ਅਤੇ ਜੇ ਕੋਈ ਸਿੱਖੀ ਦੀ ਕਲਾਸ ਵਿੱਚ ਦਾਖਲ ਹੋ ਕੇ ਸਿੱਖੀ ਸਿਧਾਂਤਾਂ ਦਾ ਖੰਡਣ ਕਰਦਾ ਹੈ ਤਾਂ ਉਹ ਵੀ ਸਭ ਨੂੰ ਪ੍ਰਤੱਖ ਨਜ਼ਰ ਆਉਣਾ ਚਾਹੀਦਾ ਹੈ।ਇਸੇ ਲਈ ਸਿੱਖ ਦੀ ਵੱਖਰੀ ਪਛਾਣ ਹੋਣੀ ਜਰੂਰੀ ਹੈ।
ਜਿਹੜਾ ਵਿਅਕਤੀ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ, ਜਾਂ ਜਿਸ ਦੀ ਪਛਾਣ ਸਿੱਖ ਵਜੋਂ ਕੀਤੀ ਜਾਂਦੀ ਹੈ, ਉਸ ਉਤੇ ਯਕੀਨ ਕੀਤਾ ਜਾਂਦਾ ਹੈ ਕਿ ਇਹ ਸਿੱਖੀ ਸਿਧਾਂਤਾਂ ਅਤੇ ਨਾਨਕ ਦੀ ਗੁਰਮਤਿ ਫਲੌਸਫੀ ਤੇ ਚੱਲਣ ਵਾਲਾ ਵਿਅਕਤੀ ਹੈ।
ਬਾਹਰੀ ਦਿੱਖ ਤੋਂ ਸਿੱਖ ਨਜ਼ਰ ਆਉਣ ਵਾਲਾ ਵਿਅਕਤੀ, ਜੇ ਗੁਰਮਤਿ ਸਿਧਾਂਤਾਂ ਤੋਂ ਉਲਟ ਕੋਈ ਗਤੀਵਿਧੀ ਕਰਦਾ ਹੈ ਤਾਂ ਪ੍ਰਤੱਖ ਨਜ਼ਰ ਆ ਜਾਣਾ ਚਾਹੀਦਾ ਹੈ ਕਿ ਇਹ ਆਪਣੇ ਆਪ ਨੂੰ ਸਿੱਖ ਤਾਂ ਅਖਵਾਉਂਦਾ ਹੈ ਪਰ ਸਿੱਖੀ ਸਿਧਾਂਤਾਂ ਦੇ ਉਲਟ ਗਤੀਵਿਧੀ ਕਰਦਾ ਹੈ।
ਦੂਸਰੇ ਲਫਜ਼ਾਂ ਵਿੱਚ;
ਸਿੱਖ ਦੀ ਵੱਖਰੀ ਪਛਾਣ, ਇੱਕ ਤਾਂ ਸਿੱਖ ਨੂੰ ਖੁਦ ਨੂੰ ਸਿੱਖੀ ਸਿਧਾਂਤਾਂ ਦੇ ਉਲਟ ਚੱਲਣ ਤੇ ਅੰਕੁਸ਼ ਦਾ ਕੰਮ ਕਰਦੀ ਹੈ।ਅਤੇ ਦੂਸਰਾ, ਬਾਹਰੀ ਤੌਰ ਤੇ ਜਮਾਜ ਵਿੱਚ ਸਭ ਨੂੰ ਪ੍ਰਤੱਖ ਨਜ਼ਰ ਆ ਜਾਂਦਾ ਹੈ ਕਿ ਇਹ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਾ ਵਿਅਕਤੀ, ਅਸਲ ਵਿੱਚ ਸਿੱਖੀ ਸਿਧਾਂਤਾਂ ਦੇ ਅਨੁਸਾਰੀ ਚੱਲ ਰਿਹਾ ਹੈ ਜਾਂ ਇਸਦੇ ਉਲਟ ਗਤੀਵਿਧੀਆਂ ਕਰਦਾ ਹੈ।
ਜਿਵੇਂ ਕਿ, ਕੋਈ ਸਿੱਖੀ ਸਰੂਪ ਵਾਲਾ ਵਿਅਕਤੀ ਮੰਦਰਾਂ ਵਿੱਚ ਘੰਟੀਆਂ ਖੜਕਾਉਂਦਾ ਹੈ ਜਾਂ ਮਾਤਾ ਦੀਆਂ ਭੇਟਾਂ ਗਾਉਂਦਾ ਹੈ ਤਾਂ ਪ੍ਰਤੱਖ ਨਜ਼ਰ ਆ ਜਾਂਦਾ ਹੈ ਕਿ ਇਹ ਵਿਅਕਤੀ ਗੁਰਮਤਿ ਦੀ ਜਮਾਤ ਵਿੱਚ ਆਪਣੇ ਆਪ ਨੂੰ ਦਾਖਲ ਹੋਇਆ ਤਾਂ ਅਖਵਾਉਂਦਾ ਹੈ ਪਰ ਅਸਲ ਵਿੱਚ ਇਹ ਚੱਲਦਾ ਸਿੱਖੀ ਸਿਧਾਂਤਾਂ ਦੇ ਉਲਟ ਹੈ।
ਇਹ ਗੱਲ ਵੱਖਰੀ ਹੈ ਕਿ ਸਿੱਖੀ ਨੂੰ ਸਹੀ ਲੀਹ ਤੇ ਚੱਲਦੇ ਰੱਖਣ ਲਈ ਅਤੇ ਸਿੱਖੀ ਦੀ ਚੜ੍ਹਦੀ ਕਲਾ ਵਿੱਚ ਰੱਖਣ ਵਾਲੀਆਂ ਅਕਾਲ ਤਖਤ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਮੁਖ ਸੰਸਥਾਵਾਂ ਸਿਆਸੀ ਲੋਕਾਂ ਦੇ ਦਬਾਵ ਹੇਠਾਂ ਹੋਣ ਕਰਕੇ ਸਭ ਕੁਝ ਬਿਖਰਕੇ ਰਹਿ ਗਿਆ ਹੈ ਅਤੇ ਸਭ ਕੁਝ ਉਲਟ ਪੁਲਟ ਹੋ ਗਿਆ ਹੈ। ਅਕਾਲ ਤਖਤ ਅਤੇ ਸ਼: ਗੁ: ਪ੍ਰ: ਕ: ਸਿਆਸੀ ਦਬਾਵ ਹੇਠਾਂ ਹੋਣ ਕਰਕੇ ਅਤੇ ਸਭ ਕੁਝ ਉਲਟ ਪੁਲਟ ਹੋਣ ਕਰਕੇ, ਨਾਂ ਤੇ ਅੱਜ ਸਿੱਖੀ ਦਾ ਵਕਾਰ ਕਾਇਮ ਰਹਿ ਸਕਿਆ ਹੈ ਅਤੇ ਨਾ ਹੀ ਅਹਿਮੀਅਤ ਅਤੇ ਮਹੱਤ੍ਵ ਰਹਿ ਗਿਆ ਹੈ।
ਬਲਕਿ ਸਿੱਖਾਂ ਦੇ ਅਨੇਕਾਂ ਵੱਖਰੇ ਵੱਖਰੇ ਫਿਰਕੇ ਬਣ ਗਏ ਹਨ, ਜੋ ਇੱਕ ਦੂਜੇ ਦੇ ਖਿਲਾਫ ਹੀ ਲੜਦੇ ਨਜ਼ਰ ਆਉਂਦੇ ਹਨ।ਦੂਸਰੇ ਲਫਜ਼ਾਂ ਵਿੱਚ ਕਹਿ ਸਕਦੇ ਹਾਂ ਕਿ, ਸਿੱਖ ਆਪਸ ਵਿੱਚ ਹੀ ਲੜੀ ਜਾਂਦੇ ਹਨ।
ਪਰ ਕੋਈ ਸਮਾਂ ਸੀ ਜਦੋਂ ਕੋਈ ਆਪਣੇ ਆਪ ਨੂੰ ਸਿੱਖੀ ਜਮਾਤ ਵਿੱਚ ਸ਼ਾਮਲ ਮੰਨਕੇ ਫਖਰ ਮਹਿਸੂਸ ਕਰਦਾ ਸੀ, ਸਿੱਖੀ ਦੇ ਸਾਰੇ ਫਰਜ ਵੀ ਨਿਭਾਉਂਦਾ ਸੀ ਅਤੇ ਸਿੱਖੀ ਸਰੂਪ ਦੀ ਲਾਜ ਵੀ ਰੱਖਦਾ ਸੀ। ਜਮਾਜ ਵਿੱਚ ਸਿੱਖੀ ਸਰੂਪ ਵਾਲੇ ਵਿਅਕਤੀ ਨੂੰ ਇੱਜਤ ਅਤੇ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਵੀ ਜਾਂਦਾ ਸੀ।
ਸਹਿਜ ਧਾਰੀ ਸਿੱਖ;
ਸਹਿਜ ਧਾਰੀ ਸਿੱਖ ਦੀ ਕੋਈ ਪਰਿਭਾਸ਼ਾ ਨਹੀਂ ਹੈ ਪਰ ਸਹਿਜ ਧਾਰੀ ਦਾ ਮਤਲਬ ਤਾਂ ਇਹੀ ਹੋ ਸਕਦਾ ਹੈ ਕਿ, ਕੋਈ ਵਿਅਕਤੀ ਗੁਰਮਤਿ ਵਿਚਾਰਧਾਰਾ ਨੂੰ ਸਵਿਕਾਰ ਤਾਂ ਕਰਦਾ ਹੈ ਅਰਥਾਤ ਆਪਣੇ ਆਪ ਨੂੰ ਸਿੱਖ ਤਾਂ ਅਖਵਾਉਣਾ ਚਾਹੁੰਦਾ ਹੈ, ਪਰ ਬਾਕਾਇਦਾ ਤੌਰ ਤੇ ਸਿੱਖੀ ਜਮਾਤ ਵਿੱਚ ਦਾਖਲਾ ਲੈ ਕੇ ਅਰਥਾਤ ਅੰਮ੍ਰਿਤ ਛਕਕੇ, ਸਿੱਖ-ਜਮਾਤ ਲਈ ਨਿਰਧਾਰਿਤ ਕੀਤੇ ਨਿਯਮ, ਅਸੂਲ ਅਤੇ ਪਾਬੰਦੀਆਂ ਵਿੱਚ ਬੱਝਣਾ ਨਹੀਂ ਚਾਹੁੰਦਾ ਹੈ।ਸਿੱਖ ਸੰਗਠਣ ਜਾਂ ਸਿੱਖ-ਭਾਈਚਾਰੇ ਵੱਲੋਂ ਨਿਰਧਾਰਿਤ ਨਿਯਮਾਂ ਅਤੇ ਮਰਯਾਦਾਵਾਂ ਦੇ ਬੰਧਨਾਂ ਤੋਂ ਸੁਰਖਰੂ ਰਹਿਣਾ ਚਾਹੁੰਦਾ ਹੈ।ਅਰਥਾਤ ਗੁਰਮਤਿ/ਸਿੱਖੀ ਸਿਧਾਂਤਾਂ ਦੇ ਉਲਟ ਕਿਸੇ ਹੋਰ ਰਾਹ ਤੇ ਚੱਲਣ ਲਈ ਆਪਣੇ ਆਪ ਨੂੰ ਆਜ਼ਾਦ ਰੱਖਣਾ ਚਾਹੁੰਦਾ ਹੈ, ਤਾਂ ਕਿ ਜੇ ਉਹ ਸਮਾਜ ਵਿੱਚ ਵਿਚਰਦਿਆਂ ਸਿੱਖੀ ਸਿਧਾਂਤਾਂ ਦੇ ਉਲਟ ਕੋਈ ਕੰਮ ਕਰਦਾ ਹੈ ਤਾਂ ਕੋਈ ਉਸ ਤੇ ਸਵਾਲ ਨਾ ਕਰੇ ਕਿ ਸਿੱਖ ਹੋ ਕੇ ਸਿੱਖੀ ਦੇ ਉਲਟ ਕੋਈ ਕੰਮ ਕਰਦਾ ਹੈ।
ਸੋ ਜਿਹੜਾ ਵਿਅਕਤੀ ਸਿੱਖੀ ਜਮਾਤ ਵਿੱਚ ਦਾਖਲ ਨਹੀਂ ਹੈ, ਜਿਸਨੇ ਪ੍ਰਤੱਖ ਤੌਰ ਤੇ ਸਿੱਖੀ ਸਰੂਪ ਨਹੀਂ ਅਪਨਾਇਆ, ਆਪਣੇ ਆਪ ਨੂੰ ਸਿੱਖੀ ਸਿਧਾਂਤਾਂ ਵਾਲੇ ਬੰਧਨ ਤੋਂ ਆਜ਼ਾਦ ਰੱਖਦਾ ਹੈ, ਉਹ ਸਿੱਖੀ ਜਮਾਤ ਵਿੱਚ ਦਾਖਲ ਵਿਅਕਤੀਆਂ ਨੂੰ ਸੰਬੋਧਨ ਕਰਕੇ ਗੁਰਬਾਣੀ ਵਿਆਖਿਆ ਜਾਂ ਉਪਦੇਸ਼ ਨਹੀਂ ਕਰ ਸਕਦਾ।ਹਾਂ ਪਾਠ ਕਰਨ ਦੀ ਜਾਂ ਹੋਰ ਕੋਈ ਵੀ ਸੇਵਾ ਕਰਨ ਦੀ ਮਨਾਹੀ ਨਹੀਂ ਹੋਣੀ ਚਾਹੀਦੀ।
ਜਸਬੀਰ ਸਿੰਘ ਵਿਰਦੀ 17-02-2023

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.