ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਕਾਲੀ ਦਲ ਦੇ ਗੋਆ ਸੰਮੇਲਨ ਬਾਰੇ ਸ. ਬਲਵੰਤ ਸਿੰਘ ਰਾਜੋਆਣਾ ਦੀ ਸਟੇਟਮੇੰਟ
ਅਕਾਲੀ ਦਲ ਦੇ ਗੋਆ ਸੰਮੇਲਨ ਬਾਰੇ ਸ. ਬਲਵੰਤ ਸਿੰਘ ਰਾਜੋਆਣਾ ਦੀ ਸਟੇਟਮੇੰਟ
Page Visitors: 2461

ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ –ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਖਾਲਸਾ ਜੀ , ਪਿਛਲੇ ਦਿਨੀਂ ਸ੍ਰੋਮਣੀ ਅਕਾਲੀ ਦਲ ਵੱਲੋਂ ਗੋਆ ਦੀਆਂ ਬੀਚਾਂ ਤੇ ਕੀਤਾ ਗਿਆ ਚਿੰਤਨ ਸੰਮੇਲਨ ਸਮੁੱਚੇ ਪੰਜਾਬ ਵਾਸੀਆਂ ਦੇ ਦਿਲਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ ।ਇਸ ਪੰਜ ਦਰਿਆਵਾਂ ਦੀ ਧਰਤੀ ਮਾਂ ਨਾਲ ਇੱਕ ਧੋਖਾ ਹੈ ।ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੁਰੂਆਂ, ਪੀਰਾਂ ਅਤੇ ਸਿੱਖ ਇਤਿਹਾਸ ਦੇ ਮਹਾਨ ਸ਼ਹੀਦਾਂ ਦੇ ਜਨਮਾਂ ਅਤੇ ਸ਼ਹਾਦਤਾਂ ਨੂੰ ਆਪਣੇ ਸੀਨੇ ਵਿਚ ਸਮੋਈ ਬੈਠੀ ਇਹ ਪੰਜ ਦਰਿਆਵਾਂ ਦੀ ਧਰਤੀ ਮਾਂ ਕੀ ਹੁਣ ਅਕਾਲੀ ਦਲ ਦੇ ਚਿੰਤਨ ਸੰਮੇਲਨ ਦੇ ਯੋਗ ਵੀ ਨਹੀਂ ਰਹੀ । ਖਾਲਸਾ ਜੀ , ਕਿਸੇ ਵੀ ਰਾਜ ਦੀ ਜਨਤਾ ਕਿਸੇ ਵੀ ਪਾਰਟੀ ਤੇ ਵਿਸ਼ਵਾਸ ਕਰਕੇ ਉਸਨੂੰ ਇਸ ਲਈ ਆਪਣੀਆਂ ਕੀਮਤੀ ਵੋਟਾਂ ਪਾਉਂਦੀ ਹੈ ਤਾਂ ਕਿ ਇਹ ਨੇਤਾ ਲੋਕ ਚੋਣਾਂ ਤੋਂ ਬਾਅਦ ਉਨ੍ਹਾਂ ਦੇ ਦੁੱਖ ਦਰਦ ਨੂੰ ਸਮਝ ਕੇ , ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਦੇ ਦੁੱਖ ਦਰਦ ਦਾ ਅਤੇ ਸਮੱਸਿਆਵਾਂ ਦਾ ਕੋਈ ਸਦੀਵੀਂ ਹੱਲ ਕਰਨਗੇ ।ਕਿੰਨਾ ਚੰਗਾ ਹੁੰਦਾ ਜੇਕਰ ਸੱਤਾਧਾਰੀ ਅਕਾਲੀ ਦਲ ਵੱਲੋਂ ਰਾਜ ਦੀ ਜਨਤਾ ਦਾ ਵਿਸ਼ਵਾਸ ਜਿੱਤਣ ਲਈ ਇਹ ਚਿੰਤਨ ਸੰਮੇਲਨ ਸਤਲੁਜ ਜਾਂ ਬਿਆਸ ਦੇ ਕਿਸੇ ਕੰਡੇ ਤੇ ਲਗਾਇਆ ਜਾਂਦਾ ਉਥੇ ਬੈਠ ਕੇ ਰਾਜਨੀਤਕ ਚਿੰਤਨ ਦੇ ਨਾਲ ਇੰਨ੍ਹਾਂ ਦਰਿਆਵਾਂ ਦੇ ਗੰਧਲੇ ਅਤੇ ਮਨੁੱਖੀ ਸਿਹਤ ਲਈ ਮਾਰੂ ਹੋ ਚੁੱਕੇ ਪਾਣੀਆਂ ਨੂੰ ਸਾਫ਼ ਕਰਨ ਦਾ ਕੋਈ ਹੱਲ ਵੀ ਲੱਭ ਲਿਆ ਜਾਂਦਾ ।ਕਿੰਨਾ ਚੰਗਾ ਹੁੰਦਾ ਜੇਕਰ ਇਹ ਸੰਮੇਲਨ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਲਗਾਇਆ ਜਾਂਦਾ ਰਾਜਨੀਤਕ ਚਿੰਤਨ ਦੇ ਨਾਲ ਨਾਲ ਆਨੰਦਪੁਰ ਦੇ ਮਤੇ ਤੋਂ ਆਪਣੇ ਹੱਕਾਂ ਲਈ ਸ਼ੁਰੂ ਹੋਏ ਸ਼ੰਘਰਸ ਦੌਰਾਨ ਗਈਆਂ ਲੱਖਾਂ ਸਿੱਖ ਨੌਜਵਾਨਾਂ ਦੀਆਂ ਜਾਨਾਂ ਤੇ ਸੋਚ ਵਿਚਾਰ ਕਰ ਲਈ ਜਾਂਦੀ , ਉਨ੍ਹਾਂ ਨੂੰ ਯਾਦ ਕਰ ਲਿਆ ਜਾਂਦਾ । ਦਿੱਲੀ ਤੋਂ ਆਪਣੇ ਹੱਕ ਲੈਣ ਲਈ ਕਿਸੇ ਸ਼ੰਘਰਸ ਦੀ ਰੂਪ ਰੇਖਾ ਤਿਆਰ ਕਰ ਲਈ ਜਾਂਦੀ ।ਕਿੰਨਾ ਚੰਗਾ ਹੁੰਦਾ ਜੇਕਰ ਇਹ ਚਿੰਤਨ ਸੰਮੇਲਨ ਕਰੋੜਾਂ ਰੁ: ਖਰਚ ਕੇ ਉਸਾਰੀਆਂ ਮਹਾਨ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਕਰ ਲਿਆ ਜਾਂਦਾ ।ਰਾਜਨੀਤਕ ਏਜੰਡੇ ਦੇ ਨਾਲ ਨਾਲ ਉਨ੍ਹਾਂ ਮਹਾਨ ਸ਼ਹੀਦਾਂ ਤੋਂ ਆਪਣੀ ਧਰਤੀ ਮਾਂ ਲਈ ਕੁਝ ਵੀ ਕਰ ਗੁਜ਼ਰਨ ਦੀ ਪ੍ਰੇਰਨਾ ਲੈ ਲਈ ਜਾਂਦੀ । ਕਿੰਨਾ ਚੰਗਾ ਹੁੰਦਾ ਜੇਕਰ ਇਹ ਚਿੰਤਨ ਸੰਮੇਲਨ ਪੰਜਾਬ ਦੇ ਕਿਸੇ ਸੈਰ ਸਪਾਟੇ ਵਾਲੀ ਜਗ੍ਹਾਂ ਤੇ ਕਰ ਲਿਆ ਜਾਂਦਾ ਅਤੇ ਰਾਜਨੀਤਕ ਏਜੰਡੇ ਦੇ ਨਾਲ ਨਾਲ ਪੰਜਾਬ ਦੇ ਸੈਰ ਸਪਾਟਾ ਵਿਭਾਗ ਨੂੰ ਉਤਸਾਹਤ ਕਰਨ ਦਾ ਯਤਨ ਕਰਕੇ ਇਸ ਧਰਤੀ ਮਾਂ ਨਾਲ ਵਫ਼ਾਂ ਕਰ ਲਈ ਜਾਂਦੀ । ਬਿਨਾਂ ਸ਼ੱਕ ਅਕਾਲੀ ਦਲ ਵੱਲੋਂ ਚਿੰਤਨ ਸੰਮੇਲਨ ਦੇ ਨਾਮ ਹੇਠ ਗੋਆ ਦੇ ਹਸੀਨ ਸਮੁੰਦਰੀ ਕਿਨਾਰਿਆਂ ਤੇ ਕੀਤੀਆਂ ਗਈਆਂ ਮੌਜ
ਮਸਤੀਆਂ ਮੇਰੀ ਤਰ੍ਹਾਂ ਸਮੁੱਚੇ ਪੰਜਾਬ ਵਾਸੀਆਂ ਦੇ ਦਿਲਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਹਨ ।ਮਹਿੰਗਾਈ ਅਤੇ ਤਰ੍ਹਾਂ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦੀ ਮਾਰ ਝੱਲ ਰਹੀ ਆਮ ਜਨਤਾ , ਕਈ ਕਈ ਮਹੀਨਿਆਂ ਤੋਂ ਆਪਣੀਆਂ ਤਨਖਾਹਾਂ ਦੀ ਉਡੀਕ ਕਰਦੇ ਸਰਕਾਰੀ ਮੁਲਾਜ਼ਮਾਂ , ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਲਈ ਦਿਨ ਰਾਤ ਖੇਤਾਂ ਵਿਚ ਕੰਮ ਕਰਦੇ ਮਜ਼ਦੂਰ ਅਤੇ ਕਿਸ਼ਾਨਾਂ , ਲੰਮੇ ਲੰਮੇ ਬਿਜਲੀ ਦੇ ਕੱਟ ਸਹਾਰਦੀ ਆਮ ਜਨਤਾ ਦੇ ਵਿਚ ਅੱਜ ਕੱਲ ਇਸ ਗੱਲ ਦੇ ਚਰਚੇ ਆਮ ਹਨ ਕਿ ਗੋਆ ਦੇ ਸਮੁੰਦਰੀ ਕਿਨਾਰਿਆਂ ਤੇ ਮੌਜ ਮਸਤੀਆਂ ਕਰਦੇ ਉਨ੍ਹਾਂ ਦੇ ਹੀ ਚੁਣੇ ਹੋਏ ਨੁਮਾਇੰਦੇ ਕੀ ਕਦੇ ਉਨ੍ਹਾਂ ਦੇ ਦੁੱਖ ਦਰਦ ਨੂੰ ਮਹਿਸ਼ੂਸ ਵੀ ਕਰਦੇ ਹੋਣਗੇ ? ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਨੇ ਤਾਂ ਬਹੁਤ ਬਾਅਦ ਦੀ ਗੱਲ ਹੈ । ਖਾਲਸਾ ਜੀ , ਗੋਆ ਸੰਮੇਲਨ ਦੀ ਆਲੋਚਨਾ ਕਰ ਰਹੀ ਕਾਂਗਰਸ ਪਾਰਟੀ ਦਾ ਦਾਮਨ ਵੀ ਸਾਫ਼ ਅਤੇ ਪਵਿੱਤਰ ਨਹੀਂ ਹੈ । ਇਸੇ ਕਾਂਗਰਸ ਦੇ ਰਾਜ ਵਿਚ ਪੰਜਾਬ ਦੀ ਪਵਿੱਤਰ ਧਰਤੀ ਤੇ ਹਜ਼ਾਰਾਂ ਨਿਰਦੋਸ਼ ਸਿੱਖ ਨੌਜਵਾਨਾਂ ਦੇ ਖੂਨ ਦੀ ਹੌਲੀ ਖੇਡੀ ਗਈ ।ਇਸ ਪਾਰਟੀ ਦੇ ਨੇਤਾ ਵੀ ਅਰੂਸਾ ਆਲਮ ਹੁਣਾਂ ਨਾਲ ਹਿਮਾਚਲ ਦੀਆਂ ਪਹਾੜੀਆਂ ਵਿਚ ਅਤੇ ਦੁਬਈ , ਰਾਜਸਥਾਨ ਦੇ ਮਹਿੰਗੇ ਹੋਟਲਾਂ ਵਿਚ ਮੌਜ ਮਸਤੀਆਂ ਕਰਦੇ ਰਹੇ ਹਨ । ਦੇਸ਼ ਦੀ ਇਸ ਕਾਂਗਰਸ ਪਾਰਟੀ ਨੇ ਦੇਸ਼ ਦੀ ਰੱਖਿਆਂ ਦੇ ਸੌਦਿਆਂ ਵਿਚ ਹਜ਼ਾਰਾਂ ਕਰੋੜਾਂ ਦੇ ਘਪਲੇ ਕਰਕੇ , ਅਤੇ ਹੋਰ ਬਹੁਤ ਸਾਰੇ ਘਪਲੇ ਕਰਕੇ ਦੇਸ਼ ਨਾਲ ਦੇਸ਼ ਦੀ ਜਨਤਾ ਨਾਲ ਗੱਦਾਰੀ ਕੀਤੀ ਹੈ । ਪੰਜਾਬ ਵਿਚ ਇਸ ਪਾਰਟੀ ਦੇ ਨੇਤਾਵਾਂ ਨੇ ਹਮੇਸ਼ਾਂ ਹੀ ਪੰਜਾਬ ਦੇ ਹਿੱਤਾਂ ਨਾਲ ਧੋਖਾ ਕਰਕੇ ਦਿੱਲੀ ਨਾਲ ਵਫ਼ਾ ਕੀਤੀ ਹੈ ।
ਖਾਲਸਾ ਜੀ , ਅਜਿਹੇ ਮੌਕਾਪ੍ਰਸਤੀ , ਐਸ਼ਪ੍ਰਸਤੀ , ਧੋਖੇ ਫਰੇਬਾਂ ਨਾਲ ਗੰਧਲੇ ਹੋਏ ਰਾਜਨੀਤਕ ਮਾਹੌਲ ਵਿਚ ਆਪਣੀ ਧਰਤੀ ਮਾਂ ਨੂੰ ਸਮਰਪਿਤ ਕਿਸੇ ਤੀਸਰੀ ਧਿਰ ਦਾ ਰਾਜਨੀਤੀ ਦੇ ਮੈਦਾਨ ਵਿਚ ਨਾ ਹੋਣਾ ਇਸ ਪਵਿੱਤਰ ਧਰਤੀ ਮਾਂ ਦੀ ਤਰਾਸਦੀ ਹੀ ਕਹੀ ਜਾਵੇਗੀ ।ਅੱਜ ਪੰਜਾਬ ਦੇ ਮਿਹਨਤਕਸ਼ ਲੋਕਾਂ ਤੇ ਪੈਸੇ ਦੇ ਜ਼ੋਰ ਤੇ ਕਾਬਜ਼ ਹੋਏ ਇਨ੍ਹਾਂ ਮੌਕਾਪ੍ਰਸਤ , ਐਸ਼ਪ੍ਰਸਤ ਸਰਮਾਏਦਾਰ ਨੇਤਾਵਾਂ ਦੇ ਬੋਝ ਤੋਂ ਆਮ ਜਨਤਾ ਨੂੰ ਮੁਕਤ ਕਰਵਾਉਣ ਲਈ ਕਿਸੇ ਮਜ਼ਬੂਤ ਲੋਕ ਲਹਿਰ ਦੀ ਜ਼ਰੂਰਤ ਹੈ । ਮਿਹਨਤਕਸ਼ ਲੋਕਾਂ ਦੇ ਦੁੱਖ ਦਰਦ ਦੂਰ ਕਰਨ ਲਈ ਰਾਜਸੱਤਾ ਵੀ ਮਿਹਨਤਕਸ਼ ਲੋਕਾਂ ਦੇ ਹੱਥ ਵਿਚ ਹੀ ਹੋਣੀ ਚਾਹੀਦੀ ਹੈ ।
ਹਮੇਸ਼ਾਂ ਹੀ ਖਾਲਸਾ ਪੰਥ ਨੂੰ ਅਤੇ ਇਸ ਧਰਤੀ ਮਾਂ ਨੂੰ ਚੜ੍ਹਦੀ ਕਲਾ ਵਿਚ ਦੇਖਣ ਦਾ ਚਾਹਵਾਨ
ਤੁਹਾਡਾ ਆਪਣਾ ਬਲਵੰਤ ਸਿੰਘ ਰਾਜੋਆਣਾ
ਮਿਤੀ ਕੋਠੀ ਨੰ: 16
12-4-2013 ਕੇਂਦਰੀ ਜੇਲ਼੍ਹ ਪਟਿਆਲਾ
ਪੰਜਾਬ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.