ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਲਾਵਾਂ-ਫੇਰੇ ਤੇ ਹੋਰ ਪ੍ਰਚਲਿਤ ਅਕਰਮਕਾਂਡਾਂ ਨੂੰ ਤਿਲਾਂਜਲੀ ਦੇ ਕੇ ਹੋਇਆ ਅਨੂਠਾ ਅਨੰਦ ਕਾਰਜ-
ਲਾਵਾਂ-ਫੇਰੇ ਤੇ ਹੋਰ ਪ੍ਰਚਲਿਤ ਅਕਰਮਕਾਂਡਾਂ ਨੂੰ ਤਿਲਾਂਜਲੀ ਦੇ ਕੇ ਹੋਇਆ ਅਨੂਠਾ ਅਨੰਦ ਕਾਰਜ-
Page Visitors: 2597

     ਲਾਵਾਂ-ਫੇਰੇ ਤੇ ਹੋਰ ਪ੍ਰਚਲਿਤ ਅਕਰਮਕਾਂਡਾਂ ਨੂੰ ਤਿਲਾਂਜਲੀ ਦੇ ਕੇ ਹੋਇਆ ਅਨੂਠਾ ਅਨੰਦ ਕਾਰਜ-
ਗੁਰਮਤਿ ਪੁਨਰਜਾਗਰਨ ਲਹਿਰ ਦੇ ਖੇਤਰ ਵਿਚ ਇਕ ਇਤਿਹਾਸਕ ਸਾਂਝਾ ਸੁਧਾਰ ਉਪਰਾਲਾ ਸਿਰੇ ਚੜਿਆ-
ਇਕ ਨਿਵੇਕਲੀ ਸੁਧਾਰਕ ਪਹਿਲ ਕਰਦਿਆਂ ਮਨਾਇਆ ਗਿਆ ਪਹਿਲਾ ‘ਗੁਰਮਤਿ ਇਨਕਲਾਬ ਪੁਰਬ’-
ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰੰਤ ਤਿਆਰ ਹੋਇਆ ਦਸਤਾਵੇਜ਼ ‘ਗੁਰਮਤਿ ਜੀਵਨ ਸੇਧਾਂ (ਮੁੱਖ ਨੁਕਤੇ)’ ਮਨੁੱਖਤਾ ਨੂੰ ਭੇਂਟ ਕੀਤਾ ਗਿਆ-
ਫਿਲਮ ‘ਸਾਡਾ ਹੱਕ’ ਤੇ ਲਾਈ ਗੈਰ-ਇਖ਼ਲਾਕੀ ਰੋਕ ਦੇ ਪ੍ਰਤੀਕਰਮ ਵਜੋਂ ਮਤਾ ਪਾਸ-
ਪਿੱਛਲੇ ਲੰਮੇ ਸਮੇਂ ਤੋਂ ਗੁਰਮਤਿ ਪੁਨਰਜਾਗਰਨ ਲਹਿਰ ਦੇ ਖੇਤਰ ਵਿਚ ਆਈ ਨਿਰਾਸ਼ਾਜਨਕ ਖੜੌਤ ਨੂੰ ਇਕ ਮਜ਼ਬੂਤ ਹਾਂ-ਪੱਖੀ ਹੁਲਾਰਾ ਉਸ ਵੇਲੇ ਮਿਲਿਆ ਜਦੋਂ 14 ਅਪ੍ਰੈਲ 2013 ਨੂੰ ਖਰੜ (ਮੋਹਾਲੀ-ਪੰਜਾਬ) ਵਿਖੇ ‘ਤੱਤ ਗੁਰਮਤਿ ਪਰਿਵਾਰ’ ਵਲੋਂ ਸੰਯੋਜਤ, ਬਾਬਾ ਨਾਨਕ ਜੀ ਸਮੇਤ ਦਸ ਨਾਨਕ ਸਰੂਪਾਂ ਨੂੰ ਸਮਰਪਤ ਪਹਿਲਾ ‘ਗੁਰਮਤਿ ਇਨਕਲਾਬ ਪੁਰਬ’ ਪੰਥ ਦੇ ਸੁਚੇਤ ਤਬਕੇ ਵਲੋਂ ਗੁਰਮਤਿ ਵਿਚਾਰਧਾਰਾ ਦੇ ਅਨੁਕੂਲ ਇਨਕਲਾਬੀ ਢੰਗ ਨਾਲ ਮਨਾਇਆ ਗਿਆ। ਜ਼ਿਕਰਯੋਗ ਹੈ ਕਿ ਪਿੱਛਲੇ 2-3 ਸਾਲਾਂ ਦੇ ਸਮੇਂ ਵਿਚ ਪੰਥ ਪ੍ਰਵਾਣਿਤ ਕਹੀ ਜਾਂਦੀ ਸਿੱਖ ਰਹਿਤ ਮਰਿਯਾਦਾ ਵਿਚਲੀਆਂ ਗੁਰਮਤਿ ਨੂੰ ਖੋਰਾ ਲਾਉਂਦੀਆਂ ਕਮੀਆਂ ਦੇ ਸੁਧਾਰ ਲਈ ਪੜਾਅਵਾਰ ਉਪਰਾਲਾ ਪੰਥ ਦੇ ਸੁਚੇਤ ਤਬਕੇ ਨਾਲ ਸੰਬੰਧਿਤ ਧਿਰਾਂ ਵਲੋਂ ਕੀਤਾ ਗਿਆ। ‘ਤੱਤ ਗੁਰਮਤਿ ਪਰਿਵਾਰ’ ਦੇ ਸੰਯੋਜਨ ਹੇਠ ਹੋਏ ਇਸ ਸਾਂਝੇ ਸੁਧਾਰ ਉੁਪਰਾਲੇ ਦੇ ਨਤੀਜੇ ਵਜੋਂ ਗੁਰਬਾਣੀ ਦੀ ਰੋਸ਼ਨੀ ਵਿਚ “ਗੁਰਮਤਿ ਜੀਵਨ ਸੇਧਾਂ (ਮੁੱਖ ਨੁਕਤੇ)” ਨਾਮਕ ਦਸਤਾਵੇਜ਼ ਤਿਆਰ ਕੀਤਾ ਗਿਆ ਸੀ, ਜਿਸ ਨੂੰ ਪੁਸਤਕ ਰੂਪ ਵਿਚ ਪ੍ਰਕਾਸ਼ਤ ਕਰਵਾ ਕੇ ਅੱਜ ਸਮੁੱਚੀ ਮਨੁੱਖਤਾ ਨੂੰ ਸਚਿਆਰ ਜੀਵਨ ਅਪਨਾਉਣ ਲਈ ਸੇਧਾਂ ਦੇ ਰੂਪ ਵਜੋਂ ਭੇਂਟ ਕੀਤਾ ਗਿਆ। ਇਸ ਸਮਾਗਮ ਦੌਰਾਨ ਪ੍ਰੋ. ਇੰਦਰ ਸਿੰਘ ਘੱਗਾ, ਗੁਰਦੇਵ ਸਿੰਘ ਬਟਾਲਵੀ, ਡਾ. ਇਕਬਾਲ ਸਿੰਘ ਚੰਡੀਗੜ, ਉਪਕਾਰ ਸਿੰਘ ਫਰੀਦਾਬਾਦ, ਰਵਿੰਦਰ ਸਿੰਘ ਪਿੰਜੌਰ, ਕਰਨੈਲ ਸਿੰਘ ਸਿਰਸਾ, ਦਵਿੰਦਰ ਸਿੰਘ ਆਰਟੀਸਟ, ਗੁਰਿੰਦਰ ਸਿੰਘ ਮੋਹਾਲੀ ਆਦਿ ਨੇ ਇਸ ਇਤਿਹਾਸਕ ਅਤੇ ਇਨਕਲਾਬੀ ਦਸਤਾਵੇਜ਼ ਨੂੰ ਵੱਡੇ ਉਤਸ਼ਾਹ ਅਤੇ ਫ਼ਖਰ ਨਾਲ ਜ਼ਾਰੀ ਕੀਤਾ।
ਗੁਰਮਤਿ ਦੀ ਅਗਵਾਈ ਵਿਚ ਤਿਆਰ ਦਸਤਾਵੇਜ਼ ਵਿਚ ਨਿਰਧਾਰਤ ਤਿੰਨ ਸਾਲਾਨਾ ਮੁੱਖ ਪੁਰਬਾਂ ਦੀ ਮੱਦ ਅਨੁਸਾਰ ਗੁਰਮਤਿ ਦੇ ਸ਼ੁੱਧ ਰੂਪ ਨੂੰ ਅਪਨਾਉਣ ਅਤੇ ਪ੍ਰਚਾਰਨ ਦੀ ਸ਼ੁਰੂਆਤ ਪਹਿਲਾ ‘ਗੁਰਮਤਿ ਇਨਕਲਾਬ ਪੁਰਬ’ ਦੇ ਰੂਪ ਵਿਚ ਕੀਤੀ ਗਈ। ਇਸ ਸਮਾਗਮ ਵਿਚ ਪੰਥ ਦੇ ਸੁਚੇਤ ਵਿਦਵਾਨਾਂ ਅਤੇ ਪੰਥ-ਦਰਦੀਆਂ ਨੇ ਬਾਬਾ ਨਾਨਕ ਜੀ ਦੀ ਸਮੁੱਚੀ ਮਨੁੱਖਤਾ ਨੂੰ ਵਿਸ਼ਵ ਭਾਈਚਾਰੇ ਦੇ ਰੂਪ ਵਿਚ ਇਕਜੁਟਤਾ ਲਈ ਪੇਸ਼ ਕੀਤੇ ਸਭ ਤੋਂ ਕਾਰਗਰ ਫਲਸਫੇ ਦੀ ਰੋਸ਼ਨੀ ਵਿਚ ਗੰਭੀਰ ਵਿਚਾਰਾਂ ਕੀਤੀਆਂ। ਗੁਰਬਾਣੀ ਕੀਰਤਨ ਉਪਰੰਤ ਮੋਹਨ ਸਿੰਘ ਜੀ ਡੇਰਾਬੱਸੀ ਨੇ ਸ਼ਬਦ ਵਿਚਾਰ ਕਰਦਿਆਂ ਸਿੱਖ ਸਮਾਜ ਵਿਚ ਗੁਰਬਾਣੀ ਸ਼ਬਦਾਂ ਦੇ ਭਾਵ ਅਰਥਾਂ ਨੂੰ ਅਣਗੌਲਿਆਂ ਕਰਕੇ ਅੱਖਰੀ ਅਰਥਾਂ ਦੀ ਗਲਤ ਸਮਝ ਅਨੁਸਾਰ ਦੁਨੀਆਵੀ ਰਸਮਾਂ ਨਾਲ ਜੋੜਨ ਦੀ ਗਲਤ ਪ੍ਰਵਿਰਤੀ ਬਾਰੇ ਬਾਖੂਬੀ ਚਾਨਣਾ ਪਾਇਆ। ਡਾ. ਇਕਬਾਲ ਸਿੰਘ ਚੰਡੀਗੜ (ਕਰਤਾ ਬਹੁ-ਚਰਚਿਤ ਪੁਸਤਕ ‘ਅਕਾਲ ਤਖਤ : ਸੰਕਲਪ ਅਤੇ ਵਿਵਸਥਾ’) ਨੇ ‘ਮਾਨਵਤਾਵਾਦ ਦਾ ਪੈਗੰਬਰ ਨਾਨਕ’ ਵਿਸ਼ੇ ’ਤੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ 18ਵੀਂ ਸਦੀ ਵਿਚ ਯੂਰਪ ਦੀ ਦੇਣ ਮੰਨੇ ਜਾਂਦੇ ਮਾਨਵਤਾਵਾਦ ਦੇ ਸੰਕਲਪ ਦੀ ਸ਼ੁਰੂਆਤ ਅਤੇ ਵਿਚਾਰ ਬਹੁਤ ਪਹਿਲਾਂ 15ਵੀਂ ਸਦੀ ਵਿਚ ਬਾਬਾ ਨਾਨਕ ਨੇ ਵੱਡੇ ਮਜ਼ਬੂਤ ਢੰਗ ਨਾਲ ਗੁਰਬਾਣੀ ਰਾਹੀਂ ਸੰਸਾਰ ਸਾਹਮਣੇ ਰੱਖ ਦਿਤੀ ਸੀ।
ਇਹ ਸਾਡੀ ਤ੍ਰਾਸਦੀ ਹੈ ਕਿ ਅਸੀਂ ਸਮੁੱਚੀ ਮਨੁੱਖਤਾ ਨੂੰ ਏਕੇ ਵਿਚ ਪਰੋ ਸਕਣ ਦੇ ਸਮਰੱਥ ਇਸ ਸੋਚ ਨੂੰ ਸਹੀ ਢੰਗ ਨਾਲ ਸੰਸਾਰ ਤੱਕ ਪਹੁੰਚਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੇ ਹਾਂ। ਗੁਰਦੇਵ ਸਿੰਘ ਬਟਾਲਵੀ ਨੇ ‘ਬਾਬਾ ਨਾਨਕ ਦੇ ਜੀਵਨ ਦਾ ਇਨਕਲਾਬੀ ਪੱਖ’ ਨੂੰ ਮਜ਼ਬੂਤੀ ਨਾਲ ਪੇਸ਼ ਕਰਦਿਆਂ ਇਸ ਨੂੰ ਲੁਕਾਉਣ ਲਈ ਪੁਜਾਰੀ ਸ਼੍ਰੇਣੀ ਨੂੰ ਦੋਸ਼ੀ ਦੱਸਿਆ।
ਅੱਜ ਦੇ ਇਸ ਕ੍ਰਾਂਤੀਕਾਰੀ ਗੁਰਮਤ ਸਮਾਗਮ ਦਾ ਇਕ ਹੋਰ ਮਜ਼ਬੂਤ ਪੱਖ ਗੁਰਮਤਿ ਨੂੰ ਵਿਵਹਾਰਿਕ ਰੂਪ ਵਿਚ ਅਮਲੀ ਜਾਮਾ ਪਹਿਨਾਉਂਦਿਆਂ ਪ੍ਰਵਾਨ ਚੜਿਆ ਅਨੂਠਾ ਅਨੰਦ ਕਾਰਜ ਸੀ। ਸਮਾਜ ਵਿਚ ਪ੍ਰਚਲਿਤ ਕਰਮਕਾਂਡੀ ਅਤੇ ਵਿਖਾਵੇਬਾਜ਼ੀ ਵਾਲੀ ਸਮਾਜਿਕ ਭੇਡਚਾਲ ਨੂੰ ਤਿਲਾਂਜਲੀ ਦੇਂਦਿਆਂ ਨਾਨਕ ਫਲਸਫੇ ਅਨਕੂਲ ਅਨੰਦ ਕਾਰਜ ਸ੍ਰ ਗੁਰਪ੍ਰੀਤ ਸਿੰਘ ਅਬੋਹਰ (ਸਪੁਤਰ ਬੀਬੀ ਹਰਜਿੰਦਰ ਕੌਰ ਅਤੇ ਸ੍ਰ. ਪਰਮਜੀਤ ਸਿੰਘ) ਦਾ ਬੀਬੀ ਗੁਰਵਿੰਦਰ ਕੌਰ (ਸਪੁੱਤਰੀ ਸ੍ਰ. ਦਵਿੰਦਰ ਸਿਘ ਆਰਟੀਸਟ ਅਤੇ ਬੀਬੀ ਜਸਮੀਤ ਕੌਰ ਖਰੜ) ਨਾਲ ਹੋਇਆ।
ਇਸ ਅਨੰਦ ਕਾਰਜ ਦਾ ਇਨਕਲਾਬੀ ਪੱਖ ਸਿੱਖ ਸਮਾਜ ਵਿਚ ਪ੍ਰਚਲਿਤ ਲਾਵਾਂ ਦੇ ਪਾਠ ਨਾਲ ਸ਼ਬਦ ਗੁਰੂ ਗ੍ਰੰਥ ਦੇ ਸਰੂਪ ਦੇ ਫੇਰਿਆਂ ਸਮੇਤ ਬ੍ਰਾਹਮਣੀ ਤਰਜ਼ ਦੇ ਹਰ ਕਰਮਕਾਂਡ ਨੂੰ ਪੂਰਨ ਤੌਰ ਤੇ ਨਕਾਰਨਾ ਸੀ। ਮਹਿਜ਼ 15-20 ਮਿਨਟ ਵਿਚ ਸੰਪੰਨ ਹੋਈ ਇਸ ਪ੍ਰਕਿਰਿਆ ਦੀ ਕੜੀ ਵਿਚ ਪ੍ਰੋ. ਇੰਦਰ ਸਿੰਘ ਘੱਗਾ ਨੇ ‘ਗ੍ਰਹਿਸਤ ਜੀਵਨ ਪ੍ਰਤੀ ਗੁਰਮਤਿ ਦੀਆਂ ਉਸਾਰੂ ਸੇਧਾਂ’ ਵਿਸ਼ੇ ਤੇ ਬੋਲਦਿਆਂ ਸਰਬਪੱਖੀ ਮਨੁੱਖੀ ਬਰਾਬਰੀ ਦੇ ਜ਼ਾਮਨ ਗੁਰਮਤਿ ਫਲਸਫੇ ਦੀ ਪੈਰੋਕਾਰ ਕਹਾਉਂਦੀ ਕੌਮ ਵਿਚ ਇਸਤਰੀਆਂ ਪ੍ਰਤੀ ਪੁਜਾਰੀਵਾਦੀ ਨਾ- ਬਰਾਬਰੀ ਦੇ ਵਰਤਾਅ ਦੀ ਪ੍ਰਵਿਰਤੀ ਵਰਗੇ ਕਾਲੇ ਬਾਬ ਤੇ ਅਫਸੋਸ ਪ੍ਰਕਟ ਕੀਤਾ ਅਤੇ ਇਸਤਰੀ ਨੂੰ ਹੀਨ ਭਾਵਨਾ ਦਾ ਤਿਆਗ ਕਰਦਿਆਂ ਮਾਨਸਕ ਤੌਰ ਤੇ ਮਜ਼ਬੂਤ ਹੋਣ ਦਾ ਹੋਕਾ ਦੇਂਦੇ ਹੋਏ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦਾ ਰਾਹ ਠੋਸ ਮਿਸਾਲਾਂ ਰਾਹੀਂ ਭਾਵਪੂਰਤ ਢੰਗ ਨਾਲ ਦੱਸਿਆ।
ਇਸੇ ਕੜੀ ਵਿਚ ਬੀਬੀ ਹਰਬੰਸ ਕੌਰ ਫਰੀਦਾਬਾਦ/ਲੁਧਿਆਣਾ ਨੇ ਸਮਾਜ ਵਿਚ ਪ੍ਰਚਲਿਤ ‘ਅਨੰਦ ਕਾਰਜ ਦੀ ਰਸਮ ਵਿਚੋਂ ਨਦਾਰਦ ਅਸਲ ਅਨੰਦ’ ਦੇ ਵਿਸ਼ੇ ਤੇ ਇਕ ਪਰਚਾ ਪੜਦਿਆਂ ਗੁਰਬਾਣੀ ਸ਼ਬਦਾਂ ਨੂੰ ਦੁਨੀਆਵੀ ਰਸਮਾਂ ਨਾਲ ਜੋੜ ਕੇ ਵਰਤਨ ਦੀ ਗਲਤ ਪਹੁੰਚ ਬਾਰੇ ਚਾਨਣਾ ਪਾਇਆ। ਬੇਲੋੜੀ ਲੋਕ-ਲਾਜ ਅਤੇ ਵਿਰੋਧ ਤੋਂ ਬੇਪਰਵਾਹ ਹੋ ਕੇ ਪ੍ਰਚਲਤ ਕਰਮਕਾਂਡੀ ਅਤੇ ਵਿਖਾਵੇਬਾਜ਼ੀ ਵਾਲੀਆਂ ਰੀਤਾਂ-ਰਸਮਾਂ ਦਾ ਪੂਰਨ ਤੌਰ ’ਤੇ ਤਿਆਗ ਕਰਦੇ ਹੋਏ, ਨਾਨਕ ਫਲਸਫੇ ਦੀ ਰੋਸ਼ਨੀ ਵਿਚ ਇਹ ਇਨਕਲਾਬੀ ਕਦਮ ਉਠਾਉਣ ਲਈ ਦੋਵੇਂ ਪਰਵਾਰ ਵਧਾਈ ਅਤੇ ਪ੍ਰਸ਼ੰਸਾ ਦੇ ਪਾਤਰ ਹਨ ਅਤੇ ਸਮਾਜ ਲਈ ਪ੍ਰੇਰਣਾ-ਸ੍ਰੋਤ ਹਨ।
ਇਸ ਗੁਰਮਤਿ ਸਮਾਗਮ ਦੇ ਇਕ ਹਿੱਸੇ ਵਿਚ ਕੁਦਰਤੀ ਨੀਯਮਾਂ ਅਧੀਨ ਕੁਝ ਸਮਾਂ ਪਹਿਲਾਂ ਸ਼ਰੀਰ ਤਿਆਗ ਗਏ ਗੁਰਮਤਿ ਇਨਕਲਾਬ ਕਾਫਲੇ ਦੇ ਇਕ ਨਿਸ਼ਕਾਮ ਪਾਂਧੀ ‘ਸ. ਗੁਰਦੀਪ ਸਿੰਘ ਜੀ ਫਗਵਾੜਾ’ ਦੀ ਸਿਧਾਂਤਕ ਦ੍ਰਿੜਤਾ ਨੂੰ ਚੇਤੇ ਕਰਦਿਆਂ ਇਕ ‘ਪ੍ਰਸ਼ੰਸਾ ਪੱਤਰ’ ਦਿਤਾ ਗਿਆ। ਜ਼ਿਕਰਯੋਗ ਹੈ ਕਿ ਜਿੱਥੇ ਸ. ਗੁਰਦੀਪ ਸਿੰਘ ਜੀ ਨੇ ਬੇਲੋੜੀ ਲੋਕਲਾਜ ਤੋਂ ਬੇ-ਪ੍ਰਵਾਹ ਹੋ ਕੇ ਆਪਣੀ ਜਿੰਦਗੀ ਵਿਚ ਗੁਰਮਤਿ ’ਤੇ ਦ੍ਰਿੜਤਾ ਨਾਲ ਪਹਿਰਾ ਦਿਤਾ, ਉਥੇ ਉਨ੍ਹਾਂ ਨੇ ਆਪਣੇ ਮ੍ਰਿਤਕ ਸ਼ਰੀਰ ਨੂੰ ਮਨੁੱਖੀ ਕਾਰਜਾਂ ਵਾਸਤੇ ਅਰਪਨ ਕਰਦਿਆਂ ਪ੍ਰਚਲਿਤ ਕਰਮਕਾਂਡ ਨਾ ਕਰਨ ਸੰਬੰਧੀ ਇਕ ਵਸੀਅਤ ਬਹੁਤ ਪਹਿਲਾਂ ਹੀ ਕੀਤੀ ਹੋਈ ਸੀ। ਉਨ੍ਹਾਂ ਦੀ ਇਸ ਇੱਛਾ ’ਤੇ ਮਜ਼ਬੂਤੀ ਨਾਲ ਪਹਿਰਾਂ ਦਿੰਦਿਆਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਹਸਪਤਾਲ ਵਿਚ ਹੀ ਭੇਟ ਕਰਦੇ ਹੋਏ ਸਮਾਜ ਲਈ ਇਕ ਠੋਸ ਮਿਸਾਲ ਕਾਇਮ ਕੀਤੀ। ਸਮੁੱਚੀ ਸੰਗਤ ਵਲੋਂ ਇਹ ਸਨਮਾਨ ਸ. ਗੁਰਦੀਪ ਸਿੰਘ ਜੀ ਦੀ ਧਰਮ ਪਤਨੀ ਪ੍ਰੋ. ਪਰਵੀਨ ਕੌਰ ਜੀ ਨੇ ਕਬੂਲ ਕੀਤਾ।
ਗੁਰਮਤਿ ਇਨਕਲਾਬ ਦੇ ਸਫਰ ਵਿਚ ਅਨੂਠੀਆਂ ਪੈੜਾਂ ਕਾਇਮ ਕਰਦੇ ਇਸ ਗੁਰਮਤਿ ਸਮਾਗਮ ਦੌਰਾਨ ਪੰਜਾਬ ਸਰਕਾਰ ਵਲੋਂ ਪੰਜਾਬੀ ਫਿਲਮ ‘ਸਾਡਾ ਹੱਕ’ ਦੇ ਪ੍ਰਦਰਸ਼ਨ ’ਤੇ ਲਾਈ ਗੈਰ-ਇਖਲਾਕੀ ਰੋਕ ਵਾਲੀ ਸ਼ਰਮਨਾਕ ਕਾਰਵਾਈ ਦੀ ਭਰਪੂਰ ਆਲੋਚਣਾ ਕਰਦੇ ਹੋਏ ਇਸ ਰੋਕ ਨੂੰ ਹਟਾਉਣ ਦੀ ਪੁਰਜ਼ੋਰ ਮੰਗ ਕਰਦਾ ਇਕ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਸਮਾਗਮ ਦੌਰਾਨ ਬੱਚੀ ਜਸਪ੍ਰੀਤ ਕੌਰ ਡੇਰਾਬੱਸੀ ਵਲੋਂ ਬਾਬਾ ਨਾਨਕ ਦੇ ਇਨਕਲਾਬੀ ਪੱਖ ਨੂੰ ਲੁਕਾਉਣ ਦੀ ਪੁਜਾਰੀਵਾਦੀ ਸਾਜਸ਼ ਦਾ ਭਾਂਡਾ ਫੋੜ ਕਰਦੀ ਇਨਕਲਾਬੀ ਕਵਿਤਾ ਪੇਸ਼ ਕੀਤੀ ਗਈ। ਇਸ ਤੋਂ ਇਲਾਵਾ ਉਪਕਾਰ ਸਿੰਘ ਫਰੀਦਾਬਾਦ, ਪਰਮਜੀਤ ਸਿੰਘ ਅਬੋਹਰ, ਸੁਰਿੰਦਰ ਸਿੰਘ ਫਰੀਦਾਬਾਦ, ਗੁਰਮੇਲ ਸਿੰਘ ਸੱਚਾ ਸੌਦਾ ਅਤੇ ਗੁਰਸੇਵਕ ਸਿੰਘ ਮੱਦਰਸਾ ਨੇ ਵੀ ਆਪਣੇ ਵਿਚਾਰਾਂ ਰਾਹੀਂ ਸੰਗਤ ਨੂੰ ਸੁਚੇਤ ਕੀਤਾ।
ਪਹਿਲੇ ‘ਗੁਰਮਤਿ ਇਨਕਲਾਬ ਪੁਰਬ’ ਦੇ ਇਸ ਸਮਾਗਮ ਦੌਰਾਨ ਤੱਤ ਗੁਰਮਤਿ ਨਾਲ ਸੰਬੰਧਿਤ ਪੁਸਤਕਾਂ ਦਾ ਸਟਾਲ ਵੀ ਲਾਇਆ ਗਿਆ। ਹੋਰਨਾਂ ਤੋਂ ਇਲਾਵਾ ਇਸ ਸਟਾਲ ਦਾ ਆਕਰਸ਼ਨ ਜਪੁ ਬਾਣੀ ਦੇ ਨਵੀਨ ਅਰਥ ਪੇਸ਼ ਕਰਦੀ ਕਰਨਲ (ਰਿ.) ਮਨਮੋਹਨ ਸਿੰਘ ਸਕਾਉਟ ਦੀ ਪੁਸਤਕ ‘ਜਪੁ ਬਾਣੀ 543’ ਰਹੀ। ਸਮਾਗਮ ਵਿਚ ਹਾਜ਼ਰ ਲੇਖਕ ਨੇ ਅਪੀਲ ਕੀਤੀ ਕਿ ਇਸ ਪੁਸਤਕ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁਚਾਉਣ ਅਤੇ ਇਸ ਬਾਰੇ ਆਪਣੇ ਲਿਖਤੀ ਵਿਚਾਰ ਲੇਖਕ ਨੂੰ ਭੇਜਣ ਤਾਂ ਕਿ ਨਿਕਟ ਭਵਿੱਖ ਵਿਚ ਜਪੁ ਬਾਣੀ ਦਾ ਇਕ ਸਹੀ ਟੀਕਾ ਸਾਹਮਣੇ ਲਿਆਇਆ ਜਾ ਸਕੇ।
‘ਤੱਤ ਗੁਰਮਤਿ ਪਰਿਵਾਰ’ ਵਲੋਂ ਸੰਯੋਜਿਤ ਇਸ ਸਮੁੱਚੇ ਸਮਾਗਮ ਦੌਰਾਨ ‘ਸ਼ਬਦ ਗੁਰੂ ਗੰ੍ਰਥ ਸਾਹਿਬ ਜੀ’ ਦੀ ਹਾਜ਼ਰੀ ਵਿਚ ਸਟੇਜ ਸੰਚਾਲਕ ਦੀ ਜਿੰਮੇਵਾਰੀ ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ ਵਲੋਂ ਬਹੁਤ ਹੀ ਸੁੱਚੱਜੇ ਅਤੇ ਅਨੂਸ਼ਾਸਿਤ ਢੰਗ ਨਾਲ ਨਿਭਾਈ ਗਈ। ਇਸ ਸੇਵਾ ਦੌਰਾਨ ਪ੍ਰਚਲਤ ਸਿੱਖੀ ਦੇ ਕਰਮਕਾਂਡੀ ਰੂਪ ਦਾ ਸੱਚ ਪੇਸ਼ ਕਰਦੀਆਂ ਕੁਝ ਇਨਕਲਾਬੀ ਕਾਵ-ਸਤਰਾਂ ਨੂੰ ਸਾਰੇ ਹਾਜ਼ਰੀਨ ਨੇ ਬਹੁਤ ਪਸੰਦ ਕੀਤਾ। ਸਿੱਖ ਸਮਾਗਮਾਂ ਵਿਚਲੇ ਭਗੌਤੀ ਸਿਮਰਨਾਂ, ਅਰਦਾਸਾਂ, ਕਿਰਪਾਨ ਭੇਟ ਰੂਪੀ ਸਮੁੱਚੇ ਕਰਮਕਾਂਡਾਂ ਅਤੇ ਪੁਜਾਰੀਵਾਦ ਤੋਂ ਮੁਕਤ ਇਹ ਇਤਿਹਾਸਕ ਇਨਕਲਾਬੀ ਸਮਾਗਮ ਸਮਾਜ ਲਈ ਇਕ ਪ੍ਰੇਰਨਾਦਾਇਕ ਅਨੂਠੀ ਪੈੜ ਛੱਡ ਗਿਆ, ਜਿਸ ਨਾਲ ਖੜੇ ਪਾਣੀਆਂ ਵਿਚ ਹਲਚਲ ਹੋਣ ਦੀ ਵੀ ਆਸ ਹੈ
ਮਤਾ
ਜਾਇਜ਼ ਤਰੀਕੇ ਆਪਣਾ ਪੱਖ ਰੱਖਣ ਦਾ ਮੁੱਢਲਾ ਹਰ ਇਕ ਮਨੁੱਖ ਨੂੰ ਹੈ। ਐਸੇ ਮਨੁੱਖੀ ਹੱਕਾਂ ਦਾ ਸਤਿਕਾਰ ਅਤੇ ਬਹਾਲੀ ਹਰ ਲੋਕਤੰਤਰੀ ਸਰਕਾਰ ਦਾ ਮੁੱਢਲਾ ਫਰਜ਼ ਹੈ। ਪਰ ਸਿੱਖਾਂ ਦੀ ਨੁਮਾਇੰਦਗੀ ਦਾ ਦਾਅਵਾ ਕਰਨ ਵਾਲੀ ਅਤੇ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ’ਤੇ ਰਾਜਨੀਤੀ ਕਰਕੇ ਕੁਰਸੀ ’ਤੇ ਜੱਫਾ ਮਾਰਨ ਵਾਲੀ ਸਰਕਾਰ ਵਲੋਂ, ਸੈਂਸਰ ਬੋਰਡ ਤੋਂ ਪਾਸ ਪੰਜਾਬੀ ਫਿਲਮ ‘ਸਾਡਾ ਹੱਕ’ ਤੇ ਅਚਨਚੇਤ ਰੋਕ, ਮਨੁੱਖੀ ਹੱਕਾਂ ਨੂੰ ਕੁਚਲਣ ਦੀ ਇਕ ਨਿਰੰਕੁਸ਼ ਅਤੇ ਸ਼ਰਮਨਾਕ ਕਾਰਵਾਈ ਹੈ। ਸੌੜੇ ਰਾਜਨੀਤਕ ਅਤੇ ਨਿੱਜੀ ਸਵਾਰਥਾਂ ਲਈ ਲਾਈ ਰੋਕ ਇਹ ਸਾਬਤ ਕਰਦੀ ਹੈ ਕਿ ਬਾਦਲ ਦਲ ਦੇ ਆਗੂ ਮਨੁੱਖਤਾ ਵਿਰੋਧੀ ਫਿਰਕੂ ਜਮਾਤਾਂ ਨੂੰ ਖੁਸ਼ ਕਰਨ ਖਾਤਰ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਸ ਸਾਰੇ ਘਟਨਾਕ੍ਰਮ ਵਿਚ ਸ਼੍ਰੋਮਣੀ ਕਮੇਟੀ ਅਤੇ ਅਖੌਤੀ ਜਥੇਦਾਰਾਂ ਵਲੋਂ ਨਿਭਾਈ ਨਿਰਾਸ਼ਾਜਨਕ ਨਾਂਹ-ਪੱਖੀ ਭੂਮਿਕਾ ਨੇ ਇਕ ਵਾਰ ਫੇਰ ਇਹ ਸਪਸ਼ਟ ਕਰ ਦਿਤਾ ਹੈ ਕਿ ਅਕਾਲ ਤਖਤ ਨਾਮ ਦੀ ਵਿਵਸਥਾ ਭ੍ਰਿਸ਼ਟ ਹਾਕਮ-ਗਠਜੋੜ ਤੋਂ ਵੱਧ ਕੁਝ ਵੀ ਨਹੀਂ।
ਹੱਕ, ਸੱਚ ਅਤੇ ਇਨਸਾਫ ਲਈ ਵਿੱਢੇ ਸੰਘਰਸ਼ ਵਿਚ ਜੂਝ ਕੇ ਜੁਝਾਰੂਆਂ ਨਾਲ ਜੁੜੇ ਸੱਚ ਨੂੰ ਪੇਸ਼ ਕਰਨ ਵਿਰੁਧ ਕੁਝ ਫਿਰਕੂ ਧਿਰਾਂ ਦੀ ਇਹ ਦਲੀਲ ਕੱਚੀ ਅਤੇ ਗੁੰਮਰਾਹਕੁੰਨ ਹੈ ਕਿ ਇਸ ਫਿਲਮ ਵਿਚ ਖਾੜਕੂਆਂ ਦੀ ਚੰਗੀ ਅਤੇ ਅਸਲ ਤਸਵੀਰ ਪੇਸ਼ ਕਰਨਾ ਇਸ ਦੇਸ਼ ਲਈ ਖਤਰਾ ਹੈ। ਜਦਕਿ ਭਾਰਤ ਵਿਚ ਮਹਾਤਮਾ ਗਾਂਧੀ ਦੇ ਹਥਿਆਰੇ ਇਕ ਆਰ. ਐਸ. ਐਸ. ਨਾਲ ਜੁੜੇ ਮੰਨੇ ਜਾਂਦੇ ਸ਼ਖਸ ਨੱਥੂ ਰਾਮ ਗੋਡਸੇ ਨੂੰ ਹਾਂ-ਪੱਖੀ ਪੇਸ਼ ਕਰਦੀ ਫਿਲਮ ਪ੍ਰਦਰਸ਼ਿਤ ਹੋ ਸਕਦੀ ਹੈ ਤਾਂ ਇਕ ਲੋਕ ਲਹਿਰ ਦੀ ਨੁਮਾਇੰਦਗੀ ਕਰਦੇ ਸਿੱਖ ਜੁਝਾਰੂਆਂ ਦਾ ਪੱਖ ਕਿਉਂ ਨਹੀਂ ਵਿਖਾਇਆ ਜਾ ਸਕਦਾ?
ਅੱਜ ਦਾ ਇਹ ਇਕੱਠ ਸਰਬਸੰਮਤੀ ਨਾਲ ਪੰਜਾਬ ਦੇ ਇਕ ਕਾਲੇ ਦੌਰ ਦਾ ਲੁਕਿਆ ਸੱਚ ਦ੍ਰਿੜਤਾ ਸਾਹਮਣੇ ਲਿਆਉਣ ਵਾਸਤੇ ਐਸੀ ਫਿਲਮ ਤਿਆਰ ਕਰਨ ਲਈ ਨਿਰਮਾਤਾ ਕੁਲਜਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਦੀ ਭਰਪੂਰ ਪ੍ਰਸ਼ੰਸਾ ਕਰਦਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੀ ਇਸ ਗੈਰ-ਇਖਲਾਕੀ ਅਤੇ ਰਾਜਨੀਤੀ ਤੋਂ ਪ੍ਰੇਰਿਤ ਹਰਕਤ ਦੀ ਪੁਰਜ਼ੋਰ ਆਲੋਚਨਾ ਕਰਦੇ ਹੋਏ ਸਮੁੱਚੀਆਂ ਮਨੁੱਖਤਾਵਾਦੀ ਧਿਰਾਂ ਨੂੰ ਇਕਜੁੱਟ ਹੋ ਕੇ ਇਸ ਨਾ-ਇਨਸਾਫੀ ਵਿਰੁਧ ਮਜ਼ਬੂਤ ਢੰਗ ਨਾਲ ਅਵਾਜ਼ ਉਠਾੳੇੁਣ ਦਾ ਹੋਕਾ ਦੇਂਦੇ ਹੋਏ ਪੰਜਾਬ ਸਰਕਾਰ ਨੂੰ ਮਨੁੱਖੀ ਘਾਣ ਤੋਂ ਪਰਦਾ ਉਠਾਉਂਦੀ ਫਿਲਮ ‘ਸਾਡਾ ਹੱਕ’ ਤੇ ਲਾਈ ਪਾਬੰਦੀ ਨੂੰ ਤੁਰੰਤ ਹਟਾਉਣ ਦੀ ਪੁਰਜ਼ੋਰ ਮੰਗ ਕਰਦਾ ਹੈ।

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.