ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੰਥ ਪ੍ਰਸਤੀ ਦੇ ਭਰਮ ਹੇਠ ਗੁਰਮਤਿ ਦੇ ਵਿਰੋਧ ਵਿਚ ਭੁਗਤ ਰਹੀ ਮਾਨਸਿਕਤਾ
ਪੰਥ ਪ੍ਰਸਤੀ ਦੇ ਭਰਮ ਹੇਠ ਗੁਰਮਤਿ ਦੇ ਵਿਰੋਧ ਵਿਚ ਭੁਗਤ ਰਹੀ ਮਾਨਸਿਕਤਾ
Page Visitors: 2539

  ਪੰਥ ਪ੍ਰਸਤੀ ਦੇ ਭਰਮ ਹੇਠ ਗੁਰਮਤਿ ਦੇ ਵਿਰੋਧ ਵਿਚ ਭੁਗਤ ਰਹੀ ਮਾਨਸਿਕਤਾ :      ਇਕ ਪੜਚੋਲ
ਗੁਰਮਤਿ ‘ਬਿਬੇਕ’ ਦਾ ਰਾਹ ਹੈ, ਜਿਸ ’ਤੇ ਤੁਰਨ ਲਈ ਹਰ ਨੁਕਤੇ ਨੂੰ ਸਹਿਜ ਅਤੇ ਦਲੀਲ ਨਾਲ ਵਿਚਾਰਨ ਦੀ ਰੁਚੀ ਜ਼ਰੂਰੀ ਹੈ। ਇਸ ਰਾਹ ’ਤੇ ਤੁਰਦੇ ਹੋਏ ਵੱਡੇ ਤੋਂ ਵੱਡੇ ਕਿੰਤੂ ਨੂੰ ਵੀ ਠਰੰ੍ਹਮੇ ਨਾਲ ਵਿਚਾਰਨ ਦਾ ਮਾਦਾ ਪੈਦਾ ਕਰਨ ਦੀ ਲੋੜ ਹੈ। ਗੁਰਮਤਿ ਇਨਕਲਾਬ ਦਾ ਸਫਰ ‘ਕਿੰਤੂ’ ਤੋਂ ਹੀ ਸ਼ੁਰੂ ਹੋਇਆ ਸੀ। ਗੁਰਮਤਿ ਦੇ ਸਫਰ ਵਿਚ ਪ੍ਰਚਲਤ ਮਾਨਤਾਵਾਂ ਦੇ ਟੁੱਟ ਜਾਣ ਦੇ ਮਾਨਸਿਕ ਡਰ ਲਈ ਕੋਈ ਥਾਂ ਨਹੀਂ। ਇਸਦੇ ਵਿਪਰੀਤ ਪੁਜਾਰੀ ਪ੍ਰਵਿਰਤੀ ਦੀ ਖਾਸੀਅਤ ਇਹ ਹੈ ਕਿ ਇਹ ‘ਕਿੰਤੂਆਂ’ ਤੋਂ ਬਹੁਤ ਤ੍ਰਬਕਦੀ ਹੈ। ਪੁਜਾਰੀ ਪ੍ਰਵਿਰਤੀ ਹੇਠ ਧਰਮੀ ਹੋਣ ਦਾ ਵਹਿਮ ਤਾਂ ਪਾਲਿਆ ਜਾਂਦਾ ਹੈ, ਪਰ ਕਿਸੇ ਪ੍ਰਚਲਤ ਮਾਨਤਾ ’ਤੇ ਕੋਈ ਕਿੰਤੂ ਸਾਹਮਣੇ ਆਉਂਦੇ ਹੀ ਭੜਕਾਹਟ ਅਤੇ ਛਿੱਥਾਪਨ ਹਾਵੀ ਹੋ ਜਾਂਦਾ ਹੈ। ਬੌਖਲਾਹਟ ਦੇ ਅਸਰ ਹੇਠ ਅਵਾ-ਤਵਾ ਬੋਲਦੇ ਹੋਏ ‘ਨਾਸਤਿਕ, ਕਾਮਰੇਡ’ ਵਰਗੀ ਫਤਵੇਬਾਜ਼ੀ ਸ਼ੁਰੂ ਹੋ ਜਾਂਦੀ ਹੈ। ਪੁਜਾਰੀਅਤ ਦਾ ਇਕ ਅਹਿਮ ਲੱਛਣ ਹੈ ਕਿ ਇਸ ਦੇ ਅਸਰ ਹੇਠ ਮਨੁੱਖ ਵਿਰੋਧੀ ਵਿਚਾਰ ਵਾਲੇ ਨੂੰ ਬਦਨਾਮ ਕਰਨ ਖਾਤਰ ਉੱਚੀ- ਉੱਚੀ ਜਜ਼ਬਾਤੀ ਰੌਲਾ ਪਾਉਂਦਾ ਹੈ, ਜਿਵੇਂ ਧਰਮ ਖਤਰੇ ਵਿਚ ਹੈ, ਇਹ ਪਾਪੀ ਹੈ ਆਦਿ-ਆਦਿ।
 ਇਸ ਰੌਲੇ-ਰੱਪੇ ਦੀ ਆੜ ਹੇਠ ਗੁਰਮਤਿ ਅਨੁਸਾਰ ਉਠਾਏ ਨੁਕਤਿਆਂ ਨੂੰ ਵੱਡੀ ਚਾਲਾਕੀ ਨਾਲ ਪਿੱਛੇ ਧੱਕ ਦੇਂਦਾ ਹੈ ਅਤੇ ਇਕੋ ਇਕ ਮਕਸਦ ਵਿਰੋਧੀ ਵਿਚਾਰ ਵਾਲੇ ਨੂੰ ਬਦਨਾਮ ਅਤੇ ਲੋਕਾਂ ਨੂੰ ਗੁੰਮਰਾਹ ਕਰਨਾ ਹੁੰਦਾ ਹੈ। ਮਿਸਾਲ ਲਈ ਜਦੋਂ ਕਈ ਸਦੀਆਂ ਪਹਿਲਾਂ ਇਕ ਵਿਗਿਆਨਕ ਨੇ ਖੋਜ ਰਾਹੀਂ ਇਹ ਸਾਬਤ ਕਰ ਦਿਤਾ ਕਿ ਧਰਤੀ ਗੋਲ ਅਤੇ ਸੂਰਜ ਦੁਆਲੇ ਘੁੰਮਦੀ ਹੈ ਤਾਂ ਇਸਾਈ ਪੁਜਾਰੀਆਂ (ਪੋਪ) ਨੇ ਉਸ ਨੂੰ ਬਦਨਾਮ ਕਰਨ ਲਈ ‘ਧਰਮ ਖਤਰੇ ਵਿਚ’ ਦਾ ਜਜ਼ਬਾਤੀ ਰੌਲਾ ਪਾ ਕੇ ਲੋਕਾਂ ਨੂੰ ਭੜਕਾਇਆ ਅਤੇ ਉਸ ਨੂੰ ਮੋਤ ਦੀ ਸਜ਼ਾ ਤੱਕ ਪਹੁੰਚਾ ਦਿਤਾ। ਖੈਰ! ਹੁਣ ਸਮਾਂ ਬਦਲ ਗਿਆ ਹੈ ਅਤੇ ਸਾਰੇ ਉਸ ਵਿਗਿਆਨਕ ਦੀਆਂ ਗੱਲਾਂ ਨੂੰ ਸਿਰਮੱਥੇ ਮੰਨਦੇ ਵੀ ਹਨ। ਪੁਜਾਰੀ ਪ੍ਰਵਿਰਤੀ ਦਾ ਇਕ ਹੋਰ ਅਹਿਮ ਲੱਛਣ ‘ਸਿਧਾਂਤ ਪ੍ਰਸਤੀ’ ਦੀ ਥਾਂ ‘ਬੰਦਾ ਪ੍ਰਸਤੀ’ ਨੂੰ ਪ੍ਰਾਥਮਿਕਤਾ ਦੇਣਾ ਵੀ ਹੈ।
ਬਾਬਾ ਨਾਨਕ ਜੀ ਨੇ ਗੁਰਮਤਿ ਇਨਕਲਾਬ ਰਾਹੀਂ ਇਹ ਸੱਚ ਸਾਹਮਣੇ ਲਿਆਂਦਾ ਹੈ ਕਿ ਪ੍ਰਚਲਤ ‘ਧਰਮ’ ਮਾਤਰ ਕਰਮਕਾਂਡ ਅਤੇ ਫਿਰਕਾਪ੍ਰਸਤੀ ਹਨ। ‘ਸੱਚ ਦੇ ਗਿਆਨ ਨੂੰ ਸਮਝ ਕੇ ਉਸ ਅਨੁਸਾਰੀ ਚੰਗੇ ਕਰਮ ਕਰਨੇ’ ਹੀ ਇਕੋ ਇਕ ਅਸਲ ਧਰਮ ਹੈ ਅਤੇ “ਹਰਿ ਕੋ ਨਾਮੁ ਜਪਿ ਨਿਰਮਲ ਕਰਮੁ” ਹੀ ਇਕੋ-ਇਕ ਨਿਰਮਲ ਕਰਮ ਹੈ  । ਅਫਸੋਸ! ਸਮੇਂ ਦੇ ਗੇੜ ਨਾਲ ਬਾਬਾ ਨਾਨਕ ਜੀ ਦਾ ਪੈਰੋਕਾਰ ਹੋਣ ਦਾ ਦਾਅਵਾ ਕਰਦਾ ਸਿੱਖ ਸਮਾਜ ਆਪ ਹੀ ਹੋਰ ਪ੍ਰਚਲਿਤ ਮੱਤਾਂ ਦੇ ਅਨੁਯਾਈਆਂ ਵਾਂਗੂ ਇਕ ਕਰਮਕਾਂਡੀ ਫਿਰਕੇ ਦਾ ਰੂਪ ਧਾਰਨ ਕਰ ਗਿਆ। ਹਲਾਂਕਿ ਸੁਚੇਤ ਤਬਕੇ ਵਲੋਂ ਪੁਨਰਜਾਗਰਨ ਦੇ ਯਤਨ ਵੀ ਸਮੇਂ-ਸਮੇਂ ਹੁੰਦੇ ਰਹੇ ਪਰ ਐਸੇ ਯਤਨਾਂ ਨੂੰ ਕੇਂਦਰ ’ਤੇ ਕਾਬਜ਼ ਪੁਜਾਰੀਵਾਦੀ ਤਾਕਤਾਂ ਅਤੇ ਉਨ੍ਹਾਂ ਦੇ ਪ੍ਰਭਾਵ ਹੇਠ ਆਮ ਸਿੱਖਾਂ ਦਾ ਵੀ ਤਕੜਾ ਵਿਰੋਧ ਸਹਿਣਾ ਪਿਆ। ਵੱਡੇ ਅਫਸੋਸ ਦੀ ਗੱਲ ਇਹ ਹੈ ਕਿ ਇਸ ਸਮਾਜ ਦੇ ਜਾਗਰੂਕ ਤਬਕੇ ਵਿਚ ਵਿਚਰਨ ਦਾ ਦਾਅਵਾ ਕਰਦੇ ਕੁਝ ਸੱਜਣਾਂ ਅਤੇ ਧਿਰਾਂ ਵਿਚ ਵੀ ਜਾਣੇ/ਅਨਜਾਣੇ ਇਹ ਪੁਜਾਰੀ ਪ੍ਰਵਿਰਤੀ ਘਰ ਕਰ ਗਈ ਅਤੇ ਉਹ ਇਸ ਕਮਜ਼ੋਰੀ ਕਾਰਨ ਗੁਰਮਤਿ ਦੇ ਵਿਰੋਧ ਵਿਚ ਭੁਗਤਣਾ ਸ਼ੁਰੂ ਹੋ ਗਏ।
ਗੁਰਮਤਿ ਵਿਚਾਰ-ਚਰਚਾ ਤੋਂ ਭਗੌੜੇ ਇਨ੍ਹਾਂ ਸੱਜਣਾਂ ਦੇ ਸਾਰੇ  ਯਤਨ ਨਾਕਾਮਯਾਬ ਹੋ ਗਏ ਅਤੇ ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲਾ ਕਾਮਯਾਬੀ ਨਾਲ ਸਿਰੇ ਚੜ੍ਹ ਗਿਆ। ਇਸ ਦੇ ਨਤੀਜੇ ਵਜੋਂ ਸਾਹਮਣੇ ਆਏ ਦਸਤਾਵੇਜ਼ ‘ਗੁਰਮਤਿ ਜੀਵਨ ਸੇਧਾਂ (ਮੁੱਖ ਨੁਕਤੇ)’ ਪੁਸਤਕ ਰੂਪ ਵਿਚ 14 ਅਪ੍ਰੈਲ 2013 ਰਿਲੀਜ਼ ਕਰ ਦਿਤਾ ਗਿਆ ਅਤੇ ਇਸੇ ਸਮਾਗਮ ਵਿਚ ਇਸ ਨੂੰ ਵਿਵਹਾਰਕ ਤੌਰ ’ਤੇ ਅਪਣਾਅ ਵੀ ਲਿਆ ਗਿਆ।
ਤਿਆਰ ਦਸਤਾਵੇਜ਼ ਦੀ ਆਖਿਰੀ ਮੱਦ ਆਪਣੇ ਆਪ ਵਿਚ ਇਹ ਸਪਸ਼ਟ ਕਰਦੀ ਹੈ ਕਿ ਇਹ ਦਸਤਾਵੇਜ਼ ‘ਅੰਤਿਮ ਸੱਚ’ ਹੋਣ ਦਾ ਦਾਅਵਾ ਨਹੀਂ ਕਰਦਾ ਅਤੇ ਇਕ ਨਿਸ਼ਚਿਤ ਸਮੇਂ ਬਾਅਦ ਇਸ ਦੀ ਪੁਨਰ-ਪੜਚੋਲ ਕੀਤੀ ਜਾਂਦੀ ਰਹੇਗੀ। ਸੋ, ਜੇ ਹੁਣ ਵੀ ਕਿਸੇ ਨੂੰ ਇਸ ਵਿਚ ਕੋਈ ਨੁਕਤਾ ਗੁਰਮਤਿ ਤੋਂ ਉਲਟ ਜਾਪਦਾ ਹੈ ਤਾਂ ਉਸ ਬਾਰੇ ਠੋਸ ਦਲੀਲਾਂ ਨਾਲ ‘ਤੱਤ ਗੁਰਮਤਿ ਪਰਿਵਾਰ’ ਨੂੰ ਲਿਖਤੀ ਵਿਚਾਰ ਨੁਕਤਾਵਾਰ ਭੇਜੇ ਜਾ ਸਕਦੇ ਹਨ। ਐਸੇ ਸੁਝਾਵਾਂ/ਵਿਚਾਰਾਂ ਨੂੰ ਸਾਂਭ ਕੇ ਰੱਖਿਆ ਜਾਵੇਗਾ ਅਤੇ ਅਗਲੀ ਪੜਚੋਲ ਵਿਚ ਸ਼ਾਮਲ ਕੀਤਾ ਜਾਵੇਗਾ।
ਕੁਝ ਐਸੇ ਹੀ ਹਾਲਾਤਾਂ ਅਤੇ ਕਮਜ਼ੋਰੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਦਾ ਘਾਣ ਕੀਤਾ ਸੀ, ਜਦੋਂ ਉਸ ਨੇ ਚਾਪਲੂਸਾਂ ਦੇ ਢਹੇ ਚੜ੍ਹ ਕੇ ਸਹੀ ਅਤੇ ਗਲਤ ਦੀ ਪਛਾਣ ਕਰਨ ਦੀ ਸ਼ਕਤੀ ਗੁਆ ਲਈ ਸੀ। ਖੈਰ! ਹਰ ਕੋਈ ਆਪਣੀ ਕਰਨੀ ਲਈ ਆਪ ਜਿੰਮੇਵਾਰ ਹੈ, ਜਵਾਬਦੇਹੀ ਦੀ ਤਾਂ ਆਸ ਇਨ੍ਹਾਂ ਤੋਂ ਹੁਣ ਰਹੀ ਨਹੀਂ।
ਐਸੇ ਸੱਜਣਾਂ ਤੋਂ ਗਲਤ ਪੁਜਾਰੀਵਾਦੀ ਪਹੁੰਚ ਵਿਚ ਸੁਧਾਰ ਦੀ ਕਿਸੇ ਆਸ ਤੋਂ ਬਗੈਰ, ਇਕ ਕਵਿਤਾ ਉਨ੍ਹਾਂ ਦੀ ਪੰਥ ਪ੍ਰਸਤੀ ਦੇ ਭਰਮ ਨੂੰ ਸਮਰਪਤ ਕਰਦੇ ਹੋਏ, ਪਾਠਕਾਂ ਦੇ ਸਾਹਮਣੇ ਪੇਸ਼ ਕਰਦੇ ਹੋਏ, ਲੇਖ ਨੂੰ ਸਮੇਟਦੇ ਹਾਂ।
ਬਸ ਮੈਂ ਹੀ ਪੰਥ ਪ੍ਰਸਤ ਹਾਂ 
ਗੁਰਮਤਿ ਦੀ ਹੈ ਦਾਵੇਦਾਰੀ, ਸੰਕੀਰਨਤਾ ਤੋਂ ਤ੍ਰਸਤ ਹਾਂ।
ਬਾਕੀ ਸਾਰੇ ਸਾਕਤ ਹਨ, ਬਸ ਮੈਂ ਹੀ ਪੰਥ-ਪ੍ਰਸਤ ਹਾਂ।
‘ਸ਼ਬਦ ਗੁਰੂ’ ਦੀ ਸੇਧ ਭੁਲਾ ਕੇ, ਦੇਹਧਾਰੀ ਗੁਰੂ ਬਣਾਏ।
ਗੁਰਬਾਣੀ ਇਕ ਹੈ ਸਮਝਾਉਂਦੀ, ਅਸੀਂ 10-12 ਅਪਨਾਏ।
ਜਿਹੜਾ ਸੱਚ ਸਮਝਾਵੇ, ਕਹਾਂਗੇ ਨਾਸਤਿਕਤਾ ਤੋਂ ਗ੍ਰਸਤ ਹਾਂ।
ਬਾਕੀ ਸਾਰੇ ਸਾਕਤ ਹਨ, ਬਸ ਮੈਂ ਹੀ ਪੰਥ-ਪ੍ਰਸਤ ਹਾਂ।
‘ਗੁਰੂ ਗ੍ਰੰਥ’ ਵਿਚ ਸ਼ਰਧਾ ਅੰਨ੍ਹੀ, ਗੁਰਮਤਿ ਸਾਨੂੰ ਭਾਵੇ ਨਾ।
ਸਾਡਾ ਆਗੂ ਸਾਡੀ ਗੁਰਮਤਿ, ਹੋਰ ਕੁਝ ਸਮਝ ਆਵੇ ਨਾ ।
ਪਤੈ ਮਨਮੁਖ ਬੰਦੇ ਦਾ ਬੰਦਾ, ਫੇਰ ਵੀ ਬੰਦਾ-ਪ੍ਰਸਤ ਹਾਂ।
ਬਾਕੀ ਸਾਰੇ ਸਾਕਤ ਹਨ, ਬਸ ਮੈਂ ਹੀ ਪੰਥ-ਪ੍ਰਸਤ ਹਾਂ।
ਜਿੱਥੋਂ ਤੱਕ ਸਮਝ ਹੈ ਸਾਡੀ, ਬਸ ਉਹੀ ਅੰਤਮ ਸੱਚ ਹੈ।
ਵੱਖਰੀ ਗੱਲ ਕਰੇ ਜੇ ਕੋਈ, ਸਾਡੇ ਲਈ ਉਹ ਕੱਚ ਹੈ।
ਦਾਅਵੇ ‘ਗੁਰੂ-ਪ੍ਰਸਤੀ’ ਦੇ, ਮਾਨਸਕ ਡਰੋਂ ਗ੍ਰਸਤ ਹਾਂ।
ਬਾਕੀ ਸਾਰੇ ਸਾਕਤ ਹਨ, ਬਸ ਮੈਂ ਹੀ ਪੰਥ-ਪ੍ਰਸਤ ਹਾਂ।
ਸਾਡੇ ਆਗੂ ਨੂੰ ਛੇਕੇ ਪੁਜਾਰੀ, ਪੁਤਲੇ ਅਸੀਂ ਜਲਾਵਾਂਗੇ।
ਆਪੇ ਨਿੱਤ ਪੁਜਾਰੀ ਵਾਂਗਰ, ਰਾਗ ਬਾਈਕਾਟ ਦਾ ਗਾਵਾਂਗੇ।
‘ਸਭਨ ਮੀਤ’ ਨਹੀਂ ਸਾਨੂੰ ਭਾਉਂਦਾ, ਕਿਉਂਕਿ ਉਤਕ੍ਰਿਸ਼ਟ ਹਾਂ।
ਬਾਕੀ ਸਾਰੇ ਸਾਕਤ ਹਨ, ਬਸ ਮੈਂ ਹੀ ਪੰਥ-ਪ੍ਰਸਤ ਹਾਂ।
ਸੱਚ ਦੀ ਰਾਹ ’ਤੇ ਤੁਰਨਾ ਹੀ ਇਕ, ਬਾਬੇ ਮੂਲ ਵਿਸ਼ਵਾਸ ਸਮਝਾਇਆ।
ਭਗੌਤੀ, ਤਖਤ, ਫਿਰਕਾਪ੍ਰਸਤੀ ਆਦਿ, ਅਸੀਂ ਮੂਲ ਵਿਸ਼ਵਾਸ ਬਣਾਇਆ।
ਮਾਨਤਾਵਾਂ ਦੇ ਗੁਲਾਮ ਬਣ ਗਏ, ਸੱਚ ਤੋਂ ਡਾਢੇ ਪਸਤ ਹਾਂ।
ਬਾਕੀ ਸਾਰੇ ਸਾਕਤ ਹਨ, ਬਸ ਮੈਂ ਹੀ ਪੰਥ-ਪ੍ਰਸਤ ਹਾਂ।
ਬਾਬੇ ਸਹਿਜ ਵਿਚਾਰ ਸਿਖਾਈ, ਸਾਨੂੰ ਮੂਲੋਂ ਭਾਵੇ ਨਾ।
ਗੱਲ ਖਰੀ ਗੁਰਮਤਿ ਦੀ ਕੋਈ, ਸਾਡਾ ਦਿਲ ਅਪਨਾਵੇ ਨਾ।
ਵਿਚਾਰ-ਚਰਚਾ ਲਈ ਸਮਾਂ ਨਹੀਂ, ਪ੍ਰਾਪੇਗੰਡੇ ’ਚ ਵਿਅਸਤ ਹਾਂ।
ਬਾਕੀ ਸਾਰੇ ਸਾਕਤ ਹਨ, ਬਸ ਮੈਂ ਹੀ ਪੰਥ-ਪ੍ਰਸਤ ਹਾਂ।
ਭੰਡੀ ਕਰੇ ਵਿਰੋਧੀ ਦੀ ਕੋਈ, ਉਸਨੂੰ ਵੀ ਪੰਥ-ਪ੍ਰਸਤ ਦਰਸਾਉਣਾ।
ਉਂਗਲ ਕਰੇ ਸਾਡੇ ਆਗੂ ਵੱਲ? ਫੇਰ ਨਹੀਂ ਉਹ ਸਾਨੂੰ ਭਾਉਣਾ।
ਆਗੂ ‘ਗੁਰੂ’ ਬਣਾ ਕੇ ਰੱਖਣਾ, ਮੰਨਣਾ ਨਹੀਂ ਬੰਦਾ-ਪ੍ਰਸਤ ਹਾਂ।
ਬਾਕੀ ਸਾਰੇ ਸਾਕਤ ਹਨ, ਬਸ ਮੈਂ ਹੀ ਪੰਥ-ਪ੍ਰਸਤ ਹਾਂ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
26/04/13
(ਸੰਪਾਦਕੀ ਨੋਟ :- ਵਿਗਿਆਨ ਅੰਤਮ ਸਚ ਨਹੀ , ਅੰਤਮ ਸਚ ਪਰਮਾਤਮਾ ਦਾ ਹੁਕਮ , ਗੁਰਬਾਣੀ ਹੈ [ ਵਾਰ –ਵਾਰ ਇਹ ਲਿਖਣਾ ਕਿ ਇਹ ਅੰਤਮ ਸਚ ਨਹੀ , ਇਹ ਸਾਬਤ ਕਰਦਾ ਹੈ ਕਿ ਰਹਿਤ-ਮਰਯਾਦਾ ਦੀ ਪੜਚੋਲ ਦਾ ਆਧਾਰ , ਗੁਰਬਾਣੀ ਨਹੀ ਵਿਗਿਆਨ ਹੈ !  ਜਦ ਤਕ ‘ਗੁਰਮਤਿ ਜੀਵਨ ਸੇਧਾਂ (ਮੁੱਖ ਨੁਕਤੇ)’ ਪੁਸਤਕ , ਲੋਕਾਂ ਦੇ ਹਥ ਵਿਚ ਨਹੀ ਆਓਂਦੀ , ਤਦ ਤਕ ਉਸ ਬਾਰੇ ਕੀ ਕਿਹਾ ਜਾ ਸਕਦਾ ਹੈ ? ਹਰ ਗਲ ਨੂ ਦਲੀਲ ਨਾਲ ਵਿਚਾਰਨ ਦੀ ਰੁਚੀ ਜ਼ਰੂਰੀ ਨਹੀ , ਬਲਕਿ ਗੁਰਮਤਿ ਦੀ ਕਸਵਟੀ ਤੇ ਲਾ ਕੇ ਵਿਚਾਰਨ ਦੀ ਰੁਚੀ ਜ਼ਰੂਰੀ ਹੈ ! ਆਖਰੀ ਕਵਿਤਾ ਸਭ ਤੇ ਇਕ ਸਮਾਨ ਲਾਗੂ ਹੁੰਦੀ ਹੈ ! )

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.