ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਮਾਮਲਾ ਸੌਦਾ-ਸਾਧ ਦੀ ਮੁਆਫੀ ਦਾ !
ਮਾਮਲਾ ਸੌਦਾ-ਸਾਧ ਦੀ ਮੁਆਫੀ ਦਾ !
Page Visitors: 2708

ਮਾਮਲਾ ਸੌਦਾ-ਸਾਧ ਦੀ ਮੁਆਫੀ ਦਾ !
ਤਿੰਨ ਸਿੱਖ ਨੌਜੁਆਨਾਂ ਦੀ ਸ਼ਹਾਦਤ ਅਤੇ ਅਕਾਲ-ਤਖਤ ਦੇ ਰੁਤਬੇ ਨੂੰ ਮਿੱਟੀ ਵਿਚ ਰੋਲ ਕੇ “ਸਕੱਤਰੇਤ ਜੁੰਡਲੀ” ਨੇ ਕੀਤਾ ਇਹ ਨਾਜਾਇਜ਼ ਸੌਦਾ ।

ਜਦੋਂ ਵੀ ਅਕਾਲ ਤਖਤ ਦੇ ਰੁਤਬੇ ਨੂੰ ਕਲੰਕਿਤ ਕਰਣ ਵਾਲੇ ਜੱਥੇਦਾਰ ਦਾ ਨਾਮ ਲਿਅਾ ਜਾਂਦਾ ਹੈ ਤਾਂ ਅਰੂੜ ਸਿੰਘ ਨੂੰ  ਅਕਾਲ ਤਖਤ  ਦੇ ਗੱਦਾਰ ਜੱਥੇਦਾਰ ਵਾਂਗ ਯਾਦ ਕੀਤਾ ਜਾਂਦਾ ਹੈ । ਦੂਜਾ , ਗੁਰੂ ਘਰ ਉੱਤੇ ਕਬਜਾ ਕਰਕੇ ਚੱਮ ਦੀਆਂ ਚਲਾਉਣ ਵਾਲੇ ਮਹੰਤ  ਦਾ ਨਾਮ ਲਿਆ ਜਾਂਦਾ ਹੈ ਤਾਂ ਨਨਕਾਣਾਂ ਸਾਹਿਬ ਦੇ ਮਹੰਤ ਨਰੈਣੂੰ  ਦਾ ਨਾਮ ਬਹੁਤ ਹੀ ਰੋਸ਼  ਨਾਲ ਲਿਆ ਜਾਂਦਾ ਹੈ । ਅਸੀ ਤਾਂ ਇਹ ਸੋਚਦੇ ਸੀ ਕਿ ਦੂਜਾ ਨਰੈਣੂੰ ਨਾਨਕ ਮੱਤੇ ਦਾ ਬਾਬਾ ਤਰਸੇਮ ਸਿੰਘ ਜੰਮ ਪਿਆ ਹੈ , ਜਿਸਨੇ ਨਾਨਕ ਮੱਤੇ ਦੀ ਸੈਂਕੜੇ ਏਕੜ ਜਮੀਨ ਅਤੇ ਇਤਿਹਾਸਿਕ ਅਸਥਾਨ, ਤੇ  ਅਕਾਲ ਤਖਤ ਦੇ ਮੌਜੂਦਾ ਜੱਥੇਦਾਰ ਦੀ ਸ਼ੈ ਤੇ ਕਬਜਾ ਕੀਤਾ ਹੋਇਆ ਹੈ । ਅੱਜ ਤਕ ਉਸ ਬਾਬੇ  ਨੂੰ ਅਕਾਲ ਤਖਤ ਦੇ ਮੌਜੂਦਾ ਜੱਥੇਦਾਰ ਨੇ  , ਇਸ ਬਾਰੇ ਕੋਈ ਨੋਟਿਸ ਕਿਉ ਨਹੀ ਭੇਜੀ ? ਨੋਟਿਸ ਕੀ ਭੇਜਣਾਂ ਹੈ ? ਬਲਕਿ ਇਹ ਸਾਧ ਤਾਂ  ਇਸ ਅਖੌਤੀ ਜਥੇਦਾਰ ਦਾ ਖਾਸ ਚਹੇਤਾ ਦਸਿਆ ਜਾਂਦਾ ਹੈ  । ਜਦ ਕਿ ਤਰਾਈ ਖੇਤਰ ਦੇ ਜਾਗਰੂਕ ਸਿੱਖ , ਨਾਨਕ ਮੱਤੇ ਦੇ ਇਤਿਹਾਸਿਕ ਅਸਥਾਨ ਨੂੰ ਇਸ ਨਰੈਂਣੂੰ ਦੇ ਕਬਜੇ ਤੋਂ  ਅਜਾਦ ਕਰਵਾਉਣ ਲਈ ਦਿਨ ਰਾਤ ਸੰਘਰਸ਼ ਕਰ ਰਹੇ ਨੇ। ਇਸ ਦੇ ਖਿਲਾਫ ਮਾਮਲਾ ਸੁਪਰੀਮ ਕੋਰਟ ਤਕ ਪਹੂੰਚ ਚੁਕਾ ਹੈ ਲੇਕਿਨ ਕੌਮ ਦੇ ਇਸ ਵੱਡੇ ਠੇਕੇਦਾਰ ਦੇ ਕੰਨਾਂ ਤੇ ਅਜ ਤਕ ਜੂੰ ਵੀ ਨਹੀ ਰੇੰਗੀ ।
 ਜੇ  ਇਹ ਅਖੌਤੀ ਜੱਥੇਦਾਰ ਕੌਮ ਦਾ ਇਨ੍ਹਾਂ ਹੀ ਵੱਡਾ ਜੱਜ ਹੈ ਤਾਂ ਕਿਉ ਨਹੀ ਸੱਦਾ ਦੇੰਦਾ  ਇਸ ਸਾਧ ਨੂੰ ? ਕਿਉ ਨਹੀ ਪੰਥ ਤੋਂ ਛੇਕ ਕੇ ਇਸ ਇਤਿਹਾਸਿਕ ਗੁਰਦੁਆਰੇ ਅਤੇ ਉਸਦੀਆਂ ਅਕੂਤ ਜਮੀਨਾਂ ਨੂੰ ਇਸਤੋਂ ਅਜਾਦ ਕਰਵਾਂਉਦਾ ?  ਜੋ ਗੁਰੂ ਨਾਨਕ ਸਾਹਿਬ ਦੇ ਚਰਣਾਂ ਦੀ ਛੋਹ ਵਾਲੀ ਇਤਿਹਾਸਿਕ ਧਰਤੀ ਨੂੰ ਅਪਣੀ ਨਿਜੀ ਜਾਇਦਾਦ ਬਣਾਂ ਕੇ ਬੈਠ  ਗਿਆ ਹੈ ਅਤੇ ਉਥੇ ਦੀ ਕਮਾਈ ਖਾ ਰਿਹਾ ਹੈ  ? ਅੱਜ ਸਾਨੂੰ  ਸਾਰੇ ਸਿੱਖ ਜਗਤ ਤੇ ਵੀ ਬਹੁਤ ਅਫਸੋਸ ਅਤੇ ਮਲਾਲ ਹੈ ਕਿ,  ਤਰਾਈ ਦੇ ਇੰਨਾਂ ਸਿੰਘਾਂ ਦਾ ਸਾਥ ਕੋਈ ਵੀ ਨਹੀ ਦੇ ਰਿਹਾ ।  ਇਹ  ਇਕੱਲੇ ਹੀ ਇਸ ਇਤਿਹਾਸਿਕ ਅਸਥਾਨ ਨੂੰ ਇਸ ਭਈਏ ਸਾਧ ਤੋਂ ਅਜਾਦ ਕਰਵਾਉਣ ਲਈ ਸੰਘਰਸ਼ ਕਰ ਰਹੇ ਨੇ । ਇਨ੍ਹਾਂ  ਅਜੋਕੇ ਅਰੂੜ ਸਿੰਘਾਂ ਅਤੇ ਮਹੰਤਾਂ  ਨੂੰ ਬੁਲਾ ਬੁਲਾ ਕੇ  ਸਾਡੀਆਂ ਗੁਦੁਆਰਾ ਕਮੇਟੀਆਂ ਦੇ ਪ੍ਰਧਾਨ ਲਿਫਾਫੇ ਦਿੰਦੇ ਹਨ , ਲੇਕਿਨ ਉਨ੍ਹਾਂ ਤਰਾਈ ਦੇ ਸਿੱਖਾਂ ਨੂੰ ਕੋਈ ਇਕ ਟੈਲੀਫੋਨ ਕਰਕੇ ਵੀ ਇਹ ਨਹੀ ਪੁਛਦਾ ਕਿ ਉਨ੍ਹਾਂ ਦਾ ਹਾਲ ਕੀ ਹੈ  ?  ਕੀ ਗੁਰੂ ਦੇ ਇਤਿਹਾਸਿਕ ਅਸਥਾਨ ਇਨ੍ਹਾਂ ਦੇ ਪਾਲੇ ਗੂੰਡਿਆਂ  ਦੀ ਨਿਜੀ ਜਾਇਦਾਦ ਬਣ ਕੇ ਰਹਿ ਜਾਂਣਗੇ, ਤੇ ਇਹ ਅਖੌਤੀ ਜੱਥੇਦਾਰ ੳਨ੍ਹਾਂ ਕੋਲੋਂ ਗੱਫੇ ਹੀ ਲੈੰਦੇ ਰਹਿਣਗੇ ?
 ਹੁਣ ਤਾਂ ਅਰੂੜ ਸਿੰਘ ਅਤੇ ਨਰੈਣੂੰ ਦੋਹਾਂ ਦੀ ਰੂਹ , ਇਕ ਨਵੇ ਅਵਤਾਰ ਵਿੱਚ,  ਇਕੋ ਹੀ ਬੰਦੇ ਵਿੱਚ ਪਰਵੇਸ਼ ਕਰ ਚੁਕੀ ਹੈ । ਗੁਰੂ ਘਰ ਤੇ ਕਬਜਾ ਕਰਣ ਅਤੇ ਕਰਵਾਂਉਣ ਵਾਲੇ ਨਰੈਣੂੰ ਵਾਲੇ  ਗੁਣ ਵੀ ਇਸ ਵਿੱਚ ਮੌਜੂਦ ਹਨ ਅਤੇ ਅਕਾਲ ਤਖਤ ਦੇ ਪਵਿਤੱਰ ਸਿਧਾਂਤ ਨੂੰ ਮਿੱਟੀ ਵਿਚ ਰੋਲਣ ਵਾਲੇ ਅਰੂੜ ਸਿੰਘ ਦੇ  ਗੁਣ ਵੀ ਇਸ ਬੰਦੇ  ਵਿੱਚ ਮੌਜੂਦ ਹਨ।
  ਅਜੋਕੇ ਅਰੂੜ ਸਿੰਘ ਅਤੇ ਨਰੈਣੂੰ ਦੇ ਅਵਤਾਰ  ਨੇ ਅਪਣੇ ਸਿਆਸੀ ਆਕਾ ਦੇ ਇਸ਼ਾਰੇ ਤੇ ਸੌਦਾ ਸਾਧ ਨੂੰ ਬਿਨਾਂ ਪੇਸ਼ ਕੀਤਿਆਂ , ਬਿਨਾਂ ਕਿਸੇ ਮਾਫੀ ਨਾਮੇਂ ਦੇ  ਦੋਸ਼ ਮੁਕਤ ਕਰ ਦਿਤਾ । ਇਹ ਫੈਸਲਾ ਕਰਦਿਆਂ ਇਸ ਸਿਆਸੀ ਪਿਆਦੇ  ਨੂੰ  ਤਿੰਨ ਮਾਸੂਮ ਨੌਜੂਆਨਾਂ ਦੀ ਸ਼ਹਾਦਤ ਵੀ ਚੇਤੇ ਨਾਂ ਰਹੀ । ਅੱਜ ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਤੇ ਕੀ ਗੁਜਰ ਰਹੀ ਹੋਵੇਗੀ ? ਉਨ੍ਹਾਂ ਪੰਥ ਦਰਦੀਆਂ ਦੇ ਦਿਲ ਇਸ ਫੈਸਲੇ ਨਾਲ ਵਲੂੰਧਰੇ ਗਏ ਹਨ , ਜੋ ਕੌਮ ਦੇ ਸ਼ਹੀਦਾਂ ਨੂੰ ਇਕ ਖਾਸ ਅਸਥਾਨ ਦਿੰਦੇ ਹਨ ਅਤੇ ਉਨ੍ਹਾ ਦੀ ਸ਼ਹਾਦਤ  ਨੂੰ ਕੌਮ ਦਾ ਇਕ ਕੀਮਤੀ ਸਰਮਾਇਆ ਸਮਝਦੇ ਹਨ ।  ਇਨ੍ਹਾਂ ਸਿਆਸੀ ਪਿਆਦਿਆਂ ਨੂੰ  ਇਹ ਫੈਸਲਾ ਕਰਦਿਆਂ ਰੱਬ ਅਤੇ  ਗੁਰੂ ਦਾ ਵੀ ਡਰ ਭਉ ਨਹੀ ਰਹਿਆ ਕਿ ਉਹ ਪੰਥ  ਅਤੇ ਗੁਰੂ ਦੀ ਕਚਹਰੀ ਵਿੱਚ ਇਸ ਨਾਜਾਇਜ ਕਰਤੂਤ ਦਾ ਕੀ ਜਵਾਬ ਦੇਣ ਗੇ ? ਡਰ ਵੀ ਕਿਉ ਆਂਉਦਾ ? ਭੇਡੂ ਸਿੱਖਾਂ ਦਾ  ਇਕ ਬਹੁਤ ਵੱਡਾ ਹਜੂਮ ਤਾਂ ਇਨ੍ਹਾਂ ਦੇ ਫਤਵਿਆਂ ਨੂੰ ਹੀ "ਗੁਰੂ ਦਾ ਹੁਕਮ . ਅਕਾਲ ਤਖਤ ਦਾ ਹੁਕਮਨਾਮਾ "  ਮੰਨ ਕੇ ਮੱਥਾ ਟੇਕੀ ਜਾਂਦਾ ਹੈ  । ਭਾਈ ਬਲਕਾਰ ਸਿੰਘ, ਭਾਈ ਕੰਵਲਜੀਤ ਸਿੰਘ ਅਤੇ ਭਾਈ  ਹਰਮੰਦਰ ਸਿੰਘ ਦੀਆਂ  ਸ਼ਹਾਦਤਾਂ  ਦੀ ਕੀਮਤ ਗੁਰਬਚਨ ਸਿੰਘ ਨੇ ਉਸ ਦੋ ਕੌਡੀ ਦੇ ਇਕ  ਕਾਗਜ ਦੇ ਟੁਕੜੇ ਨਾਲ ਪਾਈ , ਜਿਸਤੇ ਸੌਦਾ ਸਾਧ ਨੂੰ ਦੋਸ਼ ਮੁਕਤ ਕਰਣ ਦਾ ਫਤਵਾ ਲਿਖਿਆ ਸੀ ? ਕੀ ਇਨ੍ਹਾਂ ਤਿਨ ਸਿੱਖ ਨੌਜੁਆਨਾਂ ਦੀ ਸ਼ਹਾਦਤ  ਇੰਨੀ ਸਸਤੀ ਸੀ , ਕਿ  ਇਸ ਅਖੌਤੀ ਜੱਥੇਦਾਰ ਨੇ  ਉਨ੍ਹਾਂ ਸ਼ਹਾਦਤਾਂ  ਨੂੰ ਭੰਗ ਦੇ ਭਾੜੇ ਰੋੜ ਦਿੱਤਾ  ?
  ਇਸ ਸੌਦਾ ਸਾਧ ਦੀ ਵਜਿਹ ਨਾਲ  ਤਿਨ ਤਿਨ ਸਿੱਖ ਨੌਜੁਆਨ ਸ਼ਹੀਦ ਹੋਏ  । ਇਸ ਤੇ ਅਦਾਲਤਾਂ ਵਿੱਚ ਕਈ ਕ੍ਰਿਮਿਨਲ ਕੇਸ ਚੱਲ ਰਹੇ ਹਨ । ਲੇਕਿਨ ਕੌਮ ਦੀ ਮਹਾਨ ਸ਼ਖਸ਼ਿਅਤ ਪ੍ਰੋਫੇਸਰ ਦਰਸ਼ਨ ਸਿੰਘ ਅਤੇ ਗੁਰਬਕਸ਼ ਸਿੰਘ ਕਾਲਾ ਅਫਗਾਨਾਂ  ਉੱਤੇ  ਤਾਂ ਕੋਈ ਕੇਸ ਨਹੀ ਚੱਲ ਰਿਹਾ , ਉਨ੍ਹਾ ਭੋਲਿਆਂ ਨੂੰ ਤਾਂ ਇਹ ਵੀ ਨਹੀ ਪਤਾ ਕਿ ਇਸ ਜੱਥੇਦਾਰ ਨੇ ਉਨ੍ਹਾਂ ਨੂੰ ਕੌਮ ਤੋਂ , ਕਿਸ ਦੋਸ਼ ਕਰ ਕੇ ਛੇਕ ਦਿਤਾ  ਹੈ ?  ਪ੍ਰੋਫੇਸਰ ਦਰਸ਼ਨ ਸਿੰਘ ਤਾਂ  ਅਕਾਲ ਤਖਤ ਤੇ ਪੇਸ਼ ਹੋਏ , ਤਾਂ ਵੀ ਇਸ ਅਖੌਤੀ ਜਥੇਦਾਰ  ਨੇ ਉਨ੍ਹਾਂ ਨੂੰ ਪੰਥ  ਤੋਂ ਛੇਕ ਦਿੱਤਾ , ਤੇ  ਗੁਰੂ ਦੀ ਹਜੂਰੀ ਵਿੱਚ ਖਲੋ ਕੇ ਇਹ ਝੂਠ  ਬੋਲਿਅਾ ਕਿ , "ਰਾਗੀ ਦਰਸ਼ਨ ਸਿੰਘ ਅਕਾਲ ਤਖਤ ਤੇ ਆਇਆ ਹੀ ਨਹੀ , ਇਸ ਕਰਕੇ ਉਸ ਨੂੰ ਪੰਥ ਤੋਂ ਛੇਕਿਆ ਜਾਂਦਾ ਹੈ ।" ਇਸ ਵੱਡੇ ਖਲੀਫਾ ਕੋਲੋਂ ਕੋਈ ਇਹ ਜਵਾਬ ਮੰਗੇ ਕਿ ਸੌਦਾ ਸਾਧ ਤੇਰਾ ਰਿਸ਼ਤੇਦਾਰ ਲਗਦਾ ਸੀ,  ਜਿਸਨੂੰ ਤੁੰ ਘਰ ਬੈਠਿਆ, ਬਿਨਾਂ ਕਿਸੇ ਮਾਫੀਨਾਮੇ ਦੇ ਤਿਨ ਸਿੱਖਾਂ ਦੇ ਕਤਲ ਦੇ ਦੋਖੀ  ਨੂੰ ਆਪਹੁਦਰੇ ਤੌਰ ਤੇ ਦੋਸ਼ ਮੁਕਤ ਕਰ ਦਿਤਾ ?  ਕੀ ਉਹ ਗੁਰੂ ਦੇ ਸਿੱਖ ਜਿਨ੍ਹਾਂ ਨੇ ਅਪਣੀ ਸਾਰੀ ਉਮਰ ਕੌਮ ਨੂੰ ਅਵਾਜਾਂ ਮਾਰ ਮਾਰ ਕੇ ਜਗਾਉਣ ਵਿੱਚ ਲਾਅ ਦਿੱਤੀ,  ਕੀ ਉਹ ਸੌਦਾ ਸਾਧ ਨਾਲੋਂ ਵੀ ਮਾੜੀ ਬਿਰਤੀ ਦੇ ਸਨ ? ਫਰਕ ਸਿਰਫ ਇੰਨਾਂ ਹੈ ਕਿ ਸੌਦਾ ਸਾਧ ਕੋਲ ਇਨ੍ਹਾਂ ਬੁਰਛਾਗਰਦਾਂ ਦੇ ਆਕਾ ਲਈ ਵੋਟ ਬੈੰਕ ਹੈ , ਤੇ ਇਨ੍ਹਾਂ  ਗੁਰੁ ਦੇ ਪਿਆਰਿਆ ਕੋਲ ਵੋਟ ਬੈੰਕ ਨਹੀ ਹੈ । ਸਿਰਫ ਸੱਚ ਕਹਿਣ ਦਾ ਗੁਣ ਹੈ । ਸੱਚ ਇਨ੍ਹਾਂ ਨੂੰ ਰਾਸ ਨਹੀ ਆਂਉਦਾ , ਸ਼ੂਲ ਵਾਂਗ ਚੁਭਦਾ ਹੇ ।
 ਇਸ ਫੈਸਲੇ ਤੋਂ , ਇਨ੍ਹਾਂ ਪੁਜਾਰੀਆਂ ਦੀ ਜੂੰਡਲੀ ਨੇ ਇਹ ਸਾਬਿਤ ਕਰ ਦਿਤਾ ਹੈ ਕਿ ਇਹ  ਕੌਮ ਦੇ ਜੱਥੇਦਾਰ ਨਹੀ, ਇਹ  ਸਿਆਸੀ ਕਠਪੁਤਲੀਆਂ ਨੇ। ਇਨ੍ਹਾਂ ਦੀ ਔਕਾਤ ਸਿਰਫ ਸਿਆਸੀ ਹੁਕਮ ਅਨੁਸਾਰ ਫਤਵੇ ਜਾਰੀ ਕਰਕੇ ਅਕਾਲ ਤਖਤ ਦੀ ਮਰਿਆਦਾ ਨੂੰ ਮਿੱਟੀ ਵਿੱਚ ਰੋਲਣਾਂ ਹੈ, ਹੋਰ ਕੁਝ ਵੀ ਨਹੀ । ਗੁਰਬਚਨ ਸਿੰਘ ਨੇ ਭਾਵੇ ਸੌਦਾ ਸਾਧ ਨੂੰ ਮਾਫ ਕਰ ਦਿਤਾ ਹੈ, ਲੇਕਿਨ ਕੌਮ ਅਤੇ ਇਤਿਹਾਸ ਇਸਨੂੰ ਇਸ ਨਾਜਾਇਜ ਕੰਮ ਲਈ ਕਦੀ ਵੀ ਮੁਆਫ ਨਹੀ ਕਰੇਗੀ। ਇਸਨੂੰ ਪੰਥ ਅਤੇ ਗੁਰੂ ਦੀ ਕਚਹਿਰੀ ਵਿੱਚ ਇਸ ਨਾਜਾਇਜ ਕਰਤੂਤ ਦਾ ਲੇਖਾ ਜੋਖਾ ਦੇਣਾਂ ਪਵੇਗਾ । ਅੱਜ ਤੋਂ ਬਾਦ ਇਸਦਾ ਨਾਮ ਵੀ ਅਰੂੜ ਸਿੰਘ  ਅਤੇ ਮਹੰਤ ਨਰੈਣੂੰ  ਦੇ ਨਾਵਾਂ ਨਾਲ ਹੀ ਇਤਿਹਾਸ ਦੇ ਪੰਨਿਆਂ ਵਿੱਚ ਲਿਖਿਆ ਜਾਵੇਗਾ । 

ਇੰਦਰਜੀਤ ਸਿੰਘ, ਕਾਨਪੁਰ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.