ਜਿਹਨਾਂ ਦੀ ਖੁਦ ਪਸੰਦੀ, ਖੁਦੀ ਲਈ, ਖਤਰੇ ਹੀ ਖਤਰੇ ਸੀ
ਵਿਚਾਰ ਦੀ ਨੁਹਾਰ ਜਦੋਂ ਵੀ ਸਾਥ ਛੱਡ ਦਿੱਤਾ ਕਦੀ ਆਹਲਾ ਵਿਚਾਰਾਂ ਨੇ
ਮੰਜ਼ਿਲ ਰਾਹਾਂ ਨੂੰ ਖੋਹ ਦਿੱਤਾ ਤਦੋਂ ਹੀ ਸ਼ਾਹ ਸਵਾਰਾਂ ਨੇ
ਭਲਾ ਹੁੰਦਾ ਕਿਤੇ ਜੇ ਸੀਖ ਲੈਂਦੇ ਸੁਰਤ ਸੁੱਤੀ ਨੂੰ
ਘਰਾਂ ਨੂੰ ਰਾਖ ਨਹੀਂ ਕਰਨਾ ਸੀ ਇੰਝ ਗਾਫਲ ਅਦਾਵਾਂ ਨੇ
ਕਿਸੇ ਨੂੰ ਰਾਜ ਜੰਨਤ ਦਾ, ਕਿਤੇ ਨਹੀਂ ਮਿਲ ਗਿਆ ਐਵੇਂ
ਖਿਆਲੀ ਬੀਜ ਮੰਤ੍ਰ ਤੋਂ, ਪ੍ਰਾਪਤ ਸਭ ਨੁਹਾਰਾਂ ਨੇ
ਜਿਹਨਾਂ ਦੀ ਖੁਦ ਪਸੰਦੀ, ਖੁਦੀ ਲਈ, ਖਤਰੇ ਹੀ ਖਤਰੇ ਸੀ
ਉਹਨਾਂ ਤਾਂ ਚਾਕ ਸੀਨਾਂ ਕਰ ਲਿਆ ਖੁਦ ਹੀ ਗਵਾਰਾਂ ਨੇ
ਇਬਾਦਤ, ਲੋਰੀਆਂ, ਹਾਸੇ, ਵਿਚਾਰਾਂ, ਸਬਕ ਹੀ ਜੇ ਨਹੀਂ
ਤਾਂ ਫਿਰ ਜਾਣ ਲੈਣਾਂ ਘਰ ਨਹੀਂ ਖਾਲੀ ਦੀਵਾਰਾਂ ਨੇ
ਕੋਈ ਨਹੀਂ ਜਾਨਣਾਂ ਚਾਹੁੰਦਾ, ਕਿਵੇਂ ਹੋਇਆ ਕਿਓਂ ਹੋਇਆ
ਗਿਲਾ ਸਾਰੇ ਹੀ ਕਰਦੇ ਨੇ, ਵਤਨ ਲੁੱਟਿਆ ਗਦਾਰਾਂ ਨੇ
ਮਹਿਜ਼ ਇੱਕ ਵੋਟ ਦਾ ਜੇ ਚੱਜ ਨਹੀਂ ਕਿਸ ਨੂੰ ਅਦਾ ਕਰਨੀ
ਜ਼ਾਹਿਰ ਹੈ ਰਾਜ ਤਦ ਕਰਨਾਂ ਸਦਾਂ ਲੋਭੀ ਮੱਕਾਰਾਂ ਨੇ
ਕੋਠੀ ਤੇ ਕਾਲੀ ਹੈ ਤੌੜੀ, ਗੱਡੀ ਨਾਲ ਟੰਗਿਆ ਛਿੱਤਰ
ਜਿਵੇਂ ਟਲ ਪਰਚ ਜਾਣਾਂ ਹੈ, ਇਵੇਂ ਸਭ ਹੀ ਬਲਾਵਾਂ ਨੇ
ਜਦੋਂ ਵੀ ਚੋਰ, ਸਾਧੂ, ਨੇਤਾ ਜੀ ਇੱਕ ਥਾਲੀਓਂ ਛਕਦੇ
ਉਦੋਂ ਅੱਤ ਚੁੱਕ ਲਈ ਖੋਹ ਖਿੱਚ ਤੇ ਕਾਫਰ ਗੁਨਾਹਾਂ ਨੇ
ਕਥਾ ਵਾਚਕ, ਕਵੀਸ਼ਰ, ਰਾਗੀ, ਢਾਡੀ ਪਾਟ ਗਏ ਸਾਰੇ
ਸਿੱਖੀ ਦਾ ਰਹਿਣ ਕੀ ਦੇਣਾਂ ਇਹਨਾਂ ਨਵੀਂਆਂ ਨਿਘਾਰਾਂ ਨੇ
ਕਿਵੇਂ ਕੋਈ ਘਰ ਸਲਾਮਤ ਰਹਿ ਸਕੂ ਪੰਜਾਬ ਮੇਰੇ ਦਾ
ਸ਼ਰੀਕੇ ਵਾਂਗ ਹੋ ਜਾਣਾ ਹੈ ਜੇ ਸਕਿਆਂ ਭਰਾਵਾਂ ਨੇ
ਸਾਂਈਂ ਨੂੰ ਵੰਡ ਲੈਣਾ ਭੇਖ ਤੇ ਜਾਂ ਵਿਤਕਰੇ ਕਰਕੇ
ਦੁਆ ਹਿੱਤ ਕਰਨੀਆਂ ‘ਢੇਸੀ’ ਕਿਓਂ ਫਿਰ ਬਦ ਦੁਆਵਾਂ ਨੇ
ਕੁਲਵੰਤ ਸਿੰਘ ਢੇਸੀ--ਯੂ ਕੇ