ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਰੱਬ ਦੀ ਭਾਲ਼ !
ਰੱਬ ਦੀ ਭਾਲ਼ !
Page Visitors: 2691

ਰੱਬ ਦੀ ਭਾਲ਼ !

ਗਿਆਨ ਬਿਨਾਂ ਉਸ ਮਹਾਂ ਗਿਆਨ ਲਈ, ਮਨ ਵਿੱਚ ਹਸਰਤ ਪਾਲੇਂ ।

ਰੱਬ ਨੂੰ ਲੱਭਣ ਖਾਤਿਰ ਬੰਦਿਆ, ਲੱਖਾਂ ਜਫਰ ਤੂੰ ਜਾਲੇਂ ।

ਤੇਰੀ ਭਾਸ਼ਾ ਆਮ ਆਦਮੀ, ਜੇਕਰ ਸਮਝ ਨਾ ਸਕਿਆ,

ਤਾਣਾ ਬਾਣਾ ਬੁਣ ਸ਼ਬਦਾਂ ਦਾ, ਸੰਗਤ ਨੂੰ ਕਿਓਂ ਟਾਲੇਂ ।

ਦੋ ਟੁਕ ਤੈਨੂ ਸੱਚ ਕਹਿਣ ਦਾ, ਮੌਕਾ ਜਿੱਥੇ ਮਿਲਦਾ,

ਗੋਲ ਮੋਲ ਜਿਹੀਆਂ ਗੱਲਾਂ ਕਰਕੇ, ਸੱਚ ਨਾਂ ਕਦੇ ਉਗਾਲੇਂ ।

ਰੱਬ ਦੀ ਹੋਂਦ ਨੂੰ ਗੁਰ-ਨਾਨਕ ਨੇ, ਕੁਦਰਤ ਵਿੱਚ ਸਮਝਾਇਆ,

ਕੁਦਰਤ ਤੋਂ ਰੱਬ ਬਾਹਰ ਕੱਢ ਕਿਓਂ, ਵੱਖਰਾ ਰੂਪ ਦਿਖਾਲੇਂ ।

ਅਸਮਾਨਾਂ ਤੋਂ ਧਰਤੀ ਲਥਿਆ, ਤੈਨੂੰ ਰਾਸ ਨਾ ਆਵੇ,

ਤਾਹੀਓਂ ਰੱਬ ਨੂੰ ਧਰਤੀ ਤੋਂ, ਅਸਮਾਨਾਂ ਵੱਲ ਉਛਾਲੇਂ ।

ਜੜ੍ਹ ਤੋਂ ਚੇਤਨ ਵੱਲ ਨੂੰ ਜਾਂਦਾ, ਨਜਰ ਤੈਨੂੰ ਨਹੀਂ ਆਉਂਦਾ,

ਮਨ-ਕਲਪਿਤ ਰੱਬ ਦੇਖਣ ਖਾਤਿਰ, ਰੋਜ ਘਾਲਣਾਂ ਘਾਲੇਂ ।

ਤੇਰੀ ਐਨਕ ਥਾਣੀ ਜੇਕਰ, ਕੋਈ ਹੋਰ ਨਾ ਦੇਖੇ,

ਆਖ ਨਾਸਤਿਕ ਫੇਰ ਤੂੰ ਉਸਦੀ, ਪਗੜੀ ਖੂਬ ਉਛਾਲੇਂ ।

ਜੇ ਬੰਦਿਆਂ ਤੈਨੂੰ 'ਬੰਦੇ' ਅੰਦਰ, ਰੱਬ ਕਿਤੇ ਨਹੀਂ ਦਿਸਦਾ,

ਅਸਮਾਨਾਂ ਵੱਲ ਬੂਥਾ ਚੁੱਕੀਂ, ਕਿਹੜੇ ਰੱਬ ਨੂੰ ਭਾਲੇਂ ।

ਡਾ ਗੁਰਮੀਤ ਸਿੰਘ ਬਰਸਾਲ (ਕੈਲੈਫੋਰਨੀਆਂ) gsbarsal@gmail.com

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.