+ - ਇੱਕੋ-ਇੱਕ ! - +
ਅੰਦਰੋਂ-ਬਾਹਰੋਂ ਖੁਦ ਨੂੰ ਇੱਕ ਬਣਾਉਣਾ ਪਊ,
ਇੱਕ ਦੇ ਸਾਹਵੇਂ ਸਿੱਖਾ, ਸੀਸ ਝੁਕਾਉਣਾ ਪਊ ।
ਜੇਕਰ ਜੱਗ ਨੂੰ ਇੱਕ ਜੋਤ ਹੀ ਜਾਣ ਰਿਹੈਂ,
ਮਨ ਵਿੱਚ ਕੱਢੀਆਂ ਕੰਧਾਂ ਨੂੰ ਫਿਰ ਢਾਹੁਣਾ ਪਊ ।
ਜੀਵਨ ਵਿੱਚੋਂ ਕਰਮ-ਕਾਂਢ ਤੇ ਵਹਿਮ ਭਰਮ,
ਹਰ ਇੱਕ ਅੰਧ-ਵਿਸ਼ਵਾਸ ਨੂੰ ਦੂਰ ਭਜਾਉਣਾ ਪਊ ।
ਗੈਰ-ਕੁਦਰਤੀ ਕ੍ਰਿਸ਼ਮਿਆਂ ਵਾਲੀਆਂ ਝਾਕਾਂ ਛੱਡ,
ਕੁਦਰਤ ਦੇ ਨਿਯਮਾਂ ਨੂੰ ਯਾਰ ਬਣਾਉਣਾ ਪਊ ।
ਗੁਰ-ਸ਼ਬਦਾਂ ਦੇ ਭਾਵ-ਅਰਥਾਂ ਨੂੰ ਜਾਨਣ ਲਈ,
ਸ਼ਬਦੀ-ਅਰਥਾਂ ਤੋਂ ਉੱਪਰ ਨੂੰ ਆਉਣਾ ਪਊ ।
ਗੁਰਬਾਣੀ ਨੂੰ ਤਨ ਦੇ ਤਲ ਤੋਂ ਉੱਪਰ ਕਰ,
ਮਨ ਦੇ ਤਲ ਤੇ ਜਾ ਸਭ ਨੂੰ ਸਮਝਾਉਣਾ ਪਊ ।
ਗੁਰ-ਸਿਖਿਆ ਨੂੰ ਗਾ-ਗਾ ਪੜ੍ਹ-ਪੜ੍ਹ ਨਹੀਂ ਸਰਨਾ,
ਉਪਦੇਸ਼ਾਂ ਨੂੰ ਜੀਵਨ ਵਿੱਚ ਅਪਣਾਉਣਾ ਪਊ ।
ਜਿਸਨੂੰ ਤੂੰ ਸੰਸਾਰ ਤੋਂ ਵੱਖਰਾ ਸਮਝ ਰਿਹੈਂ,
ਜ਼ਰੇ-ਜ਼ਰੇ ‘ਚੋਂ ਦਰਸ਼ਣ ਉਸਦਾ ਪਾਉਣਾ ਪਊ ।
ਸਭ ਸਮਝੌਤੇ-ਵਾਦੀ ਗੱਲਾਂ ਨੂੰ ਛੱਡਕੇ ,
ਆਪਣੀ ਰਹਿਤ ‘ਚੋਂ ‘ਇੱਕ’ ਨੂੰ ਹੀ ਪ੍ਰਗਟਾਉਣਾ ਪਊ ।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)