ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕੈਂਚੀ ਨੂੰ ਨਿੰਦਣ ਵਾਲਿਆਂ ਨੂੰ ਸਮਝਣ ਦੀ ਲੋੜ ਹੈ
ਕੈਂਚੀ ਨੂੰ ਨਿੰਦਣ ਵਾਲਿਆਂ ਨੂੰ ਸਮਝਣ ਦੀ ਲੋੜ ਹੈ
Page Visitors: 2461

     ਕੈਂਚੀ ਨੂੰ ਨਿੰਦਣ ਵਾਲਿਆਂ ਨੂੰ ਸਮਝਣ ਦੀ ਲੋੜ ਹੈ ਕਿ
                    ਕੈਂਚੀ ਤੋਂ ਬਿਨਾਂ ਸੁੰਦਰ ਬਸਤਰ ਸੀਤੇ ਵੀ ਨਹੀਂ ਜਾ ਸਕਦੇ:
  ਗਿਆਨੀ ਹਰਿਭਜਨ ਸਿੰਘ
ਕੈਂਚੀ ਪੈਰਾਂ ਰਹਿੰਦੀ ਹੈ ਤਾਂ ਉਹ ਆਪਣੇ ਮਾਲਕ ਦੇ ਪੈਰਾਂ ਵਿੱਚ ਹੀ ਹੈ ਨਾ
ਬਠਿੰਡਾ, ੨੭ ਅਪ੍ਰੈਲ (ਕਿਰਪਾਲ ਸਿੰਘ): ਕੈਂਚੀ ਨੂੰ ਨਿੰਦਣ ਵਾਲਿਆਂ ਨੂੰ ਇਹ ਸਮਝਣ ਦੀ ਭਾਰੀ ਲੋੜ ਹੈ ਕਿ ਕੈਂਚੀ ਤੋਂ ਬਿਨਾਂ ਸੁੰਦਰ ਬਸਤਰ ਸੀਤੇ ਵੀ ਨਹੀਂ ਜਾ ਸਕਦੇ। ਇਹ ਸ਼ਬਦ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਭਲਿਆਣ (ਰੋਪੜ) ਦੇ ਬਠਿੰਡਾ ਸਰਕਲ ਵਲੋਂ ਇੱਥੇ ਕਰਵਾਏ ਜਾ ਰਹੇ ਸਲਾਨਾ ਪ੍ਰੋਗਰਾਮ ਦੌਰਾਨ ਭਾਈ ਸੱਜਣ ਸਿੰਘ ਦੇ ਘਰ ਅੱਜ ਸਵੇਰ ਦੇ ਦੀਵਾਨ ਵਿੱਚ ਵਾਈਸ ਪ੍ਰਿੰਸੀਪਲ ਗਿਆਨੀ ਹਰਿਭਜਨ ਸਿੰਘ ਨੇ ਕਹੇ। ਉਨ੍ਹਾਂ ਕਿਹਾ ਧਾਰਮਿਕ ਸਮਾਗਮਾਂ ਵਿੱਚ ਪ੍ਰਚਾਰਕ ਆਮ ਤੌਰ 'ਤੇ ਇਹ ਗੱਲ ਬੜੇ ਦਾਅਵੇ ਨਾਲ ਕਹਿੰਦੇ ਹਨ ਕਿ ਵੇਖੋ ਜੀ ਕੈਂਚੀ ਕੱਟਣ ਦਾ ਕੰਮ ਕਰਦੀ ਹੈ ਜਦੋਂ ਕਿ ਸੂਈ ਜੋੜਨ ਦਾ ਕੰਮ ਕਰਦੀ ਹੈ, ਇਸੇ ਲਈ ਦਰਜੀ ਸੂਈ ਨੂੰ ਸਨਮਾਨ ਨਾਲ ਆਪਣੇ ਸਿਰ 'ਚ ਟੰਗ ਕੇ ਰਖਦੇ ਹਨ ਤੇ ਕੈਂਚੀ ਨੂੰ ਆਪਣੇ ਪੈਰਾਂ ਹੇਠ ਰੱਖਦੇ ਹਨ। ਧਰਮ ਤੋੜਨਾ ਨਹੀਂ ਜੋੜਨਾ ਸਿਖਾਉਂਦਾ ਹੈ ਇਸ ਲਈ ਸਾਨੂੰ ਕੈਂਚੀ ਬਣ ਕੇ ਕੱਟਣਾ ਨਹੀਂ ਚਾਹੀਦਾ ਸਗੋਂ ਸੂਈ ਵਾਂਗ ਜੋੜਨ ਦਾ ਕੰਮ ਕਰਨਾ ਚਾਹੀਦਾ ਹੈ। ਗਿਆਨੀ ਹਰਿਭਜਨ ਸਿੰਘ ਨੇ ਕਿਹਾ ਇਹ ਉਦਾਹਰਣ ਧਾਰਮਕ ਖੇਤਰ ਵਿੱਚ ਬਿਲਕੁਲ ਹੀ ਢੁਕਦੀ ਨਹੀਂ ਕਿਉਂਕਿ ਜਿਵੇਂ ਕੇਵਲ ਸੂਈ ਸਾਡੇ ਪਹਿਨਣ ਲਈ ਸੁੰਦਰ ਬਸਤਰ ਸਿਊਣ ਦਾ ਕੰਮ ਨਹੀਂ ਕਰ ਸਕਦੀ। ਦੁਕਾਨ ਤੋਂ ਕਪੜਾ ਲੈਣ ਸਮੇਂ ਸਭ ਤੋਂ ਪਹਿਲਾਂ ਉਸ ਨੂੰ ਕੈਂਚੀ ਨਾਲ ਕੱਟਣਾ ਪਏਗਾ। ਫਿਰ ਦਰਜੀ ਸਾਡੇ ਮਾਪ ਅਤੇ ਪਸੰਦ ਦੀ ਡਿਜ਼ਾਇਨ ਮੁਤਾਬਕ ਕਪੜੇ ਨੂੰ ਕੱਟੇਗਾ ਤਾਂ ਹੀ ਸੂਈ ਸਿਊਣ ਦਾ ਕੰਮ ਕਰ ਸਕੇਗੀ। ਸੋ ਸਪਸ਼ਟ ਹੈ ਕਿ ਕੈਂਚੀ ਤੋਂ ਬਿਨਾਂ ਸੁੰਦਰ ਬਸਤਰ ਸੀਤੇ ਨਹੀਂ ਜਾ ਸਕਦੇ। ਠੀਕ ਇਸੇ ਤਰ੍ਹਾਂ ਧਰਮ ਧਾਰਣ ਕਰਨ ਸਮੇਂ ਤੋੜਨ ਅਤੇ ਜੋੜਨ ਦੇ ਦੋਵੇਂ ਕੰਮ ਨਾਲੋ ਨਾਲ ਚੱਲਦੇ ਹਨ।  ਗੁਰਮਤਿ ਧਾਰਣ ਕਰਨ ਤੋਂ ਪਹਿਲਾਂ ਮਨ ਵਿੱਚੋਂ ਦੁਰਮਤਿ ਅਤੇ ਮਨਮਤਿ ਕੱਟ ਕੇ ਬਾਹਰ ਸੁੱਟਣੀ ਪਏਗੀ।  ਅਵਗੁਣ ਛੱਡ ਕੇ ਸ਼ੁਭਗੁਣ ਧਾਰਨ ਕਰਨੇ ਹਨ:
 'ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ ॥' (ਸੋਰਠਿ ਮ: ੧, ਗੁਰੂ ਗ੍ਰੰਥ ਸਾਹਿਬ - ਪੰਨਾ ੫੯੮)  
 'ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ॥੩॥  ………  ਤੁਮਰੇ ਭਜਨ ਕਟਹਿ ਜਮ ਫਾਂਸਾ ॥' (ਸੋਰਠਿ ਭਗਤ ਰਵਿਦਾਸ ਜੀਉ, ਗੁਰੂ ਗ੍ਰੰਥ ਸਾਹਿਬ - ਪੰਨਾ ੬੫੯)
 ਕੱਚੇ ਪਿਲਿਆਂ ਨਾਲ ਤੋੜ ਕੇ ਗੁਰਮੁਖ ਸੰਤ ਜਨਾ ਦੀ ਭਾਲ ਵੀ ਕਰਨੀ ਬਣਦੀ ਹੈ: 
 'ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥'  {ਮਾਰੂ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ ਪੰਨਾ ੧੧੦੨}
ਬੁੱਤਘਾੜੇ ਦੇ ਹੱਥ ਵਿੱਚ ਛੈਣੀ ਹਥੌੜਾ ਹੋਵੇਗਾ ਤਾਂ ਹੀ ਵਿੰਗੇ ਟੇਡ੍ਹੇ ਪੱਥਰ 'ਚੋਂ ਇੱਕ ਚੰਗਾ ਬੁੱਤ ਘੜ ਸਕਦਾ ਹੈ। ਸੁਨਿਆਰੇ ਨੂੰ ਸੋਨੇ ਦੇ ਸੁੰਦਰ ਗਹਿਣੇ ਬਣਾਉਣ ਲਈ ਹਥੌੜੇ ਦੀ ਲੋੜ ਹੈ। ਤਰਖਾਣ ਦੇ ਹੱਥ ਵਿੱਚ ਆਰੀ ਟੇਸਾ ਹੋਵੇਗਾ ਤਾਂ ਹੀ ਵਿੰਗ ਤੜਿੰਗੀ ਲਕੜ 'ਚੋਂ ਕੱਟ ਕੇ ਤਰਾਸ ਕੇ ਉਸ ਦਾ ਸੋਹਣਾ ਫਰਨੀਚਰ ਤੇ ਸਾਡੀਆਂ ਇਮਾਰਤਾਂ ਲਈ ਸੁੰਦਰ ਦਰਵਾਜੇ ਖਿੜਕੀਆਂ ਬਣਾ ਸਕਦਾ ਹੈ। ਹੁਣ ਜੇ ਕੋਈ ਕਹੇ ਨਹੀਂ ਜੀ ਕੈਂਚੀ, ਆਰੀ, ਟੇਸਾ, ਛੈਣੀ ਆਦਿਕ ਕੱਟਣ ਦਾ ਕੰਮ ਕਰਦੇ ਹਨ; ਹਥੌੜਾ ਚੋਟ ਮਾਰਦਾ ਹੈ, ਇਸ ਲਈ ਇਹ ਨਹੀਂ ਹੋਣੇ ਚਾਹੀਦੇ ਤਾਂ ਸੋਚੋ ਇਹ ਕਾਰੀਗਰ ਆਪਣਾ ਕੰਮ ਕਿਸ ਤਰ੍ਹਾਂ ਕਰਨਗੇ? ਸਿਰਫ ਲੋੜ ਹੈ ਇਨ੍ਹਾਂ ਔਜਾਰਾਂ ਦੀ ਯੋਗ ਵਰਤੋਂ ਕਰਨ ਦੀ। ਇਸੇ ਤਰ੍ਹਾਂ ਅਕਾਲ ਪੁਰਖ਼ ਨਾਲ ਜੁੜਨ ਦਾ ਲਾਭ ਇਹੀ ਹੈ ਕਿ ਜਮਾਂ ਦੀ ਫਾਂਸੀ ਕੱਟੀ ਜਾਂਦੀ ਹੈ ਜਿਸ ਲਈ ਜਿਹਬਾ ਰੂਪੀ ਕੈਂਚੀ ਅਤੇ ਗੁਰੂ ਦਾ ਗਿਆਨ ਰੂਪੀ ਹਥੌੜਾ ਵੀ ਜਰੂਰੀ ਹੈ: 
'ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ ॥ ਮਪਿ ਮਪਿ ਕਾਟਉ ਜਮ ਕੀ ਫਾਸੀ ॥੧॥' (ਆਸਾ ਭਗਤ ਨਾਮਦੇਵ ਜੀ, ਗੁਰੂ ਗ੍ਰੰਥ ਸਾਹਿਬ - ਪੰਨਾ ੪੮੫)। 
 'ਅਹਰਣਿ ਮਤਿ ਵੇਦੁ ਹਥੀਆਰੁ ॥'  {ਜਪੁ (ਮ: ੧) ਗੁਰੂ ਗ੍ਰੰਥ ਸਾਹਿਬ - ਪੰਨਾ ੮}  
ਗਿਆਨੀ ਹਰਿਭਜਨ ਸਿੰਘ ਨੇ ਕਿਹਾ ਦਰਜੀ ਵੱਲੋਂ ਸੂਈ ਸਿਰ ਵਿੱਚ ਅਤੇ ਕੈਂਚੀ ਨੂੰ ਪੈਰਾਂ ਹੇਠ ਰੱਖਣ ਨੂੰ ਜੇ ਆਪਾਂ ਦੂਸਰੇ ਢੰਗ ਨਾਲ ਵੇਖੀਏ ਕਿ ਜੇ ਕੈਂਚੀ ਪੈਰਾਂ ਰਹਿੰਦੀ ਹੈ ਤਾਂ ਰਹਿੰਦੀ ਤਾਂ ਉਹ ਆਪਣੇ ਮਾਲਕ ਦੇ ਪੈਰਾਂ ਵਿੱਚ ਹੀ ਹੈ ਨਾ। ਸੇਵਕ ਦਾ ਆਪਣੇ ਮਾਲਕ ਦੇ ਚਰਨਾ ਵਿੱਚ ਰਹਿਣਾ ਨਿਮ੍ਰਤਾ ਦੀ ਨਿਸ਼ਾਨੀ ਹੈ ਜਦੋਂ ਕਿ ਸਿਰ ਚੜ੍ਹ ਕੇ ਰਹਿਣਾ ਹੰਕਾਰ ਦੀ ਨਿਸ਼ਾਨੀ ਹੈ। ਸਿੱਖ ਨੇ ਵੀ ਨਿਮ੍ਰਤਾ ਸਹਿਤ ਆਪਣੇ ਗੁਰੂ ਦੇ ਚਰਨਾਂ 'ਚ ਹੀ ਰਹਿਣਾ ਹੈ ਤਾਂ ਉਸ ਨੂੰ ਇਹ ਗੁਣ ਕੈਂਚੀ ਤੋਂ ਹੀ ਧਾਰਨ ਕਰਨਾ ਪਏਗਾ ਤੇ ਉਸ ਦੇ ਹੁਕਮ ਹੇਠ ਸਾਰੇ ਅਵਗੁਣ, ਦੁਰਮਤਿ, ਮਨਮਤਿ ਅਤੇ ਭਰਮ ਆਦਿਕ ਕੱਟ ਸੁੱਟਣੇ ਚਾਹੀਦੇ ਹਨ। ਜੇ ਇਹ ਕੱਟਣ ਨਾਲ ਕਿਸੇ ਦਾ ਦਿੱਲ ਦੁਖਦਾ ਹੈ ਜਾਂ ਚੋਟ ਪਹੁੰਚਦੀ ਹੈ ਤਾਂ ਕੋਈ ਕੀ ਕਰ ਸਕਦਾ ਹੈ? 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.