ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
‘ਨਿਕਸੁ ਰੇ ਪੰਖੀ ਸਿਮਰਿ ਹਰਿ ਪਾਂਖ॥’ ਤੋਂ ਸੇਧ ਲੈ ਕੇ ਧੂੰਦਾ ਜੀ ਕੁਕੜਖੇਹ ਉਡਾਉਣ ਵਾਲਿਆਂ ਦੇ ਪਿੰਜਰੇ ‘ਚੋਂ ਆਪਣੇ ਆਪ ਨੂੰ ਅਜ਼ਾਦ ਕਰਨ
‘ਨਿਕਸੁ ਰੇ ਪੰਖੀ ਸਿਮਰਿ ਹਰਿ ਪਾਂਖ॥’ ਤੋਂ ਸੇਧ ਲੈ ਕੇ ਧੂੰਦਾ ਜੀ ਕੁਕੜਖੇਹ ਉਡਾਉਣ ਵਾਲਿਆਂ ਦੇ ਪਿੰਜਰੇ ‘ਚੋਂ ਆਪਣੇ ਆਪ ਨੂੰ ਅਜ਼ਾਦ ਕਰਨ
Page Visitors: 2669

                             ‘ਨਿਕਸੁ ਰੇ ਪੰਖੀ ਸਿਮਰਿ ਹਰਿ ਪਾਂਖ॥’
ਤੋਂ ਸੇਧ ਲੈ ਕੇ ਧੂੰਦਾ ਜੀ ਕੁਕੜਖੇਹ ਉਡਾਉਣ ਵਾਲਿਆਂ ਦੇ ਪਿੰਜਰੇ ‘ਚੋਂ ਆਪਣੇ ਆਪ ਨੂੰ ਅਜ਼ਾਦ ਕਰਨ
ਕਿਰਪਾਲ ਸਿੰਘ ਬਠਿੰਡਾ 98554 80797
ਬੀਤੇ ਕੱਲ੍ਹ ਪਹਿਲਾਂ ਰੇਡੀਓ ਚੰਨ ਪ੍ਰਦੇਸੀ ਅਤੇ ਰਾਤ ਨੂੰ ਸ਼ੇਰੇ ਪੰਜਾਬ ਰੇਡੀਓ ਕੈਨੇਡਾ ’ਤੇ ਹੋਈ ਲਾਈਵ ਟਾਕ ਸ਼ੋ ਸੁਣ ਕੇ ਮਨ ਨੂੰ ਅਤਿਅੰਤ ਦੁੱਖ ਹੋਇਆ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਇਹ ਦੁਖਦਾਈ ਘਟਨਾ ਅਚਾਨਕ ਨਹੀਂ ਵਰਤੀ ਬਲਕਿ ਪੰਥ ਦੇ ਦੋ ਚੋਟੀ ਦੇ ਗੁਰਮਤਿ ਪ੍ਰਚਾਰਕਾਂ ਦੇ ਸਮਰਥਕਾਂ ਦੇ ਧੜਿਆਂ ਵਿੱਚਕਾਰ ਪਿਛਲੇ ਢਾਈ ਪੌਣੇ ਤਿੰਨ ਸਾਲਾਂ ਤੋਂ ਪਈ ਫੁੱਟ ਕਾਰਣ ਪੰਥ ਦਰਦੀਆਂ ਦਾ ਦਿਲ ਧੜਕਦਾ ਸੀ ਕਿ ਇਹ ਭਾਣਾ ਕਦੀ ਵੀ ਵਾਪਰ ਸਕਦਾ ਹੈ। ਮੈਂ ਉਨ੍ਹਾਂ ਵਿਅਕਤੀਆਂ ਵਿੱਚੋਂ ਇੱਕ ਹਾਂ ਜਿਨ੍ਹਾਂ ਨੇ ਆਪਣੇ ਪੱਧਰ ’ਤੇ ਇਸ ਫੁੱਟ ਨੂੰ ਘਟਾਉਣ ਦੇ ਕਈ ਯਤਨ ਕੀਤੇ ਪਰ ਸਫਲਤਾ ਹੱਥ ਨਾ ਆਈ। ਕਾਰਣ ਇਹੀ ਸੀ ਜੋ ਅੱਜ ਨੰਗੇ ਚਿੱਟੇ ਦਿਨ ਵਾਂਗ ਸਭ ਨੂੰ ਵਿਖਾਈ ਦੇ ਰਿਹਾ ਕਿ ਪ੍ਰੋ: ਸਰਬਜੀਤ ਸਿੰਘ ਧੂੰਦਾ ਜੀ ਚਾਹੇ ਜਾਂ ਅਣਚਾਹੇ; ਉਨ੍ਹਾਂ ਵਿਅਕਤੀਆਂ ਦੇ ਪਿੰਜਰੇ ਵਿੱਚ ਬੰਦ ਹੋ ਚੁੱਕਾ ਹੈ ਜੋ ਵੇਖਣ ਨੂੰ ਧੂੰਦਾ ਜੀ ਦੇ ਪਰਮ ਸਮਰਥਕ ਜਾਪਦੇ ਹਨ ਪਰ ਅਸਲ ਵਿੱਚ ਜਾਣ ਬੁੱਝ ਕੇ ਜਾਂ ਬੇਸਮਝੀ ਕਾਰਣ ਸਿਰਫ ਉਸ ਦਾ ਹੀ ਨਹੀਂ ਬਲਕਿ ਜਾਗਰੂਕਤਾ ਲਹਿਰ ਦਾ ਅਤੇ ਸਮੁੱਚੇ ਪੰਥ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਹਨ। ਧੂੰਦਾ ਜੀ ਨੂੰ ਅਜੇਹੇ ਔਝੜੇ ਪਏ ਭੁੱਲੜਾਂ ਦੇ ਪਿੰਜਰੇ ਵਿੱਚ ਬੰਦ ਹੋਣ ਦਾ ਇਲਜ਼ਾਮ ਮੈਂ ਮਨਘੜਤ ਤੌਰ ’ਤੇ ਨਹੀਂ ਲਾ ਰਿਹਾ ਬਲਕਿ ਆਪਣੀਆਂ ਹੱਡ ਬੀਤੀਆਂ ਦੇ ਆਧਰ ’ਤੇ ਲਾ ਰਿਹਾ ਹਾਂ; ਜਿਸ ਨੂੰ ਪਾਠਕਾਂ ਦੀ ਜਾਣਕਾਰੀ ਲਈ ਮੈਂ ਇਥੇ ਲਿਖਣੀਆਂ ਚਾਹਾਂਗਾ।
  ਜਦ ਜਥੇਦਾਰਾਂ ਵੱਲੋਂ ਅਕਾਲ ਤਖ਼ਤ ਦੇ ਨਾਮ ਹੇਠ ਬਣਾਈ ਕਾਲ ਕੋਠੜੀ ਵਿੱਚ ਸਤਾਧਾਰੀ ਅਕਾਲੀਆਂ ਦੇ ਕਠਪੁਤਲੀ ਪੰਜ ਜਥੇਦਾਰਾਂ ਦੇ ਸਾਹਮਣੇ ਧੂੰਦਾ ਜੀ ਦੇ ਪੇਸ਼ ਹੋਣ ਦੇ ਫੈਸਲੇ ਦੀ ਵਜ੍ਹਾ ਕਾਰਣ ਪ੍ਰੋ: ਦਰਸ਼ਨ ਸਿੰਘ ਜੀ ਅਤੇ ਪ੍ਰੋ: ਸਰਬਜੀਤ ਸਿੰਘ ਧੂੰਦਾ ਜੀ ਦੇ ਸਮਝੇ ਜਾਂਦੇ ਸਮਰਥਕ ਇੱਕ ਦੂਜੇ ਵਿਰੁੱਧ ਸ਼ਬਦੀ ਤੀਰ ਚਲਾਉਣ ਲੱਗੇ ਤਾਂ ਇਸ ਨਾਲ ਜਾਗਰੂਕਤਾ ਲਹਿਰ ਅਤੇ ਪੰਥ ਨੂੰ ਹੋ ਰਹੇ ਨੁਕਸਾਨ ਦਾ ਅੰਦਾਜ਼ਾ ਲਾ ਕੇ ਮੈਂ ਪ੍ਰੋ: ਦਰਸ਼ਨ ਸਿੰਘ ਨਾਲ ਗੱਲ ਕੀਤੀ ਕਿ ਕੱਲ੍ਹ ਤੱਕ ਤੁਸੀਂ ਦੋਵੇਂ ਪ੍ਰਚਾਰਕ ਇਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਸੋ। ਮੰਨ ਲਓ ਕਿ ਤੁਹਾਡੇ ਹਿਸਾਬ ਨਾਲ ਪ੍ਰੋ: ਧੂੰਦਾ ਜੀ ਨੇ ਆਪਣੀ ਕਮਜੋਰੀ ਕਾਰਣ ਜਾਂ ਸਲਾਹਕਾਰਾਂ ਅਤੇ ਕਾਲਜ ਵੱਲੋਂ ਮਜਬੂਰ ਕਰਨ ’ਤੇ ਗਲਤ ਫੈਸਲਾ ਲੈ ਲਿਆ ਹੈ ਤਾਂ ਇਸ ਤਰ੍ਹਾਂ ਸਮਝੋ ਕਿ ਇੱਕੋ ਟੀਚੇ ਨੂੰ ਲੈ ਕੇ ਦੌੜਿਆ ਜਾਂਦਾ ਆਪਣਾ ਇੱਕ ਸਾਥੀ ਠੇਡਾ ਖਾ ਕੇ ਡਿੱਗ ਪਿਆ ਹੈ। ਸਾਡਾ ਫਰਜ ਬਣਦਾ ਹੈ ਕਿ ਡਿੱਗੇ ਸਾਥੀ ਦਾ ਹੱਥ ਫੜ ਕੇ ਉਸ ਨੂੰ ਖੜ੍ਹਾ ਕਰਨਾ ਨਾ ਕਿ ਡਿੱਗੇ ਪਏ ਦੇ ਹੋਰ ਠੇਡੇ ਮਾਰ ਕੇ ਉਸ ਨੂੰ ਜਾਨੋ ਹੀ ਮਾਰ ਦੇਣਾ। ਇਸ ਲਈ ਜਿੰਨੀ ਤਾਕਤ ਨਾਲ ਕੋਈ ਇੱਕੋ ਟੀਚੇ ਵੱਲ ਦੌੜ ਰਿਹਾ ਹੈ ਉਸ ਨੂੰ ਦੌੜਨ ਦਿਓ ਕਿਸੇ ਨੂੰ ਮਜਬੂਰ ਨਾ ਕਰੋ ਕਿ ਉਹ ਸਾਡੇ ਵਾਲੀ ਸਪੀਡ ਨਾਲ ਹੀ ਭੱਜੇ, ਪਿੱਛੇ ਨਾ ਰਹੇ। ਜਿਹੜਾ ਪਿੱਛੇ ਰਹਿੰਦਾ ਹੈ ਉਸ ਨੂੰ ਆਪਣਾ ਵਿਰੋਧੀ ਨਾ ਸਮਝੋ। ਇਸ ਲਈ ਆਪਣੇ ਸਮਰਥਕਾਂ ਨੂੰ ਸਮਝਾਉ ਕਿ ਆਪਣੇ ਸਾਥੀ ਵਿਰੁੱਧ ਫਜੂਲ ਦੀ ਤੀਰ ਅੰਦਾਜ਼ੀ ਬੰਦ ਕੀਤੀ ਜਾਵੇ ਕਿਉਂਕਿ ਇਸ ਨਾਲ ਡੇਰਾਵਾਦੀਆਂ ਅਤੇ ਪੁਜਾਰੀਵਾਦ ਨੂੰ ਬਲ ਮਿਲ ਰਿਹਾ ਹੈ।
ਪ੍ਰੋ: ਦਰਸ਼ਨ ਸਿੰਘ ਦਾ ਜਵਾਬ ਸੀ: “ਮੇਰਾ ਕਿਸੇ ਨਾਲ ਕੋਈ ਵਿਅਕਤੀਗਤ ਵਿਰੋਧ ਨਹੀਂ ਹੈ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ ਲਈ ਪੁਜਾਰੀਵਾਦ ਅਤੇ ਡੇਰਾਵਾਦ ਨਾਲ ਸਿਧਾਂਤਕ ਲੜਾਈ ਹੈ। ਧੂੰਦਾ ਜੀ ਦਾ ਨਾਮ ਲੈ ਕੇ ਮੈਂ ਨਾ ਕਿਸੇ ਸਟੇਜ ’ਤੇ ਉਸ ਦੇ ਵਿਰੋਧ ਵਿੱਚ ਕੋਈ ਸ਼ਬਦ ਬੋਲਿਆ ਹੈ, ਨਾ ਕਿਧਰੇ ਲਿਖਿਆ ਹੈ ਅਤੇ ਨਾਂ ਹੀ ਕਿਸੇ ਅਖ਼ਬਾਰ ਨੂੰ ਬਿਆਨ ਦਿੱਤਾ ਹੈ। ਹੋਰ ਕੋਈ ਕੀ ਲਿਖ ਰਿਹਾ ਹੈ ਉਸ ਸਬੰਧੀ ਮੈਂ ਜਿੰਮੇਵਾਰ ਨਹੀਂ ਹਾਂ।”
   ਉਨ੍ਹਾਂ ਨੂੰ ਦੁਬਾਰਾ ਬੇਨਤੀ ਕੀਤੀ ਕਿ ਜੇ ਤੁਹਾਡਾ ਕੋਈ ਵਿਰੋਧ ਨਹੀਂ ਹੈ ਤਾਂ ਤੁਸੀਂ ਬਿਆਨ ਦੇਵੋ ਕਿ ਸਾਡੀ ਪ੍ਰੋ: ਧੂੰਦਾ ਜੀ ਨਾਲ ਕੋਈ ਵਿਰੋਧਤਾ ਨਹੀਂ ਹੈ ਇਸ ਲਈ ਕੋਈ ਵੀ ਆਪਣੇ ਵੀਚਾਰਧਾਰਕ ਵਖਰੇਵਿਆਂ ਕਾਰਣ ਫੇਸ ਬੁੱਕ ’ਤੇ ਪਾਏ ਜਾ ਰਹੇ ਕੁਮੈਂਟਸ ਵਿੱਚ ਸਾਡੇ ਨਾਮ ਨੂੰ ਨਾ ਘਸੀਟਣ।
  ਪ੍ਰੋ: ਦਰਸ਼ਨ ਸਿੰਘ ਜੀ ਦਾ ਜਵਾਬ ਸੀ: “ਧੂੰਦਾ ਜੀ ਦਾ ਤਾਂ ਜਥੇਦਾਰਾਂ ਨਾਲ ਸਮਝੌਤਾ ਹੋਇਆ ਕਿ ਉਹ ਮੇਰੇ ਨਾਲ ਕੋਈ ਸਬੰਧ ਨਹੀਂ ਰੱਖਣਗੇ। ਇਸ ਲਈ ਜੇ ਮੇਰੇ ਬਿਆਨ ’ਤੇ ਉਹ ਚੁੱਪ ਰਹਿੰਦਾ ਹੈ ਤਾਂ ਉਸ ਦੀ ਮੇਰੇ ਨਾਲ ਨੇੜਤਾ ਜੱਗ ਜ਼ਾਹਰ ਹੋਵੇਗੀ ਜਿਹੜੀ ਉਸ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਇਹ ਵੀ ਹੋ ਸਕਦਾ ਹੈ ਕਿ ਜਥੇਦਾਰਾਂ ਦੀ ਮਾਰ ਤੋਂ ਬਚਣ ਲਈ ਪ੍ਰਤੀਕਰਮ ਵਜੋਂ ਉਸ ਦਾ ਬਿਆਨ ਆ ਜਾਵੇ ਕਿ ਉਸ ਦੇ ਪ੍ਰੋ: ਦਰਸ਼ਨ ਸਿੰਘ ਨਾਲ ਹੁਣ ਕੋਈ ਸਬੰਧ ਨਹੀਂ ਹਨ ਤੇ ਸਾਡੇ ਦੋਹਾਂ ਦੇ ਰਾਹ ਵੱਖਰੇ ਵੱਖਰੇ ਹਨ। ਇਸ ਤਰ੍ਹਾਂ ਮੇਰੀ ਪੋਜੀਸ਼ਨ ਹਾਸੋਹੀਣੀ ਹੋ ਜਾਵੇਗੀ। ਇਸ ਲਈ ਮੈਂ ਧੂੰਦਾ ਜੀ ਦਾ ਨਾਮ ਲੈ ਕੇ ਕੋਈ ਐਸਾ ਬਿਆਨ ਨਹੀਂ ਦੇਵਾਂਗਾ ਜਿਸ ਨਾਲ ਸਾਡੇ ਦੋਵਾਂ ਵਿੱਚੋਂ ਇੱਕ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ।” ਇਸ ਦੇ ਨਾਲ ਹੀ ਉਨ੍ਹਾਂ ਕਿਹਾ: “ਹਾਂ ਜੇ ਧੂੰਦਾ ਜੀ ਪੰਥਕ ਹਿਤਾਂ ਵਿੱਚ ਮੇਰੇ ਨਾਲ ਮਿਲ ਕੇ ਚੱਲਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਜੀ ਆਇਆਂ ਆਖਣ ਲਈ ਤਿਆਰ ਹਾਂ; ਹਾਲਾਂ ਕਿ ਇਸ ਦੀ ਸੰਭਾਵਨਾ ਬਹੁਤ ਹੀ ਘੱਟ ਹੈ ਕਿਉਂਕਿ ਇਹ ਫੈਸਲਾ ਧੂੰਦਾ ਜੀ ਦੇ ਆਪਣੇ ਹੱਥ ਵਿੱਚ ਨਹੀਂ ਹੈ; ਉਹ ਕਾਲਜ ਦਾ ਮੁਲਾਜ਼ਮ ਹੈ ਅਤੇ ਕਾਲਜ਼ ਅੱਗੋਂ ਉਨ੍ਹਾਂ ਲੋਕਾਂ ਦੀਆਂ ਉਂਗਲਾਂ ’ਤੇ ਨਚਦਾ ਹੈ ਜਿਹੜੇ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਮਾਇਕ ਸਹਾਇਤਾ ਭੇਜਦੇ ਹਨ।”
   ਇਸ ਉਪ੍ਰੰਤ ਸਾਲ 2012 ਦੇ ਜੂਨ ਮਹੀਨੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਲਾਏ ਗਏ ਬੱਚਿਆਂ ਦੇ ਗੁਰਮਤਿ ਟ੍ਰੇਨਿੰਗ ਕੈਂਪ ਦੌਰਾਨ ਧੂੰਦਾ ਜੀ ਦੋ ਦਿਨਾਂ ਲਈ ਬਠਿੰਡਾ ਵਿਖੇ ਪਹੁੰਚੇ ਅਤੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦੀ ਰਿਹਾਇਸ਼ ਸਾਡੇ ਘਰ ਹੀ ਰਖਵਾ ਦਿੱਤੀ। ਗੱਲਬਾਤ ਲਈ ਖੁੱਲ੍ਹਾ ਸਮਾਂ ਮਿਲਣ ਕਾਰਣ ਕੌਮ ਦਾ ਦਰਦ ਉਨ੍ਹਾਂ ਅੱਗੇ ਰਖਦਿਆਂ ਕਿਹਾ ਕਿ ਵੱਖ ਵੱਖ ਮਿਸ਼ਨਰੀ ਕਾਲਜ ਪਿਛਲੇ 30 ਸਾਲਾਂ ਤੋਂ ਪ੍ਰਚਾਰ ਵਿੱਚ ਜੁਟੇ ਹੋਏ ਹਨ। ਭਾਵੇਂ ਮਿਸ਼ਨਰੀ ਕਾਲਜਾਂ ਦਾ ਜਾਗ੍ਰਤੀ ਲਹਿਰ ਖੜ੍ਹੀ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਹੈ ਪਰ ਹੁਣ ਤੱਕ ਡੇਰਾਵਾਦ ਅਤੇ ਪੁਜਾਰੀਵਾਦ ਵਿਰੁੱਧ ਲਹਿਰ ਨਹੀਂ ਬਣ ਸਕੀ ਸੀ। ਸ: ਗੁਰਬਖ਼ਸ਼ ਸਿੰਘ ਕਾਲ਼ਾ ਅਫਗਾਨਾ ਵੱਲੋਂ ਲਿਖੀਆਂ ਪੁਸਤਕਾਂ ਨਾਲ ਜਾਗਰੂਕਤਾ ਲਹਿਰ ਨੂੰ ਹੁਲਾਰਾ ਮਿਲਿਆ ਜਿਸ ਦੇ ਸਿੱਟੇ ਵਜੋਂ ਮੋਹਾਲੀ ਵਿਖੇ ਵਰਲਡ ਸਿੱਖ ਕਨਵੈਂਨਸ਼ਨ ਹੋਈ ਪਰ ਬਦਕਿਸਮਤੀ ਨਾਲ ਇਸ ਕੰਨਵੈਂਨਸ਼ਨ ਦੀ ਸਮਾਪਤੀ ਤੋਂ ਪਹਿਲਾਂ ਹੀ ਕੰਨਵੈਂਸ਼ਨ ਦੇ ਪ੍ਰਬੰਧਕਾਂ ਵਿੱਚ ਫੁੱਟ ਪੈ ਜਾਣ ਕਰਕੇ ਉਹ ਨਤੀਜੇ ਹਾਸਲ ਨਾ ਹੋ ਸਕੇ ਜਿਸ ਦੀ ਪੰਥ ਦਰਦੀਆਂ ਨੂੰ ਉਮੀਦ ਸੀ। ਉਸ ਉਪ੍ਰੰਤ ਸਪੋਕਸਮੈਨ ਅਖ਼ਬਾਰ ਹੋਂਦ ਵਿੱਚ ਆਇਆ ਤਾਂ ਲਹਿਰ ਨੂੰ ਬਲ ਮਿਲਣਾਂ ਸ਼ੁਰੂ ਹੋਇਆ। ਪਰ ਜਾਗਰੂਕਤਾ ਲਹਿਰ ਨੂੰ ਅਸਲੀ ਬਲ ਉਸ ਸਮੇਂ ਮਿਲਿਆ ਜਦੋਂ ਪ੍ਰੋ: ਦਰਸ਼ਨ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ ਅਤੇ ਸਿਧਾਂਤ ਨੂੰ ਖੋਰਾ ਲਾਉਣ ਵਾਲੇ ਸਭ ਤੋਂ ਵੱਡੇ ਅੱਡੇ ਤਖ਼ਤ ਸ਼੍ਰੀ ਹਜੂਰ ਸਾਹਿਬ ਜਾ ਕੇ ਪ੍ਰਬੰਧਕਾਂ ਨੂੰ ਆਪਣੇ ਕੀਰਤਨ/ਵਖਿਆਨ ਰਾਹੀਂ ਵੱਡਾ ਹਲੂਣਾ ਦਿੱਤਾ ਅਤੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਸਿੱਧੇ ਪ੍ਰਸਾਰਣ ਦੁਆਰਾ ਦਸਮ ਗ੍ਰੰਥ ਦੀਆਂ ਗੈਰ-ਸਿਧਾਂਤਕ ਰਚਨਾਵਾਂ ਸਬੰਧੀ ਜਾਗਰੂਕ ਕਰਨਾ ਸ਼ੁਰੂ ਕੀਤਾ।
   ਸਿੱਟੇ ਵਜੋਂ ਪ੍ਰ: ਦਰਸ਼ਨ ਸਿੰਘ ਨੂੰ ਬਹਾਨੇ ਲੱਭ ਕੇ ਪੰਥ ਵਿੱਚੋਂ ਛੇਕ ਦਿੱਤਾ ਜਿਸ ਕਾਰਣ ਜਾਗਰੂਕ ਤਬਕੇ ਵਿੱਚ ਉਠੇ ਰੋਹ ਸਦਕਾ ਜਾਗਰੂਕਤਾ ਲਹਿਰ ਜਨ ਸਧਾਰਨ ਤੱਕ ਪਹੁੰਚਣੀ ਸੀ ਪਰ ਉਸ ਨੂੰ ਉਸੇ ਸਮੇਂ ਗ੍ਰਹਿਣ ਲੱਗ ਗਿਆ ਜਦੋਂ ਸਪੋਕਸਮੈਨ ਨੇ ਆਪਣੀ ਹਊਂਮੈਂ ਜਾਂ ਕਿਸੇ ਹੋਰ ਅਣਦਿਸਦੇ ਕਾਰਣਾਂ ਕਰਕੇ ਪ੍ਰੋ: ਦਰਸ਼ਨ ਸਿੰਘ ਦਾ ਸਾਥ ਦੇਣ ਦੀ ਥਾਂ ਭਾਰੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਸਮਾਂ ਪਾ ਕੇ ਲਹਿਰ ਫਿਰ ਅੱਗੇ ਵਧਣ ਦੇ ਰਾਹ ਪਈ ਤਾਂ ਤੁਹਾਡੀ ਅਕਾਲ ਤਖ਼ਤ ’ਤੇ ਪੇਸ਼ੀ ਪੈ ਗਈ। ਅਤੇ ਤੁਹਾਡੇ ਪੇਸ਼ ਹੋਣ ਦੇ ਮਸਲੇ ਨੂੰ ਲੈ ਕੇ ਤੁਹਾਡੇ ਦੋਵਾਂ ਵਿੱਚ ਫੁੱਟ ਪੈ ਗਈ ਜਾਂ ਪਾ ਦਿੱਤੀ ਗਈ।
   ਹੁਣ ਜੋ ਦੋਵਾਂ ਧਿਰਾਂ ਦੇ ਸਮਰਥਕ ਇੱਕ ਦੂਸਰੇ ਵਿਰੁੱਧ ਜਿਸ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ ਇਸ ਨਾਲ ਜਾਪ ਰਿਹਾ ਹੈ ਕਿ ਵਿਰੋਧੀ ਧਿਰ ਦਾ ਕੰਮ ਅਸੀਂ ਰਲ ਮਿਲ ਕੇ ਖ਼ੁਦ ਹੀ ਕਰ ਰਹੇ ਹਾਂ। ਤੁਸੀਂ ਸੁਹਿਰਦਤਾ ਨਾਲ ਸੋਚੋ ਕਿ ਤੁਹਾਡੇ ਦੋਵਾਂ ਵਿੱਚ ਕੋਈ ਸਿਧਾਂਤਕ ਅੰਤਰ ਹੈ? ਧੂੰਦਾ ਜੀ ਵੱਲੋਂ ਨਾਂਹ ਦਾ ਜਵਾਬ ਮਿਲਣ ’ਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਫਿਰ ਕਿਉਂ ਨਹੀਂ ਤੁਸੀਂ ਆਪਣੇ ਸਮਰਥਕਾਂ ਨੂੰ ਸਮਝਾ ਬੁਝਾ ਕੇ ਅਣਲੋੜੀਂਦੀ ਫੇਸਬੁੱਕੀ ਲੜਾਈ ਬੰਦ ਕਰਵਾਉਂਦੇ। ਪ੍ਰੋ: ਧੂੰਦਾ ਜੀ ਨੇ ਵੀ ਪ੍ਰੋ: ਦਰਸ਼ਨ ਸਿੰਘ ਵਾਲਾ ਹੀ ਜਵਾਬ ਦਿੱਤਾ ਕਿ ਉਨ੍ਹਾਂ ਨੇ ਨਿਜੀ ਤੌਰ ’ਤੇ ਪ੍ਰੋ: ਸਾਹਿਬ ਵਿਰੁੱਧ ਨਾ ਕੋਈ ਟਿੱਪਣੀ ਕੀਤੀ ਹੈ ਅਤੇ ਨਾ ਹੀ ਕੋਈ ਬਿਆਨ ਦਿੱਤਾ ਹੈ। ਜੋ ਮੇਰੇ ਸਮਰਥਕ ਕਰ ਰਹੇ ਹਨ ਉਹ ਸਿਰਫ ਪ੍ਰੋ: ਦਰਸ਼ਨ ਸਿੰਘ ਦੇ ਸਮਰਥਕਾਂ ਦੀਆਂ ਟਿੱਪਣੀਆਂ ਦਾ ਜਵਾਬ ਹੀ ਦੇ ਰਹੇ ਹਨ ਉਨ੍ਹਾਂ ਨਾਲ ਮੇਰਾ ਕੋਈ ਸਬੰਧ ਨਹੀਂ ਹੈ। ਪ੍ਰੋ: ਧੂੰਦਾ ਜੀ ਨੂੰ ਫਿਰ ਬੇਨਤੀ ਕੀਤੀ ਕਿ ਜੇ ਤੁਹਾਡਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ ਤਾਂ ਤੁਸੀਂ ਇੱਕ ਬਿਆਨ ਦੇਵੋ ਕਿ “ਮੇਰੇ ਪ੍ਰੋ: ਦਰਸ਼ਨ ਸਿੰਘ ਨਾਲ ਕੋਈ ਸਿਧਾਂਤਕ ਮਤ ਭੇਦ ਨਹੀਂ ਹਨ। ਪ੍ਰੋ: ਦਰਸ਼ਨ ਸਿੰਘ ਨੇ ਪੰਥਕ ਹਿੱਤਾਂ ਵਿੱਚ ਜੋ ਆਵਾਜ਼ ਉਠਾਈ ਉਸ ਦਾ ਸਮਰਥਨ ਕਰਦਾ ਹੋਇਆਂ ਉਨ੍ਹਾਂ ਨੂੰ ਛੇਕੇ ਜਾਣ ਤੋਂ ਬਾਅਦ ਮੈਂ ਉਨ੍ਹਾਂ ਦਾ ਹਮੇਸ਼ਾਂ ਸਾਥ ਦਿੱਤਾ। ਮੇਰੀ ਵਾਰੀ ਆਉਣ ’ਤੇ ਆਪਣੀ ਸੰਸਥਾ ਦੀਆਂ ਮਜਬੂਰੀਆਂ ਅਤੇ ਕੁਝ ਨੀਤੀਗਤ ਪੈਂਤੜੇ ਅਧੀਨ ਮੈਂ ਉਹ ਸਟੈਂਡ ਨਹੀਂ ਲੈ ਸਕਿਆ ਜੋ ਪ੍ਰੋ: ਦਰਸ਼ਨ ਸਿੰਘ ਨੇ ਲਿਆ ਸੀ ਪਰ ਇਸ ਦਾ ਇਹ ਮਤਲਬ ਨਹੀਂ ਕਿ ਮੇਰੇ ਉਨ੍ਹਾਂ ਨਾਲ ਕੋਈ ਸਿਧਾਂਤਕ ਮਤਭੇਦ ਜਾਂ ਵਿਰੋਧ ਹੈ। ਮੈਂ ਫੇਸਬੁੱਕ ’ਤੇ ਇਤਰਾਜ਼ਯੋਗ ਟਿੱਪਣੀਆਂ ਕਰ ਰਹੇ ਦੋਵਾਂ ਧੜਿਆਂ ਦੇ ਮੈਂਬਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀਆਂ ਟਿੱਪਣੀਆਂ ਵਿੱਚ ਸਾਡਾ ਦੋਵਾਂ ਦਾ ਨਾਂਮ ਵਰਤ ਕੇ ਸਾਡੇ ਵਿੱਚ ਦੂਰੀਆਂ ਵਧਾਉਣ ਦਾ ਕੰਮ ਨਾ ਕਰਨ।”
      ਪ੍ਰੋ: ਧੂੰਦਾ ਜੀ ਇਸ ਬਿਆਨ ਦੀ ਭਾਵਨਾ ਨਾਲ ਪੂਰੀ ਤਰ੍ਹਾਂ ਸਹਿਮਤ ਹੁੰਦੇ ਹੋਏ ਕਹਿਣ ਲੱਗੇ ਕਿ ਇਸ ਬਿਆਨ ਦੇਣ ਵਿੱਚ ਉਨ੍ਹਾਂ ਨੂੰ ਕੋਈ ਇਤਰਾਜ ਨਹੀਂ ਪਰ ਉਹ ਇਕੱਲੇ ਆਪਣੇ ਤੌਰ ’ਤੇ ਨਹੀਂ ਦੇ ਸਕਦੇ ਕਿਉਂਕਿ ਉਹ ਇੱਕ ਸੰਸਥਾ ਨਾਲ ਜੁੜੇ ਹਨ ਤੇ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਮੈਂ ਇਹ ਬਿਆਨ ਨਹੀਂ ਦੇ ਸਕਦਾ। ਉਨ੍ਹਾਂ ਨੇ ਵਾਅਦਾ ਕੀਤਾ ਕਿ ਤੁਹਾਡੇ ਇਸ ਵੀਚਾਰ ਨੂੰ ਉਹ ਸੰਸਥਾ ਦੇ ਪ੍ਰਬੰਧਕਾਂ ਨਾਲ ਵੀਚਾਰਨਗੇ। ਇਸ ਉਪ੍ਰੰਤ ਮੈਂ ਪ੍ਰੋ: ਧੂੰਦਾ ਜੀ ਨੂੰ ਦੋ ਤਿੰਨ ਵਾਰ ਫੋਨ ’ਤੇ ਇਸ ਹੋਈ ਗੱਲਬਾਤ ਦਾ ਹਵਾਲਾ ਦੇ ਕੇ ਪੁੱਛਿਆ ਕਿ ਪ੍ਰਬੰਧਕਾਂ ਨਾਲ ਕੀ ਵੀਚਾਰਾਂ ਹੋਈਆਂ। ਉਹ ਹਰ ਵਾਰ ਕਹਿੰਦੇ ਕਿ ਉਨ੍ਹਾਂ ਨੂੰ ਹਾਲੀ ਸਮਾਂ ਨਹੀਂ ਮਿਲ ਸਕਿਆ ਸਮਾਂ ਮਿਲਣ ’ਤੇ ਵੀਚਾਰਨ ਉਪ੍ਰੰਤ ਤੁਹਾਨੂੰ ਜਰੂਰ ਦੱਸਿਆ ਜਾਵੇਗਾ।
     ਉਸੇ ਸਾਲ ਨਵੰਬਰ ਮਹੀਨੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਮੌਕੇ ਬਠਿੰਡਾ ਦੇ ਇੱਕ ਗੁਰਦੁਆਰੇ ਵਿੱਚ ਮੇਰੇ ਰਾਹੀਂ ਪ੍ਰਿੰ: ਗੁਰਬਚਨ ਸਿੰਘ ਪੰਨਵਾਂ ਦਾ ਪ੍ਰੋਗਰਾਮ ਰੱਖਿਆ ਗਿਆ ਇਸ ਲਈ ਬਠਿੰਡਾ ਫੇਰੀ ਦੌਰਾਨ ਉਹ ਵੀ ਸਾਡੇ ਘਰ ਹੀ ਥੋਹੜੇ ਸਮੇਂ ਲਈ ਰੁਕੇ। ਪ੍ਰੋ: ਧੂੰਦਾ ਜੀ ਨਾਲ ਹੋਈ ਸਾਰੀ ਗੱਲਬਾਤ ਉਨ੍ਹਾਂ ਨਾਲ ਸਾਂਝੀ ਕੀਤੀ ਗਈ ਤਾਂ ਉਹ ਵੀ ਸਿਧਾਂਤਕ ਤੌਰ ’ਤੇ ਉਕਤ ਬਿਆਨ ਦੀ ਸ਼ਬਦਾਵਲੀ ਨਾਲ ਸਹਿਮਤ ਤਾਂ ਹੋ ਗਏ ਪਰ ਧੂੰਦਾ ਜੀ ਵਾਲਾ ਜਵਾਬ ਹੀ ਉਨ੍ਹਾਂ ਦਿੱਤਾ ਕਿ ਅਸੀਂ ਤਾਂ ਕਾਲਜ ਦੇ ਮੁਲਾਜ਼ਮ ਹਾਂ ਸਾਡੇ ਨਾਲ ਤਾਂ ਸਿਰਫ ਪ੍ਰਚਾਰ ਸਬੰਧੀ ਹੀ ਗੱਲ ਕਰੋ; ਕਿਹੜਾ ਬਿਆਨ ਦੇਣਾ ਹੈ ਤੇ ਕਿਹੜਾ ਨਹੀਂ ਇਸ ਦਾ ਫੈਸਲਾ ਪ੍ਰਬੰਧਕਾਂ ਨੇ ਕਰਨਾ ਹੈ। ਪ੍ਰਿੰ: ਪੰਨਵਾਂ ਜੀ ਵੀ ਇਸ ਸੁਝਾਉ ਨਾਲ ਸਹਿਮਤ ਹੋਏ ਕਿ ਉਹ ਇਸ ਸਬੰਧੀ ਪ੍ਰਬੰਧਕਾਂ ਨਾਲ ਵੀਚਾਰ ਕਰਨਗੇ। ਉਨ੍ਹਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਜੇ ਤੁਸੀਂ ਬਿਆਨ ਨਹੀਂ ਦੇ ਸਕਦੇ ਤਾਂ ਨਿਜੀ ਤੌਰ ’ਤੇ ਪ੍ਰੋ: ਦਰਸ਼ਨ ਸਿੰਘ ਨੂੰ ਫੋਨ ਕਰਕੇ ਉਨ੍ਹਾਂ ਦਾ ਹਾਲ ਚਾਲ ਪੁੱਛ ਲਵੋ ਅਤੇ ਗੱਲਾਂ ਗੱਲਾਂ ਵਿੱਚ ਉਨ੍ਹਾਂ ਨੂੰ ਦੱਸ ਦੇਵੋ ਕਿ ਸੰਸਥਾ ਨਾਲ ਜੁੜੇ ਹੋਣ ਕਰਕੇ ਪੰਥਕ ਹਿਤਾਂ ਵਿੱਚ ਉਨ੍ਹਾਂ ਦੀਆਂ ਕੁਝ ਮਜਬੂਰੀਆਂ ਹਨ ਪਰ ਸਾਡਾ ਤੁਹਾਡੇ ਨਾਲ ਕੋਈ ਨਿਜੀ ਜਾਂ ਸਿਧਾਂਤਕ ਵਿਰੋਧ ਨਹੀਂ ਹੈ।
   ਕੁਦਰਤੀਂ ਕੁਝ ਸਮੇਂ ਬਾਅਦ ਪਿੰ: ਪੰਨਵਾਂ ਜੀ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕਥਾ ਕਰ ਰਹੇ ਸਨ ਅਤੇ ਪ੍ਰੋ: ਦਰਸ਼ਨ ਸਿੰਘ ਕੈਨੇਡਾ ਤੋਂ ਭਾਰਤ ਪਹੁੰਚਣ ਉਪ੍ਰੰਤ ਗੁਰਦੁਆਰਾ ਬੰਗਲਾ ਸਾਹਿਬ ਮੱਥਾ ਟੇਕਣ ਆਏ ਤੇ ਹੇਠਾਂ ਬੈਠਣ ਦੀ ਤਕਲੀਫ ਕਾਰਣ ਉਹ ਪ੍ਰਿੰ: ਪੰਨਵਾ ਦੇ ਪਿਛਲੇ ਪਾਸੇ ਤਖ਼ਤਪੋਸ਼ ’ਤੇ ਹੀ ਬੈਠ ਗਏ। ਟੀਵੀ ’ਤੇ ਸਿੱਧਾ ਪ੍ਰਸਰਣ ਹੋਣ ਕਰਕੇ ਇਹ ਅਚਾਨਕ ਹੋਈ ਮਿਲਣੀ ਮੇਰੇ ਧਿਆਨ ਵਿੱਚ ਵੀ ਆ ਗਈ ਇਸ ਲਈ ਮੈਂ ਤੁਰੰਤ ਪ੍ਰਿੰ: ਪੰਨਵਾਂ ਜੀ ਨੂੰ ਫੋਨ ਕਰਕੇ ਪੁੱਛਿਆ ਕਿ ਆਹ ਤਾਂ ਗੁਰੂ ਕ੍ਰਿਪਾ ਦੁਆਰਾ ਕੁਦਰਤੀਂ ਮੌਕਾ ਮੇਲ ਬਣ ਗਿਆ ਸੀ; ਪ੍ਰੋ: ਸਾਹਿਬ ਨਾਲ ਕੋਈ ਗੱਲ ਹੋਈ। ਨਾਂਹ ਦਾ ਜਵਾਬ ਦਿੰਦਿਆਂ ਪਿੰ੍ਰ: ਪੰਨਵਾਂ ਨੇ ਕਿਹਾ ਪ੍ਰੋ: ਸਾਹਿਬ ਅਰਦਾਸ ਤੋਂ ਬਾਅਦ ਤੁਰੰਤ ਬਾਹਰ ਆ ਗਏ ਜਦੋਂ ਕਿ ਮੈਂ ਕਥਾ ਦੀ ਭੇਟਾ ਲੈਣ ਲਈ ਉਥੇ ਰੁਕ ਗਿਆ। ਜਦ ਬਾਹਰ ਆਇਆ ਤਾਂ ਉਸ ਸਮੇਂ ਉਹ ਜਾ ਚੁੱਕੇ ਸਨ। ਉਨ੍ਹਾਂ ਨੂੰ ਫਿਰ ਬੇਨਤੀ ਕੀਤੀ ਕਿ ਚਲੋ ਉਨ੍ਹਾਂ ਨੂੰ ਫੋਨ ਕਰਕੇ ਹੀ ਕਹਿ ਦੇਵੋ ਕਿ ਪ੍ਰੋ: ਸਾਹਿਬ ਤੁਸੀਂ ਬਹੁਤ ਜਲਦੀ ਹੀ ਨਿਕਲ ਆਏ ਥੋਹੜੀ ਦੇਰ ਰੁਕ ਜਾਣਾ ਸੀ ਬੈਠ ਕੇ ਆਪਾਂ ਨਿਜੀ ਤੇ ਪੰਥਕ ਗੱਲਾਂਬਾਤਾਂ ਹੀ ਕਰ ਲੈਂਦੇ।
   ਪਿੰ: ਪੰਨਵਾਂ ਜੀ ਮੈਨੂੰ ਤਾਂ ਕਹਿੰਦੇ ਰਹੇ ਕਿ ਉਹ ਸਮਾਂ ਮਿਲਣ ’ਤੇ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਪਰ ਕੀ ਕੋਸ਼ਿਸ਼ ਕੀਤੀ ਜਾਂ ਨਾਂਹ ਇਹ ਉਨ੍ਹਾਂ ਨੂੰ ਹੀ ਪਤਾ ਹੈ। ਹਾਂ ਇਨ੍ਹਾਂ ਜਰੂਰ ਹੈ ਕਿ ਕੁਝ ਸਮਾਂ ਬਾਅਦ ਗੁਰਚਰਨ ਸਿੰਘ ਜਿਉਣਵਾਲੇ ਨੇ ਆਪਣੇ ਇੱਕ ਲੇਖ ਵਿੱਚ ਭੜਾਸ ਕਢਦਿਆਂ ਲਿਖ ਦਿੱਤਾ ਕਿ ਦਰਸ਼ਨ ਸਿੰਘ ਨੂੰ ਕੋਈ ਸਟੇਜ਼ ਨਹੀਂ ਮਿਲਦੀ ਤਾਂ ਪ੍ਰਿੰ: ਪੰਨਵਾਂ ਜੀ ਦੇ ਮਗਰ ਬੈਠ ਕੇ ਹੀ ਆਪਣੀ ਫੋਟੋ ਲਹਾਉਣ ਦਾ ਝਸ ਪੂਰ ਕਰ ਗਏ ਅਤੇ ਕਿਰਪਾਲ ਸਿੰਘ ਬਠਿੰਡਾ ਪ੍ਰਿੰ: ਪੰਨਵਾਂ ਜੀ ਦੀਆਂ ਮਿੰਨਤਾਂ ਕਰਦੇ ਰਹੇ ਕਿ ਉਹ ਦਰਸ਼ਨ ਸਿੰਘ ਨਾਲ ਬੈਠ ਕੇ ਕੋਈ ਗੱਲ ਕਰ ਲੈਣ ਜਾਂ ਟੈਲੀਫੋਨ ’ਤੇ ਹੀ ਕੋਈ ਗੱਲ ਕਰ ਲੈਣ ਤਾਂ ਕਿ ਸੰਗਤ ਨੂੰ ਭੁਲੇਖਾ ਲੱਗ ਜਾਵੇ ਕਿ ਦੋਵਾਂ ਦਾ ਕੋਈ ਵਿਰੋਧ ਨਹੀਂ ਹੈ; ਅੰਦਰੋਂ ਇਕੱਠੇ ਹੀ ਹਨ। ਜਿਊਣਵਾਲਾ ਦੇ ਲੇਖ ਨੇ ਇਹ ਸਿੱਧ ਕਰ ਦਿੱਤਾ ਕਿ ਪੰਥ ਦੀ ਖੇਹ ਉਡਾਉਣ ਵਾਲਿਆਂ ਦੀ ਸੋਚ ਕੀ ਹੈ? ਅਤੇ ਦੂਸਰਾ ਇਹ ਕਿ ਕਾਲਜ ਦੇ ਇਨ੍ਹਾਂ ਵਿਦਵਾਨਾਂ ਦੇ ਫੈਸਲੇ ਕਿੱਥੋਂ ਹੁੰਦੇ ਹਨ ਅਤੇ ਕੌਣ ਕਰਦਾ ਹੈ?
  ਇਨ੍ਹਾਂ ਹੀ ਦਿਨਾਂ ਵਿੱਚ ਇਸ ਤੋਂ ਵੀ ਵੱਧ ਹੋਰ ਦੁਖਦਾਈ ਘਟਨਾ ਵਾਪਰੀ। ਪ੍ਰੋ: ਦਰਸ਼ਨ ਸਿੰਘ ਜੀ ਦਾ ਕਾਨ੍ਹਪੁਰ ਵਿਖੇ ਪ੍ਰੋਗਰਾਮ ਬੁੱਕ ਸੀ। ਉਸੇ ਹੀ ਪ੍ਰੋਗਰਾਮ ਵਿੱਚ ਗਿਆਨੀ ਰਣਜੋਧ ਸਿੰਘ ਜੀ ਨੇ ਵੀ ਸ਼ਮੂਲੀਅਤ ਕਰਨੀ ਸੀ। ਪ੍ਰਿੰ: ਪੰਨਵਾਂ ਨੇ ਪਤਾ ਨਹੀਂ ਕਿਸ ਸੋਚ ਅਧੀਨ ਗਿਆਨੀ ਰਣਜੋਧ ਸਿੰਘ ਨੂੰ ਫੋਨ ਕਰਕੇ ਕਿਹਾ ਕਿ ਤੁਸੀਂ ਪ੍ਰਚਾਰਕ ਹੋ, ਜੇ ਤੁਸੀਂ ਪ੍ਰੋ: ਦਰਸ਼ਨ ਸਿੰਘ ਨਾਲ ਸਟੇਜ ਸਾਂਝੀ ਕਰੋਗੇ ਤਾਂ ਹੋ ਸਕਦਾ ਹੈ ਤੁਸੀਂ ਵੀ ਅਕਾਲ ਤਖ਼ਤ ਦੇ ਜਥੇਦਾਰਾਂ ਦੇ ਗੁੱਸੇ ਦਾ ਸ਼ਿਕਾਰ ਬਣ ਜਾਵੋ ਇਸ ਕਾਰਣ ਤੁਹਾਡੇ ਹੱਥੋਂ ਸਟੇਜ ਖੁੱਸ ਸਕਦੀ ਹੈ। ਦੂਸਰੀ ਗੱਲ ਹੈ ਕਿ ਉਥੇ ਲੜਾਈ ਝਗੜੇ ਹੋਣ ਦੀ ਪੂਰੀ ਸੰਭਾਵਨਾ ਹੈ ਜਿਸ ਕਾਰਣ ਤੁਹਾਡਾ ਕੋਈ ਸਰੀਰਕ ਨੁਕਸਾਨ ਵੀ ਹੋ ਸਕਦਾ ਹੈ ਇਸ ਲਈ ਤੁਸੀਂ ਉਥੇ ਨਾ ਜਾਵੋ ਅਤੇ ਆਪਣਾ ਘਰ ਸੰਭਾਲੋ ਤਾਂ ਇਸੇ ਵਿੱਚ ਹੀ ਭਲਾ ਹੈ। ਖੈਰ ਗਿਆਨੀ ਰਣਯੋਧ ਸਿੰਘ ’ਤੇ ਤਾਂ ਪਿੰ: ਪੰਨਵਾਂ ਦੀਆਂ ਦਲੀਲਾਂ ਦਾ ਕੋਈ ਅਸਰ ਨਾ ਪਿਆ ਪਰ ਉਨ੍ਹਾਂ ਕੋਲੋਂ ਲੀਕ ਹੋਈ ਗੱਲ ਮੇਰੇ ਕੋਲ ਵੀ ਪਹੁੰਚ ਗਈ। ਮੈਂ ਤੁਰੰਤ ਪ੍ਰਿੰ: ਪੰਨਵਾਂ ਜੀ ਨੂੰ ਫੋਨ ਕਰਕੇ ਉਨ੍ਹਾਂ ਦੀ ਇਸ ਗਲਤ ਹਰਕਤ ਦਾ ਵਿਰੋਧ ਜਿਤਾਇਆ। ਪਹਿਲਾਂ ਤਾਂ ਉਹ ਮੁੱਕਰ ਗਏ ਕਿ ਐਸੀ ਕੋਈ ਗੱਲ ਹੋਈ ਹੀ ਨਹੀਂ ਪਰ ਜਦ ਉਨ੍ਹਾਂ ਨੂੰ ਕਿਹਾ ਕਿ ਗਿਆਨੀ ਰਣਜੋਧ ਸਿੰਘ ਨੂੰ ਔਨ ਲਾਈਨ ਲੈ ਕੇ ਪੁੱਛ ਲੈਂਦੇ ਹਾਂ ਅਤੇ ਉਨ੍ਹਾਂ ਦੀ ਜ਼ਬਾਨੀ ਤੁਹਾਡੇ ਵਿਚਕਾਰ ਹੋਈ ਗੱਲਬਾਤ ਦਾ ਸੱਚ ਸੁਣ ਲਵੋ। ਇਸ ਸੁਣ ਕੇ ਪ੍ਰਿੰ: ਪੰਨਵਾਂ ਜੀ ਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ ਅਤੇ ਮੇਰੇ ਕੋਲ ਬਹਾਨਾ ਲਾਇਆ ਕਿ ਉਹ ਇਸ ਵੇਲੇ ਕਲਾਸ ਵਿਚ ਹਨ ਥੋਹੜੇ ਸਮੇ ਬਾਅਦ ਉਹ ਖ਼ੁਦ ਗੱਲ ਕਰਨਗੇ। ਕਲਾਸ ਵਿੱਚ ਹੋਣ ਦਾ ਝੂਠ ਉਸੇ ਸਮੇਂ ਸਾਹਮਣੇ ਆ ਗਿਆ ਜਦੋਂ ਮੇਰਾ ਫੋਨ ਕੱਟਦੇ ਸਾਰ ਗਿਆਨੀ ਰਣਜੋਧ ਸਿੰਘ ਨਾਲ ਮਿਲਾ ਕੇ ਉਨ੍ਹਾਂ ਨੂੰ ਕਹਿਣ ਲੱਗੇ ਗਿਆਨੀ ਜੀ ਮੈਂ ਤਾਂ ਤੁਹਾਡੇ ਕੋਲ ਸੁਭਾਵਿਕ ਗੱਲ ਕੀਤੀ ਸੀ ਤੁਸੀਂ ਇਹ ਕਿਰਪਾਲ ਸਿੰਘ ਨੂੰ ਵੀ ਦੱਸ ਦਿੱਤੀ। ਉਹ ਤਾਂ ਪੱਤਰਕਾਰ ਹਨ ਕੱਲ੍ਹ ਨੂੰ ਉਹ ਕਿਧਰੇ ਲਿਖ ਕੇ ਭੇਜ ਦੇਣਗੇ ਤਾਂ ਇਸ ਨਾਲ ਕਾਲਜ ਦੀ ਬਦਨਾਮੀ ਹੋਵੇਗੀ ਇਸ ਲਈ ਉਨ੍ਹਾਂ ਨੂੰ ਹੁਣੇ ਹੀ ਕਹੋ ਕਿ ਇਸ ਗੱਲ ਨੂੰ ਕਿਧਰੇ ਲਿਖ ਕੇ ਨਾ ਭੇਜਣ।
  ਦੋ ਮਿੰਟ ਬਾਅਦ ਹੀ ਗਿਆਨੀ ਰਣਜੋਧ ਸਿੰਘ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਚਲੋ ਪ੍ਰਿੰ: ਸਾਹਿਬ ਆਪਣੀ ਗਲਤੀ ਦਾ ਅਹਿਸਾਸ ਕਰ ਰਹੇ ਹਨ ਇਸ ਲਈ ਕਿਧਰੇ ਇਸ ਦੀ ਖ਼ਬਰ ਬਣਾ ਕੇ ਨਾ ਭੇਜਣਾ। ਦੋ-ਤਿੰਨ ਦਿਨਾਂ ਬਾਅਦ ਪ੍ਰਿੰ: ਪੰਨਵਾਂ ਜੀ ਨੂੰ ਮੈਂ ਫਿਰ ਅਹਿਸਾਸ ਕਰਵਾਉਣ ਲਈ ਕਿਹਾ ਅਸੀਂ ਤਾਂ ਤੁਹਾਡਾ ਮਿਲਾਪ ਕਰਵਾਉਣ ਨੂੰ ਫਿਰਦੇ ਸੀ ਪਰ ਤੁਸੀਂ ਤਾਂ ਖਿੱਚੀ ਹੋਈ ਲਕੀਰ ਨੂੰ ਖੋਦ ਕੇ ਡੂੰਘੀ ਖਾਈ ਬਣਾਉਣ ਦੇ ਕੰਮ ਲੱਗੇ ਹੋ। ਚਲੋ ਜੇ ਤੁਸੀਂ ਹੁਣ ਵੀ ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋ ਤਾਂ ਜਿਹੜਾ ਬਿਆਨ ਤੁਹਾਨੂੰ ਦੇਣ ਸਬੰਧੀ ਬੇਨਤੀ ਕੀਤੀ ਸੀ ਉਹ ਹੁਣ ਹੀ ਜਾਰੀ ਕਰ ਦੇਵੋ ਇਸ ਨਾਲ ਪੈਦਾ ਹੋਈ ਕੁੜਤਣ ਘਟ ਜਾਵੇਗੀ। ਉਨ੍ਹਾਂ ਨੇ ਕਿਹਾ ਇੱਕ ਐੱਨਆਰਆਈ ਸਿੰਘ ਵਿੱਚ ਵਿਚਾਲੇ ਪੈ ਕੇ ਸਮਝੌਤਾ ਕਰਵਾ ਰਿਹਾ ਹੈ; ਗਿਆਨੀ ਰਣਜੋਧ ਸਿੰਘ ਵੀ ਆਉਣਗੇ; ਇਹ ਗਲਤ ਫਹਿਮੀਆਂ ਜਲਦੀ ਦੂਰ ਹੋ ਜਾਣਗੀਆਂ। ਪਰ ਰਣਜੋਧ ਸਿੰਘ ਦੇ ਦੱਸਣ ਅਨੁਸਾਰ ਹੈਰਾਨੀ ਉਸ ਸਮੇਂ ਹੋਈ ਜਦੋਂ ਉਸ ਮੀਟਿੰਗ ਵਿੱਚ ਉਸ ਸਿੰਘ ਦੇ ਨਾਲ ਗੁਰਬਚਨ ਸਿੰਘ ਜਿਉਣਵਾਲਾ ਵੀ ਮੀਟਿੰਗ ਵਿੱਚ ਪਹੁੰਚ ਗਿਆ। ਕਾਲਜ ਵਾਲੇ ਸਾਰੇ ਚੁੱਪ ਸਨ ਅਤੇ ਉਨ੍ਹਾਂ ਵੱਲੋਂ ਸਾਰੇ ਜਵਾਬ ਜਿਉਣਵਾਲਾ ਹੀ ਦੇ ਰਿਹਾ ਸੀ। ਉਸ ਦਾ ਮੁੱਖ ਕੰਮ ਪ੍ਰੋ: ਦਰਸ਼ਨ ਸਿੰਘ ਵਿਰੁੱਧ ਭੜਾਸ ਕੱਢਣਾ ਹੀ ਸੀ। ਉਨ੍ਹਾਂ ਦੀ ਮੁੱਖ ਸ਼ਰਤ ਸੀ ਕਿ ਪ੍ਰੋ: ਦਰਸ਼ਨ ਸਿੰਘ ਨੇ ਕੀਰਤਨ ਰਾਹੀਂ ਬਹੁਤ ਪੈਸਾ ਕਮਾਇਆ ਹੈ ਇਸ ਲਈ ਉਹ ਸਾਨੂੰ ਪ੍ਰਚਾਰ ਲਈ ਪੈਸਾ ਦੇਣ।
  ਇਸ ਤੋਂ ਇਲਾਵਾ ਸਾਰੇ ਦੇ ਸਾਰੇ ਦਸਮ ਗ੍ਰੰਥ ਅਤੇ ਸਿੱਖ ਰਹਿਤ ਮਰਿਆਦਾ ਨੂੰ ਰੱਦ ਕਰਨ ਤਾਂ ਹੀ ਉਨ੍ਹਾਂ ਨਾਲ ਕੋਈ ਸਮਝੌਤਾ ਹੋ ਸਕਦਾ ਹੈ ਨਹੀਂ ਤਾਂ ਉਨ੍ਹਾਂ ਦਾ ਰਾਹ ਵੱਖਰਾ ਅਤੇ ਸਾਡਾ ਵੱਖਰਾ। ਗਿਆਨੀ ਰਣਜੋਧ ਸਿੰਘ ਨੇ ਕਿਹਾ ਜਿਸ ਕਾਲਜ ਜਾਂ ਪ੍ਰੋ: ਧੂੰਦਾ ਜੀ ਨਾਲ ਸਮਝੌਤਾ ਕਰਵਾਉਣਾ ਚਾਹੁੰਦੇ ਹਾਂ ਉਨ੍ਹਾਂ ਤੋਂ ਪੁੱਛੋ ਕਿ ਕੀ ਉਹ ਸਾਰੇ ਦਸਮ ਗ੍ਰੰਥ ਅਤੇ ਸਿੱਖ ਰਹਿਤ ਮਰਿਆਦਾ ਨੂੰ ਰੱਦ ਕਰਨ ਲਈ ਤਿਆਰ ਹਨ? ਕਾਲਜ ਦੇ ਚੇਅਰਮੈਨ ਨੇ ਝੱਟ ਜਵਾਬ ਦੇ ਦਿੱਤਾ ਕਿ ਅਸੀਂ ਨਹੀਂ ਕਰ ਸਕਦੇ। ਗਿਆਨੀ ਰਣਜੋਧ ਸਿੰਘ ਨੇ ਕਿਹਾ ਜੇ ਇੱਕ ਧਿਰ ਦਸਮ ਗ੍ਰੰਥ ਅਤੇ ਸਿੱਖ ਰਹਿਤ ਮਰਿਆਦਾ ਨੂੰ ਰੱਦ ਕਰਦੀ ਹੈ ਅਤੇ ਦੂਜੀ ਉਨ੍ਹਾਂ ਨੂੰ ਮਾਣਤਾ ਦਿੰਦੀ ਹੈ ਤਾਂ ਸਮਝੌਤਾ ਕਿਹੜੇ ਸਿਧਾਂਤ ਹੇਠ ਹੋਵੇਗਾ। ਜਿਊਣਵਾਲਾ ਦਾ ਫੈਸਲਾ ਸੀ ਕਿ ਇਹ ਇੱਕ ਸੰਸਥਾ ਹੈ ਇਸ ਦੀਆਂ ਆਪਣੀਆਂ ਮਜਬੂਰੀਆਂ ਹੋ ਸਕਦੀਆਂ ਹਨ ਪਰ ਪ੍ਰੋ: ਦਰਸ਼ਨ ਸਿੰਘ ਜੇ ਸਾਡੇ ਨਾਲ ਸਮਝੌਤਾ ਚਾਹੁੰਦਾ ਹੈ ਤਾਂ ਉਸ ਨੂੰ ਇਹ ਰੱਦ ਕਰਨੇ ਹੀ ਪੈਣਗੇ।
  ਤੀਸਰੀ ਤਾਜੀ ਘਟਨਾ ਹੈ ਕਿ ਸ: ਕੁਲਦੀਪ ਸਿੰਘ ਹੋਸਟ ਸ਼ੇਰੇ ਪੰਜਾਬ ਰੇਡੀਓ, ਦਲਜੀਤ ਸਿੰਘ ਇੰਡੀਆਨਾ ਅਤੇ ਮਲਕੀਤ ਸਿੰਘ ਬਾਸੀ ਆਦਿਕ ਨੇ ਕੁਝ ਹੋਰਨਾਂ ਨਾਲ ਮਿਲ ਕੇ ਇੰਡੀਆਨਾ ਵਿਖੇ ਵਿਸ਼ਵ ਸਿੱਖ ਕੰਨਵੈਂਨਸ਼ਨ ਕਰਵਾਉਣ ਦਾ ਫੈਸਲਾ ਲਿਆ ਜਿੱਥੇ ਕਈ ਮਹੱਤਵਪੂਰਨ ਮਤੇ ਪਾਸ ਕੀਤੇ ਜਾਣ ਸਨ। ਉਨ੍ਹਾਂ ਨੇ ਯਤਨ ਕੀਤਾ ਕਿ ਪੰਥਕ ਸੋਚ ਰੱਖਣ ਵਾਲੇ ਵੱਖ ਵੱਖ ਧੜਿਆਂ ਦੇ ਆਗੂਆਂ/ਵਿਦਵਾਨਾਂ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਵੇ ਤਾ ਕਿ ਜਿਹੜੇ ਧੜੇ ਜਾਂ ਵਿਅਕਤੀ ਕਿਸੇ ਨਾ ਕਿਸੇ ਕਾਰਣ ਇੱਕ ਦੂਜੇ ਦਾ ਵਿਰੋਧ ਕਰਦੇ ਆ ਰਹੇ ਹਨ ਉਨ੍ਹਾਂ ਨੂੰ ਇੱਕ ਸਟੇਜ਼ ’ਤੇ ਇਕੱਤਰ ਕਰਕੇ ਪੰਥਕ ਏਕਤਾ ਦਾ ਮੁੱਢ ਬੰਨ੍ਹਿਆ ਜਾਵੇ। ਇਸ ਲਈ ਉਨ੍ਹਾਂ ਪ੍ਰੋ: ਧੂੰਦਾ ਸਮੇਤ ਡਾ: ਅਮਰਜੀਤ ਸਿੰਘ, ਸ: ਪਾਲ ਸਿੰਘ ਪੁਰੇਵਾਲ, ਸ: ਸਰਬਜੀਤ ਸਿੰਘ ਸੈਕਰਾਮੈਂਟੋ, ਸ: ਤਰਲੋਚਨ ਸਿੰਘ ਦੁਪਾਲਪੁਰੀ, ਸ: ਗੁਰਿੰਦਰਪਾਲ ਸਿੰਘ ਧਨੌਲਾ ਆਦਿਕ ਹੋਰ ਕਈ ਪੰਥਕ ਸੋਚ ਵਾਲੇ ਬੁਲਾਰਿਆਂ ਨੂੰ ਸੱਦਾ ਦਿਤਾ। ਅਸੀਂ ਅਕਸਰ ਦੋਸ਼ ਲਾਉਂਦੇ ਰਹਿੰਦੇ ਹਾਂ ਕਿ ਪੰਥ ਵਿਰੋਧੀ ਸ਼ਕਤੀਆਂ ਆਪਣੀਆਂ ਏਜੰਸੀਆਂ ਰਾਹੀਂ ਪੰਥ ਵਿੱਚ ਫੁੱਟ ਪਾ ਕੇ ਸਾਡੀ ਸ਼ਕਤੀ ਨੂੰ ਕਮਜੋਰ ਕਰਕੇ ਸਾਡੀ ਹੋਂਦ ਮਿਟਾਉਣ ’ਤੇ ਤੁਲੇ ਹੋਏ ਹਨ ਜਿਨ੍ਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ।
   ਪਰ ਇੱਥੇ ਕਿਹੜੀ ਉਹ ਏਜੰਸੀ ਹੈ ਜਿਸ ਨੂੰ ਪੰਥਕ ਏਕਤਾ ਦੀ ਗੱਲ ਸੁਣਦਿਆਂ ਹੀ ਢਿੱਡ ਪੀੜ ਹੋਣੀ ਸ਼ੁਰੂ ਹੋ ਗਈ? ਕੌਣ ਹੈ ਉਹ ਜਿਸ ਨੇ ਹਰਨੇਕ ਸਿੰਘ ਨਿਊਜ਼ੀਲੈਂਡ ਨੂੰ ਕੁੱਕੜਖੇਹ ਉਡਾਉਣ ਲਈ ਉਕਸਾਇਆ? 6 ਸਤੰਬਰ ਨੂੰ ਮੈਂ ਉਨ੍ਹਾਂ ਦੀ ਫੇਸਬੁੱਕ ’ਤੇ ਇਹ ਪੋਸਟ ਪੜ੍ਹੀ: “ਮੈਨੂੰ ਕੋਈ ਇਸ ਉਲਝਣ ਵਿੱਚੋਂ ਕੱਢੇ- ਕੀ ਧੂੰਦਾ ਜੀ ਨੂੰ ਉਸ ਕੰਨਵੈਂਨਸ਼ਨ ਵਿੱਚ ਜਾਣਾ ਚਾਹੀਦਾ ਹੈ ਜਿਸ ਦਾ ਪ੍ਰਬੰਧ ਦਲਜੀਤ ਸਿੰਘ ਇੰਡੀਆਨਾ ਕਰ ਰਿਹਾ ਹੋਵੇ ਅਤੇ ਜਿਸ ਵਿੱਚ ਡਾ: ਅਮਰਜੀਤ ਸਿੰਘ ਵਰਗੇ ਏਜੰਸੀ ਦੇ ਬੰਦੇ ਬੁਲਾਰੇ ਦੇ ਤੌਰ ’ਤੇ ਪਹੁੰਚ ਰਿਹਾ ਹੋਵੇ।” ਉਸ ਪੋਸਟ ’ਤੇ ਲੰਬੀ ਟਿੱਪਣੀ ਕਰਦੇ ਹੋਏ ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਕੁਕੜਖੇਹ ਉਡਾਉਣ ਤੋਂ ਗੁਰੇਜ ਕੀਤਾ ਜਾਵੇ। 11 ਅਕਤੂਬਰ ਨੂੰ ਉਨ੍ਹਾਂ ਵੱਲੋਂ ਪਾਈ ਇਕ ਹੋਰ ਪੋਸਟ ’ਤੇ ਬੇਨਤੀ ਕੀਤੀ ਕਿ ਪੰਥਕ ਸੋਚ ਵਾਲਿਆਂ ਵਿੱਚ ਧੜੇਵੰਦੀ ਦੀ ਲਕੀਰ ਹੋਰ ਡੂੰਘੀ ਕਰਨ ਲਈ ਪੰਥ ਵਿਰੋਧੀ ਤਾਕਤਾਂ ਦੇ ਕੁਹਾੜੇ ਦਾ ਦਸਤਾ ਬਣਨ ਤੋਂ ਗੁਰੇਜ ਕੀਤਾ ਜਾਵੇ। ਪਰ ਜਿਹੜੇ ਕੁਕੜ ਵਾਂਗ ਇਹ ਸਮਝਣ ਲੱਗ ਪੈਣ ਕਿ ਜੇ ਉਹ ਵਾਂਗ ਦੇਵੇਗਾ ਤਾਂ ਹੀ ਦਿਨ ਚੜ੍ਹੇਗਾ ਅਤੇ ਉਸ ਦੀ ਵਾਂਗ ਸੁਣ ਕੇ ਹੀ ਲੋਕ ਜਾਗਣਗੇ ਨਹੀਂ ਤਾਂ ਰਾਤ ਹੀ ਪਈ ਰਹੇਗੀ ਤੇ ਲੋਕ ਸੁੱਤੇ ਹੀ ਪਏ ਰਹਿਣਗੇ ਉਸੇ ਤਰ੍ਹਾਂ ਜਿਹੜੀ ਕੰਨਵੈਂਨਸ਼ਨ ਉਨ੍ਹਾਂ ਦੇ ਪ੍ਰਬੰਧ ਹੇਠ ਹੋਵੇਗੀ ਅਤੇ ਉਨ੍ਹਾਂ ਦੀ ਮਰਜੀ ਦੇ ਬੁਲਾਰੇ ਭਾਸ਼ਣ ਕਰਨਗੇ ਤਾਂ ਹੀ ਸਿੱਖਾਂ ਵਿੱਚ ਜਾਗ੍ਰਤੀ ਅਤੇ ਗਰੁਮਤਿ ਦੀ ਸੋਝੀ ਆ ਸਕਦੀ ਨਹੀਂ ਤਾਂ ਹੋਰ ਸਾਰੇ ਮਨਮਤਿ ਦਾ ਹਨ੍ਹੇਰਾ ਹੀ ਫੈਲਾਉਣਗੇ; ਉਨ੍ਹਾਂ ਨੂੰ ਮੇਰੇ ਵਰਗੇ ਦੀ ਸਲਾਹ ਦੀ ਕੀ ਪ੍ਰਵਾਹ ਹੈ।
ਇੱਕ ਹੋਰ ਮਜ਼ੇ ਦੀ ਗੱਲ ਇਹ ਹੈ ਕਿ ਇਹ ਕੰਨਵੈਂਨਸ਼ਨ ਉਲੀਕਣ ਜਾਂ ਉਸ ਦੇ ਪ੍ਰਬੰਧ ਵਿੱਚ ਪ੍ਰੋ: ਦਰਸ਼ਨ ਸਿੰਘ, ਖਾਲਸਾ ਨਿਊਜ਼ ਜਾਂ ਉਨ੍ਹਾਂ ਦੇ ਹੋਰ ਕਿਸੇ ਸਮਰਥਕ ਦਾ ਕੋਈ ਹੱਥ ਨਹੀਂ ਸੀ ਅਤੇ ਨਾਂ ਹੀ ਕੈਨੇਡਾ ਵਿੱਚ ਹੋਣ ਦੇ ਬਾਵਯੂਦ ਉਨ੍ਹਾਂ ਨੂੰ ਕੰਨਵੈਂਨਸ਼ਨ ਵਿੱਚ ਆਂਉਣ ਦਾ ਕੋਈ ਸੱਦਾ ਦਿੱਤਾ ਗਿਆ ਸੀ। ਪਰ ਕਿਉਂਕਿ ਕੁਕੜਖੇਹ ਉਡਾਉਣ ਵਾਲਿਆਂ ਨੂੰ ਤਾਂ ਪ੍ਰੋ: ਦਰਸ਼ਨ ਸਿੰਘ ਖ਼ਾਲਸਾ ਨਿਊਜ਼, ਇੰਦਰਜੀਤ ਸਿੰਘ ਦਾ ਫੋਬੀਆ ਹੋਇਆ ਹੈ ਇਸ ਲਈ ਵਾਰ ਵਾਰ ਉਨ੍ਹਾਂ ਦੇ ਨਾਮ ਨੂੰ ਘਸੀਟਦੇ ਹੋਏ ਉਸ ਗਰੁੱਪ ਨੇ ਲਗਾਤਰ ਤਿੰਨ ਹਫਤੇ ਫੇਸ ਬੁੱਕ ਅਤੇ ਆਪਣੇ ਰੇਡੀਓ ’ਤੇ ਉਸ ਸਮੇਂ ਤੱਕ ਖੇਹ ਉਡਾਉਣੀ ਜਾਰੀ ਰੱਖੀ ਜਦ ਤੱਕ ਕਿ ਧੂੰਦਾ ਜੀ ਨੇ ਉਸ ਕੰਨਵੈਂਨਸ਼ਨ ਵਿੱਚ ਆਉਣ ਤੋਂ ਨਾਂਹ ਕਰਕੇ ਇਹ ਸਾਬਤ ਨਹੀਂ ਕੀਤਾ ਕਿ ਪ੍ਰੋ: ਧੂੰਦਾ ਜੀ; ਜੋ ਸਾਨੂੰ ਸਟੇਜ ’ਤੇ ਗਰਜਦਾ ਹੋਇਆ ਅਸਲੀ ਸ਼ੇਰ ਹੋਣ ਦਾ ਭੁਲੇਖਾ ਪਾਉਂਦਾ ਸੀ ਉਹ ਅਸਲ ਵਿੱਚ ਕੁੱਕੜਖੇਹ ਉਡਾਉਣ ਵਾਲਿਆਂ ਦੇ ਪਿੰਜਰੇ ਵਿੱਚ ਬੰਦ ਤੋਤਾ ਹੈ ਅਤੇ ਉਹੀ ਬੋਲਦਾ ਹੈ ਜੋ ਕੁੱਕੜਖੇਹ ਉਡਾਉਣ ਵਾਲੇ ਉਸ ਨੂੰ ਬੋਲਣ ਦਾ ਆਦੇਸ਼ ਦਿੰਦੇ ਹਨ। ਚਲੋ ਜੇ ਕਰ ਗੱਲ ਇੱਥੇ ਹੀ ਬੰਦ ਹੋ ਜਾਂਦੀ ਤਾਂ ਵੀ ਕੋਈ ਵੀ ਫਰਕ ਨਹੀ ਸੀ ਪੈਣਾ। ਕੁੱਕੜ ਦੇ ਬਿਨਾਂ ਵਾਂਗ ਦਿੱਤਿਆਂ ਵੀ ਦਿਨ ਚੜ੍ਹ ਗਿਆ ਭਾਵ ਕੰਨਵੈਂਨਸ਼ਨ ਸਿਰੇ ਚੜ੍ਹ ਗਈ। ਪਰ ਕੁੱਕੜ ਦਾ ਖੇਹ ਉਡਾਉਣ ਦਾ ਕੰਮ ਇੱਕ ਜਾਂ ਦੋ ਦਿਨ ਦਾ ਨਹੀਂ ਹੁੰਦਾ ਉਸ ਨੇ ਤਾਂ ਵਾਹਿਗੁਰੂ ਦੇ ਭਾਣੇ ਵਿੱਚ ਆਪਣੀ ਕਾਰ ਲਗਾਤਾਰ ਕਰੀ ਜਾਣੀ ਹੈ। ਇਸ ਲਈ ਉਨ੍ਹਾਂ ਨੇ ਆਪਣੇ ਰੇਡੀਓ ਅਤੇ ਫੇਸ ਬੁੱਕ ’ਤੇ ਹਰ ਉਸ ਵਿਅਕਤੀ ਜਿਹੜਾ, ਕੰਨਵੈਂਨਸ਼ਨ ਵਿੱਚ ਸ਼ਾਮਲ ਹੋਇਆ ਜਾਂ ਸਮਰਥਨ ਕੀਤਾ; ਉਨ੍ਹਾਂ ਨੂੰ ਭੰਡਣਾਂ ਜਾਰੀ ਰੱਖਿਆ। ਆਖਰ ਪ੍ਰਬੰਧਕਾਂ ਨੂੰ ਵੀ ਇਸ ਦਾ ਜਵਾਬ ਦੇਣਾ ਪਿਆ। ਸ: ਕੁਲਦੀਪ ਸਿੰਘ ਅਤੇ ਦਲਜੀਤ ਸਿੰਘ ਇੰਡੀਆਨਾ ਨੇ ਬੀਤੇ ਦਿਨ ਪਹਿਲਾਂ ਰੇਡੀਓ ਚੰਨ ਪ੍ਰਦੇਸੀ ਅਤੇ ਫਿਰ ਰਾਤ ਨੂੰ ਸ਼ੇਰੇ ਪੰਜਾਬ ਰੇਡੀਓ ’ਤੇ ਟਾਕ ਸ਼ੋ ਕਰਕੇ ਸਾਰੇ ਹਾਲਾਤ ਅਤੇ ਧੂੰਦਾ ਜੀ; ਜਿਸ ਨੂੰ ਦੋ ਮਹੀਨੇ ਪਹਿਲਾਂ ਤੋਂ ਬੁੱਕ ਕੀਤਾ ਸੀ; ਵੱਲੋਂ ਕੰਨਵੈਂਨਸ਼ਨ ਤੋਂ ਕੇਵਲ ਇੱਕ ਹਫਤਾ ਪਹਿਲਾਂ ਰੱਖੀਆਂ ਸ਼ਰਤਾਂ ਦਾ ਵੇਰਵਾ ਦੇ ਕੇ ਹੈਰਾਨ ਕਰ ਦਿੱਤਾ ਕਿ ਜਿਸ ਨੂੰ ਅਸੀਂ ਗੁਰਮਤਿ ਦੇ ਨਿਧੜਕ ਅਤੇ ਸੱਚੇ ਸੁੱਚੇ ਪ੍ਰਚਾਰਕ ਸਮਝ ਰਹੇ ਸੀ ਉਸ ਦੀਆਂ ਸ਼ਰਤਾਂ ਕਿੰਨੀਆਂ ਹਾਸੋਹੀਣੀਆਂ, ਨਿੱਜ ਭਰਪੂਰ ਅਤੇ ਗੁਲਾਮ ਸੋਚ ਵਾਲੀਆਂ ਸਨ। ਸ: ਕੁਲਦੀਪ ਸਿੰਘ ਵੱਲੋਂ ਔਨ ਏਅਰ ਇੰਕਸ਼ਾਫ ਕੀਤਾ ਗਿਆ ਕਿ ਧੂੰਦਾ ਜੀ ਦੀਆਂ ਸ਼ਰਤਾਂ ਸਨ:
   (1) ਦਲਜੀਤ ਸਿੰਘ ਇੰਡੀਆਨਾ ਮੁਆਫੀ ਮੰਗੇ ਕਿਉਂਕਿ ਉਸ ਨੇ ਪਿਛਲੇ ਸਮੇਂ ’ਚ ਆਪਣੇ ਫੇਸ-ਬੁੱਕ ਗਰੁੱਪ ਵਿੱਚ ਮਿਸ਼ਨਰੀ ਕਾਲਜਾਂ ਵਿਰੁੱਧ ਇਤਰਾਜ ਯੋਗ ਪੋਸਟਾਂ ਪਾਈਆਂ ਸਨ।
  (2) ਦਲਜੀਤ ਸਿੰਘ ਨੂੰ ਕੰਨਵੈਂਨਸ਼ਨ ਪ੍ਰਬੰਧਕੀ ਕਮੇਟੀ ਵਿੱਚੋਂ ਬਾਹਰ ਰੱਖਿਆ ਜਾਵੇ।
ਟਿੱਪਣੀ: ਇਹ ਮੰਗ ਕਿੰਨੀ ਹਾਸੋਹੀਣੀ ਹੈ ਕਿਉਂਕਿ ਕਨੇਡਾ, ਅਮਰੀਕਾ, ਨਿਊਜ਼ੀਲੈਂਡ ਵਿੱਚ ਬਹੁਤ ਸਾਰੇ ਧੂੰਦਾ ਜੀ ਦੇ ਸਮਰਥਕ ਐਸੇ ਹਨ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਕਲੀ, ਜਾਲ੍ਹੀ ਅਤੇ ਲਫਾਫਾ ਦੱਸ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧਿਆਤਮਕ ਗੁਰੂ ਮੰਨਣ ਦੀ ਥਾਂ ਗਿਆਨ ਦੀ ਇੱਕ ਕਿਤਾਬ ਮੰਨਦੇ ਹਨ; ਖ਼ਬਰਾਂ ਅਨੁਸਾਰ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀ ਲਾਇਬ੍ਰੇਰੀ ਵਿੱਚ ਆਮ ਪੁਸਤਕਾਂ ਵਾਂਗ ਸ਼ੈਲਫਾਂ ਵਿੱਚ ਰੱਖ ਰਹੇ ਹਨ। ਧੂੰਦਾ ਜੀ ਜੇ ਕਦੀ ਐਸੀ ਸ਼ਰਤ ਰੱਖਦੇ ਕਿ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਸਮਝਣ ਵਾਲੇ ਲੋਕ ਸ਼ਾਮਲ ਹੋਣਗੇ ਮੈਂ ਉਥੇ ਨਹੀਂ ਜਾਣਾ ਤਾਂ ਇਹ ਕਿੰਨਾਂ ਸ਼ਲਾਘਯੋਗ ਕਦਮ ਹੋਣਾ ਸੀ ਪਰ ਅਜੇਹੇ ਲੋਕਾਂ ਨੂੰ ਆਪਣੇ ਸਮਰਥਕਾਂ ਦੀ ਸੂਚੀ ਵਿੱਚ ਰੱਖਣਾ ਅਤੇ ਕਾਲਜ ਉਤੇ ਟਿੱਪਣੀ ਕਰਨ ਵਾਲੇ ਤੋਂ ਮੁਆਫੀ ਮੰਗਣ ਦੀਆਂ ਸ਼ਰਤਾਂ ਲਾਉਣੀਆਂ ਤੇ ਉਸ ਨੂੰ ਕੰਨਵੈਂਨਸ਼ਨ ਵਿੱਚੋਂ ਬਾਹਰ ਰੱਖਣ ਦੀ ਮੰਗ ਸਿੱਧ ਕਰਦੀ ਹੈ ਕਿ ਉਸ ਲਈ ਆਪਣੇ ਕਾਲਜ ਦਾ ਮਾਨ ਸਨਮਾਨ ਗੁਰੂ ਗਰੰਥ ਸਾਹਿਬ ਜੀ ਦੇ ਮਾਨ ਸਨਮਾਨ ਤੋਂ ਕਿਤੇ ਜਿਆਦਾ ਮਹੱਤਵਪੂਰਨ ਹੈ।
(3) ਡਾ: ਅਮਰਜੀਤ ਸਿੰਘ ਕੰਨਵੈਂਨਸ਼ਨ ਵਿੱਚ ਭਾਗ ਨਾ ਲਵੇ ਕਿਉਂਕਿ ਉਹ ਖਾਲਸਤਾਨ ਦੀ ਗੱਲ ਕਰਦਾ ਹੈ।
(4) ਗੁਰਿੰਦਰਪਾਲ ਸਿੰਘ ਧਨੌਲਾ ਕੰਨਵੈਂਨਸ਼ਨ ਵਿੱਚ ਸ਼ਾਮਲ ਨਾ ਹੋਵੇ ਕਿਉਂਕਿ ਉਹ ਸ਼੍ਰੋ:ਅ:ਦ (ਅ) ਦਾ ਅਹੁੱਦੇਦਾਰ ਹੈ ਜਿਸ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਖਾਲਸਤਾਨ ਦੀ ਮੰਗ ਕਰਦਾ ਹੈ ਅਤੇ ਕਹਿੰਦਾ ਹੈ ਕਿ ਜਿਹੜਾ ਦਸਮ ਗ੍ਰੰਥ ਵਿਰੁੱਧ ਬੋਲੇਗਾ ਮੈਂ ਉਸ ਦਾ ਗਾਟਾ ਲਾਹ ਦੇਵਾਂਗਾ। ਹਾਲਾਂ ਕਿ ਉਨ੍ਹਾਂ ਨੂੰ ਇੰਨੀ ਵੀ ਜਾਣਕਾਰੀ ਨਹੀਂ ਕਿ ਸ: ਧਨੌਲਾ ਨੇ ਤਕਰੀਬਨ ਡੇੜ ਸਾਲ ਪਹਿਲਾਂ ਪਾਰਟੀ ਦੀ ਮੈਂਬਰਸ਼ਿੱਪ ਅਤੇ ਅਹੁੱਦੇਦਾਰੀ ਤੋਂ ਅਸਤੀਫਾ ਦਿੱਤਾ ਹੋਇਆ ਹੈ।
  (5) ਪਰਮਜੀਤ ਸਿੰਘ ਸਰਨਾ ਨਾਲ ਉਨ੍ਹਾਂ ਨੇ ਸਟੇਜ ਸਾਂਝੀ ਨਹੀਂ ਕਰਨੀ।
ਟਿੱਪਣੀ: ਦਸਮ ਗ੍ਰੰਥ ਵਿਰੁੱਧ ਬੋਲਣਾਂ ਤਾਂ ਉਨ੍ਹਾਂ ਖੁਦ ਹੀ ਛੱਡਿਆ ਹੋਇਆ ਹੈ। ਇਸ ਦੇ ਬਾਵਯੂਦ ਇਹ ਮੰਗ ਸਿੱਧ ਕਰਦੀ ਹੈ ਕਿ ਧੂੰਦਾ ਜੀ ਬਾਦਲਾਂ ਦੇ ਨਿਯੁਕਤ ਕੀਤੇ ਜਥੇਦਾਰਾਂ ਦੀ ਪੂਰੀ ਤਰ੍ਹਾਂ ਗੁਲਾਮੀ ਕਬੂਲ ਚੁੱਕੇ ਹਨ। ਸੰਭਵ ਹੈ ਕਿ ਜਥੇਦਾਰਾਂ ਨੇ ਉਸ ਨੂੰ ਦਬਕਾ ਮਰਿਆ ਹੋਵੇ ਕਿ ਜੇ ਤੂੰ ਬਾਦਲ ਵਿਰੋਧੀਆਂ ਨਾਲ ਸਟੇਜ ਸਾਂਝੀ ਕੀਤੀ ਤਾਂ ਤੈਨੂੰ ਫਿਰ ਤਲਬ ਕੀਤਾ ਜਾ ਸਕਦਾ ਹੈ।
  ਇਹ ਇੰਕਸ਼ਾਫ ਕਰਨ ਪਿੱਛੋਂ ਜਦੋਂ ਸ: ਕੁਲਦੀਪ ਸਿੰਘ ਜੀ ਅਤੇ ਦਲਜੀਤ ਸਿੰਘ ਜੀ ਔਨ ਏਅਰ ਕਹਿ ਰਹੇ ਸਨ ਕਿ ਅਸੀਂ ਕਹਿੰਦੇ ਹਾਂ ਕਿ ਜਥੇਦਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਗੁਲਾਮ, ਸ਼੍ਰੋਮਣੀ ਕਮੇਟੀ ਬਾਦਲ ਦੀ ਗੁਲਾਮ ਅਤੇ ਬਾਦਲ ਆਰਐੱਸਐੱਸ ਦਾ ਗੁਲਾਮ ਹੈ ਤਾਂ ਦੱਸੋ ਉਚੀਆਂ ਬਾਹਾਂ ਖਿਲਾਰ ਕੇ ਸਟੇਜਾਂ ’ਤੇ ਇਨ੍ਹਾਂ ਨੂੰ ਭੰਡਣ ਵਾਲਾ ਪ੍ਰਚਾਰਕ ਵੀ ਜੇ ਕਾਲਜ ਪ੍ਰਬੰਧਕ ਕਮੇਟੀ ਦਾ ਗੁਲਾਮ, ਕਾਲਜ ਕਮੇਟੀ ਕੈਨੇਡਾ ਨਿਊਜ਼ੀਲੈਂਡ ਤੋਂ ਕਾਲਜ ਨੂੰ ਮਾਇਕ ਸਹਾਇਤਾ ਭੇਜਣ ਵਾਲਿਆਂ ਦੀ ਗੁਲਾਮ ਹੈ ਤਾਂ ਇਸ ਪ੍ਰਚਾਰਕ ਅਤੇ ਅਖੌਤੀ ਜਥੇਦਾਰਾਂ ਦੇ ਕਿਰਦਾਰ ਵਿੱਚ ਕੀ ਫਰਕ ਹੈ? ਜੇ ਮਿਸ਼ਨਰੀ ਕਾਲਜ ਆਪਣੀਆਂ ਸਟੇਜਾਂ ਬਚਾਉਣ ਲਈ ਗੁਲਾਮ ਜਥੇਦਾਰਾਂ ਅਤੇ ਮਾਇਕ ਸਹਾਇਤਾ ਕਰਨ ਵਾਲਿਆਂ ਦੀ ਗੁਲਾਮੀ ਕਬੂਲ ਕਰਕੇ ਪੰਥਕ ਇਕੱਠ ਵਿੱਚ ਸ਼ਮੂਲੀਅਤ ਕਰਨ ਤੋਂ ਨਾਂਹ ਕਰਦਾ ਹੈ ਤਾਂ ਪਿਹੋਵੇ ਵਾਲੇ, ਢੱਢਰੀਆਂ ਵਾਲੇ, ਸ਼ਿਕਾਗੋ ਵਾਲੇ, ਸੌਦੇ ਸਾਧ ਆਦਿਕ ਨਾਲੋਂ ਇਨ੍ਹਾਂ ਕਾਲੀਆਂ ਪੱਗਾਂ ਵਾਲਿਆਂ ਵਿੱਚ ਕੀ ਫਰਕ ਹੈ?
  ਇਕ ਮਿਸ਼ਨਰੀ ਹੋਣ ਕਰਕੇ ਉਨ੍ਹਾਂ ਦਾ ਇੱਕ ਇੱਕ ਬੋਲ ਸੀਨੇ ਨੂੰ ਚੀਰ ਕੇ ਲੰਘਣ ਵਾਲਾ ਸੀ ਪਰ ਸੁਣ ਕੇ ਦੜ ਇਸ ਕਰਕੇ ਵੱਟਣੀ ਪਈ ਕਿਉਂਕਿ ਇਸ ਵਿੱਚ ਕਸੂਰ ਕੁਲਦੀਪ ਸਿੰਘ ਦਲਜੀਤ ਸਿੰਘ ਦਾ ਨਹੀਂ ਬਲਕਿ ਇਸ ਲਈ ਜਿੰਮੇਵਾਰ ਕੁੱਕੜਖੇਹ ਉਡਾਉਣ ਵਾਲਿਆਂ ਦਾ ਉਹ ਟੋਲਾ ਹੈ ਜਿਨ੍ਹਾਂ ਨੇ ਅਜਿਹਾ ਕਹਿਣ ਲਈ ਮਹੌਲ ਸਿਰਜਿਆ। ਉਹ ਹਾਲੀ ਵੀ ਇਹ ਦਾਅਵਾ ਕਰਦੇ ਨਹੀਂ ਥਕਦੇ ਕਿ ਹਰ ਵਿਅਕਤੀ ਨੂੰ ਆਪਣੇ ਫੈਸਲੇ ਆਪ ਕਰਨ ਦਾ ਹੱਕ ਹੈ। ਇਸ ਲਈ ਜੇ ਧੂੰਦਾ ਜੀ ਨੇ ਕੰਨਵੈਂਨਸ਼ਨ ਵਿੱਚ ਨਾ ਆਉਣ ਦਾ ਫੈਸਲਾ ਕਰ ਲਿਆ ਤਾਂ ਪ੍ਰਬੰਧਕਾਂ ਨੂੰ ਇੰਨੀ ਢਿੱਡ ਪੀੜ ਕਿਉਂ ਹੋ ਰਹੀ? ਹੁਣ ਪਾਠਕ ਉਕਤ ਸਾਰੀਆਂ ਘਟਨਾਵਾਂ ਨੂੰ ਮੁੜ ਤੋਂ ਵੀਚਾਰ ਕੇ ਵੇਖਣ ਕਿ ਕੀ ਫੈਸਲਾ ਲੈਣਾ ਧੂੰਦਾ ਜੀ ਦੇ ਆਪਣੇ ਹੱਥ ਹੈ? ਕੁਲਦੀਪ ਸਿੰਘ ਅਨੁਸਾਰ ਆਖਰੀ ਨਾਂਹ ਕਰਨ ਦਾ ਫੈਸਲਾ ਵੀ ਧੂੰਦਾ ਜੀ ਨੇ ਖ਼ੁਦ ਨਹੀਂ ਦੱਸਿਆ ਬਲਕਿ ਕਾਲਜ ਦੇ ਇਕ ਹੋਰ ਮੁਲਾਜ਼ਮ ਨੇ ਦੱਸਿਆ ਕਿ ਸਾਡਾ ਸਾਰਿਆਂ ਦਾ ਸਰਬ ਸੰਮਤੀ ਨਾਲ ਲਿਆ ਫੈਸਲਾ ਹੈ ਕਿ ਧੂੰਦਾ ਜੀ ਕੰਨਵੈਂਨਸ਼ਨ ਵਿੱਚ ਨਹੀਂ ਆਉਣਗੇ। ਕੁਲਦੀਪ ਸਿੰਘ ਨੇ ਤਾਂ ਇਹ ਵੀ ਦੱਸਿਆ ਕਿ ਜਦੋਂ ਵੀ ਧੂੰਦਾ ਜੀ ਨੂੰ ਬੈਠ ਕੇ ਗੱਲ ਕਰਨ ਲਈ ਆਖਿਆ ਤਾਂ ਉਸ ਦਾ ਜਵਾਬ ਹੁੰਦਾ ਸੀ ਕਿ ਉਸ ’ਤੇ ਬਹੁਤ ਪ੍ਰੈਸ਼ਰ ਹੈ ਉਹ ਇਕੱਲੇ ਫੈਸਲਾ ਨਹੀਂ ਕਰ ਸਕਦੇ ਬਾਕੀਆਂ ਨਾਲ ਸਲਾਹ ਕਰਕੇ ਦੱਸਣਗੇ; ਇਹ ਕਹਿ ਕੇ ਬਾਕੀ ਗੱਲਬਾਤ ਕਰਨ ਲਈ ਉਨ੍ਹਾਂ ਨੇ ਫੋਨ ਆਪਣੇ ਬਣਾਏ ਗੜਬਈਆਂ, ਸਕਤੱਤਰਾਂ ਨੂੰ ਫੜਾ ਦੇਣਾ।
   ਮੈਂ ਹਾਲੀ ਵੀ ਸਮਝਦਾ ਹਾਂ ਕਿ ਪ੍ਰੋ: ਧੂੰਦਾ ਜੀ ਪ੍ਰਿ: ਪੰਨਵਾਂ ਜੀ ਦਾ ਇੰਨਾ ਕਸੂਰ ਨਹੀਂ ਪਰ ਉਹ ਪਿੰਜਰੇ ਦੇ ਤੋਤੇ ਵਾਂਗ ਬੇਬੱਸ ਹਨ ਇਸ ਲਈ ਹਰ ਗੱਲ ਗੁਰਬਾਣੀ ਦੇ ਅਧਾਰ ’ਤੇ ਕਰਨ ਦੀ ਮੁਹਾਰਤ ਰੱਖਣ ਵਾਲੇ ਇਨ੍ਹਾਂ ਵਿਦਵਾਨਾਂ ਨੂੰ ਚਾਹੀਦਾ ਹੈ ਕਿ
ਨਿਕਸੁ ਰੇ ਪੰਖੀ ਸਿਮਰਿ ਹਰਿ ਪਾਂਖ ॥’ (ਗਉੜੀ ਮ: 5, ਪੰਨਾ 204)
    ਤੋਂ ਸੇਧ ਲੈਂਧੇ ਹੋਏ ਪਿੰਜਰੇ ਵਿੱਚੋਂ ਅਜਾਦ ਹੋਣ ਵਜੋਂ ਪਹਿਲਾ ਐਲਾਨ ਇਹ ਕਰਨ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਬਦ ਗੁਰੂ ਮੰਨਣ ਦੀ ਥਾਂ ਕਿਤਾਬ ਕਹਿਣ ਵਾਲਿਆਂ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਐਸੇ ਲੋਕ ਆਪਣੇ ਆਪ ਨੂੰ ਸਾਡੇ ਸਮਰਥਕ ਦੱਸ ਕੇ ਸਾਡਾ ਇਮੇਜ਼ ਖ਼ਰਾਬ ਕਰਨ ਤੋਂ ਬਾਜ਼ ਆਉਣ।
  ਦੂਸਰੇ ਨੰਬਰ ’ਤੇ ਜਿਹੜੇ ਆਪਣੀ ਹਊਮੈਂ ਕਾਰਣ ਗੁਰਮਤਿ ਦੇ ਦੂਸਰੇ ਪ੍ਰਚਾਰਕਾਂ ਵਿੱਚ ਧੜੇਬੰਦੀਆਂ ਬਣਾਉਣ ਲਈ ਉਨ੍ਹਾਂ ਦੇ ਨਾਮ ਦੀ ਦੁਰਵਰਤੋਂ ਕਰ ਰਹੇ ਹਨ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦੇਣ ਕਿ ਆਪਣੀ ਇਸ ਕੋਝੀ ਕਾਰਵਾਈ ਤੋਂ ਬਾਜ਼ ਆਉਣ।
  ਤੀਸਰੇ ਨੰਬਰ ’ਤੇ ਕਿਸੇ ਸਮਾਗਮ ਵਿੱਚ ਜਾਣ ਸਮੇਂ ਇਹ ਖਿਆਲ ਨਾ ਰੱਖਣ ਕਿ ਉਸ ਸਮਾਗਮ ਦੇ ਪ੍ਰਬੰਧਕ ਕਿਸ ਧੜੇ ਨਾਲ ਸਬੰਧਤ ਹਨ ਬਲਕਿ ਇਹ ਯਕੀਨੀ ਬਣਾਉਣ ਕਿ ਕੀ ਉਥੋਂ ਦੇ ਪ੍ਰਬੰਧਕ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ ਅਤੇ ਪੰਥਕ ਰਹਿਤ ਮਰਿਆਦਾ ਦਾ ਪਾਲਣ ਕਰਦੇ ਹਨ ਜਾਂ ਨਹੀਂ? ਜੇ ਨਹੀ ਕਰਦੇ ਤਾਂ ਧੜੱਲੇ ਨਾਲ ਉਥੇ ਹੋ ਰਹੀਆਂ ਮਨਮਤਾਂ ਵਿਰੁੱਧ ਬੋਲਣ ਦੀ ਜੁਰ੍ਹਤ ਰੱਖਣ।
  ਚੌਥੇ ਨੰਬਰ ’ਤੇ ਧੂੰਦਾ ਜੀ ਸਮੁੱਚੇ ਪੰਥ ਤੋਂ ਇਹ ਮੁਆਫੀ ਮੰਗਣ ਕਿ ਸਿਰਫ ਉਨ੍ਹਾਂ ਦੇ ਵੱਲੋਂ ਲਏ ਗਲਤ ਫੈਸਲੇ ਕਾਰਣ ਵਰਲਡ ਸਿੱਖ ਕੰਨਵੈਂਨਸ਼ਨ ਵਿੱਚ ਪੰਥਕ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਪਾਸ ਕੀਤੇ ਗਏ ਚੰਗੇ ਮਤੇ ਸਾਡੇ ਇਸ ਵਿਵਾਦ ਦੀ ਭੇਟ ਚੜ੍ਹ ਗਏ ਹਨ ਜਿਸ ਕਾਰਣ ਮਤਿਆਂ ਸਬੰਧੀ ਉਸਾਰੂ ਚਰਚਾ ਹੋਣ ਦੀ ਬਜਾਏ ਚਰਚਾ ਦਾ ਮੁਖ ਵਿਸ਼ਾ ਕੁਕੜਖੇਹੀ ਕਰਨ ਨਾਲ ਸਾਡੇ ਸਾਰਿਆਂ ਦੇ ਸਿਰਾਂ ਵਿੱਚ ਖੇਹ ਪੈ ਰਹੀ ਹੈ।
   ਧੂੰਦਾ ਜੀ ਦੇ ਇਸ ਫੈਸਲੇ ਨਾਲ ਕੁਕੜਖੇਹ ਉਡਾਉਣ ਵਾਲੇ ਟੋਲੇ ਦੇ ਹੌਸਲੇ ਪਸਤ ਹੋਣਗੇ ਅਤੇ ਅੱਗੇ ਤੋਂ ਖੇਹ ਉਡਾਉਣ ਤੋਂ ਤੋਬਾ ਕਰਨਗੇ। ਨਹੀਂ ਤਾਂ ਅਸੀਂ ਵੇਖ ਰਹੇ ਹਾਂ ਕਿ ਕੁਝ ਐਸੇ ਹਊਮੈ ਗ੍ਰਸਤ ਲੋਕਾਂ ਕਾਰਣ 2003 ਤੋਂ ਬਾਅਦ ਜਿੰਨੀਆਂ ਵੀ ਕਾਨਫਰੰਸਾਂ ਹੋਈਆਂ ਹਨ ਉਨ੍ਹਾਂ ਵਿੱਚੋਂ ਪਿਛਲੇ ਸਾਲ ਸ਼ਿਆਟਲ ਵਿੱਚ ਹੋਈ ਇੱਕ ਕਾਨਫਰੰਸ ਨੂੰ ਛੱਡ ਕੇ ਬਾਕੀ ਤਕਰੀਬਨ ਸਾਰੀਆਂ ਦੀਆਂ ਸਾਰੀਆਂ ਕਿਸੇ ਨੇ ਕਿਸੇ ਵਿਵਾਦ ਵਿੱਚ ਘਿਰੀਆਂ ਰਹੀਆਂ ਜਿਸ ਕਾਰਣ ਹੁਣ ਕਿਸੇ ਵੀ ਸੁਹਿਰਦ ਵਿਅਕਤੀ ਦਾ ਹੌਸਲਾ ਨਹੀਂ ਪੈਂਦਾ ਕਿ ਉਹ ਸਾਰੀਆਂ ਧਿਰਾਂ ਨੂੰ ਇਕੱਤਰ ਕਰਕੇ ਦੂਸਰੀ ਗੁਰਦੁਆਰਾ ਸੁਧਾਰ ਲਹਿਰ ਦਾ ਅਰੰਭ ਕਰੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.