ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
"ਗੁਰੂ ਸਾਹਿਬ ਰਬਾਬੀ ਜਾਂ ਇਨਕਲਾਬੀ?" ਬਾਰੇ
"ਗੁਰੂ ਸਾਹਿਬ ਰਬਾਬੀ ਜਾਂ ਇਨਕਲਾਬੀ?" ਬਾਰੇ
Page Visitors: 2836

"ਗੁਰੂ ਸਾਹਿਬ ਰਬਾਬੀ ਜਾਂ ਇਨਕਲਾਬੀ?" ਬਾਰੇ                                                    
ਇੰਦਰ ਸਿੰਘ ਘੱਗਾ ਜੀ ਨੂੰ "ਗੁਰੂ ਸਾਹਿਬ ਰਬਾਬੀ ਜਾਂ ਇਨਕਲਾਬੀ?" ਵਰਗਾ ਸਵਾਲ ਚੁੱਕਣ ਤੋਂ ਪਹਿਲਾਂ ਇਤਨਾ ਕੁ ਜ਼ਰੂਰ ਵਿਚਾਰਨਾ ਚਾਹੀਦਾ ਸੀ ਕਿ, ਕੀ  ਰਾਗ-ਰਬਾਬ  ਗਾਉਣ-ਬਜਾਉਣ ਦਾ ਗਿਆਨ ਰੱਖਣ ਵਾਲਾ ਜਾਂ ਸਰੋਤਾ, ਕਿਸੇ ਇੰਕਲਾਬ ਦਾ ਹਿੱਸਾ ਨਹੀਂ ਹੋ ਸਕਦਾ ?
ਖੈਰ! ਇੰਦਰ ਸਿੰਘ ਘੱਗਾ ਜੀ ਨੇ ਉਪਰੋਕਤ ਸਵਾਲ ਖੜਾ ਕਰਨ ਉਪਰੰਤ ਕੀਰਤਨ ਨੂੰ ਰੱਜ ਕੇ ਫਿਟਕਾਰਦੇ ਹੋਏ ਇਸ ਪੱਖੋਂ ਆਪਣੀ ਅਗਿਆਨਤਾ ਦਾ ਪ੍ਰਗਟਾਵਾ ਕੀਤਾ ਹੈ। ਵਿਸਤਾਰ ਦੀ ਲੋੜ ਨਹੀਂ ਕਿਉਂਕਿ ਕੀਰਤਨ ਬਾਰੇ ਘੱਗਾ ਜੀ ਦੀ ਅੰਦਰਲੀ ਸੋਚ, ਉਨ੍ਹਾਂ ਵਲੋਂ ਲਿਖੀ ਇਨ੍ਹਾਂ ਦੋ ਪੰਗਤਿਆਂ ਵਿਚ ਹੀ ਖੁੱਲ ਕੇ ਪ੍ਰਗਟ ਹੋਈ ਹੈ। ਉਹ ਲਿਖਦੇ ਹਨ:-"ਕੀਰਤਨ ਦੀ ਮਹਾਨਤਾ ਬਾਰੇ ਅਣਜਾਣਪੁਣੇ ਵਿੱਚ ਬਹੁਤ ਕੁੱਝ ਬੋਲਿਆ ਤੇ ਲਿੱਖਿਆ ਜਾ ਚੁੱਕਿਆ ਹੈ। ਇਸਲਾਮ ਵਿੱਚ ਕੀਰਤਨ ਨੂੰ ਰਾਗ ਨੂੰ ਹਰਾਮ ਆਖਕੇ ਫਿਟਕਾਰਿਆ ਗਿਆ ਹੈ, ਉਨ੍ਹਾਂ ਦਾ ਕੀ ਵਿਗੜ ਗਿਆ?
 ਅਜਿਹੀਆਂ ਪੰਗਤਿਆਂ ਸਪਸ਼ਟ ਕਰਦੀਆਂ ਹਨ ਕਿ ਘੱਗਾ ਜੀ ਦੀ ਨਜ਼ਰੇ ਵੀ ਰਾਗ ਅਤੇ ਕੀਰਤਨ “ਹਰਾਮ” ਹਨ ਅਤੇ ਉਹ ਸੋਚਦੇ ਹਨ ਕਿ, ਜੇ ਕਰ ਉਹ ਐਸਾ ਲਿਖ ਵੀ ਦੇਣਗੇ ਤਾਂ ਉਨ੍ਹਾਂ ਦਾ ਕੀ ਵਿਗੜ ਜਾਏਗਾ ? ਘੱਗਾ ਜੀ ਦਾ ਹੋਰ ਕੁੱਝ ਵੀ ਨਹੀਂ ਵਿਗੜ ਸਕਦਾ, ਅਤੇ ਨਾ ਹੀ ਕਿਸੇ ਨੂੰ ਉਨ੍ਹਾਂ ਦਾ ਕੁੱਝ ਵਿਗਾੜਨ ਬਾਰੇ ਸੋਚਣਾ ਚਾਹੀਦਾ ਹੈ, ਕਿਉਂਕਿ ਇਸ ਪੱਖੋਂ, ਅਜਿਹੀ ਸੋਚ ਅੰਦਰ, ਕੁੱਝ ਹੋਰ ਵਿਗੜਨ ਦੀ ਗੁੱਜਾਇਸ਼ ਨਹੀਂ ਬੱਚਦੀ। 
ਜਿਹੜਾ ਬੰਦਾ ਕੇਵਲ ਫੁਲਕਾ ਪਕਾਉਂਣ ਨੂੰ ਹੀ ਅੰਤਿਮ ਟੀਚਾ ਮੰਨ ਲਏ ਤਾਂ ਉਹ ਪਕਾ-ਪਕਾ ਕੇ  ਫੁਲਕਿਆਂ ਦਾ ਢੇਰ ਲਗਾ ਲਵੇਗਾ, ਪਰ ਜਿਹੜਾ ਬੰਦਾ ਕੇਵਲ ਫੁਲਕਾ ਖਾਉਣ ਨੂੰ ਟੀਚਾ ਮੰਨ ਕੇ ਫੁਲਕਾ ਪਕਾਉਂਣ ਦੀ ਕ੍ਰਿਆ ਨੂੰ ਸਿਰੇ ਤੋਂ ਰੱਦ ਕਰ ਦੇਵੇ ਤਾਂ ਉਹ ਆਟੇ ਨਾਲ ਮੁੰਹ ਖਰਾਬ ਕਰ ਲਵੇਗਾ। ਸਮਝਦਾਰੀ ਤਾਂ ਪਕਾਉਂਣ ਅਤੇ ਖਾਉਣ ਦੀ ਪ੍ਰਕਿਆ ਵਿੱਚੋਂ ਲੰਘਣ ਵਿਚ ਹੈ। ਉੱਧਰ ਲੇਖ ਛਾਪਣ ਵਾਲਿਆਂ ਦੀ ਹਾਲਤ ਵੀ ਬਦਤਰ ਹੈ। ਉਨ੍ਹਾਂ ਦੇ ਆਕਾ ਸਾਰੀ ਉਮਰ ਕੀਰਤਨ ਕਰਦੇ ਰਹੇ ਅਤੇ ਉਹ ਸੰਪਾਦਕ ਹੁਣ ਕੀਰਤਨ ਨੂੰ ਹਰਾਮ ਕਰਾਰਨ ਵਰਗੀਆਂ ਟਿੱਪਣੀਆਂ ਛਾਪ ਰਹੇ ਹਨ।
ਕਬੀਰ ਜੀ ਦੇ ਗਾਯਨ ਰਾਹੀਂ ਬ੍ਰਹਮ ਬਾਰੇ ਵਿਚਾਰ ਕਰਨ ਦੀ ਸ਼ੈਲੀ ਨੂੰ ਉਸ  ਵੇਲੇ ਦੇ ਵਿਰੋਧੀਆਂ ਨੇ ‘ਗੀਤ’ ਕਰਕੇ ਭੰਡਿਆ ਸੀ ਪਰ ਗੁਰੂ ਸਾਹਿਬ ਨੇ ਅਜਿਹੇ ਗਾਯਨ ਨੂੰ ਬ੍ਰਹਮ ਵਿਚਾਰ ਕਰਕੇ ਦਰਜ ਕੀਤਾ। ਉਹ ਵੀ ਰਾਗ ਗਉੜੀ ਵਿਚ ! ਕਬੀਰ ਜੀ ਦੀ ਬਾਣੀ ਨੂੰ ਗਾਉਣ ਕਰਕੇ ਹੀ ਵਿਰੋਧੀਆਂ ਨੇ ਉਸ ਨੂੰ ਗੀਤ ਕਿਹਾ ਸੀ, ਪਰ ਕਬੀਰ ਜੀ ਲਈ ਉਹ ਗਾਯਨ ਵਿਚਾਰ ਦਾ ਵਸੀਲਾ ਸੀ।
ਲੋਗ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥(ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੩੩੫)
ਹੁਣ ਘੱਗਾ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਕੇਵਲ ਗੀਤ ਗਾਯਨ ਮਾਤਰ ਦਿੱਸਦਾ ਹੈ। ਜਦ ਕਿ ਪਾਠ ਅਤੇ ਕੀਰਤਨ ਬ੍ਰਹਮ ਬਾਰੇ ਵਿਚਾਰਾਂ ਦੇ ਪ੍ਰੇਸ਼ਣ (ਕੋਮੁਨੀਕੇਸ਼ਨ) ਦਾ ਸਾਧਨ ਹਨ। ਲੇਖ ਵਿਚ, ਭਾਸ਼ਣ ਵਿਚ, ਟੀਕੇ ਵਿਚ, ਮਨੁੱਖੀ ਸਮਝ ਦਾ ਰਲਾਅ ਹੋ ਸਕਦਾ ਹੈ। ਇਸੇ ਲਈ ਕਿਸੇ ਲੇਖ, ਕਿਸੇ ਭਾਸ਼ਣ ਜਾਂ ਟੀਕੇ ਨੂੰ ਕਦੇ ਵੀ ਗੁਰਬਾਣੀ ਨਹੀਂ ਕਿਹਾ ਜਾ ਸਕਦਾ। ਪਰ ਗੁਰਬਾਣੀ ਪਾਠ ਅਤੇ ਉਸਦਾ ਗਾਯਨ ਹੀ ਗੁਰਬਾਣੀ ਹੁੰਦਾ ਹੈ। ਕੋਈ ਭਾਵ ਕੀ ਕੱਢ ਲੇਂਦਾ ਹੈ ਇਹ ਵੱਖਰੀ ਗਲ ਹੈ।
ਭਾਈ ਮਰਦਾਨਾ ਜੀ ਰਬਾਬੀ ਵੀ ਸਨ ਅਤੇ ਗਵੱਇਆ ਵੀ! ਹੁਣ ਕੀ ਗੁਰੂ ਨਾਨਕ ਜੀ ਨੇ ਭਾਈ ਮਰਦਾਨਾ ਜੀ ਨੂੰ  ਰਬਾਬ ਵਜਾਉਣ, ਬਾਣੀ ਗਾਉਣ ਤੋਂ ਰੋਕਿਆ ਸੀ ? ਕੀ ਉਹ ਰਬਾਬੀ ਅਤੇ ਗਵੱਇਆ ਗੁਰੂ ਸਾਹਿਬ ਵਲੋਂ ਅਰੰਭੀ ਕ੍ਰਾਂਤੀ ਦਾ ਇਕ  ਸਹਿਯੋਗੀ ਨਹੀਂ ਸੀ ਹੋ ਸਕਦਾ ? ਕੀ ਇਸ ਲਈ ਜ਼ਰੂਰੀ ਸੀ ਕਿ ਉਹ ਰਬਾਬ ਬਜਾਉਣਾ ਅਤੇ ਬਾਣੀ ਗਾਉਣਾ ਬੰਦ ਕਰ ਦਿੰਦਾ ? ਗੁਰੂ ਨਾਨਕ ਜੀ ਦੇ ਧਾਰਮਕ ਇੰਕਲਾਬ ਵਿਚ ਤਾਂ ਸਿੱਦਕੀ ਸਰੋਤੇ ਵੀ ਸਨ, ਪਾਠਕ ਵੀ ਸਨ ਕਵੀ ਵੀ ਸਨ, ਰਾਗੀ ਵੀ ਸਨ, ਢਾਡੀ ਵੀ ਸਨ, ਪਾਠ ਕਰਨ ਵਾਲੇ ਵੀ ਸਨ ਅਤੇ ਤਲਵਾਰ ਦੇ ਧਨੀ ਵੀ!
ਸੰਨ 1695-96 ਵਿਚ ਗੁਰੂ ਗੋਬਿੰਦ ਸਿੰਘ ਜੀ ਅਤੇ ਅੋਰੰਗਜ਼ੇਬ ਦੇ ਇਕ ਸਮਕਾਲੀ ਵਲੋਂ ਲਿਖੀ ਇਕ ਫ਼ਾਰਸੀ ਲਿਖਤ ਦੇ ਸਫ਼ਾ 69 ਵਿਚ ਇਵੇਂ ਦਰਜ ਹੈ:-
"ਉਸਦੇ ਨਜ਼ਦੀਕੀਆਂ ਵਿਚੋਂ ਮਰਦਾਨਾ ਨਾਮੀ ਗਵੱਈਆ ਸੀ ਜੋ ਉਸ ਪ੍ਰਭੂ ਦੇ ਨਜ਼ਦੀਕੀ ਮਨੁੱਖ ਦੇ ਸ਼ਿਅਰਾਂ ਨੂੰ ਪ੍ਰਭਾਵਸ਼ਾਲੀ ਤੇ ਦਿਲਕਸ਼ ਢੰਗ ਨਾਲ ਗਾ ਕੇ ਲੋਕਾਂ ਨੂੰ ਸ਼ਰਧਾ ਦੇ ਬੰਧਨ ਵਿਚ ਲੈ ਆਉਂਦਾ ਸੀ" (ਉਸਦੇ=ਗੁਰੂ ਨਾਨਕ, ਪ੍ਰਭੂ ਦੇ ਨਜ਼ਦੀਕੀ ਮਨੁੱਖ=ਗੁਰੂ ਨਾਨਕ)
ਪਰ ਘੱਗਾ ਜੀ ਦਾ ਲਿਖਣਾ ਹੈ ਕਿ; " ਕੀਰਤਨ ਕਰਨ ਕਰਾਉਣ ਦਾ ਕਿਤੋਂ ਹਵਾਲਾ ਨਹੀਂ ਮਿਲਦਾ"! ਇਤਨਾ ਝੂਠ ? ਗੁਮਰਾਹਕੁਨ ਝੂਠ ਲਿਖਣਾ ਕਿਸ ਅਮਲ ਦਾ ਹਿੱਸਾ ਹੈ ? ਹਵਾਲੇ ਤਾਂ ਹੋਰ ਵੀ ਹਨ, ਪਰ ਜੇ ਕਰ ਘੱਗਾ ਜੀ ਅਜਿਹੀ ਗਲ ਵੀ ਨਾ ਸਮਝਣ ਤਾਂ ਘੱਗਾ ਜੀ ਲਈ, ਬਾਣੀ ਵਿਚਾਰਨ ਦੇ ਦਾਵੇ ਨਾਲ, ਲੇਖ ਲਿਖਣ ਦਾ ਵੀ ਕੋਈ ਆਤਮਕ ਲਾਭ ਬਣਦਾ ਹੈ ? ਹਾਂ ਕੁੱਝ ਮਾਇਆ ਦਾ ਲਾਭ ਹੋ ਸਕਦਾ ਹੈ।
ਘੱਗਾ ਜੀ ਲਿਖਦੇ ਹਨ "ਅਸਲੀ ਗਾਉਣਾ ਹੈ ਚੰਗੇ ਇਨਸਾਨ ਬਣਨਾ, ਰੱਬੀ ਗੁਣ ਮਨ ਵਿਚ ਬਸਾਉਣੇ"।
  ਚੰਗੀ ਗਲ ਹੈ ਮਾੜੀ ਨਹੀਂ। ਪਰ ਇਸ ਦੇ ਨਾਲ ਹੀ ਅਸਲੀ ਲਿਖਣਾ ਹੈ 'ਚੰਗੇ ਇਨਸਾਨ ਬਣਨਾ, ਰੱਬੀ ਗੁਣ ਮਨ ਵਿਚ ਬਸਾਉਣੇ!' ਫਿਰ ਘੱਗਾ ਜੀ  ਕੇਵਲ ਅਸਲੀ  ਲਿਖਣਾ ਕਿਉਂ ਨਹੀਂ ਲਿਖਦੇ ? ਯਾਨੀ ਕਿ ਉਹ ਚੰਗੇ ਇਨਸਾਨ ਬਣ ਕੇ, ਰੱਬੀ ਗੁਣ ਮਨ ਵਿਚ ਬਸਾ ਲੇਣ ਬਾਦ, ਨਕਲੀ ਲਿਖਣਾ (ਲੇਖ ਲਿਖਣਾ) ਕਿਉਂ ਨਹੀਂ ਛੱਡ ਦਿੰਦੇ ? ਜੇ ਕਰ ਰੱਬ ਗਾਉਣ ਨਾਲ ਨਹੀਂ ਰਿੱਝਦਾ ਤਾਂ ਕੀ ਘੱਗਾ ਜੀ ਵਲੋਂ ਲੇਖ ਲਿਖਣ ਨਾਲ ਰਿੱਝਦਾ ਹੈ ?
 ਘੱਗਾ ਜੀ ਨੂੰ ਬਾਣੀ ਗਾਯਨ, ਸੁਣਨ, ਪਠਨ, ਵਿਚਾਰਨ, ਸਮਝਣ ਅਤੇ ਅਮਲ ਕਰਨ ਦੀ ਕ੍ਰਿਆ ਵਿਚਲੇ ਜ਼ਰੂਰੀ ਸੰਤੂਲਨ ਦੀ ਸਮਝ ਨਹੀਂ।
ਦਰਅਸਲ ਘੱਗਾ ਜੀ ਵਲੋਂ ਇੰਝ ਦਾ ਚਿੰਤਨ  ਅਜਿਹੀ ਖੁਸ਼ਕੀ ਤੋਂ ਗ੍ਰਸਤ ਹੋ ਚੁੱਕਿਆ ਹੈ ਜਿਸ ਵਿਚ ਹੁਣ ਤਰਲਤਾ ਨਹੀਂ ਬੱਚੀ। ਸ਼ਾਯਦ ਉਨ੍ਹਾਂ ਨੂੰ ਜਾਪਦਾ ਹੈ ਕਿ ਗੁਰੂ ਕਾਲ ਵਿਚ ਸਾਰੇ ਸਿੱਖ ਕੇਵਲ ਉਨ੍ਹਾਂ ਵਰਗੇ ਹੀ “ਉੱਤਮ ਸ਼੍ਰੇਣੀ” ਦੇ ਸਿੱਖ ਸਨ, ਇਸ ਲਈ ਅੱਜ ਸਾਰੇਆਂ ਨੂੰ ਉਨ੍ਹਾਂ ਵਰਗਾ ਹੀ ਬਣਨਾ ਚਾਹੀਦਾ ਹੈ।ਇਸ ਦੇ ਨਾਲ ਹੀ ਜਾਪਦਾ ਹੈ ਕਿ ਉਹ ਆਪ ਬੇਸੁਰੇ ਹਨ! ਵਰਨਾ ਕੁਦਰਤ ਵਿਚ ਸੁਰਾਂ ਦੀ ਦਾਤ ਨੂੰ, ਕੀਰਤਨ ਨੂੰ ਹਰਾਮ ਦਰਸਾਉਣ ਦਾ ਜਤਨ ਨਾ ਕਰਦੇ!
ਘੱਗਾ ਜੀ ਨੂੰ ਸਮਝਣਾ ਚਾਹੀਦਾ ਹੈ ਕਿ ਗਾਉਣ ਬਜਾਉਣ ਦੀ ਕਲਾ ਰੱਬੀ ਬਖਸ਼ਿਸ਼ ਹੁੰਦੀ ਹੈ।
ਬੇਸੁਰਾ ਸੁਰ ਵਿਚ ਨਹੀਂ ਗਾ ਸਕਦਾ ਅਤੇ ਬੇਤਾਲਾ ਤਾਲ ਵਿਚ ਨਹੀਂ ਹੋ ਸਕਦਾ। ਬੰਦਾ ਸਿੰਘ ਬਹਾਦਰ ਵਰਗੇ ਸੂਰਮੇ ਜ਼ਰੂਰੀ ਨਹੀਂ ਸੀ ਕਿ ਸੁਰੀਲੇ ਹੁੰਦੇ ਅਤੇ ਗਾ ਸਕਦੇ। ਪਰ ਇਤਨਾ ਨਿਸ਼ਚਤ ਹੈ ਕਿ ਉਹ ਬਾਣੀ ਦਾ ਪਾਠ ਵੀ ਕਰਦੇ ਸੀ, ਬਾਣੀ ਸੁਣਦੇ ਵੀ ਸੀ ਅਤੇ ਉਸ ਨੂੰ ਸਮਝ ਕੇ ਉਸ ਤੇ ਅਮਲ ਵੀ ਕਰਦੇ ਸੀ। ਗੁਰੂ ਸਾਹਿਬਾਨ ਦੀ ਧਰਤੀ ਬਾਣੀ ਕੀਰਤਨ ਅਤੇ ਵਾਰਾਂ ਰਾਹੀਂ ਗੁੰਝਦੀ ਰਹੀ ਪਰ ਘੱਗਾ ਜੀ ਨੂੰ ਇਤਹਾਸ ਵਿਚ ਅੱਜੇ ਇਸ ਦਾ ਸਬੂਤ ਨਹੀਂ ਲੱਭਿਆ!
ਉਨ੍ਹਾਂ ਅੱਗੇ ਬੇਨਤੀ ਹੈ ਕਿ ਕਦੇ ਕੁੱਝ ਸਮਾਂ ਕੱਡ ਕੇ ਥੋੜਾ ਹੱਸ ਵੀ ਲਿਆ ਕਰਨ।ਇਸ ਨਾਲ ਜੀ ਹਲਕਾ ਹੁੰਦਾ ਹੈ, ਖੂਸ਼ਕੀ ਘੱਟਦੀ ਹੈ ਅਤੇ ਸਮਝ ਵੀ ਕੰਮ ਕਰਦੀ ਹੈ।
ਹਰਦੇਵ ਸਿੰਘ, ਜੰਮੂ-੨੯.੦੬.੨੦੧੬
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.