ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਆਰਐੱਸਐੱਸ ਦੀ ਨਵੀਂ ਸਿਆਸਤ ਤੇ 2019 ਦੀਆਂ ਚੋਣਾਂ ਪ੍ਰੋ. ਬਲਵਿੰਦਰਪਾਲ ਸਿੰਘ
ਆਰਐੱਸਐੱਸ ਦੀ ਨਵੀਂ ਸਿਆਸਤ ਤੇ 2019 ਦੀਆਂ ਚੋਣਾਂ ਪ੍ਰੋ. ਬਲਵਿੰਦਰਪਾਲ ਸਿੰਘ
Page Visitors: 2378

ਆਰਐੱਸਐੱਸ ਦੀ ਨਵੀਂ ਸਿਆਸਤ ਤੇ 2019 ਦੀਆਂ ਚੋਣਾਂ
ਪ੍ਰੋ. ਬਲਵਿੰਦਰਪਾਲ ਸਿੰਘ
ਰਾਸ਼ਟਰੀ ਸਵੈਮਸੇਵਕ ਸੰਘ ਦੇ ਤਿੰਨ ਦਿਨਾਂ ਪ੍ਰੋਗਰਾਮ ਵਿੱਚ ਆਰ ਐੱਸ ਐੱਸ ਦੇ ਸਰਸੰਘ ਚਾਲਕ ਮੋਹਨ ਭਾਗਵਤ ਨੇ ਬਹੁਤ ਕੁਝ ਅਜਿਹਾ ਕਿਹਾ ਜਿਸ ਤੋਂ ਇਹ ਜਾਪਦਾ ਹੈ ਕਿ ਸੰਘ ਵਿੱਚ ਤਬਦੀਲੀ ਆ ਰਹੀ ਹੈ। ਉਹ ਆਪਣੀਆਂ ਪਰੰਪਰਿਕ ਮੂਲ ਧਾਰਨਾਵਾਂ ਵਿੱਚ ਪਰਿਵਰਤਨ ਕਰ ਰਿਹਾ ਹੈ। ਉਹ ਮੁਸਲਮਾਨਾਂ, ਇਸਾਈਆਂ, ਘੱਟ ਗਿਣਤੀਆਂ, ਮੂਲਨਿਵਾਸੀਆਂ ਤੇ ਖੱਬੇ ਪੱਖੀਆਂ ਨਾਲ ਨਫ਼ਰਤ ਨਹੀਂ ਕਰਦੀ। ਉਹ ਹੁਣ ਸਭ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੀ ਹੈ।
ਸੁਆਲ ਇਹ ਹੈ ਕਿ ਮੋਹਨ ਭਾਗਵਤ ਨੂੰ ਇਹ ਸਭ ਕੁਝ ਕਹਿਣ ਦੀ ਲੋੜ ਕਿਉਂ ਪਈ?
ਸੰਘ ਦੀਆਂ ਧਾਰਨਾਵਾਂ ਉੱਤੇ ਸਾਨੂੰ ਵਿਸ਼ਵਾਸ ਕਿਉਂ ਨਹੀਂ ਹੋ ਰਿਹਾ। ਅਸਲ ਵਿੱਚ ਆਰਐੱਸਐੱਸ ਦਾ ਆਧਾਰ ਹਿੰਦੂ ਰਾਸ਼ਟਰਵਾਦ ਹੈ। ਇਹ ਅੱਜ ਦਾ ਨਹੀਂ, ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦਾ ਹੈ। ਹਿੰਦੂ ਮਹਾਂਸਭਾ ਦੇ ਸੁਪਰੀਮੋ ਮੁੰਜੇ, ਆਰਐੱਸਐੱਸ ਦੇ ਸਰਸੰਘ ਚਾਲਕ ਸਾਵਰਕਰ, ਗੁਰੂ ਗੋਲਵਲਕਰ ਇਹੋ ਕੁਝ ਕਹਿੰਦੇ ਰਹੇ ਹਨ।
ਸੰਘ ਪਰਿਵਾਰ ਮੁਸਲਮਾਨਾਂ ਪ੍ਰਤੀ ਹਮਦਰਦੀ ਦਿਖਾਉਣ ਲੱਗ ਜਾਵੇ ਤਾਂ ਹਰੇਕ ਦੇ ਮਨ ਵਿੱਚ ਸ਼ੱਕ ਹੋਵੇਗਾ?
ਰਾਜਨੀਤਕ ਮਾਹਿਰ ਇਸ ਗੱਲ ਨੂੰ ਪ੍ਰਵਾਨ ਕਰਦੇ ਹਨ ਕਿ ਆਰਐੱਸਐੱਸ ਵਿੱਚ ਆਈ ਤਬਦੀਲੀ ਦਾ ਕਾਰਨ 2019 ਦੀਆਂ ਚੋਣਾਂ ਹਨ। ਮੌਜੂਦਾ ਦੌਰ ਵਿੱਚ ਮੋਦੀ ਤੇ ਭਾਜਪਾ ਦਾ ਅਕਸ ਡਿੱਗ ਰਿਹਾ ਹੈ। ਭੀੜ ਦੀ ਹਿੰਸਾ ਉਨ੍ਹਾਂ ਦੇ ਲੋਕ ਆਧਾਰ ਨੂੰ ਖੋਰਾ ਲਗਾ ਰਹੀ ਹੈ। ਮੋਦੀ ਅੱਜ ਉਸ ਤਰ੍ਹਾਂ ਲੋਕਨਾਇਕ ਵਜੋਂ ਨਹੀਂ ਜਾਣੇ ਜਾਂਦੇ ਜਿਵੇਂ ਉਹ 2014 ਦੀਆਂ ਚੋਣਾਂ ਦੌਰਾਨ ਉੱਭਰੇ ਸਨ।
ਪਿਛਲੇ ਸਵਾ ਚਾਰ ਸਾਲਾਂ ਵਿੱਚ ਮੁਸਲਮਾਨਾਂ ਨਾਲ ਜਿਸ ਤਰ੍ਹਾਂ ਦਾ ਵਿਹਾਰ ਹੋਇਆ ਹੈ, ਉਹ ਦੋਇਮ ਦਰਜੇ ਵਾਲਾ ਸੀ। ਸੰਘ ਨੂੰ ਤੇ ਮੋਦੀ ਨੂੰ ਮੁਸਲਮਾਨਾਂ ਦੀ ਚਿੰਤਾ ਨਹੀਂ। ਦੇਸ਼-ਵਾਸੀਆਂ ਦਾ ਇੱਕ ਵੱਡਾ ਹਿੱਸਾ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧੀ ਹੈ, ਜੋ ਭੀੜ ਦੀ ਹਿੰਸਾ ਨੂੰ ਕੰਟਰੋਲ ਨਹੀਂ ਕਰ ਸਕੇ, ਉਹ ਘੱਟ ਗਿਣਤੀਆਂ ’ਤੇ ਹੋ ਰਹੇ ਹਮਲਿਆਂ ਤੋਂ ਬਹੁਤ ਨਾਰਾਜ਼ ਹਨ। ਇਹ ਨਾਰਾਜ਼ਗੀ ਸੱਤਾਧਾਰੀ ਸਰਕਾਰ ਨੂੰ ਮਹਿੰਗੀ ਪੈ ਸਕਦੀ ਹੈ। ਇਹੀ ਕਾਰਨ ਹੈ ਕਿ ਭਾਗਵਤ ਆਪਣੇ ਭਾਸ਼ਣ ਰਾਹੀਂ ਹਿੰਦੂਆਂ ਦੇ ਇਸ ਵੱਡੇ ਗਰੁੱਪ ਨੂੰ ਇਹ ਸੁਨੇਹਾ ਦੇ ਰਹੇ ਹਨ ਕਿ ਜੋ ਪਿੱਛੇ ਵਾਪਰ ਗਿਆ, ਉਹ ਹੁਣ ਨਹੀਂ ਵਾਪਰੇਗਾ। ਅਸਲ ਵਿੱਚ ਇਹ ਚੋਣਾਵੀ ਰਾਜਨੀਤੀ ਹੈ। ਸੰਘ ਵੀ ਜਾਣਦਾ ਹੈ ਕਿ ਜੋ ਪਿਛਲੇ ਚਾਰ ਸਾਲਾਂ ਵਿੱਚ ਰਾਜਨੀਤਕ ਲਾਭ ਮਿਲਿਆ, ਉਹ ਹੁਣ ਮਿੱਟੀ ਵਿੱਚ ਮਿਲ ਸਕਦਾ ਹੈ। ਇਸ ਲਈ ਉਨ੍ਹਾਂ ਨੇ ਆਪਣਾ ਪੈਂਤੜਾ ਬਦਲ ਲਿਆ ਹੈ।
ਭਾਗਵਤ ਨੇ ਕਿਹਾ ਕਿ ਹਿੰਦੂਵਾਦ ਗ਼ਲਤ ਸ਼ਬਦ ਹੈ। ਸੱਚ ਦੀ ਲਗਾਤਾਰ ਖੋਜ ਦਾ ਨਾਮ ਹਿੰਦੂਤਵ ਹੈ। ਹਿੰਦੂਤਵ ਹੀ ਹੈ ਜੋ ਸਾਰਿਆਂ ਨਾਲ ਤਾਲਮੇਲ ਦਾ ਆਧਾਰ ਹੋ ਸਕਦਾ ਹੈ। ਭਾਰਤ ਵਿੱਚ ਰਹਿਣ ਵਾਲੇ ਲੋਕ ਹਿੰਦੂ ਹੀ ਹਨ। ਸੰਘ ਮੁਖੀ ਦਾ ਕਹਿਣਾ ਸੀ ਕਿ ਗਊ ਰੱਖਿਆ ਨਾਲ ਜੁੜੇ ਲੋਕਾਂ ਨੂੰ ‘ਮੌਬ ਲਿੰਚਿੰਗ’ ਨਾਲ ਜੋੜਨਾ ਠੀਕ ਨਹੀਂ। ਕਿਸੇ ਪੱਖ ’ਤੇ ਹਿੰਸਾ ਕਰਨਾ ਅਪਰਾਧ ਹੈ ਤੇ ਉਸ ’ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਪਰ ਗਾਂ ਰਵਾਇਤੀ ਸ਼ਰਧਾ ਦਾ ਵਿਸ਼ਾ ਹੈ। ਭਾਗਵਤ ਨੇ ਇਹ ਵੀ ਕਿਹਾ ਕਿ ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਉਣਾ ਹਿੰਦੂਤਵ ਨਹੀਂ ਹੈ।
ਆਰਐੱਸਐੱਸ ਦੇ ਫ਼ਿਲਾਸਫਰ ਤੇ ਸਰਸੰਘ ਚਾਲਕ ਐੱਮ.ਐੱਸ. ਗੋਲਵਲਕਰ ਆਪਣੀ ਪੁਸਤਕ ‘ਵੀ ਆਰ ਨੇਸ਼ਨਹੁੱਡ ਡਿਫਾਈਂਡ’ ਵਿੱਚ ਲਿਖਦੇ ਹਨ ‘ਹਿੰਦੂ ਰਾਸ਼ਟਰ ਅਜੇ ਜੇਤੂ ਨਹੀਂ ਹੋਇਆ। ਲੜਾਈ ਜਾਰੀ ਹੈ, ਉਹ ਅਸ਼ੁੱਭ ਦਿਨ ਜਦੋਂ ਮੁਸਲਮਾਨਾਂ ਨੇ ਹਿੰਦੋਸਤਾਨ ਦੀ ਜ਼ਮੀਨ ’ਤੇ ਆਪਣੇ ਪੈਰ ਧਰੇ ਉਦੋਂ ਤੋਂ ਹੁਣ ਤਕ ਇਨ੍ਹਾਂ ਨੂੰ ਲਤਾੜਨ ਲਈ ਹਿੰਦੂ ਰਾਸ਼ਟਰ ਬਹਾਦਰੀ ਨਾਲ ਲੜ ਰਿਹਾ ਹੈ। ਇਸ ਲਈ ਜੰਗ ਜਾਰੀ ਹੈ।’
ਗੋਲਵਲਕਰ ਨੇ ਆਪਣੀ ਪੁਸਤਕ ‘ਬੰਚ ਆਫ ਥਾਟ’ ਵਿੱਚ ਕਿਹਾ ਹੈ ‘ਮੁਸਲਮਾਨ ਇਸ ਦੇਸ਼ ਦੇ ਦੁਸ਼ਮਣ ਹਨ, ਇਨ੍ਹਾਂ ਦੇ ਤਾਰ ਪਾਕਿ ਨਾਲ ਜੁੜੇ ਰਹਿੰਦੇ ਹਨ, ਉਹ ਕਈ ਹੋਰ ਪਾਕਿਸਤਾਨ ਬਣਾਉਣ ਵਿੱਚ ਜੁਟੇ ਹੋਏ ਹਨ।’
ਭਾਗਵਤ ਨੂੰ ਸਪੱਸ਼ਟ ਕਰਨਾ ਪਵੇਗਾ ਕਿ ਉਹ ਹੁਣ ਇਸ ਬਾਰੇ ਕੀ ਕਹਿਣਾ ਚਾਹੁੰਦੇ ਹਨ?
ਪਿਛਲੇ ਸਵਾ ਚਾਰ ਸਾਲਾਂ ਵਿੱਚ ਸਾਜ਼ਿਸੀ ਢੰਗ ਨਾਲ ਮੁਸਲਮਾਨਾਂ ਨੂੰ ਹਰ ਢੰਗ ਨਾਲ ਦੇਸ਼ਧ੍ਰੋਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਭਾਗਵਤ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਗੁਰੂ ਗੋਲਵਲਕਰ ਦਾ ਵਿਚਾਰ ਰੱਦ ਕਰ ਦਿੱਤਾ ਹੈ ਜਾਂ ਨਹੀਂ?
ਦਰਅਸਲ, ਇਹ ਸਾਰਾ ਮਾਮਲਾ 2019 ਦੀਆਂ ਚੋਣਾਂ ਦਾ ਹੈ, ਜਿਸ ਤਹਿਤ ਭਾਜਪਾ ਤੇ ਆਰਐੱਸਐੱਸ ਆਪਣੀ ਰਣਨੀਤੀ ਤੇ ਚੋਣਾਵੀ ਤਿਆਰੀ ਕਰ ਰਹੇ ਹਨ। ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੇ ਆਪਣੇ ਚੋਣ ਵਾਅਦਿਆਂ ਮੁਤਾਬਿਕ ਸਫਲਤਾ ਹਾਸਲ ਨਹੀਂ ਕੀਤੀ। ਇਸ ਦੌਰਾਨ ਧਰਮ ਦੇ ਨਾਮ ’ਤੇ ਹਿੰਸਕ ਭੀੜ ਨੂੰ ਖ਼ੂਬ ਭੜਕਾਇਆ ਹੈ। ਇਸ ਤਹਿਤ ਦਲਿਤਾਂ ਤੇ ਮੁਸਲਮਾਨਾਂ ’ਤੇ ਹਮਲੇ ਹੋਏ ਹਨ। ਇਸ ਦੌਰਾਨ ਐੱਸਸੀ/ਐੱਸਟੀ ਨੂੰ ਲੈ ਕੇ ਮੂਲਨਿਵਾਸੀਆਂ ਅਤੇ ਉੱਚ ਜਾਤਾਂ ਵਿਚਾਲੇ ਤਾਕਤ ਪ੍ਰਦਰਸ਼ਨ ਦੀ ਰਣਨੀਤੀ ਵੀ ਖੇਡੀ ਗਈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਸੰਘ ਦੀਆਂ ਚੋਣਾਂ ਵਿੱਚ ਵੀ ਆਰਐੱਸਐੱਸ ਤੇ ਭਾਜਪਾ ਵੱਲੋਂ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ।
2016 ਵਿੱਚ ਸਾਜ਼ਿਸ਼ ਤਹਿਤ ਜੇਐੱਨਯੂ ਨੂੰ ਦੇਸ਼ਧ੍ਰੋਹੀਆਂ ਦਾ ਅੱਡਾ ਐਲਾਨਣ ਦੀ ਕੋਸ਼ਿਸ਼ ਕੀਤੀ ਗਈ। ਕਨ੍ਹੱਈਆ ਕੁਮਾਰ ਤੇ ਉਮਰ ਖਾਲਿਦ ਵਰਗੇ ਵਿਦਿਆਰਥੀਆਂ ਨੂੰ ਦੇਸ਼ਧ੍ਰੋਹੀ ਤੇ ਦੇਸ਼ ਦੇ ਟੁਕੜੇ ਕਰਨ ਵਾਲੇ ਕਰਾਰ ਦਿੱਤਾ। ਕਨ੍ਹੱਈਆ ਕੁਮਾਰ ਨੂੰ ਜੇਲ੍ਹ ਹੋ ਗਈ। ਦਿਲਚਸਪ ਹੈ ਕਿ 900 ਤੋਂ ਜ਼ਿਆਦਾ ਦਿਨ ਹੋ ਗਏ ਹਨ, ਪਰ ਅਜੇ ਤਕ ਜੇਐੱਨਯੂ ਮਾਮਲੇ ਵਿੱਚ ਕਨ੍ਹੱਈਆ ਕੁਮਾਰ ਤੇ ਉਮਰ ਖਾਲਿਦ ਖਿਲਾਫ਼ ਚਾਰਜਸ਼ੀਟ ਦਾਖਲ ਨਹੀਂ ਕੀਤੀ ਗਈ। ਜਦੋਂ ਕਿ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਖਿਲਾਫ਼ ਪੱਕੇ ਸਬੂਤ ਹਨ ਤਾਂ ਚਾਰਜਸ਼ੀਟ ਕਿਉਂ ਨਹੀਂ ਦਾਖਲ ਕੀਤੀ ਗਈ?
ਜੇ ਪੱਕੇ ਸਬੂਤ ਨਹੀਂ ਸਨ ਤਾਂ ਇਨ੍ਹਾਂ ਵਿਦਿਆਰਥੀਆਂ ਨੂੰ ਜ਼ਲੀਲ ਕਿਉਂ ਕੀਤਾ ਗਿਆ?
ਮੋਦੀ ਸਰਕਾਰ ਇੱਕ ਮਜ਼ਬੂਤ ਸਰਕਾਰ ਹੈ। ਇਸ ਦੇ ਬਾਵਜੂਦ ਇਹੋ ਜਿਹੇ ਕਾਂਡ ਵਾਪਰਨੇ ਕੀ ਸੰਦੇਸ਼ ਦਿੰਦੇ ਹਨ?
ਆਖਿਰ ਇਨ੍ਹਾਂ ਪਿੱਛੇ ਕੌਣ ਹਨ?
ਖੱਬੇ ਪੱਖੀਆਂ ਦੀ ਜਿੱਤ ਦਾ ਕਾਰਨ ਇਹੀ ਸੀ ਕਿ ਉਨ੍ਹਾਂ ਦੀ ਲੀਡਰਸ਼ਿਪ ਸੁਲਝੀ ਹੋਈ ਸੀ ਤੇ ਉਨ੍ਹਾਂ ਨੇ ਫਿਰਕੂ ਹਿੰਸਾ ਤੇ ਫਿਰਕੂਵਾਦ ਦਾ ਟਾਕਰਾ ਜਮਹੂਰੀ ਢੰਗ ਨਾਲ ਕੀਤਾ ਤੇ ਆਪਣੇ ਹੱਕ ਵਿੱਚ ਲਹਿਰ ਬੁਲੰਦ ਕੀਤੀ। ਦੂਸਰੇ ਪਾਸੇ ਭਾਰਤ ਵਿੱਚ ਬਹੁਜਨ ਏਕਤਾ ਦੀ ਵਿਚਾਰਧਾਰਕ ਲਹਿਰ ਵੀ ਉਸਰ ਰਹੀ ਹੈ, ਜੋ ਘੱਟ ਗਿਣਤੀਆਂ ਤੇ ਖੱਬੇ ਪੱਖੀਆਂ ਨੂੰ ਲੈ ਕੇ ਚੱਲ ਰਹੀ ਹੈ। ਮਹਾਂਰਾਸ਼ਟਰ ਵਿੱਚ ਇਸ ਦੀ ਅਗਵਾਈ ਵਾਮਨ ਮੇਸ਼ਰਾਮ ਮੁਖੀ ਬਾਮਸੇਫ, ਤੀਸਤਾ ਸੀਤਲਵਾੜ ਕਰ ਰਹੇ ਹਨ ਤੇ ਯੂਪੀ ਵਿੱਚ ਚੰਦਰ ਸ਼ੇਖਰ ਅਜ਼ਾਦ ਰਾਵਣ ਕਰ ਰਹੇ ਹਨ।
ਲਾਲੂ, ਮੁਲਾਇਮ ਤੇ ਮਾਇਆਵਤੀ ਦੀ ਸਾਂਝੀ ਰਾਜਨੀਤੀ ਭਾਜਪਾ ਲਈ ਚੁਣੌਤੀ ਬਣ ਰਹੀ ਹੈ। ਨਵੇਂ ਨਵੇਂ ਸਮੀਕਰਨ ਉੱਭਰਨ ਦੀਆਂ ਤਿਆਰੀਆਂ ਵਿੱਚ ਹਨ। ਅੱਗੇ ਕੀ ਹੋਵੇਗਾ, ਇਹ ਵਕਤ ਤੋਂ ਪਹਿਲਾਂ ਕਹਿਣ ਦੀ ਗੱਲ ਹੈ, ਪਰ ਏਨੀ ਗੱਲ ਜ਼ਰੂਰ ਹੈ ਕਿ ਭਾਜਪਾ ਤੇ ਆਰਐੱਸਐੱਸ ਨੂੰ ਇਨ੍ਹਾਂ ਗੱਠਜੋੜਾਂ ਦਾ ਡਰ ਸਤਾ ਰਿਹਾ ਹੈ। ਇਹੀ ਕਾਰਨ ਹੈ ਕਿ ਆਰਐੱਸਐੱਸ ਨੂੰ ਆਪਣੀ ਵਿਚਾਰਧਾਰਾ ਵਿੱਚ ਨਾਟਕੀ ਢੰਗ ਨਾਲ ਤਬਦੀਲੀ ਲਿਆਉਣੀ ਪੈ ਰਹੀ ਹੈ।
ਸੰਪਰਕ: 98157-00916
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.