ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਨਿਰਮਲ ਸੰਪ੍ਰਦਾਇ ਗੁਰਬਾਣੀ ਦਾ ਪ੍ਰਚਾਰ ਪਾਸਾਰ ਕਰ ਰਹੀ ਹੈ ਜਾਂ ਬ੍ਰਾਹਮਣਵਾਦ ਦਾ?
ਨਿਰਮਲ ਸੰਪ੍ਰਦਾਇ ਗੁਰਬਾਣੀ ਦਾ ਪ੍ਰਚਾਰ ਪਾਸਾਰ ਕਰ ਰਹੀ ਹੈ ਜਾਂ ਬ੍ਰਾਹਮਣਵਾਦ ਦਾ?
Page Visitors: 2498

 

   ਨਿਰਮਲ ਸੰਪ੍ਰਦਾਇ ਗੁਰਬਾਣੀ ਦਾ ਪ੍ਰਚਾਰ ਪਾਸਾਰ ਕਰ ਰਹੀ ਹੈ ਜਾਂ ਬ੍ਰਾਹਮਣਵਾਦ ਦਾ?
 ਸੰਤ ਤੇਜਾ ਸਿੰਘ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਿਸੇ ਤਕਨੀਕੀ ਨੁਕਸ ਕਾਰਣ ਲਾਈਵ ਟਾਕ ਸ਼ੋਅ ਦੌਰਾਨ ਤਾਂ ਇਹ ਸਵਾਲ ਪੁੱਛਣ ਦਾ ਮੌਕਾ ਨਹੀਂ ਮਿਲ ਸਕਿਆ ਪਰ ਇਸ ਲੇਖ ਵਿੱਚ ਪੁੱਛੇ ਗਏ ਸਵਾਲਾਂ ਦੇ ਲਿਖਤੀ ਜਵਾਬ ਦੇ ਕੇ ਆਪਣੇ ਸ੍ਰੋਤਿਆਂ ਦੀ ਤਸੱਲੀ ਜਰੂਰ ਕਰਵਾ ਦੇਣ ਜੀ
ਕਿਰਪਾਲ ਸਿੰਘ ਬਠਿੰਡਾ
ਮੋਬ: 9855480797
ਬੀਤੇ ਦਿਨ (23 ਅਪ੍ਰੈਲ) ਡੀਡੀ ਪੰਜਾਬੀ 'ਤੇ ਸਵੇਰੇ ਲਾਈਵ ਟਾਕ ਸ਼ੋਅ ਹੋ ਰਹੀ ਸੀ, ਜਿਸ ਵਿੱਚ ਸਿੱਖੀ ਵਿੱਚ ਨਿਰਮਲੇ ਪੰਥ ਦੀ ਪ੍ਰੰਪਰਾ ਤੇ ਯੋਗਦਾਨ ਵਿਸ਼ੇ 'ਤੇ ਸੰਤ ਤੇਜਾ ਸਿੰਘ ਗੱਲਬਾਤ ਕਰ ਰਹੇ ਸਨ। ਗੱਲਬਾਤ ਦੌਰਾਨ ਸੰਤ ਤੇਜਾ ਸਿੰਘ ਜੀ ਦੱਸ ਰਹੇ ਸਨ ਕਿ 1708 ਈਸਵੀ 'ਚ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਲੈ ਕੈ 1925 ਈਸਵੀ ਭਾਵ ਸ਼੍ਰੋਮਣੀ ਕਮੇਟੀ ਦੇ ਹੋਂਦ ਵਿੱਚ ਆਉਣ ਤੱਕ ਲਗਪਗ 217 ਸਾਲ ਗੁਰਦੁਆਰਿਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਅਤੇ ਗੁਰਬਾਣੀ ਤੇ ਵਿਦਿਆ ਦੇ ਪ੍ਰਚਾਰ ਪਾਸਾਰ ਦਾ ਕੰਮ ਨਿਰਮਲਾ ਸੰਪ੍ਰਦਾਇ ਨੇ ਹੀ ਕੀਤਾ ਸੀ। ਉਨ੍ਹਾਂ ਕਿਹਾ ਬੇਸ਼ੱਕ  ਸੇਵਾ ਸੰਭਾਲ ਦਾ ਕੁਝ ਕੰਮ ਉਦਾਸੀ ਸੰਪ੍ਰਦਾਇ ਨੇ ਵੀ ਕੀਤਾ ਪਰ ਮੁੱਖ ਕੰਮ ਨਿਰਮਲਾ ਸੰਪ੍ਰਦਾਇ ਦੇ ਹੀ ਹਿੱਸੇ ਆਇਆ ਹੈ। ਇਸ ਤਰ੍ਹਾਂ ਨਿਰਮਲਾ ਸੰਪ੍ਰਦਾਇ ਦਾ ਸਿੱਖ ਧਰਮ ਵਿੱਚ ਬਹੁਤ ਵੱਡਾ ਯੋਗਦਾਨ ਤੇ ਮਹੱਤਵਪੂਰਨ ਸਥਾਨ ਹੈ।  
ਟੀਵੀ ਦਰਸ਼ਕਾਂ ਵੱਲੋਂ ਸਵਾਲ ਪੁੱਛੇ ਜਾਣ ਲਈ ਦੋ ਫ਼ੋਨ ਨੰਬਰ 0181-2814261 ਅਤੇ 2814264 ਦਿੱਤੇ ਹੋਏ ਸਨ। ਇਸ ਲਈ ਕਾਫੀ ਕੋਸ਼ਿਸ਼ ਤੋਂ ਬਾਅਦ ਮੇਰਾ ਫ਼ੋਨ ਮਿਲ ਗਿਆ। ਦੂਰਦਰਸ਼ਨ ਕੇਂਦਰ ਦੇ ਟੈਲੀਫ਼ੋਨਿਸਟ/ ਰੀਸੈਪਿਸ਼ਨਿਸਟ ਨੇ ਫ਼ੋਨ ਸੁਣਨ ਉਪ੍ਰੰਤ ਪੁੱਛੇ ਜਾਣ ਵਾਲੇ ਸਵਾਲ ਸਬੰਧੀ ਜਾਣਕਾਰੀ ਮੰਗੀ। ਉਸ ਨੂੰ ਦੱਸਿਆ ਗਿਆ ਕਿ ਹੋ ਰਹੀ ਲਾਈਵ ਟਾਕ ਸ਼ੋਅ ਵਿੱਚ ਸਵਾਲ ਤਾਂ ਹੋਸਟ ਸੰਤ ਤੇਜਾ ਸਿੰਘ ਜੀ ਤੋਂ ਪੁੱਛਣੇ ਹਨ। ਤੁਹਾਨੂੰ ਪਹਿਲਾਂ ਦੱਸਣ ਦਾ ਭਾਵ ਹੈ ਕਿ ਜੇ ਸਵਾਲ ਪਸੰਦ ਹੋਏ ਤਾਂ ਲਾਈਵ ਗੱਲ ਕਰਵਾ ਦਿੱਤੀ ਜਾਵੇਗੀ ਜੇ ਸਵਾਲ ਪਸੰਦ ਨਾ ਹੋਏ ਤਾਂ ਗੱਲ ਨਹੀਂ ਕਰਵਾਈ ਜਾਵੇਗੀ?  ਰੀਸੈਪਿਸ਼ਨਿਸਟ ਨੇ ਕਿਹਾ ਐਸੀ ਗੱਲ ਨਹੀਂ ਇਹ ਤਾਂ ਸਿਰਫ ਜਾਣਕਾਰੀ ਲਈ ਹੀ ਪੁੱਛਿਆ ਹੈ। ਇਸ ਲਈ ਉਨ੍ਹਾਂ ਨੂੰ ਦੱਸਿਆ ਗਿਆ ਕਿ ਗੁਰਬਾਣੀ ਦੇ ਅਧਾਰ 'ਤੇ ਮੇਰੇ ਤਿੰਨ ਸਵਾਲ ਹਨ।  
1. ਗੁਰਬਾਣੀ ਦਾ ਫ਼ੁਰਮਾਨ ਹੈ: 'ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥2॥' (ਆਸਾ ਕੀ ਵਾਰ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 472)। ਜਿਸ ਦਾ ਭਾਵ ਹੈ- ਅਜੇਹੇ ਮਨੁੱਖ ਸੁੱਚੇ ਨਹੀਂ ਆਖੇ ਜਾਂਦੇ ਜੋ ਨਿਰਾ ਸਰੀਰ ਨੂੰ ਹੀ ਧੋ ਕੇ (ਆਪਣੇ ਵਲੋਂ ਪਵਿੱਤਰ ਬਣ ਕੇ) ਬੈਠ ਜਾਂਦੇ ਹਨ। ਕੇਵਲ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵੱਸਦਾ ਹੈ ॥2॥ ਪਰ ਨਿਰਮਲੇ ਸੰਤਾਂ ਦੇ ਜਿਆਦਾਤਰ ਡੇਰਿਆਂ ਵਿੱਚ ਪੰਡਿਤਾਂ ਵਾਂਗ ਹੀ ਸਰੀਰ ਧੋ ਕੇ ਤੇ ਚੁੱਲੇ ਚੌਂਕੇ 'ਤੇ ਗੋਹਾਪੋਚਾ ਫੇਰ ਕੇ ਸੁੱਚ ਰੱਖਣ ਦਾ ਨਿਰਥਕ ਯਤਨ ਕੀਤਾ ਜਾਂਦਾ ਹੈ।
2. ਗੁਰਬਾਣੀ ਦਾ ਫ਼ੁਰਮਾਨ ਹੈ: 'ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥1॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥1॥ਰਹਾਉ ॥' (ਭੈਰਉ ਮ: 3, ਗੁਰੂ ਗ੍ਰੰਥ ਸਾਹਿਬ - ਪੰਨਾ 1128)। ਭਾਵ ਜਾਤ ਦਾ ਹੰਕਾਰ ਕਰਨ ਵਾਲੇ ਨੂੰ ਗੁਰਬਾਣੀ ਵਿੱਚ ਮੂਰਖ ਗਵਾਰ ਕਿਹਾ ਹੈ ਤੇ ਇਸ ਜਾਤੀ ਹੰਕਾਰ ਤੋਂ ਬਚਣ ਦਾ ਉਪਦੇਸ਼ ਦਿੱਤਾ ਹੈ ਕਿਉਂਕਿ ਇਸ ਹੰਕਾਰ ਨਾਲ ਸਮਾਜ ਵਿੱਚ ਬਹੁਤ ਵਿਕਾਰ ਪੈਦੇ ਹੁੰਦੇ ਹਨ। ਪਰ ਨਿਰਮਲੇ ਸੰਤ ਇਸ ਜਾਤੀ ਵਿਤਕਰੇ ਤੋਂ ਉਪਰ ਨਹੀ ਉਠ ਸਕੇ। ਖਾਸ ਕਰਕੇ ਡੇਰਾ ਰੂੰਮੀ ਭੁੱਚੋ ਕਲਾਂ ਦੇ ਮੁਖੀ ਸੁਖਦੇਵ ਸਿੰਘ ਅਤੇ ਬੱਧਨੀ ਦੇ ਜੋਰਾ ਸਿੰਘ ਗਵਾਰ ਮੂਰਖ਼ ਹੋਣ ਦੀ ਸਿਖ਼ਰ ਛੂਹਣ ਦੀ ਦੌੜ ਵਿੱਚ ਲੱਗੇ ਹੋਏ ਹਨ, ਜਿਨ੍ਹਾਂ ਨੇ ਲੰਗਰ ਹਾਲ ਵਿੱਚ ਦਲਿਤ ਸਿੱਖਾਂ ਦੇ ਦਾਖ਼ਲੇ 'ਤੇ ਪਾਬੰਦੀ ਤਾਂ ਲਾਈ ਹੀ ਹੈ ਆਪਣੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਵਿੱਚ ਉਨ੍ਹਾਂ ਦੇ ਬੱਚੇ ਬੱਚੀਆਂ ਦੇ ਅਨੰਦ ਕਾਰਜ ਕਰਨ ਅਤੇ ਪਾਠ ਕਰਨ 'ਤੇ ਵੀ ਪਾਬੰਦੀ ਲਾ ਦਿੱਤੀ ਹੈ। ਬਠਿੰਡਾ ਜਿਲ੍ਹਾ ਦੇ ਪਿੰਡ ਲਹਿਰਾਖਾਨਾ ਦੇ ਗੁਰਦੁਆਰੇ ਵਿੱਚ ਹੋ ਰਹੇ ਇਸ ਵਿਤਕਰੇ ਦੀਆਂ ਖ਼ਬਰਾਂ ਅੱਜ ਕੱਲ੍ਹ ਮੀਡੀਏ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
 3. ਗੁਰਬਾਣੀ ਵਿੱਚ ਨਿਰੇ ਗਿਣਤੀ ਦੇ ਪਾਠ ਕਰਨ ਦੀ ਕੋਈ ਮਹਾਨਤਾ ਨਹੀਂ ਦੱਸੀ ਗਈ ਬਲਕਿ ਗੁਰਬਾਣੀ ਨੂੰ ਪੜ੍ਹ ਸੁਣ ਕੇ ਉਸ ਵਿੱਚ ਦਿੱਤੀ ਗਈ ਸਿਖਿਆ ਗ੍ਰਹਿਣ ਕਰਨੀ ਹੈ ਤੇ ਉਸ ਸਿੱਖਿਆ ਨੂੰ ਆਪਣੇ ਅਮਲੀ ਜੀਵਨ ਵਿੱਚ ਅਪਨਾਉਣ ਦੀ ਤਕੀਦ ਕੀਤੀ ਗਈ ਹੈ। ਨਿਰੇ ਗਿਣਤੀ ਦੇ ਪਾਠ ਕਰਨ ਦਾ ਗੁਰਬਾਣੀ ਵਿੱਚ ਭਰਵਾਂ ਖੰਡਨ ਕੀਤਾ ਗਿਆ ਹੈ। ਜਿਵੇਂ ਕਿ:-
'ਬੇਦ ਪਾਠ ਸੰਸਾਰ ਕੀ ਕਾਰ ॥  ਪੜਿ੍ ਪੜਿ੍ ਪੰਡਿਤ ਕਰਹਿ ਬੀਚਾਰ ॥ ਬਿਨੁ ਬੂਝੇ ਸਭ ਹੋਇ ਖੁਆਰ ॥ ਨਾਨਕ ਗੁਰਮੁਖਿ ਉਤਰਸਿ ਪਾਰਿ ॥1॥' (ਸੂਹੀ ਕੀ ਵਾਰ, ਮ: 3, ਗੁਰੂ ਗ੍ਰੰਥ ਸਾਹਿਬ - ਪੰਨਾ 791)  - ਵੇਦ ਆਦਿਕ ਧਰਮ-ਪੁਸਤਕਾਂ ਦੇ (ਨਿਰੇ) ਪਾਠ ਤਾਂ ਦੁਨੀਆਵੀ ਵਿਹਾਰ (ਸਮਝੋ), ਵਿਦਵਾਨ ਲੋਕ ਇਹਨਾਂ ਨੂੰ ਪੜ੍ਹ ਪੜ੍ਹ ਕੇ ਇਹਨਾਂ ਦੇ ਸਿਰਫ਼ ਅਰਥ ਹੀ ਵਿਚਾਰਦੇ ਹਨ; ਜਦ ਤਕ ਮਤ ਨਹੀਂ ਬਦਲਦੀ (ਨਿਰੇ ਪਾਠ ਤੇ ਅਰਥ-ਵਿਚਾਰ ਨਾਲ ਤਾਂ) ਲੁਕਾਈ ਖ਼ੁਆਰ ਹੀ ਹੁੰਦੀ ਹੈ; ਹੇ ਨਾਨਕ! ਉਹ ਮਨੁੱਖ ਹੀ (ਪਾਪਾਂ ਦੇ ਹਨੇਰੇ ਤੋਂ) ਪਾਰ ਲੰਘਦਾ ਹੈ ਜਿਸ ਨੇ ਆਪਣੀ ਮਤ ਗੁਰੂ ਦੇ ਹਵਾਲੇ ਕਰ ਦਿੱਤੀ ਹੈ ॥1॥ ਉਕਤ ਡੇਰੇਦਾਰ ਬਾਣੀ ਦੀ ਵੀਚਾਰ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਤਾਂ ਦੂਰ ਦੀ ਗੱਲ ਇਸ ਦੇ ਅਰਥ-ਵੀਚਾਰ ਕਰਨ ਤੋਂ ਵੀ ਮੁਨਕਰ ਹਨ ਤੇ ਗਿਣਤੀ ਦੇ ਲੱਖਾਂ ਪਾਠ ਕਰਨ ਦਾ ਹੀ ਰਿਕਾਰਡ ਕਾਇਮ ਕਰ ਰਹੇ ਹਨ। ਗੁਰਬਾਣੀ ਵਿੱਚ ਧਰਮ ਦੇ ਵਿਖਾਵੇ ਮਾਤਰ ਕੀਤੇ ਅਜੇਹੇ ਪਾਠਾਂ ਨੂੰ ਪਾਖੰਡ ਦੱਸਿਆ ਗਿਆ ਹੈ ਤੇ ਸਮਝਾਇਆ ਗਿਆ ਹੈ ਕਿ ਇਹ ਤਾਂ ਜਾਗਾਤ ਵਿੱਚ ਹੀ ਲੁੱਟੇ ਜਾਣ ਵਾਲੇ ਕੰਮ ਹਨ ਜਿਨ੍ਹਾਂ ਦ ਕਰਨ ਨਾਲ ਮੁਕਤੀ ਪ੍ਰਾਪਤ ਨਹੀਂ ਹੋਣੀ: 'ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥' ......  'ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ੍ ਪੜਿਆ ਮੁਕਤਿ ਨ ਹੋਈ ॥ ' (ਸੂਹੀ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 748)।  
ਗੁਰਬਾਣੀ ਦੇ ਉਕਤ ਪ੍ਰਮਾਣਾਂ ਤੋਂ ਸਿੱਧ ਹੁੰਦਾ ਹੈ ਕਿ ਨਿਰਮਲ ਸੰਪ੍ਰਦਾਇ ਦੇ ਸੰਤ ਕਹਾਉਣ ਵਾਲੇ ਡੇਰੇਦਾਰ ਜੋ ਜਪ ਤਪ ਸਮਾਗਮਾਂ ਦੇ ਨਾਮ 'ਤੇ ਕਰਮ ਕਾਂਡ ਕਰ ਰਹੇ ਹਨ ਇਹ ਗੁਰਬਾਣੀ ਦੀ ਸਿੱਖਿਆ ਨਹੀਂ ਬਲਕਿ ਸ਼ਰੇਆਮ ਵਿਰੋਧ ਹੈ। ਜਿਸ ਨੂੰ ਗੁਰਬਾਣੀ ਦਾ ਪ੍ਰਚਾਰ ਪਾਸਾਰ ਦੱਸਿਆ ਜਾ ਰਿਹਾ ਹੈ ਇਹ ਅਸਲ ਵਿੱਚ ਕਾਂਸ਼ੀ ਦੇ ਬ੍ਰਾਹਮਣਾਂ ਦੀ ਹੀ ਰੀਤ ਜਾਪਦੀ ਹੈ। ਸੋ ਮੈਂ ਸੰਤ ਤੇਜਾ ਸਿੰਘ ਜੀ ਤੋਂ ਪੁੱਛਣਾਂ ਚਾਹੁੰਦਾ ਹਾਂ ਕਿ ਨਿਰਮਲਾ ਸੰਪ੍ਰਦਾਇ ਦੇ ਸੰਤ ਗੁਰਬਾਣੀ ਦਾ ਪ੍ਰਚਾਰ ਪਾਸਾਰ ਕਰ ਰਹੇ ਹਨ ਜਾਂ ਕਾਂਸ਼ੀ ਦੇ ਬ੍ਰਾਹਮਣਾਂ ਤੋਂ ਸਿੱਖੇ ਕਰਮ ਕਾਂਡਾਂ ਦਾ ਪ੍ਰਚਾਰ ਪਾਸਾਰ ਕਰ ਰਹੇ ਹਨ?
ਟੈਲੀਫ਼ੋਨ ਰੀਸੈਪਸ਼ਨਿਸਟ ਨੇ ਸਵਾਲ ਸੁਣਨ ਉਪ੍ਰੰਤ ਕਿਹਾ ਕਿ ਲਾਈਨ 'ਤੇ ਬਣੇ ਰਹੇ, ਆਪਣੇ ਟੀਵੀ ਦੀ ਆਵਾਜ਼ ਬੰਦ ਕਰ ਲਵੋ ਤੇ ਜਦੋਂ ਕਿਹਾ ਗਿਆ ਉਸ ਸਮੇਂ ਆਪਣੇ ਸਵਾਲ ਪੁੱਛ ਲੈਣਾ। ਉਨ੍ਹਾਂ ਮੇਰਾ ਮੋਬ: ਫ਼ੋਨ ਵੀ ਨੋਟ ਕਰ ਲਿਆ। ਪਰ ਹੈਰਾਨੀ ਹੋਈ ਜਦੋਂ ਸਵਾਲ ਪੁੱਛੇ ਜਾਣ ਲਈ ਤਾਂ ਕੋਈ ਸਮਾਂ ਦਿੱਤਾ ਹੀ ਨਹੀਂ ਗਿਆ ਪਰ ਬਿਨਾਂ ਕਿਸੇ ਅਗਾਊਂ ਸੂਚਨਾ ਦਿੱਤੇ ਇੱਕ ਮਿੰਟ ਬਾਅਦ ਹੀ ਫ਼ੋਨ ਕੱਟ ਦਿੱਤਾ ਗਿਆ ਤੇ ਮੇਰੇ ਵਾਰ ਵਾਰ ਕੋਸ਼ਿਸ਼ ਕੀਤੇ ਜਾਣ ਦੇ ਬਾਵਯੂਦ ਮੁੜ ਸੰਪਰਕ ਨਹੀਂ ਹੋ ਸਕਿਆ ਅਤੇ ਨਾ ਹੀ ਉਨ੍ਹਾਂ ਮੇਰੇ ਮੋਬ: ਫ਼ੋਨ 'ਤੇ ਕੋਈ ਸੰਪਰਕ ਕੀਤਾ। ਦੋ ਕੁ ਮਿੰਟ ਬਾਅਦ ਬਠਿੰਡੇ ਤੋਂ ਜਗਦੀਸ਼ ਸਿੰਘ ਦਾ ਨਾਮ ਲਿਆ ਗਿਆ ਕਿ ਉਹ ਕੁਝ ਸਵਾਲ ਪੁੱਛਣਾ ਚਾਹੁੰਦੇ ਹਨ ਪਰ ਉਨ੍ਹਾਂ ਦੀ ਵੀ ਕੋਈ ਅਵਾਜ਼ ਨਹੀਂ ਆਈ ਤੇ ਅਖੀਰ ਕਹਿ ਦਿੱਤਾ ਕਿ ਕਿਸੇ ਤਕਨੀਕੀ ਨੁਕਸ ਕਾਰਣ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਰਿਹਾ। ਇਤਨੇ ਵਿੱਚ ਲਾਈਵ ਟਾਕ ਸ਼ੋਅ ਦਾ ਸਮਾ ਸਮਾਪਤ ਹੋ ਗਿਆ।  
ਇਸ ਲਈ ਲਾਈਵ ਟਾਕ ਸ਼ੋਅ ਦੌਰਾਨ ਪੁੱਛੇ ਜਾਣ ਵਾਲੇ ਸਵਾਲ ਕੁੱਝ ਵੈੱਬਸਾਈਟਾਂ ਤੇ ਅਖ਼ਬਾਰਾਂ ਰਸਾਲਿਆਂ ਨੂੰ ਛਪਣ ਲਈ ਭੇਜ ਦਿੱਤੇ ਹਨ ਤੇ ਸੰਤ ਤੇਜਾ ਸਿੰਘ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਿਸੇ ਕਾਰਣ ਲਾਈਵ ਟਾਕ ਸ਼ੋਅ ਦੌਰਾਨ ਤਾਂ ਇਹ ਸਵਾਲ ਪੁੱਛਣ ਦਾ ਮੌਕਾ ਨਹੀਂ ਮਿਲ ਸਕਿਆ ਪਰ ਉਹ ਉਕਤ ਸਵਾਲਾਂ ਦੇ ਲਿਖਤੀ ਜਵਾਬ ਦੇ ਕਿ ਆਪਣੇ ਸ੍ਰੋਤਿਆਂ ਦੀ ਤਸੱਲੀ ਜਰੂਰ ਕਰਵਾ ਦੇਣ ਜੀ। ਜੇ ਕਰ ਉਹ ਮੰਨਦੇ ਹਨ ਕਿ ਨਾਨਕਸਰ ਅਤੇ ਟਕਸਾਲਾਂ ਆਦਿਕ ਦਾ ਨਿਰਮਲਾ ਸੰਪ੍ਰਦਾਇ ਨਾਲ ਕੋਈ ਸਬੰਧ ਨਹੀਂ ਹੈ ਤਾਂ ਇਹ ਗੱਲ ਵੀ ਉਨ੍ਹਾਂ ਨੂੰ ਲਿਖਤੀ ਤੌਰ 'ਤੇ ਸਪਸ਼ਟ ਕਰ ਦੇਣੀ ਚਾਹੀਦੀ ਹੈ। ਇਹ ਵੀ ਦੱਸ ਦੇਣ ਦੀ ਕ੍ਰਿਪਾਲਤਾ ਕਰਨ ਕਿ ਕੀ ਉਕਤ ਮਨਮਤਾਂ ਨਿਰਮਲ ਸੰਪ੍ਰਦਾਇ ਵਿੱਚ ਵੀ ਪ੍ਰਚਲਤ ਹਨ ਜਾਂ ਨਹੀਂ? ਜਿਹੜੀਆਂ ਸੰਪ੍ਰਦਾਵਾਂ ਗੁਰਬਾਣੀ ਤੋਂ ਉਲਟ ਇਹ ਮਨਮਤਾਂ ਕਰ ਰਹੇ ਹਨ ਉਨ੍ਹਾਂ ਲਈ ਸੰਤ ਤੇਜਾ ਸਿੰਘ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਹਨ?     

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.