ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕੁਰਬਾਨੀ ਦੇ ਜਜ਼ਬੇ ਦੀ ਪ੍ਰਤੀਕ 1984 ਦੇ ਸ਼ਹੀਦਾਂ ਦੀ ਯਾਦਗਾਰ
ਕੁਰਬਾਨੀ ਦੇ ਜਜ਼ਬੇ ਦੀ ਪ੍ਰਤੀਕ 1984 ਦੇ ਸ਼ਹੀਦਾਂ ਦੀ ਯਾਦਗਾਰ
Page Visitors: 2446

 

      ਕੁਰਬਾਨੀ ਦੇ ਜਜ਼ਬੇ ਦੀ ਪ੍ਰਤੀਕ 1984 ਦੇ ਸ਼ਹੀਦਾਂ ਦੀ ਯਾਦਗਾਰ
ਅੰਮ੍ਰਿਤਸਰ : (ਪਰਮਜੀਤ ਕੌਰ ) ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ। ਸਮੇਂ-ਸਮੇਂ ਸਿੱਖਾਂ ਵੱਲੋਂ ਦਿੱਤੀਆਂ ਸ਼ਹਾਦਤਾਂ ਦੀ ਸੂਚੀ ਲੰਮੀ ਹੈ। ਕੁਰਬਾਨੀ ਦਾ ਜਜ਼ਬਾ ਸਿੱਖਾਂ ਨੂੰ ਆਪਣੀ ਵਿਰਾਸਤ ਵਿੱਚੋਂ ਮਿਲਿਆ ਹੈ। ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਪੰਥ ਦੇ ਪਾਂਧੀਆਂ ਨੂੰ ਸੁਚੇਤ ਕੀਤਾ ਸੀ ਕਿ ਇਸ ਮਾਰਗ ਉਤੇ ਚੱਲਣ ਲਈ ਕੁਰਬਾਨੀ ਹੀ ਪਹਿਲੀ ਸ਼ਰਤ ਹੈ ਅਤੇ ਸਿੱਖਾਂ ਨੇ ਵੀ ਸਦਾ ਗੁਰੂ ਹੁਕਮਾਂ ’ਤੇ ਚੱਲਦਿਆਂ ਆਪਣੇ ਆਪ ਨੂੰ ਕੁਰਬਾਨੀ ਲਈ ਤਿਆਰ ਰੱਖਿਆ। ‘ਸ਼ਹੀਦ’ ਸਿੱਖ ਕੌਮ ਦਾ ਸਰਮਾਇਆ ਹਨ। ਸਿੱਖ ਆਪਣੇ ਸ਼ਹੀਦਾਂ ਨੂੰ ਰੋਜ਼ਾਨਾਂ ਅਰਦਾਸ ਅੰਦਰ ਯਾਦ ਕਰਦੇ ਹਨ।
ਸਿੱਖਾਂ ਦੀ ਅਰਦਾਸ ਦੇ ਇਹ ਸ਼ਬਦ, ਉਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਬਾਹੀ...ੂ ਇਸ ਗੱਲ ਦਾ ਗਵਾਹ ਹਨ ਕਿ ਪੁਰਾਤਨ ਕਾਲ ਤੋਂ ਹੀ ਗੁਰੂ ਦੇ ਸਿੱਦਕੀ ਸਿੱਖ, ਸਿੱਖੀ ਦੇ ਬੂਟੇ ਨੂੰ ਪ੍ਰਫੁੱਲਤ ਕਰਨ ਲਈ ਹੱਸ-ਹੱਸ ਕੇ ਜਾਨਾਂ ਕੁਰਬਾਨ ਕਰਦੇ ਰਹੇ ਹਨ। ਧਰਮ ਲਈ ਸ਼ਹੀਦ ਹੋਣ ਵਾਲਾ ਸੂਰਮਾਂ ਅਖਵਾਉਂਦਾ ਹੈ।
‘ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨ ਛਾਡੈ ਖੇਤ॥
ਦਾ ਮਹਾਂਵਾਕ ਇਸ ਦੀ ਪੁਸ਼ਟੀ ਕਰਦਾ ਹੈ। ਸਿੱਖ ਹਮੇਸ਼ਾਂ ਹੀ ਦੇਸ਼ ਦੀ ਖ਼ਾਤਰ ਆਪਣਾ-ਆਪਾ ਵਾਰਨ ਲਈ ਮੋਹਰੀ ਰਹੇ ਹਨ। ਦੇਸ਼ ਦੀ ਰੱਖਿਆ ਅਤੇ ਆਜ਼ਾਦੀ ਲਈ ਬਹਾਦਰ  ਸਿੱਖ ਕੌਮ ਨੇ ਅਨੇਕਾਂ ਕੁਰਬਾਨੀਆਂ ਦੇ ਕੇ ਇਤਿਹਾਸ ਸਿਰਜਿਆ ਹੈ। ਪਰ ਸਿੱਖ ਕੌਮ ਦੀਆਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਨੂੰ ਅੱਖੋਂ-ਉਹਲੇ ਕਰਦਿਆਂ, ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਸਿੱਖਾਂ ’ਤੇ ਜੂਨ 1984 ਵਿਚ ਸਮੇਂ ਦੀ ਕੇਂਦਰ ਸਰਕਾਰ ਵੱਲੋਂ ਫ਼ੌਜੀ ਹਮਲਾ ਕਰਵਾ ਕੇ ਮਨੁੱਖੀ ਹੱਕਾਂ ਦਾ ਘਾਣ ਕਰ ਦਿੱਤਾ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਪਰ ਕੀਤੇ ਗਏ ਇਸ ਫ਼ੌਜੀ ਹਮਲੇ ਵਿਚ ਅਨੇਕਾਂ ਸਿੰਘ-ਸਿੰਘਣੀਆਂ ਅਤੇ ਮਾਸੂਮ ਬੱਚੇ ਸ਼ਹੀਦ ਹੋ ਗਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਨੂੰ ਆਈਆਂ ਸੰਗਤਾਂ ਇਸ ਕਰੂਰ ਵਰਤਾਰੇ ਦੀ ਮਾਰ ਦਾ ਹਿੱਸਾ ਬਣੀਆਂ। ਸਿੱਖ ਨਸਲਕੁਸ਼ੀ ਦੀ ਭਾਵਨਾ ਨਾਲ ਕੀਤੇ ਗਏ, ਇਸ ਹਮਲੇ ਨੇ ਵਕਤ ਦੀ ਕੇਂਦਰੀ ਸਰਕਾਰ ਦੇ ਸਿੱਖ ਵਿਰੋਧੀ ਹੋਣ ਦਾ ਪ੍ਰਗਟਾਵਾ ਕੀਤਾ।
ਜੂਨ 1984 ਦੇ ਇਸ ਘੱਲੂਘਾਰੇ ਦੌਰਾਨ ਹੋਈ ਸਿੱਖ ਨਸਲਕੁਸ਼ੀ ਅਣਮਨੁੱਖੀ ਕਹਿਰ ਦੀ ਸਿਖਰ ਵਜੋਂ ਸਿੱਖ ਮਾਨਸਿਕਤਾ ਵਿਚ ਸਦੀਵੀ ਨਿਵਾਸ ਕਰ ਗਈ। ਇਸ ਘੱਲੂਘਾਰੇ ਨੂੰ ਅੱਜ 29 ਸਾਲ ਦਾ ਸਮਾਂ ਹੋ ਚੁੱਕਿਆ ਹੈ। ਕੌਮ ਦੀ ਚਿਰੋਕਣੀ ਮੰਗ ਸੀ ਕਿ ਜੂਨ 1984 ਮੌਕੇ ਹੋਏ ਸ਼ਹੀਦਾਂ ਦੀ ਯਾਦ ਨੂੰ ਸਦੀਵੀ ਸਾਂਭਣ ਲਈ ਢੁਕਵੀਂ ਯਾਦਗਾਰ ਬਣਾਈ ਜਾਵੇ। ਯਾਦਗਾਰ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਆਗੂਆਂ ਵੱਲੋਂ ਸਮੇਂ-ਸਮੇਂ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਹਰ ਵਾਰ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਯੋਜਨਾਬੱਧ ਢੰਗ ਨਾਲ ਇਸ ਦਾ ਵਿਰੋਧ ਕੀਤਾ ਜਾਂਦਾ ਰਿਹਾ। ਪਰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੱਥੇਦਾਰ ਅਵਤਾਰ ਸਿੰਘ ਦੀ ਅਗਵਾਈ ਹੇਠ ਸਿੱਖ ਕੌਮ ਦੀ ਮੰਗ ਅਨੁਸਾਰ ਸ਼ਹੀਦੀ ਯਾਦਗਾਰ ਉਸਾਰਨ ਦਾ ਫ਼ੈਸਲਾ ਕਰ ਲਿਆ ਗਿਆ।
ਇਸ ਕੌਮੀ ਫੈਸਲੇ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਇਸ ਯਾਦਗਾਰ ਦਾ ਆਰੰਭ 20 ਮਈ 2012 ਨੂੰ ਪੰਜ ਪਿਆਰਿਆਂ ਦੇ ਰੂਪ ਵਿਚ ਕੌਮੀ ਸ਼ਖ਼ਸੀਅਤਾਂ ਵੱਲੋਂ ਟੱਕ ਲਗਾ ਕੇ ਕੀਤਾ ਗਿਆ ਅਤੇ ਇਸ ਦਾ ਨੀਂਹ ਪੱਥਰ 6 ਜੂਨ 2012 ਨੂੰ ਰੱਖਿਆ ਗਿਆ। ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦੀ ਦੇਖ-ਰੇਖ ਹੇਠ ਹੋਈ ਸੇਵਾ ਤਹਿਤ ਯਾਦਗਾਰ ਮੁਕੰਮਲ ਹੋਣ ਉਪਰੰਤ 27 ਅਪ੍ਰੈਲ 2013 ਨੂੰ ਕੌਮ ਨੂੰ ਸਮਰਪਿਤ ਕੀਤੀ ਜਾ ਰਹੀ ਹੈ। ਇਸ ਨਾਲ ਕੌਮ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ। ਇਸ ਮੌਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਕੌਮ ’ਤੇ ਵਾਪਰੇ ਘੱਲੂਘਾਰੇ ਦੀ ਯਾਦ ਵਿਚ ਉਸਾਰੀ ਗਈ ਇਸ ਯਾਦਗਾਰ ਦੇ ਕੌਮ ਨੂੰ ਸਮਰਪਣ ਹੋਣ ਸਮੇਂ ਕੌਮੀ ਇੱਕਜੁਟਤਾ ਦਾ ਪ੍ਰਗਟਾਵਾ ਕਰਨਾ ਸਾਡਾ ਫਰਜ਼ ਬਣਦਾ ਹੈ।
‘ਯਾਦਗਾਰਾਂ’ ਉਸਾਰਨ ਦਾ ਮਕਸਦ ਤਵਾਰੀਖੀ ਸੱਚ ਨੂੰ ਪ੍ਰਕਾਸ਼ਮਾਨ ਕਰਨ ਨਾਲ ਜੁੜਿਆ ਹੋਇਆ ਹੁੰਦਾ ਹੈ। ਯਾਦਗਾਰਾਂ ਕੌਮ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੌਮੀ ਵਿਰਾਸਤ ਤੋਂ ਜਾਣੂ ਕਰਾਉਂਦੀਆਂ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਜੂਨ 1984 ਵਿਚ ਹੋਏ ਹਮਲੇ ਦੇ ਯਥਾਰਥ ਨੂੰ ਕੌਮੀ ਭਵਿੱਖ ਦੀ ਮਾਨਸਿਕਤਾ ਦਾ ਹਿੱਸਾ ਬਣਾਉਣ ਲਈ ਇਸ ਦੀ ਯਾਦਗਾਰ ਬੇਹੱਦ ਅਵੱਸ਼ਕ ਹੋ ਜਾਂਦੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰੂਹਾਨੀਅਤ ਦੇ ਅਸਥਾਨ ਹਨ। ਸਮੁੱਚੀ ਮਨੁੱਖਤਾ ਨੂੰ ਰੂਹਾਨੀ ਸ਼ਕਤੀ ਦੇਣ ਵਾਲੇ ਇਸ ਪਾਵਨ ਪਵਿੱਤਰ ਅਸਥਾਨ ਤੇ ਮਨੁੱਖਤਾ ਦੇ ਦੁਸ਼ਮਣਾਂ ਵੱਲੋਂ ਆਪਣੀ ਮੰਦ ਤੇ ਬੌਣੀ ਸੋਚ ਤਹਿਤ ਸਮੇਂ-ਸਮੇਂ ’ਤੇ ਹਮਲੇ ਕੀਤੇ ਗਏ। ਇਸ ਪਾਵਨ ਅਸਥਾਨ ਦੀ ਬੇਅਦਬੀ ਕਰਨ ਵਾਲਿਆਂ ਨੂੰ ਸੋਧਣ ਵਾਲੇ ਸੂਰਮਿਆਂ ਦੀਆਂ ਯਾਦਗਾਰਾਂ ਉਸਾਰਨਾ ਸਿੱਖ ਕੌਮ ਦੀ ਪਰੰਪਰਾ ਹੈ।          ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕੌਮੀ ਇਤਿਹਾਸ ਨੂੰ ਰੂਪਮਾਨ ਕਰਨ ਲਈ ਸਮੇਂ-ਸਮੇਂ ਤੇ ਕੌਮ ਵੱਲੋਂ ਯਾਦਗਾਰਾਂ ਸਥਾਪਤ ਕੀਤੀਆਂ ਜਾਂਦੀਆਂ ਰਹੀਆਂ ਹਨ। ਸ੍ਰੀ ਦਰਬਾਰ ਸਾਹਿਬ ਅੰਦਰ ਸਥਿਤ ਗੁਰਦੁਆਰਾ ਲਾਚੀ ਬੇਰ ਸਾਹਿਬ ਜੋ ਕਿ ਪੰਚਮ ਪਾਤਸ਼ਾਹ ਜੀ ਨਾਲ ਸਬੰਧਤ ਹੈ, ਵਿਖੇ ਸਥਿਤ ਇਤਿਹਾਸਕ ਬੇਰੀ ਨਾਲ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨੇ ਪਾਪੀ ਮੱਸਾ ਰੰਘੜ ਨੂੰ ਸੋਧਣ ਸਮੇਂ ਆਪਣਾ ਘੋੜਾ ਬੰਨ੍ਹਿਆ ਸੀ। ਇਸ ਇਤਿਹਾਸਕ ਬੇਰੀ ਦੇ ਦਰਸ਼ਨ ਕਰਦਿਆਂ ਬਹਾਦਰ ਸਿੱ ਖਾਂ ਵੱਲੋਂ ਆਪਣੇ ਧਰਮ ਅਸਥਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਦਿਖਾਈ ਸੂਰਮਤਾਈ ਦੀ ਯਾਦ ਹਮੇਸ਼ਾਂ ਚੇਤਿਆਂ ਦਾ ਹਿੱਸਾ ਬਣ ਜਾਂਦੀ ਹੈ।
ਇਸੇ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਅੰਦਰ ਸਥਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਅਤੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਵੀ ਉਸ ਕੌਮੀ ਇਤਿਹਾਸ ਦਾ ਪ੍ਰਤੀਕ ਹਨ, ਜਿਸ ਅਨੁਸਾਰ ਗੁਰੂ ਦੇ ਸਿੱਦਕੀ ਸਿੱਖਾਂ ਨੇ ਗੁਰ-ਅਸਥਾਨ ਦੀ ਰਖਵਾਲੀ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ। ਇਹ ਯਾਦਗਾਰਾਂ ਸਿੱਖ ਸੰਗਤਾਂ ਲਈ ਮੁਬਾਰਕ ਹਨ ਅਤੇ ਸਿੱਖਾਂ ’ਤੇ ਹੋਏ ਅਤਿਆਚਾਰ ਦੀ ਜ਼ਬਾਨ ਹਨ। ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਸਥਾਪਤ ਕੇਂਦਰੀ ਸਿੱਖ ਅਜਾਇਬਘਰ ਵੀ ਇੱਕ ਯਾਦਗਾਰ ਦੇ ਰੂਪ ਵਿਚ ਹੀ ਸੁਸ਼ੋਭਿਤ ਹੈ। ਇਥੇ ਲਗਾਏ ਗਏ ਚਿੱਤਰਾਂ ਵਿੱਚੋਂ ਸਿੱਖ ਕੌਮ ਦੇ ਨਾਇਕਾਂ ਦੇ ਯੋਗਦਾਨ ਨੂੰ ਦੇਖਿਆ ਤੇ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਅੰਦਰ ਸਮੂਹ ਸਿੱਖ ਸ਼ਹੀਦਾਂ, ਸ਼ਹੀਦੀ ਸਾਕਿਆਂ ਅਤੇ ਕੌਮੀ ਪੱਧਰ ’ਤੇ ਨਾਮਣਾ ਖੱਟਣ ਵਾਲੀਆਂ ਮਹਾਨ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸ਼ੋਭਨੀਕ ਹਨ। ਇਸੇ ਲੜੀ ਦਾ ਹੀ ਹਿੱਸਾ ਹੁਣ ਉਸਾਰੀ ਗਈ 1984 ਦੇ ਸ਼ਹੀਦਾਂ ਦੀ ਯਾਦਗਾਰ ਹੈ। ਇਹ ਯਾਦਗਾਰ ਪੰਥਕ ਤੌਰ ’ਤੇ ਲਿਆ ਗਿਆ ਇੱਕ ਇਤਿਹਾਸਕ ਫੈਸਲਾ ਹੈ। ਇਸ ਯਾਦਗਾਰ ਨਾਲ ਸਿੱਖ ਕੌਮ ’ਤੇ ਹੋਏ ਅਣਮਨੁੱਖੀ ਹਮਲੇ ਦੀ ਯਾਦ ਕੌਮ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਵਿਚ ਆਪਣਾ ਯੋਗਦਾਨ ਪਾਵੇਗੀ। ਜ਼ਿਕਰ ਕਰਨਾ ਬਣਦਾ ਹੈ ਕਿ ਇਹ ਯਾਦਗਾਰ ਇੱਕ ਗੁਰਦੁਆਰਾ ਸਾਹਿਬ ਦੇ ਰੂਪ ਵਿਚ ਹੋਵੇਗੀ ਅਤੇ ਇਸ ਯਾਦਗਾਰੀ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ। ਸ਼ਰਧਾਲੂਆਂ ਵੱਲੋਂ ਅਖੰਡ ਪਾਠਾਂ ਦੀ ਸੇਵਾ ਵੀ ਇਸ ਯਾਦਗਾਰ ਅੰਦਰ ਚੱਲਦੀ ਰਹੇਗੀ।
ਜਾਰੀ ਕਰਤਾ: ਦਿਲਜੀਤ ਸਿੰਘ ‘ਬੇਦੀ’
ਐਡੀ. ਸਕੱਤਰ ਸ਼੍ਰੋਮਣੀ ਕਮੇਟੀ। 
ਮੋ: 98148-98570

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.