ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਹਨੇਰਾ ਦੂਰ ਹੋਣਾਂ ਹੈ ਰੂਹਾਂ ਦੀ ਰੌਸ਼ਨੀ ਕਰ ਕੇ
ਹਨੇਰਾ ਦੂਰ ਹੋਣਾਂ ਹੈ ਰੂਹਾਂ ਦੀ ਰੌਸ਼ਨੀ ਕਰ ਕੇ
Page Visitors: 2719

 

ਹਨੇਰਾ ਦੂਰ ਹੋਣਾਂ ਹੈ  ਰੂਹਾਂ ਦੀ ਰੌਸ਼ਨੀ ਕਰ ਕੇ

ਹਨੇਰਾ ਦੂਰ ਹੋਣਾਂ ਹੈ  ਰੂਹਾਂ ਦੀ ਰੌਸ਼ਨੀ ਕਰ ਕੇ

ਕਰੋ ਕੁਝ ਦਾਨ ਮਨਫੀ ਚਾਨਣੇ ਦੀ ਲੱਪ ਭਰ ਭਰ ਕੇ

ਇੱਕ ਇੱਕ ਕਦਮ ਦੀ ਲੋਅ ਨੇ ਹੀ ਭਵਜਲ ਪਾਰ ਕਰ ਦੇਣਾਂ

ਅਜੇਹੀ ਚਿਤਵ ਕਿ ਸਾਹਾਂ ਦਾ ਮਣਕਾ ਗੁਰੂ ਵਲ ਸਰਕੇ

ਮਾਇਆ ਹਵਸ ਨਿੰਦਾ ਝੂਠ ਦੀ ਹੈ ਕੋਠੜੀ ਕਾਲੀ

ਬੰਦੀ ਛੋੜ ਦਾ ਦਾਮਨ ਭਲਾ ਅਸੀਂ ਕਿਓਂ ਨਹੀਂ ਫੜਦੇ

ਸਾਡੀ ਹੀ ਵੋਟ ਮਾਰੀ ਨੇ ਬੜਾ ਅਨਾਚਾਰ ਕਰ ਦਿੱਤਾ

ਤਮਾਸ਼ਾ ਹੋ ਗਿਆ ਮਜ਼ਹਬ ਸਿਆਸੀ ਜੋਕਰਾਂ ਕਰਕੇ

ਇਹ ਬਾਬੇ,ਬਾਲਕੇ,ਤਲ ਚੱਟ,ਰਲੀ ਕੁੱਤੀ ਵੀ ਚੋਰਾਂ ਸੰਗ

ਅਦਾਲਤ ਰੱਬ ਦੀ ਤੇ ਚਮਚ ਕਾਰੀ ਬੈਠ ਗਏ ਚੜ੍ਹਕੇ

ਐਵੇਂ ਜਦ ਰੀਸੋ ਰੀਸੀ ਧਰਮ ਦੇ ਨਾਅਰੇ ਗਜਾ ਹੁੰਦੇ

ਦਰਾਂ ਨੂੰ ਭੀੜਦੇ ਲੋਕੀ ਫਟਾ ਫਟ ਅੰਦਰੀਂ ਵੜ ਕੇ

ਪਟਾਖੇ ਸ਼ੁਰਲੀਆਂ ਦੇ ਸ਼ੋਰ ਦੀ ਕੀ ਰਹਿ ਗਈ ਬਾਕੀ

ਅਗਨੀ ਈਰਖਾ ਤੇ ਦੁਸ਼ਮਣੀ ਦੀ ਰੋਜ਼ ਹੀ ਭੜਕੇ

ਪਤਾ ਨਹੀਂ ਰੱਬ ‘ਤੇ ਕਿੱਦਾਂ ਅਜੇਹੀ ਆ ਪਈ ਬਿਪਤਾ

ਕਿ ਅੱਲਾ, ਵਾਹਿਗੁਰੂ ਤੇ ਰਾਮ ਦੇ ਨਾਂ ਲੋਕ ਨੇ ਭੜਕੇ

ਜੋ ਕਹਿੰਦੇ ਦੇਸ਼ ਭਾਰਤ ਦੇ ਜ਼ੁਲਮ ਨੇ ਸੀ ਸਤਾ ਦਿੱਤੇ

ਆਖਰ ਕੀ ਜ਼ਾਹਰ ਕਰਦੇ ਨੇ ਓਹੀ ਹੁਣ ਆਪਸੀਂ ਲੜ ਕੇ

ਪਤਾ ਨਹੀਂ ਇੱਕ ਦੂਜੇ ਨੂੰ ਉਹ ਕਾਹਤੋਂ ਘੂਰਦੇ ਰਹਿੰਦੇ

ਬੇਗਮ ਪੁਰ ਹਲੇਮੀ ਰਾਜ ਦੇ ਬੈਨਰ ਉਤਾਂਹ ਕਰਕੇ

ਨਸ਼ੇ ਫੀਮ ਡੋਡਿਆਂ ਦੇ ਨੇ ਅਕਾਲੀ ਠੇਕਿਆਂ ਵਾਲੇ

ਇਹਨਾਂ ਦੀ ਆਵਾਜਾਈ ਨੇਰ੍ਹੇ ਰਹਿੰਦੀ ਜਾਂ ਬੜੇ ਤੜਕੇ

ਨਸ਼ੇੜੀ ਹੋ ਗਿਆ ਪੰਜਾਬ ਤੇ ਮਾਤਮ ਹੈ ਘਰਾਂ ਅੰਦਰ

ਸੂਬੇ ਦੇ ਬਾਦਸ਼ਾਹ ਦੇ ਨੱਕ, ਚੱਪਣੀ ਦੇ ਦਵੋ ਭਰਕੇ

ਓਹ ਸੈਣੀ,ਆਲਮਾਂ ਤੇ ਕਾਤਲਾਂ ਦੀ ਹੀ ਤਰੱਕੀ ਹੈ

ਬੜੇ ਪਿੰਡ, ਬਿੱਟੂ, ਚੌੜੇ, ਪਾਲ ਸਿੰਘ ਨੂੰ ਬੇਵਜਾ ਫੜਕੇ

ਬਿਅੰਤੇ ਗਿੱਲ ਨੇ ਤਾਹੀਓਂ ਜਵਾਨੀ ਕਤਲ ਕਰ ਦਿੱਤੀ

ਕਿ ਬੋਤਾ ਸਿੰਘ ਤੇ ਗਰਜਾ ਸਿੰਘ ਦੀ ਮੁੜ ਗਰਜ ਨਾਂ ਰੜਕੇ
ਭਰਾ ਮਾਰੂ ਕਲੇਸ਼ਾਂ ਤੋਂ ਚਲੋ ਹੁਣ ਸੁਰਖਰੂ ਹੋਈਏ

ਕਲਾ ਚੜ੍ਹਦੀ, ਭਲੇ ਸਰਬਤ ਦੀ ਹੀ ਨਬਜ ਪਈ ਧੜਕੇ

ਕਦੀ ਨਹੀਂ ਪੰਥ ਦੇ ਬੇੜੇ ਨੂੰ ਵੈਰੀ ਡੋਬ ਸਕਦਾ ਸੀ

ਗਿਲਾ ਸਫ ਆਪਣੀ ‘ਚ ਈਰਖਾ ਦਾ ਨਾਗ ਨਿਤ ਸਰਕੇ

ਕੋਸ਼ਿਸ਼ ਤਾਂ ਕਰੀ ਸੀ ਦੋਸ਼ ਤੋਂ ਮੁਕਰਨ ਫਿਰਨ ਦੀ ਹੀ

ਪਰ ਇੱਕ ਚੀਸ ਹੈ ਜੋ ਵਕਤ ਦੇ ਨਾਲ ਹੋਰ ਵੀ ਰੜਕੇ

ਇਹ ਘਰ ਨੂੰ ਲੱਗੀ ਹੋਈ ਤੀਲ ਦੀ ਹੈ ਚੀਖ ਢੇਸੀ ਦੀ

ਤਮਾਸ਼ਾ ਤਾਂ ਨਹੀਂ ਕਿ ਦੇਖ ਲੈਣਾ ਹੈ ਜ਼ਰਾ ਖੜ੍ਹਕੇ

ਹਨੇਰਾ ਦੂਰ ਹੋਣਾਂ ਹੈ ਰੂਹਾਂ ਦੀ ਰੌਸ਼ਨੀ ਕਰ ਕੇ

ਕਰੋ ਕੁਝ ਦਾਨ ਮਨਫੀ ਚਾਨਣੇ ਦੀ ਲੱਪ ਭਰ ਭਰ ਕੇ

Kulwantsinghdhesi@hotmail.com

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.