ਕੈਟੇਗਰੀ

ਤੁਹਾਡੀ ਰਾਇ



ਸਰਵਜੀਤ ਸਿੰਘ ਸੈਕਰਾਮੈਂਟੋ
ਜਥੇਦਾਰ ਜੀ ਨੂੰ ਬੇਨਤੀ ਪੱਤ੍ਰ
ਜਥੇਦਾਰ ਜੀ ਨੂੰ ਬੇਨਤੀ ਪੱਤ੍ਰ
Page Visitors: 35

ਜਥੇਦਾਰ ਜੀ ਨੂੰ ਬੇਨਤੀ ਪੱਤ੍ਰ
ਗਿਆਨੀ ਹਰਪ੍ਰੀਤ ਸਿੰਘ ਜੀ,
ਕਾਰਜਕਾਰੀ ਜੱਥੇਦਾਰ ਸਾਹਿਬ
ਅਕਾਲ ਤਖਤ ਸਾਹਿਬ, ਅੰਮ੍ਰਿਤਸਰ।
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਵਿਸ਼ਾ:- ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ।
ਸਤਿਕਾਰ ਯੋਗ ਗਿਆਨੀ ਹਰਪ੍ਰੀਤ ਸਿੰਘ ਜੀ, ਆਪ ਜੀ ਵੱਲੋਂ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਲਿਖਿਆ ਗਿਆ ਪੱਤਰ ਅਖ਼ਬਾਰਾਂ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣਿਆ ਹੋਇਆ ਹੈ। ਆਪ ਜੀ ਦੀ ਚਿੰਤਾ ਦਾ ਕਾਰਨ ਹੈ ਕਿ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ, ਜੋ ਹਰ ਸਾਲ 13 ਪੋਹ ਨੂੰ ਮਨਾਇਆ ਜਾਂਦਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਇਸ ਸਾਲ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਮੁਤਾਬਕ 14 ਪੋਹ ਨੂੰ ਆ ਰਿਹਾ ਹੈ। ਸ਼ਹੀਦੀ ਹਫ਼ਤੇ ਵਿੱਚ, ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਨਗਰ ਕੀਰਤਨ ਨਹੀਂ ਕੱਢੇ ਜਾ ਸਕਦੇ। ਇਸ ਸਬੰਧੀ ਆਪ ਜੀ ਦੀ ਚਿੰਤਾ ਜਾਇਜ਼ ਹੈ। ਇਸ ਲਈ ਆਪ ਜੀ ਨੇ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਪੱਤਰ ਲਿਖ ਕੇ ਆਦੇਸ਼ ਦਿੱਤਾ ਹੈ ਕਿ ਵਿਦਵਾਨਾਂ ਦੀ ਰਾਏ ਨਾਲ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ।
ਜਥੇਦਾਰ ਜੀ, ਆਪ ਜੀ ਦੇ ਧਿਆਨ ਹਿੱਤ ਬੇਨਤੀ ਹੈ ਕਿ ਜਿਹੜੀ ਸਮੱਸਿਆ ਅੱਜ ਆਈ ਹੈ ਇਹ ਅਤੇ ਕੈਲੰਡਰ ਸਬੰਧੀ ਅਜੇਹੀਆਂ ਹੋਰ ਸਮੱਸਿਆਵਾਂ ਦਾ ਹੱਲ ਤਾਂ ਵਿਦਵਾਨਾਂ ਨੇ 2003 ਈ: ਵਿੱਚ ਹੀ ਕਰ ਦਿੱਤਾ ਸੀ। ਪਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਕ ਸਿਆਸੀ ਧਿਰ ਅਤੇ ਸੰਤ ਸਮਾਜ ਦੇ ਹਿੱਤਾਂ ਨੂੰ ਮੁੱਖ ਰੱਖ ਕੇ 2010 ਈ: ਵਿੱਚ, ਦੋ ਮੈਂਬਰੀ ਕਮੇਟੀ ਦੀਆਂ ਸਿਫ਼ਾਰਿਸ਼ਾਂ ਨੂੰ ਮੰਨਦੇ ਹੋਏ, ਬਿਕ੍ਰਮੀ ਕੈਲੰਡਰ ਲਾਗੂ ਕਰ ਦਿੱਤਾ ਸੀ। ਜਿਸ ਕਾਰਨ ਹਰ ਸਾਲ ਕਿਸੇ-ਨਾ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਨ੍ਹਾਂ ਸਮੱਸਿਆਵਾਂ ਲਈ ਖ਼ੁਦ ਸ਼੍ਰੋਮਣੀ ਕਮੇਟੀ ਹੀ ਜਿੰਮੇਵਾਰ ਹੈ। ਕੀ ਸ਼੍ਰੋਮਣੀ ਕਮੇਟੀ ਇਸ ਸਵਾਲ ਦਾ ਜਵਾਬ ਦੇਵੇਗੀ ਕਿ ਜੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹਰ ਸਾਲ 8 ਪੋਹ ਅਤੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ ਨੂੰ ਮਨਾਇਆ ਜਾ ਸਕਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ 23 ਪੋਹ ਨੂੰ ਕਿਉਂ ਨਹੀਂ ਮਨਾਇਆ ਜਾ ਸਕਦਾ?
ਜਥੇਦਾਰ ਜੀ, ਸ਼੍ਰੋਮਣੀ ਕਮੇਟੀ ਨੂੰ ਸੰਮਤ 546 ਨਾਨਕਸ਼ਾਹੀ (2014 ਈ:) ਵਿੱਚ ਵੀ ਅਜੇਹੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ। ਉਸ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 13 ਪੋਹ ਨੂੰ ਆਇਆ ਸੀ। ਉਸ ਵੇਲੇ ਵੀ ਇਸ ਵਿਸ਼ੇ ਤੇ ਕਾਫੀ ਚਰਚਾ ਹੋਈ ਸੀ। ਸੰਮਤ 549 ਨਾਨਕਸ਼ਾਹੀ (2017 ਈ:) ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼ਹੀਦੀ ਹਫ਼ਤੇ ਦੇ ਵਿਚਕਾਰ ਭਾਵ 11 ਪੋਹ ਨੂੰ ਆਇਆ ਸੀ। ਇਸ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 14 ਪੋਹ ਨੂੰ ਆ ਰਿਹਾ ਹੈ। ਜੇ ਅਜੇ ਵੀ ਕੋਈ ਪੱਕਾ ਹੱਲ ਨਾ ਕੀਤਾ ਗਿਆ ਤਾਂ ਸੰਮਤ 557 ਨਾਨਕਸ਼ਾਹੀ (2025 ਈ:) ਵਿੱਚ ਫੇਰ ਇਸੇ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਉਸ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 13 ਪੋਹ ਨੂੰ ਆਵੇਗਾ। ਸੰਮਤ 560 ਨਾਨਕਸ਼ਾਹੀ (2028 ਈ:) ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼ਹੀਦੀ ਹਫ਼ਤੇ ਦੇ ਵਿਚਕਾਰ ਭਾਵ 9 ਪੋਹ ਨੂੰ ਆਵੇਗਾ। ਅਤੇ ਇਹ ਸਿਲਸਿਲਾ ਅੱਗੋਂ ਵੀ ਇਸੇ ਤਰ੍ਹਾਂ ਜਾਰੀ ਰਹੇਗਾ।
ਹੇਠ ਲਿਖਿਆ ਟੇਬਲ ਵੇਖੋ ਜਥੇਦਾਰ ਜੀ, ਆਪ ਜੀ ਵੱਲੋਂ ਮੰਗੇ ਗਏ ਸੁਝਾਓ ਸਬੰਧੀ ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਵੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਦੀ ਤਰ੍ਹਾਂ ਹਰ ਸਾਲ ਪ੍ਰਵਿਸ਼ਟਿਆਂ ਮੁਤਾਬਕ, 23 ਪੋਹ ਨੂੰ ਮਨਾਇਆ ਜਾਵੇ। ਇਹ ਹੀ ਇਸ ਸਮੱਸਿਆ ਦਾ ਸਦੀਵੀ ਹੱਲ ਹੈ। ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 8 ਪੋਹ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ 23 ਪੋਹ ਨੂੰ ਮਨਾਇਆ ਜਾਵੇ, ਇਸ ਤਰ੍ਹਾਂ ਕਦੇ ਵੀ ਅਜੇਹੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਆਸ ਹੈ ਕਿ ਆਪ ਜੀ ਇਸ ਸੁਝਾਓ ਤੇ ਗੌਰ ਕਰੋਗੇ।
ਸਤਿਕਾਰ ਸਹਿਤ
ਸਰਵਜੀਤ ਸਿੰਘ ਸੈਕਰਾਮੈਂਟੋ
10 ਮੱਘਰ, ਸੰਮਤ 554 ਨਾਨਕਸ਼ਾਹੀ
(23 ਨਵੰਬਰ 2022)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.