ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਗੁਰੂ ਮੌਲਾ ਪਿਤਾ ਮਾਤਾ ਤੇ ਮਿੱਤਰ ਯਾਰ ਹੈ ਅੱਖਰ
ਗੁਰੂ ਮੌਲਾ ਪਿਤਾ ਮਾਤਾ ਤੇ ਮਿੱਤਰ ਯਾਰ ਹੈ ਅੱਖਰ
Page Visitors: 2555

ਗੁਰੂ ਮੌਲਾ ਪਿਤਾ ਮਾਤਾ ਤੇ ਮਿੱਤਰ ਯਾਰ ਹੈ ਅੱਖਰ

 ਗੁਰੂ ਮੌਲਾ ਪਿਤਾ ਮਾਤਾ ਤੇ ਮਿੱਤਰ ਯਾਰ ਹੈ ਅੱਖਰ
ਇਹ ਸਭ ਨੂੰ ਹੀ ਗਲੇ ਲਾਵੇ ਬੜਾ ਦਿਲਦਾਰ ਹੈ ਅੱਖਰ

ਕੀ ਕਹੀਏ ਕਿਵੇਂ ਆ ਗਈ ਲੋਕਾਂ ਵਿਚ ਕੌੜ ਤੇ ਨਫਰਤ
ਪੋਥੀ ਦੇ ਰੂਪ ਵਿਚ ਤਾਂ ਸਰਬ ਸਾਂਝਾ ਪਿਆਰ ਹੈ ਅੱਖਰ

ਕੋਈ ਇੱਕ ਵਾਰ ਹੀ ਭਾਵੇਂ ਇਹਦੀ ਜੇ ਰਮਜ਼ ਨੂੰ ਜਾਣੇ
ਦਿਖਾਵਣ ਦੇ ਲਈ ਜਲਵੇ ਸਦਾ ਹੀ ਤਿਆਰ ਹੈ ਅੱਖਰ

ਇਹ ਪਹਿਲੀ ਵਾਰ ਜੇ ਆਖੀ ਤਾਂ ਸੱਚੇ ਪਾਤਸ਼ਾਹ ਆਖੀ
ਏਹੋ ਮਸਜਿਦ, ਏਹੋ ਮੰਦਰ, ਗੁਰੂ ਦਾ ਦੁਆਰ ਹੈ ਅੱਖਰ

ਕੋਈ ਹੱਠ ਯੋਗ ਕਰਕੇ ਜੇ ਕਰੇਗਾ ਕੋਤਰੀ ਇਸਦੀ
ਉੱਚੀ ਪਰਵਾਜ਼ ਨਾ ਹੋ ਕੇ, ਹੋ ਜਾਣਾ ਭਾਰ ਹੈ ਅੱਖਰ

ਬਿਨਾਂ ਡੋਲੇ ਸੁਭਾਅ ਭੋਲੇ, ਤੂੰ ਸਰਦਲ ਤੇ ਘਿਓ ਚੋਵੀਂ
ਚੁਰਾਸੀ ਕੱਟਣੇ ਲਈ ਵੀ ਸਦਾ ਈ ਤਿਆਰ ਹੈ ਅੱਖਰ

ਕਿਓਂ ਆਹਲਾ ਕਿਤਾਬਾਂ ਲਈ ਲੋਕੀ ਨੇ ਜੁਦਾ ਹੋਏ
ਗੀਤਾ ਕੁਰਾਨ ਪੋਥੀ ਈਸਾ ਦਾ ਵੀ ਸਾਰ ਹੈ ਅੱਖਰ

ਬੁਰੇ ਚਿੱਤ ਦੇ ਵਿਕਾਰਾਂ ਦੀ ਬੜੀ ਹੀ ਤੇਜ਼ ਜੋ ਅਗਨੀ
ਐਸੀ ਮਘਦੀ ਜਵਾਲਾ ਨੂੰ ਵੀ ਦਿੰਦਾ ਠਾਰ ਹੈ ਅੱਖਰ

ਖੁਮਾਰੇ ਨੈਣ ਸੋਹਣੇ ਜਏ ਬੁਲ੍ਹਾਂ ਤੇ ਮੁਸਕਣੀ ਹੋਵੇ
ਮਤਾਂ ਸੂਰਤ ਤੋਂ ਇਓਂ ਜਾਪੇ ਬੜਾ ਬਿਮਾਰ ਹੈ ਅੱਖਰ

ਜਦੋਂ ਆਏ ਤਾਂ ਸਾਂ ਕੱਲੇ, ਇਕੱਲੇ ਚਲੇ ਵੀ ਜਾਣਾ
ਜਾਣੋ ਇਸ ਲੋਕ ਤੇ ਪਰਲੋਕ ਲਈ ਪਰਵਾਰ ਹੈ ਅੱਖਰ

ਬਿਨਾਂ ਬੋਲੇ ਵੀ ਜੋ ਹੈ ਬੋਲਦਾ ਤੇ ਮੂਕ ਸੁਣਦਾ ਹੈ
ਨਹੀਂ ਮੁਹਤਾਜ ਅੱਖਰਾਂ ਦਾ ਅਨਹਦ ਨਾਦ ਹੈ ਅੱਖਰ

ਖੁਦਾ ਤੇ ਰਾਮ ਵਾਂਗੂ ਹੀ ਰਿਹਾ ਵੱਖ ਔਲਮਾਈਟੀ ਵੀ
ਜਿਹਨੂੰ ਸਭ ਦਾ ਖੁਦਾ ਕਹਿੰਦੇ ਓਹਦਾ ਆਕਾਰ ਹੈ ਅੱਖਰ

‘ਢੇਸੀ’ ਤੂੰ ਜੇ ਕਿਤੇ ਕਵਿਤਾ ਕਹੇਂ ਤਾਂ ਇਸ ਤਰਾਂ ਕਹਿਣਾਂ
ਤੇਰਾ ਦੁਸ਼ਮਣ ਵੀ ਇਹ ਆਖੇ ਬੜਾ ਹੁਸ਼ਿਆਰ ਹੈ ਅੱਖਰ

 ਕੁਲਵੰਤ ਸਿੰਘ ਢੇਸੀ 


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.