ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਬਾਬਿਆਂ ਦੀਆਂ ਬਰਸੀਆਂ ਮਨਾਉਣ ਵਾਲਿਆਂ ਵਿੱਚੋਂ ਕੋਈ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਨਹੀਂ ਮਨਾਉਂਦਾ
ਬਾਬਿਆਂ ਦੀਆਂ ਬਰਸੀਆਂ ਮਨਾਉਣ ਵਾਲਿਆਂ ਵਿੱਚੋਂ ਕੋਈ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਨਹੀਂ ਮਨਾਉਂਦਾ
Page Visitors: 2470

ਬਾਬਿਆਂ ਦੀਆਂ ਬਰਸੀਆਂ ਮਨਾਉਣ ਵਾਲਿਆਂ ਵਿੱਚੋਂ ਕੋਈ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਨਹੀਂ ਮਨਾਉਂਦਾ: ਭਾਈ ਹਰਦੀਪ ਸਿੰਘ ਖਿਆਲੀਵਾਲਾ
ਬਠਿੰਡਾ, 26 ਜੂਨ ( ………………….. ): ਗੁਰਮਤਿ ਪ੍ਰਚਾਰ ਸਭਾ ਬਠਿੰਡਾ ਵੱਲੋਂ ਫੈਸਲਾ ਕੀਤਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਨਾਨਕਸ਼ਾਹੀ ਕੈਲੰਡਰ ਅਨੁਸਾਰ ਜਿਸ ਵੀ ਗੁਰੂ ਸਾਹਿਬਾਨ ਜਾਂ ਗੁਰਸਿੱਖ ਯੋਧਿਆਂ ਨਾਲ ਸਬੰਧਤ ਦਿਹਾੜਾ ਐਤਵਾਰ ਜਾਂ ਉਸ ਦੇ ਆਸਪਾਸ ਦੇ ਦਿਨ ਹੋਵੇਗਾ; ਪ੍ਰਚਾਰ ਸਭਾ ਵੱਲੋਂ ਐਤਵਾਰ ਸ਼ਾਮ ਨੂੰ ਕੀਤੇ ਜਾ ਰਹੇ ਹਫਤਾਵਾਰੀ ਸਮਾਗਮ ਉਸ ਗੁਰੂ ਸਾਹਿਬ ਜੀ ਦੇ ਗੁਰਪੁਰਬ ਜਾਂ ਗੁਰਸਿੱਖ ਯੋਧਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਕੀਤੇ ਜਾਇਆ ਕਰਨਗੇ। ਇਸੇ ਲੜੀ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ 18 ਜੂਨ ਨੂੰ ਭਾਈ ਮਤੀਦਾਸ ਨਗਰ ਦੇ ਗੁਰਦੁਆਰਾ ਸਾਹਿਬ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਬੀਤੇ ਦਿਨ ਬਾਬਾ ਨਾਮਦੇਵ ਭਵਨ, ਬਾਬਾ ਨਾਮਦੇਵ ਮਾਰਗ ਵਿਖੇ ਕੀਤਾ ਗਿਆ।
 2 ਜੁਲਾਈ ਨੂੰ ਸਿਰਜਣਾ ਦਿਵਸ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਸਮਾਗਮ ਗੁਰਦੁਆਰਾ ਸਿਵਲ ਸਟੇਸ਼ਨ ਵਿਖੇ ਅਤੇ 9 ਜੁਲਾਈ ਨੂੰ ਸ਼ਹੀਦੀ ਦਿਹਾੜਾ ਭਾਈ ਮਨੀ ਸਿੰਘ ਜੀ ਨੂੰ ਸਮਰਪਤ, ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਫੇਜ਼-1ਵਿਖੇ ਕੀਤੇ ਜਾਣਗੇ। 9 ਜੁਲਾਈ ਨੂੰ ਗੁਰਦੁਆਰਾ ਮਾਡਲ ਟਾਊਨ ਵਿਖੇ ਕੀਤੇ ਜਾਣ ਵਾਲੇ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖ਼ਤ ਦਮਦਮਾ ਸਾਹਿਬ ਵਿਸ਼ੇਸ਼ ਤੌਰ ’ਤੇ ਭਾਗ ਲੈਣਗੇ। ਪੰਥਕ ਏਕਤਾ ਨੂੰ ਮੁੱਖ ਰੱਖਦਿਆਂ ਸਾਰੇ ਪ੍ਰੋਗਰਾਮ ਸਿੱਖ ਰਹਿਤ ਮਰਿਆਦਾ ਅਨੁਸਾਰ ਨਿਭਾਏ ਜਾਂਦੇ ਹਨ।
ਗੁਰਮਤਿ ਪ੍ਰਚਾਰ ਸਭਾ ਦੇ ਬੁਲਾਰੇ ਭਾਈ ਕਿਰਪਾਲ ਸਿੰਘ ਨੇ ਦੱਸਿਆ ਕਿ ਜਿਸ ਵੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਜਾਂ ਸੰਗਤ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਗੁਰਪੁਰਬ ਜਾਂ ਹੋਰ ਇਤਿਹਾਸਕ ਦਿਹਾੜੇ ਨਾਲ ਸਬੰਧਤ ਸਮਾਗਮ ਆਪਣੇ ਗੁਰਦੁਆਰਾ ਸਾਹਿਬ ਜਾਂ ਆਪਣੇ ਘਰ ਵਿਖੇ ਕਰਵਾਉਣ ਦੇ ਚਾਹਵਾਨ ਹੋਣ ਤਾਂ ਉਹ ਸਮਾਗਮ ਬੁੱਕ ਕਰਵਾਉਣ ਲਈ ਸਭਾ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਥਾਵਾਚਕ ਅਤੇ ਰਾਗੀ ਜਥੇ ਭੇਟਾ ਰਹਿਤ ਨਿਸ਼ਕਾਮ ਸੇਵਾ ਨਿਭਾਉਂਦੇ ਹਨ ਅਤੇ ਦੇਗ ਤੇ ਵਧੀਆ ਸਾਊਂਡ ਦਾ ਪ੍ਰਬੰਧ ਕਰਨ ਦੀ ਜਿੰਮੇਵਾਰ ਪ੍ਰੋਗਰਾਮ ਬੁੱਕ ਕਰਵਾਉਣ ਵਾਲਿਆਂ ਨੇ ਨਿਭਾਉਣੀ ਹੈ।
ਬੀਤੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੂੰ ਸਮਰਪਤ ਬਾਬਾ ਨਾਮਦੇਵ ਭਵਨ ਵਿਖੇ ਹੋਏ ਸਮਾਗਮ ਦੀ ਅਰੰਭਤਾ ਭਾਈ ਤਰਸੇਮ ਸਿੰਘ ਹਰਰਾਇਪੁਰ ਵਾਲਿਆਂ ਦੇ ਕੀਰਤਨੀ ਜਥੇ ਨੇ ਰਸਭਿੰਨੇ ਸ਼ਬਦ ਕੀਰਤਨ ਰਾਹੀਂ ਕੀਤੀ।
ਕੀਰਤਨ ਦੀ ਸਮਾਪਤੀ ਉਪ੍ਰੰਤ ਭਾਈ ਹਰਦੀਪ ਸਿੰਘ (ਡਾ:) ਖਿਆਲੀਵਾਲੇ ਨੇ ਬਾਬਾ ਬੰਦਾ ਬਹਾਦਰ ਸਿੰਘ ਜੀ ਦੀ ਸ਼ਹੀਦੀ ਦਾ ਲੂੰ-ਕੰਡੇ ਖੜ੍ਹੇ ਕਰਨ ਵਾਲਾ ਇਤਿਹਾਸ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਿਆਂ ਕਿਹਾ ਕਿ ਬਾਬਾ ਜੀ ਨੇ ਗੁਰੂ ਸਿਧਾਂਤ ’ਤੇ ਪਹਿਰਾ ਦੇਣ ਵਾਲਾ ਪਹਿਲਾ ਖ਼ਾਲਸਾ ਰਾਜ ਸਥਾਪਤ ਕੀਤਾ ਜਿਸ ਵਿੱਚ ਮੁਜਾਰਿਆਂ ਨੂੰ ਜ਼ਮੀਨ ਦੇ ਅਸਲੀ ਮਾਲਕ ਬਣਾਇਆ ਤੇ ਫ਼ਰਖ਼ੁਸ਼ੀਅਰ ਦੀ ਈਨ ਮੰਨਣ ਨਾਲੋਂ ਆਪਣੇ ਚਾਰ ਸਾਲ ਦੇ ਬੱਚੇ ਦਾ ਕਾਲਜਾ ਆਪਣੇ ਮੂੰਹ ਵਿੱਚ ਪਵਾਉਣ ਤੇ ਅਕਹਿ ਤੇ ਅਸਹਿ ਤਸੀਹੇ ਝੱਲ ਕੇ ਸ਼ਹੀਦੀ ਪ੍ਰਾਪਤ ਕਰਨ ਨੂੰ ਤਰਜ਼ੀਹ ਦਿੱਤੀ ਪਰ ਬਹੁਤੇ ਇਤਿਹਾਸਕਾਰਾਂ ਨੇ ਉਨ੍ਹਾਂ ਨਾਲ ਇਨਸਾਫ ਨਹੀਂ ਕੀਤਾ ਅਤੇ ਸਾਰਾ ਇਤਿਹਾਸ ਵਿਗਾੜ ਕੇ ਪੇਸ਼ ਕੀਤਾ ਤੇ ਅੱਜ ਕੋਈ ਵਿਰਲਾ ਹੀ ਗੁਰਦੁਆਰਾ ਹੋਵੇਗਾ ਜਿਸ ਨੇ ਕਦੀ ਬਾਬਾ ਬੰਦਾ ਸਿੰਘ ਬਹਾਦਰ ਦਾ ਮਹਾਨ ਸ਼ਹੀਦੀ ਦਿਹਾੜਾ ਮਨਾਇਆ ਹੋਵੇਗਾ।
ਜਦੋਂ ਕਿ ਚਾਹੀਦਾ ਇਹ ਸੀ ਕਿ ਹਰ ਗੁਰਦੁਆਰਾ ਸਾਹਿਬ ਅਤੇ ਸਿੱਖੀ ਦਾ ਪ੍ਰਚਾਰ ਕਰਨ ਦਾ ਦਾਅਵਾ ਕਰਨ ਵਾਲੇ ਹਰ ਡੇਰੇ ਵਿੱਚ ਸ਼ਹੀਦੀ ਦਿਹਾੜਾ ਮਨਾਇਆ ਜਾਵੇ ਤਾ ਕਿ ਆਪਾ ਕੁਰਬਾਨ ਵਾਲੇ ਯੋਧੇ ਦਾ ਇਤਿਹਾਸ ਸਾਡੇ ਬੱਚਿਆਂ ਤੱਕ ਪਹੁੰਚ ਸਕੇ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਆਪਣੇ ਬਾਬਿਆਂ, ਜਿਨ੍ਹਾਂ ਦੀ ਸਿੱਖ ਪੰਥ ਨੂੰ ਕੋਈ ਵੀ ਦੇਣ ਨਹੀਂ ਹੈ; ਦੀਆਂ ਬਰਸੀਆਂ ਮਨਾਉਣ ਵਾਲੇ ਡੇਰੇਦਾਰਾਂ ਨੇ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਅਤੇ ਮਹਾਨ ਯੋਧਿਆਂ ਦੇ ਸ਼ਹੀਦੀ ਦਿਹਾੜੇ ਮਨਾਉਣੇ ਉਨ੍ਹਾਂ ਦੇ ਪ੍ਰੋਗਰਾਮ ਦਾ ਹਿੱਸਾ ਹੀ ਨਹੀਂ ਬਣਾਏ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.