ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਭਾਈ ਬਲਵੰਤ ਸਿੰਘ ਰਾਜੋਆਣਾ ਦਾ ਵਿਸਾਖੀ ਸੰਦੇਸ਼
ਭਾਈ ਬਲਵੰਤ ਸਿੰਘ ਰਾਜੋਆਣਾ ਦਾ ਵਿਸਾਖੀ ਸੰਦੇਸ਼
Page Visitors: 2472

ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ- ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ।ਖਾਲਸਾ ਜੀ , ਸਾਡੇ ਵੱਲੋਂ ਸਮੁੱਚੇ ਖਾਲਸਾ ਪੰਥ ਨੂੰ ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ। ਖਾਲਸਾ ਜੀ ਨੋਵੇਂ ਪਾਤਸ਼ਾਹ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੀ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹਾਦਤ ਤੋਂ ਬਾਅਦ ਸਿੱਖ ਧਰਮ ਅਤੇ ਸਿੱਖ ਸਮਾਜ ਨੂੰ ਸਮੇਂ ਦੇ ਜ਼ਾਲਮ ਹੁਕਮਰਾਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਨੇ 13 ਅਪ੍ਰੈਲ 1699 ਈ: ਦੀ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਇੱਕ ਅਲੌਕਿਕ ਵਰਤਾਰਾ ਕੀਤਾ। ਦੇਸ਼ ਦੇ ਕੋਨੇ –ਕੋਨੇ ਵਿਚ ਵਸਦੇ ਸਿੱਖਾਂ ਨੂੰ ਸੁਨੇਹੇ ਭੇਜ ਕੇ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਪਹੁੰਚਣ ਲਈ ਕਿਹਾ ਗਿਆ। ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕਠੇ ਹੋਏ ਲੱਖਾਂ ਸਿੱਖਾਂ ਨੂੰ ਨੰਗੀ ਤਲਵਾਰ ਲੈ ਕੇ ਸੰਬੋਧਨ ਹੁੰਦੇ ਹੋਏ ਦਸ਼ਮੇਸ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਇੱਕ-ਇੱਕ ਕਰਕੇ ਪੰਜ ਸੀਸ ਭੇਟ ਕਰਨ ਦੀ ਮੰਗ ਕੀਤੀ ।ਸੀਸ ਭੇਟ ਕਰਨ ਵਾਲੇ ਪੰਜਾਂ ਸਿੱਖਾਂ ਨੂੰ ਗੁਰੁ ਸਾਹਿਬ ਇੱਕ –ਇੱਕ ਕਰਕੇ ਤੰਬੂ ਅੰਦਰ ਲਿਜਾਂਦੇ ਰਹੇ । ਫਿਰ ਉੱਥੇ ਗੁਰੂ ਸਾਹਿਬ ਨੇ ਆਪਣੇ ਹੱਥਾਂ ਨਾਲ ਪੰਜਾਂ ਸਿੱਖਾਂ ਨੂੰ ਪੰਜ ਕਕਾਰਾਂ ਦੇ ਧਾਰਨੀ ਬਣਾ ਕੇ ਉਨ੍ਹਾਂ ਨੂੰ ਖਾਲਸਾਈ ਬਾਣਾ ਪਵਾ ਕੇ ਖ਼ੁਦ ਆਪਣੇ ਹੱਥਾਂ ਨਾਲ ਤਿਆਰ ਕੀਤਾ ਅਤੇ ਫਿਰ ਅੰਮ੍ਰਿਤ ਦੀ ਅਦੁੱਤੀ ਦਾਤ ਆਪਣੇ ਹੱਥਾਂ ਨਾਲ ਤਿਆਰ ਕਰਕੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਅਦੁੱਤੀ ਦਾਤ ਬਖ਼ਸ਼ਿਸ ਕੀਤੀ । ਫਿਰ ਗੁਰੂ ਸਾਹਿਬ ਨੇ ਇਨ੍ਹਾਂ ਪੰਜ ਪਿਆਰਿਆਂ ਨੂੰ ਗੁਰੂ ਦਾ ਦਰਜਾ ਦੇ ਕੇ ਖ਼ੁਦ ਸੇਵਕ ਬਣ ਕੇ ਇਨ੍ਹਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਬਦਲੇ ਵਿਚ ਆਪਣਾ ਸੀਸ ਹੀ ਨਹੀਂ ਸਗੋਂ ਸਮੁੱਚੇ ਸਰਬੰਸ ਨੂੰ ਧਰਮ ਤੋਂ ਕੁਰਬਾਨ ਕਰਨ ਦਾ ਵਚਨ ਦਿੱਤਾ ।ਖਾਲਸਾ ਜੀ , ਇਹ ਜੋ ਅੰਮ੍ਰਿਤ ਦਾ ਸੰਕਲਪ ਹੈ ਇਹ ਆਪਣੇ ਗੁਰੂ ਅੱਗੇ , ਉਸ ਅਕਾਲ –ਪੁਰਖ ਵਾਹਿਗੁਰੂ ਅੱਗੇ ਆਪਣਾ ਸੀਸ ਭੇਟ ਕਰ ਦੇਣ ਦਾ ਸੰਕਲਪ ਹੈ ।ਆਪਣਾ ਆਪ ਆਪਣੇ ਗੁਰੂ ਨੂੰ ਅਰਪਣ ਕਰ ਦੇਣ ਦਾ ਸੰਕਲਪ ਹੈ । ਖਾਲਸਾ ਜੀ ਅੰਮ੍ਰਿਤ ਦੀ ਅਦੁੱਤੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਹਰ ਸਿੱਖ ਆਪਣੇ ਗੁਰੂ ਨਾਲ ਇਹ ਵਚਨ ਕਰਦਾ ਹੈ ਕਿ ਅੱਜ ਤੋਂ ਬਾਅਦ ਮੇਰਾ ਇਹ ਜੀਵਨ ਉਸ ਅਕਾਲ –ਪੁਰਖ ਵਾਹਿਗੁਰੂ ਨੂੰ , ਸੱਚ ਨੂੰ ਸਮਰਪਿਤ ਰਹੇਗਾ।ਸੱਚ ਦੇ ਮਾਰਗ ਤੇ ਚਲਦੇ ਹੋਏ ਮੈਨੂੰ ਜੋ ਵੀ ਮਿਲੇਗਾ ਉਸ ਨੂੰ ਤੇਰਾ ਭਾਣਾ ਮਿੱਠਾ ਕਰਕੇ ਮੰਨਾਂਗਾ ।ਖਾਲਸਾ ਜੀ , ਜਦੋਂ ਤੱਕ ਪੰਜ ਪਿਆਰਿਆਂ ਨੂੰ ਗੁਰੂ ਜਾਣ ਕੇ ਉਨ੍ਹਾਂ ਅੱਗੇ ਆਪਣਾ ਸੀਸ ਭੇਟ ਕਰਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਜਾਂਦੀ ਰਹੇਗੀ ਉਦੋਂ ਤੱਕ ਖਾਲਸਾ ਧਰਮ ਦਾ , ਸਿੱਖੀ ਸਿਧਾਤਾਂ ਦਾ ਅਤੇ ਆਪਣੇ ਆਲੇ-
ਦੁਆਲੇ ਦਾ ਰਖਵਾਲਾ ਬਣਿਆ ਰਹੇਗਾ ।ਇਸ ਅਦੁੱਤੀ ਅੰਮ੍ਰਿਤ ਦੀ ਦਾਤ ਨੂੰ ਪ੍ਰਾਪਤ ਕਰਨ ਵਾਲੇ ਪੰਜ ਪਿਆਰੇ ਆਪਣੇ ਧਰਮ ਤੋਂ ਜੂਝਦੇ ਹੋਏ ਕੁਰਬਾਨ ਹੋ ਗਏ , ਗੁਰੁ ਸਾਹਿਬ ਨੇ ਆਪਣਾ ਸਾਰਾ ਸਰਬੰਸ ਆਪਣੇ ਧਰਮ ਤੋਂ ਕੁਰਬਾਨ ਕਰ ਦਿੱਤਾ ,ਬਾਬਾ ਦੀਪ ਸਿੰਘ ਹੁਣਾਂ ਨੇ ਸੀਸ ਤਲੀ ਤੇ ਰੱਖ ਕੇ ਜੂਝਦੇ ਹੋਏ ਸ਼ਹਾਦਤਾਂ ਦਿੱਤੀਆਂ ।ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਨੇ ਪਹਿਲੇ ਸਿੱਖ ਰਾਜ ਦੀ ਨੀਂਹ ਰੱਖੀ ਅਤੇ ਫਿਰ ਦੁਸ਼ਮਣਾਂ ਦੇ ਜ਼ੁਲਮ ਦਾ ਸ਼ਿਕਾਰ ਹੋਕੇ ਹਰ ਜ਼ੁਲਮ ਸਹਿ ਲਿਆ ਪਰ ਦੁਸ਼ਮਣਾਂ ਦੀ ਈਨ ਨਹੀਂ ਮੰਨੀ ਸਗੋਂ ਹੱਸ ਹੱਸ ਕੇ ਸ਼ਹਾਦਤਾਂ ਦਿੱਤੀਆਂ ।ਮੌਜੂਦਾ ਸਮੇਂ ਵਿਚ ਅੰਮ੍ਰਿਤ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਵੀ ਸਕਿਆ , ਅੰਮ੍ਰਿਤ ਭਾਈ ਅਮਰੀਕ ਸਿੰਘ ਹੋਣਾਂ ਨੇ ਵੀ ਸਕਿਆ ਸੀ ਇਹ ਸਾਰੇ ਸੂਰਮੇ “ਸ੍ਰੀ ਅਕਾਲ ਤਖ਼ਤ ਸਾਹਿਬ” ਦੀ ਅਤੇ ਧਰਮ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਗਏ ਪਰ ਜ਼ਾਲਮ ਹੁਕਮਰਾਨਾਂ ਦੀ ਈਨ ਨਹੀਂ ਮੰਨੀ ।ਆਪਣੇ ਗੁਰੂ ਅੱਗੇ ਸੀਸ ਭੇਟ ਕਰਕੇ ਅੰਮ੍ਰਿਤ ਦੀ ਅਦੁੱਤੀ ਦਾਤ ਪ੍ਰਾਪਤ ਕਰਨ ਵਾਲੇ ਸਿੰਘਾਂ ਨੇ ਬੰਦ ਬੰਦ ਕਰਵਾ ਲਏ ,ਖੋਪਰੀਆਂ ਲੁਹਾ ਲਈਆਂ , ਮਾਵਾਂ ਨੇ ਆਪਣੇ ਬੱਚਿਆਂ ਦੇ ਟੋਟਿਆਂ ਦੇ ਹਾਰ ਆਪਣੇ ਗਲਾਂ ਵਿਚ ਪਵਾ ਲਏ ਪਰ ਜ਼ਾਲਮ ਹੁਕਮਰਾਨਾਂ ਅੱਗੇ ਸਿਰ ਨਹੀਂ ਝੁਕਾਇਆ ਉਨ੍ਹਾਂ ਤੋਂ ਰਹਿਮ ਨਹੀਂ ਮੰਗਿਆ ।
ਖਾਲਸਾ ਜੀ , ਅੰਮ੍ਰਿਤ ਦੀ ਦਾਤ ਅੱਜ ਦੇ ਇਨ੍ਹਾਂ ਅਖੌਤੀ ਬੁੱਧੀਜੀਵੀਆਂ ਨੇ , ਕੌਮ ਦੀ ਆਜ਼ਾਦੀ ਦੇ ਸ਼ੰਘਰਸ ਦੀ ਪਿੱਠ ਵਿਚ ਛੁਰਾ ਮਾਰਕੇ , ਆਪਣੇ ਸ਼ਹੀਦ ਹੋਏ ਵੀਰਾਂ ਨਾਲ ਧੋਖਾ ਕਰਕੇ ਨੇਤਾ ਬਣੇ ਇਨ੍ਹਾਂ ਨੇ ਮੌਕਾਪ੍ਰਸਤ ਲੋਕਾਂ ਨੇ ਵੀ ਪ੍ਰਾਪਤ ਕੀਤੀ ਹੋਈ ਹੈ ।ਇਨ੍ਹਾਂ ਦੇ ਪੱਗਾਂ ਵੀ ਕੇਸਰੀ ਬੰਨੀਆਂ ਹੋਈਆਂ ਹਨ . ਇਨ੍ਹਾਂ ਦੇ ਬਾਣਾ ਵੀ ਕੇਸਰੀ ਪਾਇਆ ਹੋਇਆ ਹੈ , ਇਨ੍ਹਾਂ ਦੇ ਗਲਾਂ ਵਿਚ ਕੇਸਰੀ ਸਿਰੋਪਾਓ ਵੀ ਪਾਏ ਹੋਏ ਹਨ , ਲੱਕ ਤੇ ਕਮਰਕੱਸੇ ਵੀ ਬੰਨੇ ਹੋਏ ਹਨ , ਇਨ੍ਹਾਂ ਦੇ ਹੱਥਾਂ ਵਿਚ ਕੇਸਰੀ ਝੰਡੇ ਵੀ ਫੜ੍ਹੇ ਹੋਏ ਹਨ । ਖਾਲਸਾ ਜੀ , ਇਹ ਲੋਕ ਸਾਰੇ ਖਾਲਸਾਈ ਚਿੰਨ੍ਹ ਪਹਿਨ ਕੇ ਕਿਸੇ ਜੰਗ ਨੂੰ ਨਹੀਂ ਚੱਲੇ ਸਗੋਂ ਸਿੱਖ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲ ਭਾਰਤੀ ਹੁਕਮਰਾਨਾਂ ਤੋਂ ਰਹਿਮ ਮੰਗ ਕੇ ਸਿੱਖੀ ਸਿਧਾਤਾਂ ਦਾ , ਖਾਲਸਾਈ ਬਾਣੇ ਦਾ , ਕੌਮੀ ਸਵੈਮਾਨ ਦੇ ਪ੍ਰਤੀਕ ਕੇਸਰੀ ਝੰਡੇ ਦਾ ਮਜ਼ਾਕ ਉਡਾਉਣ ਚੱਲੇ ਹਨ ।ਇਨ੍ਹਾਂ ਵਲੋਂ ਕੱਢੇ ਜਾਂਦੇ ਅਖੌਤੀ ਫ਼ਤਹਿ ਮਾਰਚਾਂ ਨੂੰ ਦੇਖ ਕੇ ਇਹ ਲੋਕ ਕਿਸੇ ਕਾਮੇਡੀ ਫਿਲਮ ਦੇ ਕਲਾਕਾਰ ਲੱਗਦੇ ਹਨ ।ਖਾਲਸਾ ਜੀ , ਇੱਕ ਫ਼ਤਹਿ ਮਾਰਚ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਕੱਢਿਆ ਸੀ ।ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੇ ਸਾਹਿਬਜਾਦਿਆਂ ਨੂੰ ਕੋਹ –ਕੋਹ ਕੇ ਸ਼ਹੀਦ ਕਰਨ ਵਾਲੇ ਸੂਬਾ ਸਰਹੰਦ ਵਜ਼ੀਰ ਖਾਂ ਨੂੰ ਖ਼ਤਮ ਕਰਕੇ ਸਰਹੰਦ ਦੀ ਇੱਟ ਨਾਲ ਇੱਟ ਖੜ੍ਹਕਾ ਕੇ ਵਜ਼ੀਰ ਖਾਂ ਦੀ ਲਾਸ਼ ਘੋੜੇ ਨਾਲ ਬੰਨ੍ਹ ਕੇ ਸਰਹੰਦ ਦੀਆਂ ਗਲੀਆਂ ਵਿਚ ਘੁਮਾਈ ਸੀ ।ਤਾਂ ਸਰਹੰਦ ਤੇ ਹੋਈ ਖਾਲਸੇ ਦੀ ਹੋਈ ਫ਼ਤਹਿ ਦਾ ਮਾਰਚ ਕੱਢਿਆ ਗਿਆ ਇਸ ਦਾ ਪੂਰੇ ਖਾਲਸਾ ਪੰਥ ਨੇ ਕੇਸਰੀ ਝੰਡੇ ਲਹਿਰਾਕੇ ਜੈਕਾਰੇ ਲਾ ਕੇ ਸਵਾਗਤ ਕੀਤਾ ਸੀ । ਖਾਲਸਾ ਜੀ , ਇੱਕ ਇਹ ਅਖੌਤੀ ਖਾਲਸਾਈ ਬਾਣੇ ਵਿਚ ਵਿਚਰਦੇ ਲੋਕ ਹਨ ਜਿੰਨ੍ਹਾਂ ਨੇ ਅੰਮ੍ਰਿਤ ਤਾਂ ਜ਼ਰੂਰ ਛਕਿਆ ਹੈ ਪਰ ਇਨ੍ਹਾਂ ਲੋਕਾਂ ਨੇ ਆਪਣੇ ਸੀਸ ਗੁਰੁ ਅੱਗੇ ਭੇਟ ਕਰਨ ਦੀ ਬਜਾਏ ਦਿੱਲੀ ਤਖ਼ਤ ਅੱਗੇ ਭੇਟ ਕੀਤੇ ਹੋਏ ਹਨ ।ਦਿੱਲੀ ਦੇ ਇੰਨ੍ਹਾਂ ਕਰਿੰਦਿਆਂ ਨੇ ਖਾਲਸਾਈ ਬਾਣਾ ਖਾਲਸਾ ਪੰਥ ਨੂੰ ਗੁੰਮਰਾਹ ਕਰਨ ਲਈ ਧਾਰਨ ਕੀਤਾ ਹੋਇਆ ਹੈ ।ਤਾਂ ਹੀ ਇਨ੍ਹਾਂ ਲੋਕਾਂ ਨੂੰ ਦਿੱਲੀ ਦੇ ਕਾਤਲ ਅਤੇ ਸਿੱਖ ਧਰਮ ਤੇ ਹਮਲਾ ਕਰਨ ਵਾਲੇ ਹੁਕਮਰਾਨਾਂ ਤੋਂ ਰਹਿਮ ਮੰਗਣ ਵਿਚ ਹੀ ਆਪਣੀ ਫ਼ਤਹਿ ਮਹਿਸ਼ੂਸ ਹੁੰਦੀ ਹੈ ।ਇਨ੍ਹਾਂ ਲੋਕਾਂ ਨੂੰ ਇਹ ਪੁੱਛਿਆ ਜਾਣਾ
ਚਾਹੀਦਾ ਹੈ ਕਿ ਤੁਸੀਂ ਰਹਿਮ ਮੰਗਦੇ ਕਾਫ਼ਲੇ ਦਾ ਨਾਮ ਫ਼ਤਹਿ ਮਾਰਚ ਤਾਂ ਰੱਖ ਲਿਆ ਪਰ ਇਹ ਤਾਂ ਦੱਸ ਦਿਓ ਕਿ ਇਹ ਫ਼ਤਹਿ ਕਿਸ ਦੀ ਹੈ ,ਕਿਸ ਗੱਲ ਦੀ ਹੈ ? ਕੀ ਸਿੱਖ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲ ਹਿੰਦੋਸਤਾਨੀ ਹੁਕਮਰਾਨਾਂ ਤੋਂ ਰਹਿਮ ਮੰਗਣਾ ਖਾਲਸਾ ਪੰਥ ਦੀ ਫ਼ਤਹਿ ਹੈ ? ਖਾਲਸਾ ਜੀ , ਕਾਤਲਾਂ ਤੋਂ ਅਤੇ ਧਰਮ ਤੇ ਹਮਲਾ ਕਰਨ ਵਾਲੇ ਲੋਕਾਂ ਤੋਂ ਰਹਿਮ ਮੰਗਣ ਵਿਚ ਖਾਲਸਾ ਪੰਥ ਦੀ ਫ਼ਤਹਿ ਨਹੀਂ ਹੋ ਸਕਦੀ ।ਹਾਂ , ਇਹ ਦਿੱਲੀ ਤਖ਼ਤ ਦੀ ਫ਼ਤਹਿ ਕਰਾਉਣ ਦੀ ਨਾਕਾਮ ਕੋਸ਼ਿਸ ਜ਼ਰੂਰ ਹੈ ।ਅਸਲ ਵਿਚ ਇਹ ਲੋਕ ਪਿਛਲੇ ਸਾਲ ਮਾਰਚ ਦੇ ਮਹੀਨੇ ਸਮੁੱਚੇ ਖਾਲਸਾ ਪੰਥ ਵੱਲੋਂ ਕੇਸਰੀ ਝੰਡੇ ਹੱਥ ਵਿਚ ਫੜ੍ਹਕੇ ਮੰਗੀ ਗਈ ਆਜ਼ਾਦੀ ਦੀਆਂ ਪਵਿੱਤਰ ਭਾਵਨਾਵਾਂ ਨੂੰ ਦਿੱਲੀ ਦੇ ਪੈਰਾਂ ਵਿਚ ਰੋਲਣ ਦਾ ਨਾਪਾਕ ਯਤਨ ਕਰ ਰਹੇ ਹਨ ।ਇਹ ਸ਼ੰਘਰਸ ਨੂੰ ਧੋਖਾ ਦੇ ਕੇ ਦਿੱਲੀ ਨਾਲ ਵਫ਼ਾ ਕਰਨ ਵਾਲੇ ਲੋਕ ਦਿੱਲੀ ਅੱਗੇ ਇਹ ਸਾਬਿਤ ਕਰਨਾ ਚਾਹੁੰਦੇ ਹਨ ਕਿ ਅਸੀਂ ਆਜ਼ਾਦੀ ਮੰਗਦੀਆਂ ਭਾਵਨਾਵਾਂ ਤੇ ਇੱਕ ਸਾਲ ਵਿਚ ਹੀ ਫ਼ਤਹਿ ਪਾ ਕੇ ਉਨ੍ਹਾਂ ਨੂੰ ਰਹਿਮ ਮੰਗਣ ਲਈ ਮਜ਼ਬੂਰ ਕਰ ਦਿੱਤਾ ਹੈ ।ਇਹ ਲੋਕ ਪਿਛਲੇ 28 ਸਾਲਾਂ ਤੋਂ ਸਿੱਖ ਸ਼ੰਘਰਸ ਦੀ ਪਿੱਠ ਵਿਚ ਛੁਰਾ ਮਾਰ ਕੇ ਦਿੱਲੀ ਤਖ਼ਤ ਨੂੰ ਜਿਤਾਉਣ ਦੀਆਂ ਨਾਕਾਮ ਕੋਸ਼ਿਸਾਂ ਕਰ ਰਹੇ ਹਨ। ਇਨ੍ਹਾਂ ਦੇ ਰਹਿਮ ਮੰਗਦੇ ਫ਼ਤਹਿ ਮਾਰਚਾਂ ਦਾ ਇਕੋ ਇਕ ਮਨੋਰਥ ਦਿੱਲੀ ਦੇ ਕਾਤਲ ਹੁਕਮਰਾਨਾਂ ਨੂੰ ਖ਼ੁਸ ਕਰਕੇ ਉਨ੍ਹਾਂ ਤੋਂ ਆਪਣੀਆਂ ਨਿੱਜੀ ਲਾਲਸਾਵਾਂ ਦੀ ਪੂਰਤੀ ਕਰਵਾ ਕੇ ਸਿੱਖ ਪੰਥ ਨਾ ਧੋਖਾ ਕਰਨਾ ਹੈ । ਖਾਲਸਾ ਜੀ , ਦਿੱਲੀ ਅੱਗੇ ਸੀਸ ਭੇਟ ਕਰਨ ਵਾਲੇ ਖਾਲਸਾਈ ਬਾਣੇ ਵਿਚ ਸਜੇ ਇਹ ਲੋਕ ਕਿਸੇ ਕਾਮੇਡੀ ਫਿਲਮ ਦੇ ਕਲਾਕਾਰ ਤਾਂ ਬਣ ਸਕਦੇ ਹਨ ਪਰ ਸਿੱਖ ਧਰਮ ਦੇ , ਸਿੱਖੀ ਸਿਧਾਤਾਂ ਦੇ ਰਖਵਾਲੇ ਨਹੀਂ ਬਣ ਸਕਦੇ ।
ਖਾਲਸਾ ਜੀ , ਮੈਨੂੰ ਕਿਸੇ ਦੇ ਵੀ ਕਿਸੇ ਤੋਂ ਰਹਿਮ ਮੰਗਣ ਵਿਚ ਕੋਈ ਇਤਰਾਜ਼ ਨਹੀਂ ਹੈ ।ਇਹ ਰਹਿਮ ਮੰਗਦਾ ਕਾਫ਼ਲਾ ਕਿਲ੍ਹਾ ਹਰਨਾਮ ਸਿੰਘ ਵਾਲਾ ਤੋਂ ਲੈ ਕੇ ਸੋਨੀਆਂ ਗਾਂਧੀ ਦੇ ਮਹਿਲ ਤੱਕ ਲੰਮਾ ਕਿਉਂ ਨਾ ਹੋ ਜਾਵੇ। ਪਰ ਮੈਨੂੰ ਸਿੱਖੀ ਸਰੂਪ ਦੇ , ਖਾਲਸਾਈ ਬਾਣੇ ਦੇ , ਕੌਮੀ ਸਵੈਮਾਣ ਦੇ ਪ੍ਰਤੀਕ ਕੇਸਰੀ ਝੰਡਿਆਂ ਦੇ ਅਤੇ ਸਿੱਖੀ ਸਿਧਾਤਾਂ ਦੇ ਉਡਾਏ ਜਾ ਰਹੇ ਮਜ਼ਾਕ ਤੇ ਸਖ਼ਤ ਇਤਰਾਜ਼ ਹੈ ।ਵੱਡੇ –ਵੱਡੇ ਅਹੁਦਿਆ ਤੇ ਬੈਠੇ ਧਾਰਮਿਕ ਆਗੂਆਂ ਦਾ ਵੀ ਇਸ ਮੁਹਿੰਮ ਵਿਚ ਸਾਮਿਲ ਹੋਣਾ ਸੱਚਮੁੱਚ ਹੀ ਅਫ਼ਸੋਸਨਾਕ ਹੈ । ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਸੋਚ ਨੂੰ ਨਿਪੁੰਸਕ ਬਨਾਉਣ ਦੀ ਅਤੇ ਉਨ੍ਹਾਂ ਦੀ ਮਾਨਸਿਕਤਾ ਨੂੰ ਗੁਲਾਮ ਬਣਾਈ ਰੱਖਣ ਦੀ ਕੋਝੀ ਸ਼ਾਜਿਸ ਹੈ ।ਖਾਲਸਾ ਪੰਥ ਨੂੰ ਅਜਿਹੇ ਗੁੰਮਰਾਹਕੁੰਨ ਲੋਕਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ ।
ਖਾਲਸਾ ਜੀ , ਇੱਕ ਸਮਾਂ ਸੀ ਜਦੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲਾ ਖਾਲਸਾ ਆਪਣੇ ਸੱਚੇ ਸੁੱਚੇ ਜੀਵਨ ਅਤੇ ਉੱਚੇ ਕਿਰਦਾਰ ਕਰਕੇ ਆਪਣੇ ਆਲੇ-ਦੁਆਲੇ ਦੇ ਰਖਵਾਲੇ ਵਜੋਂ ਜਾਣਿਆ ਜਾਂਦਾ ਸੀ । ਖਾਲਸਾ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਅਬਦਾਲੀ ਵਰਗੇ ਧਾੜਵੀਆਂ ਨਾਲ ਟਕਰਾਉਂਦਾ ਰਿਹਾ ।ਉਨ੍ਹਾਂ ਵੱਲੋਂ ਅਗਵਾ ਕੀਤੀਆਂ ਦੂਸਰੇ ਧਰਮਾਂ ਦੀਆਂ ਧੀਆਂ ਭੈਣਾਂ ਨੂੰ ਇਨ੍ਹਾਂ ਜ਼ਾਲਮਾਂ ਤੋਂ ਛੁਡਵਾ ਕੇ ਉਨ੍ਹਾਂ ਨੂੰ ਆਪਣੀਆ ਧੀਆਂ ਭੈਣਾਂ ਜਾਣ ਹਿਫ਼ਾਜਤ ਨਾਲ ਉਨ੍ਹਾਂ ਨੂੰ ਉਨ੍ਹਾਂ ਦੇ ਘਰੋਂ ਘਰੀ ਪਹੁੰਚਾਉਦਾ ਰਿਹਾ ।ਖਾਲਸੇ ਦੀ ਸੱਚੇ ਸੁੱਚੇ ਜੀਵਨ ਅਤੇ ਉੱਚੇ ਕਿਰਦਾਰ ਕਰਕੇ ਹੀ ਜਦੋਂ ਹਨੇਰੇ ਸਵੇਰੇ ਤੁਰਨ ਵਾਲੇ ਰਾਹੀਆ ਨੂੰ ਕੋਈ ਗੁਰੂ ਦਾ ਸਿੱਖ ਮਿਲ ਜਾਂਦਾ ਸੀ ਤਾਂ ਉਹ ਸਾਰੇ ਉਸ ਸਿੱਖ ਦੀ ਹਿਫ਼ਾਜਤ ਵਿਚ ਆਪਣੇ ਆਪ ਨੂੰ ਸੁਰੱਖਿਅਤ ਮਹਿਸ਼ੂਸ ਕਰਦੇ ਸੀ ।
ਖਾਲਸਾ ਜੀ , ਹੌਲੀ –ਹੌਲੀ ਆਪਣਾ ਸਫ਼ਰ ਤਹਿ ਕਰਦੇ ਅਸੀਂ ਕਿੱਥੋ ਕਿੱਥੇ ਪਹੁੰਚ ਗਏ ਹਾ। ਅੱਜ ਦੇ ਇਨ੍ਹਾਂ ਅਖੌਤੀ ਧਾਰਮਿਕ ਅਤੇ ਸ਼ੰਘਰਸੀ ਆਗੂਆਂ ਦੇ ਕਿਰਦਾਰ ਕਾਰਣ ਹੀ ਅੱਜ ਸਾਡੀ ਆਪਣੀ ਖਾਲਸਾਈ ਧਰਤੀ ਤੇ ਸਾਡੀਆਂ ਆਪਣੀਆਂ ਧੀਆਂ ਭੈਣਾਂ ਹੀ ਸੁਰੱਖਿਅਤ ਨਹੀਂ ਹਨ ।ਅੱਜ ਸਾਨੂੰ ਆਪਣੀਆ ਹੀ ਬੇਟੀਆਂ ਦੇ ਸਕੂਲਾਂ ਕਾਲਜਾਂ ਅੱਗੇ ਉਨ੍ਹਾਂ ਦੀ ਹਿਫ਼ਾਜਤ ਲਈ ਪੁਲਿਸ ਸੁਰੱਖਿਆ ਦੀ ਅਤੇ ਸਖ਼ਤ ਕਾਨੂੰਨ ਬਣਾਉਣ ਦੀ ਜ਼ਰੂਰਤ ਮਹਿਸ਼ੂਸ ਹੋ ਰਹੀ ਹੈ ।ਇਹ ਗੱਲ ਖਾਲਸਾ ਪੰਥ ਦੇ ਸੋਚ ਵਿਚਾਰ ਦੀ ਹੈ ਕਿ ਆਖ਼ਿਰ ਅੱਜ ਸਾਡੀਆਂ ਆਪਣੀਆਂ ਹੀ ਧੀਆਂ ਭੈਣਾਂ ਨੂੰ ਸਾਡੀ ਆਪਣੀ ਹੀ ਧਰਤੀ ਤੇ ਖ਼ਤਰਾ ਹੈ ਕਿਸ ਤੋਂ ? ਉਨ੍ਹਾਂ ਨੂੰ ਪਰੇਸ਼ਾਨ ਕਰਨ ਵਾਲੇ ਬੱਚੇ ਕੌਣ ਹਨ ? ਇਹ ਬੱਚੇ ਕਿਸੇ ਦੂਸਰੇ ਦੇਸ ਦੇ ਵਾਸੀ ਜਾਂ ਅਸਮਾਨ ਤੋਂ ਉਤਰੇ ਹੋਏ ਨਹੀਂ ਹਨ, ਇਹ ਸਾਡੇ ਹੀ ਬੱਚੇ ਹਨ ਅਸੀਂ ਹੀ ਇਨ੍ਹਾਂ ਨੂੰ ਉਹ ਸ਼ੰਸਕਾਰ ਨਹੀਂ ਦੇ ਸਕੇ ਜਿਸ ਨਾਲ ਇਹ ਆਪਣੇ ਧਰਮ ਦੇ ਅਤੇ ਆਪਣੇ ਆਲੇ –ਦੁਆਲੇ ਦੇ ਰਖਵਾਲੇ ਬਣਦੇ ।ਅਸੀਂ ਹੀ ਇਨ੍ਹਾਂ ਨੂੰ ਸਾਹਿਬਜਾਦਿਆਂ ਦੀਆਂ ਸ਼ਹਾਦਤਾਂ ਦੀਆਂ ਕਹਾਣੀਆਂ ਨਹੀਂ ਸੁਣਾ ਸਕੇ ।ਸਾਡੇ ਆਪਣੇ ਜੀਵਨ ਹੀ ਝੂਠ ,ਧੋਖੇ ,ਫਰੇਬ ,ਖ਼ੁਦਗਰਜੀ ਅਤੇ ਮੌਕਾਪ੍ਰਸਤੀ ਨਾਲ ਭਰੇ ਪਏ ਹਨ ਅਜਿਹੇ ਵਿਚ ਅਸੀਂ ਆਪਣੇ ਬੱਚਿਆਂ ਤੋਂ ਸੱਚੇ ਸੁੱਚੇ ਜੀਵਨ ਅਤੇ ਉੱਚੇ ਕਿਰਦਾਰ ਦੀ ਆਸ ਕਿਵੇਂ ਰੱਖ ਸਕਦੇ ਹਾਂ ।ਆਪਣੇ ਬੱਚਿਆ ਦੇ ਕਿਰਦਾਰ ਨੂੰ ਉੱਚਾ ਅਤੇ ਸੁੱਚਾ ਬਣਾਉਣ ਲਈ ਪਹਿਲਾਂ ਸਾਨੂੰ ਆਪਣੇ ਖ਼ੁਦ ਦੇ ਕਿਰਦਾਰ ਨੂੰ ਸੱਚਾ ਸੁੱਚਾ ਅਤੇ ਉੱਚਾ ਰੱਖਣਾ ਪਵੇਗਾ ।ਸਿੱਖੀ ਸਿਧਾਤਾਂ ਦੇ ਹਾਣ ਦਾ ਬਣਾਉਣਾ ਪਵੇਗਾ ।
ਖਾਲਸਾ ਜੀ ਆਓ ਆਪਾ ਸਾਰੇ ਵਿਸਾਖੀ ਦੇ ਪਵਿੱਤਰ ਦਿਵਸ ਤੇ ਦਸ਼ਮੇਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਸ ਦਿਨ ਵਰਤਾਏ ਅਲੌਕਿਕ ਵਰਤਾਰੇ ਵਿਚੋਂ ਉਪਜੇ ਵਿਲੱਖਣ ਸੰਕਲਪ ਦੇ ਧਾਰਨੀ ਬਣਕੇ ਪਹਿਲਾਂ ਆਪਣੇ ਸੀਸ ਆਪਣੇ ਗੁਰੂ ਅੱਗੇ ਭੇਟ ਕਰੀਏ ਅਤੇ ਆਪਣੇ ਆਪ ਨੂੰ ਉਸ ਮਹਾਨ ਖਾਲਸਾਈ ਸੋਚ ਅਤੇ ਬਾਣੇ ਦੇ ਹਾਣ ਦਾ ਬਣਾਈਏ ।ਆਪਣੇ ਧਰਮ ਦੇ , ਸਿੱਖੀ ਸਿਧਾਤਾਂ ਦੇ ਅਤੇ ਆਪਣੇ ਸਮਾਜ ਦੇ ਰਖਵਾਲੇ ਬਣੀਏ । ਆਪਣੇ ਜੀਵਨ ਨੂੰ ਸੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਨਾਲ ਜੀਅ ਕੇ ਉੱਚੇ ਕਿਰਦਾਰ ਦੇ , ਕਹਿਣੀ ਅਤੇ ਕਰਣੀ ਦੇ ਧਾਰਨੀ ਬਣਕੇ ਆਪਣੇ ਵਿਲੱਖਣ ਪਹਿਚਾਣ ਦਾ ਅਹਿਸਾਸ ਪੂਰੀ ਦੁਨੀਆਂ ਨੂੰ ਕਰਵਾਈਏ । ਖਾਲਸੇ ਦੇ ਸਾਜਨਾ ਦਿਵਸ ਦੇ ਸੰਕਲਪ ਨੂੰ ਆਪਣੇ ਹਮੇਸ਼ਾਂ ਲਈ ਆਪਣੇ ਦਿਲਾਂ ਵਿਚ ਵਸਾ ਕੇ ਇਸ ਨਾਲ ਆਪਣੇ ਜੀਵਨ ਨੂੰ ਸਵਾਰੀਏ ਅਤੇ ਆਪਣੇ ਗੁਰੂ ਦੀਆਂ ਖੁਸੀਆਂ ਪ੍ਰਾਪਤ ਕਰੀਏ । ਇਸ ਪਵਿੱਤਰ ਦਿਹਾੜੇ ਤੇ ਆਪਣੇ ਗੁਰੂ ਨਾਲ ਇਹ ਵਚਨ ਕਰੀਏ ਕਿ ਅਸੀਂ ਹਮੇਸ਼ਾਂ ਹੀ ਖਾਲਸਾ ਪੰਥ ਦੀ ਅਣਖ਼ ਅਤੇ ਗੈਰਤ ਲਈ , ਆਪਣੇ ਕੌਮੀ ਫ਼ਰਜ ਪੂਰੇ ਕਰਨ ਲਈ ਯਤਨਸ਼ੀਲ ਰਹਾਂਗੇ ।ਸਾਡੇ ਵੱਲੋਂ ਸਮੁੱਚੇ ਖਾਲਸਾ ਪੰਥ ਨੂੰ ਵਿਸਾਖੀ ਦੀਆਂ ਬਹੁਤ- ਬਹੁਤ ਮੁਬਾਰਕਾਂ ।
ਹਮੇਸ਼ਾਂ ਹੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿਚ ਦੇਖਣ ਦਾ ਚਾਹਵਾਨ।
ਤੁਹਾਡਾ ਆਪਣਾ
ਬਲਵੰਤ ਸਿੰਘ ਰਾਜੋਆਣਾ
ਮਿਤੀ ਕੋਠੀ ਨੰ:16
12-4-2013 ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.