ਕੈਟੇਗਰੀ

ਤੁਹਾਡੀ ਰਾਇ



ਸਰਵਜੀਤ ਸਿੰਘ ਸੈਕਰਾਮੈਂਟੋ
8 ਅੱਸੂ ਬਨਾਮ ਅੱਸੂ ਵਦੀ 10
8 ਅੱਸੂ ਬਨਾਮ ਅੱਸੂ ਵਦੀ 10
Page Visitors: 2041

8 ਅੱਸੂ ਬਨਾਮ ਅੱਸੂ ਵਦੀ 10

ਸਰਵਜੀਤ ਸਿੰਘ ਸੈਕਰਾਮੈਂਟੋ

ਸਿੱਖ ਇਤਿਹਾਸ ਨਾਲ ਸਬੰਧਿਤ ਕਈ ਤਾਰੀਖਾਂ ਬਾਰੇ ਮੱਤ-ਭੇਦ ਹਨ ਪਰ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜਿਆਂ ਅਤੇ ਜੋਤੀ ਜੋਤ ਸਮਾਉਣ ਦੇ ਦਿਹਾੜਿਆਂ ਦੀਆਂ ਤਾਰੀਖਾਂ ਬਾਰੇ ਕੋਈ ਮੱਤ ਭੇਦ ਨਹੀਂ ਹੈ। ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ, 8 ਅੱਸੂ, ਅੱਸੂ ਵਦੀ 10 ਸੰਮਤ 1596 ਬਿਕ੍ਰਮੀ ਪ੍ਰਵਾਣਿਤ ਤਾਰੀਖ ਹੈ। ਜਦੋਂ ਕਿਸੇ
ਅੰਗਰੇਜ ਲਿਖਾਰੀ ਨੇ ਜਾਂ ਅੰਗਰੇਜ ਭਗਤ ਲਿਖਾਰੀ ਨੇ ਇਸ ਤਾਰੀਖ ਨੂੰ ਅੰਗਰੇਜੀ ਕੈਲੰਡਰ ਵਿੱਚ ਲਿਖਿਆ ਤਾਂ ਇਹ 7 ਸਤੰਬਰ 1539 ਈ: (ਜੂਲੀਅਨ) ਲਿਖੀ ਗਈ। ਇਸਲਾਮ ਧਰਮ ਨਾਲ ਸਬੰਧਿਤ ਕਿਸੇ ਲਿਖਾਰੀ ਨੇ ਇਸੇ ਤਾਰੀਖ ਨੂੰ 23 ਰਬੀ ਉਲ ਸਾਨੀ 946 ਹਿਜਰੀ ਲਿਖਿਆ ਹੋਵੇਗਾ। ਵਦੀ-ਸੁਦੀ ਦਾ ਭੁਲੇਖਾ ਲੱਗਣ ਕਾਰਨ, ਕਈ ਲਿਖਾਰੀਆਂ ਨੇ ਅੱਸੂ ਸੁਦੀ 10 (22 ਸਤੰਬਰ) ਵੀ ਲਿਖਿਆ ਹੈ। ਕਈ ਲਿਖਤਾਂ ਵਿੱਚ ਅੱਸੂ ਵਦੀ 10 ਤਾਂ ਸਹੀ ਹੈ ਪਰ ਅੰਗਰੇਜੀ ਤਾਰੀਖ `ਚ ਬਦਲੀ ਕਰਨ ਵੇਲੇ ਗਲਤੀ ਹੋਈ ਹੈ। ਜਿਵੇ ਗੁਰਬਾਣੀ ਪਾਠ ਦਰਪਣ ਵਿੱਚ 10 ਅਕਤੂਬਰ ਦਰਜ ਹੈ। ਜਦੋਂ ਕਿ ਇਹ 7 ਸਤੰਬਰ ਬਣਦੀ ਹੈ।
ਅੱਜ ਤੋਂ 482 ਸਾਲ ਪਹਿਲਾ ਇਹ ਦੋਵੇਂ ਤਾਰੀਖਾਂ ਇਕੋ ਦਿਨ ਹੀ ਆਈਆਂ ਸਨ ਪਰ ਹਰ ਸਾਲ ਅਜੇਹਾ ਨਹੀਂ ਹੁੰਦਾ। ਸੰਮਤ 1596 ਬਿਕ੍ਰਮੀ ਤੋਂ ਪਿਛੋਂ ਇਹ ਦੋਵੇਂ ਤਾਰੀਖਾਂ ਸੰਮਤ 1615 ਬਿਕ੍ਰਮੀ (7 ਸਤੰਬਰ 1558 ਈ: ਜੂਲੀਅਨ) ਵਿੱਚ ਇਕੱਠੀਆਂ ਆਈਆਂ ਸਨ। ਇਸ ਦਾ ਕਾਰਨ ਇਹ ਹੈ ਕਿ, ਇਨ੍ਹਾਂ ਵਿਚੋਂ ਇਕ ਤਾਰੀਖ (8 ਅੱਸੂ) ਸੂਰਜੀ ਬ੍ਰਿਕਮੀ (Solar) ਕੈਲੰਡਰ ਦੀ ਹੈ ਜਿਸ ਦੇ ਸਾਲ ਦੇ 365 ਦਿਨ ਹੁੰਦੇ ਹਨ। ਦੂਜੀ ਤਾਰੀਖ (ਅੱਸੂ ਵਦੀ 10) ਚੰਦਰ-ਸੂਰਜੀ (Lunisolar) ਬ੍ਰਿਕਮੀ ਕੈਲੰਡਰ ਦੀ ਹੈ। ਜਿਸ ਦੇ ਸਾਲ ਦੇ 354 ਦਿਨ ਹੁੰਦੇ ਹਨ। ਚੰਦ ਦਾ ਸਾਲ ਸੂਰਜੀ ਸਾਲ ਤੋਂ 11 ਦਿਨ ਛੋਟਾ ਹੁੰਦਾ ਹੈ। ਇਸ ਕਾਰਨ ਅੱਸੂ ਵਦੀ 10, ਅਗਲੇ ਸਾਲ 11 ਦਿਨ ਪਹਿਲਾ ਆ ਜਾਂਦੀ ਹੈ। ਇਕ ਸਾਲ ਵਿੱਚ 11 ਦਿਨ, ਦੋ ਸਾਲ ਵਿੱਚ 22 ਦਿਨ ਅਤੇ ਤਿੰਨ ਸਾਲ ਪਿਛੋਂ 33 ਦਿਨ, ਇਹ ਫਰਕ ਵੱਧਦਾ ਹੀ ਜਾਵੇਗਾ। ਹਿਜਰੀ ਕੈਲੰਡਰ ਇਸੇ ਤਰ੍ਹਾਂ ਹੀ ਚਲਦਾ ਹੈ। ਪਰ ਬਿਕ੍ਰਮੀ ਕੈਲੰਡਰ ਵਿੱਚ ਅਜੇਹਾ ਨਹੀਂ ਹੁੰਦਾ। ਚੰਦ ਦਾ ਸਾਲ ਜਦੋਂ ਸੂਰਜੀ ਸਾਲ ਤੋਂ ਪਿੱਛੇ ਰਹਿ ਜਾਂਦਾ ਹੈ ਤਾਂ ਇਸ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿਚ ਇਕ ਹੋਰ ਮਹੀਨਾ ਜੋੜ ਦਿੱਤਾ ਜਾਂਦਾ ਹੈ। ਉਸ ਨੂੰ ਮਲ ਮਾਸ ਕਹਿੰਦੇ ਹਨ। ਉਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਅਤੇ 384-85 ਦਿਨ ਹੋ ਜਾਂਦੇ ਹਨ। 19 ਸਾਲਾਂ ਵਿੱਚ ਅਜੇਹਾ 7 ਵਾਰ ਕੀਤਾ ਜਾਂਦਾ ਹੈ।ਜਿਹੜਾ ਦਿਹਾੜਾ 11 ਦਿਨ ਪਹਿਲਾ ਆਉਣਾ ਚਾਹੀਦਾ ਸੀ, ਉਸ ਸਾਲ ਉਹ ਦਿਹਾੜਾ 18-19 ਦਿਨ ਪੱਛੜ ਜਾਂਦਾ ਹੈ। ਇਸ ਲਈ ਦੋਵੇਂ ਤਾਰੀਖਾਂ ਹਰ ਸਾਲ ਇਕੱਠਿਆਂ ਨਹੀਂ ਆਉਂਦੀਆਂ। ਪਿਛਲੇ ਸਾਲ (ਸੰਮਤ 2077 ਬਿਕ੍ਰਮੀ) ਚੰਦ ਦੇ ਸਾਲ ਵਿੱਚ 13 ਮਹੀਨੇ ਸਨ। ਅੱਸੂ ਦਾ ਮਹੀਨਾ ਦੋ ਵਾਰ (ਇਕ ਸ਼ੁੱਧ ਅਤੇ ਦੂਜਾ ਅਸ਼ੁੱਧ) ਆਇਆ ਸੀ। ਹੁਣ ਸੰਮਤ 2080 ਬਿਕ੍ਰਮੀ ਵਿੱਚ ਸਾਵਣ ਦਾ ਮਹੀਨਾ ਅਤੇ ਸੰਮਤ 2083 ਬਿਕ੍ਰਮੀ ਵਿੱਚ ਜੇਠ ਦਾ ਮਹੀਨਾ ਦੋ ਵਾਰੀ ਆਵੇਗਾ। ਇਹ ਸਿਲਸਿਲਾ ਇਸੇ ਤਰ੍ਹਾਂ ਹੀ ਚਲਦਾ ਰਹੇਗਾ।
ਨਾਨਕਸ਼ਾਹੀ ਕੈਲੰਡਰ ਕਮੇਟੀ ਵੱਲੋਂ ਨਿਰਧਾਰਤ ਕੀਤੇ ਗਏ ਪੈਮਾਨੇ ਵਿੱਚ ਇਹ ਵੀ ਸ਼ਾਮਿਲ ਹੈ ਕਿ, “ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਬਦਲੀ ਕਰਨ ਲਈ ਅੰਗਰੇਜੀ ਤਾਰੀਖਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਮੁੱਖ ਰੱਖਿਆ ਜਾਵੇਗਾ”। ਕੈਲੰਡਰ ਕਮੇਟੀ ਵੱਲੋਂ ਕੀਤੇ ਗਏ ਇਸ ਫੈਸਲੇ ਅਨੁਸਾਰ, ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੇ ਪ੍ਰਵਿਸ਼ਟੇ ਭਾਵ 8 ਅੱਸੂ ਨੂੰ ਮੁੱਖ ਰੱਖਿਆ ਗਿਆ ਹੈ। ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਸੂ ਮਹੀਨੇ ਦਾ ਆਰੰਭ ਹਰ ਸਾਲ 15 ਸਤੰਬਰ ਨੂੰ ਹੁੰਦਾ ਹੈ ਇਸ ਲਈ 8 ਅੱਸੂ ਨੂੰ ਹਰ ਸਾਲ 22 ਸਤੰਬਰ ਹੀ ਆਵੇਗੀ। ਜਦੋਂ ਕਿ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ, ਅੱਸੂ ਵਦੀ 10 ਮੁਤਾਬਕ ਪਿਛਲੇ ਸਾਲ (2020 ਈ:) 12 ਸਤੰਬਰ, ਇਸ ਸਾਲ (2021 ਈ:) 1 ਅਕਤੂਬਰ, 2022 ਈ: ਵਿੱਚ 20 ਸਤੰਬਰ ਅਤੇ 2023 ਈ: ਵਿੱਚ 9 ਅਕਤੂਬਰ ਨੂੰ ਆਵੇਗੀ।
ਨਾਨਕਸ਼ਾਹੀ ਕੈਲੰਡਰ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੰਮਤ 535 ਨਾਨਕਸ਼ਾਹੀ (2003 ਈ:) ਵਿੱਚ ਲਾਗੂ ਕੀਤਾ ਗਿਆ ਸੀ। ਪਰ ਬਿਨਾ ਕੋਈ ਕਾਰਨ ਦੱਸੇ 2010 ਈ: ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰ ਦਿੱਤਾ ਗਿਆ। ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਪਿਛਲੇ ਇਕ ਦਹਾਕੇ ਵਿੱਚ, ਧਰਮ ਪ੍ਰਚਾਰ ਕਮੇਟੀ ਜਾਂ ਅਕਾਲ ਤਖਤ ਸਾਹਿਬ ਦੇ ਦਫਤਰ ਵੱਲੋਂ, ਕੈਲੰਡਰ ਸਬੰਧੀ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ। ਪਰ, ਪਿਛਲੇ ਦਿਨੀਂ ਅਚਾਨਕ ਹੀ ਇਹ ਖ਼ਬਰ ਆਈ ਕਿ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, 9 ਮੈਂਬਰਾਂ ਦੇ ਵਫ਼ਦ ਸਮੇਤ 20 ਸਤੰਬਰ ਨੂੰ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੱਦੇ ਤੇ, ਗੁਰੂ ਨਾਨਕ ਜੀ ਦੇ ਜੋਤੀ ਜੋਤ ਦਿਹਾੜੇ ਦੇ ਸਮਾਗਮਾਂ ਵਿਚ ਭਾਗ ਲੈਣ ਲਈ ਪਾਕਿਸਤਾਨ ਪੁੱਜ ਗਏ ਹਨ। ਉਨ੍ਹਾਂ 21 ਸਤੰਬਰ ਨੂੰ ਕਰਤਾਰ ਪੁਰ ਸਾਹਿਬ ਵਿਖੇ ਸਜਾਏ ਗਏ ਨਗਰ ਕੀਰਤਨ ਵਿਚ ਭਾਗ ਲਿਆ ਅਤੇ 22 ਸਤੰਬਰ ਨੂੰ ਮੁੱਖ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਯਾਦ ਰਹੇ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਦਿਹਾੜਾ ਨਾਨਕਸ਼ਾਹੀ ਕੈਲੰਡਰ ਮੁਤਾਬਕ, ਹਰ ਸਾਲ 8 ਅੱਸੂ (22 ਸਤੰਬਰ) ਨੂੰ ਮਨਾਇਆ ਜਾਂਦਾ ਹੈ। ਜਦੋਂ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਛਾਪੇ ਗਏ ਅਤੇ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ 13 ਮਾਰਚ 2021 ਈ: ਨੂੰ ਜਾਰੀ ਕੀਤੇ ਗਏ ਬਿਕ੍ਰਮੀ ਕੈਲੰਡਰ ਵਿੱਚ ਇਹ ਦਿਹਾੜਾ 1 ਅਕਤੂਬਰ ਦਾ ਦਰਜ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਹ ਦਿਹਾੜਾ 1 ਅਕਤੂਬਰ ਨੂੰ ਮਨਾਇਆ ਜਾਣਾ ਹੈ।
ਹੈਰਾਨੀ ਦੀ ਗੱਲ ਹੈ ਕਿ 13 ਮਾਰਚ 2021 ਈ: ਦਿਨ ਸ਼ਨਿਚਰਵਾਰ ਨੂੰ, ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ, ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਕੈਲੰਡਰ ਜਾਰੀ ਕਰਨ ਵੇਲੇ ਸੰਗਤਾਂ ਨੂੰ ਬਿਕ੍ਰਮੀ ਕੈਲੰਡਰ ਤੇ ਪਹਿਰਾ ਦੇਣ ਦਾ ਉਪਦੇਸ਼ ਦਿੱਤਾ ਸੀ, ਜਿਸ ਮੁਤਾਬਕ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਦਿਹਾੜਾ ਅੱਸੂ ਵਦੀ 10 (1 ਅਕਤੂਬਰ) ਨੂੰ ਹੈ। ਪਰ ਹੁਣ ਅਚਾਨਕ ਹੀ ਪਾਕਿਸਤਾਨ ਵਿਖੇ ਪੁੱਜ ਕੇ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦੇ ਦਿੱਤੀ ਹੈ। ਜਿਸ ਮੁਤਾਬਕ ਇਹ ਦਿਹਾੜਾ 8 ਅੱਸੂ (22 ਸਤੰਬਰ) ਨੂੰ ਮਨਾਇਆ ਗਿਆ ਹੈ। ਯਾਦ ਰਹੇ ,ਅਗਸਤ 2019 ਵਿੱਚ ਅੰਤਰਰਾਸ਼ਟਰੀ ਨਗਰ ਕੀਰਤਨ ਦੀ ਆਰੰਭਤਾਂ ਵੇਲੇ, ਜਦੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪਾਕਿਸਤਾਨ ਗਏ ਸਨ ਤਾਂ ਉਥੇ ਦੀ ਕਮੇਟੀ ਨਾਲ ਵਾਇਦਾ ਕਰਕੇ ਆਏ ਸਨ ਕਿ ਅਗਲੇ ਸਾਲ ਕੈਲੰਡਰ ਦਾ ਮਸਲਾ ਹਲ ਕਰਕੇ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸਾਂਝੇ ਤੌਰ ਨੇ ਮਨਾਇਆ ਜਾਵੇਗਾ। ਪਰ ਪਿਛਲੇ ਦੋ ਸਾਲਾਂ ਵਿਚ ਇਸ ਵਿਸ਼ੇ ਤੇ ਕੋਈ ਵੀ ਵਿਚਾਰ ਚਰਚਾ ਨਹੀਂ ਹੋਈ। ਪਿਛਲੇ ਸਾਲ ਅਤੇ ਇਸ ਸਾਲ ਸ਼੍ਰੋਮਣੀ ਕਮੇਟੀ ਵੱਲੋਂ ਬਿਕ੍ਰਮੀ ਕੈਲੰਡਰ ਹੀ ਛਾਪਿਆ ਗਿਆ ਸੀ। ਪਰ ਹੁਣ ਜਥੇਦਾਰ ਜੀ ਦੀ ਅਚਾਨਕ ਪਾਕਿ ਫੇਰੀ ਨੇ ਪੰਥਕ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ। ਕੀ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਇਹ ਫੇਰੀ ਕੈਲੰਡਰ ਦਾ ਮਸਲਾ ਹਲ ਕਰਨ ਲਈ ਪਹਿਲ ਕਦਮੀ ਹੈ ਜਾਂ ਇਹ ਫੇਰੀ ਕਿਸੇ ਸਿਆਸੀ ਸ਼ਾਜਿਸ ਦਾ ਹਿੱਸਾ ਹੈ? ਜਦੋਂ ਇਤਿਹਾਸ ਤੇ ਨਿਗਾਹ ਮਾਰਦੇ ਹਾਂ ਤਾਂ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦਾ ਚਿਹਰਾ ਸਾਹਮਣੇ ਆਉਂਦਾ ਹੈ, ਜਿਨ੍ਹਾਂ ਨੂੰ ਜਨਵਰੀ 2015 ਈ: ਵਿੱਚ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਨੂੰ ਮਨਾਉਣ ਕਾਰਨ, ਸ਼੍ਰੋਮਣੀ ਕਮੇਟੀ ਵੱਲੋਂ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਦੀਆਂ ਸੇਵਾਵਾਂ ਤੋਂ ਲਾਂਭੇ ਕਰ ਦਿੱਤਾ ਗਿਆ ਸੀ। ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ, ਨਾਨਕਸ਼ਾਹੀ ਕੈਲੰਡਰ ਮੁਤਾਬਕ 8 ਅੱਸੂ ਨੂੰ ਮਨਾਏ ਗਏ ਗੁਰੂ ਨਾਨਕ ਜੀ ਦੇ ਜੋਤੀ ਜੋਤ ਦਿਹਾੜੇ ਦੇ ਸਮਾਗਮਾਂ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਣਾ, ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦਾ ਹੈ। ਵੇਖਦੇ ਹਾਂ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੁਣ ਕੀ ਰੁਖ ਅਖਤਿਆਰ ਕਰਦੀ ਹੈ?

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.