ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਜਿਸ ਤਰ੍ਹਾਂ ਪਤੀ ਪਤਨੀ ਦਾ ਰਿਸ਼ਤਾ ਅਨੰਦਕਾਰਜ ਦੀ ਮਰਿਆਦਾ ਨਿਭਾਉਣ ਪਿੱਛੋਂ ਹੀ ਜੁੜਦਾ ਹੈ
ਜਿਸ ਤਰ੍ਹਾਂ ਪਤੀ ਪਤਨੀ ਦਾ ਰਿਸ਼ਤਾ ਅਨੰਦਕਾਰਜ ਦੀ ਮਰਿਆਦਾ ਨਿਭਾਉਣ ਪਿੱਛੋਂ ਹੀ ਜੁੜਦਾ ਹੈ
Page Visitors: 2510

ਜਿਸ ਤਰ੍ਹਾਂ ਪਤੀ ਪਤਨੀ ਦਾ ਰਿਸ਼ਤਾ ਅਨੰਦਕਾਰਜ ਦੀ ਮਰਿਆਦਾ ਨਿਭਾਉਣ ਪਿੱਛੋਂ ਹੀ ਜੁੜਦਾ ਹੈ
         ਇਸੇ ਤਰ੍ਹਾਂ ਗੁਰੂ ਨਾਲ ਰਿਸ਼ਤਾ ਅੰਮ੍ਰਿਤ ਛਕਣ ਬਾਅਦ ਹੀ ਬਣਦਾ ਹੈ:
ਦਲਬੀਰ ਸਿੰਘ
 ਬਠਿੰਡਾ, ੧੮ ਅਪ੍ਰੈਲ (ਕਿਰਪਾਲ ਸਿੰਘ) : ਜਿਸ ਤਰ੍ਹਾਂ ਪਤੀ ਪਤਨੀ ਦਾ ਰਿਸ਼ਤਾ ਅਨੰਦਕਾਰਜ ਦੀ ਮਰਿਆਦਾ ਨਿਭਾਉਣ ਪਿੱਛੋਂ ਹੀ ਜੁੜਦਾ ਹੈ ਇਸੇ ਤਰ੍ਹਾਂ ਗੁਰੂ ਨਾਲ ਰਿਸ਼ਤਾ ਅੰਮ੍ਰਿਤ ਛਕਣ ਬਾਅਦ ਹੀ ਬਣਦਾ ਹੈ। ਇਹ ਸ਼ਬਦ ਸ: ਦਲਬੀਰ ਸਿੰਘ ਐੱਮਐੱਸਸੀ, ਫਰੀਦਾਬਾਦ ਨੇ ਅੱਜ ਸਵੇਰੇ ਇੱਥੇ ਇੱਕ ਗੁਰਮਤਿ ਸਮਾਗਮ ਵਿੱਚ ਬੋਲਦਿਆਂ ਕਹੇ। ਉਹ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਭਲਿਆਣ (ਰੋਪੜ) ਦੇ ਬਠਿੰਡਾ ਸਰਕਲ ਵੱਲੋਂ ਇੱਥੇ ਕਰਵਾਏ ਜਾ ਰਹੇ ਸਾਲਾਨਾ ਸਮਾਗਮ ਦੌਰਾਨ ਭਾਈ ਸੱਜਨ ਸਿੰਘ ਦੇ ਘਰ ਕੀਤੇ ਗਏ ਸਮਾਗਮ ਵਿੱਚ ਬੋਲ ਰਹੇ ਸਨ। ਉਨ੍ਹਾਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ੁਦ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਣ ਦੀ ਘਟਨਾ ਸਿੱਧ ਕਰਦੀ ਹੈ ਕਿ ਹਰ ਸਿੱਖ ਲਈ ਅੰਮ੍ਰਿਤ ਛਕਣਾ ਜਰੂਰੀ ਹੈ। ਪਰ ਇਸ ਦੇ ਬਾਵਯੂਦ ਮਨ ਅੰਮ੍ਰਿਤ ਛਕਣ ਤੋਂ ਆਕੀ ਕਿਉਂ ਹੈ ਤੇ ਉਹ ਕਿਸ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਸ: ਦਲਬੀਰ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ ੧੧੬੧ 'ਤੇ ਭੈਰਉ ਰਾਗੁ ਵਿੱਚ ਕਬੀਰ ਸਾਹਿਬ ਜੀ ਉਚਾਰਣ ਕੀਤੇ ਸ਼ਬਦ: 
 'ਕਿਉ ਲੀਜੈ ਗਢੁ ਬੰਕਾ ਭਾਈ ॥ ਦੋਵਰ ਕੋਟ ਅਰੁ ਤੇਵਰ ਖਾਈ ॥੧॥ ਰਹਾਉ ॥'
ਦਾ ਸਹਾਰਾ ਲਿਆ। ਇਸ ਸ਼ਬਦ ਦੇ ਇਸ ਰਹਾਉ ਦੇ ਬੰਦ ਦੀ ਵੀਚਾਰ ਕਰਦਿਆਂ ਉਨ੍ਹਾਂ ਕਿਹਾ ਕਿ ਕਬੀਰ ਸਾਹਿਬ ਜੀ ਨੇ ਇਹ ਭੇਦ ਦੀ ਗੱਲ ਦੱਸੀ ਹੈ ਕਿ ਮਨ ਦੇ ਦੁਆਲੇ ਦ੍ਵੈਤ ਦੀ ਦੋਹਰੀ ਫ਼ਸੀਲ ਤੇ  ਤਿੰਨ ਗੁਣਾਂ ਦੀ ਤੇਹਰੀ ਖਾਈ ਹੈ। ਇਸ ਲਈ ਉਸ ਨੂੰ ਕਾਬੂ ਕਰਨਾ ਭਾਵ ਮਨ ਦੇ ਇਸ ਕਿਲੇ ਨੂੰ ਢਾਹੁਣਾ ਬਹੁਤ ਹੀ ਕਠਨ ਹੈ ॥  'ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ॥ 
 ਚਉਥੇ ਪਦ ਕਉ ਜੋ ਨਰੁ ਚੀਨੈ ਤਿਨਹੀ ਪਰਮ ਪਦੁ ਪਾਇਆ ॥੨॥' (ਕੇਦਾਰਾ ਭਗਤ ਕਬੀਰ ਜੀ, ਗੁਰੂ ਗ੍ਰੰਥ ਸਾਹਿਬ – ਪੰਨਾ ੧੧੨੩)।,
ਜਿਨਾਂ ਚਿਰ ਕੋਈ ਤਮੋ ਗੁਣ ਵਿਚ ਹਨ, ਕੋਈ ਸਤੋ ਗੁਣ ਵਿਚ ਹਨ ਓਨਾਂ ਚਿਰ ਉਸ ਦੇ ਮਨ ਵਿੱਚ ਪ੍ਰਭੂ ਮਿਲਾਪ ਦਾ ਚਾਅ ਨਹੀਂ ਉਪਜਦਾ। ਜਦ ਤੱਕ ਜੀਵ ਦੇ ਮਨ ਵਿੱਚ ਪ੍ਰਭੂ ਮਿਲਾਪ ਦਾ ਚਾਅ ਨਹੀਂ ਉਪਜਦਾ ਓਨਾ ਚਿਰ ਉਸ ਨੂੰ ਗੁਰੂ ਦੀ ਲੋੜ ਹੀ ਨਹੀਂ ਭਾਸਦੀ। ਪਰ (ਜੀਵਾਂ ਦੇ ਕੀਹ ਵੱਸ?) ਇਹ ਸਭ ਕੁਝ, ਹੇ ਪ੍ਰਭੂ! ਤੇਰੀ ਮਾਇਆ ਹੀ ਕਹੀ ਜਾ ਸਕਦੀ ਹੈ। ਜੋ ਮਨੁੱਖ (ਇਹਨਾਂ ਤੋਂ ਉਤਾਂਹ) ਚੌਥੀ ਅਵਸਥਾ (ਪ੍ਰਭੂ-ਮਿਲਾਪ) ਨਾਲ ਜਾਣ-ਪਛਾਣ ਕਰਦਾ ਹੈ, ਉਸੇ ਨੂੰ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ ॥੨॥
'ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ ॥ ਜਨ ਗਰੀਬ ਕੋ ਜੋਰੁ ਨ ਪਹੁਚੈ ਕਹਾ ਕਰਉ ਰਘੁਰਾਇਆ ॥੧॥'
ਹੇ ਭਾਈ! ਇਹ (ਸਰੀਰ-ਰੂਪ) ਪੱਕਾ ਕਿਲ੍ਹਾ ਕਾਬੂ ਕਰਨਾ ਬਹੁਤ ਔਖਾ ਹੈ। ਇਸ ਦਵੈਤ ਅਤੇ ਰਜੋ ਤਮੋ ਸਤੋ ਗੁਣਾਂ ਦੇ ਕਾਰਣ ਬਲ ਵਾਲੀ ਮਾਇਆ ਦਾ ਆਸਰਾ ਲੈ ਕੇ ਇਸ ਮਨ ਕੋਲ ਪੰਜ ਕਾਮਾਦਿਕ, ਪੰਝੀ ਤੱਤ, ਮੋਹ, ਅਹੰਕਾਰ, ਈਰਖਾ (ਦੀ ਫ਼ੌਜ ਲੜਨ ਨੂੰ ਤਿਆਰ ਹੈ)। (ਦੱਸ,) ਮੈਂ ਕੀਹ ਕਰਾਂ? ॥੧॥ 
 'ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨੁ ਦਰਵਾਜਾ ॥ ਕ੍ਰੋਧੁ ਪ੍ਰਧਾਨੁ ਮਹਾ ਬਡ ਦੁੰਦਰ ਤਹ ਮਨੁ ਮਾਵਾਸੀ ਰਾਜਾ ॥੨॥
'  ਕਾਮ (ਇਸ ਕਿਲ੍ਹੇ ਦੇ) ਬੂਹੇ ਦਾ ਮਾਲਕ ਹੈ, ਦੁੱਖ ਤੇ ਸੁੱਖ ਇਸ ਦੇ ਪਹਿਰੇਦਾਰ ਹਨ, ਪਾਪ ਤੇ ਪੁੰਨ (ਕਿਲ੍ਹੇ ਦੇ) ਦਰਵਾਜ਼ੇ ਹਨ, ਬੜਾ ਲੜਾਕਾ ਕ੍ਰੋਧ (ਕਿਲ੍ਹੇ ਦਾ) ਚੌਧਰੀ ਹੈ। ਅਜਿਹੇ ਕਿਲ੍ਹੇ ਵਿਚ ਮਨ ਰਾਜਾ ਆਕੀ ਹੋ ਕੇ ਬੈਠਾ ਹੈ ॥੨॥
'ਸ੍ਵਾਦ ਸਨਾਹ ਟੋਪੁ ਮਮਤਾ ਕੋ ਕੁਬੁਧਿ ਕਮਾਨ ਚਢਾਈ ॥ ਤਿਸਨਾ ਤੀਰ ਰਹੇ ਘਟ ਭੀਤਰਿ ਇਉ ਗਢੁ ਲੀਓ ਨ ਜਾਈ ॥੩॥
'  (ਜੀਭ ਦੇ) ਚਸਕੇ (ਮਨ-ਰਾਜੇ ਨੇ) ਸੰਜੋਅ (ਪਹਿਨੀ ਹੋਈ ਹੈ), ਮਮਤਾ ਦਾ ਟੋਪ (ਪਾਇਆ ਹੋਇਆ ਹੈ), ਭੈੜੀ ਮੱਤ ਦੀ ਕਮਾਨ ਕੱਸੀ ਹੋਈ ਹੈ, ਤ੍ਰਿਸ਼ਨਾ ਦੇ ਤੀਰ ਅੰਦਰ ਹੀ ਅੰਦਰ ਕੱਸੇ ਹੋਏ ਹਨ। ਅਜਿਹਾ ਕਿਲ੍ਹਾ (ਮੈਥੋਂ) ਜਿੱਤਿਆ ਨਹੀਂ ਜਾ ਸਕਦਾ ॥੩॥
 ਇਸ ਅਜਿੱਤ ਮਨ ਨੂੰ ਕਾਬੂ ਕਰਨ ਲਈ ਕਬੀਰ ਸਾਹਿਬ ਜੀ ਅਗਲੇ ਬੰਦਾਂ ਵਿੱਚ ਇਸ ਦਾ ਤਰੀਕਾ ਸਮਝਾਉਂਦੇ ਹੋਏ ਦਸਦੇ ਹਨ:
'ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ ॥ ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ ਸਿਝਾਇਆ ॥੪॥
'  (ਪਰ ਜਦੋਂ ਮੈਂ ਪ੍ਰਭੂ-ਚਰਨਾਂ ਦੇ) ਪ੍ਰੇਮ ਦਾ ਪਲੀਤਾ ਲਾਇਆ, (ਪ੍ਰਭੂ-ਚਰਨਾਂ ਵਿਚ ਜੁੜੀ) ਸੁਰਤ ਨੂੰ ਹਵਾਈ ਬਣਾਇਆ, (ਗੁਰੂ ਦੇ ਬਖ਼ਸ਼ੇ) ਗਿਆਨ ਦਾ ਗੋਲਾ ਚਲਾਇਆ, ਸਹਿਜ ਅਵਸਥਾ ਵਿਚ ਅੱਪੜ ਕੇ ਅੰਦਰ ਰੱਬੀ-ਜੋਤ ਜਗਾਈ, ਤਾਂ ਇੱਕੋ ਹੀ ਸੱਟ ਨਾਲ ਕਾਮਯਾਬੀ ਹੋ ਗਈ ॥੪॥
 'ਸਤੁ ਸੰਤੋਖੁ ਲੈ ਲਰਨੇ ਲਾਗਾ ਤੋਰੇ ਦੁਇ ਦਰਵਾਜਾ ॥ ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ ਪਕਰਿਓ ਗਢ ਕੋ ਰਾਜਾ ॥੫॥
' ਸਤ ਤੇ ਸੰਤੋਖ ਲੈ ਕੇ ਮੈਂ (ਉਸ ਫ਼ੌਜ ਦੇ ਟਾਕਰੇ ਤੇ) ਲੜਨ ਲੱਗ ਪਿਆ, ਦੋਵੇਂ ਦਰਵਾਜ਼ੇ ਮੈਂ ਭੰਨ ਲਏ, ਸਤਿਗੁਰੂ ਤੇ ਸਤਸੰਗ ਦੀ ਮਿਹਰ ਨਾਲ ਮੈਂ ਕਿਲ੍ਹੇ ਦਾ (ਆਕੀ) ਰਾਜਾ ਫੜ ਲਿਆ ॥੫॥  
'ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ ॥  ਦਾਸੁ ਕਮੀਰੁ ਚੜਿਓ ਗੜ ਊਪਰਿ ਰਾਜੁ ਲੀਓ ਅਬਿਨਾਸੀ ॥੬॥੯॥੧੭॥
' ਸਤਸੰਗ ਤੇ ਸਿਮਰਨ ਦੇ ਬਲ ਨਾਲ ਮੈਂ ਕਾਲ ਦੀ ਫਾਹੀ, ਦੁਨੀਆ ਦੇ ਡਰਾਂ ਦੀ ਫਾਹੀ, ਵੱਢ ਲਈ ਹੈ। ਪ੍ਰਭੂ ਦਾ ਦਾਸ ਕਬੀਰ ਹੁਣ ਕਿਲ੍ਹੇ ਦੇ ਉੱਪਰ ਚੜ੍ਹ ਬੈਠਾ ਹੈ (ਸਰੀਰ ਨੂੰ ਵੱਸ ਕਰ ਚੁੱਕਿਆ ਹੈ), ਤੇ ਕਦੇ ਨਾਹ ਨਾਸ ਹੋਣ ਵਾਲੀ ਆਤਮਕ ਬਾਦਸ਼ਾਹੀ ਲੈ ਚੁੱਕਾ ਹੈ ॥੬॥੯॥੧੭॥
ਸ: ਦਲਬੀਰ ਸਿਘ ਨੇ ਕਿਹਾ ਕਿ ਇਸ ਸ਼ਬਦ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਮਨ ਨੂੰ ਕਾਬੂ ਕਰਨ ਲਈ ਸਤਸੰਗ ਤੇ ਪ੍ਰਭੂ ਦਾ ਸਿਮਰਨ ਹੀ ਇੱਕੋ ਇੱਕ ਸਾਧਨ ਹੈ ਇਸ ਲਈ ਸਾਨੂੰ ਉਸ ਸਤ ਸੰਗਤ ਜਿੱਥੇ ਕੇਵਲ ਇੱਕੋ ਨਾਮ ਦੀ ਮਹਿਮਾ ਗਾਈ ਜਾਂਦੀ ਹੋਵੇ 'ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥' (ਸਿਰੀਰਾਗੁ ਮ: ੧, ਗੁਰੂ ਗ੍ਰੰਥ ਸਾਹਿਬ - ਪੰਨਾ ੭੨)  ਉਸ ਨਾਲ ਜੁੜੇ ਰਹਿਣਾ ਚਾਹੀਦਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.