ਸਵਾਲ ਅਤੇ ਉਸ ਦਾ ਹੱਲ
ਪਾਉਂਦਾ ਰੋਜ਼ ਸਵਾਲ ਅਨੋਖੇ, ਮੇਰਾ ਜ਼ਿਦੀ ਪੋਤਾ।
ਅੱਕ ਜਾਂਦਾ ਹਾਂ, ਉੱਤਰ ਲੱਭਦਾ, ਉਹ ਪੁਛਣੋਂ ਨਾ ਹਟਦਾ।
ਪੁੱਛਦਾ: “ਹਾਥੀ ਵੱਡਾ ਏ ਕਿਉਂ? ਕੀੜੀ ਏ ਕਿਉਂ ਛੋਟੀ?
ਗਊ ਖਾਂਦੀ ਕਿਉਂ ਘਾਹ? ਸ਼ੇਰ ਕਿਉਂ ਖਾਵੇ ਮਾਸ ਦੀ ਬੋਟੀ?
ਖੋਤਾ ਕਿਉਂ ਹੀਂਗਦਾ ਭੈੜਾ? ਗਿਲਝ ਕਿਉਂ ਬੋ ਮਾਰੇ?
ਕੋਇਲ ਦੀ ਕਿਉਂ ਵਾਜ ਸੁਰੀਲੀ? ਲਗਦੇ ਬੋਟ ਪਿਆਰੇ?
ਚਮਗਾਦੜ ਕਿਉਂ ਲਟਕੇ ਪੁੱਠਾ, ਚੂਹਾ ਖੁੱਡ ਵਿੱਚ ਰਹਿੰਦਾ।
ਬਈਆ, ਬੁਣੇ ਆਲਣਾ ਉਲਟਾ, ਮੱਛ ਦਰਿਆ ਵਿੱਚ ਵਹਿੰਦਾ।
ਉਲੂ ਨੂੰ ਕਿਉਂ ਰਾਤ ਨੂੰ ਦਿਸਦਾ, ਮੈਨੂੰ ਕਿਉਂ ਨਾ ਦਿਸਦਾ?
ਪਾਣੀ ਕਿਉਂ ਥੱਲੇ ਨੂੰ ਵਹਿੰਦਾ, ਚੋਟੀ ਤੇ ਨਾ ਟਿਕਦਾ?
ਖੂਨ ਲਾਲ ਕਿਉ? ਕਿਉਂ ਨਾ ਚਿੱਟਾ? ਵਾਲ ਤੁਹਾਡੇ ਚਿੱਟੇ,
ਤੁਸੀਂ ਬਦਾਮੀ, ਪਾਪਾ ਗੋਰਾ?” ਕੀ ਦਸਾਂ ਨਾ ਸੁੱਝੇ।
ਆਖੇ “ਪੱਤੇ ਹਰੇ ਕਿਉਂ ਨੇ? ਤਨੇ ਕਿਉਂ ਨਾ ਸਾਵੇ” ?
ਉੱਤਰ ਮੈਂ ਤਾ ਦਿਆਂ ਜੇ ਇਹ ਕੁਝ, ਮੇਰੀ ਸਮਝ `ਚ ਆਵੇ।
ਮੈਂ ਵੀ ਪੁੱਛਿਆ, “ਤੂੰ ਕਿਉਂ ਜ਼ਿਦੀ, ਚੈਨ ਲੈਣ ਨਾ ਦੇਂਦਾ?”
ਆਖੇ “ਉੱਤਰ ਨਾ ਕੋਈ ਦਿੰਦਾ, ਤਾਂ ਮੈਂ ਕਲਪਦਾ ਰਹਿੰਦਾ”।
ਆਖਾਂ “ਇਹ ਸਭ ਮਾਇਆ ਉਸਦੀ, ਸਭ ਹੁੰਦਾ ਉਸ ਭਾਣੇ।
ਮਾਇਆ ਦਾ ਹੱਲ ਕਿੱਥੋਂ ਲਭੀਏ, ਅਸੀਂ ਹਾਂ ਬਾਲ ਇੰਞਾਣੇ।”
“ਬਾਲ ਤੁਸੀਂ ਵੀ ਮੇਰੇ ਵਰਗੇ? ਉੱਤਰ ਦੇ ਨਾ ਸਕਦੇ?
ਫਿਰ ਤਾਂ ਆਪਾਂ ਆੜੀ ਆੜੀ, ਚੱਲ ਕੇ ਰੱਬ ਤੋਂ ਪੁੱਛਦੇ।
ਸਾਨੂੰ ਸਮਝ ਨਾ ਜੋ ਵੀ ਆਵੇ, ਰੱਬ ਤੋਂ ਉੱਤਰ ਪਾਈਏ।
ਮੈਂ ਵੀ ਹੁਣ ਜ਼ਿਦ ਕਰਨੀ ਛੱਡੀ, ਆੜੀ ਰੱਬ ਸੰਗ ਲਾਈਏ”।
ਡਾ: ਦਲਵਿੰਦਰ ਸਿੰਘ ਗ੍ਰੇਵਾਲ