!!! ਚਾਨਣ ਦਾ ਆਗ਼ਾਜ਼ !!!
ਜਦ ਵੀ ਉੱਗ ਰਹੇ ਚਾਨਣ ਦਾ ਕੋਈ ਅਹਿਸਾਸ ਹੋਇਆ ਹੈ ।
ਹਨੇਰੇ ਘੁੱਟੀਆਂ ਅੱਖਾਂ ,ਅਤੇ ਬੂਹਾ ਹੀ ਢੋਇਆ ਹੈ ।
ਜੁਗਨੂੰ ਦੇਖਕੇ ਵੀ ਓਸਦੀ ਤ੍ਰਾਹ ਨਿਕਲ ਹੈ ਜਾਂਦੀ,
ਮੱਧਮ ਰੋਸ਼ਨੀ ਵੀ ਓਸਦਾ ਮੁੜ੍ਹਕਾ ਹੀ ਚੋਇਆ ਹੈ ।
ਟਿਕੀ ਰਾਤ ਨੂੰ ਉਠੀਆਂ ਮਿਸ਼ਾਲਾਂ ਵਧਦੀਆਂ ਤੱਕਕੇ,
ਕੰਬੀ ਜਾ ਰਿਹੈ ,ਲਗਦਾ ਜਿਵੇਂ ਉਸ ਹੋਸ਼ ਖੋਇਆ ਹੈ ।
ਜਦ ਜਦ ਵੀ ਦੀਵਿਆਂ ਨੇ ਭਾਂਬੜ ਬਨਣ ਦੀ ਸੋਚੀ,
ਕਾਲਖ ਦੀ ਨੀਤੀਆਂ ਨੇ, ਤਪਸ਼ ਨੂੰ ਲਕੋਇਆ ਹੈ ।
ਹਨੇਰੇ ਨੂੰ ਹਨੇਰੇ ਦਾ ਜੋ ਹਰਦਮ ਸਬਕ ਦਿੰਦਾ ਸੀ,
ਡਰਦਾ ਚਾਨਣੋਂ , ਭੁੱਲਕੇ ਨਾ ਸਾਹਵੇਂ ਹੀ ਖਲੋਇਆ ਹੈ ।
ਰੋਣਾ ਚੀਕਣਾ ਵੀ ਓਸ ਤੱਕ ਨਹੀਂ ਪਹੁੰਚ ਸੀ ਸਕਦਾ,
ਸੱਚ ਨੂੰ ਬੇਚਕੇ ਉਹ ਲਗਦਾ ਸੀ ਬੇਫਿਕਰ ਸੋਇਆ ਹੈ ।
ਉਹ ਜਾਣੇ, ਖੰਡਰਾਂ ਪਿੱਛੇ ਜੁੱਗਾਂ ਦਾ ਵਸੇਬਾ ਵੀ,
ਬਾਰੀ ਖੁਲਦਿਆਂ ਪ੍ਰਕਾਸ਼ ਸਾਹਵੇਂ ਝੱਟ ਮੋਇਆ ਹੈ ।
ਹਰ ਇੱਕ ਝੌਂਪੜੀ 'ਚ ਰੋਸ਼ਨੀ ਹੁਣ ਵਧਣ ਲੱਗੀ ਹੈ,
ਸੀਮਿਤ ਤੇਲ ਦਾ ਹੁਣ ਦੀਵਿਆਂ ਇਲਜਾਮ ਧੋਇਆ ਹੈ ।
ਦੀਪਕ ਰਾਗ ਨੇ ਤਾਂ ਦੀਵਿਆਂ ਨੂੰ ਕੀ ਜਗਾਣਾ ਹੈ,
ਚਾਨਣ ਵਾਸਤੇ ਸੰਗੀਤ ਨੇ ਬਾਰੂਦ ਛੋਇਆ ਹੈ ।
ਹਰ ਇੱਕ ਚੀਜ ਅੰਦਰ ਚਮਕਦੀ ਜਿਹੀ ਚਿਣਗ ਦਿਖਦੀ ਏ,
ਲਗਦਾ ਚਾਨਣਾ ਉੱਗਿਆ , ਜੋ ਸੂਰਜ ਕੱਲ ਬੋਇਆ ਹੈ ।
ਡਾ ਗੁਰਮੀਤ ਸਿੰਘ ਬਰਸਾਲ
(ਕੈਲੇਫੋਰਨੀਆਂ)