ਸੂਰਜ ਦਾ ਰੱਥ
ਸਰਵਜੀਤ ਸਿੰਘ ਸੈਕਰਾਮੈਂਟੋ
sarbjits@gmail.com
ਧਰਤੀ ਦੇ ਸੂਰਜ ਦੁਆਲੇ ਇਕ ਚੱਕਰ, ਜਿਸ ਨੂੰ ਸਾਲ ਕਹਿੰਦੇ ਹਨ ਵਿੱਚ ਦੋ ਦਿਨ ਅਜੇਹੇ ਆਉਂਦੇ ਹਨ ਜਦੋਂ ਧਰਤੀ ਤੇ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ। ਸਾਲ ਵਿਚ ਦੋ ਦਿਨ ਅਜੇਹੇ ਵੀ ਆਉਂਦੇ ਹਨ ਉੱਤਰੀ ਅਰਧ ਗੋਲੇ ਵਿੱਚ ਦਿਨ ਵੱਡੇ ਤੋਂ ਵੱਡਾ ਅਤੇ ਰਾਤ ਛੋਟੀ ਤੋਂ ਛੋਟੀ ਹੁੰਦੀ ਹੈ ਉਸੇ ਵੇਲੇ ਦੱਖਣੀ ਅਰਧ ਗੋਲੇ ਵਿਚ ਰਾਤ ਵੱਡੀ ਤੋਂ ਵੱਡੀ ਅਤੇ ਦਿਨ ਛੋਟੇ ਤੋਂ ਛੋਟਾ ਹੁੰਦਾ ਹੈ। ਇਸ ਤੋਂ ਉਲਟ ਜਦੋਂ ਉਤਰੀ ਅਰਧ ਗੋਲੇ ਵਿੱਚ ਦਿਨ ਛੋਟੇ ਤੋਂ ਛੋਟਾ ਅਤੇ ਰਾਤ ਵੱਡੀ ਤੋਂ ਵੱਡੀ ਹੁੰਦੀ ਹੈ ਉਸ ਵੇਲੇ ਦੱਖਣੀ ਅਰਧ ਗੋਲੇ ਵਿੱਚ ਦਿਨ ਵੱਡੇ ਤੋਂ ਵੱਡਾ ਅਤੇ ਰਾਤ ਛੋਟੀ ਤੋਂ ਛੋਟੀ ਹੁੰਦੀ ਹੈ। ਭਾਵੇਂ ਸਾਨੂੰ ਇਹ ਪੜਾਇਆ ਗਿਆ ਹੈ ਕਿ ਸੂਰਜ ਪੂਰਬ ਤੋਂ ਨਿਕਲਦਾ ਹੈ ਅਤੇ ਪੱਛਮ ਵਿੱਚ ਛਿਪ ਜਾਂਦਾ ਹੈ। ਪਰ ਅਜੇਹਾ ਸਾਲ ਵਿੱਚ ਦੋ ਕੁ ਦਿਨ ਹੀ ਹੁੰਦਾ ਹੈ ਜਦੋਂ ਸੂਰਜ ਪੂਰਬ ਭਾਵ 90° ਤੋਂ ਨਿਕਲਦਾ ਹੈ। ਉਸ ਤੋਂ ਅਗਲੇ ਦਿਨ ਇਹ 89° ਜਾਂ 91° ਤੋਂ ਉਦੇ ਹੁੰਦਾ ਹੈ। ਸੂਰਜ ਦੇ ਉਦੇ ਹੋਣ ਦੀ ਦਿਸ਼ਾ ਪੂਰਬ ਤੋਂ (90°) ਉੱਤਰਵੱਲ ਨੂੰ ਲੱਗਭੱਗ 28° ਅਤੇ ਦੱਖਣ ਵੱਲ ਨੂੰ 28° ਤੱਕ ਹੁੰਦੀ ਹੈ। ਇਸ ਨੂੰ ਇਸ ਤਰ੍ਹਾਂ ਵੀ ਸਮਝਿਆ ਜਾ ਸਕਦਾ ਹੈ ਕਿ ਅੰਮ੍ਰਿਤਸਰ ਵਿਖੇ ਸੂਰਜ ਲੱਗਭੱਗ 62.15° ਤੋਂ 117.32° ਦੇ ਦਰਮਿਆਨ ਚੜਦਾ ਹੈ। ਇਸ ਨੂੰ ਸੂਰਜ ਦਾ ਰੱਥ ਫਿਰਨਾ ਕਿਹਾ ਜਾਂਦਾ ਹੈ।
“ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ” (ਪੰਨਾ 1108)
ਕਦੇ ਸਮਾਂ ਸੀ, ਜਦੋਂ ਇਹ ਮੰਨਿਆ ਜਾਂਦਾ ਸੀ ਕਿ ਧਰਤੀ ਚਪਟੀ ਅਤੇ ਖੜੀ ਹੈ। ਸੂਰਜ ਇਸ ਦੀ ਪ੍ਰਕਰਮਾ ਕਰਦਾ ਹੈ। ਕੋਪਰਨੀਕਸ (1473-1534) ਅਤੇ ਕੈਪਲਰ (1571-1630) ਨੇ ਗਣਿਤ ਰਾਹੀ ਇਹ ਸਾਬਿਤ ਕੀਤਾ ਕਿ ਧਰਤੀ ਘੁੰਮ ਰਹੀ ਹੈ। ਗੈਲੀਲੀਓ (1564-1642) ਨੇ ਪ੍ਰਯੋਗ ਰਾਹੀ ਸਾਬਿਤ ਕੀਤਾ ਸੀ ਕਿ ਗ੍ਰਹਿ ਚਾਲ ਦਾ ਕੇਂਦਰ ਧਰਤੀ ਨਹੀਂ ਸਗੋਂ ਸੂਰਜ ਹੈ। ਧਰਤੀ ਸਮੇਤ ਸਾਰੇ ਗ੍ਰਹਿ ਸੂਰਜ ਦੁਆਲੇ, ਇਕ ਖਾਸ ਰਫਤਾਰ ਅਤੇ ਇਕ ਖਾਸ ਦੂਰੀ ਤੇ ਰਹਿ ਕੇ ਚੱਕਰ ਲਾਉਂਦੇ ਹਨ। ਉਸ ਵੇਲੇ ਦੇ ਧਾਰਮਿਕ ਆਗੂਆਂ ਨੇ ਗੈਲੀਲੀਓ ਨਾਲ ਕਿਵੇਂ ਸਿੱਝਿਆ, ਉਹ ਇਤਿਹਾਸ ਦਾ ਅੰਗ ਬਣ ਚੁੱਕਾ ਹੈ। ਅਖੀਰ ਜਦੋਂ ਉਨ੍ਹਾਂ ਦੇ ਧਾਰਮਿਕ ਆਗੂਆਂ ਨੂੰ, ਕਰਤੇ ਦੇ ਨਿਯਮ ਦੀ ਸਮਝ ਆਈ ਤਾਂ ਉਨ੍ਹਾਂ ਨੂੰ ਆਪਣੇ ਪੂਰਵਜਾਂ ਵੱਲੋਂ ਕੀਤੀ ਗਈ ਗਲਤੀ ਦਾ ਅਹਿਸਾਸ ਹੋਇਆ ਕਿ ਗੈਲੀਲੀਓ ਨਾਲ ਜ਼ਿਆਦਤੀ ਹੋਈ ਸੀ। ਉਨ੍ਹਾਂ ਨੇ ਸਾਢੇ ਤਿੰਨ ਸਦੀਆਂ ਪਿਛੋਂ, 1992 ਈ: ਵਿੱਚ ਪਿਛਲਾ ਫੈਸਲਾ ਖ਼ਾਰਜ ਕਰ ਦਿੱਤਾ। ਪੋਪ ਜੌਹਨਪਾਲ (ਦੂਜਾ) ਨੇ ਗੈਲੀਲੀਓ ਤੋਂ ਮਾਫ਼ੀ ਮੰਗਦਿਆਂ ਕਿਹਾ ਕਿ “ਤੂਸੀ ਸਹੀ ਸੀ, ਅਸੀਂ ਸਾਰੇ ਹੀ ਗਲਤ ਸੀ”। ਅੱਜ ਇਹ ਘੋੜੇ ਚੜ੍ਹੀ ਸਚਾਈ ਹੈ ਕਿ ਧਰਤੀ ਗੋਲ ਹੈ। ਧਰਤੀ ਆਪਣੇ ਧੁਰੇ ਦੁਆਲੇ ਲੱਗ ਭੱਗ 1037 ਮੀਲ ਪ੍ਰਤੀ ਘੰਟਾ (ਭੂ ਮੱਧ ਰੇਖਾਂ ਉੱਪਰ) ਦੀ ਰਫਤਾਰ ਨਾਲ ਘੁੰਮਦੀ ਹੈ। ਇਸ ਕਾਰਨ ਧਰਤੀ ਉਤੇ ਦਿਨ ਅਤੇ ਰਾਤ ਬਣਦੇ ਹਨ। ਧਰਤੀ ਦਾ ਜਿਹੜਾ ਪਾਸਾ ਸੂਰਜ ਦੇ ਸਾਹਮਣੇ ਆ ਜਾਂਦਾ ਹੈ ਉਥੇ ਸੂਰਜ ਦੀ ਰੋਸ਼ਨੀ ਪੈਣ ਕਾਰਨ ਦਿਨ ਹੁੰਦਾ ਅਤੇ ਦੂਜੇ ਪਾਸੇ ਹਨੇਰਾ ਹੋਣ ਕਾਰਨ ਰਾਤ ਪੈ ਜਾਂਦੀ ਹੈ। ਧਰਤੀ ਸੂਰਜ ਤੋਂ ਲੱਗਭੱਗ 92962000 ਮੀਲ ਦੂਰ ਰਹਿ ਕੇ ਸੂਰਜ ਦੀ ਪ੍ਰਕਰਮਾ ਕਰਦੀ ਹੈ। ਧਰਤੀ ਦਾ ਇਹ ਚੱਕਰ, ਜਿਸ ਨੂੰ ਸਾਲ ਕਿਹਾ ਜਾਂਦਾ ਹੈ, 365 ਦਿਨ 5 ਘੰਟੇ 48 ਮਿੰਟ 45 ਸੈਕਿੰਡ ਵਿਚ ਪੂਰਾ ਹੁੰਦਾ ਹੈ। ਇਸ ਨੂੰ ਰੁੱਤੀ ਸਾਲ (Tropical year) ਕਿਹਾ ਜਾਂਦਾ ਹੈ। ਧਰਤੀ ਤੇ ਰੁੱਤਾਂ, ਸਾਲ ਦੀ ਇਸੇ ਲੰਬਾਈ ਮੁਤਾਬਕ ਬਦਲਦੀਆਂ ਹਨ।
ਧਰਤੀ ਦੇ ਧੁਰੇ ਦਾ ਲੱਗਭੱਗ 23.5° ਝੁਕਿਆ ਹੋਣ ਕਾਰਨ, ਜਦੋਂ ਧਰਤੀ ਸੂਰਜ ਦਾ ਚੱਕਰ ਕੱਟਦੀ ਹੈ ਤਾਂ ਧਰਤੀ ਦੇ ਵੱਖ-ਵੱਖ ਹਿੱਸਿਆਂ ਤੇ ਸੂਰਜ ਦੀ ਰੋਸ਼ਨੀ ਅਤੇ ਗਰਮੀ ਵੱਧਦੀ-ਘੱਟਦੀ ਰਹਿੰਦੀ ਹੈ। ਇਸ ਕਾਰਨ ਧਰਤੀ ਉਤੇ ਦਿਨ ਵੱਡੇ-ਛੋਟੇ ਹੁੰਦੇ ਹਨ ਅਤੇ ਵੱਖ-ਵੱਖ ਰੁੱਤਾਂ ਬਦਲਦੀਆਂ ਹਨ।
ਚੰਦ, ਧਰਤੀ ਦੇ ਦੁਆਲੇ ਘੁੰਮਦਾ ਹੈ। ਇਸ ਦੇ ਪੰਧ ਵਿੱਚ ਤਾਰਿਆਂ ਦੇ 27 ਸਮੂਹ ਮੰਨੇ ਗਏ ਹਨ। ਜਿਨ੍ਹਾਂ ਨੂੰ ਨਛੱਤਰ ਕਿਹਾ ਜਾਂਦਾ ਹੈ। ਇਕ ਦਿਨ ਦਾ ਇਕ ਨਛੱਤਰ ਮੰਨਿਆ ਗਿਆ ਹੈ। ਇਸ ਹਿਸਾਬ ਨਾਲ ਚੰਦ ਦਾ ਧਰਤੀ ਦੁਆਲੇ ਇਕ ਚੱਕਰ ਦਾ 27.32 ਦਿਨ (27 ਦਿਨ 7 ਘੰਟੇ 43 ਮਿੰਟ) ਸਮਾਂ ਬਣਦਾ ਹੈ। ਪਰ ਇਸੇ ਸਮੇਂ ਦੌਰਾਨ ਧਰਤੀ ਜੋ ਸੂਰਜ ਦੁਆਲੇ ਘੁੰਮਦੀ ਹੈ, ਲੱਗਭੱਗ 27° ਅੱਗੇ ਵੱਧ ਜਾਂਦੀ ਹੈ ਤਾਂ ਇਹ ਵੱਧੇ ਹੋਏ ਫਾਸਲੇ ਸਮੇਤ ਇਕ ਚੱਕਰ ਪੂਰਾ ਕਰਨ ਲਈ ਚੰਦ ਨੂੰ 29.53 ਦਿਨ (29 ਦਿਨ 12 ਘੰਟੇ 44 ਮਿੰਟ) ਲੱਗਦੇ ਹਨ। ਇਸ ਨੂੰ ਚੰਦ ਦਾ ਇਕ ਮਹੀਨਾ ਕਿਹਾ ਜਾਂਦਾ ਹੈ। ਇਹ ਮੱਸਿਆ ਤੋਂ ਮੱਸਿਆ ( ਅਮਾਂਤਾ) ਜਾਂ ਪੁੰਨਿਆ ਤੋਂ ਪੁੰਨਿਆ (ਪੂਰਨਮੰਤਾ) ਤਾਈਂ ਗਿਣਿਆ ਜਾਂਦਾ ਹੈ। ਚੰਦ ਦੇ ਸਾਲ ਵਿੱਚ 12 ਮਹੀਨੇ ਹੁੰਦੇ ਹਨ, ਚੰਦ ਦੇ ਸਾਲ ਦੀ ਲੰਬਾਈ 354.37 ਦਿਨ ਮੰਨੀ ਗਈ ਹੈ। ਚੰਦ ਦਾ ਇਕ ਸਾਲ ਸੂਰਜ ਦੇ ਸਾਲ ਨਾਲੋਂ ਲੱਗਭੱਗ 11 ਦਿਨ ਛੋਟਾ ਹੁੰਦਾ ਹੈ। ਇਕ ਸਾਲ ਵਿੱਚ 11 ਦਿਨ, ਦੋ ਸਾਲਾਂ ਵਿੱਚ 22 ਜਦੋਂ ਚੰਦ ਦਾ ਸਾਲ ਸੂਰਜੀ ਸਾਲ ਤੋਂ ਪਿਛੇ ਰਹਿ ਜਾਂਦਾ ਹੈ ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਇਸ ਵਿੱਚ ਤੀਜੇ ਸਾਲ (19 ਸਾਲ ਵਿੱਚ 7 ਸਾਲ) ਇਕ ਮਹੀਨਾ ਜੋੜ ਦਿੱਤਾ ਜਾਂਦਾ ਹੈ। ਇਸ ਸਾਲ ਚੰਦ ਦੇ ਸਾਲ ਵਿੱਚ 384/85 ਦਿਨ ਹੋ ਜਾਂਦੇ ਹਨ।ਇਹ ਹੀ ਕਾਰਨ ਹੈ ਕਿ ਚੰਦ ਦੇ ਸਾਲ ਜਾਂ ਕੈਲੰਡਰ ਦਾ ਰੁੱਤਾਂ ਨਾਲ ਸਬੰਧ ਨਹੀਂ ਰਹਿੰਦਾ।ਸੱਚ ਤਾ ਇਹ ਹੈ ਕਿ ਚੰਦ ਦੇ ਸਾਲ ਨੂੰ ਜਿਸ ਸੂਰਜੀ ਬਿਕ੍ਰਮੀ ਸਾਲ ਦੇ ਨੇੜੇ ਤੇੜੇ ਰੱਖਿਆ ਜਾਂਦਾ ਹੈ, ਉਸ ਸਾਲ ਦਾ ਵੀ ਰੁੱਤਾਂ ਨਾਲ ਸਬੰਧ ਨਹੀਂ ਹੈ।
ਸਰਵਜੀਤ ਸਿੰਘ ਸੈਕਰਾਮੈਂਟੋ
ਸੂਰਜ ਦਾ ਰੱਥ
Page Visitors: 2400