ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਜਥੇਦਾਰ ਅਕਾਲ ਤਖ਼ਤ ਨੇ ਹੁਣ ਅੰਮ੍ਰਿਤ ਸੰਚਾਰ ਪ੍ਰੋਗਰਾਮਾਂ ’ਤੇ ਪਾਬੰਦੀ ਲਾਉਣੀ ਵੀ ਕੀਤੀ ਸ਼ੁਰੂ
ਜਥੇਦਾਰ ਅਕਾਲ ਤਖ਼ਤ ਨੇ ਹੁਣ ਅੰਮ੍ਰਿਤ ਸੰਚਾਰ ਪ੍ਰੋਗਰਾਮਾਂ ’ਤੇ ਪਾਬੰਦੀ ਲਾਉਣੀ ਵੀ ਕੀਤੀ ਸ਼ੁਰੂ
Page Visitors: 2519

   ਜਥੇਦਾਰ ਅਕਾਲ ਤਖ਼ਤ ਨੇ  ਹੁਣ ਅੰਮ੍ਰਿਤ ਸੰਚਾਰ ਪ੍ਰੋਗਰਾਮਾਂ ’ਤੇ ਪਾਬੰਦੀ ਲਾਉਣੀ ਵੀ ਕੀਤੀ ਸ਼ੁਰੂ
ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਕਰਵਾਉਣ ਜਾਂ ਉਨ੍ਹਾਂ ਨੂੰ ਥੋਹੜਾ ਬਹੁਤ ਸਹਿਯੋਗ ਦੇਣ ਵਾਲੇ ਗੁਰਦੁਆਰਿਆਂ ਵਿੱਚ ਕੀਰਤਨ ਅਤੇ ਅੰਮ੍ਰਿਤ ਸੰਚਾਰ ’ਤੇ ਪਾਬੰਦੀਆਂ ਲਾਉਣ ਵਾਲੇ ਜਥੇਦਾਰ, ਸਿੱਖ ਧਰਮ ਵਿੱਚ ਜਾਤ ਪਾਤ ਫੈਲਾ ਕੇ ਪੰਥ ਦਾ ਨਾ ਪੂਰਾ ਹੋਣ ਵਾਲੇ ਨੁਕਸਾਨ ਕਰ ਰਹੇ ਡੇਰਿਆਂ ਵਿੱਚ ਕੀਰਤਨ ਤੇ ਅੰਮ੍ਰਿਤ ਸੰਚਾਰ ਕਰਨ ’ਤੇ ਪਬੰਦੀ ਕਦੋ   ਲਾਉਣਗੇ?
ਬਠਿੰਡਾ, 12 ਅਪ੍ਰੈਲ (ਕਿਰਪਾਲ ਸਿੰਘ): ਇਹ ਸੁਰਖ਼ੀ ਪੜ੍ਹ ਕੇ ਬੇਸ਼ੱਕ ਤੁਹਾਨੂੰ ਕੁਝ ਹੈਰਾਨੀ ਹੋਵੇ ਪਰ ਇਹ ਸੱਚ ਹੈ ਕਿ ਹਾਲੀ ਫਰਵਰੀ ਮਹੀਨੇ ’ਚ ਹੀ ਕਾਨ੍ਹਪੁਰ ਵਿਖੇ ਪ੍ਰੋ: ਦਰਸਨ ਸਿੰਘ ਦਾ ਗੁਰਬਾਣੀ ਕੀਰਤਨ ਕਰਨ ਰੋਕਣ ਲਈ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਨੇ ਆਪਣਾ ਟਿੱਲ ਦਾ ਜ਼ੋਰ ਲਾ ਦਿੱਤਾ ਸੀ, ਬੇਸ਼ੱਕ ਉਹ ਇਸ ਵਿੱਚ ਸਫਲ ਨਹੀਂ ਸੀ ਹੋ ਸਕਿਆ। ਮਿਲੀ ਸੂਚਨਾ ਅਨੁਸਾਰ ਵਾਪਰੀ ਉਸ ਘਟਨਾ ਤੋਂ ਸਬਕ ਸਿੱਖਣ ਦੀ ਬਜਾਏ ਹੁਣ ਉਨ੍ਹਾਂ ਨੇ ਗੁਰਦੁਆਰਾ ਭਾਈ ਬੰਨੋ ਜੀ, ਕਾਨ੍ਹਪੁਰ ਵਿਖੇ ਹੋਣ ਵਾਲੇ ਅੰਮ੍ਰਿਤ ਸੰਚਾਰ ਸਮਾਗਮ ’ਤੇ ਹੀ ਪਾਬੰਦੀ ਲਾ ਦਿੱਤੀ। ਹੋਇਆ ਇੰਝ ਕਿ ਗੁਰਦੁਆਰਾ ਭਾਈ ਬੰਨੋ ਜੀ, ਕਾਨ੍ਹਪੁਰ ਵਿਖੇ ਕੀਰਤਨ ਸਮਾਗਮ ਤੇ ਅੰਮ੍ਰਿਤ ਸੰਚਾਰ ਦਾ ਸਮਾਗਮ ਰੱਖਿਆ ਗਿਆ ਸੀ, ਜਿੱਥੇ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਜਥਾ ਭਾਈ ਜਗਜੀਤ ਸਿੰਘ ਕੋਮਲ ਅਤੇ ਸਿੱਖ ਮਿਸ਼ਨ ਹਾਪੁਰ ਤੋ ਪੰਜ ਪਿਆਰੇ (ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ) ਅੰਮ੍ਰਿਤ ਅਭਿਲਾਖੀਆਂ ਨੂੰ ਖੰਡੇ ਬਾਟੇ ਦੀ ਪਾਹੁਲ ਛਕਾਉਣ ਲਈ ਪਹੁੰਚੇ ਹੋਏ ਸਨ। ਐਨ ਮੌਕੇ ’ਤੇ ਉਨ੍ਹਾਂ ਨੂੰ ਆਦੇਸ਼ ਆ ਗਿਆ ਕਿ ਕਿਉਂਕਿ ਇਸ ਗੁਰਦੁਆਰੇ ’ਚ ਫਰਵਰੀ ਮਹੀਨੇ ’ਚ ਅਕਾਲ ਤਖ਼ਤ ਤੋਂ ਛੇਕੇ ਹੋਏ ਪ੍ਰੋ: ਦਰਸ਼ਨ ਸਿੰਘ ਕੀਰਤਨ ਕਰਕੇ ਗਏ ਸਨ, ਇਸ ਲਈ ਇੱਥੇ ਕੀਰਤਨ ਤੇ ਅੰਮ੍ਰਿਤ ਸੰਚਾਰ ਨਹੀਂ ਹੋ ਸਕਦੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਸ ਗੁਰਦੁਆਰੇ ਦੇ ਪ੍ਰਧਾਨ ਮੋਹਕਮ ਸਿੰਘ ਨੇ ਫ਼ੋਨ ’ਤੇ ਸਪਸ਼ਟੀਕਰਨ ਦਿੱਤਾ ਕਿ ਉਹ ਪ੍ਰੋ: ਦਰਸ਼ਨ ਸਿੰਘ ਨੂੰ ਕਾਨ੍ਹਪੁਰ ਵਿਖੇ ਮਿਲੇ ਜਰੂਰ ਸਨ, ਉਨ੍ਹਾਂ ਤੋਂ ਗੁਰਬਾਣੀ ਦਾ ਕੀਰਤਨ ਵੀ ਸ੍ਰਵਨ ਕੀਤਾ ਸੀ ਪਰ ਇਸ ਗੁਰਦੁਆਰੇ ਵਿੱਚ ਉਨ੍ਹਾਂ ਦਾ ਕੋਈ ਕੀਰਤਨ ਸਮਾਗਮ ਨਹੀਂ ਸੀ ਹੋਇਆ। ਗਿਆਨੀ ਗੁਰਬਚਨ ਸਿੰਘ ਨੇ ਪ੍ਰਧਾਨ ਨੂੰ ਹੁਕਮ ਕੀਤਾ ਕਿ ਜੇ ਤੁਸੀਂ ਅੰਮ੍ਰਿਤ ਸੰਚਾਰ ਕਰਵਾਉਣਾ ਹੈ ਤਾਂ ਉਹ ਪਹਿਲੀ ਕੀਤੀ ਗਲਤੀ ਲਈ ਗੁਰਦੁਆਰੇ ਦੇ ਲੈੱਟਰ ਪੈਡ ’ਤੇ ਮੁਆਫ਼ੀਨਾਮਾ ਲਿਖ ਕੇ ਹੁਣੇ ਹੀ ਫੈਕਸ ਭੇਜਣ ਤੇ ਵਿਸ਼ਵਾਸ਼ ਦਿਵਾਉਣ ਦੇਣ ਕਿ ਪ੍ਰੋ: ਦਰਸ਼ਨ ਸਿੰਘ ਨੂੰ ਉਹ ਕਦੀ ਨਹੀਂ ਮਿਲਣਗੇ ਤੇ ਨਾ ਹੀ ਉਨ੍ਹਾਂ ਦਾ ਕੋਈ ਕੀਰਤਨ ਸਮਾਗਮ ਇਸ ਗੁਰਦੁਆਰੇ ਵਿੱਚ ਕਰਵਾਇਆ ਜਾਵੇਗਾ। ਪ੍ਰਧਾਨ ਵੱਲੋਂ ਫੈਕਸ ਭੇਜੇ ਜਾਣ ਪਿੱਛੋਂ ਹੀ ਅੰਮ੍ਰਿਤ ਸੰਚਾਰ ਦਾ ਸਮਾਗਮ ਦੋ ਘੰਟੇ ਪਛੜ ਕੇ ਉਸ ਸਮੇਂ ਸ਼ੁਰੂ ਹੋ ਸਕਿਆ ਜਦੋਂ ਕਿ ਇਸ ਵਿਵਾਦ ਨੂੰ ਵੇਖ ਕੇ  ਅੰਮ੍ਰਿਤ ਅਭਿਲਾਖੀਆਂ ਵਿੱਚੋਂ ਤਕਰੀਬਨ 25-27  ਉਥੋਂ ਜਾ ਚੁੱਕੇ ਸਨ।
ਇਸ ਦੇ ਨਾਲ ਹੀ ਦੂਸਰੀ ਘਟਨਾ ਇਸ ਤਰ੍ਹਾਂ ਹੈ ਕਿ ਰਾਗੀ ਜਥਾ ਭਾਈ ਜਗਜੀਤ ਸਿੰਘ ਕੋਮਲ ਦਾ ਦੋ ਦਿਨਾ ਮੁੱਖ ਕੀਰਤਨ ਸਮਾਗਮ ਤਾਂ ਗੁਰਦੁਆਰਾ ਭਾਈ ਬੰਨੋ ਜੀ ਦੇ ਪ੍ਰਬੰਧਕਾਂ ਵੱਲੋਂ ਹੀ ਉਲੀਕੇ ਗਏ ਸਨ; ਪਰ ਪ੍ਰਬੰਧਕਾਂ ਤੇ ਰਾਗੀ ਭਾਈ ਕੋਮਲ ਨਾਲ ਗੱਲ ਕਰਕੇ 13 ਅਪ੍ਰੈਲ ਸਵੇਰ ਦਾ ਇੱਕ ਪ੍ਰੋਗਰਾਮ ਕਾਨ੍ਹਪੁਰ ਦੇ ਸਥਾਨਕ ਇੱਕ ਹੋਰ ਗੁਰਦੁਆਰਾ ਰਤਨ ਲਾਲ ਨਗਰ ਵਿਖੇ ਉਲੀਕਿਆ ਗਿਆ ਸੀ ਜਿਸ ਲਈ ਇਸ਼ਤਿਹਾਰ ਵੀ ਛਪ ਚੁੱਕੇ ਸਨ। ਗੁਰਦੁਆਰਾ ਰਤਨ ਲਾਲ ਨਗਰ ਦੇ ਪ੍ਰਧਾਨ ਰਘਬੀਰ ਸਿੰਘ ਦੇ ਦੱਸਣ ਅਨੁਸਾਰ ਅੱਜ ਅਚਾਨਕ ਉਨ੍ਹਾਂ ਨੂੰ ਉਹ ਸਮਾਗਮ ਰੱਦ ਕੀਤੇ ਜਾਣ ਦੀ ਸੂਚਨਾ ਦੇ ਦਿੱਤੀ ਗਈ। ਪ੍ਰਧਾਨ ਰਘਬੀਰ ਸਿੰਘ ਵੱਲੋਂ ਕਾਰਣ ਪੁੱਛੇ ਜਾਣ ’ਤੇ ਭਾਈ ਕੋਮਲ ਜੀ ਨੇ ਦੱਸਿਆ ਕਿ ਉਨ੍ਹਾਂ ਨੂੰ ਅਕਾਲ ਤਖ਼ਤ ਤੋਂ ਤੁਹਾਡੇ ਗੁਰਦੁਆਰੇ ਵਿੱਚ ਕੀਰਤਨ ਪ੍ਰੋਗਰਾਮ ਰੱਦ ਕੀਤੇ ਜਾਣ ਦਾ ਆਦੇਸ਼ ਹੋਇਆ ਹੈ। ਉਨ੍ਹਾਂ ਨੂੰ ਇੱਕ ਫ਼ੋਨ ਨੰਬਰ ਵੀ ਦਿੱਤਾ ਗਿਆ ਕਿ ਜੇ ਕਰ ਉਹ ਕੀਰਤਨ ਕਰਵਾਉਣਾ ਚਾਹੁੰਦੇ ਹਨ ਤਾਂ ਉਸ ਨੰਬਰ ’ਤੇ ਫ਼ੋਨ ਕਰਕੇ ਇਜਾਜਤ ਲੈ ਲਈ ਜਾਵੇ। ਪ੍ਰਧਾਨ ਰਘਬੀਰ ਸਿੰਘ ਨੇ ਜਦ ਉਸ ਨੰਬਰ ’ਤੇ ਫ਼ੋਨ ਕਰਕੇ ਐਨ ਮੌਕੇ ’ਤੇ ਕੀਰਤਨ ਪ੍ਰੋਗਰਾਮ ਰੱਦ ਕੀਤੇ ਦਾ ਕਾਰਣ ਪੁੱਛਿਆ ਤਾਂ ਉਨ੍ਹਾਂ ਨੂੰ ਵੀ ਗੁਰਦੁਆਰਾ ਭਾਈ ਬੰਨੋ ਜੀ ਦੇ ਪ੍ਰਬੰਧਕਾਂ ’ਤੇ ਲਾਈਆਂ ਗਈਆਂ ਸ਼ਰਤਾਂ ਦੱਸ ਕੇ ਕਿਹਾ ਗਿਆ ਕਿ ਜੇ ਉਹ ਵੀ ਲਿਖਤੀ ਮੁਆਫ਼ੀਨਾਮੇ ਦੀ ਫੈਕਸ ਸ਼੍ਰੀ ਅਕਾਲ ਤਖ਼ਤ ’ਤੇ ਭੇਜ ਦੇਣ ਤਾਂ ਕੀਰਤਨ ਕਰਵਾਉਣ ਦੀ ਇਜਾਜਤ ਦਿੱਤੀ ਜਾ ਸਕਦੀ ਹੈ। ਪ੍ਰਧਾਨ ਰਘਬੀਰ ਸਿੰਘ ਨੇ ਕਿਹਾ ਕਿ ਜਦ ਉਨ੍ਹਾਂ ਕੋਈ ਗਲਤੀ ਕੀਤੀ ਹੀ ਨਹੀਂ ਤਾਂ ਮੁਆਫ਼ੀ ਕਿਸ ਗੱਲ ਦੀ ਲਿਖ ਕੇ ਦੇਣ।
ਦੂਸਰੀ ਗੱਲ ਹੈ ਕਿ ਜੇ ਉਨ੍ਹਾਂ ਤੋਂ ਕੋਈ ਗਲਤੀ ਹੋਈ ਵੀ ਹੋਵੇਗੀ ਤਾਂ ਦਰਬਾਰ ਸਾਹਿਬ ਵਿੱਚ ਜਾ ਕੇ ਗੁਰੂ ਤੇ ਸੰਗਤ ਤੋਂ ਮੁਆਫ਼ੀ ਮੰਗ ਲੈਣਗੇ ਉਹ ਕਿਸੇ ਵਿਅਕਤੀ ਨੂੰ ਲਿਖਤੀ ਮੁਆਫ਼ੀ ਕਿਉਂ ਦੇਣ? ਬਾਅਦ ਵਿੱਚ ਪਤਾ ਲੱਗਾ ਕਿ ਉਹ ਫ਼ੋਨ ਨੰਬਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਸੀ। ਇਸ ਲਈ ਅਕਾਲੀ ਜਥੇ ਦੇ ਕਨਵੀਨਰ ਇੰਦਰਜੀਤ ਸਿੰਘ ਨੇ ਆਪਣੇ ਆਪ ਨੂੰ ਇੱਕ ਪੱਤਰਕਾਰ ਦੱਸ ਕੇ ਰਾਗੀ ਭਾਈ ਕੋਮਲ ਨੂੰ ਫ਼ੋਨ ਕਰਕੇ ਪੁੱਛਿਆ ਕਿ ਉਹ ਕੀਰਤਨੀਏ ਗੁਰੂ ਦੇ ਹਨ ਜਾਂ ਗੁਰਬਚਨ ਸਿੰਘ ਦੇ? ਕੀ ਤੁਹਾਨੂੰ ਗੁਰਬਾਣੀ ਦਾ ਕੀਰਤਨ ਕਰਨ ਲਈ ਵੀ ਜਥੇਦਾਰ ਤੋਂ ਆਗਿਆ ਲੈਣੀ ਪਏਗੀ? ਕੀ ਸੇਵੇਰੇ ਕੀਰਤਨ ਸ੍ਰਵਨ ਕਰਨ ਆਈ ਸੰਗਤ ਨੂੰ ਸੱਚ ਦੱਸਿਆ ਜਾਵੇ ਕਿ ਰਾਗੀ ਜਥੇ ਨੂੰ ਅਕਾਲ ਤਖ਼ਤ ਦੇ ਜਥੇਦਾਰ ਨੇ ਕੀਰਤਨ ਕਰਨ ਤੋਂ ਰੋਕ ਦਿੱਤਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਖੜ੍ਹ ਕੇ ਪ੍ਰਬੰਧਕ ਝੂਠ ਬੋਲਣ ਕਿ ਰਾਗੀ ਜਥੇ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ ਹੈ ਜਿਸ ਕਾਰਣ ਉਹ ਕਾਨ੍ਹਪੁਰ ’ਚ ਹੁੰਦੇ ਹੋਏ ਵੀ ਇੱਥੇ ਕੀਰਤਨ ਕਰਨ ਨਹੀਂ ਆ ਸਕੇ। ਭਾਈ ਇੰਦਰਜੀਤ ਸਿੰਘ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਅਸਮਰਥ ਤੇ ਪ੍ਰੇਸ਼ਾਨ ਹੋਏ ਭਾਈ ਕੋਮਲ ਨੇ ਗੁਰਦੁਆਰਾ ਭਾਈ ਬੰਨੋ ਦੇ ਪ੍ਰਧਾਨ ਮੋਹਕਮ ਸਿੰਘ ਨੂੰ  ਉਹ ਫ਼ੋਨ ਨੰਬਰ ਦੇ ਕੇ ਕਿਹਾ ਕਿ ਇਸ ਪੱਤਰਕਾਰ ਨੂੰ ਕਹੋ ਕਿ ਉਹ ਕੋਈ ਖ਼ਬਰ ਨਾ ਛਾਪੇ।
ਜਦ ਉਸ ਨੰਬਰ ’ਤੇ ਮੋਹਕਮ ਸਿੰਘ ਨੇ ਫ਼ੋਨ ਕੀਤਾ ਤਾਂ ਇੰਦਰਜੀਤ ਸਿੰਘ ਨੇ ਆਪਣੀ ਪਛਾਣ ਦੱਸੀ। ਮੋਹਕਮ ਸਿੰਘ ਨੇ ਸਲਾਹ ਦਿੱਤੀ ਕਿ ਰਾਗੀ ਜਥੇ ਦੀ ਫੋਨ ਰਾਹੀਂ ਤਸੱਲੀ ਕਰਵਾ ਦਿੱਤੀ ਜਾਵੇ ਕਿ ਉਹ ਕੋਈ ਖ਼ਬਰ ਨਹੀਂ ਲਾਉਣਗੇ। ਦੂਸਰੀ ਸਲਾਹ ਦਿੱਤੀ ਕਿ ਗੱਲ ਜਿਆਦਾ ਵਧਾਉਣ ਨਾਲੋਂ ਗੁਰਦੁਆਰਾ ਰਤਨ ਲਾਲ ਦੇ ਪ੍ਰਬੰਧਕ ਵੀ ਸਾਡੇ ਵਾਂਗ ਲਿਖਤੀ ਮੁਆਫੀਨਾਮੇ ਦੀ ਫੈਕਸ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਭੇਜ ਦੇਣ ਤਾਂ ਕੀਰਤਨ ਹੋ ਜਾਵੇਗਾ। ਭਾਈ ਇੰਦਰਜੀਤ ਸਿੰਘ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਪ੍ਰਧਾਨ ਮੋਹਕਮ ਸਿੰਘ ਨੂੰ ਝਾੜ ਪਾਈ ਕਿ ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਦਾ ਡਰ ਹੋਵੇਗਾ ਪ੍ਰਧਾਨਾਂ ਨੂੰ ਜਿਨ੍ਹਾਂ ਨੇ ਆਪਣੀ ਪ੍ਰਧਾਨਗੀ ਬਚਾਉਣ ਲਈ ਸੌ ਪਾਪੜ ਬੇਲਣੇ ਹੁੰਦੇ ਹਨ। ਦੋ ਕੌਡੀ ਦੇ ਰਾਗੀ ਜਿਹੜਾ ਗੁਰੂ ਨੂੰ ਸਮ੍ਰਪਤ ਹੋਣ ਦੀ ਥਾਂ ਇੱਕ ਵਿਅਕਤੀ ਦਾ ਦਾਸ ਬਣ ਕੇ ਉਸ ਤੋਂ ਇਜਾਜਤ ਲੈਣ ਦੀ ਸ਼ਰਤ ਰੱਖਦਾ ਹੋਵੇ, ਉਸ ਦਾ ਕੀਰਤਨ ਕਰਵਾਉਣ ਲਈ ਉਹ ਲਿਖਤੀ ਮੁਆਫੀ ਕਿਉਂ ਮੰਗਣ? ਜੇ ਉਹ ਉਹ ਉਨ੍ਹਾਂ ਨਾਲ ਗੱਲ ਕਰਦੇ ਤਾਂ ਕਈ ਹੋਰ ਜਥੇ ਕੀਰਤਨ ਲਈ ਤੁਰੰਤ ਸੱਦ ਸਕਦੇ ਸਨ।
ਵਿਵਾਦ ਦੀ ਹੋਰ ਸੱਚਾਈ ਜਾਨਣ ਲਈ ਜਦ ਰਾਗੀ ਭਾਈ ਜਗਜੀਤ ਸਿੰਘ ਕੋਮਲ ਨਾਲ ਗੱਲ ਕੀਤੀ ਤਾਂ ਉਹ ਕੁਝ ਪ੍ਰੇਸ਼ਾਨੀ ਵਿੱਚ ਦਿੱਸ ਰਹੇ ਸਨ ਕਿਉਂਕਿ ਉਨ੍ਹਾਂ ਦਾ ਜਵਾਬ ਸੀ ਕਿ ਵੀਰ ਜੀ ਇਸ ਵਿਸ਼ੇ ’ਤੇ ਉਨ੍ਹਾਂ ਨੂੰ ਪਹਿਲਾਂ ਹੀ ਬਹੁਤ ਫ਼ੋਨ ਆ ਚੁੱਕੇ ਹਨ ਤੇ ਉਹ ਬੋਲ ਬੋਲ ਕੇ ਥੱਕ ਚੁੱਕੇ ਹਨ। ਹੁਣ ਉਨ੍ਹਾਂ ਨੂੰ ਹੋਰ ਪ੍ਰੇਸ਼ਾਨ ਨਾ ਕੀਤਾ ਜਾਵੇ ਤੇ ਜੋ ਜਾਣਕਾਰੀ ਲੈਣਾ ਚਾਹੁੰਦੇ ਹੋ ਪ੍ਰਧਾਨ ਮੋਹਕਮ ਸਿੰਘ ਤੋਂ ਲੈ ਲਈ ਜਾਵੇ, ਉਨ੍ਹਾਂ ਪਾਸ ਸਾਰੀ ਜਾਣਕਾਰੀ ਹੈ ਤੇ ਉਨ੍ਹਾਂ ਦੇ ਪ੍ਰਬੰਧ ਹੇਠ ਹੀ ਇਹ ਸਾਰੇ ਸਮਾਗਮ ਚੱਲ ਰਹੇ ਹਨ। ਜਦ ਪ੍ਰਧਾਨ ਮੋਹਕਮ ਸਿੰਘ ਨਾਲ ਗੱਲ ਕੀਤੀ ਤਾਂ ਉਹ ਸਾਫ ਮੁੱਕਰ ਗਏ ਕਿ ਐਸੀ ਕੋਈ ਗੱਲ ਹੋਈ ਹੀ ਨਹੀਂ ਤੇ ਨਾ ਹੀ ਹੀ ਕਿਸੇ ਨੇ ਕੀਰਤਨ ਜਾਂ ਅੰਮ੍ਰਿਤ ਸੰਚਾਰ ਹੋਣ ਤੋਂ ਉਨ੍ਹਾਂ ਨੂੰ ਰੋਕਿਆ ਹੈ। ਉਨ੍ਹਾਂ ਸਾਰਾ ਦੋਸ਼ ਸਾਬਕਾ ਕਾਂਗਰਸੀ ਐੱਮ ਐੱਲ ਸੀ ਕੁਲਦੀਪ ਸਿੰਘ ’ਤੇ ਲਾਉਂਦਿਆਂ ਕਿਹਾ ਕਿ ਉਹ ਇਸ ਗੁਰਦੁਆਰੇ ਦੀ ਪ੍ਰਧਾਨਗੀ ਲੈਣਾ ਚਾਹੁੰਦਾ ਹੈ ਇਸ ਲਈ ਇਸ ਤਰ੍ਹਾਂ ਦੀ ਅਫ਼ਵਾਹਾਂ ਫੈਲਾ ਰਿਹਾ ਹੈ।
ਅਕਾਲੀ ਜਥੇ ਦੇ ਕੰਵਰਪਾਲ ਸਿੰਘ ਤੇ ਹਰਚਰਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪ੍ਰਧਾਨ ਮੋਹਕਮ ਸਿੰਘ ਕੋਰਾ ਝੂਠ ਬੋਲ ਰਿਹਾ ਹੈ। ਉਨ੍ਹਾਂ ਪਾਸ ਰੀਕਰਾਡਡ ਸਬੂਤ ਹਨ ਕਿ ਉਸ ਵੱਲੋਂ ਲਿਖਤੀ ਮੁਆਫ਼ੀਨਾਮਾ ਭੇਜਣ ਪਿੱਛੋਂ ਹੀ ਦੋ ਘੰਟੇ ਪਛੜ ਕੇ ਪ੍ਰੋਗਰਾਮ ਹੋ ਸਕਿਆ ਹੈ ਤੇ ਉਥੇ ਭਾਈ ਕੋਮਲ ਦਾ ਕੀਰਤਨ ਜਾਰੀ ਰੱਖਣ ਲਈ ਹਰੀ ਝੰਡੀ ਮਿਲੀ ਹੈ।
ਸੱਚ ਝੂਠ ਦਾ ਨਿਤਾਰਾ ਕਰਨ ਲਈ ਗਿਆਨੀ ਗੁਰਬਚਨ ਸਿੰਘ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲੋਂ ਫ਼ੋਨ ਨਹੀਂ ਸੀ ਚੁੱਕਿਆ ਜਾਂਦਾ। ਅਖੀਰ ਇੱਕ ਵਾਰ ਉਨ੍ਹਾਂ ਦੇ ਪੀਏ ਨੇ ਫ਼ੋਨ ਚੁੱਕਿਆ ਤਾਂ ਉਨ੍ਹਾਂ ਕਿਹਾ ਸਿੰਘ ਸਾਹਿਬ ਮੀਟਿੰਗ ਵਿੱਚ ਵਿਅਸਥ ਹਨ ਇਸ ਲਈ ਠਹਿਰ ਕੇ ਗੱਲ ਕਰਵਾ ਦਿੱਤੀ ਜਾਵੇਗੀ। ਰਾਤ ਸਵਾ ਨੌ ਵਜੇ ਤੱਕ ਸੰਪਰਕ ਕਰਨ ਦੀ ਕੋਸ਼ਿਸ ਜਾਰੀ ਰੱਖੀ ਪਰ ਮੁੜ ਉਨ੍ਹਾਂ ਨੇ ਫ਼ੋਨ ਹੀ ਨਹੀਂ ਚੁੱਕਿਆ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਇੱਕ ਪਾਸੇ ਤਾਂ ਕਾਨ੍ਹਪੁਰ ਵਿਖੇ ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਸਮਾਗਮ ਹੋਣ ਦੇ ਦੋਸ਼ ਹੇਠ ਹੀ ਸਮੁੱਚੇ ਕਾਨ੍ਹਪੁਰ ਦੇ ਗੁਰਦੁਆਰਿਆਂ ਵਿੱਚ ਇਹ ਪਾਬੰਦੀ ਲਾ ਦਿੱਤੀ ਗਈ ਹੈ ਕਿ ਜਦ ਤੱਕ ਉਥੋਂ ਦੇ ਪ੍ਰਬੰਧਕ ਸ਼੍ਰੀ ਅਕਾਲ ਤਖ਼ਤ ਨੂੰ ਲਿਖਤੀ ਮੁਆਫ਼ੀਨਾਮਾ ਨਹੀਂ ਦਿੰਦੇ ਉਸ ਸਮੇਂ ਤੱਕ ਉਸ ਗੁਰੁਦਆਰੇ ਵਿੱਚ ਕੋਈ ਕੀਰਤਨ ਸਮਾਗਮ ਤੇ ਇੱਥੋਂ ਤੱਕ ਕਿ ਅੰਮ੍ਰਿਤ ਸੰਚਾਰ ਸਮਾਗਮ ਵੀ ਨਹੀਂ ਹੋਣ ਦਿੱਤੇ ਜਾਣਗੇ।
ਪਰ ਗੁਰੁਦਆਰਿਆਂ ਵਿੱਚ ਦਲਿਤ ਸਿੰਘਾਂ ਦੇ ਅਨੰਦ ਕਾਰਜ ਕਰਨ ਤੋਂ ਕੀਤੀ ਜਾ ਰਹੀ ਨਾਂਹ ਅਤੇ ਦਲਿਤ ਸਿੱਖਾਂ ਦੇ ਗੁਰਦੁਆਰੇ ਦੇ ਲੰਗਰ ਹਾਲ ਵਿੱਚ ਦਾਖ਼ਲੇ ਤੇ ਪਾਬੰਦੀ ਲਾ ਕੇ ਸਿੱਖ ਧਰਮ ਲਈ ਮਹਾਨ ਕੁਰਬਾਨੀਆਂ ਕਰਨ ਵਾਲੇ ਗਰੀਬ ਸਿੰਘਾਂ ਨੂੰ ਸਿੱਖ ਧਰਮ ’ਚੋਂ ਜ਼ਬਰੀ ਧਕੇਲਨ ਦੇ ਮੁਖ ਦੋਸ਼ੀ ਨਾਨਕਸਰ ਡੇਰਾ ਰੂੰਮੀ ਦੇ ਪ੍ਰਬੰਧਾਂ ਵਾਲਿਆਂ ਦੀਆਂ ਠਾਠਾਂ ਵਿੱਚ ਇਹੀ ਜਥੇਦਾਰ ਉਨ੍ਹਾਂ ਪੰਥ ਦੋਖੀ ਸਾਧਾਂ ਦੀਆਂ ਸਿਫਤਾਂ ਦੇ ਪੁਲ ਬੰਨ੍ਹਦੇ ਹੋਏ ਉਨ੍ਹਾਂ ਨੂੰ ਸੰਤ ਮਹਾਂਪੁਰਖ਼ ਬ੍ਰਹਮਗਿਆਨੀ ਆਦਿਕ ਲਕਬਾਂ ਨਾਲ ਸੰਬੋਧਨ ਕਰ ਰਹੇ ਹਨ। ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਕਰਵਾਉਣ ਜਾਂ ਉਨ੍ਹਾਂ ਨੂੰ ਥੋਹੜਾ ਬਹੁਤ ਸਹਿਯੋਗ ਦੇਣ ਵਾਲੇ ਗੁਰਦੁਆਰਿਆਂ ਵਿੱਚ ਕੀਰਤਨ ਅਤੇ ਅੰਮ੍ਰਿਤ ਸੰਚਾਰ ’ਤੇ ਪਾਬੰਦੀਆਂ ਲਾਉਣ ਵਾਲੇ ਜਥੇਦਾਰ, ਸਿੱਖ ਧਰਮ ਵਿੱਚ ਜਾਤ ਪਾਤ ਫੈਲਾ ਕੇ ਪੰਥ ਦਾ ਨਾ ਪੂਰਾ ਹੋਣ ਵਾਲੇ ਨੁਕਸਾਨ ਕਰ ਰਹੇ ਡੇਰਿਆਂ ਵਿੱਚ ਕੀਰਤਨ ਤੇ ਅੰਮ੍ਰਿਤ ਸੰਚਾਰ ਕਰਨ ’ਤੇ ਪਬੰਦੀ ਕਦੋਂ ਲਾਉਣਗੇ?
ਹਰ ਸੰਜੀਦਾ ਪੰਥ ਦਰਦੀ ਨੂੰ ਇਨ੍ਹਾਂ ਸਵਾਲਾਂ ਦਾ ਜਵਾਬ ਲੈਣ ਲਈ ਆਵਾਜ਼ ਉਠਾਉਣੀ ਸਮੇਂ ਦੀ ਮੁੱਖ ਲੋੜ ਬਣ ਚੁੱਕੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.