ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
ਜਦੋਂ ਬਾਦਲ ਨੇ ਅਕਾਲ ਤਖ਼ਤ ਦੇ ਹੁਕਮਨਾਮਿਆਂ ਨੂੰ ਟਿੱਚ ਜਾਣਿਆ ਸੀ ਮੈਂ ਤਾਂ ਉਦੋਂ ਸ਼ਾਇਦ ਜੰਮੀ ਵੀ ਨਹੀਂ ਸੀ: ਬੀਬੀ ਜੰਗੀਰ ਕੌਰ
ਜਦੋਂ ਬਾਦਲ ਨੇ ਅਕਾਲ ਤਖ਼ਤ ਦੇ ਹੁਕਮਨਾਮਿਆਂ ਨੂੰ ਟਿੱਚ ਜਾਣਿਆ ਸੀ ਮੈਂ ਤਾਂ ਉਦੋਂ ਸ਼ਾਇਦ ਜੰਮੀ ਵੀ ਨਹੀਂ ਸੀ: ਬੀਬੀ ਜੰਗੀਰ ਕੌਰ
Page Visitors: 2745

ਜਦੋਂ ਬਾਦਲ ਨੇ ਅਕਾਲ ਤਖ਼ਤ ਦੇ ਹੁਕਮਨਾਮਿਆਂ ਨੂੰ ਟਿੱਚ ਜਾਣਿਆ ਸੀ ਮੈਂ ਤਾਂ ਉਦੋਂ ਸ਼ਾਇਦ ਜੰਮੀ ਵੀ ਨਹੀਂ ਸੀ: ਬੀਬੀ ਜੰਗੀਰ ਕੌਰ
ਬਠਿੰਡਾ, 5 ਅਗਸਤ (ਕਿਰਪਾਲ ਸਿੰਘ): ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜੰਗੀਰ ਕੌਰ ਦਾ ਇਹ ਬਿਆਨ ਟੀਵੀ ਚੈੱਨਲਾਂ ਤੇ ਬੀਤੀ ਰਾਤ ਵਾਰ ਵਾਰ ਵਿਖਾਇਆ ਜਾ ਰਿਹਾ ਸੀ; ਜਿਸ ਵਿੱਚ ਉਹ ਕਹਿ ਰਹੀ ਸੀ, “ਜਿਹੜਾ ਵਿਅਕਤੀ ਅਕਾਲ ਤਖ਼ਤ ਤੋਂ ਛੇਕਿਆ ਗਿਆ ਹੋਵੇ ਉਹ ਤਾਂ ਸਿੱਖ ਕਹਾਉਣ ਦਾ ਵੀ ਹੱਕਦਾਰ ਨਹੀਂ, ਇਸ ਲਈ ਉਹ ਸਿੱਖਾਂ ਦਾ ਆਗੂ ਕਿਵੇਂ ਕਹਾ ਸਕਦਾ ਹੈ? ਐਸਾ ਆਗੂ ਗੁਰਦੁਆਰਿਆਂ ਦਾ ਪ੍ਰਬੰਧ ਕਿਵੇਂ ਸੰਭਾਲ ਸਕਦਾ ਹੈ?” ਇਸੇ ਤਰ੍ਹਾਂ ਆਮ ਸਿੱਖਾਂ, ਕਾਨੂੰਨ ਅਤੇ ਕੇਂਦਰ ਸਰਕਾਰ ਵੱਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਨੂੰ ਰੋਕ ਸਕਣ ਦੀ ਬਾਦਲ ਦਲ ਦੀ ਝੋਲ਼ੀ ਵਿੱਚ ਖੈਰ ਨਾ ਪੈਂਦੀ ਵੇਖ ਕੇ ਸੁਖਬੀਰ ਸਿੰਘ ਬਾਦਲ ਆਪਣੇ ਬਿਆਨ ਵਿੱਚ ਕਹਿ ਰਿਹਾ ਸੀ, “ਅਸੀਂ ਸਾਰਾ ਮਾਮਲਾ ਅਕਾਲ ਤਖ਼ਤ ਤੇ ਛੱਡ ਦਿੱਤਾ ਹੈ ਇਸ ਲਈ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਜੋ ਵੀ ਫੈਸਲਾ ਕਰਨਗੇ, ਉਹ ਸਾਨੂੰ ਮਨਜੂਰ ਹੋਵੇਗਾ ਕਿਉਂਕਿ ਅਕਾਲ ਤਖ਼ਤ ਸਰਬਉਚ ਹੈ ਤੇ ਇਸ ਦੇ ਜਥੇਦਾਰ ਦਾ ਹੁਕਮ ਸਭ ਸਿੱਖਾਂ ਲਈ ਮੰਨਣਾ ਲਾਜ਼ਮੀ ਹੈ।
ਪਿਛਲੇ ਸਿਰਫ ਦੋ ਕੁ ਦਹਾਕਿਆਂ ਵਿੱਚ ਵਾਪਰੀਆਂ ਘਟਨਾਵਾਂ ਯਾਦ ਰੱਖਣ ਵਾਲਿਆਂ ਨੂੰ ਇਨ੍ਹਾਂ ਦੋਵਾਂ ਆਗੂਆਂ ਦੇ ਬਿਆਨ ਇੰਝ ਜਾਪਦੇ ਸਨ ਜਿਨ੍ਹਾਂ ਵਾਰੇ ਇਹ ਲੋਕ ਕਹਾਵਤ ਛੱਜ ਤਾਂ ਬੋਲੇ ਛਾਣਨੀ ਕੀ ਬੋਲੇ, ਜਿਸ ਵਿੱਚ ਹਜਾਰਾਂ ਛੇਕ ਹੋਣਪੂਰੇ ਢੁਕਦੇ ਵਿਖਾਈ ਦਿੰਦੇ ਹਨ। ਇਸ ਲਈ ਹਰਿਆਣਾ ਦੇ ਗੁਰਦੁਆਰਿਆਂ ਵਿੱਚ ਨਰੈਣੂ ਮਹੰਤ ਦਾ ਰੂਪ ਧਾਰ ਕੇ ਡੇਰੇ ਜਮਾਈ ਬੈਠੀ ਬੀਬੀ ਜੰਗੀਰ ਕੌਰ ਨੂੰ ਫੋਨ ਤੇ ਸੰਪਰਕ ਕਰਕੇ ਪੁੱਛਿਆ ਬੀਬੀ ਜੀ! ਤੁਹਾਨੂੰ ਸ਼ਾਇਦ ਯਾਦ ਹੀ ਹੋਵੇਗਾ ਕਿ 25 ਜਨਵਰੀ 2000 ਨੂੰ ਉਸ ਸਮੇਂ ਦੇ ਜਥੇਦਾਰ ਗਿਆਨੀ ਪੂਰਨ ਸਿੰਘ ਨੇ ਤੁਹਾਨੂੰ ਵੀ ਪੰਥ ਵਿੱਚੋਂ ਛੇਕ ਦਿੱਤਾ ਸੀ। ਅਕਾਲ ਤਖ਼ਤ ਦਾ ਹੁਕਮਨਾਮਾ ਮੰਨਣ ਦੀ ਥਾਂ ਤੁਸੀਂ ਸਿਰਫ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਹੀ ਨਹੀਂ ਬਣੀ ਰਹੀ ਬਲਕਿ 28 ਮਾਰਚ 2000 ਨੂੰ ਸ਼੍ਰੋਮਣੀ ਦੀ ਅੰਤ੍ਰਿੰਗ ਕਮੇਟੀ ਦੇ 4 ਹੋਰ ਛੇਕੇ ਹੋਏ ਮੈਂਬਰਾਂ ਨਾਲ ਮੀਟਿੰਗ ਕਰਕੇ ਗਿਆਨੀ ਪੂਰਨ ਸਿੰਘ ਨੂੰ ਬਾਹਰ ਦਾ ਰਸਤਾ ਵਿਖਾ ਕੇ ਉਨ੍ਹਾਂ ਦੀ ਥਾਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਜਥੇਦਾਰ ਥਾਪ ਦਿੱਤਾ ਸੀ। ਇਸ ਦੇ ਜਵਾਬ ਵਿੱਚ ਬੀਬੀ ਜੰਗੀਰ ਕੌਰ ਨੇ ਕਿਹਾ ਗਿਆਨੀ ਪੂਰਨ ਸਿੰਘ ਨੇ ਪੰਚ ਪ੍ਰਧਾਨੀ ਸਿਧਾਂਤ ਨਾਲ ਨਹੀਂ ਬਲਕਿ ਇਕੱਲੇ ਨੇ ਹੀ ਹੁਕਮਨਾਮਾ ਜਾਰੀ ਕਰ ਦਿੱਤਾ ਸੀ ਇਸ ਲਈ ਉਹ ਮੰਨਣਯੋਗ ਨਹੀਂ ਸੀ।
ਬੀਬੀ ਜੰਗੀਰ ਕੌਰ ਨੂੰ ਚੇਤੇ ਕਰਵਾਇਆ ਕਿ 27 ਜੁਲਾਈ 2014 ਨੂੰ ਦੋਵਾਂ ਧਿਰਾਂ ਦੀਆਂ ਕੰਨਵੈਂਸ਼ਨਾਂ ਰੱਦ ਕਰਨ ਵਾਲਾ ਹੁਕਮਨਾਮਾ ਵੀ ਗਿਆਨੀ ਗੁਰਬਚਨ ਸਿੰਘ ਇਕੱਲੇ ਨੇ ਹੀ ਜਾਰੀ ਕੀਤਾ ਸੀ। ਜੇ ਤੁਸੀਂ 27 ਜੁਲਾਈ 2014 ਵਾਲਾ ਹੁਕਮਨਾਮਾ ਮੰਨ ਲਿਆ ਤਾਂ 25 ਜਨਵਰੀ 2000 ਵਾਲਾ ਹੁਕਮਨਾਮਾ ਮੰਨਣ ਵਿੱਚ ਕੀ ਰੁਕਾਵਟ ਸੀ? ਬੀਬੀ ਜੰਗੀਰ ਕੌਰ ਨੇ ਕਿਹਾ 27 ਜੁਲਾਈ ਵਾਲਾ ਹੁਕਮਨਾਮਾ ਜਾਰੀ ਕਰਨ ਸਮੇਂ ਜਥੇਦਾਰ ਸਾਹਿਬ ਨੇ ਪੰਜਾਂ ਦੀ ਸਹਿਮਤੀ ਲੈ ਲਈ ਸੀ ਅਤੇ ਇਹ ਪੰਥ ਦੇ ਹਿੱਤ ਵਿੱਚ ਸੀ ਇਸ ਲਈ ਇਹ ਮੰਨਣਾ ਜਾਇਜ਼ ਹੈ।
ਦੂਸਰਾ ਸਵਾਲ ਕੀਤਾ ਗਿਆ ਕਿ ਜੇ ਪੰਜਾਂ ਦੀ ਹੀ ਗੱਲ ਕਰਦੇ ਹੋ ਤਾਂ ਅਕਾਲੀ ਏਕਤਾ ਦੇ ਨਾਮ ਹੇਠ 13 ਅਪ੍ਰੈਲ 1994 ਨੂੰ ਉਸ ਸਮੇਂ ਦੇ ਜਥੇਦਾਰ ਪ੍ਰੋ: ਮਨਜੀਤ ਸਿੰਘ ਨੇ ਸਾਰੇ ਅਕਾਲੀ ਦਲਾਂ ਦੇ ਪ੍ਰਧਾਨਾਂ ਨੂੰ ਆਪੋ ਆਪਣੇ ਅਸਤੀਫੇ ਅਕਾਲ ਤਖ਼ਤ ਤੇ ਪਹੁੰਚਾਉਣ ਲਈ ਹੁਕਮ ਜਾਰੀ ਕੀਤਾ। ਬਾਕੀ ਸਾਰੇ ਅਕਾਲੀ ਦਲਾਂ ਦੇ ਪਧਾਨਾਂ ਨੇ ਤਾਂ ਅਸਤੀਫੇ ਦੇ ਦਿੱਤੇ ਪਰ ਸ: ਬਾਦਲ ਨੇ ਅਸਤੀਫਾ ਨਾ ਦਿੱਤਾ। 2 ਮਈ 1994 ਨੂੰ ਜਥੇਦਾਰ ਪ੍ਰੋ: ਮਨਜੀਤ ਸਿੰਘ ਨੇ ਪੰਥਕ ਏਕਤਾ ਕਰਵਾਉਣ ਅਤੇ ਪੰਥਕ ਨਿਸ਼ਾਨਿਆˆ ਦੀ ਪ੍ਰਾਪਤੀ ਲਈ ਸਾਰੇ ਦਲ ਭੰਗ ਕਰਕੇ ਇੱਕ ਸਾਂਝੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਥਾਪਨਾ ਕੀਤੀ ਤੇ ਨਾਲ ਹੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਨ ਭੇਜੇ ਗਏ ਕਿ ਉਹ 6 ਮਈ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਵੇ। ਸ: ਬਾਦਲ ਆਪਣੇ ਹਜਾਰਾਂ ਬੁਰਛਾਗਰਦਾਂ ਨੂੰ ਨਾਲ ਲੈ ਕੇ ਪਹੁੰਚਿਆ ਜਿਨ੍ਹਾਂ ਨੇ ਜਥੇਦਾਰ ਮਨਜੀਤ ਸਿੰਘ ਨੂੰ ਨੰਗੀਆਂ ਚਿੱਟੀਆਂ ਗਾਲ਼ਾਂ ਕੱਢੀਆਂ ਤੇ ਦਰਸ਼ਨੀ ਡਿਊਢੀ ਦੇ ਜਿਸ ਕਮਰੇ ਵਿੱਚ ਉਹ ਆਪਣੀ ਜਾਨ ਬਚਾਉਣ ਲਈ ਛੁਪਿਆ ਸੀ ਉਸ ਦੇ ਦਰਵਾਜ਼ੇ ਨੂੰ ਠੁੱਡੇ ਮਾਰੇ। 31 ਦਸੰਬਰ 1998 ਨੂੰ ਭਾਈ ਰਣਜੀਤ ਸਿੰਘ ਨੇ ਹੁਕਮਨਾਮਾ ਜਾਰੀ ਕਰਕੇ ਅਕਾਲੀ ਹਾਈ ਕਮਾਨ ਨੂੰ ਆਦੇਸ਼ ਦਿੱਤਾ ਕਿ 15 ਅਪ੍ਰੈਲ 1999 ਤੱਕ ਕੋਈ ਵੀ ਧਿਰ ਇੱਕ ਦੂਜੇ ਦਾ ਕੋਈ ਵੀ ਨੁਕਸਾਨ ਨਾ ਕਰੇ ਬਲਕਿ ਆਪੋ ਆਪਣੇ ਅਹੁੱਦਿਆਂ ਤੇ ਬਣੇ ਰਹਿ ਕੇ 300 ਸਾਲਾ ਸ਼ਤਾਬਦੀ ਸਬੰਧੀ ਦਿੱਤੇ ਪ੍ਰੋਗਰਾਮਾਂ ਨੂੰ ਸਿਰੇ ਚਾੜ੍ਹਨ। ਇਸ ਹੁਕਮਨਾਮੇ ਤੇ ਪੰਜਾਂ ਦੇ ਦਸਤਖ਼ਤ ਸਨ। ਬਾਦਲ ਦਲ ਨੇ ਇਹ ਹੁਕਮਨਾਮਾ ਮੰਨਣ ਦੀ ਬਜਾਏ 10 ਫਰਵਰੀ 1999 ਨੂੰ ਅਹੁੱਦੇ ਤੋਂ ਹਟਾ ਕੇ ਪਹਿਲਾਂ ਗਿਆਨੀ ਮੋਹਨ ਸਿੰਘ ਨੂੰ ਜਥੇਦਾਰ ਥਾਪਿਆ ਪਰ ਉਸ ਵੱਲੋਂ ਇਹ ਅਹੁੱਦਾ ਸੰਭਾਲਣ ਤੋਂ ਨਾਂਹ ਕਰਨ ਪਿਛੋਂ ਕਾਹਲੀ ਵਿੱਚ ਦੁਬਾਰਾ ਮੀਟਿੰਗ ਸੱਦ ਕੇ ਗਿਆਨੀ ਪੂਰਨ ਸਿੰਘ ਨੂੰ ਜਥੇਦਾਰ ਥਾਪ ਦਿੱਤਾ। ਅੱਜ ਹਰਿਆਣਾ ਕਮੇਟੀ ਦੇ ਮਾਮਲੇ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਹਰ ਹੁਕਮ ਮੰਨਣ ਦਾ ਦਾਅਵਾ ਕਰਨ ਵਾਲੇ ਬਾਦਲ ਨੇ ਉਸ ਸਮੇਂ ਇਹ ਹੁਕਮਨਾਮੇ ਕਿਉਂ ਨਹੀਂ ਮੰਨੇ? ਬੀਬੀ ਜੰਗੀਰ ਕੌਰ ਨੇ ਕਿਹਾ ਇਹ ਬਾਦਲ ਸਾਹਿਬ ਨੂੰ ਪੁੱਛੋ; ਮੈਂ ਤਾਂ ਸ਼ਾਇਦ ਉਸ ਸਮੇਂ ਜੰਮੀ ਵੀ ਨਾ ਹੋਵਾਂ। ਬੀਬੀ ਜੀ ਨੂੰ ਦੱਸਿਆ ਗਿਆ ਕਿ ਜਾਂ ਤਾਂ ਤੁਹਾਡੀ ਯਾਦਾਸਤ ਬਹੁਤ ਹੀ ਕਮਜੋਰ ਹੈ ਜਾਂ ਜਾਣ ਕੇ ਮਚਲੀ ਬਣੀ ਹੋਈ ਹੋ। 1999 ਵਿੱਚ ਤੁਸੀਂ ਸਿਰਫ ਜੰਮੀ ਹੋਈ ਹੀ ਨਹੀਂ ਸੀ ਬਲਕਿ ਭਾਈ ਰਣਜੀਤ ਸਿੰਘ ਅਤੇ ਗੁਰਚਰਨ ਸਿੰਘ ਟੌਹੜਾ ਨੂੰ ਕਰਮਵਾਰ ਜਥੇਦਾਰੀ ਅਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਹਟਾਉਣ ਪਿੱਛੋਂ ਤੁਸੀਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਵੀ ਬਣ ਚੁੱਕੇ ਸੀ। ਜੇ ਤੁਸੀਂ ਆਪਣੀ ਹੀ ਗੱਲ ਕਰਨੀ ਚਾਹੁੰਦੇ ਹੋ ਤਾਂ ਵੀ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਅਹੁੱਦਾ ਸੰਭਾਲਣ ਪਿੱਛੋਂ ਉਸ ਨੇ ਪਹਿਲਾ ਹੁਕਮਨਾਮਾ ਮਿਤੀ 29 ਮਾਰਚ 2000 ਨੂੰ ਜਾਰੀ ਕੀਤਾ ਸੀ। ਇਸ ਹੁਕਮਨਾਮੇ ਦੇ ਪਹਿਲੇ ਹਿੱਸੇ ਵਿੱਚ ਤਾਂ ਗਿਆਨੀ ਪੂਰਨ ਸਿੰਘ ਵੱਲੋਂ ਮਿਤੀ 25 ਜਨਵਰੀ 2000 ਤੋਂ ਲੈ ਕੇ 28 ਮਾਰਚ 2000 ਤੱਕ ਜਾਰੀ ਕੀਤੇ ਸਾਰੇ ਹੁਕਨਾਮੇ; ਜਿਨ੍ਹਾਂ ਰਾਹੀਂ ਉਸ ਨੇ ਤੁਹਾਨੂੰ ਅਤੇ ਤੁਹਾਡੇ ਹਮਾਇਤੀ ਸਿੰਘ ਸਾਹਿਬਾਨਾਂ ਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਛੇਕ ਦਿੱਤਾ ਸੀ; ਰੱਦ ਕਰ ਦਿੱਤੇ। ਅਤੇ ਦੂਸਰੇ ਹਿੱਸੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ
(
1) ਜਲਦੀ ਤੋਂ ਜਲਦੀ ਗੁਰਮਤਿ ਸੋਚ ਵਾਲੇ ਮਾਹਿਰਾਂ ਦੀ ਕਮੇਟੀ ਦੀ ਸਥਾਪਨਾ ਕਰਕੇ ਤਖ਼ਤ ਸਾਹਿਬਾਨ ਦੇ ਜਥੇਦਾਰ ਅਤੇ ਮੁੱਖ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ, ਜਿਵੇਂ ਕਿ ਨਿਯੁਕਤੀ ਲਈ ਯੋਗਤਾਵਾˆ, ਉਨ੍ਹਾˆ ਦਾ ਕਾਰਜ ਖੇਤਰ, ਕਾਰਜ ਵਿਧੀ, ਅਧਿਕਾਰ ਅਤੇ ਜਿੰਮੇਵਾਰੀਆˆ, ਸੇਵਾ ਮੁਕਤੀ ਆਦਿ ਦੇ ਨਿਯਮ ਨਿਰਧਾਰਤ ਕੀਤੇ ਜਾਣ ਅਤੇ ਇਸ ਦੇ ਨਾਲ ਹੀ ਸਮੇਂ ਸਮੇਂ ਪੇਸ਼ ਆਉਣ ਵਾਲੀਆਂ ਪੰਥਕ ਸਮੱਸਿਆਵਾਂ ਦੇ ਸਮਾਧਾਨ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦਾ ਸਪਸ਼ਟ ਵਿਧੀ ਵਿਧਾਨ ਸੁਨਿਸ਼ਚਿਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵਲੋਂ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਨਿੱਜੀ ਹਿੱਤਾਂ ਲਈ ਵਰਤੋਂ ਦੀ ਸੰਭਾਵਨਾ ਹੀ ਨਾ ਰਹੇ ਅਤੇ ਖ਼ਾਲਸਾ ਪੰਥ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇਂ ਸਮੇਂ ਜਾਰੀ ਕੀਤੇ ਹੁਕਮਨਾਮਿਆਂ ਦੀ ਮਾਨਤਾ ਅਤੇ ਪਵਿੱਤਰਤਾ ਕਾਇਮ ਰਵ੍ਹੇ।
(
2) ਗੁਰਦੁਆਰਾ ਐਕਟ ਬਣੇ ਨੂੰ ਪੌਣੀ ਸਦੀ ਹੋ ਚੁੱਕੀ ਹੈ। ਸਮੇਂ ਦੀ ਪ੍ਰਬਲ ਲੋੜ ਹੈ ਕਿ ਗੁਰਦੁਆਰਾ ਪ੍ਰਬੰਧ ਨੂੰ ਪੰਥਕ ਯੁਕਤ ਦੇ ਅਨੁਸਾਰੀ ਬਣਾਉਣ ਲਈ ਇਸ ਐਕਟ ਅਧੀਨ ਬੀਤੇ ਸਮੇਂ ਵਿੱਚ ਹੋਈ ਲਾਭ ਹਾਨੀ ਦਾ ਲੇਖਾ ਜੋਖ਼ਾ ਕੀਤਾ ਜਾਵੇ ਅਤੇ ਐਕਟ ਵਿੱਚ ਪੰਥਕ ਹਿੱਤਾਂ ਦੇ ਉਲਟ ਜੇ ਕੋਈ ਧਾਰਾ ਹੈ ਤਾਂ ਉਸ ਵਿੱਚ ਲੋੜੀਂਦੀ ਸੋਧ ਲਈ ਉਪ੍ਰਾਲਾ ਕੀਤਾ ਜਾਵੇ।
(
3) ਗੁਰਦੁਆਰਾ ਪ੍ਰਬੰਧ ਨੂੰ ਸਿਆਸਤ ਦੀ ਕੁਟਲਤਾ ਦੇ ਪ੍ਰਭਾਵ ਤੋਂ ਪਾਕ ਰੱਖਣ ਨੂੰ ਯਕੀਨੀ ਬਣਾਇਆ ਜਾਵੇ। ਹੁਕਮਨਾਮੇ ਦਾ ਪਹਿਲਾ ਹਿੱਸਾ ਜਿਹੜਾ ਤੁਹਾਡੇ ਹਿੱਤ ਵਿੱਚ ਸੀ ਉਹ ਤਾˆ ਤੁਰੰਤ ਮੰਨ ਲਿਆ ਪਰ ਦੂਜਾ ਹਿੱਸਾ ਜਿਹੜਾ ਪੰਥਕ ਹਿਤਾਂ ਵਿੱਚ ਸੀ ਅਤੇ ਕਾਬਜ਼ ਧੜੇ ਦੀਆਂ ਮਨਮਾਨੀਆਂ ਤੇ ਕੁਝ ਰੋਕ ਲਾਉਣ ਵਾਲਾ ਸੀ; ਉਹ ਅੱਜ ਤੱਕ ਨਹੀਂ ਮੰਨਿਆ। ਉਸ ਸਮੇਂ ਤੁਸੀਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਹੋਣ ਦੇ ਨਾਤੇ ਪੰਜਾਂ ਦੇ ਦਸਤਖ਼ਤਾਂ ਹੇਠ ਜਾਰੀ ਹੁਕਮਨਾਮੇ ਨੂੰ ਹੂਬਹੂ ਲਾਗੂ ਕਿਉਂ ਨਹੀਂ ਕੀਤਾ? ਬੀਬੀ ਜੰਗੀਰ ਕੌਰ ਬਾਕੀ ਸਵਾਲ ਤਾਂ ਟਾਲ਼ ਗਈ ਪਰ ਕਿਹਾ ਅਸੀਂ ਕਿਹੜਾ ਜਥੇਦਾਰਾਂ ਨੂੰ ਕਿਹਾ ਹੈ ਕਿ ਕਿਸ ਤਰ੍ਹਾਂ ਦੇ ਹੁਕਮਨਾਮੇ ਜਾਰੀ ਕਰੋ। ਬੀਬੀ ਜੀ ਨੂੰ ਦੱਸਿਆ ਗਿਆ ਕਿ ਜਦੋਂ ਜਥੇਦਾਰਾਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਨਿਯੁਕਤੀ ਅਤੇ ਬ੍ਰਖ਼ਾਸਤਗੀ ਸ਼੍ਰੋਮਣੀ ਕਮੇਟੀ ਨੇ ਹੀ ਕਰਨੀ ਹੈ ਅਤੇ ਉਨ੍ਹਾਂ ਦੀ ਇੱਛਾ ਵਿਰੁੱਧ ਹੁਕਮਨਾਮੇ ਜਾਰੀ ਕਰਨ ਵਾਲਿਆਂ ਦਾ ਹਸ਼ਰ ਪ੍ਰੋ: ਮਨਜੀਤ ਸਿੰਘ, ਭਾਈ ਰਣਜੀਤ ਸਿੰਘ ਗਿਆਨੀ ਪੂਰਨ ਸਿੰਘ ਅਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵਰਗਾ ਹੀ ਹੋਣਾ ਹੈ ਤਾਂ ਉਨ੍ਹਾਂ ਨੂੰ ਸਿੱਧੇ ਤੌਰ ਤੇ ਕੁਝ ਕਹਿਣ ਦੀ ਲੋੜ ਹੀ ਨਹੀ ਸਿਰਫ ਇਸ਼ਾਰਾ ਹੀ ਕਾਫੀ ਹੈ। ਪਰ ਹਰਿਆਣਾ ਦੇ ਤਿੰਨ ਸਿੱਖਾਂ ਨੂੰ ਛੇਕਣ ਸਮੇ ਕਾਹਲੀ ਵਿੱਚ ਜਾਰੀ ਕੀਤਾ ਹੁਕਮਨਾਮੇ ਸਮੇਂ ਤਾਂ ਇਹ ਭੁਲੇਖਾ ਵੀ ਦੂਰ ਕਰ ਦਿੱਤਾ ਇਸ ਸਮੇਂ ਤਾਂ ਸ਼੍ਰੋਮਣੀ ਕਮੇਟੀ ਨੇ ਬਕਾਇਦਾ ਤੌਰ ਤੇ ਮਤਾ ਪਾਸ ਕਰਕੇ ਜਗੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ ਅਤੇ ਹਰਮੋਹਿੰਦਰ ਸਿੰਘ ਚੱਠਾ ਨੂੰ ਪੰਥ ਵਿੱਚੋਂ ਛੇਕੇ ਦੀ ਜਥੇਦਾਰ ਤੋਂ ਮੰਗ ਕੀਤੀ ਗਈ ਅਤੇ ਮਹਿਜ ਦੋ ਘੰਟੇ ਬਾਅਦ ਜਥੇਦਾਰਾਂ ਨੇ ਉਨ੍ਹਾਂ ਤਿੰਨਾਂ ਨੂੰ ਬਿਨਾ ਕੋਈ ਨੋਟਿਸ ਦਿੱਤਿਆਂ ਜਾਂ ਤਨਖ਼ਾਹੀਆ ਕਰਾਰ ਦਿੱਤਿਆਂ ਛੇਕ ਦਿੱਤਾ। ਕੀ ਇਸ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਕਿਹਾ ਜਾਵੇ ਜਾਂ ਬਾਦਲ ਦਾ? ਕੀ ਬਾਦਲ ਦਲ ਵੱਲੋਂ ਜਬਾਨੀ ਕਲਾਮੀ ਅਕਾਲ ਤਖ਼ਤ ਨੂੰ ਸਰਬ ਉਚ ਕਹਿ ਕੇ ਇਸ ਦੇ ਹਰ ਹੁਕਮਨਾਮੇ ਵਾਲੇ ਨੂੰ ਹੀ ਸਿੱਖ ਮੰਨਣ ਦੇ ਫਰੇਬ ਭਰੇ ਬਿਆਨ ਸ਼੍ਰੀ ਅਕਾਲ ਤਖ਼ਤ ਦੀ ਮਾਣ ਮਰਿਆਦਾ ਨੂੰ ਮਿੱਟੀ ਵਿੱਚ ਨਹੀਂ ਮਿਲਾ ਰਹੇ? ਬੀਬੀ ਜੰਗੀਰ ਕੌਰ ਨੂੰ ਇਸ ਦਾ ਕੋਈ ਜਵਾਬ ਨਾ ਸੁਝਦਾ ਹੋਣ ਕਰਕੇ ਉਸ ਨੇ ਫੋਨ ਕੱਟ ਦਿੱਤਾ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.