ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
-: ਜਸਬੀਰ(ਸਿੰਘ) ਵਿਰਦੀ ਨਾਲ ਕੁਝ ਗੱਲਾਂ:-
-: ਜਸਬੀਰ(ਸਿੰਘ) ਵਿਰਦੀ ਨਾਲ ਕੁਝ ਗੱਲਾਂ:-
Page Visitors: 2725

    -: ਜਸਬੀਰ(ਸਿੰਘ) ਵਿਰਦੀ ਨਾਲ ਕੁਝ ਗੱਲਾਂ:-
 ਅਜੋਕੇ ਗੁਰਮਤਿ ਪ੍ਰਚਾਰਕਾਂ ਵਿੱਚੋਂ ਸਾਡੇ ਸ਼ਹਿਰ ਕੈਲਗਰੀ (ਕੈਨੇਡਾ) ਤੋਂ ਛਪਦੀ ਇੱਕ ਮੈਗਜ਼ੀਨ ਦੇ ਨਾਮਵਰ ਸੰਪਾਦਕ ਹ: ਸਿੰਘ ਪ: ਜੀ ਨੇ ਪਿਛਲੇ ਦਿਨੀਂ ਫੇਸ ਬੁੱਕ ਤੇ ਮੇਰੇ ਬਾਰੇ ਜੋ ਕੁਝ ਲਿਖਿਆ ਸੀ ਅਤੇ ਇਸ ਤੋਂ ਅੱਗੇ ਫੇਸ ਬੁੱਕ ਤੇ ਚੱਲੀ ਵਿਚਾਰ ਚਰਚਾ ਪੇਸ਼ ਹੈ:-

ਸੰਪਾਦਕ ਸ: ਹ: ਸਿੰਘ ਪ:-  
ਕੈਲਗਰੀ ਨਿਵਾਸੀ ਜਸਬੀਰ ਸਿੰਘ ਵਿਰਦੀ ਨਾਲ ਕੁਝ ਵਿਚਾਰਾਂ!
 ( 09-04-2015)
 ਕੈਲਗਰੀ ਨਿਵਾਸੀ ਜਸਬੀਰ ਸਿੰਘ ਵਿਰਦੀ ਅਜਿਹੀ ਸਖਸ਼ੀਅਤ ਹੈ, ਜੋ ਅਕਸਰ ਵੱਖ-ਵੱਖ ਇੰਟਰਨੈਟ ਸਾਇਟਾਂ ਜਾਂ ਸੋਸ਼ਲ ਮੀਡੀਆ ਤੇ ਵੱਖ-ਵੱਖ ਵਿਅਕਤੀਆਂ ਨਾਲ ਉਲਝਦੇ ਰਹਿੰਦੇ ਹਨ, ਕੋਈ ਵੀ ਵਿਅਕਤੀ ਇਨ੍ਹਾਂ ਨਾਲ ਬਹਿਸ ਵਿੱਚ ਕਦੇ ਜਿੱਤ ਨਹੀਂ ਸਕਿਆ ਤੇ ਬਹੁਤ ਸਾਰੀਆਂ ਸਾਈਟਾਂ ਵਾਲਿਆਂ ਨੇ ਇਨ੍ਹਾਂ ਤੇ ਵਿਚਾਰ ਪੇਸ਼ ਕਰਨ ਤੇ ਪਾਬੰਦੀ ਵੀ ਲਗਾਈ ਹੋਈ ਹੈ ਕਿਉਂਕਿ ਇਹ ਮੰਨ ਕੇ ਚੱਲਦੇ ਹਨ ਕਿ ਸਭ ਲੋਕ ਉਨ੍ਹਾਂ ਦੀ ਹਰ ਗੱਲ ਨਾਲ ਸਹਿਮਤ ਹੋਣ।ਜਦਕਿ ਰੱਬ ਨੇ ਹਰ ਮਨੁੱਖ ਨੂੰ ਸ਼ਕਲ ਪੱਖੋਂ ਵੀ ਤੇ ਅਕਲ ਪੱਖੋਂ ਵੀ ਵੱਖ ਬਣਾਇਆ ਹੈ।ਇਹੀ ਉਸਦੀ ਕਮਾਲ ਦੀ ਕਾਰੀਗਿਰੀ ਹੈ ਕਿ ਲੱਖਾਂ ਸਾਲਾਂ ਤੋਂ ਰੋਜ਼ਾਨਾ ਨਵੇਂ ਬੱਚੇ ਜੰਮਦੇ ਹਨ, ਪਰ ਕੋਈ ਵੀ ਪੂਰਨ ਰੂਪ ਵਿੱਚ ਕਿਸੇ ਵਰਗਾ ਨਹੀਂ ਹੁੰਦਾ।ਪਰ ਵਿਰਦੀ ਸਾਹਿਬ ਅਜਿਹੇ ਮਹਾਂਪੁਰਸ਼ ਹਨ, ਜੋ ਕੁਦਰਤ ਦੇ ਇਸ ਸੱਚ ਨੂੰ ਮੰਨਣ ਤੋਂ ਇਨਕਾਰੀ ਹਨ ਤੇ ਚਾਹੁੰਦੇ ਹਨ ਸਾਰੀ ਮਨੁੱਖਤਾ ਇਨ੍ਹਾਂ ਦੀ ਹਰ ਗੱਲ ਨਾਲ ਸਹਿਮਤ ਹੋ ਜਾਵੇ।ਜੇ ਸਹਿਮਤ ਨਾ ਹੋਵੇ ਤਾਂ ਫਿਰ ਉਨ੍ਹਾਂ ਤੇ ਪੁਰਾਣਾ ਹਥਿਆਰ ਚਲਾਉਂਦੇ ਹਨ ਕਿ ਫਲਾਨਾ ਨਾਸਤਿਕ ਹੈ, ਕਾਮਰੇਡ ਹੈ, ਚਾਰਵਾਕੀਆ ਹੈ ਆਦਿ ਆਦਿ।
 ਉਨ੍ਹਾਂਨੂੰ ਇਹ ਸਮਝ ਨਹੀਂ ਆਉਂਦੀ ਕਿ ਕੁਦਰਤ ਦੀ ਇਸ ਕਾਇਨਾਤ ਦੀ ਬਿਊਟੀ ਹੀ ਇਹ ਹੈ ਕਿ ਇਸ ਫੁਲਵਾੜੀ ਵਿੱਚ ਹਰ ਦਿਨ ਵੱਖ-ਵੱਖ ਤਰ੍ਹਾਂ ਦੇ ਫੁੱਲ ਖਿੜਦੇ ਹਨ ਤੇ ਆਪਣਾ ਸਮਾਂ ਬਤੀਤ ਕਰਕੇ ਇਸ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਹਨ।ਹਰ ਵਿਅਕਤੀ ਨੂੰ ਇਹ ਹੱਕ ਹੈ ਕਿ ਉਹ ਕੋਈ ਵਿਚਾਰਧਾਰਾ ਮੰਨੇ ਜਾਂ ਪ੍ਰਚਾਰੇ ਜਾਂ ਕੋਈ ਨਵੀਂ ਵਿਚਾਰਧਾਰਾ ਪੇਸ਼ ਕਰੇ।ਪਰ ਕਿਸੇ ਨੂੰ ਵੀ ਕਿਸੇ ਤੇ ਆਪਣੀ ਵਿਚਾਰਧਾਰਾ ਠੋਸਣ ਦਾ ਕੋਈ ਅਧਿਕਾਰ ਨਹੀਂ।ਤੁਸੀਂ ਅਗਰ ਕਿਸੇ ਵਿਚਾਰ ਜਾਂ ਵਿਚਾਰਧਾਰਾ ਨਾਲ ਸਹਿਮਤ ਨਹੀਂ ਹੋ ਤਾਂ ਤੁਹਾਨੂੰ ਹੱਕ ਹੈ ਕਿ ਤੁਸੀਂ ਆਪਣਾ ਪੱਖ ਦੱਸੋ ਤੇ ਬਾਕੀ ਫੈਸਲਾ ਦੂਜਿਆਂ ਤੇ ਛੱਡ ਦਿਉ ਕਿ ਉਨ੍ਹਾਂ ਕੀ ਕਰਨਾ ਹੈ।ਪਰ ਵਿਰਦੀ ਸਾਹਿਬ ਇਸ ਨਾਲ ਸਹਿਮਤ ਨਹੀਂ ਹਨ ਤੇ ਹਰ ਜਗ੍ਹਾ ਆਪਣੀ ਵਿਚਾਰਧਾਰਾ ਲੋਕਾਂ ਤੇ ਠੋਸਦੇ ਹਨ ਤੇ ਜੇ ਕੋਈ ਸਹਿਮਤ ਨਹੀਂ ਹੁੰਦਾ ਤਾਂ ਉਸਦਾ ਇਮੇਜ਼ ਲੋਕਾਂ ਵਿੱਚ ਖਰਾਬ ਕਰਨ ਦੇ ਮਨਸੂਬੇ ਤਹਿਤ ਨਾਸਤਿਕ ਆਦਿ ਦੇ ਖਿਤਾਬ ਬਖਸ਼ਦੇ ਹਨ।ਜਿਤਨਾ ਕੁ ਮੈਂ ਇਨ੍ਹਾਂ ਨੂੰ ਜਾਣਿਆ ਹੈ, ਮੈਂ ਕਹਿ ਸਕਦਾ ਹਾਂ ਕਿ ਜਿਸ ਰੱਬ ਦੇ ਇਹ ਪੱਕੇ ਸ਼ਰਧਾਲੂ ਤੇ ਆਸਤਿਕ ਹੋਣ ਦਾ ਦਾਅਵਾ ਕਰਦੇ ਹਨ, ਜੇ ਕਿਸੇ ਦਿਨ ਇਨ੍ਹਾਂ ਵੱਲੋਂ ਸਿਰਜੇ ਰੱਬ ਜੀ ਦਰਸ਼ਨ ਦੇ ਕੇ ਇਨ੍ਹਾਂ ਨੂੰ ਕਹਿ ਦੇਣ ਕਿ ਵਿਰਦੀ ਸਾਹਿਬ ਤੁਸੀਂ ਠੀਕ ਨਹੀਂ ਕਰ ਰਹੇ ਤਾਂ ਇਹ ਆਪਣੇ ਰੱਬ ਤੋਂ ਵੀ ਬਗਾਵਤ ਕਰਕੇ ਉਸਨੂੰ ਵੀ ਨਾਸਤਿਕ ਦਾ ਖਿਤਾਬ ਦੇ ਦੇਣਗੇ।
 ਅਸਲ ਵਿੱਚ ਵਿਰਦੀ ਸਾਹਿਬ ਅਜਿਹੇ ਤੋਤੇ ਹਨ, ਜੋ ਸਿਰਫ ਨਕਲੀ ਧਾਰਮਿਕ ਫਿਰਕਿਆਂ ਦੇ ਪੁਜਾਰੀਆਂ ਦੀ ਸਿਖਾਈ ਮੁਹਾਰਨੀ ਬੋਲਣਾ ਜਾਣਦੇ ਹਨ ਤੇ ਜਿਹੜਾ ਇਨ੍ਹਾਂ ਦੇ ਮਗ਼ਰ ਇਨ੍ਹਾਂ ਵਾਂਗ ਉਸ ਮੁਹਾਰਨੀ ਦਾ ਰੱਟਾ ਨਾ ਲਾਵੇ, ਉਸਨੂੰ ਫਿਰ ਨਾਸਤਿਕ ਦਾ ਖਿਤਾਬ ਮਿਲਿਆ ਸਮਝੋ।ਇਸੇ ਤਰ੍ਹਾਂ ਵਿਰਦੀ ਸਾਹਿਬ ਅਜਿਹੇ ਵਿਦਵਾਨ ਹਨ, ਜੋ ਦੂਜਿਆਂ ਦੀਆਂ ਕਿਤਾਬਾਂ ਪੜ੍ਹ ਕੇ ਜਾਂ ਧਾਰਮਿਕ ਗ੍ਰੰਥ ਪੜ੍ਹਕੇ ਉਸਦੀਆਂ ਉਲਟੀਆਂ ਕਰਦੇ ਫਿਰਦੇ ਹਨ।ਜਿਨ੍ਹਾਂ ਕੋਲ ਆਪਣੀ ਗੱਲ ਕਹਿਣ ਦਾ ਬਿਬੇਕ ਜਾਂ ਤਰਕ ਨਹੀਂ ਹੁੰਦਾਹਰ ਗੱਲ ਤੇ ਝਗੜਾ ਖੜ੍ਹਾ ਕਰਦੇ ਹਨ ਕਿ ਫਲਾਨਾ ਵਿਅਕਤੀ, ਫਲਾਨੇ ਗ੍ਰੰਥ ਦੀ ਫਲਾਨੀ ਗੱਲ ਮੇਰੇ ਕੀਤੇ ਅਰਥਾਂ ਅਨੁਸਾਰ ਨਹੀਂ ਮੰਨਦਾ।ਉਨ੍ਹਾਂਨੂੰ ਕੌਣ ਸਮਝਾਵੇ ਕਿ ਧਰਮ ਗ੍ਰੰਥ, ਧਰਮ ਗੁਰੂਆਂ ਦੇ ਧਰਮ ਬਾਰੇ ਆਪਣੇ ਨਿਜ਼ੀ ਅਨੁਭਵ ਹੁੰਦੇ ਹਨ, ਜੋ ਤੁਹਾਡੇ ਤਾਂ ਹੀ ਬਣ ਸਕਦੇ ਹਨ, ਜੇ ਉਨ੍ਹਾਂ ਵਿਚਲੇ ਅੰਤਰੀਵ ਭਾਵ ਨੂੰ ਸਮਝਕੇ ਤੁਸੀਂ ਆਪਣਾ ਨਿੱਜ਼ੀ ਅਨੁਭਵ ਕਰ ਲਵੋ, ਨਹੀਂ ਤੇ ਅੱਖਰਾਂ ਨੂੰ ਯਾਦ ਕਰਨ ਤੋਂ ਵੱਧ ਇਨ੍ਹਾਂ ਦੀ ਕੋਈ ਅਹਿਮੀਅਤ ਨਹੀਂ ਹੁੰਦੀ।ਰੱਬ ਦੀ ਬਣਾਈ ਇਸ ਸ੍ਰਿਸ਼ਟੀ ਵਿੱਚ ਦਿਸਦੇ ਜਾਂ ਅਣਦਿਸਦੇ ਸੰਸਾਰ ਬਾਰੇ ਜੋ ਉਨ੍ਹਾਂ ਕਿਹਾ ਜਾਂ ਲਿਖਿਆ ਹੁੰਦਾ ਹੈ, ਉਹ ਉਨ੍ਹਾਂ ਦਾ ਸੱਚ ਹੁੰਦਾ, ਤੁਸੀਂ ਉਨ੍ਹਾਂ ਤੋਂ ਸੇਧ ਲੈ ਕੇ ਆਪਣਾ ਤਜ਼ਰਬਾ (ਅਨੁਭਵ) ਕਰਨਾ ਹੁੰਦਾ ਹੈ ਤਾਂ ਕਿ ਉਹ ਸੱਚ ਤੁਹਾਡਾ ਬਣ ਸਕੇ।ਪਰ ਵਿਰਦੀ ਸਾਹਿਬ ਵਰਗੇ ਵਿਦਵਾਨ ਆਪਣੀ ਮੱਤ ਅਨੁਸਾਰ ਅਰਥਾਂ ਦੇ ਝਗੜੇ ਖੜ੍ਹੇ ਕਰਦੇ ਹਨ।ਜਦਕਿ ਅਰਥਾਂ ਦਾ ਕੋਈ ਮਾਅਨਾ ਹੀ ਨਹੀਂ ਹੁੰਦਾ, ਅਰਥ ਹਰ ਇੱਕ ਦੇ ਉਤਨਾ ਚਿਰ ਆਪਣੇ ਹੀ ਹੁੰਦੇ ਹਨ, ਜਦ ਤੱਕ ਉਨ੍ਹਾਂ ਦਾ ਤੁਸੀਂ ਆਪ ਅਨੁਭਵ ਨਾ ਕਰ ਲਵੋ।
   ਵਿਰਦੀ ਸਾਹਿਬ ਨੂੰ ਬੇਨਤੀ ਹੈ ਕਿ ਜੇ ਉਨ੍ਹਾਂ ਕੋਲ ਕੋਈ ਗੁਰਬਾਣੀ ਜਾਂ ਕਿਸੇ ਹੋਰ ਗ੍ਰੰਥ ਦਾ ਵੱਧ ਸੱਚ ਹੈ ਤਾਂ ਉਹ ਜਰੂਰ ਲੋਕਾਂ ਨਾਲ ਸ਼ੇਅਰ ਕਰਨ ਤੇ ਅੱਗੇ ਤੁਰਨ, ਨਾ ਕਿ ਹਰ ਇੱਕ ਨਾਲ ਝਗੜਾ ਖੜ੍ਹਾ ਕਰਨ।ਜੇ ਵਿਰਦੀ ਸਾਹਿਬ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਤਾਂ ਬਾਕੀਆਂ ਨੂੰ ਆਪਣੇ ਢੰਗ ਨਾਲ ਸੋਚਣ ਦਾ ਹੱਕ ਹੈ।ਉਹ ਦੂਜਿਆਂ ਤੇ ਨਾਸਤਿਕਤਾ ਦੇ ਲੇਬਲ ਲਾਉਣੇ ਛੱਡਣ ਕਿਉਂਕਿ ਜੇ ਰੱਬ ਨੂੰ ਨਾਸਤਿਕਾਂ ਤੇ ਕੋਈ ਇਤਰਾਜ਼ ਨਹੀਂ ਤਾਂ ਫਿਰ ਵਿਰਦੀ ਸਾਹਿਬ ਨੂੰ ਆਪਣੇ ਜੀਵਨ ਦਾ ਕੀਮਤੀ ਸਮਾਂ ਅਜਿਹੀਆਂ ਫਜ਼ੂਲ ਗੱਲਾਂ ਤੇ ਬਰਬਾਦ ਕਰਨ ਦੀ ਥਾਂ, ਧਰਮ ਦੇ ਅਸਲੀ ਮਾਰਗ ਮਾਦੇ ਵਿਚਲੀ ਚੇਤੰਨਤਾ ਦੇ ਸੱਚ ਨੂੰ ਜਾਨਣ ਲਈ ਯਤਨ ਕਰਨ, ਜਿਸ ਤਰ੍ਹਾਂ ਸਾਇੰਸਦਾਨਾਂ ਨੇ ਮਾਦੇ ਬਾਰੇ ਖੋਜਾਂ ਕਰਕੇ ਮਨੁੱਖਤਾ ਦਾ ਭਲਾ ਕੀਤਾ ਹੈ, ਉਸੇ ਤਰ੍ਹਾਂ ਧਰਮੀਆਂ ਨੂੰ ਵੀ ਮਾਦੇ ਵਿਚਲੀ ਚੇਤੰਨਤਾ ਦੇ ਸੱਚ ਬਾਰੇ ਖੋਜ ਕਰਨੀ ਚਾਹੀਦੀ ਹੈ ਤੇ ਜੀਵਨ ਦੀ ਖੇਡ ਦੇ ਸੱਚ ਨੂੰ ਜਾਨਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।ਜਿਸ ਦਿਨ ਧਰਮੀ ਲੋਕ ਅਜਿਹੀ ਖੋਜ ਦੇ ਰਾਹ ਪੈਣਗੇ, ਉਸ ਦਿਨ ਉਨ੍ਹਾਂ ਨੂੰ ਫਿਰ ਆਪਣੀ ਗੱਲ ਕਹਿਣ ਲਈ ਦੂਜਿਆਂ ਦੇ ਗ੍ਰੰਥਾਂ ਦੇ ਅਰਥਾਂ ਦੇ ਸਹਾਰੇ ਦੀ ਲੋੜ ਨਹੀਂ ਰਹਿਣੀ।
……………………………..
 ਕੰਵਰਜੀਤ ਸਿੰਘ:- ਸੰਪਾਦਕ ਹ: ਪ: ਜੀ! ਇਕ ਗੱਲ ਤਾਂ ਸਾਫ ਹੈ ਕਿ ਤੁਸੀਂ ਗੁਰਬਾਣੀ ਨੂੰ ਹਰ ਯੁਗ ਲਈ ਨਹੀਂ ਮੰਨਦੇ।ਜਿਸ ਦਾ ਸਿੱਧਾ ਮਤਲਬ ਇਹ ਹੈ ਕਿ ਗੁਰਬਾਣੀ ਦੇ ਅਰਥ ਤੁਸੀਂ ਆਪਣੀ ਮਨ ਮਰਜ਼ੀ ਨਾਲ ਚਾਹੁੰਦੇ ਹੋ। ਹੁਣ ਇਸ ਨੂੰ ਤੁਸੀਂ ਮਨਮਤ ਕਹੋ ਕਿ ਗੁਰਮਤਿ? ਵਿਰਦੀ ਸਾਹਿਬ ਨੂੰ ਕਿਉਂ ਦੋਸ਼ ਦਿੰਦੇ ਹੋ? ਜਵਾਬ ਦੇਵੋ ਉਨ੍ਹਾਂਨੂੰ ਗੁਰਮਤਿ ਅਨੁਸਾਰ। ਮੁਆਫ ਕਰਨਾ ਜੀ ਆਪ ਦੇ ਗਰੁੱਪ ਦੇ ਬਹੁਤੇ ਬੰਦੇ ਪੱਗ ਬੰਨ੍ਹਕੇ ਸਿੱਖ ਬਣੇ ਹੈ, ਜਦਕਿ ਹਰ ਜਗ੍ਹਾ ਤੇ ਸਿੱਖੀ ਦੀਆਂ ਰਵਾਇਤਾਂ ਖ਼ਤਮ ਕਰਨ ਤੇ ਲੱਗੇ ਹੋਏ ਹਨ।ਹੋ ਸਕਦਾ ਹੈ ਹੁਣ ਤੁਸੀਂ ਮੈਨੂੰ ਵੀ ਕਿਸੇ ਸਾਧ ਦਾ ਚੇਲਾ ਦੱਸੋ, ਐਸੀ ਕੋਈ ਗੱਲ ਨਹੀਂ ਹੈ ਜੀ।                 

                                          (09-04-2015)

……………………………………………………

ਜਸਬੀਰ ਸਿੰਘ ਵਿਰਦੀ:-
 ਸੰਪਾਦਕ ਹ: ਪ: ਜੀ! ਇਹ ਤੁਹਾਡਾ ਕਮੈਂਟ ਕਈ ਮਹੀਨੇ ਪਹਿਲਾਂ ਦਾ ਹੈ, ਜਿਹੜਾ ਤੁਸੀਂ ਹੁਣ ਏਥੇ ਦੁਬਾਰਾ ਪਾਇਆ ਹੈ।ਪਹਿਲਾਂ ਜਦੋਂ ਤੁਸੀਂ ਇਹ ਕਮੈਂਟ ਪਾਇਆ ਸੀ ਮੈਂ ਉਸ ਵਕਤ ਵੀ ਆਪਣੇ ਵੱਲੋਂ ਕੁੱਝ ਸ਼ਰਤਾਂ ਰੱਖਕੇ ਵਿਚਾਰ ਵਟਾਂਦਰਾ ਕਰਨ ਲਈ ਸੱਦਾ ਦਿੱਤਾ ਸੀ ਅਤੇ ਨਾਲ ਲਿਖਿਆ ਸੀ ਕਿ ਤੁਸੀਂ ਆਪਣੇ ਵੱਲੋਂ ਕੋਈ ਸ਼ਰਤਾਂ ਰੱਖਣੀਆਂ ਚਾਹੁੰਦੇ ਹੋ ਤਾਂ ਰੱਖ ਸਕਦੇ ਹੋ ਅਤੇ ਆਪਾਂ ਵਿਚਾਰ ਵਟਾਂਦਰਾ ਸ਼ੁਰੂ ਕਰ ਲੈਂਦੇ ਹਾਂ।ਪਰ ਤੁਸੀਂ ਮੇਰੇ ਸੱਦੇ ਦਾ ਕੋਈ ਜਵਾਬ ਨਹੀਂ ਸੀ ਦਿੱਤਾ।ਸ਼ਰਤਾਂ ਤੈਅ ਕਰਕੇ ਜਦੋਂ ਵਿਚਾਰ ਵਟਾਂਦਰਾ ਹੋਵੇਗਾ ਤਾਂ ਇਸ ਵਿੱਚ ਉਲਝਣ ਵਾਲੀ ਕੋਈ ਗੱਲ ਨਹੀਂ ਹੋਵੇਗੀ।ਜਿੱਥੇ ਵੀ ਕੋਈ ਵਿਸ਼ੇ ਤੋਂ ਹਟਕੇ ਉਲਝਣ ਵਾਲੀ ਜਾਂ ਫਾਲਤੂ ਦੀ ਬਹਿਸ ਵਾਲੀ ਗੱਲ ਕਰੇਗਾ ਉਸੇ ਵਕਤ ਉਸਨੂੰ ਸੁਚੇਤ ਕਰ ਦਿੱਤਾ ਜਾਵੇਗਾ।ਮੇਰੀ ਆਪ ਜੀ ਅੱਗੇ ਫੇਰ ਬੇਨਤੀ ਹੈ ਕਿ ਜੇ ਤੁਸੀਂ ਸ਼ਰਤਾਂ ਤੈਅ ਕਰਕੇ ਵਿਚਾਰ ਵਟਾਂਦਰਾ ਕਰਨ ਲਈ ਰਾਜ਼ੀ ਹੋ ਤਾਂ ਸ਼ਰਤਾਂ ਸਹਿਤ ਆਪਣੀ ਸਹਿਮਤੀ ਲਿਖ ਦਿਉ ਅਤੇ ਮੈਂ ਵੀ ਆਪਣੀਆਂ ਸ਼ਰਤਾਂ ਦੁਬਾਰਾ ਤੋਂ ਲਿਖ ਦਿਆਂਗਾ।ਅਤੇ ਆਪਾਂ ਵਿਚਾਰ ਵਟਾਂਦਰਾ ਸ਼ੁਰੂ ਕਰ ਲੈਂਦੇ ਹਾਂ।ਪਰ ਜੇ ਤੁਸੀਂ ਗੱਲੀਂ-ਬਾਤੀਂ ਮੈਨੂੰ ਬਦਨਾਮ ਕਰਨਾ ਹੀ ਮਿਥਿਆ ਹੈ ਤਾਂ ਤੁਹਾਡੀ ਮਰਜ਼ੀ ਹੈ, ਮੈਂ ਤੁਹਾਨੂੰ ਰੋਕ ਨਹੀਂ ਸਕਦਾ।      

         (09-04-2015)

……………………………..

  ਕੁਲਬੀਰ ਸਿੰਘ ਸ਼ੇਰਗਿੱਲ:- 
ਹ: ਪ: ਜੀ! ਤੁਹਾਡੇ ਵਿਚਾਰ ਵਿੱਚੋਂ ਕੋਈ ਅਰਥ ਨਹੀਂ ਨਿਕਲ ਰਿਹਾ।ਇੱਕ ਤਰਫ਼ਾ ਵਿਰਦੀ ਜੀ ਦੀ ਬਿਨਾਂ ਵਜ੍ਹਾ ਅਲੋਚਨਾ ਹੀ ਹੈ ਕੋਈ ਸਬੂਤ ਵੀ ਪੇਸ਼ ਕਰੋ ਉਹਨਾਂ ਦੀਆਂ ਲਿਖਤਾਂ ਵਿੱਚੋਂ ਜਾਂ ਉਹਨਾਂ ਦੇ ਕੋਮਿੰਟਸ ਵਿੱਚੋਂ ਕੋਈ ਟੂਕ ਮਾਤਰ ਪੇਸ਼ ਕਰਦੇ ਤਾਂ ਕੁੱਝ ਗੱਲ ਸਮਝ ਆਉਂਦੀ।ਤੁਸੀਂ ਤਾਂ ਉਹ ਗੱਲ ਕੀਤੀ-
“ਗੱਲੀਂ ਬਾਤੀਂ ਮੈਂ ਵੱਡੀ, ਕਰਤੂਤੀਂ ਵੱਡੀ ਜੇਠਾਣੀ”।
ਗੱਲਾਂ ਨਾਲ ਵੱਡੇ ਨਾ ਬਣੋ ਕੋਈ ਸਬੂਤ ਪੇਸ਼ ਕਰੋ ਜੇ ਹੈ ਤਾਂ।        

 (10-04-2015)

………………………………..

   ਜਸਬੀਰ ਸਿੰਘ ਵਿਰਦੀ:- 
ਸੰਪਾਦਕ ਹ: ਸਿੰਘ ਪ: ਜੀ! ਤੁਹਾਡੇ ਦੋਨਾਂ ਹੱਥਾਂ ਵਿੱਚ ਲੱਡੂ ਹਨ। ਇੱਕ ਪਾਸੇ ਤੁਸੀਂ ‘ਵਿਰਦੀ ਜੀ ਨਾਲ ਕੁਝ ਵਿਚਾਰਾਂ’ ਦੀ ਗੱਲ ਕਰਦੇ ਹੋ। ਦੂਜੇ ਪਾਸੇ ਮੇਰੇ ਤੇ ‘ਬਹਿਸ’ ਅਤੇ ‘ ਸਾਰਿਆਂ ਨਾਲ ਉਲਝਣ’ ਦਾ ਦੋਸ਼ ਲਗਾ ਕੇ ਮੇਰਾ ਮੂੰਹ ਵੀ ਬੰਦ ਕਰ ਰਹੇ ਹੋ। ਹੁਣ ਜੇ ਮੈਂ ਤੁਹਾਡੀਆਂ ਗੱਲਾਂ ਦਾ ਜਵਾਬ ਦੇਵਾਂ ਅਤੇ ਆਪਣੇ ਸਵਾਲ ਰੱਖਾਂ ਤਾਂ ਤੁਸੀਂ ਜਵਾਬ ਦੇਣ ਤੋਂ ਬਚਣ ਲਈ ਏਸ ਮੋਰੀ’ਚੋਂ ਨਿਕਲ ਰਹੇ ਹੋ ਕਿ ਤੁਸੀਂ ਬਹਿਸ ਨਹੀਂ ਕਰਨੀ ਚਾਹੁੰਦੇ ਅਤੇ ਉਲਝਣਾ ਨਹੀਂ ਚਾਹੁੰਦੇ। ਮੇਰੇ ਬਾਰ ਬਾਰ ਸੱਦਾ ਦੇਣ ਦੇ ਬਾਵਜੂਦ ਵੀ ਤੁਸੀਂ ਸ਼ਰਤਾਂ ਤੈਅ ਕਰਕੇ ਵਿਚਾਰ ਵਟਾਂਦਰਾ ਕਰਨ ਲਈ ਤਿਆਰ ਨਹੀਂ ਹੋ। ਤੁਹਾਡੀ ਇਹ ਮੌਜੂਦਾ ਪੋਸਟ ਅਗਸਤ 2014 ਦੀ ਹੈ ਅਤੇ ਹੁਣ ਕਾਫੀ ਸਮੇਂ ਤੋਂ ਆਪਣਾ ਕੋਈ ਵਿਚਾਰ ਵਟਾਂਦਰਾ ਵੀ ਨਹੀਂ ਹੋਇਆ।ਪਤਾ ਨਹੀਂ ਤੁਹਾਨੂੰ ਬੈਠੇ ਬਿਠਾਏ ਕੀ ਸੁੱਝਿਆ ਹੈ ਕਿ ਮੈਨੂੰ ਬਦਨਾਮ ਕਰਨ ਲਈ ਪੋਸਟ ਦੁਬਾਰਾ ਪਾ ਦਿੱਤੀ ਹੈ।
   ਜੇ ਮੈਂ ਵੱਖ ਵੱਖ ਵਿਅਕਤੀਆਂ ਨਾਲ ਉਲਝਦਾ ਹਾਂ ਤਾਂ ਆਪੇ ਵੱਖ ਵੱਖ (ਸੰਬੰਧਤ) ਵਿਅਕਤੀ ਮੈਨੂੰ ਕਿਸੇ ਵੀ ਚੱਲ ਰਹੀ ਵਿਚਾਰ ਚਰਚਾ ਵਿੱਚ ਦੱਸ ਦੇਣਗੇ ਕਿ ਮੈਂ ਕਿਹੜੀ ਗੱਲ ਉਲਝਣ ਵਾਲੀ ਕਰ ਰਿਹਾ ਹਾਂ।ਜੇ ਤੁਹਾਨੂੰ ਮੇਰੀ ਕਿਸੇ ਲਿਖਤ ਤੋਂ ਇਤਰਾਜ ਹੈ ਤਾਂ ਤੁਸੀਂ ਮੇਰੀ ਲਿਖਤ ਦਾ ਹਵਾਲਾ ਦੇ ਕੇ ਦੱਸ ਸਕਦੇ ਹੋ ਕਿ ਮੈਂ ਕਿਹੜੀ ਗੱਲ ਬੇ-ਬੁਨਿਆਦ, ਤਰਕ-ਰਹਿਤ ਅਤੇ ਉਲਝਣ ਵਾਲੀ ਕੀਤੀ ਹੈ। ਜਿਹੜਾ ਤੁਸੀਂ ਲਿਖਿਆ ਹੈ ਕਿ “ਕੋਈ ਵੀ ਵਿਅਕਤੀ ਇਨ੍ਹਾਂ ਨਾਲ (ਜਾਣੀ ਕਿ ਮੇਰੇ ਨਾਲ) ਬਹਿਸ ਵਿੱਚ ਜਿੱਤ ਨਹੀਂ ਸਕਿਆ”; ਹ: ਪ: ਜੀ! ਇਹ ਗੱਲ ਤਾਂ ਮੇਰੇ ਲਈ ਮਾਣ ਵਾਲੀ ਹੈ ਕਿ ਵਾਹਿਗੁਰੂ ਦੀ ਕਿਰਪਾ ਨਾਲ ਮੇਰੀਆਂ ਤਰਕ-ਸੰਗਤ ਗੱਲਾਂ ਨੂੰ ਅੱਜ ਤੱਕ ਕੋਈ ਵੀ ਵਿਰੋਧੀ ਵਿਚਾਰਾਂ ਵਾਲਾ ਰੱਦ ਨਹੀਂ ਕਰ ਸਕਿਆ, ਅਤੇ ਤੁਹਾਡੇ ਕਹਿਣ ਨਾਲ ਮੇਰੀਆਂ ਗੁਰਬਾਣੀ ਹਵਾਲਿਆਂ ਸਹਿਤ ਪੇਸ਼ ਕੀਤੀਆਂ ਜਾਂਦੀਆਂ ਤਰਕ-ਸੰਗਤ ਗੱਲਾਂ ਬਹਿਸ ਨਹੀਂ ਬਣ ਜਾਂਦੀਆਂ।  ਮੈਂ ਸਨ 2004 ਵਿੱਚ ਤੁਹਾਡੀ ਮੈਗਜ਼ੀਨ ਲਈ ਆਪਣੇ ਵਿਚਾਰ ਦੇਣੇ ਅਰੰਭ ਕੀਤੇ ਸਨ।ਕੀ ਓਦੋਂ ਤੋਂ ਲੈ ਕੇ ਅੱਜ ਤੱਕ ਉਦਾਹਰਣ ਵਜੋਂ ਮੇਰੀ ਕੋਈ ਇੱਕ ਵੀ ਤਰਕ-ਰਹਿਤ ਗੱਲ ਦਾ ਹਵਾਲਾ ਪੇਸ਼ ਕਰਕੇ ਦੱਸ ਸਕਦੇ ਹੋ ਕਿ ਮੈਂ ਕਿਸ ਤਰ੍ਹਾਂ ਬੇ ਮਤਲਬ ਉਲਝਣ ਵਾਲੀ ਕੋਈ ਗੱਲ ਕੀਤੀ ਹੈ???
  ਤੁਸੀਂ ਮੇਰੇ ਪ੍ਰਤੀ ਜ਼ਹਿਰ ਉਗਲਦੇ ਹੋਏ ਲਿਖਿਆ ਹੈ ਕਿ “ਬਹੁਤ ਸਾਰੀਆਂ ਸਾਈਟਾਂ ਵਾਲਿਆਂ ਨੇ ਇਨ੍ਹਾਂ ਤੇ (ਜਾਣੀ ਕਿ ਮੇਰੇ ਤੇ) ਵਿਚਾਰ ਪੇਸ਼ ਕਰਨ ਤੇ ਪਾਬੰਦੀ ਵੀ ਲਗਾਈ ਹੋਈ ਹੈ”। ਹ: ਪ: ਜੀ! ਤੁਸੀਂ ਕਿਸੇ ਇੱਕ ਵੀ ਸਾਈਟ ਬਾਰੇ ਦੱਸ ਸਕਦੇ ਹੋ ਜਿਸ ਤੇ ਮੇਰੇ ਵਿਚਾਰ ਛਾਪਣ ਤੇ ਪਾਬੰਦੀ ਲਗਾਈ ਗਈ ਹੋਵੇ??? ਸ਼ਾਇਦ ਤੁਹਾਡਾ ਇਸ਼ਾਰਾ “ਸਿੱਖ ਮਾਰਗ” ਵੱਲ ਹੈ।ਇਸ ਸੰਬੰਧੀ ਮੈਂ ਦੱਸ ਦਿਆਂ ਕਿ ਸਿੱਖ ਮਾਰਗ ਦੇ ਸੰਪਾਦਕ ਮੱਖਣ ਸਿੰਘ ਜੀ ਨੇ ਮੇਰੇ ਤੇ ਕੋਈ ਪਾਬੰਦੀ ਨਹੀਂ ਲਗਾਈ।ਬਲਕਿ ਮੈਂ ਉਨ੍ਹਾਂ ਦੇ ‘ਪੱਖ-ਪਾਤੀ’ ਰਵਈਏ ਨੂੰ ਭਾਂਪਦੇ ਹੋਏ ਸਿੱਖ ਮਾਰਗ ਤੇ ਵਿਚਾਰ ਦੇਣੇ ਖੁਦ ਹੀ ਬੰਦ ਕਰ ਦਿੱਤੇ ਸਨ।ਮੈਨੂੰ ਪਤਾ ਹੈ ਕਿ ਤੁਹਾਨੂੰ ਮੇਰੀ ਇਹ ਗੱਲ ਝੂਠ ਲੱਗਦੀ ਹੋਵੇਗੀ।ਹ: ਪ: ਜੀ! ਮੈਂ ਕਦੇ ਵੀ ਹਵਾ’ਚ ਤੀਰ ਨਹੀਂ ਛੱਡਦਾ।ਇਸ ਲਈ ਮੱਖਣ ਸਿੰਘ ਜੀ ਦੁਆਰਾ ਮੈਨੂੰ ਭੇਜੀ ਗਈ ਈ ਮੇਲ ਦੇ ਕੁਝ ਅੰਸ਼ ਪੇਸ਼ ਹਨ-
“… ਸਿਰਫ ਇਸ਼ਾਰੇ ਮਾਤਰ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੀ 30 ਜਨਵਰੀ 2013 ਵਾਲੀ ਆਪਣੀ ਚਿੱਠੀ ਪੜ੍ਹੋ ਕਿ *ਤੁਸੀਂ ਆਪ* ਹੀ ਸਿੱਖ ਮਾਰਗ ਤੇ ਆਪਣੀ ਆਖਰੀ ਫਤਿਹ ਬੁਲਾਈ ਸੀ ਕਿ ਨਹੀਂ? ….. ਮੈਂ ਨਿਰਪੱਖ ਸੀ ਅਤੇ ਜੇ ਕਰ ਨਾ ਹੁੰਦਾ ਤਾਂ ਤੁਸੀਂ, ਜੰਮੂ ਜੀ ਅਤੇ ਹੋਰ ਇਤਨੇ ਸਾਲ ਕਿਵੇਂ ਵਿਚਾਰ ਚਰਚਾ ਕਰਦੇ ਰਹਿੰਦੇ।‘ਪਰ ਹੁਣ’ ਕੁਝ ਸਮਾਂ *ਨਿਰਪੱਖ ਨਾ ਹੋ ਕੇ* ਦੇਖਣਾ ਹੈ ਜਿਸ ਤਰ੍ਹਾਂ ਹੋਰ ਸਾਈਟਾਂ ਵਾਲੇ ਹਨ। ਸੋ ਨਿਰਪੱਖ ਨਾ ਹੋਣ ਵਿੱਚ ਹੁਣ ਕੁੱਝ ਸੱਚਾਈ ਹੈ”।
  ਸੰਪਾਦਕ ਹ: ਪ: ਜੀ! ਆਪਣੀ ਤਸੱਲੀ ਲਈ ਸਿੱਖ ਮਾਰਗ ਤੇ ਮੇਰਾ 30 ਜਨਵਰੀ 2013 ਵਾਲਾ ਪੱਤਰ ਖੁਦ ਦੇਖ ਸਕਦੇ ਹੋ ਕਿ ਸਿੱਖ ਮਾਰਗ ਤੇ ਆਖਰੀ ਫਤਹਿ ਮੈਂ ਖੁਦ ਹੀ ਬੁਲਾਈ ਸੀ ਕਿ ਨਹੀਂ।ਅਤੇ ਈ ਮੇਲ ਦੇ ਅੰਸ਼ਾਂ ਬਾਰੇ ਸ: ਮੱਖਣ ਸਿੰਘ ਪੁਰੇਵਾਲ ਜੀ ਤੋਂ ਕਨਫਰਮ ਕਰ ਸਕਦੇ ਹੋ।
 ਤੁਸੀਂ ਲਿਖਿਆ ਹੈ- “ … ਇਹ ਮੰਨ ਕੇ ਚੱਲਦੇ ਹਨ ਕਿ ਸਭ ਲੋਕ ਉਨ੍ਹਾਂ ਦੀ ਹਰ ਗੱਲ ਨਾਲ ਸਹਿਮਤ ਹੋਣ।ਜਦਕਿ ਰੱਬ ਨੇ ਹਰ ਮਨੁੱਖ ਨੂੰ ਸ਼ਕਲ ਪੱਖੋਂ ਵੀ ਤੇ ਅਕਲ ਪੱਖੋਂ ਵੀ ਵੱਖ ਬਣਾਇਆ ਹੈ।ਇਹੀ ਉਸਦੀ ਕਮਾਲ ਦੀ ਕਾਰੀਗਿਰੀ ਹੈ ਕਿ ਲੱਖਾਂ ਸਾਲਾਂ ਤੋਂ ਰੋਜ਼ਾਨਾ ਨਵੇਂ ਬੱਚੇ ਜੰਮਦੇ ਹਨ, ਪਰ ਕੋਈ ਵੀ ਪੂਰਨ ਰੂਪ ਵਿੱਚ ਕਿਸੇ ਵਰਗਾ ਨਹੀਂ ਹੁੰਦਾ।ਪਰ ਵਿਰਦੀ ਸਾਹਿਬ ਅਜਿਹੇ ਮਹਾਂ ਪੁਰਸ਼ ਹਨ, ਜੋ ਕੁਦਰਤ ਦੇ ਇਸ ਸੱਚ ਨੂੰ ਮੰਨਣ ਤੋਂ ਇਨਕਾਰੀ ਹਨ ਤੇ ਚਾਹੁੰਦੇ ਹਨ ਸਾਰੀ ਮਨੁੱਖਤਾ ਇਨ੍ਹਾਂ ਦੀ ਹਰ ਗੱਲ ਨਾਲ ਸਹਿਮਤ ਹੋ ਜਾਵੇ”।
ਸੰਪਾਦਕ ਹ: ਪ: ਜੀ! ਤੁਸੀਂ ਮੇਰੀ ਕਿਸੇ ਲਿਖਤ ਦਾ ਹਵਾਲਾ ਪੇਸ਼ ਕਰ ਸਕਦੇ ਹੋ ਜਿਸ ਵਿੱਚ ਮੈਂ ਕੁਦਰਤ ਦੇ ਇਸ ਸੱਚ ਨੂੰ ਮੰਨਣ ਤੋਂ ਇਨਕਾਰੀ ਹੋਇਆ ਹਾਂ? ਇਹੀ ਤਾਂ ਇੱਕ ਘੁੰਡੀ ਹੈ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਸਿੱਖਾਂ ਨੂੰ ਗੁਮਰਾਹ ਕਰ ਰਹੇ ਹੋ।ਜਿਸ ਦਾ ਆਮ ਕਰਕੇ ਛੇਤੀ ਕੀਤੇ ਕਿਸੇ ਨੂੰ ਫਰਕ ਪਤਾ ਨਹੀਂ ਲੱਗਦਾ।ਹ: ਪ: ਜੀ! ਤੁਸੀਂ ਪੜ੍ਹੇ ਲਿਖੇ ਵਿਦਵਾਨ ਹੋ ਪਰ ਮੁਆਫ ਕਰਨਾ ਕਿ ਕਈ ਵਾਰੀਂ ਸਮਝਾਏ ਜਾਣ ਦੇ ਬਾਵਜੂਦ ਵੀ ਤੁਹਾਡੀ ਸਮਝ ਵਿੱਚ ਇੱਕ ਛੋਟੀ ਜਿਹੀ ਗੱਲ ਨਹੀਂ ਪੈ ਰਹੀ ਕਿ- ਅਕਲ ਵੱਖਰੀ ਚੀਜ ਹੈ ਅਤੇ ਸੋਚ (ਮਾਨਸਿਕਤਾ) ਵੱਖਰੀ ਚੀਜ ਹੈ।ਅਕਲ ਦਾ ਸੰਬੰਧ ਦਿਮਾਗ਼ ਨਾਲ ਹੈ ਅਤੇ ਸੋਚ (ਮਾਨਸਿਕਤਾ) ਦਾ ਸੰਬੰਧ ਮਨ ਨਾਲ ਹੈ।ਕੋਈ ਅਕਲ ਪੱਖੋਂ ਬਹੁਤ ਪੜ੍ਹਿਆ ਲਿਖਿਆ ਜਾਂ ਅਨਪੜ੍ਹ ਵਿਅਕਤੀ ਮਾਨਸਿਕ ਪੱਖੋਂ ਗੁਰਮਤਿ ਦਾ ਹਾਮੀ ਵੀ ਹੋ ਸਕਦਾ ਹੈ ਅਤੇ ਗੁਰਮਤਿ ਦਾ ਵਿਰੋਧੀ ਵੀ।ਗੁਰਮਤਿ ਇੱਕ ਹੈ ਤਾਂ ਇਸ ਦਾ ਸੁਨੇਹਾਂ ਵੀ ਇੱਕ ਹੈ।ਇਸ ਲਈ ਇਹ ਨਹੀਂ ਹੋ ਸਕਦਾ ਕਿ ਹਰ ਇੱਕ ਦੀ ਅਕਲ ਅਨੁਸਾਰ ਗੁਰਬਾਣੀ ਦਾ ਸੁਨੇਹਾਂ ਵੱਖਰਾ ਵੱਖਰਾ ਹੋ ਗਿਆ।ਜਾਂ ਸਮੇਂ ਸਮੇਂ ਤੇ ਵਿਗਿਆਨਕ ਤਰੱਕੀ ਦੇ ਨਾਲ ਨਾਲ ਗੁਰਬਾਣੀ ਦਾ ਸੁਨੇਹਾਂ ਵੀ ਬਦਲਦਾ ਜਾਏਗਾ।
 ਤੁਸੀਂ ਲਿਖਿਆ ਹੈ:- “ਉਨ੍ਹਾਂਨੂੰ (ਜਾਣੀ ਕਿ ਮੈਨੂੰ) ਇਹ ਸਮਝ ਨਹੀਂ ਆਉਂਦੀ ਕਿ ਕੁਦਰਤ ਦੀ ਇਸ ਕਾਇਨਾਤ ਦੀ ਬਿਊਟੀ ਹੀ ਇਹ ਹੈ ਕਿ ਇਸ ਫੁਲਵਾੜੀ ਵਿੱਚ ਹਰ ਦਿਨ ਵੱਖ ਵੱਖ ਤਰ੍ਹਾਂ ਦੇ ਫੁੱਲ ਖਿੜਦੇ ਹਨ ਤੇ ਆਪਣਾ ਸਮਾਂ ਬਤੀਤ ਕਰਕੇ ਇਸ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਹਨ”।
 ਹ: ਪ: ਜੀ! ਤੁਸੀਂ ਇਹ ਗੱਲ ਸਮਝਣ ਅਤੇ ਮੰਨਣ ਲਈ ਤਿਆਰ ਨਹੀਂ ਕਿ ਜੇ ਗੱਲ ਏਨੀਂ ਹੀ ਹੁੰਦੀ ਕਿ ‘ਆਪਣਾ ਸਮਾਂ ਬਤੀਤ ਕਰਕੇ ਹਰ ਇੱਕ ਨੇ ਸੰਸਾਰ ਨੂੰ ਅਲਵਦਾ ਆਖ ਜਾਣਾ ਹੈ’ ਫੇਰ ਤਾਂ ਗੁਰਬਾਣੀ ਦਾ ਜਾਂ ਕਿਸੇ ਵੀ ਹੋਰ ਸਦਾਚਾਰਕ ਉਪਦੇਸ਼ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਜਿਸ ਨੂੰ ਜਿਵੇਂ ਠੀਕ ਲਗਦਾ ਹੈ ਆਪਣਾ ਮਨ ਮਰਜੀ ਮੁਤਾਬਕ ਜੀਵਨ ਬਿਤਾ ਕੇ ਸੰਸਾਰ ਤੋਂ ਅਲਵਿਦਾ ਹੋ ਹੀ ਜਾਣਾ ਹੈ।ਇਹੀ ਵਿਚਾਰ ਕਮਿਉਨਿਸਟਾਂ, ਚਾਰਵਾਕੀਆਂ ਅਤੇ ਦੇਵ ਸਮਾਜੀ ਸਾਰੇ ਨਾਸਤਕਾਂ ਦੇ ਹਨ।ਜੇ ਐਸੇ ਵਿਚਾਰਾਂ ਵਾਲਿਆਂ ਨੂੰ ਕਉਮਨਿਸਟ, ਚਾਰਵਾਕੀ ਜਾਂ ਦੇਵ ਸਮਾਜੀ ਕਿਹਾ ਜਾਂਦਾ ਹੈ ਤਾਂ ਤੁਹਾਨੂੰ ਬੁਰਾ ਕਿਉਂ ਲੱਗਦਾ ਹੈ?
 ਤੁਸੀਂ ਲਿਖਿਆ ਹੈ- “ਹਰ ਵਿਅਕਤੀ ਨੂੰ ਇਹ ਹੱਕ ਹੈ ਕਿ ਉਹ ਕੋਈ ਵੀ ਵਿਚਾਰਧਾਰਾ ਮੰਨੇ ਜਾਂ ਪ੍ਰਚਾਰੇ ਜਾਂ ਕੋਈ ਨਵੀਂ ਵਿਚਾਰਧਾਰਾ ਪੇਸ਼ ਕਰੇ ਪਰ ਕਿਸੇ ਨੂੰ ਵੀ ਕਿਸੇ ਤੇ ਆਪਣੀ ਵਿਚਾਰਧਾਰਾ ਠੋਸਣ ਦਾ ਕੋਈ ਅਧਿਕਾਰ ਨਹੀਂ।ਤੁਸੀਂ ਅਗਰ ਕਿਸੇ ਵਿਚਾਰ ਜਾਂ ਵਿਚਾਰਧਾਰਾ ਨਾਲ ਸਹਿਮਤ ਨਹੀਂ ਹੋ ਤਾਂ ਤੁਹਾਨੂੰ ਹੱਕ ਹੈ ਕਿ ਤੁਸੀਂ ਆਪਣਾ ਪੱਖ ਦੱਸੋ ਤੇ ਬਾਕੀ ਫੈਸਲਾ ਦੂਜਿਆਂ ਤੇ ਛੱਡ ਦਿਉ ਕਿ ਉਨ੍ਹਾਂ ਕੀ ਕਰਨਾ ਹੈ।ਪਰ ਵਿਰਦੀ ਸਾਹਿਬ ਇਸ ਨਾਲ ਸਹਿਮਤ ਨਹੀਂ ਹਨ ਤੇ ਹਰ ਜਗ੍ਹਾ ਆਪਣੀ ਵਿਚਾਰਧਾਰਾ ਲੋਕਾਂ ਤੇ ਠੋਸਦੇ ਹਨ ਤੇ ਜੇ ਕੋਈ ਸਹਿਮਤ ਨਹੀਂ ਹੁੰਦਾ ਤਾਂ ਉਸਦਾ ਇਮੇਜ਼ ਲੋਕਾਂ ਵਿੱਚ ਖਰਾਬ ਕਰਨ ਦੇ ਮਨਸੂਬੇ ਤਹਿਤ ਨਾਸਤਿਕ ਆਦਿ ਦੇ ਖਿਤਾਬ ਬਖਸ਼ਦੇ ਹਨ”।
 ਸੰਪਾਦਕ ਜੀ! ਕਿਸੇ ਨੂੰ ਵੀ ਕੋਈ ਵੀ ਜਾਂ ਆਪਣੀ ਨਵੀਂ ਵਿਚਾਰਧਾਰਾ ਮੰਨਣ, ਵਿਅਕਤ ਕਰਨ ਅਤੇ ਪ੍ਰਚਾਰਨ ਦਾ ਪੂਰਾ ਹੱਕ ਹੈ। ਪਰ ਮੈਂ ਕਿਸੇ ਹੋਰ ਵਿਚਾਰਧਾਰਾ ਵਿੱਚ ਕਦੇ ਦਖਲ ਨਹੀਂ ਦਿੰਦਾ ਅਤੇ ਨਾ ਮੈਂ ਗੁਰਮਤਿ ਤੋਂ ਵੱਖਰੀ ਆਪਣੀ ਕੋਈ ਵਿਚਾਰਧਾਰਾ ਰੱਖਦਾ ਜਾਂ ਪ੍ਰਚਾਰਦਾ ਹਾਂ।ਮੈਂ ਹਮੇਸ਼ਾਂ ਸਿਰਫ ਅਤੇ ਸਿਰਫ ਗੁਰਮਤਿ ਵਿਚਾਰਧਾਰਾ ਦੀ ਗੱਲ ਕਰਦਾ ਹਾਂ।ਤੁਸੀਂ ਗੁਰਮਤਿ ਵਿਚਾਰਧਾਰਾ ਨੂੰ ਨਹੀਂ ਮੰਨਦੇ ਜਾਂ ਨਹੀਂ ਮੰਨਣਾ ਚਾਹੁੰਦੇ ਜਾਂ ਤੁਸੀਂ ਆਪਣੀ ਕੋਈ ਨਵੀਂ ਵਿਚਾਰਧਾਰਾ ਘੜੀ ਹੈ ਤਾਂ ਤੁਹਾਨੂੰ ਤੁਹਾਡੀ ਘੜੀ ਵਿਚਾਰਧਾਰਾ ਮੁਬਾਰਕ।ਤੁਸੀਂ ਬੇਸ਼ੱਕ ਜੋ ਮਰਜੀ ਮੰਨੋ ਜਾਂ ਪ੍ਰਚਾਰੋ ਤੁਹਾਨੂੰ ਪੁਰਾ ਹੱਕ ਹੈ।ਪਰ ਗੁਰਮਤਿ ਦੇ ਨਾਂ ਤੇ ਗੁਰਮਤਿ ਵਿੱਚ ਕਿਸੇ ਹੋਰ ਵਿਚਾਰਧਾਰਾ ਦੀ ਘੁਸਪੈਠ ਕਰਨ ਦਾ ਤੁਹਾਨੂੰ ਕੋਈ ਹੱਕ ਨਹੀਂ ਹੈ।ਹਾਂ ਜੇ ਤੁਸੀਂ ਆਪਣੀ ਘੜੀ ਵਿਚਾਰਧਾਰਾ ਨੂੰ ਗੁਰਮਤਿ ਵਿਚਾਰਧਾਰਾ ਦੱਸਦੇ ਹੋ ਤਾਂ ਤੁਹਾਨੂੰ ਸੋਸ਼ਲ ਮੀਡੀਆ ਤੇ ਪਾਈ ਜਾਂਦੀ ਆਪਣੀ ਹਰ ਲਿਖਤ ਸੰਬੰਧੀ ਗੱਲ ਨੂੰ ਕਿਸੇ ਸਿਰੇ ਲੱਗਣ ਤੱਕ ਜਵਾਬ ਦੇਣਾ ਹੀ ਪਏਗਾ।ਗੁਰਮਤਿ ਸੰਬੰਧੀ ਪਏ ਜਾਂ ਪਾਏ ਜਾ ਰਹੇ ਭੁਲੇਖਿਆਂ ਨੂੰ ਦੂਰ ਕਰਨ ਲਈ ਵਿਚਾਰ ਵਟਾਂਦਰੇ ਨੂੰ ਤੁਸੀਂ ‘ਬਹਸ ਜਾਂ ਉਲਝਣ’ ਦਾ ਦੋਸ਼ ਲਗਾ ਕੇ ਸਵਾਲਾਂ ਦੇ ਜਵਾਬ ਦੇਣ ਤੋਂ ਟਲ਼ ਨਹੀਂ ਸਕਦੇ।ਸਵਾਲ ‘ਕਿਸੇ’ ਵਿਚਾਰਧਾਰਾ ਨੂੰ ਮੰਨਣ ਜਾਂ ਨਾ ਮੰਨਣ ਦਾ ਨਹੀਂ, ਬਲਕਿ ਗੁਰਮਤਿ ਵਿੱਚ ਹੋਰ ਵਿਚਾਰਧਾਰਾ ਦੀ ਘੁਸਪੈਠ ਦਾ ਹੈ।
   ਤੁਸੀਂ ਲਿਖਿਆ ਹੈ- ਜਿਤਨਾ ਕੁ ਮੈਂ ਇਨ੍ਹਾਂ ਨੂੰ ਜਾਣਿਆ ਹੈ, ਮੈਂ ਕਹਿ ਸਕਦਾ ਹਾਂ ਕਿ ਜਿਸ ਰੱਬ ਦੇ ਇਹ ਪੱਕੇ ਸ਼ਰਧਾਲੂ ਤੇ ਆਸਤਿਕ ਹੋਣ ਦਾ ਦਾਅਵਾ ਕਰਦੇ ਹਨ, ਜੇ ਕਿਸੇ ਦਿਨ ਇਨ੍ਹਾਂ ਵੱਲੋਂ ਸਿਰਜੇ ਰੱਬ ਜੀ ਦਰਸ਼ਨ ਦੇ ਕੇ ਇਨ੍ਹਾਂ ਨੂੰ ਕਹਿ ਦੇਣ ਕਿ ਵਿਰਦੀ ਸਾਹਿਬ ਤੁਸੀਂ ਠੀਕ ਨਹੀਂ ਕਰ ਰਹੇ ਤਾਂ ਇਹ ਆਪਣੇ ਰੱਬ ਤੋਂ ਵੀ ਬਗਾਵਤ ਕਰਕੇ ਉਸਨੂੰ ਵੀ ਨਾਸਤਿਕ ਦਾ ਖਿਤਾਬ ਦੇ ਦੇਣਗੇ”।
 ਸੰਪਾਦਕ ਹ: ਪ: ਜੀ! ਐਵੇਂ ਉਖੜੇ ਕੁਹਾੜੇ ਨਾ ਮਾਰੋ।ਗੁਰਮਤਿ ਅਨੁਸਾਰ ਰੱਬ ਕੀ ਹੈ, ਇਸ ਬਾਰੇ ਵਿਚਾਰ ਵਟਾਂਦਰਾ ਕਰ ਲਵੋ; ਰੱਬ ਕੀ ਕਹੇਗਾ, ਮੈਂ ਕੀ ਕਹਾਂਗਾ ਜਾਂ ਤੁਸੀਂ ਕੀ ਕਹੋਗੇ ਸਭ ਕੁਝ ਸਭ ਦੇ ਸਾਹਮਣੇ ਆ ਜਾਵੇਗਾ।ਅਤੇ ਸਭ ਨੂੰ ਜਾਹਰ ਹੋ ਜਾਵੇਗਾ ਕਿ ਤੁਸੀਂ ਗੁਰਮਤਿ ਵਿੱਚ ਦੱਸੇ ਗਏ ਰੱਬ ਦੀ ਹੋਂਦ ਨੂੰ ਮੰਨਦੇ ਹੋ ਕਿ ਨਹੀਂ? ਅਤੇ ਸਾਫ ਹੋ ਜਾਵੇਗਾ ਕਿ ਤੁਸੀਂ ਆਸਤਕ ਹੋ ਜਾਂ ਨਾਸਤਕ?
  ਇਸ ਤੋਂ ਅੱਗੇ ਮੇਰੇ ਤੇ ਤੁਸੀਂ ਜਿਹੜਾ ਬੇ ਹਿਸਾਬਾ ਨਜ਼ਲਾ ਝਾੜਿਆ ਹੈ ਅਤੇ ਮੇਰੇ ਪ੍ਰਤੀ ਜ਼ਹਿਰ ਉਗਲਿਆ ਹੈ, ਜੇ ਮੈਂ ਤੁਹਾਡੀ ਲਿਖਤ ਮੁਤਾਬਕ ਹੀ ਜਵਾਬ ਦਿਆਂ ਤਾਂ ਲਾਜ਼ਮੀਂ ਇਹ ਗੁਰਮਤਿ ਬਾਰੇ ਵਿਚਾਰ ਵਟਾਂਦਰਾ ਨਾ ਰਹਿਕੇ ਸਿਰਫ ਬਹਿਸ ਅਤੇ ਦੂਸ਼ਣ-ਬਾਜੀ ਹੀ ਬਣ ਜਾਵੇਗੀ, ਜਿਸ ਤੋਂ ਮੈਂ ਹਮੇਸ਼ਾਂ ਪਰਹੇਜ ਕੀਤਾ ਹੈ।ਸਾਰੀ ਵਿਚਾਰ ਦਾ ਨਿਚੋੜ ਇਹੀ ਹੈ ਕਿ ਤੁਸੀਂ ਆਪਣੀਆਂ ਸ਼ਰਤਾਂ ਰੱਖ ਦੇਵੋ ਅਤੇ ਮੈਂ ਆਪਣੀਆਂ ਸ਼ਰਤਾਂ ਦੱਸ ਦਿਆਂਗਾ ਤਾਂ ਕਿ ਬਿਨਾ ਮਹੌਲ ਗਰਮਾਏ ਜਾਂ ਖਰਾਬ ਹੋਏ, ਸੁਖਾਵੇਂ ਮਹੌਲ ਵਿੱਚ ਵਿਚਾਰ ਵਟਾਂਦਰਾ ਹੋ ਸਕੇ।ਸੱਚ-ਝੂਠ, ਸਹੀ-ਗ਼ਲਤ ਦਾ ਨਿਰਣਾ ਹੋ ਸਕੇ ਅਤੇ ਗੁਰਮਤਿ ਸੰਬੰਧੀ ਚੱਲ ਰਹੇ ਵਿਵਾਦ ਅਤੇ ਪਏ ਹੋਏ ਭੁਲੇਖੇ ਕੁਝ ਘਟ ਸਕਣ।ਜਦੋਂ ਵੀ ਕੋਈ ਵਿਅਕਤੀ ਗੁਰਮਤਿ ਦੇ ਨਾਂ ਤੇ ਸੋਸ਼ਲ ਮੀਡੀਆ ਤੇ ਆਪਣੇ ਵਿਚਾਰ ਰੱਖੇਗਾ, ਅਤੇ ਜੇ ਉਹ ਵਿਚਾਰ ਕਿਸੇ ਨੂੰ ਗੁਰਮਤਿ ਦੇ ਉਲਟ ਲੱਗਣਗੇ, ਚਾਹੇ ਤੁਸੀਂ ਹੋਵੋ ਜਾਂ ਮੈਂ ਜਾਂ ਕੋਈ ਹੋਰ, ਹਰ ਇੱਕ ਨੂੰ ਸਵਾਲ ਕਰਨ ਦਾ ਅਤੇ ਜਵਾਬ ਮੰਗਣ ਦਾ ਪੂਰਾ ਹੱਕ ਹੈ।
  ਸੰਪਾਦਕ ਹ: ਸਿੰਘ ਪ: ਜੀ! ਮੈਂ ਆਪਣੇ ਇਹ ਵਿਚਾਰ ਆਪਣੇ ਨਾਵਾਂ ਸਹਿਤ ਕਿਸੇ ਵੈਬ ਸਾਈਟ ਤੇ ਪਾਉਣੇ ਚਾਹੁੰਦਾ ਹਾਂ। ਉਮੀਦ ਹੈ ਕਿ ਆਪ ਜੀ ਨੂੰ ਕੋਈ ਇਤਰਾਜ ਨਹੀਂ ਹੋਵੇਗਾ।ਜੇ ਇਤਰਾਜ ਹੋਵੇ ਤਾਂ ਦੱਸ ਦੇਣਾ ਜੀ।ਧੰਨਵਾਦ।                                         (12-04-2015)
ਨੋਟ:- ਇਸ ਤੋਂ ਅੱਗੇ ਅੱਜ 23-04-2015 ਤੱਕ ਸੰਪਾਦਕ ਸ: ਹ: ਸਿੰਘ ਪ: ਜੀ ਦਾ ਕੋਈ ਕਮੈਂਟ ਨਹੀਂ ਆਇਆ ਜਾਂ ਵਿਚਾਰ ਵਟਾਂਦਰੇ ਲਈ ਕੋਈ ਹੁੰਗਾਰਾ ਨਹੀਂ ਆਇਆ। 

                           ---------

ਜਸਬੀਰ ਸਿੰਘ ਵਿਰਦੀ                        23-04-2015

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.