ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
‘ਸਿਧਾਂਤਕ ਦਰਵਾਜ਼ਾ’
‘ਸਿਧਾਂਤਕ ਦਰਵਾਜ਼ਾ’
Page Visitors: 2697

‘ਸਿਧਾਂਤਕ ਦਰਵਾਜ਼ਾ’
  ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਦਰਵਾਜ਼ਾ ਵੀ ਹਨ ਜੋ ਹਰ ਮਨੁੱਖ ਨੂੰ ਸਿੱਖਿਆ ਦੇਂਣ ਲਈ ਖੁੱਲਾ ਰਹਿੰਦਾ ਹੈ। ਪਰ ਕਮਾਲ ਦੀ ਗੱਲ ਇਹ ਹੈ ਕਿ, ਗੁਰਮਤਿ ਵਿੱਚ ਕੋਈ ਗੁਰਮਤਿ ਵਿਰੋਧੀ ਗੱਲ ਨਾ ਵੱੜ ਆਵੇ, ਇਸ ਲਈ ਗੁਰੂਆਂ ਨੇ ਇਸ ਦਰਵਾਜੇ ਨੂੰ ‘ਮੀਣਾ ਮਾਨਸਿਕਤਾ’ ਲਈ ਅਪਾਰ ਮਜ਼ਬੂਤੀ ਨਾਲ ਬੰਦ ਵੀ ਕੀਤਾ। ਬਾਹਰੀ ਖ਼ਤਰਿਆਂ ਨੂੰ ਨੱਜੀਠਣ ਲਈ ਇਹ ਲਾਜ਼ਮੀ ਸੀ ਕਿ ਸਮੁੱਚੀ ਮਨੁੱਖਤਾ ਲਈ ਖੁੱਲੇ ਦੂਆਰ ਨੂੰ, ਉਸਦੇ ਇਕ ਵਿਸ਼ੇਸ਼ ਸੰਧਰਭ ਵਿੱਚ ਬੰਦ ਵੀ ਕੀਤਾ ਜਾਏ ।
ਗੁਰੂ ਅਰਜਨ ਸਾਹਿਬ ਨੇ ਵੱਖੋ-ਵੱਖ ਪੌਥੀਆਂ ਤੋਂ ਬਾਣੀ ਨੂੰ ਆਦਿ ਬੀੜ ਵਿੱਚ ਉਤਰਵਾ ਕੇ, ਆਪ ਪੌਥੀਆਂ ਦੇ ਪ੍ਰਚਲਨ ਨੂੰ ਖ਼ਤਮ ਕਰ ਦਿੱਤਾ, ਤਾਕਿ ਕੋਈ ਵੀ ਵੱਖੋ-ਵੱਖ ਪੌਥੀਆਂ ਦੇ ਵਜੂਦ ਦਾ ਫ਼ਾਇਦਾ ਚੁੱਕ ਕੇ, ਹਰ ਪੌਥੀ ਤੇ ਇੱਕ ਵੱਖਰੀ ਧੜੇ ਬੰਦੀ ਨਾ ਕਰ ਸਕੇ। ਇਸ ਲਈ ਬਾਣੀ ਦੇ ਦੂਆਰ ਨੂੰ ਮੀਣਾ ਮਾਨਸਿਕਤਾ ਲਈ ਹਮੇਸ਼ਾ ਬੰਦ ਕਰ ਦਿੱਤਾ ਗਿਆ ਜੋ ਕਿ ਗੁਰੂ ਅਤੇ ਉਸਦੀ ਬਾਣੀ ਦੇ ਰਸੂਖ਼ ਨੂੰ ਸ਼ੱਕੀ ਅਤੇ ਕੱਚਾ ਕਰਨਾ ਚਾਹੁੰਦੀ ਸੀ।
ਹੁਣ ਇੱਕ ਉਸ ਸਥਿਤੀ ਨੂੰ ਵਿਚਾਰੀਏ ਜਿਸ ਵੇਲੇ ਕੁੱਝ ਵਿਰਲੇ ਮਨੁੱਖ ਕਿਸੇ ਜੰਗਲ ਵਿੱਚ ਰਹਿੰਦੇ ਹੋਏ, ਖ਼ਤਰਨਾਕ ਅਤੇ ਭੁੱਖੇ ਜਾਨਵਰਾਂ ਤੋਂ ਆਤਮ ਰਖਿਆ ਲਈ ਆਪਣੇ ਘਰ ਦੇ ਦਰਵਾਜ਼ੇ ਨੂੰ ਬੰਦ ਕਰ ਲੇਣ। ਫ਼ਿਰ ਸਮਾਂ ਬੀਤਣ ਤੇ ਉਨਾਂ ਵਿਰਲਿਆਂ ਵਿੱਚੋਂ ਦੋ-ਚਾਰ ਬੰਦੇ ਕਿਸੇ ਨਿਜੀ ਘੁਟਨ/ਇੱਛਾ ਕਾਰਣ, ਜਾਂ ਫ਼ਿਰ ਕਿਸੇ ਨਾਦਾਨੀ ਵੱਸ਼ ਇਹ ਕਹਿਣਾ ਆਰੰਭ ਕਰ ਦੇਣ ਕਿ ਚਿਰ ਤੋਂ ਬੰਦ ਦਰਵਾਜ਼ੇ ਅੰਦਰ ਘੁਟਣ ਹੈ, ਅਸਹਿਜਤਾ ਹੈ ਅਤੇ ਨਾਲ ਹੀ ਦਰਵਾਜ਼ਾ ਖੋਲਣ ਦੀ ਵਿਚਾਰ ਦੀ ਅਜ਼ਾਦੀ ਨਹੀਂ ਹੈ! ਉਹ ਇਹ ਤਮਾਮ ਤਰਕ ਪੇਸ਼ ਕਰਦੇ, ਹਕੀਕਤ ਦੇ ਇਸ ਅਹਿਸਾਸ ਤੋਂ ਵੀ ਅਣਜਾਣ ਹੋ ਜਾਣ ਕਿ ਬੰਦ ਦਰਵਾਜ਼ੇ ਦੇ ਬਾਹਰ, ਅਜੇ ਵੀ ਭੁੱਖੇ ਅਤੇ ਖ਼ਤਰਨਾਕ ਜਾਨਵਰ ਦਰਵਾਜ਼ੇ ਦੇ ਖੁੱਲਣ ਦੀ ਤਾਕ ਵਿੱਚ ਬੈਠੇ ਹਨ, ਤਾਂ ਉਨ੍ਹਾਂ ਦੇ ਤਰਕਾਂ ਦੀ ਮੰਨਜ਼ੂਰੀ ਦਾ ਸਿੱਟਾ ਕੀ ਹੋਵੇਗਾ ? ਨਿਰਸੰਦੇਹ ਇਹ ਸਾਰੇ ਵਿਚਲਿਆਂ ਦੀ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੋਵੇਗਾ, ਜਿਸ ਨੂੰ ਵਿਚਾਰਣ ਲਈ ਦਰਵਾਜ਼ੇ ਦੇ ਅੰਦਰ ਅਤੇ ਦਰਵਾਜ਼ੇ ਦੇ ਬਾਹਰ ਦਿਆਂ ਸਥਿਤਿਆਂ ਨੂੰ ਵਿਚਾਰ ਕੇ ਹੀ ਤੁਰਨਾ ਪਵੇਗਾ। ਇਸ ਛੋਟੀ ਜਿਹੀ ਵਿਚਾਰ ਨੂੰ ਵਿਚਾਰਣ ਦੀ ਲੋੜ ਹੈ!
ਵਿਚਾਰਸ਼ੀਲਤਾ ਦੇ ਦਰਵਾਜ਼ੇ ਖੁੱਲੇ ਹੁੰਦੇ ਹਨ ਅਤੇ ਖੁੱਲੇ ਰਹਿਣੇ ਚਾਹੀਦੇ ਹਨ। ਪਰ ਮਨੁੱਖਤਾ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਖੁੱਲਾ ਗੁਰੂਦੁਆਰ ਇੱਕ ਵਿਸ਼ੇਸ਼ ਸਿਧਾਂਤਕ ਪੱਖੋਂ ਬੰਦ ਦਰਵਾਜ਼ਾ ਹੈ, ਜਿਸ ਨੂੰ ਖੋਲਦੇ ਹੀ ਚਿਰ ਤੋਂ ਭੁੱਖੀ ਮੀਣਾ ਮਾਨਸਿਕਤਾ, ਵਿਚਲਿਆਂ ਤੇ ਕਹਿਰ ਬਣ ਕੇ ਟੁੱਟੇਗੀ।
 ਜਿਸ ਕਿਲੇ ਦਾ ਦਰਵਾਜ਼ਾ ਬਾਹਰੋਂ ਨਾ ਖੁੱਲ ਸਕੇ, ਤਾਂ ਬਾਹਰ ਵਾਲਿਆਂ ਵਲੋਂ ਉਸ ਨੂੰ ਅੰਦਰੋਂ ਖੁਲਵਾਉਂਣ ਲਈ ਜੁਗਤ ਕੀਤੀ
ਜਾਂਦੀ ਹੈ । ਵਿਚਾਰ ਦੀ ਲੋੜ ਹੈ ਕਿ ਕਿੱਧਰੇ ਅਸੀਂ ਆਪ ਐਸੀ ਜੁਗਤ ਦਾ ਸਹਿਯੋਗ ਕਰਨ ਦੀ ਨਾਦਾਨੀ ਤਾਂ ਨਹੀਂ ਕਰ ਰਹੇ ? ਗੁਰੂ ਦੇ ਰਸੂਖ਼ ਨੂੰ ਕਿੰਤੂਆਂ ਰਾਹੀਂ ਕੱਚਾ ਕਰਨ ਵਿੱਚ ਸਹਿਯੋਗ  ਕਰਨਾ ਜਾਗਰੂਕਤਾ ਨਹੀਂ ਨਾਦਾਨੀ ਹੈ !
 ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਸੰਤੁਸ਼ਟ ਨਹੀਂ ਉਹ ‘ਅਸੰਤੁਸ਼ਟ’ ਕਦੇ ਵੀ ਸੰਤੁਸ਼ਟ ਨਹੀਂ ਹੋ ਸਕਦੇ!
ਹਰਦੇਵ ਸਿੰਘ, ਜੰਮੂ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.