- * ਬਹੁ-ਵਿਆਹ !!
ਕੁਲ ਦੁਨੀਆਂ ਨੇ ਕੀਤਾ ਸੀ ਜਦ ਔਰਤ ਦਾ ਤ੍ਰਿਸਕਾਰ ।
ਤਦ ਗੁਰ ਨਾਨਕ ਮਾਰਿਆ ਨਾਹਰਾ 'ਜਨਣੀ-ਜਗਤ' ਪੁਕਾਰ ।
ਮੰਦਾ ਕਿੰਝ ਆਖੀਏ ਉਸਨੂੰ ਭੁੱਲੜ ਜੱਗ ਦੇ ਲੋਕੋ ,
ਜਿਸ ਔਰਤ ਜਾਤੀ ਨੇ ਜੰਮੇ ਰਾਜੇ ਤੇ ਸਰਦਾਰ ।
ਗੁਰੂ ਨਾਨਕ ਤੋਂ ਪਹਿਲਾਂ ਲੋਕਾਂ ਧਰਮ ਗ੍ਰੰਥਾਂ ਅੰਦਰ ,
ਲਿਖਕੇ ਬਹੁ-ਚਲਿੱਤਰੀ ਔਰਤ ਕੀਤੀ ਰੱਜ ਖੁਆਰ ।
ਕਦੇ ਔਰਤ ਨੂੰ ਜੁੱਤੀ ਆਖਿਆ ਕਦੇ ਕਿਹਾ ਬਘਿਆੜੀ ,
ਕਦੇ ਆਖਿਆ ਇਸਨੂੰ ਪਾਪਣ ਘੋਰ-ਨਰਕ ਦਾ ਦੁਆਰ ।
ਕਦੇ ਆਖਿਆ ਔਰਤ ਸਭ ਨੂੰ ਮੰਜਿਲ ਤੋਂ ਭਟਕਾਉਂਦੀ ,
ਨੀਚ ਤੇ ਸ਼ੂਦਰ ਕਹਿ ਔਰਤ ਨੂੰ ਕਰਿਆ ਸੀ ਦੁਸ਼-ਕਾਰ ।
ਧਨੀ-ਅਮੀਰਾਂ ਸਮਝ ਸੰਪਤੀ ਮਨ ਪ੍ਰਚਾਵੇ ਵਾਲੀ,
ਬਹੁ-ਵਿਆਹਾਂ ਦੀ ਰਸਮ ਚਲਾਈ ਸਮਝ ਕੋਈ ਅਧਿਕਾਰ ।
ਗਾਵਾਂ-ਮੱਝਾਂ ਵਾਂਗੂ ਜਿਹੜਾ ਵੱਧ ਔਰਤਾਂ ਰੱਖੇ,
ਓਸੇ ਨੂੰ ਸੀ ਵੱਡਾ ਗਿਣਦਾ ਨਾ-ਸਮਝ ਸੰਸਾਰ ।
ਕੁਝ ਲੋਕਾਂ ਨੇ ਗੁਰੂਆਂ ਨੂੰ ਇੰਝ ਵੱਡਿਆਂ ਦੱਸਣ ਖਾਤਿਰ ,
ਗੁਰੂਆਂ ਦੇ ਬਹੁ-ਮਹਿਲਾਂ ਵਾਲਾ ਕਰ ਦਿੱਤਾ ਪਰਚਾਰ ।
ਗਿਆਨ ਵਿਹੂਣੇ ਸ਼ਰਧਾਵਾਨਾ ਬਿਨ ਗੁਰ-ਸ਼ਬਦ ਵਿਚਾਰੇ,
ਸੱਤ-ਬਚਨ ਕਹਿ ਸੀਸ ਨਿਵਾਕੇ ਕਰ ਲਿੱਤਾ ਸਵੀਕਾਰ ।
"ਏਕ ਜੋਤ" ਤੇ "ਦੋਇ ਮੂਰਤੀ" ਦੇ ਸੰਕਲਪ ਦੇ ਅੰਦਰ ,
ਔਰਤ-ਮਰਦ ਬਰਾਬਰਤਾ ਦਾ ਹੁੰਦਾ ਦਰਸ਼-ਦਿਦਾਰ ।
ਇੱਕ ਨਾਰੀ ਸੰਗ ਗ੍ਰਹਿਸਤ ਵਿੱਚ ਹੀ ਔਰਤ ਦਾ ਸਨਮਾਨ,
ਗੁਰਬਾਣੀ ਦੇ ਆਸ਼ੇ ਨੂੰ "ਗੁਰਦਾਸ" ਕਿਹਾ ਵਿਚਾਰ ।
ਪਰ-ਨਾਰੀ ਦੇ ਅੰਦਰ ਜੇਕਰ ਧੀ-ਭੈਣ ਨਾਂ ਦਿਸਦੀ,
ਗੁਰ-ਬਾਬੇ ਦੀ ਸਿੱਖਿਆ ਵਾਲਾ ਕਿੰਝ ਬਣੂ ਕਿਰਦਾਰ ।
ਬਹੁ-ਵਿਆਹਾਂ ਦੇ ਨਾਲ ਤੇ ਔਰਤ ਇੱਕ ਵਸਤ ਹੀ ਜਾਪੇ ,
ਬੰਦਾ ਵੀ ਬਹੁ-ਪਤਨੀ ਵਾਲਾ ਲਗਦਾ ਏ ਬਦਕਾਰ ।
ਇੱਕੋ ਵਿਆਹ ਦੇ ਨਾਲ ਹੀ ਜੱਗ ਤੇ ਜੀਵਨ ਸੋਹਣਾ ਚਲਦਾ ,
ਮਜਬੂਰੀ ਨੂੰ ਰੱਖਿਆ ਜਾਵੇ ਅਗਰ ਦਲੀਲੋਂ ਬਾਹਰ ।
ਇੱਕ ਪਤਨੀ ਨਾਲ ਔਰਤ-ਮਰਦ ਬਰਾਬਰਤਾ ਰਹਿ ਸਕਦੀ,
ਔਰਤ ਮਰਦ ਬਰਾਬਰਤਾ ਵਿੱਚ ਹੀ ਹੁੰਦਾ ਸਤਿਕਾਰ ।
ਗੁਰੂਆਂ ਨੇ ਖੁਦ ਮਾਡਲ ਬਣ ਜੋ ਜੀਵਨ ਜੁਕਤਿ ਬਣਾਈ,
ਉਸੇ ਨੂੰ ਅਪਣਾਉਣ ਲਈ ਸਭ ਨੂੰ ਆਖਿਆ ਬਾਰੋ-ਬਾਰ ।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)