ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਨਾ ਦਿਵਸ ਮਨਾਇਆ
ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਨਾ ਦਿਵਸ ਮਨਾਇਆ
Page Visitors: 2499

ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਨਾ ਦਿਵਸ ਮਨਾਇਆ
1945 ਵਿੱਚ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਈ ਸਿੱਖ ਰਹਿਤ ਮਰਿਆਦਾ ਅਤੇ 2003 ਵਿੱਚ ਜਾਰੀ ਕੀਤਾ ਨਾਨਕਸ਼ਾਹੀ ਕੈਲੰਡਰ ਨੂੰ ਗੁਰਦੁਆਰਿਆਂ ਵਿੱਚ ਪੂਰਨ ਤੌਰ ’ਤੇ ਲਾਗੂ ਕਰਨਾ ਹੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੋਣਾ ਹੈ : ਡਾ. ਹਰਦੀਪ ਸਿੰਘ ਖਿਆਲੀਵਾਲਾ
ਇਤਿਹਾਸ ਮੁਤਾਬਿਕ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਨਾ ਤੋਂ 19 ਦਿਨ ਪਿੱਛੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸਨ ਪਰ ਇਸ ਸਾਲ ਸਰਜਨਾ ਦਿਵਸ 18 ਹਾੜ ਅਤੇ ਮੀਰੀ ਦਿਵਸ 19 ਹਾੜ ਨੂੰ ਹੀ ਕਿਵੇਂ ਆ ਗਿਆ? : ਭਾਈ ਕਿਰਪਾਲ ਸਿੰਘ ਬਠਿੰਡਾ
ਬਠਿੰਡਾ, 3 ਜੁਲਾਈ (ਕਿਰਪਾਲ ਸਿੰਘ): ਗੁਰਮਿਤ ਪ੍ਰਚਾਰ ਸਭਾ ਵੱਲੋਂ, ਬੀਬੀਆਂ ਦੀ ਸੁਖਮਨੀ ਸਾਹਿਬ ਸੁਸਾਇਟੀ ਅਤੇ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਬੀਤੇ ਦਿਨ ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਨਾ ਦਿਵਸ ਗੁਰਦੁਆਰਾ ਸਿਵਲ ਸਟੇਸ਼ਨ ਵਿਖੇ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪਹਿਲਾਂ ਬੀਬੀਆਂ ਨੇ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਬਹੁਤ ਹੀ ਸਤਿਕਾਰ ਤੇ ਸ਼ਰਧਾ ਭਾਵਨਾ ਨਾਲ ਕੀਤਾ। ਉਪ੍ਰੰਤ ਡਾ: ਹਰਦੀਪ ਸਿੰਘ ਖਿਆਲੀਵਾਲੇ ਨੇ ‘ਅਕਾਲ ਤਖ਼ਤ ਸਾਹਿਬ ਜੀ ਦਾ ਸਿੱਖ ਇਤਿਹਾਸ ਵਿੱਚ ਰੋਲ ਅਤੇ ਮਹੱਤਵ’ ਸਬੰਧੀ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵੀਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਸਿੱਖ ਇਤਿਹਾਸ ਵਿੱਚ ਜਿਕਰ ਆਉਂਦਾ ਹੈ ਕਿ ਨਿੱਜੀ ਤੌਰ ’ਤੇ ਇੱਕ ਬੱਜਰ ਗਲਤੀ ਕੀਤੇ ਜਾਣ ਕਰਕੇ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਜੀ ’ਤੇ ਤਲਬ ਕਰਕੇ ਕੋਰੜੇ ਮਾਰਨ ਦੀ ਸਜਾ ਸੁਣਾਏ ਜਾਣ ’ਤੇ ਮਹਾਰਾਜਾ ਰਣਜੀਤ ਸਿੰਘ ਪਿੱਠ ਨੰਗੀ ਕਰਕੇ ਖੜ੍ਹ ਗਿਆ ਸੀ।
ਇਹ ਵੀ ਜਿਕਰ ਹੈ ਕਿ ਘੋੜੇ ’ਤੇ ਚੜ੍ਹੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਨੂੰ ਜੇ ਅੱਗੋਂ ਦਰਬਾਰ ਸਾਹਿਬ ਜੀ ਦਾ ਗ੍ਰੰਥੀ ਮਿਲ ਜਾਂਦਾ ਸੀ ਤਾਂ ਉਹ ਉੱਤਰ ਕੇ ਸਤਿਕਾਰ ਨਾਲ ਫ਼ਤਹਿ ਬੁਲਾਉਂਦਾ ਸੀ ਪਰ ਅੱਜ ਜੇ ਅਕਾਲ ਤਖ਼ਤ ਦਾ ਜਥੇਦਾਰ ਵੀ ਸਤਾਧਾਰੀਆਂ ਦੇ ਗਲਤ ਹੁਕਮ ਮਨੰਣ ਤੋਂ ਆਨਾ ਕਾਨੀ ਕਰਨ ਦੀ ਦਲੇਰੀ ਵਿਖਾ ਬੈਠੇ ਤਾਂ ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ ਤਾਂ ਆਮ ਸਿੱਖਾਂ ਦਾ ਅਕਾਲ ਤਖ਼ਤ ਸਾਹਿਬ ਦੇ ਫੈਸਲਿਆ ’ਤੇ ਵਿਸ਼ਵਾਸ਼ ਕਾਇਮ ਰਹਿਣ ਦੀ ਉਮੀਦ ਕਿਵੇਂ ਰੱਖੀ ਜਾ ਸਕਦੀ ਹੈ? ਭਾਈ ਹਰਦੀਪ ਸਿੰਘ ਖਿਆਲੀਵਾਲੇ ਨੇ ਕਿਹਾ ਕੇਵਲ ‘ਅਕਾਲ ਤਖ਼ਤ ਮਹਾਨ ਹੈ; ਸਿੱਖ ਕੌਮ ਦੀ ਸ਼ਾਨ ਹੈ’ ਦੇ ਨਾਹਰੇ ਲਾਉਣ ਨਾਲ ਅਕਾਲ ਤਖ਼ਤ ਮਹਾਨ ਨਹੀਂ ਹੋ ਜਾਣਾ ਬਲਕਿ ਪੰਥਕ ਹਿੱਤਾਂ ਵਿੱਚ ਇਸ ਪਾਵਨ ਸਥਾਨ ’ਤੇ ਬੈਠ ਕੇ ਕੀਤੇ ਫੈਸਲੇ ਹੂਬਹੂ ਮੰਨਣ ਨਾਲ ਹੀ ਅਕਾਲ ਤਖ਼ਤ ਸਾਹਿਬ ਮਹਾਨ ਹੋਣਾ ਹੈ।
   ਉਨ੍ਹਾਂ ਕਿਹਾ ਇਹ ਵੀ ਧਿਆਨ ਰੱਖਣਯੋਗ ਹੈ ਕਿ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰਬਾਣੀ ਦੀ ਅਗਵਾਈ ਅਤੇ ਸੇਧ ਵਿੱਚ ਕੀਤੇ ਫੈਸਲੇ ਹੀ ਅਕਾਲ ਤਖ਼ਤ ਸਾਹਿਬ ਜੀ ਦੇ ਫੈਸਲੇ ਹੋ ਸਕਦੇ ਹਨ ਜਦੋਂ ਕਿ ਸਤਾਧਾਰੀ ਧਿਰ ਨੂੰ ਫਾਇਦਾ ਪਹੁੰਚਾਉਣ ਜਾਂ ਵਿਰੋਧੀ ਵੀਚਾਰ ਰੱਖਣ ਵਾਲੇ ਕਿਸੇ ਵਿਅਕਤੀ ਵਿਸ਼ੇਸ਼ ਦੀ ਜਬਾਨ ਬੰਦ ਕਰਵਾਉਣ ਲਈ; ਗੁਰਬਾਣੀ, ਸਿੱਖ ਰਹਿਤ ਮਰਿਆਦਾ ਨੂੰ ਧਿਆਨ ਵਿੱਚ ਰੱਖਣ ਦੀ ਬਜਾਏ ਕਿਸੇ ਪਾਰਟੀ ਜਾਂ ਵਿਅਕਤੀ ਤੋਂ ਹਦਾਇਤਾਂ ਲੈ ਕੇ ਕੀਤੇ ਫੈਸਲਿਆਂ ਨੂੰ ਅਕਾਲ ਤਖ਼ਤ ਸਾਹਿਬ ਜੀ ਦੇ ਫੈਸਲੇ ਕਹਿਣਾ ਅਕਾਲ ਤਖ਼ਤ ਸਾਹਿਬ ਦੇ ਨਾਮ ’ਤੇ ਸਿੱਖਾਂ ਨੂੰ ਗੁੰਮਰਾਹ ਕਰਨਾ ਹੈ। ਉਨ੍ਹਾਂ ਕਿਹਾ 1945 ਵਿੱਚ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਈ ਸਿੱਖ ਰਹਿਤ ਮਰਿਆਦਾ ਅਤੇ 2003 ਵਿੱਚ ਜਾਰੀ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ ਗੁਰਦੁਆਰਿਆਂ ਵਿੱਚ ਪੂਰਨ ਤੌਰ ’ਤੇ ਲਾਗੂ ਕਰਨਾ ਹੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੋਣਾ ਹੈ।
ਭਾਈ ਕਿਰਪਾਲ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਜੀ ਦਾ ਅਸਲ ਮਹੱਤਵ ਇਸੇ ਵਿੱਚ ਹੈ ਕਿ ਗੁਰਬਾਣੀ ਦੇ ਫ਼ਲਸਫੇ ਮੁਤਾਬਿਕ ਸਮੁੱਚੇ ਸਿੱਖ ਪੰਥ ਨੂੰ ਏਕਤਾ ਦੀ ਲੜੀ ਵਿੱਚ ਪ੍ਰੋਈ ਰੱਖਣ ਲਈ ਇੱਕ ਗੁਰੂ ਗ੍ਰੰਥ ਸਾਹਿਬ ਜੀ, ਇੱਕ ਸਿੱਖ ਰਹਿਤ ਮਰਿਆਦਾ ਅਤੇ ਇੱਕ ਕੈਲੰਡਰ ਨਾਲ ਜੋੜੀ ਰੱਖਣ ਲਈ ਪ੍ਰੇਰਣਾ ਦਿੰਦਾ ਰਹੇ ਪਰ 2010 ਤੋਂ ਲੈ ਕੇ 2014 ਤੱਕ ਕਿਸ਼ਤਾਂ ਵਿੱਚ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਕੇ ਨਾਨਕਸ਼ਾਹੀ ਦੇ ਨਾਮ ਹੇਠਾਂ ਹੀ ਵਿਗੜਿਆ ਕੈਲੰਡਰ ਕੌਮ ਦੇ ਸਿਰ ਮੜਨ ਲਈ ਜਿਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਕੀਤੀ ਹੈ ਇਸ ਨਾਲ ਅਕਾਲ ਤਖ਼ਤ ਸਾਹਿਬ ਦੇ ਮਾਨ ਸਨਮਾਨ ਨੂੰ ਭਾਰੀ ਧੱਕਾ ਲੱਗਾ ਹੈ ਕਿਉਂਕਿ ਅੱਜ ਕੱਲ੍ਹ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤਾ ਜਾ ਰਿਹਾ ਕੈਲੰਡਰ ਇੱਕ ਨਹੀਂ ਬਲਕਿ ਤਿੰਨ ਪ੍ਰਣਾਲੀਆਂ ’ਤੇ ਅਧਾਰਤ ਹੈ। ਇਸ ਕੈਲੰਡਰ ਵਿੱਚ ਸਾਰੇ ਗੁਰਪੁਰਬ ਚੰਦਰਮਾ ਦੀਆਂ ਤਿੱਥਾਂ ਮੁਤਾਬਿਕ ਮਿਥੇ ਜਾਂਦੇ ਹਨ ਜਿਸ ਦੇ ਸਾਲ ਦੇ ਦਿਨਾਂ ਦੀ ਗਿਣਤੀ ਕਦੀ 354/55 ਅਤੇ ਕਦੀ 384/85 ਦਿਨ ਹੋ ਜਾਂਦੀ ਹੈ। ਬਾਕੀ ਦੇ ਸਾਰੇ ਪੁਰਾਤਨ ਇਤਿਹਾਸਕ ਦਿਹਾੜੇ ਸੂਰਜੀ ਤਰੀਖਾਂ ਦੇ ਹਿਸਾਬ ਨਾਲ ਰੱਖੇ ਹਨ ਜਿਸ ਦੇ ਸਾਲ ਦੇ ਦਿਨਾਂ ਦੀ ਗਿਣਤੀ ਤਾਂ ਈਸਵੀ ਸਾਲ ਜਿਨੀ 365/66 ਦਿਨ ਹੀ ਹੁੰਦੀ ਹੈ ਪਰ ਇਸ ਦੇ ਮਹੀਨਿਆਂ ਦੀ ਗਿਣਤੀ ਹਰ ਸਾਲ ਹੀ ਵਧਣ ਘਟਣ ਸਦਕਾ ਇਸ ਦੀਆਂ ਤਰੀਖਾਂ ਕਦੀ ਵੀ ਸਥਿਰ ਨਹੀਂ ਰਹਿੰਦੀਆਂ।
   ਇਸ ਤੋਂ ਇਲਾਵਾ ਬਿਕ੍ਰਮੀ ਸਾਲ ਦੀ ਲੰਬਾਈ ਰੁੱਤੀ ਨਾਲੋਂ ਤਕਰੀਬਨ 20 ਮਿੰਟ ਵੱਧ ਹੋਣ ਕਰਕੇ ਇਹ ਬੜੀ ਤੇਜੀ ਨਾਲ ਮੌਸਮਾਂ ਅਤੇ ਦੁਨੀਆਂ ਭਰ ਵਿੱਚ ਪ੍ਰਚਲਤ ਸਾਂਝੇ ਨਾਲੋਂ ਬੜੀ ਤੇਜੀ ਨਾਲ ਪਛੜ ਰਿਹਾ ਹੈ। ਇਹੋ ਕਾਰਣ ਹੈ ਕਿ 1699 ਦੀ ਇਤਿਹਾਸਕ ਵੈਸਾਖੀ 29 ਮਾਰਚ ਨੂੰ ਸੀ ਜਦੋਂ ਕਿ ਅੱਜ ਕੱਲ੍ਹ ਇਹ ਕਦੀ 13 ਅਪ੍ਰੈਲ ਅਤੇ ਕਦੀ 14 ਅਪ੍ਰੈਲ ਨੂੰ ਆਉਂਦੀ ਹੈ। ਅੰਗਰੇਜਾਂ ਦਾ ਭਾਰਤ ਵਿੱਚ ਰਾਜ ਸਥਾਪਤ ਹੋ ਜਾਣ ਪਿੱਛੋਂ ਉਨ੍ਹਾਂ ਇੱਥੇ ਈਸਵੀ ਕੈਲੰਡਰ ਲਾਗੂ ਕਰ ਦਿੱਤਾ ਇਸ ਲਈ ਇਸ ਪਿੱਛੋਂ ਵਾਪਰਨ ਵਾਲੀਆਂ ਸਾਰੀਆਂ ਇਤਿਹਾਸਕ ਘਟਨਾਵਾਂ ਜਿਵੇਂ ਕਿ ਸਾਕਾ ਨਨਕਾਣਾ ਸਾਹਿਬ ਗੁਰੂ ਕਾ ਬਾਗ ਮੋਰਚਾ, ਸਾਕਾ ਪੰਜਾ ਸਾਹਿਬ ਅਤੇ 1984 ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੇ ਦਿਹਾੜਿਆਂ ਦੀ ਤਰੀਖਾਂ ਈਸਵੀ ਕੈਲੰਡਰ ਅਨੁਸਾਰ ਲਿਖੀਆਂ ਜਾ ਰਹੀਆਂ ਹਨ। ਇਹੋ ਕਾਰਨ ਹੈ ਕਿ ਹਰ ਸਾਲ ਤਰੀਖਾਂ ਵਿੱਚ ਇਤਨਾ ਭੰਬਲਾਭੂਸਾ ਬਣਿਆ ਰਹਿੰਦਾ ਹੈ ਕਿ ਕਿਸੇ ਨੂੰ ਕੁਝ ਵੀ ਸਮਝ ਨਹੀਂ ਪੈਂਦਾ।
ਜਿਵੇਂ ਇਸ ਸਾਲ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਿਰਜੇ ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਨਾ ਦਿਵਸ 18 ਹਾੜ ਹੈ ਜੋ ਹਰ ਸਾਲ ਹੀ 18 ਹਾੜ ਦਰਜ ਹੁੰਦਾ ਹੈ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਹੀ ਸਬੰਧਤ ਮੀਰੀ ਪੀਰੀ ਦਿਵਸ ਇਸ ਸਾਲ ਦੇ ਕੈਲੰਡਰ ਵਿੱਚ 19 ਹਾੜ ਪਿਛਲੇ ਸਾਲ ਭਾਵ ਨਾਨਕਸ਼ਾਹੀ ਸੰਮਤ 548 ਵਿੱਚ 31 ਹਾੜ, 547 ਵਿੱਚ 11 ਸਾਵਣ, 547 ਵਿੱਚ 21 ਜੁਲਾਈ ਦਰਜ ਹੈ ਜਿਸ ਦਿਨ ਦੇਸੀ ਮਹੀਨੇ ਮੁਤਾਬਿਕ 6 ਸਾਵਣ ਸੀ। ਕੀ ਕੋਈ ਦੱਸ ਸਕਦਾ ਹੈ ਕਿ ਇੱਕੇ ਗੁਰੂ ਸਾਹਿਬ ਜੀ ਨਾਲ ਜਿਹੜੀਆਂ ਦੋ ਮਹੱਤਵਪੂਰਨ ਘਟਨਾਵਾਂ ਕ੍ਰਮਵਾਰ 18 ਹਾੜ ਬਿਕ੍ਰਮੀ ਸੰਮਤ 1663 (15 ਜੂਨ 1606ਈ:) ਅਤੇ 6 ਸਾਵਣ (5 ਜੁਲਾਈ) ਭਾਵ 19 ਦਿਨਾਂ ਦੇ ਫਰਕ ਨਾਲ ਵਾਪਰੀਆਂ ਸਨ ਉਹ ਇਸ ਸਾਲ ਇੱਕ ਦਿਨ ਦੇ ਫਰਕ ਅਤੇ ਪਿਛਲੇ ਤਿੰਨ ਸਾਲ ਦੇ ਕੈਲੰਡਰਾਂ ਵਿੱਚ ਕ੍ਰਮਵਾਰ 13 ਦਿਨ, 24 ਦਿਨ ਅਤੇ 19 ਦਿਨਾਂ ਦੇ ਫਰਕ ਨਾਲ ਕਿਵੇਂ ਆ ਗਈਆਂ?
ਜਾਪਦਾ ਹੈ ਕਿ ਮੀਰੀ ਪੀਰੀ ਦਿਵਸ ਚੰਦ੍ਰਮਾ ਦੀਆਂ ਤਿਥਾਂ ਮੁਤਾਬਿਕ ਨਿਸਚਿਤ ਕੀਤਾ ਜਾ ਰਿਹਾ ਹੈ ਪਰ ਹੈਰਾਨੀ ਹੈ ਕਿ ਚੰਦ੍ਰਮਾਂ ਦੀਆਂ ਤਿੱਥਾਂ ਤਾਂ ਸ਼੍ਰੋਮਣੀ ਕਮੇਟੀ ਦੇ ਕੈਲੰਡਰਾਂ ਵਿੱਚ ਦਰਜ ਹੀ ਨਹੀਂ ਕੀਤੀਆਂ ਜਾ ਰਹੀਆਂ ਤਾਂ ਕਿਹੜਾ ਪੰਡਿਤ ਇਨ੍ਹਾਂ ਨੂੰ ਦੱਸ ਜਾਂਦਾ ਹੈ ਕਿ ਮੀਰੀ ਪੀਰੀ ਦਿਵਸ ਨਿਸਚਿਤ ਕਰਨ ਸਮੇਂ ਫਲਾਨੀ ਤਰੀਖ ਨਿਸਚਿਤ ਕਰੋ।
 ਇਸ ਤੋਂ ਵੱਧ ਤ੍ਰਾਸਦੀ ਇਹ ਹੈ ਕਿ ਅੱਜ ਜੇ ਕਿਸੇ ਇਤਿਹਾਸਕਾਰ ਨੇ ਸਿੱਖ ਇਤਿਹਾਸ ਲਿਖਣਾ ਹੋਵੇ ਤਾਂ ਉਹ ਕਿਹੜੀ ਤਰੀਖ ਲਿਖੇਗਾ ਤੇ ਸਾਡੇ ਬੱਚੇ ਕਿਹੜੀ ਤਰੀਖ ਯਾਦ ਰੱਖ ਕੇ ਇਮਤਿਹਾਨ ਵਿੱਚੋਂ ਪੂਰੇ ਨੰਬਰ ਲੈ ਸਕਣ ਦੇ ਸਮਰੱਥ ਹੋਣਗੇ? ਵਿਗੜੇ ਕੈਲੰਡਰ ਨੂੰ ਜਿਹੜੀ ਸ਼੍ਰੋਮਣੀ ਕਮੇਟੀ ਅਤੇ ਇਸ ਦੇ ਹਮਾਇਤੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਤ ਹੋਣਾ ਪ੍ਰਚਾਰ ਰਹੇ ਹਨ ਕੀ ਉਹ ਦੱਸ ਸਕਦੇ ਹਨ ਕਿ ਇਹ ਕੈਲੰਡਰ ਸਾਨੂੰ ਇੱਕ ਨਾਲ ਜੋੜ ਰਿਹਾ ਹੈ ਜਾਂ ਤਿੰਨ ਵੱਖ ਵੱਖ ਪ੍ਰਣਾਲੀਆਂ ਅਤੇ ਅਨੇਕਾਂ ਹੀ ਉਨ੍ਹਾਂ ਦਿਨਾਂ ਨਾਲ ਜਿਨ੍ਹਾਂ ਸਬੰਧੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿ ਰਹੀ ਹੈ -
ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥” (ਅੰਗ ੮੪੩)
 “ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ ॥੨॥” (ਅੰਗ ੯੭੦),
ਪੰਡਿਤ ਮੁਲਾਂ ਜੋ ਲਿਖਿ ਦੀਆ ॥ਛਾਡਿ ਚਲੇ ਹਮ ਕਛੂ ਨ ਲੀਆ ॥੩॥” (ਅੰਗ ੧੧੫੯)।
ਜੇ ਨਹੀਂ ਤਾਂ ਦਾਦੂ ਦੀ ਕਬਰ ਨੂੰ ਤੀਰ ਝੁਕਾਉਣ ’ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਤਨਖ਼ਾਹ ਲਾਉਣ ਵਾਲੇ ਗੁਰਸਿੱਖਾਂ ਲਈ ਕੀ ਇਸ ਵਿਗੜੇ ਕੈਲੰਡਰ ਨੂੰ ਅਕਾਲ ਤਖ਼ਤ ਤੋਂ ਜਾਰੀ ਹੋਇਆ ਕੈਲੰਡਰ ਦੱਸ ਕੇ ਸਿਰ ਮੱਥੇ ਪ੍ਰਵਾਨ ਕਰ ਲੈਣਾ ਚਾਹੀਦਾ ਹੈ?

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.