ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
ਯੋਗਾ ਨੇ ਹੁਣ ਤਕ ਦੇਸ਼ ਅਤੇ ਸਮਾਜ ਦਾ ਕੀ ਸਵਾਰਿਆ ?
ਯੋਗਾ ਨੇ ਹੁਣ ਤਕ ਦੇਸ਼ ਅਤੇ ਸਮਾਜ ਦਾ ਕੀ ਸਵਾਰਿਆ ?
Page Visitors: 2669

ਯੋਗਾ ਨੇ ਹੁਣ ਤਕ ਦੇਸ਼ ਅਤੇ ਸਮਾਜ ਦਾ ਕੀ ਸਵਾਰਿਆ ?
   ਪਿਛਲੇ ਕੁਝ ਸਮੇਂ ਤੋਂ ਆਰ. ਐੱਸ. ਐੱਸ. ਦੀਆਂ ਸਾਰੀਆਂ ਸ਼ਾਖਾਵਾਂ ਸਮੇਤ ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ, ਭਾਰਤ ਸਰਕਾਰ ਅਤੇ ਸਾਰੇ ਦੇ ਸਾਰੇ ਸਰਕਾਰੀ ਤੰਤਰ ਵੱਲੋਂ ਯੋਗਾ ਦਾ ਬਹੁਤ ਵੱਡੇ ਪੱਧਰ ’ਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਯੋਗਾ ਕੌਮਾਂਤਰੀ ਦਿਵਸ 21 ਜੂਨ ਦੇ ਜਸ਼ਨ ਤਾਂ ਇਸ ਤਰ੍ਹਾਂ ਮਨਾਏ ਗਏ, ਜਿਵੇਂ ਭਾਰਤ ਨੇ ਸਾਰੀ ਦੁਨੀਆਂ ਜਿੱਤ ਲਈ ਹੋਵੇ ਅਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਅਲਾਦੀਨ ਦੇ ਚਰਾਗ ਵਾਂਗ ਯੋਗਾ ਵਿੱਚੋਂ ਮਿੰਟਾਂ ਸਕਿੰਟਾਂ ਵਿੱਚ ਹੀ ਲੱਭ ਲਿਆ ਹੋਵੇ। ਦੇਸ਼ ਦੇ ਸਾਰੇ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਏ ਨੇ ਯੋਗਾ ਸਬੰਧੀ ਜੋ ਕਵਰੇਜ਼ ਕੀਤੀ, ਉਹ ਸ਼ਾਇਦ ਹੀ ਹੋਰ ਕਿਸੇ ਅਹਿਮ ਤੋਂ ਅਹਿਮ ਮੁੱਦੇ ਬਾਰੇ ਕੀਤੀ ਹੋਵੇ। ਇਹ ਠੀਕ ਹੈ ਕਿ ਯੋਗਾ ਦੌਰਾਨ ਜੋ ਸਰੀਰਕ ਕਸਰਤਾਂ ਕਰਵਾਈਆਂ ਜਾਂਦੀਆਂ ਹਨ ਇਸ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ ਹੈ; ਇਸ ਲਈ ਚੰਗੀ ਗੱਲ ਹੈ ਕਿ ਹਰ ਵਿਅਕਤੀ ਆਪਣੀ ਸਵਸਥ ਸਿਹਤ ਅਤੇ ਸਰੀਰ ਨੂੰ ਚੁਸਤ ਦਰੁਸਤ ਰੱਖਣ ਲਈ ਇਸ ਤਰ੍ਹਾਂ ਦੀਆਂ ਕਸਰਤਾਂ ਕਰੇ। ਪਰ ਆਰ.ਐੱਸ.ਐੱਸ. / ਭਾਜਪਾ ਦਾ ਏਜੰਡਾ ਕੇਵਲ ਸਵਸਥ ਸਿਹਤ ਨਹੀਂ ਹੈ ਬਲਕਿ ਉਹ ਯੋਗਾ ਦੇ ਨਾਮ ’ਤੇ ਹਿੰਦੂਤਵਾ ਦਾ ਪ੍ਰਚਾਰ ਕਰ ਰਹੇ ਹਨ। ਇਸ ਲੁਕਵੇਂ ਏਜੰਡੇ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੁਝ ਧਾਰਮਿਕ ਘੱਟ ਗਿਣਤੀਆਂ, ਜਿਵੇਂ ਕਿ ਮੁਸਲਮਾਨ, ਈਸਾਈ ਅਤੇ (ਭਾਈਵਾਲ ਪਾਰਟੀ ਹੋਣ ਕਰਕੇ ਬਾਦਲ ਦਲ ਨੂੰ ਛੱਡ ਕੇ ਬਾਕੀ) ਸਿੱਖ ਜਥੇਬੰਦੀਆਂ ਯੋਗਾ ਪ੍ਰਾਣਾਯਾਮ ਦੌਰਾਨ ‘ਓਮ’ ਸ਼ਬਦ ਦੇ ਉਚਾਰਣ ਅਤੇ ‘ਸੂਰਯ ਨਮਸ਼ਕਾਰ’ ਕਰਨ ਦਾ ਵਿਰੋਧ ਇਸ ਦਲੀਲ ਨਾਲ ਕਰ ਰਹੀਆਂ ਹਨ ਕਿ ਜੇ ਯੋਗਾ ਦਾ ਕਿਸੇ ਧਰਮ ਵਿਸ਼ੇਸ਼ ਨਾਲ ਕੋਈ ਸਬੰਧ ਨਹੀਂ ਹੈ ਤਾਂ ਇਹ ਛੋਟ ਕਿਉਂ ਨਹੀਂ ਦਿੱਤੀ ਜਾਂਦੀ ਕਿ ਜੇ ਕੋਈ ਵਿਅਕਤੀ ਧਾਰਮਿਕ ਕਾਰਨਾਂ ਕਰਕੇ ‘ਓਮ’ ਸ਼ਬਦ ਦਾ ਉਚਾਰਣ ਨਹੀਂ ਕਰਨਾ ਚਾਹੁੰਦਾ ਤਾਂ ਮੁਸਲਮਾਨ ‘ਅੱਲ੍ਹਾ’  ਅਤੇ ਸਿੱਖ ‘ ੴ ’ ਦਾ ਉਚਾਰਣ ਕਰ ਸਕਦੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੇ ਧਰਮ ਵਿੱਚ ਇੱਕ ਸਿਰਜਣਹਾਰ ਅਕਾਲ ਪੁਰਖ਼ / ਅੱਲ੍ਹਾ ਨੂੰ ਛੱਡ ਕੇ ਉਸ ਵੱਲੋਂ ਸਿਰਜੀ ਹੋਈ ਕਿਸੇ ਵੀ ਹੋਰ ਕ੍ਰਿਤ ਨੂੰ ਨਮਸ਼ਕਾਰ ਕਰਨਾ, ਪ੍ਰਵਾਨ ਨਹੀਂ ਹੈ ਇਸ ਲਈ ਉਹ ਕਿਸੇ ਵੀ ਯੋਗਾ ਪ੍ਰਾਣਾਯਾਮ ਵਿੱਚ ਸ਼ਾਮਲ ਨਹੀਂ ਹੋਣਗੇ। ਕੁਝ ਹਿੰਦੂ ਆਗੂ ਜਿਨ੍ਹਾਂ ਨੇ ਲੋਕਾਂ ਨੂੰ ਭੁਲੇਖਾ ਪਾਉਣ ਲਈ ਅਖੌਤੀ ਧਰਮ ਨਿਰਪੱਖਤਾ ਦਾ ਮਖੌਟਾ ਪਹਿਨਿਆ ਹੋਇਆ ਹੈ ਉਹ ਤਾਂ ਬਿਆਨ ਦਿੰਦੇ ਹੋਏ ਆਖਦੇ ਰਹਿੰਦੇ ਹਨ ਕਿ ‘ਯੋਗਾ ਭਾਰਤੀ ਸੰਸਕ੍ਰਿਤੀ ਦਾ ਮਹੱਤਵਪੂਰਨ ਹਿੱਸਾ ਹੈ, ਜਿਸ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈ। ਜੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਤਜ਼ਵੀਜ਼ ਪ੍ਰਵਾਨ ਕਰਕੇ ਯੂ.ਐੱਨ.ਓ. ਨੇ ਕੌਮਾਂਤਰੀ ਪੱਧਰ ’ਤੇ 21 ਜੂਨ ਨੂੰ ਯੋਗਾ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ ਤਾਂ ਇਹ ਭਾਰਤ ਲਈ ਇੱਕ ਮਾਨ ਵਾਲੀ ਗੱਲ ਹੈ ਕਿਉਂਕਿ ਭਾਰਤੀ ਸੰਸਕ੍ਰਿਤੀ ਨੂੰ ਵਿਸ਼ਵ ਪੱਧਰ ’ਤੇ ਸਵੀਕਾਰਿਆ ਜਾ ਰਿਹਾ ਹੈ; ਇਸ ਲਈ ਕਿਸੇ ਵੀ ਭਾਰਤੀ ਨੂੰ ਯੋਗਾ ਪ੍ਰਾਣਾਯਾਮ ਦਾ ਵਿਰੋਧ ਨਹੀਂ ਕਰਨਾ ਚਾਹੀਦਾ।’
  ਦੂਸਰੇ ਪਾਸੇ ਭਾਜਪਾ ਆਗੂ ਯੋਗੀ ਅਦਿਤਿਆ ਨਾਥ, ਸਾਧਵੀ ਪ੍ਰਾਚੀ, ਹਿੰਦੂ ਵਿਸ਼ਵ ਪ੍ਰੀਸ਼ਦ ਦੇ ਆਗੂ ਅਸ਼ੋਕ ਸਿੰਘਲ, ਪ੍ਰਵੀਨ ਤੋਗੜੀਆ ਆਦਿਕ ਹੋਰ ਕਈ ਨੇਤਾਵਾਂ ਦੇ ਬਿਆਨਾਂ ਦੀ ਝਲਕ ਵੀ ਵੀਚਾਰਨ ਯੋਗ ਹੈ:-
1.  ਜਿਹੜੇ ਲੋਕ ਯੋਗਾ ਦਾ ਵਿਰੋਧ ਕਰਦੇ ਹਨ ਉਹ ਰਾਸ਼ਟਰ ਵਿਰੋਧੀ ਹਨ। ਇਸ ਲਈ ਉਨ੍ਹਾਂ ਨੂੰ ਭਾਰਤ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ; ਉਹ ਭਾਰਤ ਛੱਡ ਕੇ ਪਾਕਿਸਤਾਨ ਚਲੇ ਜਾਣ।
2. ਜਿਹੜੇ ਸੂਰਯ ਨਮਸ਼ਕਾਰ ਦਾ ਵਿਰੋਧ ਕਰਦੇ ਹਨ ਉਹ ਸਮੁੰਦਰ ਵਿੱਚ ਡੁੱਬ ਕੇ ਮਰ ਜਾਣ।
3.  ਯੋਗਾ ਪ੍ਰਾਣਾਯਾਮ ਦੌਰਾਨ ‘ ਓਮ ’ ਸ਼ਬਦ ਦੀ ਥਾਂ ‘ਅੱਲ੍ਹਾ ’ ਸ਼ਬਦ ਦਾ ਉਚਾਰਣ ਕੀਤਾ ਗਿਆ ਤਾਂ ਇਹ ਭਗਵਾਨ ‘ਸ਼ਿਵ ਜੀ’ ਦਾ ਅਪਮਾਨ ਹੋਵੇਗਾ।
  ਕੀ ਉਪ੍ਰੋਕਤ ਬਿਆਨਾਂ ਨੂੰ ਰਾਸ਼ਟਰੀ ਹਿੱਤ ਵਿੱਚ ਕਿਹਾ ਜਾ ਸਕਦਾ ਹੈ? ਕੀ ਇਨ੍ਹਾਂ ਹਿੰਦੂਤਵੀ ਆਗੂਆਂ ਦੇ ਬਿਆਨ ਕੋਈ ਗੁੰਜਾਇਸ਼ ਬਾਕੀ ਛੱਡਦੇ ਹਨ ਕਿ ਯੋਗਾ ਦੇ ਪ੍ਰਚਾਰ ਪਿੱਛੇ ਅਸਲ ਕਾਰਨ ਸਵਸਥ ਸਿਹਤ ਨਹੀਂ ਬਲਕਿ ਹਿੰਦੂ ਧਰਮ ਦਾ ਪ੍ਰਾਚਰ ਹੈ। ਯੋਗਾ ਦਿਵਸ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤਾ ਗਿਆ ਭਾਸ਼ਣ ਵੀ ਵੀਚਾਰਨਯੋਗ ਹੈ, ਜੋ ਇਸ ਪ੍ਰਕਾਰ ਹੈ,
  ‘ਜੇ ਕੇਵਲ ਸਰੀਰਕ ਕਸਰਤ ਦਾ ਨਾਮ ‘ਯੋਗਾ’ ਹੁੰਦਾ ਤਾਂ ਸਰਕਸ ਵਿੱਚ ਕੰਮ ਕਰਨ ਵਾਲੇ ਸਾਰੇ ਲੜਕੇ ਹੀ ‘ਯੋਗੀ’ ਅਖਵਾਉਂਦੇ। ਉਨ੍ਹਾਂ ਕਿਹਾ ਮਨ ਬ੍ਰਿਤੀ ਇਕਾਗਰ ਕਰਕੇ ਗਿਆਨ ਇੰਦਰਿਆਂ ਨੂੰ ਕਾਬੂ ਕਰਨਾ, ਵਿਕਾਰਾਂ ਤੋਂ ਬਚਣਾ ਅਤੇ ਅਸੀਮ ਸ਼ਕਤੀ ਪ੍ਰਭੂ ਨਾਲ ਜੁੜਨ ਦਾ ਨਾਮ ‘ਯੋਗਾ’ ਹੈ। ਅਸੀਮ ਪ੍ਰਭੂ ਨਾਲ ਜੁੜ ਕੇ ਅਸੀਮ ਸ਼ਕਤੀਆਂ ਹਾਸਲ ਕਰਨ ਦਾ ਨਾਮ ਯੋਗਾ ਹੈ।’ (ਨਰਿੰਦਰ ਮੋਦੀ ਪ੍ਰਧਾਨ ਮੰਤਰੀ ਭਾਰਤ)
   ਯੋਗਾ ਦੇ ਨਾਮ ’ਤੇ ਘੱਟ ਗਿਣਤੀਆਂ ਨੂੰ ਡਰਾਉਣ ਧਮਕਾਉਣ ਵਾਲੇ ਉਕਤ ਆਗੂ ਆਪਣੇ ਉਨ੍ਹਾਂ ਪੂਰਬਜਾਂ ਦੇ ਹੀ ਪਦ ਚਿੰਨ੍ਹਾਂ ’ਤੇ ਚੱਲ ਰਹੇ ਹਨ ਜਿਨ੍ਹਾਂ ਦੇ ਫਿਰਕੂ ਬਿਆਨਾਂ ਕਾਰਨ ਹੀ ਸੰਨ 1947 ’ਚ ਦੇਸ਼ ਦੀ ਵੰਡ ਹੋਈ ਸੀ ਤੇ ਅੱਜ ਵੀ ਉਸ ਸੋਚ ਨਾਲ ਸਬੰਧਤ ਆਗੂ ਕਹਿਣ ਨੂੰ ਭਾਵੇਂ ਅਖੰਡ ਭਾਰਤ ਅਤੇ ਰਾਸ਼ਟਰੀਅਤ ਦੀ ਗੱਲ ਕਰਦੇ ਰਹਿਣ ਪਰ ਅਸਲ ਵਿੱਚ ਇਹ ਲੋਕ ਦੇਸ਼ ਨੂੰ ਧਰਮ ਦੇ ਨਾਮ ’ਤੇ ਖੇਰੂੰ ਖੇਰੂੰ ਕਰਨ ਦੇ ਰਾਹ ਪਏ ਹੋਏ ਹਨ ਇਸ ਲਈ ਇਨ੍ਹਾਂ ਮੰਦ ਸੋਚ ਭਰਪੂਰ ਬਿਆਨਾਂ ਦਾ ਜਵਾਬ ਦੇ ਕੇ ਇਨ੍ਹਾਂ ਦੀ ਵੀਚਾਰਧਾਰਾ ਨੂੰ ਹਵਾ ਦੇਣ ਦਾ ਤਾਂ ਕੋਈ ਲਾਭ ਨਹੀਂ ਹੈ ਪਰ ਨਰਿੰਦਰ ਮੋਦੀ ਤਾਂ ਦੇਸ਼ ਦੇ ਚੁਣੇ ਹੋਏ ਪ੍ਰਧਾਨ ਮੰਤਰੀ ਦੇ ਅਹੁੱਦੇ ’ਤੇ ਬਿਰਾਜ਼ਮਾਨ ਹਨ ਇਸ ਲਈ ਉਨ੍ਹਾਂ ਦੇ ਗੈਰ ਜ਼ਿੰਮੇਵਾਰਨਾ ਬਿਆਨ ਦਾ ਨੋਟਿਸ ਲੈਣਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਇਤਿਹਾਸਕ ਸੱਚਾਈਆਂ ਦੇ ਅਧਾਰ ’ਤੇ ਜਵਾਬ ਦੇਣਾ ਤਾਂ ਹਰ ਦੇਸ਼ ਭਗਤ (ਭਾਰਤੀ) ਦਾ ਫਰਜ ਬਣਦਾ ਹੈ; ਜਿਸ ਨੂੰ ਨਿਭਾਉਣ ਦੀ ਨਿਮਾਣੀ ਜਿਹੀ ਕੋਸ਼ਿਸ਼ ਕਰ ਰਿਹਾ ਹਾਂ। ਆਓ ਪਹਿਲਾਂ ਇਤਿਹਾਸਕ ਹਵਾਲਿਆਂ ਦੀ ਸਹਾਇਤਾ ਨਾਲ ਪੜਚੋਲ ਕਰੀਏ ਕਿ ਯੋਗਾ ਰਾਹੀਂ (ਇਨ੍ਹਾਂ ਦੇ ਕਹੇ ਅਨੁਸਾਰ) ਅਸੀਮ ਸ਼ਕਤੀਆਂ ਤੇ ਕਰਾਮਾਤਾਂ ਹਾਸਲ ਕਰਨ ਵਾਲਿਆਂ ਨੇ ਹੁਣ ਤੱਕ ਦੇਸ਼ ਅਤੇ ਸਮਾਜ ਦਾ ਕੀ ਸਵਾਰਿਆ ਹੈ, ਜੋ ਅਗਾਂਹ ਸਵਾਰ ਸਕਦੇ ਹਨ?
   ਸੰਨ 1001 ਈ: ਤੱਕ ਭਾਰਤ ਵਿੱਚ ਯੋਗ ਮੱਤ ਦਾ ਪੂਰਾ ਬੋਲਬਾਲਾ ਸੀ ਜਦੋਂ ਮਹਿਮੂਦ ਗਜ਼ਨਵੀ ਨੇ 1001 ਤੋਂ 1030 ਤੱਕ ਭਾਰਤ ’ਤੇ ਇੱਕ ਨਹੀਂ, ਦੋ ਨਹੀਂ ਬਲਕਿ ਪੂਰੇ 17 ਹਮਲੇ ਕੀਤੇ ਅਤੇ ਹਰ ਵਾਰ ਇੱਥੋਂ ਦਾ ਧਨ ਦੌਲਤ ਅਤੇ ਇੱਜ਼ਤ ਆਬਰੂ ਲੁੱਟ ਕੇ ਬੜੇ ਆਰਾਮ ਨਾਲ ਵਾਪਸ ਚਲਾ ਜਾਂਦਾ ਸੀ। ਇੱਥੋਂ ਤੱਕ ਕਿ ਕਹੇ ਜਾਂਦੇ ਸਰਬ ਸ਼ਕਤੀਮਾਨ ਦੇਵਤਿਆਂ ਦੇ ਮੰਦਰ ਵੀ ਲੁੱਟ ਕੇ ਫ਼ਨਾਹ ਕਰ ਜਾਂਦਾ ਸੀ ਜਿਨ੍ਹਾਂ ਵਿੱਚੋਂ ਵਿਸ਼ੇਸ਼ ਤੌਰ ’ਤੇ ਸੋਮਨਾਥ ਦੇ ਜਗਤ ਪ੍ਰਸਿੱਧ ਮੰਦਰ ਦਾ ਨਾਮ ਸ਼ਾਮਲ ਹੈ, ਜਿਸ ਨੂੰ ਮਾਰਚ 1024 ਵਿੱਚ ਲੁੱਟ ਕੇ ਬਰਬਾਦ ਕੀਤਾ ਗਿਆ ਅਤੇ ਸ਼ਿਵ ਜੀ ਦੀ ਮੂਰਤੀ ਨੂੰ ਚਕਨਾਚੂਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਅਫ਼ਗਾਨਸਤਾਨ ’ਚੋਂ ਅਨੇਕਾਂ ਧਾੜਵੀਆਂ ਨੇ ਉੱਠ ਕੇ ਭਾਰਤ ’ਤੇ ਹਮਲੇ ਕੀਤੇ ਜਿਨ੍ਹਾਂ ਵਿੱਚੋਂ ਕਈ ਲੁੱਟਮਾਰ ਕਰਕੇ ਵਾਪਸ ਚਲੇ ਜਾਂਦੇ ਸਨ ਅਤੇ ਕਈ ਇੱਥੇ ਹੀ ਆਪਣਾ ਸਥਾਈ ਰਾਜ ਸਥਾਪਤ ਕਰਨ ਦੀ ਮਨਸ਼ਾ ਨਾਲ ਰਾਜ ਕਰਨ ਲੱਗ ਪਏ। ਭਾਰਤ ਨੂੰ ਗੁਲਾਮ ਬਣਾ ਕੇ ਰਾਜ ਕਰਨ ਵਾਲਿਆਂ ਵਿੱਚ ਕੁਤਬਦੀਨ ਐਬਕ ਦਾ ਨਾਮ ਵੀ ਸ਼ਾਮਲ ਹੈ। ਦੱਸਣਯੋਗ ਹੈ ਕਿ ਗੁਲਾਮ (ਦਾਸ) ਦੇ ਤੌਰ ’ਤੇ ਕਈ ਥਾਂ ਵਿਕਦਾ ਹੋਇਆ ਆਖਰ ਮੁਹੰਮਦ ਗੌਰੀ ਕੋਲ ਵਿਕਿਆ ਇਹ ਕੁਤਬਦੀਨ ਐਬਕ 1206 ਵਿੱਚ ਦਿੱਲੀ ਦੇ ਤਖ਼ਤ ਦਾ ਮਾਲਿਕ ਬਣ ਕੇ ਸ਼ਹਿਨਸ਼ਾਹ ਹੋਇਆ ਅਤੇ ਖ਼ਾਨਦਾਨ ਗੁਲਾਮਾਂ ਦੀ ਨੀਂਹ ਰੱਖੀ।
  ਕਹਿਣ ਤੋਂ ਭਾਵ ਹੈ ਕਿ ਗੁਲਾਮਾਂ ਦੇ ਖ਼ਾਨਦਾਨ ਵੀ ਭਾਰਤ ਦੇ ਸ਼ਾਸਕ ਬਣੇ। ਬਾਬਰ ਨੇ 1521 ਈ: (ਸੰਮਤ 1578) ਵਿੱਚ ਸੈਦਪੁਰ (ਐਮਨਾਬਾਦ) ਫਤਹਿ ਕੀਤਾ ਅਤੇ 1526 ਵਿੱਚ ਦਿੱਲੀ ’ਤੇ ਕਬਜ਼ਾ ਕਰਕੇ ਭਾਰਤ ਵਿੱਚ ਮੁਗਲ ਸਾਮਰਾਜ ਦੀ ਨੀਂਹ ਰੱਖਣ ਵਿੱਚ ਸਫਲ ਹੋਇਆ ਜੋ ਸੰਨ 1540 ਈ: (ਸੰਮਤ 1597) ਤੋਂ 1545 ਤੱਕ ਸ਼ੇਰ ਸ਼ਾਹ ਸੂਰੀ ਅਤੇ 1545 ਤੋਂ 1554 ਤੱਕ ਇਸਲਾਮ ਸ਼ਾਹ ਸੂਰੀ ਦੇ ਥੋਹੜੇ ਜਿਹੇ ਸਮੇਂ ਨੂੰ ਛੱਡ ਕੇ 1857 ਤੱਕ ਕਾਇਮ ਰਿਹਾ। ਉਸ ਸਮੇਂ ਯੋਗ ਆਸਣਾਂ ਰਾਹੀਂ ਅਥਾਹ ਤਾਕਤਾਂ ਅਤੇ ਕਰਾਮਤਾਂ ਹਾਸਲ ਕਰਨ ਵਾਲੇ ਕਿਸੇ ਯੋਗੀ ਜਾਂ ਅਜੋਕੀ ਰਾਸ਼ਟਰਤਾ ਦਾ ਰਾਗ ਅਲਾਪਣ ਵਾਲੇ ਕਿਸੇ ਸਾਧ ਸੰਤ ਨੇ ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਅਹਿਮਦ ਸ਼ਾਹ ਅਬਦਾਲੀ ਵਰਗੇ ਕਿਸੇ ਧਾੜਵੀ ਲੁਟੇਰੇ ਜਾਂ ਮੁਗਲ ਸਲਤਨਤ (ਹਕੂਮਤ) ਦੇ ਕਿਸੇ ਬਾਦਸ਼ਾਹ ਨੂੰ ਨਾ ਵੰਗਾਰਿਆ। ਜੇ ਕਿਸੇ ਧਾਰਮਿਕ ਸਖ਼ਸ਼ੀਅਤ ਨੇ ਵੰਗਾਰਿਆ ਤਾਂ ਉਹ ਕੇਵਲ ਗੁਰੂ ਨਾਨਕ ਸਾਹਿਬ ਜੀ ਸਨ, ਜਿਨ੍ਹਾਂ ਨੇ ਬਾਬਰ ਨੂੰ ਜ਼ਾਬਰ ਕਹਿ ਕੇ ਦਲੇਰੀ ਨਾਲ ਵੰਗਾਰਿਆ, ਗੁਰਬਾਣੀ ਵਿੱਚ ਵੀ ਇਸ ਦਲੇਰਾਨਾ ਆਵਾਜ਼ ਦੇ ਪ੍ਰਮਾਣ ਮਿਲਦੇ ਹਨ; ਜਿਵੇਂ:
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥’ (ਮ: 1 ਪੰਨਾ 723)। ਅਤੇ
 ‘ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨ੍ਰਿ ਬੈਠੇ ਸੁਤੇ ॥’ (ਮ: ੧/ ਪੰਨਾ 1288)
   ਇੱਥੋਂ ਤੱਕ ਕਿ ਜਿਸ ਸਮੇਂ ਔਰੰਗਜ਼ੇਬ ਹਿੰਦੂਆਂ ਦਾ ਜ਼ਬਰੀ ਧਰਮ ਤਬਦੀਲ ਕਰਵਾ ਕੇ ਉਨਾਂ ਨੂੰ ਮੁਸਲਮਾਨ ਬਣਾ ਰਿਹਾ ਸੀ ਤਾਂ ਵੀ ਕਿਸੇ ਯੋਗਾ ਰਾਹੀਂ ਪ੍ਰਾਪਤ ਕੀਤੀ ਸ਼ਕਤੀ ਵਾਲੇ ਯੋਗੀ ਜਾਂ ਹਿੰਦੂ ਸਾਧ ਸੰਤ ਨੇ ਇਸ ਜ਼ੁਲਮ ਵਿਰੁੱਧ ਅਵਾਜ਼ ਨਾ ਉਠਾਈ ਤਾਂ ਆਖ਼ਰ ਅੱਜ ਯੋਗਾ ਦਾ ਵਿਰੋਧ ਕਰਨ ਵਾਲੇ ਸਿੱਖਾਂ ਨੂੰ ਰਾਸ਼ਟਰ ਵਿਰੋਧੀ ਦੱਸ ਕੇ ਪਾਕਿਸਤਾਨ ਜਾਣ ਦੇ ਗੈਰ ਸੰਵਿਧਾਨਕ ਫਤਵੇ ਸੁਨਾਉਣ ਵਾਲਿਆਂ ਦੇ ਧਾਰਮਿਕ ਆਗੂ ਅਖਾਉਣ ਵਾਲੇ ਕਸ਼ਮੀਰੀ ਪੰਡਿਤਾਂ ਨੇ ਗੁਰੂ ਤੇਗ ਬਹਾਦਰ ਜੀ ਅੱਗੇ ਆ ਅਰਜ਼ੋਈ ਕੀਤੀ। ਹਿੰਦੂ ਧਰਮ ਵਿੱਚ ਆਪਣਾ ਕੋਈ ਅਕੀਦਾ ਨਾ ਹੋਣ ਦੇ ਬਾਵਯੂਦ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਬਹਾਲੀ ਲਈ ਗੁਰੂ ਜੀ ਨੇ ਆਪਣੀ ਲਾਮਿਸਾਲ ਸ਼ਹੀਦੀ ਦਿੱਤੀ। ਉਨ੍ਹਾਂ ਤੋਂ ਬਾਅਦ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੇ ਨਾਮ ’ਤੇ ਜੁਲਮ ਕਮਾਉਣ ਵਾਲੇ ਮੁਗਲ ਸਾਮਰਾਜ ਵਿਰੁੱਧ ਜੰਗਾਂ ਲੜਦਿਆਂ ਆਪਣਾ ਸਰਬੰਸ ਕੁਰਬਾਨ ਕਰਕੇ ਮੁਗਲ ਰਾਜ ਦੀਆਂ ਜੜ੍ਹਾਂ ਖੋਖਲੀਆਂ ਕਰ ਦਿੱਤੀਆਂ। ਸਰਬੰਸ ਦਾਨੀ ਦਸ਼ਮੇਸ਼ ਪਿਤਾ ਵੱਲੋਂ ਥਾਪੜਾ ਦੇ ਕੇ ਭੇਜੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਫ਼ਤਿਹ ਕਰ ਕੇ ਸੰਨ 1710 ਤੋਂ 1716 ਤੱਕ ਖ਼ਾਲਸਾ ਰਾਜ ਸਥਾਪਤ ਕੀਤਾ ਜਿਸ ਦੌਰਾਨ ਜਾਲਮਾਂ ਨੂੰ ਚੁਣ ਚੁਣ ਕੇ ਸਜਾਵਾਂ ਦਿੱਤੀਆਂ ਅਤੇ ਬਿਨਾਂ ਕਿਸੇ ਧਾਰਮਿਕ ਵਿਤਕਰੇ ਤੋਂ ਹਿੰਦੂ, ਸਿੱਖ, ਮੁਸਲਮਾਨਾਂ ਆਦਿਕ ਨੂੰ ਧਾਰਮਿਕ ਆਜ਼ਾਦੀ ਤੇ ਇੱਜ਼ਤ ਸਨਮਾਨ ਨਾਲ ਰਹਿਣ ਦਾ ਅਧਿਕਾਰ ਦਿੱਤਾ। ਇਹ ਤਮਾਮ ਉਪਲੱਬਧੀਆਂ ਕਿਸੇ ਯੋਗ ਸ਼ਕਤੀ ਰਾਹੀਂ ਪ੍ਰਾਪਤ ਨਹੀਂ ਕੀਤੀਆਂ ਸਨ ਜਾਂ ਕੀਤੀਆਂ ਜਾ ਸਕਦੀਆਂ ਸਨ।
  ਇਸ ਤੋਂ ਉਪਰੰਤ ਸੰਨ 1748 ਈ: ਤੋਂ ਲੈ ਕੇ 1769 ਤੱਕ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ’ਤੇ ਕਈ ਹਮਲੇ ਕੀਤੇ। ਹਰ ਵਾਰ ਤਕੜੀ ਲੁੱਟ ਮਾਰ ਕਰਕੇ ਅਤੇ ਨੌਜਵਾਨ ਲੜਕੇ ਲੜਕੀਆਂ ਕੈਦੀ ਬਣਾ ਕੇ ਵਾਪਸ ਚਲਾ ਜਾਂਦਾ ਸੀ। ਇਸ ਦੀ ਪਰਛਾਈ ਪੰਜਾਬੀ ਲੋਕ-ਗੀਤਾਂ ਵਿਚ ਮਿਲ ਜਾਂਦੀ ਹੈ, ਜਿਵੇਂ-
ਕੁਝ ਹਾਲੀ ਦੀ, ਕੁਝ ਪਾਲੀ ਦੀ। ਬਾਕੀ ਅਹਿਮਦਸ਼ਾਹ ਅਬਦਾਲੀ ਦੀ’। ਅਤੇ
ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ।’
   ਪਰ ਸਿੰਘ (ਬਿਨਾ ਕਿਸੇ ਯੋਗ ਆਸਣ ਕੀਤਿਆਂ) ਹਰ ਵਾਰੀ ਉਸ ਦੇ ਵਾਪਸ ਜਾਣ ਸਮੇਂ ਪਿੱਛਾ ਕਰ ਕੇ ਭਾਰ ਹਲਕਾ ਕਰ ਦਿੰਦੇ ਸਨ। ਗੋਇੰਦਵਾਲ ਨੇੜੇ 2200 ਲੜਕੀਆਂ ਛੁਡਾ ਕੇ ਸਤਿਕਾਰ ਸਹਿਤ ਉਨ੍ਹਾਂ ਦੇ ਘਰ ਪਹੁੰਚਾਈਆਂ। ਸੰਨ 1769 ਈ: ਦੇ ਸ਼ੁਰੂ ਵਿਚ ਇਸ (ਅਹਿਮਦਸ਼ਾਹ ਅਬਦਾਲੀ) ਨੇ ਹਿੰਦੁਸਤਾਨ ਉਤੇ ਆਖ਼ਰੀ ਵਾਰ ਹਮਲਾ ਕੀਤਾ, ਪਰ ਉਦੋਂ ਤੱਕ ਸਿੱਖ ਸੈਨਿਕ ਚੰਗੀ ਤਰ੍ਹਾਂ ਨਾਲ ਸੰਗਠਿਤ ਹੋ ਚੁੱਕੇ ਸਨ। ਉਨ੍ਹਾਂ ਦੀ ਸ਼ਕਤੀ ਨੂੰ ਵੇਖ ਕੇ ਇਹ ਅੱਗੇ ਵਧਣ ਦੀ ਹਿੰਮਤ ਨਾ ਜੁਟਾ ਸਕਿਆ ਅਤੇ ਨਿਰਾਸ਼ ਹੋ ਕੇ ਗੁਜਰਾਤ ਪਹੁੰਚਣ ਤੋਂ ਪਹਿਲਾਂ ਹੀ ਦੇਸ਼ ਪਰਤ ਗਿਆ। ਇਸ ਤੋਂ ਉਪਰੰਤ ਮਹਾਰਾਜਾ ਰਣਜੀਤ ਸਿੰਘ ਨੇ ਸੰਨ 1799 ਵਿੱਚ ਸਿੱਖ ਸਲਤਨਤ (ਹਕੂਮਤ) ਕਾਇਮ ਕੀਤੀ ਜਿਸ ਵਿੱਚ ਅੱਜ ਦਾ ਭਾਰਤੀ ਪੰਜਾਬ, ਪਾਕਿਸਤਾਨੀ ਪੰਜਾਬ, ਕਸ਼ਮੀਰ, ਸੂਬਾ ਸਰਹਿੰਦ ਅਤੇ ਗਿਲਗਿਤ ਬਲੋਚਸਤਾਨ ਦੇ ਖੇਤਰ ਸ਼ਾਮਲ ਸਨ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸੰਨ 1849 ਵਿੱਚ (ਯੋਗਾ ਕਰਨ ਵਾਲਿਆਂ ਦੀ ਮਦਦ ਰਾਹੀਂ) ਅੰਗਰੇਜਾਂ ਨੇ ਇਸ ਨੂੰ ਆਪਣੇ ਰਾਜ ਵਿਚ ਮਿਲਾ ਲਿਆ।
   ਸੋ, 1001 ਤੋਂ ਲੈ ਕੇ 1947 ਤੱਕ ਭਾਵ ਦੇਸ਼ ਨੂੰ ਅਜ਼ਾਦੀ ਮਿਲਣ ਤੱਕ (ਯੋਗਾ ਦੁਆਰਾ ਪ੍ਰਾਪਤ ਹੋਣ ਵਾਲੀਆਂ ਸ਼ਕਤੀਆਂ ਵਾਲੇ ਗ੍ਰੰਥਾਂ ਦੀ ਵਿੱਦਿਆ ਰਾਹੀਂ) ਕਿਸੇ ਯੋਗੀ, ਹਿੰਦੂ ਸਾਧ ਸੰਤ ਜਾਂ ਅਜੋਕੇ ਦੇਸ਼ ਦੀ ਏਕਤਾ ਅਖੰਡਤਾ ਤੇ ਰਾਸ਼ਟਰਵਾਦ ਦੇ ਨਾਮ ’ਤੇ ਘੱਟ ਗਿਣਤੀਆਂ ਨੂੰ ਡਰਾਉਣ ਵਾਲੇ ਆਰ. ਐੱਸ. ਐੱਸ. ਸੋਚ ਨਾਲ ਸਬੰਧਤ ਕਿਸੇ ਆਗੂ ਨੇ ਦੇਸ਼ ਲਈ ਚੀਚੀ ਵਿੱਚੋਂ ਵੀ ਖੂਨ ਕੱਢ ਕੇ ਨਹੀਂ ਵਿਖਾਇਆ। ਅਗਸਤ 1942 ’ਚ ‘ਭਾਰਤ ਛੱਡੋ ਅੰਦੋਲਨ’ ਦੌਰਾਨ ਜਦ (ਯੋਗਾ ਕਰਨ ਵਾਲੇ) ਅਟਲ ਬਿਹਾਰੀ ਵਾਜਜਪਾਈ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਤਾਂ ਮਹਿਜ 23 ਦਿਨਾਂ ਪਿੱਛੋਂ ਹੀ ਉਸ ਅਖੌਤੀ ਦੇਸ਼ ਭਗਤ ਆਰ. ਐੱਸ. ਐੱਸ. ਦੇ ਪ੍ਰਚਾਰਕ ਵਾਜਪਾਈ ਨੇ ਮੁਆਫੀ ਲਿਖ ਕੇ ਰਿਹਾਈ ਹਾਸਲ ਕਰ ਲਈ ਤੇ ਭਵਿੱਖ ਵਿੱਚ ‘ਭਾਰਤ ਛੱਡੋ ਅੰਦੋਲਨ’ ਜਾਂ ‘ਬ੍ਰਿਟਿਸ਼ ਸਰਕਾਰ ਦੇ ਵਿਰੁੱਧ’ ਕਿਸੇ ਵੀ ਅੰਦੋਲਨ ਵਿੱਚ ਉਹ ਸ਼ਾਮਲ ਨਹੀਂ ਹੋਣਗੇ, ਲਿਖ ਕੇ ਦੇ ਦਿੱਤਾ। ਇਸ ਦੇ ਵਿਪਰੀਤ (ਯੋਗਾ ਰਾਹੀਂ ਸ਼ਕਤੀ ਪ੍ਰਾਪਤ ਨਾ ਕਰਨ ਵਾਲੇ) ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹੀਦੀ ਤੋਂ ਲੈ ਕੇ ਅੱਜ ਤੱਕ ਜ਼ੁਲਮ ਵਿਰੁੱਧ ਅਤੇ ਅਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹਜ਼ਾਰਾਂ ਸਿੱਖਾਂ ਨੇ ‘ਸੱਚਾਈ ਅਤੇ ਦੇਸ਼ (ਮਾਨਵਤਾ) ਲਈ’ ਸ਼ਹੀਦੀਆਂ ਦਿੱਤੀਆਂ, ਅਰਿਆਂ ਨਾਲ ਚੀਰੇ ਗਏ, ਪਾਣੀ ਦੀਆਂ ਦੇਗਾਂ ਵਿੱਚ ਉਬਾਲੇ ਗਏ, ਰੂੰ ਵਿੱਚ ਲਪੇਟ ਕੇ ਸਾੜੇ ਗਏ, ਗਰਮ ਜਮੂੰਰਾਂ ਨਾਲ ਮਾਸ ਨੋਚੇ ਗਏ, ਕੇਸ ਕਟਵਾਉਣ ਦੀ ਥਾਂ ਰੰਬੀ ਨਾਲ ਖੋਪਰ ਉਤਰਵਾਏ, ਕੋਲਹੂ ਵਿੱਚ ਪੀੜੇ ਗਏ, ਚਰਖੜੀਆਂ ਚੜ੍ਹੇ, ਫਾਂਸੀਆਂ ’ਤੇ ਚੜ੍ਹੇ, ਜੇਲ੍ਹਾਂ ਵਿੱਚ ਸਖ਼ਤ ਤਸੀਹੇ ਝੱਲੇ ਪਰ ਇੱਕ ਵੀ ਉਦਾਹਰਨ ਅਜਿਹੀ ਨਹੀਂ ਮਿਲਦੀ ਜਦੋਂ ਕਿਸੇ ਸਿੱਖ ਨੇ (ਯੋਗ ਸੋਚ ਨਾਲ ਸਬੰਧਤ ਅਟਲ ਬਿਹਾਰੀ ਵਾਜਪਾਈ ਵਾਂਗ) ਮੁਆਫ਼ੀ ਮੰਗ ਕੇ ਆਪਣੀ ਜਾਨ ਦੀ ਭੀਖ ਮੰਗੀ ਹੋਵੇ ਜਾਂ ਅੱਗੇ ਤੋਂ ਸੰਘਰਸ਼ ਵਿੱਚ ਸ਼ਾਮਲ ਨਾ ਹੋਣ ਦਾ ਹਲਫੀਆ ਬਿਆਨ ਦੇ ਕੇ ਬੁਝਦਿੱਲੀ ਵਾਲੀ ਜ਼ਿੰਦਗੀ (ਜੀਵਨ) ਪ੍ਰਾਪਤ ਕੀਤੀ ਹੋਵੇ। ਮੁਗਲ ਰਾਜ ਅਤੇ ਵਿਦੇਸ਼ੀ ਹਮਲਾਵਰਾਂ ਦੇ ਹਮਲਿਆਂ ਦੌਰਾਨ ਸਿੱਖਾਂ ਵੱਲੋਂ ਦਿੱਤੀਆਂ ਅਥਾਹ ਸ਼ਹੀਦੀਆਂ ਤਾਂ ਇਤਿਹਾਸਕ ਸੱਚਾਈ ਨਾਲ ਭਰਪੂਰ ਹਨ, ਜਿਨ੍ਹਾਂ ਨੂੰ ਪੂਰਨ ਤੌਰ ’ਤੇ ਵਰਨਣ ਕਰਨਾ ਮੁਸ਼ਕਲ ਹੈ ਪਰ ਜੇ ਕੇਵਲ ਅੰਗਰੇਜ਼ ਸਰਕਾਰ ਵਿਰੁੱਧ ਹੀ ਭਾਰਤ ਦੀ ਅਜ਼ਾਦੀ ਲਈ ਲੜੀ ਗਈ ਲੜਾਈ ਦੀ ਗੱਲ ਕਰੀਏ ਤਾਂ ਦੇਸ਼ ਦੀ ਅਬਾਦੀ ਦਾ ਕੇਵਲ 2% ਹੋਣ ਦੇ ਬਾਵਯੂਦ ਵੀ ਸਿੱਖਾਂ ਦਾ ਹਿੱਸਾ ਇਸ ਪ੍ਰਕਾਰ ਹੈ:-
ਫਾਂਸੀ ਮਿਲੀ ਕੁਲ 121 ਜਿਨ੍ਹਾਂ ਵਿੱਚੋਂ ਸਿੱਖ 93 ਅਤੇ ਗੈਰ ਸਿੱਖ 28, ਉਮਰ ਕੈਦ ਕੁਲ 2646; ਸਿੱਖ 2147 ਅਤੇ ਗੈਰ ਸਿੱਖ 499; ਜਲ੍ਹਿਆਂ ਵਾਲੇ ਬਾਗ ਦੇ ਕੁਲ ਸ਼ਹੀਦ 1300; ਸਿੱਖ 799 ਅਤੇ ਗੈਰ ਸਿੱਖ 501; ਬਜ਼ਬਜ਼ ਘਾਟ ਦੇ ਕੁਲ ਸ਼ਹੀਦ 113, ਸਿੱਖ 67 ਤੇ ਗੈਰ ਸਿੱਖ 46; ਕੂਕਾ ਲਹਿਰ ਦੇ ਕੁਲ ਸ਼ਹੀਦ 91 ਸਾਰੇ ਦੇ ਸਾਰੇ ਹੀ ਸਿੱਖ; ਅਕਾਲੀ ਲਹਿਰ ਦੇ ਕੁਲ ਸ਼ਹੀਦ 500 ਸਾਰੇ ਦੇ ਸਾਰੇ ਹੀ ਸਿੱਖ। ਇਸ ਤਰ੍ਹਾਂ ਕੁਲ ਮਿਲਾ ਕੇ 4771 ਕੁਰਬਾਨੀਆਂ ਵਿੱਚੋਂ ਸਿੱਖਾਂ ਨੇ 3697 ਕੁਰਬਾਨੀਆਂ ਦਿੱਤੀਆਂ ਜਦੋਂ ਕਿ ਬਾਕੀ ਸਾਰੇ ਭਾਰਤੀਆਂ ਨੇ (ਯੋਗਾ ਆਦਿ ਰਾਹੀਂ ਸ਼ਕਤੀ ਪ੍ਰਾਪਤ ਕਰਕੇ) ਕੇਵਲ 1074 ਸੀ। ਇਸ ਸੱਚਾਈ ਦੇ ਬਾਵਯੂਦ ਅਗਰ ਅਜੋਕੀ ਸਤਾਧਾਰੀ ਪਾਰਟੀ ਦਾ ਗੁਲਾਮ ਸੋਚ ਵਿੱਚੋਂ ਪੈਦਾ ਹੋਇਆ ਕੋਈ ਆਗੂ ਇਹ ਕਹੇ ਕਿ ਜਿਹੜਾ ਯੋਗ ਦਾ ਵਿਰੋਧ ਕਰਦਾ ਹੈ ਉਹ ਰਾਸ਼ਟਰ ਵਿਰੋਧੀ ਹੈ, ਇਸ ਲਈ ਉਸ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ, ਤਾਂ ਉਸ ਪਾਰਟੀ ਦੇ ਮੁਖੀ ਹੋਣ ਦੇ ਨਾਂ ’ਤੇ ਮੋਦੀ ਜੀ ਦੱਸਣ ਕਿ ਯੋਗ ਰਾਹੀਂ ਅਥਾਹ ਸ਼ਕਤੀਆਂ ਪ੍ਰਾਪਤ ਕਰਨ ਵਾਲੇ ਯੋਗੀਆਂ ਦਾ ਦੇਸ਼ ਦੀ ਆਜ਼ਾਦੀ ਵਿੱਚ ਕੀ ਸਥਾਨ ਸੀ, ਜਿਸ ਕਾਰਨ ਯੋਗ ਦਾ ਵਿਰੋਧ ਕਰਨ ਵਾਲਿਆਂ ਨੂੰ ਰਾਸ਼ਟਰ ਵਿਰੋਧੀ ਜਾਂ ਦੇਸ਼ ਵਿਰੋਧੀ ਦੱਸ ਕੇ ਦੇਸ਼ ਲਈ ਮਰ ਮਿਟਣ ਵਾਲਿਆਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਕੇ, ਉਨ੍ਹਾਂ ਨੂੰ ਜ਼ਬਰਦਸਤੀ ਵੱਖਵਾਦ ਦੇ ਰਾਹ ਧਕੇਲਿਆ ਜਾ ਰਿਹਾ ਹੈ?
    ਹੁਣ ਗੱਲ ਕਰਦੇ ਹਾਂ ਗੁਰਬਾਣੀ ਦੇ ਅਧਾਰ ’ਤੇ ਗੁਰਮਤਿ ਬਨਾਮ ਯੋਗ ਮੱਤ ਰਾਹੀਂ ਅਸੀਮ ਸ਼ਕਤੀ ਪ੍ਰਭੂ ਨਾਲ ਜੁੜਨ ਦੀ: ਮੋਦੀ ਅਨੁਸਾਰ ‘ਮਨ ਬ੍ਰਿਤੀ ਇਕਾਗਰ ਕਰਕੇ ਗਿਆਨ ਇੰਦਰਿਆਂ ਨੂੰ ਕਾਬੂ ਕਰਨਾ, ਵਿਕਾਰਾਂ ਤੋਂ ਬਚਣਾ ਅਤੇ ਅਸੀਮ ਸ਼ਕਤੀ ਪ੍ਰਭੂ ਨਾਲ ਜੁੜਨ ਦਾ ਨਾਮ ‘ਯੋਗਾ’ ਹੈ।’ ਯੋਗ ਮੱਤ ਅਨੁਸਾਰ ਪ੍ਰਾਣਾਯਾਮ ਦੇ ਬੇਅੰਤ ਆਸਣ ਹਨ ਪਰ ਪ੍ਰਮੁੱਖ ਦੋ ਹਨ- ਚੰਦ੍ਰਾਂਗ ਅਤੇ ਸੂਰਯਾਂਗ।
   ਚੰਦ੍ਰਾਂਗ-ਜੋਗੀ ਇੜਾ ਨਾੜੀ ਦੇ ਰਸਤੇ 12 ਵਾਰ ‘ਓਮ’ ਮੰਤ੍ਰ ਜਪ ਕੇ ਹੌਲੀ ਹੌਲੀ ਸੁਵਾਸਾਂ ਨੂੰ ਅੰਦਰ ਖਿੱਚਣਾ (ਪੂਰਕ ਕਰਨਾ), 16 ਵਾਰ ‘ਓਮ’ ਜਪ ਨਾਲ ਸਵਾਸਾਂ ਨੂੰ ਰੋਕਣਾ (ਕੁੰਭਕ ਕਰਨਾ) ਅਤੇ 10 ਵਾਰ ‘ਓਮ’ ਜਪ ਨਾਲ ਸਵਾਸ ਬਾਹਰ ਛੱਡਣੇ (ਰੇਚਕ ਕਰਨਾ)। ਇਸ ਪੂਰਕ, ਕੁੰਭਕ, ਰੇਚਕ ਬਾਰੇ ਗੁਰਬਾਣੀ ਦੇ ਕੁਝ ਫੁਰਮਾਨ ਇਸ ਤਰ੍ਹਾਂ ਹਨ:
      1. ਕੋਈ ਮਨੁੱਖ ਛੇ ਸ਼ਾਸਤ੍ਰਾਂ ਦਾ ਜਾਣਨ ਵਾਲਾ ਹੋਵੇ, (ਪ੍ਰਾਣਾਯਾਮ ਦੇ ਅੱਭਿਆਸ ਵਿਚ) ਸੁਆਸ ਉੱਪਰ ਚਾੜ੍ਹਨ, ਰੋਕ ਰੱਖਣ ਅਤੇ ਹੇਠਾਂ ਉਤਾਰਨ ਦੇ ਕਰਮ ਕਰਦਾ ਹੋਵੇ, ਧਾਰਮਿਕ ਚਰਚਾ ਕਰਦਾ ਹੋਵੇ, ਸਮਾਧੀਆਂ ਲਾਂਦਾ ਹੋਵੇ, (ਸੁੱਚ ਦੀ ਖ਼ਾਤਰ) ਆਪਣੀ ਹੱਥੀਂ ਰੋਟੀ ਪਕਾਂਦਾ ਹੋਵੇ ਜਾਂ ਜੰਗਲਾਂ ਵਿਚ ਰਹਿੰਦਾ ਹੋਵੇ, ਪਰ ਜੇ ਉਸ ਦੇ ਮਨ ਵਿਚ ਪਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ ਬਣ ਸਕਿਆ, ਤਾਂ ਉਸ ਨੇ ਜੋ ਕੁਝ ਕੀਤਾ ਵਿਅਰਥ ਹੀ ਕੀਤਾ। ਇਹ ਦ੍ਰਿਸ਼ਟਾਂਤ ਦੇ ਕੇ ਅਖੀਰ ’ਤੇ ਗੁਰੂ ਜੀ ਫੁਰਮਾਉਂਦੇ ਹਨ ਕਿ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਜੀ (ਹੀ) ਨਹੀਂ ਵੱਸਦੇ, ਉਸ ਨਾਲੋਂ ਮੈਂ ਇਕ ਨੀਵੀਂ ਜਾਤਿ ਦੇ ਬੰਦੇ ਨੂੰ ਚੰਗਾ ਸਮਝਦਾ ਹਾਂ:
ਙੰਙਾ ਖਟੁ ਸਾਸਤ੍ਰ ਹੋਇ ਙਿਆਤਾ ॥ ਪੂਰਕੁ ਕੁੰਭਕ ਰੇਚਕ ਕਰਮਾਤਾ ॥
ਙਿਆਨ ਧਿਆਨ ਤੀਰਥ ਇਸਨਾਨੀ ॥ ਸੋਮਪਾਕ ਅਪਰਸ ਉਦਿਆਨੀ ॥
ਰਾਮ ਨਾਮ ਸੰਗਿ ਮਨਿ ਨਹੀ ਹੇਤਾ ॥ ਜੋ ਕਛੁ ਕੀਨੋ ਸੋਊ ਅਨੇਤਾ ॥
ਉਆ ਤੇ ਊਤਮੁ ਗਨਉ ਚੰਡਾਲਾ ॥ ਨਾਨਕ ਜਿਹ ਮਨਿ ਬਸਹਿ ਗੁਪਾਲਾ
।।’ (ਮ: ੫ ਪੰਨਾ ੨੫੩)
   2. (ਯੋਗੀ ਲੋਕ) ਨਿਉਲੀ ਕਰਮ ਕਰਦੇ ਹਨ, ਕੁੰਡਲਨੀ ਨੂੰ ਦਸਮ ਦੁਆਰ ਵਿਚ ਖੋਹਲਣਾ ਦੱਸਦੇ ਹਨ, ਮਨ ਦੇ ਹਠ ਨਾਲ (ਪ੍ਰਾਣਾਯਮ ਦੇ ਅੱਭਿਆਸ ਵਿਚ) ਪ੍ਰਾਣ ਉਤਾਂਹ ਚਾੜ੍ਹਦੇ ਹਨ, ਸੁਖਮਨਾ ਵਿਚ ਰੋਕ ਕੇ ਰੱਖਦੇ ਹਨ ਤੇ ਫਿਰ ਹੇਠਾਂ ਉਤਾਰਦੇ ਹਨ ਪਰ ਇਹ ਧਾਰਮਿਕ ਕੰਮ ਨਿਰਾ ਪਾਖੰਡ-ਧਰਮ ਹੀ ਹੈ ਕਿਉਂਕਿ ਇਸ ਦੀ ਰਾਹੀਂ ਪਰਮਾਤਮਾ ਨਾਲ ਪ੍ਰੀਤ ਨਹੀਂ ਬਣ ਸਕਦੀ ਤੇ ਗੁਰ-ਸ਼ਬਦ ਵਾਲਾ ਮਹਾਨ (ਆਨੰਦ ਦੇਣ ਵਾਲਾ) ਰਸ ਨਹੀਂ ਮਿਲਦਾ।
ਨਿਉਲੀ ਕਰਮ ਭੁਇਅੰਗਮ ਭਾਠੀ ॥ ਰੇਚਕ ਕੁੰਭਕ ਪੂਰਕ ਮਨ ਹਾਠੀ ॥
ਪਾਖੰਡ ਧਰਮੁ ਪ੍ਰੀਤਿ ਨਹੀ ਹਰਿ ਸਉ ਗੁਰ ਸਬਦ ਮਹਾ ਰਸੁ ਪਾਇਆ
॥’ (ਮ: ੧ ਪੰਨਾ ੧੦੪੩)
3. ਜੋਗ-ਮਤ ਵਿਚ ਸਿੱਧਾਂ ਦੇ ਪ੍ਰਸਿੱਧ ਚੌਰਾਸੀ ਆਸਣ ਹਨ। ਇਹ ਆਸਣ ਕਰ ਕਰ ਕੇ ਮਨੁੱਖ ਥੱਕ ਜਾਂਦਾ ਹੈ ਬੇਸ਼ੱਕ ਇਉਂ ਕੀਤਿਆਂ ਉਮਰ ਤਾਂ ਲੰਮੀ ਕਰ ਲੈਂਦਾ ਹੈ, ਪਰ ਇਸ ਤਰ੍ਹਾਂ ਪਰਮਾਤਮਾ ਨਾਲ ਮਿਲਾਪ ਨਹੀਂ ਬਣਾ ਸਕਦਾ, ਜਿਸ ਕਾਰਨ ਮੁੜ ਮੁੜ ਜਨਮਾਂ (ਜੂਨਾਂ) ਦੇ ਗੇੜ ਵਿਚ ਪਿਆ ਰਹਿੰਦਾ ਹੈ।
ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ ॥
ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ
॥’
  ‘ਯੋਗਾ’ ਸੋਚ ਤੋਂ ਪ੍ਰਭਾਵਤ ਕੁਝ ਪ੍ਰਚਾਰਕਾਂ ਦੇ ਅਜੀਬ ਬਿਆਨ ਛਪਦੇ ਰਹਿੰਦੇ ਹਨ; ਜਿਵੇਂ: ਯੋਗ ਆਸਣਾਂ ਰਾਹੀਂ ਨਸ਼ਿਆਂ ਤੋਂ ਮੁਕਤੀ ਮਿਲ ਸਕਦੀ ਹੈ। ਦੱਸੋ, ਜਿਹੜੇ ਯੋਗੀ ਸ਼ਿਵ ਜੀ ਦੇ ਪੁਜਾਰੀ, ਗੋਰਖ ਨਾਥ, ਭਰਥਰ ਨਾਥ ਅਤੇ ਪਤੰਜਲ ਰਿਖੀ ਆਦਿ ਨੂੰ ਮੰਨਦੇ ਹਨ ਉਹ ਅੱਕ, ਧਤੂਰਾ ਖਾਂਦੇ, ਭੰਗ, ਸ਼ਰਾਬਾਂ, ਚਿਲਮਾਂ ਪੀਂਦੇ ਆਮ ਵੇਖੇ ਜਾ ਸਕਦੇ ਹਨ। ਯੋਗ ਆਸਣਾਂ ਰਾਹੀਂ ਇਨ੍ਹਾਂ ਨਸ਼ੇੜੀਆਂ ਨੂੰ ਨਸ਼ੇ ਤੋਂ ਮੁਕਤੀ ਕਿਉਂ ਨਹੀਂ ਮਿਲੀ? ਯੋਗ ਰਾਹੀਂ ਹੋਰ ਕਿਸੇ ਨੂੰ ਨਸ਼ਿਆਂ ਤੋਂ ਮੁਕਤੀ ਤਾਂ ਕੀ ਦਿਵਾਉਣੀ ਸੀ ਇਨ੍ਹਾਂ ਨਸ਼ਈ ਯੋਗੀਆਂ ਨੇ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਸ਼ਰਾਬ ਦਾ ਪਿਆਲਾ ਭੇਂਟ ਕੀਤਾ ਸੀ ਪਰ ਮੂੰਹ ’ਤੇ ਸੱਚੋ ਸੱਚ ਕਹਿਣ ਵਾਲੇ ਰਹਿਬਰ ਨੇ ਇਨ੍ਹਾਂ ਯੋਗੀਆਂ ਦੀ ਇਸ ਉਤਰ ਜਾਣ ਵਾਲੀ ਸ਼ਰਾਬ ਦੀ ਬਜਾਏ ਨਾਮ ਰਸ ਰੂਪੀ ਸ਼ਰਾਬ ਤਿਆਰ ਕਰਨ ਦਾ ਅਜਿਹਾ ਢੰਗ ਦੱਸਿਆ ਜਿਸ ਨਾਲ ਮਨ ਹਮੇਸ਼ਾਂ ਆਤਮਿਕ ਅਡੋਲਤਾ ਦੇ ਰਸ ਵਿੱਚ ਟਿਕਿਆ ਰਹਿੰਦਾ ਹੈ। ਗੁਰੂ ਜੀ ਨੇ ਯੋਗੀਆਂ ਨੂੰ ਸਮਝਾਇਆ ਕਿ ਹੇ ਜੋਗੀ ! ਤੁਸੀਂ ਸ਼ਰਾਬ ਕੱਢਣ ਲਈ ਗੁੜ, ਮਹੂਏ ਦੇ ਫੁੱਲ ਅਤੇ ਕਿੱਕਰ ਦਾ ਸੱਕ ਪਾ ਕੇ ਘੋਲ ਬਣਾ ਕੇ ਉਸ ਦਾ ਅਰਕ ਕੱਢਦੇ ਹੋ ਜਿਸ ਨੂੰ ਨਸ਼ਾ ਦੇਣ ਵਾਲੀ ਸ਼ਰਾਬ ਕਹਿੰਦੇ ਹੋ। ਪਰ ਜੇ ਤੁਸੀਂ ਇਨ੍ਹਾਂ ਵਸਤੂਆਂ ਦੀ ਥਾਂ ਆਤਮਿਕ ਗੁਣ ਇਕੱਠੇ ਕਰੋ ਜਿਵੇਂ ਕਿ ਪਰਮਾਤਮਾ ਨਾਲ ਡੂੰਘੀ ਸਾਂਝ ਨੂੰ ਗੁੜ ਬਣਾ, ਪ੍ਰਭੂ-ਚਰਨਾਂ ਵਿਚ ਜੁੜੀ ਸੁਰਤ ਨੂੰ ਮਹੂਏ ਦੇ ਫੁੱਲ ਬਣਾ, ਉੱਚੇ ਆਚਰਨ ਨੂੰ ਕਿੱਕਰਾਂ ਦੇ ਸੱਕ ਬਣਾ ਕੇ (ਇਹਨਾਂ ਵਿਚ) ਰਲਾ ਦੇ। ਸਰੀਰਕ ਮੋਹ ਨੂੰ ਸਾੜ-ਇਹ ਸ਼ਰਾਬ ਕੱਢਣ ਦੀ ਭੱਠੀ ਤਿਆਰ ਕਰ, ਪ੍ਰਭੂ-ਚਰਨਾਂ ਵਿਚ ਪਿਆਰ ਜੋੜ-ਇਹ ਹੈ ਉਹ ਠੰਡਾ ਪੋਚਾ ਜੋ ਅਰਕ ਵਾਲੀ ਨਾਲੀ ਉੱਤੇ ਫੇਰਨਾ ਹੈ। ਇਸ ਸਾਰੇ ਮਿਲਵੇਂ ਰਸ ਵਿਚੋਂ (ਅਟੱਲ ਆਤਮਕ ਜੀਵਨ ਦੇਣ ਵਾਲਾ) ਅੰਮ੍ਰਿਤ ਨਿਕਲੇਗਾ:
ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥
ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ
॥੧॥’
   ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਬਚਨ ਕਰਦੇ ਹਨ- ਹੇ ਜੋਗੀ ! (ਤੁਸੀਂ ਸੁਰਤ ਨੂੰ ਟਿਕਾਣ ਲਈ ਜੋ ਸ਼ਰਾਬ ਪੀਂਦੇ ਹੋ, ਇਹ ਨਸ਼ਾ ਉਤਰ ਜਾਂਦਾ ਹੈ; ਤੇ ਸੁਰਤ ਮੁੜ ਉੱਖੜ ਜਾਂਦੀ ਹੈ) ਅਸਲ ਮਸਤਾਨਾ ਉਹ ਮਨ ਹੈ ਜੋ ਪਰਮਾਤਮਾ ਦੇ ਸਿਮਰਨ ਦਾ ਰਸ ਨਿਰੰਤਰ ਪੀਂਦਾ ਰਹਿੰਦਾ ਹੈ (ਸਿਮਰਨ ਦਾ ਆਨੰਦ ਮਾਣਦਾ ਰਹਿੰਦਾ ਹੈ) ਜੋ (ਸਿਮਰਨ ਦੀ ਬਰਕਤਿ ਨਾਲ) ਅਡੋਲਤਾ ਦੇ ਹੁਲਾਰਿਆਂ ਵਿਚ ਟਿਕਿਆ ਰਹਿੰਦਾ ਹੈ, ਜਿਸ ਦੀ ਪ੍ਰਭੂ-ਚਰਨਾਂ ਨਾਲ ਪ੍ਰੇਮ ਦੀ ਇਤਨੀ ਲਿਵ ਜੁੜਦੀ ਹੈ ਕਿ ਦਿਨ ਰਾਤ (ਨਿਰੰਤਰ) ਬਣੀ ਰਹਿੰਦੀ ਹੈ ਭਾਵ ਆਪਣੇ ਗੁਰੂ ਦੇ ਸ਼ਬਦ ਨੂੰ ਸਦਾ ਇਕ-ਰਸ ਆਪਣੇ ਅੰਦਰ ਟਿਕਾਈ ਰੱਖਦਾ ਹੈ:
  ‘ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ ॥
 ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ
॥੧॥ ਰਹਾਉ ॥’
   ਦੂਸਰੇ ਬੰਦ ਵਿੱਚ ਗੁਰੂ ਜੀ ਫੁਰਮਾਉਂਦੇ ਹਨ ਕਿ (ਹੇ ਜੋਗੀ!) ਇਹ ਹੈ ਉਹ ਪਿਆਲਾ ਜਿਸ ਦੀ ਮਸਤੀ ਸਦਾ (ਮਨ ਵਿੱਚ) ਟਿਕੀ ਰਹਿੰਦੀ ਹੈ ਕਿਉਂਕਿ ਸਭ ਗੁਣਾਂ ਦਾ ਮਾਲਕ ਪ੍ਰਭੂ ਅਡੋਲਤਾ ਵਿਚ ਰੱਖ ਕੇ ਉਸ ਮਨੁੱਖ ਨੂੰ (ਇਹ ਪਿਆਲਾ) ਆਪ ਪਿਲਾਂਦਾ ਹੈ ਜਿਸ ਉਤੇ ਆਪ, ਆਪਣੀ ਮਿਹਰ ਦੀ ਨਜ਼ਰ ਕਰਦਾ ਹੈ। ਜਿਹੜਾ ਮਨੁੱਖ ਅਟੱਲ ਆਤਮਕ ਜੀਵਨ ਦੇਣ ਵਾਲੇ ਇਸ ਅੰਮ੍ਰਿਤ ਰਸ ਦਾ ਵਪਾਰੀ ਬਣ ਜਾਏ ਉਹ (ਤੁਹਾਡੇ ਵਾਲੇ ਇਸ) ਹੋਛੇ ਸ਼ਰਾਬ ਨਾਲ ਪਿਆਰ ਨਹੀਂ ਕਰਦਾ:
ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ ॥
ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ
॥੨॥’
  ਤੀਸਰੇ ਬੰਦ ਵਿੱਚ ਫੁਰਮਾਉਂਦੇ ਹਨ ਕਿ ਜਿਸ ਮਨੁੱਖ ਨੇ ਅਟੱਲ ਆਤਮਕ ਜੀਵਨ ਦੇਣ ਵਾਲੀ ਗੁਰੂ ਦੀ ਸਿੱਖਿਆ-ਭਰੀ ਬਾਣੀ ਦਾ ਰਸ ਪੀਤਾ ਹੈ, ਮਾਣ ਲਿਆ ਹੈ, ਉਹ ਉਸ ਨੂੰ ਪੀਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿਚ ਕਬੂਲ ਹੋ ਜਾਂਦਾ ਹੈ, ਉਹ ਰੱਬੀ ਦਰ ਦੇ ਦੀਦਾਰ ਦਾ ਪ੍ਰੇਮੀ ਬਣ ਜਾਂਦਾ ਹੈ, ਉਸ ਨੂੰ ਨਾਹ ਮੁਕਤੀ ਦੀ ਲੋੜ ਰਹਿੰਦੀ ਹੈ ਨਾਹ ਬੈਕੁੰਠ ਦੀ:
   ‘ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ ॥
    ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ
॥੩॥’
  ਚੌਥੇ ਬੰਦ ਵਿੱਚ (ਨਸ਼ਾ ਸੋਚ ਤੋਂ ਪ੍ਰਭਾਵਤ) ਭਰਥਰੀ ਜੋਗੀ ਨੂੰ ਸੰਬੋਧਨ ਕਰਕੇ ਇਉਂ ਆਖਦੇ ਹਨ ਕਿ ਜੋ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਰੰਗਿਆ ਗਿਆ ਹੈ, ਉਹ ਸਦਾ (ਦੁਨਿਆਵੀ ਨਸ਼ਾ ਤੇ ਮਾਇਆ ਦੇ ਮੋਹ ਤੋਂ) ਵਿਰਕਤ ਰਹਿੰਦਾ ਹੈ ਕਿਉਂਕਿ ਉਹ ਆਤਮਕ ਆਨੰਦ ਮਾਣਨ ਵਾਲਾ ਮਨੁੱਖਾ ਜੀਵਨ ਜੂਏ ਵਿਚ (ਭਾਵ, ਅਜਾਈਂ) ਨਹੀਂ ਗਵਾਂਦਾ, ਸਗੋਂ ਅਟੱਲ ਆਤਮਕ ਜੀਵਨ ਦਾਤੇ ਦੇ ਆਨੰਦ ਵਿਚ ਹੀ ਮਸਤ ਰਹਿੰਦਾ ਹੈ:
 ‘ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੈ ॥
 ਕਹੁ ਨਾਨਕ ਸੁਣਿ ਭਰਥਰਿ ਜੋਗੀ ਖੀਵਾ ਅੰਮ੍ਰਿਤ ਧਾਰੈ
॥੪॥’ (ਮ: ੧ ਪੰਨਾ ੩੬੦)
ਸੋ, ਗੁਰੂ ਨਾਨਕ ਸਾਹਿਬ ਜੀ ਨੇ ਯੋਗੀਆਂ ਨੂੰ ਸਮਝਾਇਆ ਕਿ ਮਨ ਨੂੰ ਕਰਤਾਰ ਨਾਲ ਜੋੜ ਕੇ ਉਸ ਦੀ ਕੀਰਤੀ ਕਰਨੀ ਹੀ ਗੁਰਮਤਿ ਦਾ ਸਹਿਜ-ਜੋਗ ਹੈ-
 ‘ਜੋਗੁ ਬਨਿਆ ਤੇਰਾ ਕੀਰਤਨੁ ਗਾਈ ॥’ (੩੮੫)।
ਸਭ ਉੱਚੇ ਨੀਵੇਂ ਅਤੇ ਮਿਤ੍ਰ-ਸ਼ਤ੍ਰ ਨੂੰ ਸਮਾਨ ਜਾਨਣਾ ਹੀ ਅਸਲੀ ਜੋਗ ਦੀ ਜੁਗਤੀ ਅਤੇ ਨੀਸ਼ਾਨੀ ਹੈ-
ਮਿਤ੍ਰ ਸਤ੍ਰ ਸਭ ਏਕ ਸਮਾਨੇ ਜੋਗੁ ਜੁਗਤਿ ਨੀਸਾਨੀ ॥’ (੪੯੬)
ਆਦਿ ਸ਼ਬਦ ਰੂਪੀ ਗੁਰੂ ਨੇ ਮਨ ਰੂਪੀ ਸਿੱਖ ਨੂੰ ਆਪਣੇ ਨਾਲ ਮਿਲਾ ਕੇ ਬਾਹਰੀ ਦੌੜ-ਭੱਜ ਵੱਲੋਂ ਮਾਰ ਦਿੱਤਾ ਹੈ; ਇਹ ਹੀ ਸਿੱਖ ਦਾ ਸਹਿਜ-ਯੋਗ ਹੈ। ਇਸ ਤਰ੍ਹਾਂ ਨਸ਼ੇ ਪੀ ਕੇ ਰਿਧੀਆਂ-ਸਿੱਧੀਆਂ ਦੇ ਬਲ ਨਾਲ ਲੋਕਾਂ ਨੂੰ ਡਰਾ ਕੇ, ਆਪਣੀ ਪੂਜਾ ਕਰਾਉਣ ਵਾਲੇ, ਸਿੱਧਾਂ ਜੋਗੀਆਂ ਨੂੰ ਗੁਰੂ ਜੀ ਨੇ ਸ਼ਬਦ ਬਾਣ (ਵੀਚਾਰ) ਨਾਲ ਜਿੱਤ ਕੇ ਅਹਿਸਾਸ ਕਰਵਾਇਆ ਯੋਗੀਆਂ ਨਾਲੋਂ ਉਨ੍ਹਾਂ ਦਾ ਪੰਥ ਵੱਖਰਾ ਹੈ। -    
  ‘ਸਬਦਿ ਜਿਤੀ ਸਿਧਿ ਮੰਡਲੀ ਕੀਤੋਸੁ ਅਪਣਾ ਪੰਥੁ ਨਿਰਾਲਾ।’ ਭਾਈ ਗੁਰਦਾਸ ਜੀ (ਵਾਰ 1 ਪਉੜੀ 31)’
ਉਪਰੋਕਤ ਸਹਿਜ ਯੋਗ ਕਰਨ ਵਾਲੇ ਗੁਰੂ ਅਰਜੁਨ ਸਾਹਿਬ ਜੀ ਤੱਤੀ ਤਵੀ ’ਤੇ ਬੈਠੇ ਵੀ ਗਾ ਰਹੇ ਹਨ:
ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥’ (ਮ: 5 ਪੰਨਾ 394)
ਜਦਕਿ ਯੋਗ ਸਾਧਨਾ ਰਾਹੀਂ ਦੇਹ ਅਧਿਆਸ ਤੋਂ ਉੱਪਰ ਉੱਠਣ ਦਾ ਦਾਅਵਾ ਕਰਨ ਵਾਲਾ ਬਾਬਾ ਰਾਮਦੇਵ ਗ੍ਰਿਫਤਾਰੀ ਤੋਂ ਬਚਣ ਲਈ ਜਨਾਨੀਆਂ ਵਾਲੇ ਕਪੜੇ ਪਾ ਕੇ ਭੱਜ ਜਾਣ ਦੀ ਕੋਸ਼ਿਸ਼ ਕਰਦਿਆਂ ਫੜੇ ਜਾਣ ’ਤੇ ਆਪਣਾ ਜਲੂਸ ਕਢਵਾ ਬੈਠਦਾ ਹੈ। ਧਰਮ ਦੇ ਨਾਮ ’ਤੇ ਪਾਖੰਡ ਕਰਨ ਵਾਲੇ ਪੁਜਾਰੀਆਂ ਤੇ ਐਸੇ ਜੋਗੀਆਂ ਪ੍ਰਤੀ ਹੀ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ (ਸੱਚ) ਉਚਾਰਣ ਕੀਤਾ ਹੈ
ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥
ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ
॥’ (ਮ: ੧ ਪੰਨਾ ੬੬੨)
   ਭਾਵ ਕਾਜ਼ੀ (ਜੋ ਇਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਵੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ (ਸਰੀਰਕ ਤੇ ਮਾਨਸਿਕ ਤੌਰ ’ਤੇ ਵਰਣ-ਵੰਡ ਰਾਹੀਂ) ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਵੀ) ਕਰਦਾ ਹੈ। ਤੀਸਰਾ ਜੋਗੀ ਵੀ ਅੰਨ੍ਹਾ ਹੈ ਕਿਉਂਕਿ ਜੀਵਨ ਜਾਚ ਨਹੀਂ ਜਾਣਦਾ। (ਇਹ ਤਿੰਨੇ ਆਪਣੇ ਵਲੋਂ ਧਰਮਿਕ ਆਦਰਸ਼ਵਾਦੀ ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵੱਲੋਂ ਸੁੰਞ ਹੀ ਸੁੰਞ (ਮਾਨਵਤਾ ਪ੍ਰਤੀ ਰੁੱਖਾਪਣ) ਹੈ।
  ਸੋ, ਜਿਨ੍ਹਾਂ ਜੋਗੀਆਂ ਨੂੰ ਗੁਰੂ ਸਾਹਿਬ ਜੀ ਨੇ ਅੰਧਾ ਤੇ ਓਜਾੜੇ ਦਾ ਬੰਧ ਕਿਹਾ ਹੋਵੇ, ਉਨ੍ਹਾਂ ਜੋਗੀਆਂ ਦੀ ਜੋਗ ਸਾਧਨਾ ਨੂੰ ਸਿੱਖ ਕਿਉਂ ਅਪਨਾਉਣ? ਸਿਰਫ ਜੋਗ ਦੇ ਆਸਣ ਹੀ ਸਰੀਰਕ ਕਸਰਤ ਨਹੀਂ ਬਲਕਿ ਗਤਕਾ, ਘੋਲ, ਜੁਡੋ ਕਰਾਟੇ, ਫੌਜੀਆਂ ਵੱਲੋਂ ਕੀਤੀ ਪ੍ਰੇਡ ਅਤੇ ਪੀਟੀ ਡਰਿੱਲਾਂ ਆਦਿਕ ਸਾਰੀਆਂ ਹੀ ਮਾਰਸ਼ਲ ਖੇਡਾਂ ਇਸ ਤੋਂ ਕਿਤੇ ਵੱਧ ਚੰਗੀਆਂ ਸਰੀਰ ਕਸਰਤਾਂ ਹੀ ਨਹੀਂ ਬਲਕਿ ਇਹ ਅਭਿਆਸ ਕਰਨ ਵਾਲਾ ਲੋੜ ਪੈਣ ’ਤੇ ਆਪਣੀ ਤੇ ਮਜ਼ਲੂਮਾਂ ਦੀ ਰੱਖਿਆ ਵੀ ਕਰ ਸਕਦਾ ਹੈ।
 ਮੋਦੀ ਸਰਕਾਰ ਇੱਕ ਪਾਸੇ ਤਾਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਨਾਹਰੇ ਦੀ ਇਸ਼ਤਿਹਾਰਬਾਜ਼ੀ ’ਤੇ ਕਰੋੜਾਂ ਰੁਪਏ ਖ਼ਰਚ ਕਰ ਰਹੀ ਹੈ ਪਰ ਦੂਸਰੇ ਪਾਸੇ ਜਿਸ ਜੋਗ ਮੱਤ ਨੂੰ ਉਹ ਸਾਰੀਆਂ ਸਮੱਸਿਆਵਾਂ ਹੱਲ ਕਰਨ ਦਾ ਮੂਲ ਕਾਰਨ ਦੱਸ ਰਹੀ ਹੈ। ਉਸ ਦੇ ਹੀ ਵੱਡੇ ਜੋਗੀ ਗੋਰਖ ਨਾਥ ਜੀ ਤਾਂ ਇਸਤਰੀ ਨੂੰ ਬਘਿਆੜਨ ਦੱਸ ਕੇ ਇਉਂ ਦੁਰਕਾਰਦੇ ਹਨ :-
(1) ਬਾਘਣ ਜਿੰਦ ਲੈ, ਬਾਘਣ ਬਿੰਦ ਲੈ, ਬਾਘਣ ਹਮਰੀ ਕਾਇਆ।
ਇਨ ਬਾਘਣ ਤ੍ਰੈ ਲੋਕੀ ਖਾਈ ਬਧਤ ਗੋਰਖ ਗਇਆ

(2) ਦਾਮ ਕਾਢ ਬਾਘਣ ਲੈ ਆਇਆ। ਮਾਉਂ ਕਹੇ ਮੇਰਾ ਪੁਤ ਬਿਆਇਆ।
     ਗੀਲੀ ਲੱਕੜੀ ਕੋ ਘੁਨ ਲਾਇਆ। ਤਿਨ ਡਾਲ ਮੂਲ ਚੁਣ ਖਾਇਆ

    ਸੋ, ਮੋਦੀ ਜੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਆਪਣੀ ਸਰਕਾਰ ਦੀ ਨੀਤੀ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਉਲਟ ਵੀਚਾਰਧਾਰਾ ਵਾਲੇ ਯੋਗ ਮੱਤ ਨੂੰ ਕਿਉਂ ਇਤਨਾ ਉਤਸ਼ਾਹਤ ਕੀਤਾ ਜਾ ਰਿਹਾ ਹੈ? ਇਹ ਸਭ ਜਾਣਦੇ ਹਨ ਕਿ ਮੋਦੀ ਨੇ ਇਸ ਲੇਖ ਵਿੱਚ ਵਰਨਣ ਕੀਤੇ ਕਿਸੇ ਸਵਾਲ ਦਾ ਸਪਸ਼ਟਤਾ ਨਾਲ ਉੱਤਰ ਨਹੀਂ ਦੇਣਾ ਪ੍ਰੰਤੂ ਭਾਜਪਾ ਸ਼ਾਸਤ ਸੂਬਿਆਂ ਅਤੇ ਕੇਂਦਰ ਸਰਕਾਰ ਦੇ ਅਧੀਨ ਆਉਂਦੇ ਸਾਰੇ ਸਕੂਲਾਂ ਵਿੱਚ ਛੇਵਂ ਤੋਂ ਅੱਠਵੀਂ ਤੱਕ ਸੰਸਕ੍ਰਿਤ ਲਾਜਮੀ ਕਰਨ ਤੋਂ ਉਪਰੰਤ ਛੇਵੀਂ ਤੋਂ ਬਾਰਵੀਂ ਤੱਕ ਦੇ ਸਕੂਲਾਂ ਵਿੱਚ ਯੋਗਾ ਲਾਜ਼ਮੀ ਵਿਸ਼ੇ ਦੇ ਤੌਰ ’ਤੇ ਜ਼ਬਰੀ ਠੋਸ ਦੇਣਾ ਹੈ। ਕੀ ਇਸ ਤਰ੍ਹਾਂ ਕਰਕੇ ਅਸੀਂ ਭਾਰਤ ਦੀ ਨੌਜਵਾਨ ਪੀੜ੍ਹੀ ਨੂੰ ਸਮੇਂ ਦੇ ਹਾਣੀ ਬਣਾਵਾਂਗੇ ਜਾਂ ਭਾਰਤ ਨੂੰ ਪੱਛੜਿਆ ਹੋਇਆ ਦੇਸ਼ ਬਣਾ ਕੇ ਅੰਧਵਿਸਵਾਸ਼ੀ ਹਿੰਦੂਤਵ ਸੋਚ ’ਚ ਫਸਾਵਾਂਗੇ? ਇੱਕ ਪਾਸੇ ਤਾਂ ਡੀ.ਪੀ.ਐੱਡ. ਅਤੇ ਬੀ.ਪੀ.ਐੱਡ. ਸਿੱਖਿਅਤ ਬੇਰੁਜ਼ਗਾਰ ਸਰੀਰਕ ਸਿੱਖਿਆ ਅਧਿਆਪਕ ਲੱਖਾਂ ਦੀ ਗਿਣਤੀ ਵਿੱਚ ਰੁਜ਼ਗਾਰ ਮੰਗਦੇ ਹੋਏ ਪੁਲਿਸ ਦੀਆਂ ਲਾਠੀਆਂ ਅਤੇ ਤੇਜ ਪਾਣੀ ਦੀਆਂ ਬੁਛਾੜਾਂ ਦੀ ਮਾਰ ਝੱਲ ਰਹੇ ਹਨ ਅਤੇ ਦੂਸਰੇ ਪਾਸੇ ਬਾਬਾ ਰਾਮਦੇਵ ਵੱਲੋਂ ਤਿਆਰ ਕੀਤੇ ਅਨਪੜ੍ਹ ਯੋਗਾ ਟ੍ਰੇਨਰਾਂ ਨੂੰ ਆਰਾਮ ਨਾਲ ਰੁਜ਼ਗਾਰ ਮਿਲ ਜਾਣਾ ਹੈ ਜਿੱਥੇ ਉਹ ਯੋਗਾ ਦੇ ਪਰਦੇ ਹੇਠ ਹਿੰਦੂਤਵਾ ਦਾ ਪ੍ਰਚਾਰ ਕਰਨਗੇ। ਕਿਸੇ ਨੇ ਇਸ ਲੁਕਵੇਂ ਏਜੰਡੇ ਦਾ ਵਿਰੋਧ ਨਹੀਂ ਕਰ ਸਕਣਾ ਕਿਉਂਕਿ ਜਿਹੜੇ ਵਿਰੋਧ ਕਰਨਗੇ ਉਨ੍ਹਾਂ ਨੂੰ ਦੇਸ਼ ਵਿਰੋਧੀ ਅਤੇ ਰਾਸ਼ਟਰ ਵਿਰੋਧੀਆਂ ਦੇ ਲੈਵਲ ਲਗਾ ਕੇ ਦੇਸ਼ ਨਿਕਾਲੇ ਦੇ ਹੁਕਮ ਸੁਣਾ ਦਿੱਤੇ ਜਾਣਗੇ।
   ਉਪ੍ਰੋਕਤ ਲੰਬੇ ਚੌੜੇ ਇਤਿਹਾਸਕ ਅਤੇ ਗੁਰਬਾਣੀ ਦੇ ਹਵਾਲੇ ਦੇਣ ਦਾ ਮੇਰਾ ਭਾਵ ਸਿਰਫ ਇਤਨਾ ਹੀ ਸੀ ਕਿ ਪਾਠਕ ਜਨ ਇਹ ਸਮਝ ਸਕਣ ਕਿ ਮੋਦੀ ਸਰਕਾਰ ਵੱਲੋਂ ਜੋਰ ਸ਼ੋਰ ਨਾਲ ਪ੍ਰਚਾਰੇ ਜਾ ਰਹੇ ਯੋਗ ਮੱਤ ਦੇ ਧਾਰਨੀਆਂ (ਜਿਨ੍ਹਾਂ ਸਬੰਧੀ ਭਾਈ ਗੁਰਦਾਸ ਜੀ ਨੇ ਲਿਖਿਆ ਹੈ:
ਹੋਇ ਅਤੀਤੁ ਗ੍ਰਿਹਸਤਿ ਤਜਿ ਫਿਰਿ ਉਨਹੁ ਕੇ ਘਰਿ ਮੰਗਣਿ ਜਾਈ।’ (ਵਾਰ 1 ਪਉੜੀ 40)
ਨੇ ਹੁਣ ਤੱਕ ਦੇਸ਼ ਅਤੇ ਸਮਾਜ ਦਾ ਕੁਝ ਨਹੀਂ ਸੰਵਾਰਿਆ ਅਤੇ ਨਾ ਹੀ ਅੱਗੇ ਨੂੰ ਕੁਝ ਸੰਵਾਰ ਸਕਣਗੇ ਸਗੋਂ ਦੇਸ਼ ’ਤੇ ਹਮੇਸ਼ਾਂ ਵਾਂਗ ਭਾਰ ਹੀ ਬਣੇ ਰਹਿਣਗੇ। ਜੇ ਦੇਸ਼/ਸਮਾਜ ਲਈ ਇਸ ਭਾਰਤ ਦੇਸ਼ ਵਿੱਚ ਸਭ ਤੋਂ ਵੱਧ ਕੀਤਾ ਹੈ ਤਾਂ ਯੋਗੀਆਂ ਨੂੰ ਅਧਿਆਤਮਕ ਤੌਰ ’ਤੇ ਅੰਧੇ ਤੇ ਉਜਾੜੇ ਦੇ ਬੰਧ ਕਹਿਣ ਵਾਲੇ ਗੁਰੂ ਨਾਨਕ ਦੇ ਸਿੱਖਾਂ ਨੇ ਕੀਤਾ ਹੈ; ਜਿਨਾਂ ਨੂੰ ਇਹ ਫ੍ਰਿਕਾ ਪ੍ਰਸ਼ਤ ਲੋਕ ਵੱਖਵਾਦੀ ਤੇ ਅਤਿਵਾਦੀ ਕਹਿ ਕੇ ਭੰਡਦੇ ਹਨ।

ਕਿਰਪਾਲ ਸਿੰਘ ਬਠਿੰਡਾ
ਫੋਨ:- 98554 80797 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.