ਅਜ਼ਗਰ ਨੀਤੀ !!
ਗੁਰੂ ਗ੍ਰੰਥ ਦੀ ਸਰਬ ਉੱਚਤਾ, ਪੂਰਨਤਾ ਦੀ ਹਾਣੀ ।
ਬਾਣੀ ਤੇ ਗੁਰਬਾਣੀ ਦਸਦੀ, ਗੁਰ ਕਸਵੱਟੀ ਥਾਣੀਂ ।।
ਜਿਸ ਬਾਣੀ ਨੂੰ ਗੁਰੂ ਹੋਣ ਦਾ, ਦਰਜਾ ਮਿਲਿਆ ਹੋਇਆ ।
ਉਹੀਓ ਹੀ ਤਾਂ ਗੁਰਬਾਣੀ ਹੈ, ਬਾਕੀ ਕੇਵਲ ਬਾਣੀ ।।
ਗਿਆਨ ਰੂਪ ਨੇ ਨਾਨਕ ਹੋਕੇ, ਐਸੇ ਸ਼ਬਦ ਉਚਾਰੇ ।
ਸਭ ਪਾਸੇ ਗੋਬਿੰਦ ਹੀ ਗੋਬਿੰਦ, ਦੱਸਣ ਸ਼ਬਦ ਕਹਾਣੀ ।।
ਗੁਰਬਾਣੀ ਖੁਦ ਗੁਰੂ ਹੋਣ ਦੇ, ਆਪੇ ਕਰੇ ਇਸ਼ਾਰੇ ।
ਜੋ ਗੁਰਬਾਣੀਂ ਨੂੰ ਨਾਂ ਸਮਝਣ, ਰਹਿਣ ਰਿੜਕਦੇ ਪਾਣੀ ।।
ਏਕਾ ਬਾਣੀ ਇਕ ਗੁਰ ਵਾਲੇ, ਪਾਕਿ ਫਲਸਫੇ ਅੰਦਰ ।
ਡੇਰੇਦਾਰਾਂ ਸੰਪਰਦਾਈਆਂ, ਘੋਰ ਮਿਲਾਵਟ ਠਾਣੀ ।।
ਦੁੱਧ `ਚ ਕਾਂਜੀ ਪਾਈ ਬੈਠੀ, ਬਿਪਰ ਦੀ ਚੱਲੀ ਚਾਲੇ ।
ਝਾਕ ਖਿਆਲੀ ਰੱਖਣ ਵਾਲੀ, ਅੰਧ ਵਿਸ਼ਵਾਸੀ ਢਾਣੀ ।।
ਜਾਣੇ ਜਾਂ ਅਣਜਾਣੇ ਬਣਕੇ, ਸਮਝਣ ਗੁਰੂ ਅਧੂਰਾ ।
ਪੂਰੇ ਗੁਰ ਲਈ ਗੁਰੂ ਬਰਾਬਰ, ਜੋੜਨ ਮੱਤ ਇਆਣੀ ।।
ਗੁਰਬਾਣੀ ਵਿੱਚ ਕੱਚੀ ਬਾਣੀ, ਨਾਲ ਮਿਲਾਵਟ ਵਾਲੀ ।
ਹਰ ਖੇਤਰ ਸੰਸਕਾਰ `ਚ ਪੈਂਦੀ, ਬਿਪਰੀ ਰੀਤ ਨਿਭਾਣੀ ।।
ਦੁਸ਼ਮਣ ਵਰਗਾ ਬਣਕੇ ਉਹ ਤਾਂ, ਦੁਸ਼ਮਣ ਵਿੱਚ ਹੀ ਰਹਿੰਦਾ ।
ਬੰਦਿਆਂ ਨਾਲੋਂ ਸੋਚ `ਚ ਰਹਿਣਾ, ਨੀਤੀ ਬਿਪਰ ਪੁਰਾਣੀ ।।
ਆਪਣੇ ਹੀ ਸੰਸਕਾਰਾਂ ਨੂੰ ਉਹ,ਦੂਜੇ ਦੇ ਸਿਰ ਪਾਉਂਦੀ ।
ਚਾਣਕੀਆ ਦੀ ਅਜਗਰ ਨੀਤੀ, ਸੱਚ-ਧਰਮ ਨੂੰ ਖਾਣੀ ।।
ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)