ਇਹ ਅਜੀਬ ਸਬੱਬ ਹੈ ਕਿ ਉਨ੍ਹਾਂ ਸਮਿਆਂ ’ਚ ਪੰਜਾਬੀ ਮਾਂ ਬੋਲੀ ਦੇ ਮੁਸਲਮਾਨ ਸਪੂਤ ਜਿੱਥੇ ਉਰਦੂ ਦੇ ਹੱਕ ਵਿਚ ਅਪਣੇ ਹਮ-ਮਜ਼ਹਬੀ ਬੰਗਾਲੀਆਂ ਉੱਤੇ ਗੋਲੀਆਂ ਚਲਾ ਰਹੇ ਸਨ, ਉੱਥੇ ਹੀ ਅਪਣੇ ਹੱਥੀਂ ਅਪਣੀ ਮਾਂ ਬੋਲੀ ਪੰਜਾਬੀ ਦਾ ਗਲ਼ ਘੁੱਟ ਰਹੇ ਸਨ। ਉਨ੍ਹਾਂ ਇਹ ਨਹੀਂ ਸੀ ਸੋਚਿਆ ਕਿ ਉਨ੍ਹਾਂ ਦੀਆਂ ਅਪਣੀਆਂ ਔਲਾਦਾਂ ਪੰਜਾਬੀ ਮਾਂ ਬੋਲੀ ਤੋਂ ਟੁੱਟ ਜਾਣਗੀਆਂ ਤੇ ਫੇਰ ਉਹਦੇ ਵਾਸਤੇ ਤਰਸਣਗੀਆਂ।
ਦੂਜੇ ਪਾਸੇ ਅਪਣੀ ਭਾਸ਼ਾ ਤੇ ਸੱਭਿਆਚਾਰ ਦੇ ਮਾਣ ਲਈ ਸੁਲਘਦੀ ਇਹ ਸ਼ਹੀਦੀ ਚਿਣਗ, ਭਾਂਬੜ ਬਣ ਕੇ ਆਜ਼ਾਦੀ ਦੀ ਲੜਾਈ ਬਣ ਉੱਠੀ ਅਤੇ ਸੰਨ 1971 ਵਿਚ ਬੰਗਲਾਦੇਸ਼ ਨੇ ਪਾਕਿਸਤਾਨ ਤੋਂ ਆਜ਼ਾਦੀ ਲੈ ਕੇ ਅਪਣੀ ਮਾਂ-ਬੋਲੀ ਬੰਗਲਾ ਲਈ ਰਾਹ ਪੱਧਰਾ ਕਰ ਲਿਆ।
ਪਰ ਪਾਕਿਸਤਾਨੀ ਪੰਜਾਬ ਅੱਜ ਤਕ ਅਪਣੀ ਮਾਂ ਬੋਲੀ ਨੂੰ ਪੰਜਾਬ ਵਿਚ ਹੀ ਸਰਕਾਰੀ, ਦਫ਼ਤਰੀ ਤੇ ਸਿਖਿਆ ਬੋਲੀ ਵਜੋਂ ਮਾਣਤਾ ਦਿਵਾਉਣ ਲਈ ਜੱਦੋ-ਜਹਿਦ ਕਰ ਰਿਹਾ ਹੈ ਤੇ 75 ਸਾਲਾਂ ਵਿਚ ਇਹ ਸੰਘਰਸ਼ ਕਾਮਯਾਬ ਨਹੀਂ ਹੋ ਸਕਿਆ। ਸ਼ਾਇਦ ਇਹ ਉਨ੍ਹਾਂ ਸ਼ਹੀਦਾਂ ਦੀ ਬਦ-ਦੁਆ ਹੀ ਹੈ।
‘ਮੇਰਾ ਦਾਗ਼ਿਸਤਾਨ’ ਕਿਤਾਬ ਵਿਚ ਰਸੂਲ ਹਮਜ਼ਾਤੋਵ ਲਿਖਦਾ ਹੈ ਕਿ ਉਸ ਦੇ ਦੇਸ਼ ਵਿਚ ਜਦੋਂ ਕਿਸੇ ਨੂੰ ਸਭ ਤੋਂ ਵੱਡੀ ਬਦ-ਦੁਆ ਦੇਣੀ ਹੋਵੇ, ਤਾਂ ਅਕਸਰ ਕਿਹਾ ਜਾਂਦਾ ਹੈ — ਰੱਬ ਕਰੇ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ।
ਕਿਸਮਤ ਦਾ ਇਕ ਹੋਰ ਗੇੜ ਇਹ ਹੈ ਕਿ ਅੱਜ ਦੀ ਤਾਰੀਖ਼ ਵਿਚ ਮਾਂ-ਬੋਲੀ ਦਿਹਾੜ ਤੇ ਦੁਨੀਆ ‘ਚ ਸਭ ਤੋਂ ਵੱਡਾ ਜਲੂਸ ਲਾਹੌਰ ਵਿਚ ਨਿਕਲਦਾ ਹੈ।
ਸ਼ਾਇਦ ਪੱਛਮੀ ਪੰਜਾਬ ਚ ਵੱਸਦੇ ਪੰਜਾਬੀਆਂ ਨੂੰ ਇਹ ਗੱਲ ਸਮਝ ਆ ਚੁੱਕੀ ਹੈ ਕਿ:
ਜੇ ਕਿਸੇ ਕੌਮ ਨੂੰ ਖ਼ਤਮ ਕਰਨਾ ਹੋਵੇ; ਤਾਂ ਉਸ ਕੋਲੋਂ ਉਹਦੀ ਮਾਂ-ਬੋਲੀ ਖੋਹ ਲਵੋ, ਉਹ ਅਪਣੀ ਪਛਾਣ ਹੌਲ਼ੀ -ਹੌਲ਼ੀ ਆਪੇ ਹੀ ਗੁਆ ਦੇਵੇਗੀ।
2018 ਵਿਚ ਮੈਂ ਇਸ ਜਲਸੇ ਵਿਚ ਆਪ ਸ਼ਾਮਿਲ ਹੋਈ ਸਾਂ। ਮੈਨੂੰ ਜਾਪਿਆ ਹਾਲੇ ਮੰਜ਼ਿਲ ਬਹੁਤ ਦੂਰ ਹੈ। ਜਿਸ ਦਿਨ ਪਾਕਿਸਤਾਨੀ-ਪੰਜਾਬ ਬੰਗਾਲੀਆਂ ਦੀ ਲੀਹ 'ਤੇ ਚਲਦਿਆਂ ਅਪਣੀ ਬੋਲੀ ਪੰਜਾਬੀ ਲਈ ਸ਼ਹਾਦਤ ਦੇਣ ਲਈ ਜਜ਼ਬਾ ਜੁਟਾ ਲਵੇਗਾ, ਅਸਲ ਲਹਿਰ ਤੇ ਫੇਰ ਸ਼ੁਰੂ ਹੋਵੇਗੀ।
ਸਵਾਲ ਸੀ ਕਿ ਜੇ ਯੂ.ਐੱਨ.ਓ ਮੁਤਾਬਕ ਇਸ ਸੰਸਾਰ ‘ਚ 7000 ਭਾਸ਼ਾਵਾਂ ਵਿੱਚੋਂ 50 ਫ਼ੀਸਦੀ ਕੁਝ ਪੀੜ੍ਹੀਆਂ ਤੋਂ ਬਾਅਦ ਖ਼ਤਮ ਹੋ ਜਾਣਗੀਆਂ ਤੇ ਇਸ ਵੇਲੇ ਹਰ ਮਹੀਨੇ ਦੋ ਬੋਲੀਆਂ ਸਦਾ ਲਈ ਮੁਕ ਰਹੀਆਂ ਨੇ — ਤਾਂ ਕੀ ਪੰਜਾਬੀ ਬੋਲੀ ਦਾ ਹਾਲ ਵੀ ਇਹੋ ਹੋਵੇਗਾ?
ਇਸ ਸਵਾਲ ਦਾ ਜਵਾਬ ਤਾਂ ਇਹ ਹੈ:
ਆਪੋ-ਆਪਣੇ ਘਰਾਂ ਵਿਚ ਜ਼ਰਾ ਝਾਤੀ ਮਾਰੋ — ਕੀ ਤੁਹਾਡੀਆਂ ਅਗਲੀਆਂ ਪੀੜ੍ਹੀਆਂ ਦਾ ਪੰਜਾਬੀ ਨਾਲ਼ ਓਨਾ ਹੀ ਪਿਆਰ ਹੈ, ਜਿੰਨਾ ਕਿ ਤੁਹਾਡਾ?
-ਗੁਰਮੀਤ ਕੌਰ 21 ਫ਼ਰਵਰੀ 2024
|