ਸ. ਹਰਜਿੰਦਰ ਸਿੰਘ ਧਾਮੀ,
ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਵਿਸ਼ਾ:- ਸ. ਜੱਸਾ ਸਿੰਘ ਰਾਮਗੜ੍ਹੀਆਂ ਜੀ ਦੀ ਤੀਜੀ ਜਨਮ ਸ਼ਤਾਬਦੀ।
ਸ. ਹਰਜਿੰਦਰ ਸਿੰਘ ਧਾਮੀ ਜੀ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸ. ਜੱਸਾ ਸਿੰਘ ਰਾਮਗੜ੍ਹੀਆਂ ਜੀ ਦੀ ਤੀਜੀ ਜਨਮ ਸ਼ਤਾਬਦੀ ਸਬੰਧੀ ਉਲੀਕੇ ਗਏ ਪ੍ਰੋਗਰਾਮ (16 ਅਪ੍ਰੈਲ ਤੋਂ 5 ਮਈ) ਬਾਰੇ ਜਾਣ ਕੇ ਖੁਸ਼ੀ ਹੋਈ ਹੈ।
ਸਿੱਖ ਸਰਦਾਰਾਂ ਦੇ ਜਨਮ ਦਿਹਾੜੇ ਅਤੇ ਸ਼ਹੀਦੀ ਦਿਹਾੜੇ ਮਨਾਉਣਾ ਕੌਮ ਦਾ ਫਰਜ਼ ਹੈ। ਆਪ ਜੀ ਦੀ ਅਗਵਾਈ ਵਿੱਚ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਹ ਜਿੰਮੇਵਾਰੀ ਨਿਭਾ ਰਹੀ ਹੈ। ਆਪ ਜੀ ਦੀ ਸਮੁੱਚੀ ਟੀਮ ਦਾ ਧੰਨਵਾਦ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ (ਸੰਮਤ 555 ਨਾਨਕਸ਼ਾਹੀ) ਵਿੱਚ ਸ. ਜੱਸਾ ਸਿੰਘ ਰਾਮਗੜੀਆਂ ਦੀ ਤੀਜੀ ਜਨਮ ਸ਼ਤਾਬਦੀ, 22 ਵੈਸਾਖ/5 ਮਈ ਦਰਜ ਹੈ। ਹੁਣ ਜੇ 22 ਵੈਸਾਖ ਨੂੰ ਸਹੀ ਮੰਨੀਏ ਤਾਂ ਇਸ ਦਿਨ ਅੱਜ ਤੋਂ 300 ਸਾਲ ਪਹਿਲਾ, 22 ਵੈਸਾਖ ਸੰਮਤ 1780 ਬਿਕ੍ਰਮੀ ਦਿਨ ਸ਼ੁਕਰਵਾਰ ਨੂੰ 19
ਅਪ੍ਰੈਲ 1723 ਈ: (ਜੂਲੀਅਨ) ਬਣਦੀ ਹੈ। ਪਰ ਆਮ ਤੌਰ ਤੇ (On Line) ਜੱਸਾ ਸਿੰਘ ਰਾਮਗੜੀਆਂ ਜੀ ਦੀ ਜਨਮ ਤਾਰੀਖ 5 ਮਈ 1723 ਈ: ਹੀ ਮਿਲਦੀ ਹੈ। ਇਸ ਤੋਂ ਸਪੱਸ਼ਟ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਇਹ ਸ਼ਤਾਬਦੀ ਅੰਗਰੇਜੀ ਤਾਰੀਖ ਮੁਤਾਬਕ, 5 ਮਈ ਨੂੰ ਮਨਾ ਰਹੀ ਹੈ।
ਪ੍ਰਧਾਨ ਜੀ, ਇਹ ਤਾਰੀਖ ਉਸ ਕੈਲੰਡਰ (ਜੂਲੀਅਨ) ਦੀ ਹੈ ਜਿਹੜਾ ਕਦੇ ਆਪਣੇ ਖਿੱਤੇ ਵਿੱਚ ਲਾਗੂ ਹੀ ਨਹੀਂ ਹੋਇਆ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਹੜਾ ਕੈਲੰਡਰ ਕਦੇ ਲਾਗੂ ਹੀ ਨਹੀਂ ਹੋਇਆ, ਉਸ ਵਿੱਚ ਇਤਿਹਾਸ ਕਿਵੇਂ ਲਿਖਿਆ ਗਿਆ ਹੋਵੇਗਾ? ਇਹ ਠੀਕ ਹੈ ਕਿ ਜੂਲੀਅਨ ਕੈਲੰਡਰ ਵਿਚ ਸੋਧ ਅਕਤੂਬਰ 1582 ਈ: ਵਿੱਚ ਹੋ ਗਈ ਸੀ ਪਰ ਇੰਗਲੈਂਡ ਨੇ ਇਸ ਸੋਧ ਨੂੰ ਸਤੰਬਰ 1752 ਈ: ਵਿੱਚ ਮਾਨਤਾ ਦਿੱਤੀ ਸੀ। ਆਪਣੇ ਦੇਸ਼ ਵਿੱਚ
ਅੰਗਰੇਜੀ ਕੈਲੰਡਰ, ਗੋਰਿਆਂ ਦੇ ਆਉਣ ਨਾਲ ਹੀ ਆਇਆ ਸੀ। ਉਹ ਕੈਲੰਡਰ ਗਰੈਗੋਰੀਅਨ ਸੀ। ਆਪਣੇ ਦੇਸ਼ ਵਿੱਚ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਪ੍ਰਚੱਲਤ ਸੀ। ਗੁਰੂ ਕਾਲ ਤੋਂ ਸਾਰੀਆਂ ਤਾਰੀਖ ਇਸੇ ਕੈਲੰਡਰ ਮੁਤਾਬਕ ਹੀ ਮਿਲਦੀਆਂ ਹਨ।
ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਮੁਤਾਬਕ, ਸ. ਜੱਸਾ ਸਿੰਘ ਰਾਮਗੜ੍ਹੀਆਂ ਜੀ ਦੀ ਜਨਮ ਤਾਰੀਖ 7 ਜੇਠ, ਸੰਮਤ 1723 ਬਿਕ੍ਰਮੀ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਵਿੱਚ, 7 ਜੇਠ, 21 ਮਈ ਦੀ ਦਰਜ ਹੈ। ਪਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਹ ਦਿਹਾੜਾ 5 ਮਈ ਨੂੰ ਮਨਾ ਰਹੀ ਹੈ।
ਕੀ ਕਾਰਨ ਹੈ, ਸ਼੍ਰੋਮਣੀ ਕਮੇਟੀ ਸ. ਜੱਸਾ ਸਿੰਘ ਰਾਮਗੜ੍ਹੀਆਂ ਜੀ ਦੀ ਜਨਮ ਸ਼ਤਾਬਦੀ ਅਸਲ ਪ੍ਰਵਿਸ਼ਟੇ 7 ਜੇਠ (21 ਮਈ) ਨੂੰ ਮਨਾਉਣ ਦੀ ਬਿਜਾਏ 5 ਮਈ (22 ਵੈਸਾਖ) ਨੂੰ ਮਨਾ ਰਹੀ ਹੈ? ਕੀ ਇਸ ਤਰ੍ਹਾਂ ਇਤਿਹਾਸਕ ਤਾਰੀਖ ਨੂੰ ਮਨਮਰਜ਼ੀ ਨਾਲ ਬਦਲੀ ਕਰਨਾ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸ਼ੋਭਾ ਦਿੰਦਾ ਹੈ? ਕੀ ਸ਼੍ਰੋਮਣੀ ਕਮੇਟੀ ਦੇ ਵਿਦਵਾਨ, ਇਸ ਤਾਰੀਖ ਨੂੰ ਬਦਲੀ ਕਰਨ ਦੇ ਕਾਰਨਾਂ ਬਾਰੇ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰਨਗੇ? ਸ. ਹਰਜਿੰਦਰ ਸਿੰਘ ਧਾਮੀ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਇਤਿਹਾਸਿਕ ਤਾਰੀਖ ਨਾਲ ਛੇੜ ਛਾੜ ਕਰਨ ਪਿਛੇ ਕੰਮ ਕਰਦੀ ਸ਼ਾਜਿਸ ਦੀ ਪੜਤਾਲ ਕਰਵਾ ਕੇ ਜਿੰਮੇਵਾਰ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸ. ਜੱਸਾ ਸਿੰਘ ਰਾਮਗੜ੍ਹੀਆਂ ਜੀ ਦੀ ਤੀਜੀ ਜਨਮ ਸ਼ਤਾਬਦੀ ਗਲਤ ਤਾਰੀਖ (5 ਮਈ) ਨੂੰ ਮਨਾਉਣ ਦੀ ਬਿਜਾਏ, ਗੁਰੂ ਕਾਲ ਤੋਂ ਪ੍ਰਚੱਲਤ ਕੈਲੰਡਰ ਭਾਵ ਬਿਕ੍ਰਮੀ ਕੈਲੰਡਰ ਮੁਤਾਬਕ, 7 ਜੇਠ (21 ਮਈ) ਨੂੰ ਮਨਾਉਣ ਦਾ ਐਲਾਨ ਕੀਤਾ ਜਾਵੇ।
ਧੰਨਵਾਦ
ਸਤਿਕਾਰ ਸਹਿਤ
ਸਰਵਜੀਤ ਸਿੰਘ ਸੈਕਰਾਮੈਂਟੋ
21 ਚੇਤ, ਸੰਮਤ 555 ਨਾਨਕਸ਼ਾਹੀ (3 ਅਪ੍ਰੈਲ, 2023 ਈ:)