ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
ਨਾਸਤਿਕਾਂ ਦੇ ਸਰਦਾਰ
ਨਾਸਤਿਕਾਂ ਦੇ ਸਰਦਾਰ
Page Visitors: 3385

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ‘ਨਾਸਤਿਕ’- ਜੋ ਸਰਵ ਵਿਆਪੀ ਕਰਤਾਰ ਦੀ ਹੋਂਦ ਅਤੇ ਕਰਮ-ਫਲ਼ ਦਾ ਵਿਸ਼ਵਾਸ਼ੀ ਨਹੀਂ,ਉਹ ਨਾਸਤਿਕ ਹੈ।ਪਰ ਸਭ ਨਾਸਤਿਕਾਂ ਦਾ ਸਰਦਾਰ ਉਹ ਹੈ, ਜੋ ਆਪਣੇ ਤਾਈਂ ਆਸਤਿਕ ਪ੍ਰਗਟ ਕਰਦਾ ਹੋਇਆ ਪੂਰਾ ਨਾਸਤਿਕ ਹੈ।


ਅਜ ਕਲ੍ਹ ਗੁਰਮਤਿ ਪ੍ਰਚਾਰ ਦਾ ਇਕ ਨਵਾਂ ਫਿਰਕਾ ਹੋਂਦ ਵਿੱਚ ਆਇਆ ਹੈ।ਹੈ ਤਾਂ ਇਹ ਲੋਕ ਨਾਸਤਿਕ ਪਰ ਆਪਣੇ ਆਪ ਨੂੰ ‘ਨਾਸਤਿਕ’ ਅਖਵਾਣਾ ਪਸੰਦ ਨਹੀਂ ਕਰਦੇ।ਵੈਸੇ ਨਾਸਤਿਕ ਅਖਵਾਣ ਵਿੱਚ ਇਨ੍ਹਾਂਨੂੰ ਕੋਈ ਖਾਸ ਦੱਕਿਤ ਤਾਂ ਨਹੀਂ ਹੈ, ਪਰ ਫਿਲਹਾਲ ਇਹ ਆਪਣੀ ਨਾਸਤਿਕਤਾ ਵਾਲੀ ਬਿੱਲੀ ਥੇਲੇ’ਚੋਂ ਬਾਹਰ ਕਢਣੀ ਨਹੀਂ ਚਾਹੁੰਦੇ।ਕਾਰਣ ਇਹ ਹੈ ਕਿ ਫਿਲਹਾਲ ਇਨ੍ਹਾਂਨੇ ਆਸਤਿਕਤਾ ਦਾ ਨਕਾਬ ਪਹਿਨ ਕੇ, ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਨਾ ਹੈੇ।ਉਨ੍ਹਾਂਦੇ ਬਰੇਨ-ਵਾਸ਼ ਕਰਕੇ ਆਪਣੇ ਮਗਰ ਲੱਗਣ ਵਾਲਿਆਂ ਦੀ ਗਿਣਤੀ ਵਧਾਣੀ ਹੈ।

ਅਜੋਕੇ ਗੁਰਮਤਿ ਪ੍ਰਚਾਰਕਾਂ ਅਨੁਸਾਰ- “ਜਿਹੜਾ ਧਰਮ, ਧਰਮ ਗੁਰੂ, ਧਰਮ ਪ੍ਰਚਾਰਕ ਮਨ ਵਿੱਚ ਡਰ ਪਾਉਂਦਾ ਹੈ ‘ਭਾਵੇਂ ਉਹ ਰੱਬ ਦਾ ਹੀ ਕਿਉਂ ਨਾ ਹੋਵੇ’, ਉਹ ਧਾਰਮਿਕ ਨਹੀਂ ਹੈ।ਕਿਸੇ ਤਰ੍ਹਾਂ ਦਾ ਵੀ ਡਰ ਮਨੁੱਖ ਨੂੰ ਹਮੇਸ਼ਾਂ ਕਮਜ਼ੋਰ ਬਣਾਉਂਦਾ ਹੈ।ਇਸ ਲਈ ਰੱਬ ਦੇ ਡਰ ਸਮੇਤ ਹਰ ਤਰ੍ਹਾਂ ਦਾ ਡਰ ਦਿਮਾਗ਼ ਵਿੱਚੋਂ ਕੱਢਣ ਨਾਲ ਹੀ ਸੱਚ ਦੇ ਰਸਤੇ ਤੇ ਬੇਖੌਫ ਹੋ ਕੇ ਤੁਰਿਆ ਜਾ ਸਕਦਾ ਹੈ।ਮਨੁੱਖ ਨੂੰ ਆਪਣੇ ਸਰੀਰ, ਆਪਣੇ ਅਤੇ ਆਪਣੇ ਦਿਮਾਗ਼ ਬਾਰੇ ਵਿਗਿਆਨਿਕ ਖੋਜ ਗਿਆਨ ਲੈਣਾ ਚਾਹੀਦਾ ਹੈ”।
ਵਿਚਾਰ- ਕਿਸੇ ਆਜ਼ਾਦ ਦੇਸ਼ ਦੇ ਹਰ ਬਸ਼ਿੰਦੇ ਨੂੰ ਹਰ ਕਿਸਮ ਦੀਆਂ ਸੁਖ ਸਹੂਲਤਾਂ ਮੁਹਈਆ ਹੁੰਦੀਆਂ ਹਨ।ਉਸਨੂੰ ਹਰ ਕਿਸਮ ਦੇ ਕੰਮ ਕਰਨ ਦੀ, ਦੇਸ਼ ਵਿੱਚ ਕਿਤੇ ਵੀ ਆਣ-ਜਾਣ ਦੀ, ਕੁਝ ਵੀ ਬੋਲਣ ਦੀ ਖੁਲ੍ਹ ਹੁੰਦੀ ਹੈ।ਪਰ ਇਸ ਦੇ ਬਾਵਜੂਦ ਵੀ ਉਸ ਤੇ ਕਈ ਕਿਸਮ ਦੇ ਬੰਧਨ, ਕਾਨੂੰਨ ਲਾਗੂ ਹੁੰਦੇ ਹਨ।ਜਿਨ੍ਹਾਂ ਦਾ ਉਲੰਘਣ ਕਰਨ ਤੋਂ ਦੇਸ਼ ਦੇ ਹਰ ਬਸ਼ਿੰਦੇ ਨੂੰ ਡਰਨ ਦੀ ਲੋੜ ਹੁੰਦੀ ਹੈ।ਉਲੰਘਣ ਕਰਨ ਵਾਲੇ ਨੂੰ ਸਜਾ ਭੁਗਤਣੀ ਪੈ ਸਕਦੀ ਹੈ।ਤਾਂ ਕੀ ਬੰਦੇ ਨੂੰ ਦੇਸ਼ ਦੇ ਕਾਨੂੰਨ ਤੋਂ ਵੀ ਨਹੀਂ ਡਰਨਾ ਚਾਹੀਦਾ? ਇਸੇ ਤਰ੍ਹਾਂ ਪਰਮਾਤਮਾ ਸੰਸਾਰ ਦੀ ਕਾਰ ਵਿਹਾਰ ਚਲਾ ਰਿਹਾ ਹੈ।ਜੀਵ ਨੂੰ ਹਰ ਕਿਸਮ ਦੀਆਂ ਸੁਖ ਸਹੂਲਤਾਂ ਜੁਗਾਂ ਜੁਗੰਤਰਾਂ ਤੋਂ ਮੁਹਈਆ ਕਰਵਾ ਰਿਹਾ ਹੈ “ਦੇਦਾ ਦੇ ਲੈਦੇ ਥਕਿ ਪਾਹਿ॥ਜੁਗਾ ਜੁਗੰਤਰਿ ਖਾਹੀ ਖਾਹਿ॥” ਪਰ ਉਸ ਨੇ ਇਸ ਸੰਸਾਰ ਖੇਡ ਦੇ ਕੁਝ ਨਿਯਮ ਵੀ ਬਣਾ ਰੱਖੇ ਹਨ।ਤਾਂ ਕੀ ਉਸ ਦਾ ਹੁਕਮ ਪਛਾਣਕੇ ਉਸਦੇ ਹੁਕਮ ਦੇ ਉਲੰਘਣ ਤੋਂ ਕਿਸੇ ਨੂੰ ਡਰਨਾ ਨਹੀਂ ਚਾਹੀਦਾ? ਗੁਰਬਾਣੀ ਫੁਰਮਾਨ ਹੈ- “ਨਾਨਕ ਸ਼ਬਦਿ ਰਤੇ ਹਰਿ ਨਾਮਿ ਰੰਗਾਏ ਬਿਨ ਭੈ ਕੇਹੀ ਲਾਗਿ॥”{29} “ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ॥”{139}  “ਗੁਰ ਕੈ ਭੈ ਕੇਤੇ ਨਿਸਤਰੇ ਭੈ ਵਿਚਿ ਨਿਰਭਉ ਪਾਇ॥ {551} “ਭੈ ਬਿਨੁ ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ॥”{18} “ਵਿਣੁ ਭੈ ਪਇਐ ਭਗਤਿ ਨ ਹੋਈ”{831} “ਥਰਹਰਿ ਕੰਪੈ ਬਾਲਾ ਜੀਉ॥ਨਾ ਜਾਨਉ ਕਿਆ ਕਰਸੀ ਪੀਉ॥”{792} ਇਸ ਤਰ੍ਹਾਂ ਦੀਆਂ ਹੋਰ ਅਨੇਕਾਂ ਹੀ ਗੁਰਬਾਣੀ ਉਦਾਹਰਣਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ।ਪਰ ਅਜੋਕੇ ਗੁਰਮਤਿ ਪ੍ਰਚਾਰਕਾਂ ਅਨੁਸਾਰ ਰੱਬ ਦਾ ਵੀ ਡਰ ਨਹੀਂ ਰੱਖਣਾ ਚਾਹੀਦਾ।ਕੋਈ ਬੱਚਾ ਆਪਣੇ ਪਿਤਾ ਦੁਆਰਾ ਮੁਹਈਆ ਕੀਤੀਆਂ ਗਈਆਂ ਸਭ ਸੁਖ ਸਹੂਲਤਾਂ ਦਾ ਲਾਭ ਤਾਂ ਉਠਾਉਂਦਾ ਰਹੇ ਪਰ ਉਸ ਦੇ ਹੁਕਮ ਦੀ ਪਾਲਣਾ ਵੇਲੇ ਪਿਤਾ ਨੂੰ ਕਹਿ ਦੇਵੇ ਕਿ ਮੈਂ ਨਹੀਂ ਤੇਰੇ ਕਿਸੇ ਹੁਕਮ ਦੀ ਪਰਵਾਹ ਕਰਦਾ?  

ਰੱਬ ਦੀ ਹੋਂਦ ਤੋਂ ਮੁਨਕਰ ਅਜੋਕੇ ਗੁਰਮਤਿ ਪ੍ਰਚਾਰਕਾਂ ਦੇ ਵਿਚਾਰ:- {ਨਾਸਤਿਕ ਸੋਚ ਦਾ ਸਵਾਲ-)“ਜਦੋਂ ਕਿਸੇ ਧਾਰਮਿਕ ਬੰਦੇ ਨੂੰ ਸਵਾਲ ਕੀਤਾ ਜਾਂਦਾ ਹੈ ਕਿ ਸ੍ਰਿਸ਼ਟੀ ਨੂੰ ਕੌਣ ਚਲਾਉਂਦਾ ਹੈ? ਤਾਂ (ਆਸਤਿਕ ਵੱਲੋਂ) ਜਵਾਬ ਦੇ ਦਿੱਤਾ ਜਾਂਦਾ ਹੈ “ਰੱਬ ਚਲਾਉਂਦਾ ਹੈ”।ਫੇਰ ਸਵਾਲ ਕੀਤਾ ਜਾਵੇ ਕਿ ਉਹ ਕਿੱਥੇ ਹੈ? ਤਾਂ (ਆਸਤਿਕ ਵੱਲੋਂ) ਜਵਾਬ ਮਿਲਦਾ ਹੈ “ਉੱਪਰ ਬਦਲਾਂ ਦੇ ਪਾਰ ਅਸਮਾਨ ਵਿੱਚ।ਸਵਾਲ ਕੀਤਾ ਜਾਵੇ ਕਿ ਧਰਤੀ ਨੂੰ ਕਿਸ ਨੇ ਬਣਾਇਆ? (ਆਸਤਿਕ ਵੱਲੋਂ) ਜਵਾਬ ਮਿਲਦਾ ਹੈ “ਰੱਬ ਨੇ ਬਣਾਇਆ ਹੈ”।ਫੇਰ ਸਵਾਲ ਕੀਤਾ ਜਵੇ ਕਿ ਰੱਬ ਨੂੰ ਕਿਸ ਨੇ ਬਣਾਇਆ?ਤਾਂ (ਆਸਤਿਕ ਕੋਲ) ਜਵਾਬ ਕੋਈ ਨਹੀ”।
ਵਿਚਾਰ- ਵੈਸੇ ਅਜੋਕੇ ਵਿਦਵਾਨ ਆਪਣੇ ਆਪ ਨੂੰ ਗੁਰਮਤਿ ਦੇ ਪ੍ਰਚਾਰਕ ਅਖਵਾਉਂਦੇ ਹਨ, ਬਲਕਿ ਇਹ ਭਰਮ ਪਾਲ਼ੀ ਬੈਠੇ ਹਨ ਕਿ ਅਸਲੀ ਗੁਰਮਤਿ ਦਾ ਗਿਆਨ ਇਨ੍ਹਾਂਨੂੰ ਹੀ ਹਾਸਲ ਹੈ।ਪਰ ਲੱਗਦਾ ਹੈ ਇਨ੍ਹਾਂਨੇ ਖੁਦ ਗੁਰਬਾਣੀ ਪੜ੍ਹੀ ਹੀ ਨਹੀਂ।ਜਾਂ ਫੇਰ ਜਾਣ ਬੁਝ ਕੇ ਲੋਕਾਂ ਨੂੰ ਗੁਰਮ-ਰਾਹ ਕਰਨਾ ਇਨ੍ਹਾਂਦਾ ਮਕਸਦ ਹੈ।
ਗੁਰਬਾਣੀ ਦੇ ਚਾਨਣ ਵਿੱਚ ਉੱਪਰ ਦਿੱਤੇ ਸਵਾਲਾਂ ਬਾਰੇ ਵਿਚਾਰ- ਰੱਬ ਨੂੰ ਕਿਸ ਨੇ ਬਣਾਇਆ? ਗੁਰਬਾਣੀ ਫੁਰਮਾਨ ਹੈ- “ਆਪੀਨ੍ਹੈ ਆਪੁ ਸਾਜਿਓ ਆਪੀਨ੍ਹੈ ਰਚਿਓ ਨਾਉ॥”{463} “ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ॥” {1035} 
ਸ੍ਰਿਸ਼ਟੀ ਨੂੰ ਕੌਣ ਚਲਾਉਂਦਾ ਹੈ? ਗੁਰਬਾਣੀ ਫੁਰਮਾਨ ਹੈ- “ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ॥”{7}ਜਿਵੇਂ ਉਸ ਨੂੰ ਭਾਉਂਦਾ ਹੈ ਉਸੇ ਤਰ੍ਹਾਂ ਸੰਸਾਰ ਦੀ ਕਾਰ ਚਲਾ ਰਿਹਾ ਹੈ। “ਸਭੁ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ॥”{167}  “ਸਭੁ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ॥”{314}
ਰੱਬ ਕਿੱਥੇ ਹੈ?ਆਪਣੀ ਗੱਲ ਨੂੰ ਪ੍ਰਭਾਵ ਪੂਰਣ ਬਨਾਉਣ ਲਈ ਅਤੇ ਆਸਤਿਕਤਾ ਦਾ ਪੱਖ ਹਲਕਾ ਦਰਸੌਣ ਲਈ, ਬ੍ਰਹਮਣੀ ਸੋਚ ਦਾ ਹਵਾਲਾ ਦੇ ਦਿਤਾ ਜਾਂਦਾ ਹੈ ਕਿ ਉਹ ਉੱਪਰ ਬਦਲਾਂ ਤੋਂ ਪਾਰ ਰਹਿੰਦਾ ਹੈ, ਜਦਕਿ ਗੁਰਬਾਣੀ ਫੁਰਮਾਨ ਹੈ- “ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ॥” {133} “ਜਲਿ ਥਲਿ ਮਹੀਅਲਿ ਰਵਿਆ ਸ੍ਰਬ ਠਾਈ ਅਗਮ ਰੂਪ ਗਿਰਧਾਰੇ॥”{670} “ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ॥”{706} “ਨਾਨਕ ਰਵਿਆ ਹਭ ਥਾਇ ਤ੍ਰਿਣਿ ਤ੍ਰਿਭਵਣਿ ਰੋਮਿ॥”{966} ਲੱਗਦਾ ਹੈ ਇਨ੍ਹਾਂ ਨਾਸਤਿਕਾਂ ਨੇ ਖੁਦ ਗੁਰਬਾਣੀ ਨੂੰ ਪੜ੍ਹਿਆ ਹੀ ਨਹੀਂ, ਜੇ ਪੜ੍ਹਿਆ ਹੋਵੇ ਤਾਂ ਬੱਦਲਾਂ ਤੋਂ ਪਾਰ ਰੱਬ ਦੇ ਰਹਿਣ ਵਾਰਗੀਆਂ ਗੱਲਾਂ ਨਾ ਕਰਨ।

ਸਵਾਲ- ਧਰਤੀ ਨੂੰ ਕਿਸਨੇ ਬਣਾਇਆ? ਗੁਰਬਾਣੀ ਫੁਰਮਾਨ ਹੈ- “ਤੁਧੁ ਆਪੇ ਧਰਤੀ ਸਾਜੀਐ ਚੰਦੁ ਸੂਰਜੁ ਦੁਇ ਦੀਵੇ॥” {83} “ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨ ਉਪਾਇਦਾ॥…ਸੁੰਨਹੁ ਧਰਤੀ ਅਕਾਸੁ ਉਪਾਏ॥ਬਿਨੁ ਥੰਮਾ ਰਾਖੇ ਸਚੁ ਕਲ ਪਾਏ॥”{1037} 
ਇਸੇ ਵਿਚਾਰ ਨੂੰ ਅਤੇ ਇਨ੍ਹਾਂ ਹੀ ਸਵਾਲਾਂ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਜੇ ਵਿਚਾਰੀਏ ਤਾਂ-
ਬ੍ਰਹੰਮਡ ਦੀ ਰਚਨਾ ਕਿਸਨੇ ਕੀਤੀ? (ਨਾਸਤਿਕ ਦਾ) ਜਵਾਬ- ਸਭ ਕੁਝ ਕੁਦਰਤ ਦੇ ਨਿਯਮਾਂ ਅਧੀਨ ਹੀ ਹੋ ਰਿਹਾ ਹੈ।ਬ੍ਰਹਮੰਡ ਦੀ ਰਚਨਾ ਵੀ ਕੁਦਰਤ ਦੇ ‘ਬਿਗ-ਬੈਂਗ’ ਨਿਯਮ ਅਨੁਸਾਰ ਹੋਈ।ਸਵਾਲ: ਬਿਗ-ਬੈਂਗ ਹੋਣ ਲਈ ਬ੍ਰਹਮੰਡ ਦਾ ਏਨਾ ਪਦਾਰਥ, ਕੁਦਰਤ ਦੇ ਨਿਯਮ ਕਿੱਥੋਂ ਆਏ? ਤਾਂ ਆਇਨ ਸਟਾਈਨ ਸਮੇਤ ਕਿਸੇ ਨਾਸਤਿਕ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ?

ਸ੍ਰਿਸ਼ਟੀ ਨੂੰ ਕੌਣ ਚਲਾਉਂਦਾ ਹੈ? (ਨਾਸਤਿਕ ਦਾ) ਜਵਾਬ- ਸਭ ਕੁਝ ਕੁਦਰਤੀ ਨਿਯਮਾਂ ਅਧੀਨ ਚੱਲ ਰਿਹਾ ਹੈ।ਸਾਰੀ ਸ੍ਰਿਸ਼ਟੀ ਕੁਦਰਤੀ ਨਿਯਮਾਂ ਅਧੀਨ ਚੱਲ ਰਹੀ ਹੈ।।ਫੇਰ ਸਵਾਲ ਕੀਤਾ ਜਾਵੇ ਕਿ ਲੱਖਾਂ ਕਰੋੜਾਂ ਕਿਸਮ ਦੇ ਜੀਵ ਹਨ।ਸਭ ਦੇ ਸਰੀਰਾਂ ਦੀ ਬਣਤਰ।ਸਰੀਰ ਨੂੰ ਚਲਾਣ ਵਾਲੀ ਦਿਲ, ਦਿਮਾਗ, ਮੇਹਦਾ, ਗੁਰਦੇ, ਸਾਹ ਪ੍ਰਣਾਲੀ ਵਾਲੇ ਯੰਤ੍ਰ …ਆਦਿ ਅੰਦਰਲੀ ਮਸ਼ੀਨਰੀ ਦੀ ਬਣਤਰ।ਸਰੀਰ ਦੀ ਜਰੂਰਤ ਅਨੁਸਾਰ ਖਾਣੇ ਤੋਂ ਲਹੂ, ਅਨਰਜੀ ਆਦਿ ਬਣਕੇ ਸਰੀਰ ਦੇ ਵੱਖ ਵੱਖ ਭਾਗਾਂ ਵਿੱਚ ਅੱਪੜ ਰਿਹਾ ਹੈ।ਸਫਾਈ ਲਈ ਮਲ ਮੂਤਰ ਦੁਆਰਾ ਗੰਦ ਮੰਦ ਬਾਹਰ ਨਿਕਲ ਰਿਹਾ ਹੈ।ਇਸ ਸਭ ਕਾਸੇ ਦੀ ਡਿਜ਼ਾਇਨਿੰਗ ਕਿਸ ਨੇ ਕੀਤੀ? (ਨਾਸਤਿਕ ਦਾ) ਜਵਾਬ- ਇਹ ਕੋਈ ਇਕ ਦਿਨ ਵਿੱਚ ਸਭ ਕੁਝ ਨਹੀਂ ਹੋ ਗਿਆ।ਡਾਰਵਿਨ ਦੇ ਕਰਮ ਵਿਕਾਸ ਸਿਧਾਂਤ ਅਨੁਸਾਰ ਕਰੋੜਾਂ ਸਾਲਾਂ ਵਿੱਚ, ਜਿਵੇਂ ਜਿਵੇਂ ਜੀਵ ਨੂੰ ਕਿਸੇ ਚੀਜ ਦੀ ਜਰੂਰਤ ਪੈਂਦੀ ਰਹੀ, ਜੀਵਾਂ ਦੇ ਉਪਰਾਲਿਆਂ ਨਾਲ ਉਸੇ ਤਰ੍ਹਾਂ ਦੇ ਅੰਗ ਵਿਕਸਿਤ ਹੁੰਦੇ ਰਹੇ, ਅਤੇ ਅੰਗਾਂ’ਚ ਬਦਲਾਵ ਆਉਂਦਾ ਰਿਹਾ।ਇਸੇ ਬਦਲਾਵ ਦੇ ਕਾਰਣ ਹੀ ਅਲਗੳੲ (ਸਮੁੰਦਰ ਦੀ ਕਾਈ) ਤੋਂ ਸਫਰ ਸ਼ੁਰੂ ਕਰਕੇ ਜੀਵ ਅੱਜ ਦੇ ਇਨਸਾਨ ਦੇ ਰੂਪ ਵਿੱਚ ਪਹੁੰਚਿਆ ਹੈ।ਸਵਾਲ- ਜੀਵ ਦੇ ਅੰਦਰ ਖੁਦ ਵਿੱਚ ਏਨੀ ਸਮਝ ਹੈ ਕਿ ਉਹ ਆਪਣੀ ਜਰੂਰਤ ਮੁਤਾਬਕ ਅੰਗ ਉਤਪੰਨ ਕਰਕੇ ਵਿਕਸਿਤ ਕਰ ਸਕੇ ਜਾਂ ਫੇਰ ਕੁਦਰਤ ਵਿੱਚ ਏਨੀ ਸਮਝ ਮੌਜੂਦ ਹੈ ਕਿ ਜਿਸ ਤਰ੍ਹਾਂ ਦੀ ਕਿਸੇ ਜੀਵ ਨੂੰ ਕਿਸੇ ਅੰਗ ਦੀ ਜਰੂਰਤ ਹੈ, ਉਸ ਤਰ੍ਹਾਂ ਦੇ ਅੰਗ ਮੁਹਈਆ ਕਰ ਦਿੱਤੇ ਜਾਣ?ਮਿਸਾਲ ਦੇ ਤੌਰ ਤੇ ਕਾਈ, ਪੇੜ, ਪੌਦੇ, ਘਾਸ ਫੂਸ ਆਦਿ ਪਹਿਲਾਂ ਜੀਵਨ ਬਿਨਾ ਅੱਖਾਂ ਤੋਂ ਰਿਹਾ ਹੋਵੇਗਾ।ਬਾਅਦ ਵਿੱਚ ਇਸ ਦੇ ਅੱਖਾਂ ਉਗ ਆਈਆਂ ਹੋਣਗੀਆਂ।1- ਕੀ ਜੀਵ ਨੇ ਮਹਿਸੂਸ ਕੀਤਾ ਹੋਵੇਗਾ ਕਿ ਉਸ ਨੂੰ ਅਖਾਂ ਦੀ ਜਰੂਰਤ ਹੈ, ਅਤੇ ਉਹ ਅਖਾਂ ਵਾਲੇ ਥਾਂ ਤੇ ਕੁਝ ਖਾਸ ਕਿਸਮ ਦੀਆਂ ਹਰਕਤਾਂ ਅਤੇ ਉਪਰਾਲੇ ਕਰਨ ਲੱਗ ਗਿਆ, ਅਤੇ ਹੌਲੀ ਹੌਲੀ ਕੁਝ ਲੱਖਾਂ ਸਾਲਾਂ ਵਿੱਚ ਜੀਵ ਦੇ ਅੱਖਾਂ ਉਗ ਆਈਆਂ?ਜਾਂ 2- ਕੁਦਰਤ ਦੇ ਕਿਸੇ ਨਿਯਮ ਨੇ ਖੁਦ ਸੋਚਿਆ ਹੋਣਾ ਹੈ ਕਿ ਜੀਵ ਨੂੰ ਅੱਖਾਂ ਦੀ ਜਰੂਰਤ ਹੈ ਇਸ ਦੇ ਅੱਖਾਂ ਉਗਾ ਦਿੱਤੀਆਂ ਜਾਣ?ਜਾਂ ਫੇਰ 3- ਕੁਦਰਤ ਦੇ ਪਿੱਛੇ ਵੀ ਕੋਈ ਹਸਤੀ ਹੈ ਜਿਸ ਨੂੰ ਰੱਬ ਕਹਿੰਦੇ ਹਨ, ਸਭ ਕੁਝ ਸੋਚ ਸਮਝ ਕੇ ਆਪਣੀ ਕਾਰ ਚਲਾ ਰਿਹਾ ਹੈ, ਸਭ ਕੁਝ ਮੁਹਈਆ ਕਰ ਰਿਹਾ ਹੈ?

ਅਜੋਕੇ ਵਿਦਵਾਨਾਂ ਦੁਆਰਾ ਪ੍ਰੋਢਾਵਾਦ ਦੇ ਅਖੌਤੀ ਫਾਰਮੁਲੇ ਨਾਲ ਗੁਰਬਾਣੀ ਦੇ ਆਪਣੀ ਹੀ ਮਰਜੀ ਦੇ ਅਰਥ ਘੜਕੇ ਪੇਸ਼ ਕਰਨੇ ਅਤੇ ਗੁਰੂ ਸਾਹਿਬਾਂ ਦੁਆਰਾ ਬਖਸ਼ਿਆ ਅਸਲੀ ਗੁਰਮਤਿ ਸਿਧਾਂਤ ਬਦਲ ਦੇਣ ਪਿੱਛੇ ਮੁਖ ਤੌਰਤੇ ਦੋ ਹੀ ਕਾਰਣ ਨਜ਼ਰ ਆਉਂਦੇ ਹਨ।ਇਕ ਤਾਂ ਇਹ ਕਿ ਕਿਸੇ ਖਾਸ ਸੋਚੀ ਸਮਝੀ ਸਾਜਿਸ਼ ਅਧੀਨ ਗੁਰਮਤਿ ਵਿੱਚ “ਦੇਵ ਸਮਾਜ/ ਦੇਵ ਧਰਮ” ਆਦਿ ਦੀ ਘੁਸ ਪੈਠ।ਕਿਉਂਕਿ ਅਜੋਕੀਆਂ ਜੋ ਗੁਰਬਾਣੀ ਵਿਆਖਿਆਵਾਂ ਹੋ ਰਹੀਆਂ ਹਨ ਇਹ “ਦੇਵ ਸਮਾਜ” ਦੀ ਫਲੌਸਫੀ ਨਾਲ ਜਿਆਦਾ ਮੇਲ ਖਾਂਦੀਆਂ ਹਨ।ਜਾਂ ਦੂਸਰਾ ਕਾਰਣ ਇਹ ਨਜ਼ਰ ਆਉਂਦਾ ਹੈ ਕਿ ਪੁਰਾਤਨ ਸਮੇਂ ਦੇ ਧਰਮਾਂ ਦੀਆਂ ਕੁਝ ਮਾਨਤਾਵਾਂ ਨੂੰ ਵਿਗਿਆਨ ਨੇ ਗਲਤ ਸਾਬਤ ਕਰ ਦਿੱਤਾ ਅਤੇ ਉਨ੍ਹਾਂ ਧਰਮਾਂ ਦੇ ਮੰਨਣ ਵਾਲਿਆਂ ਨੇ ਵਿਗਿਆਨਕ ਖੋਜਾਂ ਦਾ ਵਿਰੋਧ ਕੀਤਾ।ਇਸੇ ਤਰ੍ਹਾਂ ਡਾਰਵਿਨ ਦੇ ਕਰਮ ਵਿਕਾਸ ਸਿਧਾਂਤ ਅਤੇ ਹੋਰ ਵਿਗਿਆਨਕ ਤਰੱਕੀ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਤੇ ਅਜੋਕੇ ਗੁਰਮਤਿ ਪ੍ਰੇਮੀਆਂ ਨੂੰ {ਗੁਰਬਾਣੀ ਸਹੀ ਅਰਥਾਂ ਵਿਚ ਨਾ ਪੜ੍ਹਨ ਦੇ ਕਾਰਣ} ਸ਼ਾਇਦ ਗੁਰੂ ਸਾਹਿਬਾਂ ਦੀ ਫਲੌਸਫੀ ਫੇਲ੍ਹ ਹੁੰਦੀ ਨਜਰ ਆ ਰਹੀ ਹੈ।ਇਸ ਲਈ ਗੁਰਬਾਣੀ ਦੇ ਅਰਥ ਬਦਲਣ ਦਾ ਹੀ ਰੁਝਾਨ ਪੈਦਾ ਹੋ ਗਿਆ ਹੈ।ਆਪਣੇ ਆਪ ਨੂੰ ਦੁਜਿਆਂ ਨਾਲੋਂ ਜਿਆਦਾ ਸੂਝਵਾਨ ਅਤੇ ਸੁਚੇਤ ਦਰਸਾਉਣ ਲਈ ਗੁਰਬਾਣੀ ਦੇ ਨਵੇਂ ਨਵੇਂ ਅਰਥ ਘੜਨ ਦੀ ਇਕ ਹੋੜ ਜਿਹੀ ਲੱਗੀ ਹੋਈ ਹੈ।ਜਦ ਕਿ ਅਸਲੀਅਤ ਇਹ ਹੈ ਕਿ ਇਨ੍ਹਾਂ ਲੋਕਾਂ ਨੂੰ ਦੀਨੀਆਤ {ਰੱਬ, ਬ੍ਰਹਮੰਡ, ਅਤੇ ਅਗਮ ਅਗਾਧ ਪਰਾਭੌਤਿਕ ਸੱਤਾ} ਬਾਰੇ ਗਿਆਨ ਨਹੀਂ।ਇਸ ਗਿਆਨ ਦੀ ਅਣਹੋਂਦ ਕਾਰਨ ਇਸ ਸਭ ਕਾਸੇ ਦੀ ਹੋਂਦ ਤੋਂ ਹੀ ਮੁਨਕਰ ਹਨ।ਜੇ ਇਨ੍ਹਾਂ ਲੋਕਾਂ ਕੋਲ ਕੁਦਰਤ ਦੀ ਸ਼ਕਤੀ ਨੂੰ ਰੱਬ ਨਾਮ ਦੇਣ ਦੀ ਬਜਾਏ ਕੁਦਰਤ ਨੂੰ ਪੈਦਾ ਕਰਨ ਵਾਲੀ ਹਸਤੀ ਬਾਰੇ ਸੋਚਣ ਦੀ ਸਮਰੱਥਾ ਅਤੇ ਸਮਝ ਹੋਵੇ ਤਾਂ ਇਨ੍ਹਾਂ ਨੂੰ ਗੁਰਬਾਣੀ ਅਰਥਾਂ ਨੂੰ ਬਦਲਣ ਦੀ ਲੋੜ ਨਾ ਪਵੇ ਅਤੇ ਨਾ ਹੀ ਨਿਤ ਨਵੇਂ ਝਮੇਲੇ ਖੜ੍ਹੇ ਹੋਣ।ਨਾ ਹੀ ਸਿੱਖ ਟੁਕੜਿਆਂ ਵਿੱਚ ਵੰਡੇ ਜਾਣ।ਬਿਹਤਰ ਹੋਵੇ ਜੇ ਗੁਰਮਤਿ ਦੇ ਉਹ ਫਲਸਫੇ ਜਿਨ੍ਹਾਂਨੂੰ ਬ੍ਰਹਮਣੀ ਮਾਨਤਾਵਾਂ ਨਾਮ ਦੇ ਕੇ ਰੱਦ ਕੀਤਾ ਜਾ ਰਿਹਾ ਹੈ, ਗੁਰਮਤਿ ਨੂੰ ਇਸ ਦੇ ਸਹੀ ਅਰਥਾਂ ਜਾਂ ਭਾਵਾਰਥਾਂ ਵਿੱਚ ਸਮਝਕੇ, ਅਤੇ ਬ੍ਰਹਮਣੀ ਧਰਮ ਦੀਆਂ ਮਾਨਤਾਵਾਂ ਬਾਰੇ ਵੀ ਗਿਆਨ ਹਾਸਲ ਕਰਕੇ ਸਭ ਕੁਝ ਰੱਦ ਕਰਨ ਦੀ ਬਜਾਏ ਇਨ੍ਹਾਂਦਾ ਫਰਕ ਸਮਝ ਲਿਆ ਜਾਵੇ।

ਜਸਬੀਰ ਸਿੰਘ ਵਿਰਦੀ (ਕੈਲਗਰੀ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.