ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥
Page Visitors: 2907

ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥
ਇਕ ਸਿੱਖ ਦੀ ਸੇਧ ਗੁਰਬਾਣੀ ਹੈ। ਸਿੱਖ ਦਾ ਪੰਥ ਗੁਰਬਾਣੀ ਹੈ । ਤੇ ਸਿੱਖ ਦੀ ਟੇਕ ਵੀ ਗੁਰਬਾਣੀ ਹੀ ਹੈ। ਧੁਰ ਤੋਂ ਆਈ ਇਸ ਬਾਣੀ  ਦੀਆਂ ਇਹ ਤੁਕਾਂ ਪੜ੍ਹਦਿਆਂ ਹੀ, ਧਿਆਨ ਕੌਮ ਦੇ ਉਨ੍ਹਾਂ ਅਖੌਤੀ ਆਗੂਆਂ ਵਲ ਤੁਰ ਜਾਂਦਾ ਹੈ ,ਜੋ ਭੋਲੇ ਭਾਲੇ ਲੋਕਾਂ  ਨੂੰ , ਅਪਣੀ ਤਲੀ ਤੇ   ਸਰਿਉ ਉਗਾਣ ਦੇ ਸੁਫਨੇ ਵਖਾ ਕੇ ਉਨ੍ਹਾਂ ਨੂੰ ਅਪਣੇ ਮਗਰ ਲਾਅ ਲੈੰਦੇ ਹਨ । ਬੇਸ਼ਕ ਉਨ੍ਹਾਂ ਸਿਧੇ ਸਾਧੇ ਲੋਕਾਂ ਦਾ ਵਿਵੇਕ ਅਤੇ ਬੁਧੀ ਉਸ ਵੇਲੇ ਕਮ ਨਹੀਂ ਕਰ ਰਹੀ ਹੂੰਦੀ । ਕੋਈ ਸਲਾਹ , ਕੋਈ ਮਸ਼ਵਰਾ ਉਨ੍ਹਾਂ ਤੇ ਅਸਰ ਨਹੀ ਕਰਦਾ ,   ਲੇਕਿਨ  ਗੁਰਬਾਣੀ ਤਾਂ ਥਾਂ ਥਾਂ ਤੇ ਸਾਨੂੰ ਸੁਚੇਤ ਕਰਦੀ ਹੈ ਕਿ,  ਭਲਿਆ , ਧੋਖੇ ਨਾਂ ਖਾਂਈ, ਹਮੇਸ਼ਾਂ ਸੁਚੇਤ ਰਹੀਂ। ਲੇਕਿਨ ਅਫਸੋਸ ਹੂੰਦਾ ਹੈ , ਜਦੋਂ ਮਨੁਖ ਅਪਣੇ ਅਧੂਰੇ ਵਿਵੇਕ ਅਤੇ ਬੁਧੀ ਨੂੰ ਹੀ ਅਖੀਰਲਾ ਸੱਚ ਸਮਝ ਲੈੰਦਾ ਹੈ। ਗੁਰੂ ਸ਼ਬਦ ਹਨ-  
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ
॥ ਅੰਕ ੧੪੧
ਇਨ੍ਹਾਂ ਤੁਕਾ ਦਾ ਭਾਵ ਹੈ ਕਿ ਵੱਡੀਆਂ ਵੱਡੀਆਂ ਗੱਲਾਂ ਨਾਲ ਸਵਰਗ,  ਭਾਵ:  ਸੁਖ ਦਾ ਅਸਥਾਨ ਪ੍ਰਾਪਤ ਨਹੀ ਹੂੰਦਾ । ਗਲ ਤਾਂ ਸੱਚ ਕਮਾਉਣ ਨਾਲ ਹੀ ਬਣਦੀ ਹੈ। ਖਾਂਣ  ਦੀਆਂ  , ਸੜੀਆਂ ਗਲੀਆਂ ਵਸਤੂਆਂ ਵਿਚ ਮਸਾਲੇ ਪਾਉਣ ਨਾਲ ਉਹ ਪਾਕ ਅਤੇ ਪਵਿਤ੍ਰ ਨਹੀ ਬਣ ਸਕਦੀਆਂ।
ਕੁਝ ਦਿਨ ਪਹਿਲਾਂ ਭਾਈ ਗੁਰਬਖਸ਼ ਸਿੰਘ ਦੇ ਮਗਰ ਵੀ ਭੋਲੀ ਭਾਲੀ ਕੌਮ ਇਸੇ ਤਰ੍ਹਾਂ ਤੁਰ ਪਈ ਸੀ ਕਿ ਜਿਵੇ ਭਾਈ ਗੁਰਬਖਸ਼ ਸਿੰਘ ਨੇ ਹੀ ਹੁਣ ਕੌਮ ਦਾ ਬੇੜਾ ਕੰਡੇ ਲਾਅ ਦੇਣਾਂ ਹੈ । ਖੌਰੇ ,  ਭਾਈ ਗੁਰਬਖਸ਼ ਸਿੰਘ ਦੀ ਸ਼ਹਾਦਤ ਨਾਲ ਹੀ "ਸਕੱਤਰੇਤ" ਵਿਚ ਬੈਠੇ ਸਿਆਸਤਦਾਨਾਂ ਦੇ ਪਿਛਲਗਾਂ  ਦਾ ਜਮੀਰ ਜਾਗ ਪਵੇ। ਸਿੱਖਾਂ ਦੇ ਸਾਰੇ ਮਸਲੇ ਭਾਈ ਗੁਰਬਖਸ਼ ਸਿੰਘ ਦੀ ਸ਼ਹਾਦਤ ਨਾਲ ਹੀ ਹਲ ਹੋ ਜਾਂਣੇ ਹਨ ? ਪਤਾ ਉਸ ਵੇਲੇ ਲੱਗਾ,  ਜਦੋ ਭਾਈ ਗੁਰਬਖਸ਼ ਸਿੰਘ , ਮੌਤ ਨੂੰ ਆਉਦਿਆਂ ਵੇਖ ਕੇ ਆਪ ਹੀ ਹਸਪਤਾਲ ਵਲ ਭੱਜ ਖਲੋਤਾ। ਨਮੋਸ਼ੀ ਉਨ੍ਹਾਂ ਨੂੰ ਵੱਧ ਹੋਈ,  ਜਿਨ੍ਹਾਂ ਨੂੰ ਉਸ ਬੰਦੇ ਵਿਚ ਕੌਮ ਦਾ ਇਕ ਮਹਾਨ ਸ਼ਹੀਦ ਵਖਾਈ ਪੈ ਰਿਹਾ ਸੀ,  ਅਤੇ ਵਾਰ ਵਾਰ ਉਸ ਦੇ ਗੋਡੇ ਘੁਟਣ ਉਸ ਕੋਲ ਪੁਜ ਜਾਂਦੇ ਸਨ । ਵਿਚਾਰਿਆਂ ਨੇ ਨਾਂ ਚਾਹੁਦਿਆ ਹੋਇਆ ਵੀ ਪਤਾ ਨਹੀ "ਚੌਪਈ" ਦੇ ਕਿੰਨੇ ਕੁ ਪਾਠ ਉਥੇ ਪੜ੍ਹ ਦਿਤੇ ਹੋਣੇ ਹਨ ?
ਕੌਮ ਬਹੁਤ ਭੋਲੀ ਹੈ  , ਜੋ ਇਹੋ ਜਹੇ ਅਖੌਤੀ  ਆਗੂਆਂ , ਪ੍ਰਚਾਰਕਾਂ ਅਤੇ ਜੱਥੇਦਾਰਾਂ ਦੇ ਮਗਰ ਮਗਰ ਤੁਰਨ ਲਗ ਪੈੰਦੀ ਹੈ । ਕੌਮ ਤਾਂ  ਅਪਣੇ ਆਪ ਨੂੰ ਝੂਠੇ ਸਿਆਸਤਦਾਨਾਂ ਅਤੇ ਅਖੌਥੀ ਆਗੂਆਂ ਦੇ ਹਥੀਂ ਠੱਗੀ ਅਤੇ ਲੁੱਟੀ ਹੋਈ ਮਹਿਸੂਸ ਕਰ ਰਹੀ ਹੈ । ਇਹ ਸਿਆਸਤਦਾਨ ਉਨ੍ਹਾਂ ਤਾਕਤਾਂ ਦੇ ਭਾਈਵਾਲ ਬਣ ਕੇ ਉਨ੍ਹਾਂ ਦਾ ਹੀ ਅਜੇੰਡਾ ਲਾਗੂ ਕਰ ਰਹੇ ਨੇ , ਜੇੜ੍ਹੀਆਂ ਤਾਕਤਾਂ  ਸਿੱਖੀ ਨੂੰ ਅਪਣੇ ਵੱਡੇ ਢਿਡ ਵਿਚ ਸਮਾਂ ਲੈਣਾਂ ਚਾਂਉਦੀਆਂ ਹਨ । ਕੌਮ ਦਿਸ਼ਾ ਹੀਨ ਹੋਈ ਪਈ ਹੈ ।  ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪਰਸਤੀ ਅਤੇ ਜੱਥੇਦਾਰੀ ਤੋਂ ਟੁੱਟੀ ਹੋਈ ,  ਕਿਸੇ ਮਨੁਖ ਦੀ ਜੱਥੇਦਾਰੀ ਭਾਲ ਰਹੀ ਹੈ । ਕਿ ਕਾਸ਼ ਕੋਈ ਐਸਾ ਆਗੂ ਉੱਠ ਖਲੋਏ ਜੋ , ਸਾਡੀ ਵਿਗੜੀ ਨੂੰ ਸਵਾਰ ਸਕੇ ।
ਕੁਝ ਵਰ੍ਹੇ ਪਹਿਲਾਂ ਕੁਝ ਸਿੱਖਾਂ ਨੇ ਬਲਜੀਤ ਸਿੰਘ ਦਾਦੂਵਾਲ ਨਾਮ ਦਾ ਇਕ ਆਗੂ ਲਭ ਗਿਆ ਸੀ , ਜਿਸਤੇ ਲੋਗਾਂ ਨੇ ਥੋੜਾ ਬਹੁਤ ਭਰੋਸਾ ਕਰ ਲਿਆ ਸੀ। ਲੇਕਿਨ ਜਦੋਂ ਉਸ ਦੀ ਪੋਲ ਖੁੱਲੀ ਤਾਂ , ਉਨ੍ਹਾਂ ਸਿੱਖਾਂ ਨੂੰ ਬਹੁਤ ਹੀ ਵੱਡੀ ਨਮੋਸ਼ੀ ਦਾ ਸਾਮ੍ਹਣਾਂ ਕਰਣਾਂ ਪੈ ਗਿਆ। ਕਿਸ ਕਿਸ ਦਾ ਨਾਮ ਲਵਾਂ ? ਕੋਈ ਇਕ ਹੋਵੇ ਤਾਂ ਕਹਾਂ ਕਿ ਕੌਮ ਨੂੰ ਕਿਸ ਕਿਸ ਨੇ ਸਬਜ ਬਾਗ ਵਖਾ ਵਖਾ ਕੇ ਧੋਖੇ ਦਿੱਤੇ।
ਹੁਣ ਉਹ ਹੀ ਭੁੱਲ ਕੌਮ ਦੇ ਬਹੁਤ ਸਾਰੇ ਸਿੱਖਾਂ ਨੇ ਖਾਸ ਕਰਕੇ ਕਨੇਡਾ ਦੇ ਕੁਝ ਸਿੱਖਾਂ ਨੇ ਅਖੌਤੀ ਜੱਥੇਦਾਰ ਬਲਵੰਤ ਸਿੰਘ ਨੰਦਗੜ੍ਹ ਤੇ ਭਰੋਸਾ ਕਰਕੇ ਕੀਤੀ ਹੈ। ਹਾਸਿਲ ਕੁਝ ਨਹੀ ਹੋਣਾਂ। ਉਸਤੇ ਮੁਕਦਮੇ ਦਰਜ ਹੋਏ , ਹਟ ਗਏ , ਸੌਦਾ ਹੋਇਆ ਜਾਂ ਨਹੀ ਹੋਇਆ ? ਇਸ ਬਾਰੇ ਕਿਸੇ ਨੇ ਤਫਸ਼ੀਸ਼ ਨਹੀ ਕੀਤੀ । ਬਸ ਉਸਨੇ ਨਾਨਕ ਸ਼ਾਹੀ ਕੈਲੰਡਰ ਬਾਰੇ ਕੁਝ ਕਹਿ ਕੀ ਦਿੱਤਾ ,  ਉਸ ਨੂੰ ਸਿਰ ਤੇ ਚੁਕ ਲਿਆ ਗਿਆ। ਜੇ ਇਨ੍ਹਾਂ ਦੀ ਜਮੀਰ ਜਾਗਦੀ ਹੂੰਦੀ ਤਾਂ ਅੱਜ ਤੋਂ ਪੰਜ  ਵਰ੍ਹੇ ਪਹਿਲਾਂ ਰੌਲਾ ਪਾਂਉਦੇ, ਜਦੋਂ ਨਾਨਕ ਸ਼ਾਹੀ ਕੈਲੰਡਰ ਦਾ ਕਤਲ ਹੋ ਰਿਹਾ ਸੀ। ਮੈਂ ਤਾਂ ਕਈ ਵਾਰ ਕਹਿੰਦਾ ਹਾਂ ਕਿ, " ਵੇਲੇ ਨਾਲ ਨਾਂ ਬੋਲਿਆ ਗਿਆ  ਸੱਚ , ਤਾਂ ਸੌ ਝੂਠ ਬੋਲਣ ਤੋਂ ਵੀ ਮਾੜਾ ਹੂੰਦਾ ਹੈ।"  ਇਨ੍ਹਾਂ ਨੇ ਉਸ  ਵੇਲੇ ਤਾਂ  ਚੁਪ ਵੱਟੀ ਰੱਖੀ, ਹੁਣ ਰੌਲਾ ਪਾਉਣ ਨਾਲ ਕੀ ਹੋਣਾਂ ਹੈ ?
ਕੁਝ ਤਾਂ ਕਹਿੰਦੇ ਨੇ ਤੁਸੀ ਟੰਗਾ ਹੀ ਖਿਚਣਾਂ ਜਾਂਣਦੇ ਹੋ, ਹੋਰ ਕੁਝ ਵੀ ਨਹੀ ਕਰ ਸਕਦੇ। ਸ਼ਾਇਦ ਉਹ ਵੀਰ ਵੀ ਸੱਚ ਹੀ ਕਹਿੰਦੇ ਹਨ। ਅਸੀ ਟੰਗਾਂ ਤਾਂ ਜਰੂਰ ਖਿਚਣ ਵਾਲੇ ਹਾਂ , ਪਰ ਕਿਸੇ ਪੰਥ ਦਰਦੀ ਅਤੇ ਕੌਮ ਦੇ ਹੇਤੂ ਦੀਆਂ ਟੰਗਾਂ ਨਹੀ ਬਲਕਿ ਉਨ੍ਹਾਂ ਅਖੌਤੀ ਪ੍ਰਚਾਰਕਾਂ, ਜੱਥੇਦਾਰਾਂ ਅਤੇ ਆਗੂਆਂ ਦੀਆਂ ਹੀ ਟੰਗਾਂ ਖਿਚਦੇ ਹਾਂ,  ਅਤੇ ਖਿਚਦੇ ਰਹਾਂਗੇ, ਜੋ ਕੋਮ ਦੀ ਬੇੜੀ ਵਿਚ ਵੱਟੇ ਪਾ ਰਹੇ ਹਨ।
ਅਖੌਤੀ ਜੱਥੇਦਾਰ ਨੰਦਗੜ੍ਹ ਬਾਰੇ ਬਹੁਤ ਕੁਝ ਕਹਿਣ ਦੀ ਮੈਂ ਲੋੜ ਨਹੀ ਸਮਝਦਾ ਕਿਉਕਿ ਕਲ ਇਕ ਵੇਬਸਾਈਟ ਦੇ ਸੰਪਾਦਕ ਵੀਰ ਨੇ ਅਪਣੇ ਸੰਪਾਦਕੀ ਲੇਖ ਵਿਚ ਇਸ ਅਖੌਥੀ ਜੱਥੇਦਾਰ ਨੂੰ ਅਪਣੇ ਲੇਖ ਰਾਂਹੀ ਸ਼ੀਸ਼ਾ ਵਖਾ ਦਿਤਾ ਹੈ। ਅਤੇ ਉਨ੍ਹਾਂ ਨੂੰ ਵੀ ਸੁਚੇਤ ਕਰ ਦਿਤਾ ਹੈ,  ਜੋ ਇਸ ਤੇ ਬਹੁਤ ਜਿਆਦਾ ਭਰੋਸਾ ਕਰ ਰਹੇ ਨੇ। ਇਹ ਜੱਥੇਦਾਰ ਵੀ ਉਸ ਜੂੰਡਲੀ ਦਾ ਹੀ ਹਿੱਸਾ ਰਿਹਾ ਹੈ,  ਜਿਸਨੇ ਕੌਮ ਦੇ ਮਹਾਨ ਵਿਦਵਾਨ ਕਾਲਾ ਅਫਗਾਨਾਂ ਜੀ ਅਤੇ ਪ੍ਰੋਫੇਸਰ ਦਰਸ਼ਨ ਸਿੰਘ ਵਰਗੀਆਂ ਸ਼ਖਸ਼ੀਅਤਾਂ ਨੂੰ ਬਿਨਾਂ ਕਿਸੇ ਸੁਣਵਾਈ ਦੇ ਹੀ ਪੰਥ ਤੋਂ ਛੇਕ ਦਿਤਾ ਸੀ।
ਹੁਣ ਤਾਨ੍ਹਿਆਂ ਦੀ ਡਾਂਗ  ਤਾਂ ਫਿਰ ਸਾਡੇ ਸਿਰ ਹੀ ਪੈਣੀ ਹੈ ਕਿ,  ਅਸੀ ਤਾਂ ਪ੍ਰੋਫੇਸਰ ਦਰਸ਼ਨ ਸਿੰਘ ਦੇ ਸਮਰਥਕ ਹਾਂ , ਸ਼ਾਇਦ ਇਸ ਲਈ ਇਸਦੀ ਵੀ ਟੰਗ ਖਿਚ ਰਹੇ ਹਾਂ। ਇਹ ਤਾਂ ਵਕਤ ਹੀ ਦੱਸੇਗਾ ਕਿ , ਇਹ ਬੰਦਾ ਠੀਕ ਹੈ ਕਿ ਨਹੀ , ਲੇਕਿਨ ਇਸ ਤੋਂ ਇਨਾਂ ਤਾਂ ਪੁਛ ਲੈਣਾਂ ਬਣਦਾ ਹੈ ਕਿ ਇਨ੍ਹਾਂ ਦੋ ਵਿਦਵਾਨਾਂ ਨੇ ਕੀ ਗਲਤੀ ਕੀਤੀ ਸੀ ?  ਅਤੇ ਪੰਥ ਵਿਰੋਧੀ ਕੇੜ੍ਹਾ ਕਮ ਕੀਤਾ ਸੀ ?  ਜਿਸਦੀ ਵਜਿਹ ਨਾਲ ਇਸਨੇ ਉਨ੍ਹਾਂ ਦੋਹਾਂ ਨੂੰ ਪੰਥ ਤੋਂ ਛੇਕ ਦਿਤਾ।
ਕਲ ਮੇਰੇ ਇਕ ਬਹੁਤ ਹੀ ਵਿਦਵਾਨ ਮਿਤਰ ਨੇ ਫੇਸਬੁਕ ਤੇ ਇਹ ਲਿਖ ਦਿਤਾ ਕਿ ਪ੍ਰੋਫੇਸਰ ਦਰਸ਼ਨ ਸਿੰਘ  ਵੀ ਤਾਂ ਉਸ ਵਿਵਸਥਾ ਦਾ ਇਕ ਹਿੱਸਾ ਰਹੇ ਹਨ। ਉਨ੍ਹਾਂ ਕੋਲੋਂ ਮੈਂ ਅਪਣੇ ਰੇਡੀਉ ਤੇ ਵੀ ਇਹੋ ਜਹੇ ਸਵਾਲ ਪੁੱਛਾਂਗਾ। ਮੈਂ ਉਸ ਵਿਦਵਾਨ ਮਿਤਰ ਦਾ ਬਹੁਤ ਸਤਕਾਰ ਕਰਦਾ ਹਾਂ । ਉਨ੍ਹਾਂਨੂੰ ਮੈਂ  ਸਿਰਫ ਦੋ ਗੱਲਾਂ ਹੀ ਕਹਿਂਣਾਂ ਚਾਂਉਦਾ ਹਾਂ । ਪਹਿਲੀ ਗਲ ਇਹ ਕਿ  ਸਵਾਲਾਂ ਤੋਂ ਉਹ ਡਰਦੇ ਹਨ , ਜੋ ਝੂਠੇ ਹੂੰਦੇ ਹਨ ਅਤੇ ਜਿਨ੍ਹਾਂ ਕੋਲ ਜਵਾਬ ਨਹੀ ਹੂੰਦੇ । ਦੂਜਾ ਪ੍ਰੋਫੇਸਰ ਦਰਸ਼ਨ ਸਿੰਘ ਉਸ ਵਿਵਸਥਾ ਦਾ ਹਿਸਾਂ ਨਹੀ ਸਨ ਜੋ ਕੌਮ ਦਾ ਬੇੜਾ ਗਰਕ ਕਰਨ ਵਾਲੇ ਸਿਆਸਤ ਦਾਨ  ਨੂੰ  "ਫਖਰੇ ਕੌਮ " ਦਾ ਅਵਾਰਡ ਦਿੰਦੇ ਹੋਣ ਅਤੇ ਇਕ ਹਜਾਰ ਤੋਂ ਵੱਧ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਜਨਰਲ ਡਾਇਰ ਨੂੰ ਸਿਰੋਪਾ ਦੇ ਕੇ ਸਤਕਾਰਦੇ ਹੋਣ । ਉਹ ਤਾਂ ਉਸ ਵਿਵਸਥਾ ਦੇ ਉਲਟ ਉਹ ਸੇਵਾਦਾਰ  ਰਹੇ  , ਜਿਨ੍ਹਾਂ ਨੇ ਪੰਥ ਵਿਰੋਧੀ ਕਮ ਕਰਨ ਵਾਲੇ ਮੁਖ ਮੰਤਰੀ ਨੂੰ ਕੌਮ ਦੇ ਵੇੜਹੇ ਵਿਚ ਲਿਆ ਕੇ ਖੜਾ ਕਰ ਦਿਤਾ ਸੀ।
ਪ੍ਰੋਫੇਸਰ ਦਰਸ਼ਨ ਸਿੰਘ ਕਿਸੇ ਸਿਆਸਤਦਾਨ ਦੀ ਬਣਾਈ ਰਬੜ ਦੀ ਮੋਹਰ ਹੂੰਦੇ ਤਾਂ ਬੂਟਾ ਸਿੰਘ ਅਤੇ ਬਰਨਾਲੇ ਵਰਗੇ ਸਿਖਾਂ ਨੂੰ ਕੌਮ ਦੀ ਕਚਹਿਰੀ ਵਿਚ ਖੜਾ ਕਰਨ ਦੀ ਬਜਾਏ , ਉਨ੍ਹਾਂ ਨੂੰ ਵੀ "ਫਖਰੇ ਕੌਮ" ਦਾ ਅਵਾਰਡ ਵੰਡਦੇ ਤੇ ਉਨ੍ਹਾਂ ਦੀ ਖੁਸ਼ਾਮਦ ਕਰਦੇ ਤੇ  "ਗੁਰਮਤ ਮਾਰਤੰਡ" ਦੀ ਉਪਾਧੀ ਨਾਲ ਨਵਾਜੇ ਜਾਂਦੇ। ਕੋਈ ਨਹੀ ! ਇਹ ਤਾਂ ਸਾਡੀ ਕੌਮ ਦੀ ਤ੍ਰਾਸਦੀ ਰਹੀ ਹੈ ਕਿ ਗਿਆਨੀ ਗੁਰਮੁਖ ਸਿੰਘ ਵਰਗੀਆਂ ਸ਼ਖਸ਼ੀਅਤਾਂ ਨੂੰ ਇਹ "ਜੂੰਡਲੀ" ਕੌਮ ਤੋਂ ਹਮੇਸ਼ਾਂ ਛੇਕਦੀ ਰਹੀ ਹੈ, ਅਤੇ ਜਨਰਲ ਡਾਇਰ ਵਰਗੇ ਲੋਕਾਂ ਨੂੰ ਸਿਰੋਪੇ ਦੇ ਦੇ ਕੇ ਨਿਵਾਜਦੀ ਰਹੀ ਹੈ। ਇਕ ਪ੍ਰੋਫੇਸਰ ਦਰਸ਼ਨ ਸਿੰਘ ਹੀ ਗੁਰੂ ਘਰ ਦਾ  ਐਸਾ ਸੇਵਾਦਾਰ  ਹੋਇਆ ਹੈ ਜਿਸਨੇ ਇਸ ਵਿਵਸਥਾ ਨੂੰ ਉਲਟ ਕੇ ਰੱਖ ਦਿੱਤਾ । ਮੇਰੇ ਵੀਰੋ , ਦਾਸ ਇਹ ਨਹੀ ਕਹਿੰਦਾ ਕਿ ਤੁਸੀ ਨੰਦਗੜ੍ਹ ਤੇ ਵਿਸ਼ਵਾਸ਼ ਨਾਂ ਕਰੋ, ਲੇਕਿਨ ਜੋ ਸਵਾਲ ਇਸ ਕੋਲੋਂ ਪੁਛਣੇ ਚਾਹੀਦੇ ਹਨ, ਉਨ੍ਹਾਂ ਦਾ ਮਾਕੂਲ ਜਵਾਬ ਲੈਕੇ ਇਸਦਾ ਸਟੈੰਡ ਤਾਂ ਜਾਂਣ ਲਵੋ। ਕਿਧਰੇ ਤੁਹਾਨੂੰ  ਭਾਈ ਗੁਰਬਖਸ਼ ਸਿੰਘ ਅਤੇ ਬਾਬਾ ਦਾਦੂਵਾਲ ਵਾਂਗ ਇਹ ਬੰਦਾ ਵੀ ਤੁਹਾਡੀਆਂ ਉਮੀਦਾਂ  ਤੇ ਪਾਣੀ ਨਾਂ ਫੇਰ ਦੇਵੇ। ਭੂਲ ਚੁਕ ਲਈ ਖਿਮਾਂ ਦਾ ਜਾਚਕ ਹਾਂ ਜੀ ।

ਇੰਦਰਜੀਤ ਸਿੰਘ, ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.