ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
'ਨਾਨਕਸ਼ਾਹੀ ਕਲੈਂਡਰ ਸਬੰਧੀ ਸ. ਪਾਲ ਸਿੰਘ ਪੁਰੇਵਾਲ ਜੀ ਦਾ ਪੱਖ' (ਇਕ ਪੜਚੋਲ ਭਾਗ-੨)
'ਨਾਨਕਸ਼ਾਹੀ ਕਲੈਂਡਰ ਸਬੰਧੀ ਸ. ਪਾਲ ਸਿੰਘ ਪੁਰੇਵਾਲ ਜੀ ਦਾ ਪੱਖ' (ਇਕ ਪੜਚੋਲ ਭਾਗ-੨)
Page Visitors: 2778

'ਨਾਨਕਸ਼ਾਹੀ ਕਲੈਂਡਰ ਸਬੰਧੀ ਸ. ਪਾਲ ਸਿੰਘ ਪੁਰੇਵਾਲ ਜੀ ਦਾ ਪੱਖ' (ਇਕ ਪੜਚੋਲ ਭਾਗ-੨)
ਆਰੰਭਕ ਬੇਨਤੀ:- ਸਤਿਕਾਰ ਯੋਗ ਸ. ਪਾਲ ਸਿੰਘ ਪੁਰੇਵਾਲ ਜੀ, ਫ਼ਤਿਹ ਪਰਵਾਨ ਕਰਨੀ! ਆਪ ਜੀ ਨਾਲ ਹੋਈ ਮੁਲਾਕਾਤ ਉਪਰੰਤ ਇਹ ਪੜਚੋਲ ਕਰਨ ਦਾ ਉਦੇਸ਼, ਕਿਸੇ ਕਲੈਂਡਰ ਪੱਧਤੀ ਨੂੰ ਅਨੁਚਿਤ ਢੰਗ ਨਾਲ ਸਹੀ ਜਾਂ ਗਲਤ ਠਹਿਰਾਉਂਣਾ ਨਹੀਂ, ਅਤੇ ਨਾ ਹੀ ਆਪ ਜੀ ਦੇ ਕਲੈਂਡਰ ਪੱਧਤੀ ਗਿਆਨ ਤੇ ਕਿੰਤੂ ਕਰਨਾ ਹੈ।ਗਣਿਤ ਬਾਰੇ ਮੇਰੇ ਗਿਆਨ ਦਾ ਦਾਇਰਾ ਬੜਾ ਛੋਟਾ ਜਿਹਾ ਹੈ।ਮੈਂ ਕੇਵਲ ਉਨਾਂ ਦਲੀਲਾਂ ਦੀ ਪੜਚੋਲ ਕਰਨ ਦਾ ਜਿਗਿਆਸੂ ਹਾਂ ਜੋ ਬਾਣੀ ਜਾਂ ਆਮ ਜਾਣਕਾਰੀ ਦੇ ਅਧਾਰ ਤੇ ਆਪ ਜੀ ਵਲੋਂ ਦਿੱਤੀਆਂ ਗਈਆਂ ਹਨ।ਆਸ ਹੈ ਆਪ ਜੀ ਕਿਸੇ ਸੰਭਾਵਤ ਭੁੱਲ ਚੂਕ ਲਈ ਮੈਂਨੂੰ ਨਾ ਕੇਵਲ ਛਿਮਾ ਕਰੋਗੇ, ਬਲਕਿ ਉਸ ਵਿਚ ਸੁਧਾਰ ਕਰਨ ਦੀ ਸੇਧ ਵੀ ਦਰਸਾਉ ਗੇ! (ਹਰਦੇਵ ਸਿੰਘ, ਜੰਮੂ)
‘ਨਾਨਕਸ਼ਾਹੀ ਕਲੈਂਡਰ’ ਸਬੰਧੀ ਸ. ਪੁਰੇਵਾਲ ਜੀ ਦੇ ਪੱਖ ਦੀ ਇਸ ਪੜਚੋਲ ਦੇ ਪਹਿਲੇ ਭਾਗ ਵਿਚ ਦਾਸ ਨੇ, ਪੁਰੇਵਾਲ ਜੀ ਵਲੋਂ ਬਾਣੀ ਅਤੇ ਰਿਤੂਆਂ ਦੇ ਸਬੰਧ ਨੂੰ ਅਧਾਰ ਬਨਾ ਕੇ ਦਿੱਤੀ ਇਸ ਦਲੀਲ ਨੂੰ ਵਿਚਾਰਿਆ ਸੀ, ਕਿ ਜੇ ਕਰ, ਲੂਯਨੀਸੋਲਰ ਕਲੈਂਡਰ ਪੱਧਤੀ ਦਾ ਅਨੁਸਰਨ ਨਾ ਛੱਡਿਆ ਗਿਆ, ਤਾਂ ਹਜਾਰਾਂ ਸਾਲ ਬਾਦ ਕਲੈਂਡਰ ਬਾਣੀ ਵਿਰੁੱਧ ਹੋ ਜਾਏਗਾ ਕਿਉਂਕਿ, ਕਾਲਾਂਤਰ, ਦੇਸੀ ਮਹੀਨੇ, ੨੦ ਮਿੰਟ ਪ੍ਰਤੀ ਵਰਸ਼, ਅਤੇ ੧ ਦਿਨ ਪ੍ਰਤੀ ੭੦-੭੧ ਸਾਲ ਦੇ ਹਿਸਾਬ ਨਾਲ ਖਿਸੱਕਦੇ ਹੋਏ, ਉਨਾਂ ਮੋਸਮਾਂ ਨਾਲੋਂ ਦੂਰ ਛਿਟੱਕਦੇ ਜਾਣ ਗੇ, ਜਿਨਾਂ ਦਾ ਜ਼ਿਕਰ ਬਾਣੀ ਅੰਦਰ ਹੈ।ਮਿਸਾਲ ਦੇ ਤੌਰ ਤੇ ਇਹ ਤਰਕ ਕਿ ਅਸਾੜ ਮਹੀਨਾ ਬਾਣੀ ਵਿਚ ਤੱਪਦਾ ਮਹੀਨਾ ਦਰਸਾਇਆ ਗਿਆ ਹੈ, ਪਰ ੧੩,੦੦੦ ਸਾਲ ਬਾਦ ਅਸਾੜ ਠੰਡੇ ਮੋਸਮ ਵਿਚ ਆਏਗਾ, ਤਾਂ ਇਹ ਸਥਿਤੀ ਬਾਣੀ ਵਿਰੁੱਧ, ਬਾਣੀ ਅਰਥਾਂ ਨਾਲੋਂ ਅਸਬੰਧਤ ਹੋ ਜਾਏਗੀ। ਪਰ ਇਹ ਦਲੀਲ ਠੋਸ ਪ੍ਰਤੀਤ ਨਹੀਂ ਹੋਈ ਜਿਸ ਵਿਚਲਿਆਂ ਵਿੱਥਾਂ ਅਸੀਂ ਇਸ ਲੇਖ ਦੇ ਪਹਿਲੇ ਭਾਗ ਵਿਚ ਵਿਚਾਰ ਚੁੱਕੇ ਹਾਂ।
ਇਸੇ ਸਬੰਧ ਵਿਚ ਪੁਰੇਵਾਲ ਜੀ ਨੇ, ਤੁਖਾਰੀ ਰਾਗ ਵਿਚ ਅਸਾੜ ਮਹੀਨੇ ਦਾ ਜ਼ਿਕਰ ਉਚਰਦੀ, ਬਾਣੀ ਦੀ ਇਸ ਪੰਗਤੀ ਨੂੰ ਵੱਡਾ ਮਹੱਤਵ ਦਿੰਦੇ ਹੋਏ ਲਿਖਿਆ, ਕਿ ਨਾਨਕਸ਼ਾਹੀ ਕਲੈਂਡਰ ਦੀ ਲੰਭਾਈ ਇਸੇ ਪੰਗਤੀ ਤੇ ਨਿਰਭਰ ਕਰਦੀ ਹੈ:-
ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੈ॥-ਪੰਨਾ ੧੧੦੮
ਇੱਥੇ ਇਕ ਵਾਰ ਫਿਰ "ਰੱਥ ਫਿਰੈ" ਦੇ ਸੰਧਰਭ ਵਿਚ ਪੁਰੇਵਾਲ ਜੀ ਦੇ ਪੱਖ ਨੂੰ ਪਾਠਕਾਂ ਦੀ ਨਜ਼ਰ ਕਰਨਾ ਉੱਚਿਤ ਹੈ। ਪੁਰੇਵਾਲ ਜੀ ਨੇ ਇਸ ਪੰਗਤੀ ਦਾ ਅਰਥ ਫਰੀਦ ਕੋਟੀ ਟੀਕੇ, ਅਤੇ ਸੰਤ ਕਿਰਪਾਲ ਸਿੰਘ ਜੀ ਵਲੋਂ ਸੰਪਰਦਾਈ ਟੀਕੇ ਅਨੁਸਾਰ ਸਪਸ਼ਟ ਕਰਦੇ ਹੋਏ, ਇਸ ਵਿਚ ਆਏ ਸ਼ਬਦ "ਫਿਰੈ" ਦਾ ਭਾਵ ਇੰਝ ਸਪਸ਼ਟ ਕੀਤਾ:-
'ਫਿਰੈ' ਸ਼ਬਦ ਦੇ ਦੋ ਅਰਥ ਹਨ (੧) ਮੁੜਦਾ ਜਾਂ ਪਥ ਬਦਲਦਾ ਹੈ (੨) ਰੋਜ਼ਾਨਾ ਆਪਣੇ ਪਥ ਵਿਚ ਚਲਦਾ ਹੈ। ਪ੍ਰੋ. ਸਾਹਿਬ ਸਿੰਘ ਜੀ ਨੇ ਦੂਜੇ ਅਰਥ ਨੂੰ ਲਿਆ ਹੈ।ਪਰ ਅਸੀਂ ਪਹਿਲੇ ਅਰਥ ਨੂੰ ਵਰਤਾਂ ਗੇ  ਅਤੇ ਦਰਸਾਵਾਂ ਗੇ ਕਿ ਕਿਵੇਂ ਇਹ ਵਿਆਖਿਆ ਇਕ ਰਿਤੂ ਦ੍ਰਿਸ਼ਪ੍ਰਪੰਚ ਅਤੇ ਇਸਦੇ ਅਧਿਆਤਮਕ ਮਹੱਤਵ ਨੂੰ ਪੇਸ਼ ਕਰਦੀ ਹੈ………ਸੂਰਜ ਦਾ ਰੱਥ ਵਾਪਸ ਮੁੜਦਾ ਹੈ, (ਪੁਰੇਵਾਲ ਜੀ ਵਲੋਂ ਲਿਖੇ ਅੰਗ੍ਰਜ਼ੀ ਸ਼ਬਦਾਂ ਦਾ ਪੰਜਾਬੀ ਤਰਜਮਾ)
ਉਪਰੋਕਤ ਸ਼ਬਦਾਂ ਤੋਂ ਸਪਸ਼ਟ ਹੈ ਕਿ ਪੁਰੇਵਾਲ ਜੀ ਨੇ  'ਰਥੁ ਫਿਰੈ' ਤੋਂ ਭਾਵ, ਸੂਰਜ ਰੂਪੀ ਰੱਥ ਦਾ ਮੁੜਨਾ ਲਿਆ ਹੈ। ਉਨਾਂ ਇਸ ਮੁੜਨ ਦੀ ਪ੍ਰਕਿਆ ਨੂੰ ਟ੍ਰਾਪਿਕਲ ਈਯਰ ਦੇ ਚੱਕਰਕਾਲ ਨਾਲ ਜੋੜੇਆ। ਹੁਣ ਜੇ ਕਰ ਪੁਰੇਵਾਲ ਜੀ ਦੇ ਭਾਵ ਨੂੰ ਹੀ ਸਵੀਕਾਰ ਕੀਤਾ ਜਾਏ, ਤਾਂ ਸਵਾਲ ਉੱਠਦਾ ਹੈ ਕਿ; ਕੀ ਸੂਰਜ ਦਾ ਰੱਥ ਕੇਵਲ ਟ੍ਰਾਪਿਕਲ ਈਯਰ ਵਿਚ ਹੀ ਮੁੜਦਾ ਹੈ ? ਜਾਂ ਫਿਰ ਉਸ ਸੋਲਰ ਈਯਰ ਵਿਚ ਵੀ ਜਿਸ ਅਨੁਸਾਰ ਬਿਕਰਮੀ ਕਲੈਂਡਰ ਪੱਧਤੀ ਹੈ ? ਇਹ ਸਵਾਲ ਬੜਾ ਅਹਿਮ ਹੈ, ਜਿਸਦਾ ਜਵਾਬ ਇਹ ਹੈ ਕਿ "ਰਥੁ ਫਿਰੈ" ਉਸ ਸੋਲਰ ਈਯਰ ਪੱਧਤੀ ਅਨੁਸਾਰ ਵੀ ਮੁੜਦਾ ਹੈ, ਜੋ ਕਿ ਗੁਰੂ ਸਾਹਿਬਾਨ ਵੇਲੇ, ਲੂਯਨੀਸੋਰਲ ਈਯਰ ਵਿਚ ਵਰਤੀ ਜਾਂਦੀ ਸੀ!
ਪੁਰੇਵਾਲ ਜੀ ਇਹ ਮੰਨਦੇ ਹਨ ਕਿ ਜਿਸ ਵੇਲੇ ਗੁਰੂ ਸਾਹਿਬਾਨ ਨੇ ਇਹ ਬਾਣੀ ਉਚਾਰੀ, ਉਸ ਸਮੇਂ ਭਾਰਤ ਵਿਚ ਨਾਂ ਤਾਂ ਅੰਗ੍ਰੇਜ਼ੀ ਮਹੀਨੇ ਵਰਤੋਂ ਵਿਚ ਸਨ, ਅਤੇ ਨਾ ਹੀ ਟ੍ਰਾਪਿਕਲ ਈਯਰ ਦੀ ਜਾਣਕਾਰੀ ਭਾਰਤੀ ਲੋਕਾਂ ਨੂੰ ਸੀ।ਠੀਕ ਉਂਝ ਹੀ ਜਿਵੇਂ ਕਿ ਉਸ ਵੇਲੇ ਉਨਾਂ ਨੂੰ ਔਂਸ ਪਾਉਂਡ ਕਿਲੋ, ਕਿਲੋਮੀਟਰ ਆਦਿ ਦੀ ਜਾਣਕਾਰੀ ਨਹੀਂ ਸੀ।ਇਸਦਾ ਸਿੱਧਾ ਜਿਹਾ ਸਪਸ਼ਟ ਸਿੱਟਾ ਇਹ ਨਿਕਲਦਾ ਹੈ ਕਿ, ਲੋਕਾਈ ਚੁੰਕਿ ਕੇਵਲ ਉਸ ਸਮੇਂ ਵਰਤੇ ਜਾਂਦੇ ਸੋਲਰ ਈਯਰ, ਅਤੇ ਉਸ ਦਿਆਂ ਰਿਤੂਆਂ ਤੋਂ ਵਾਕਿਫ ਸੀ, ਇਸ ਲਈ ਗੁਰੂ ਸਾਹਿਬਾਨ ਵਲੋਂ, ਪ੍ਰਦੇਸ਼-ਵਿਸ਼ੇਸ਼ ਅਤੇ ਸਮੇਂ-ਵਿਸ਼ੇਸ਼ ਦੇ ਪਰਿਪੇਖ ਅਨੁਸਾਰ,  "ਰਥੁ ਫਿਰੈ" ਸ਼ਬਦ ਬਿਕਰਮੀ ਕਲੈਂਡਰ ਵਿਚ ਵਰਤੇ ਜਾਂਦੇ ਸੋਲਰ ਈਯਰ ਦੇ ਸੰਧਰਭ ਵਿਚ ਉਚਰੇ ਗਏ ਨਾ ਕਿ ਟ੍ਰਾਪਿਕਲ ਈਯਰ ਦੇ ਸੰਧਰਭ ਵਿਚ ਜੋ ਕਿ ਉਸ ਸਮੇਂ ਭਾਰਤ ਵਿਚ ਪ੍ਰਚਲਤ ਹੀ ਨਹੀਂ ਸੀ।
ਇਸ ਥਾਂ ਇਕ ਹੋਰ ਨੁਕਤੇ ਨੂੰ ਬਾਰੀਕੀ ਨਾਲ ਵਿਚਾਰਨ ਦੀ ਲੋੜ ਹੈ।ਉਹ ਇਹ, ਕਿ ਜੇ ਕਰ  "ਫਿਰੈ" ਸ਼ਬਦ ਦਾ ਭਾਵ 'ਘੁੰਮਣ' (Move) ਦੇ ਬਜਾਏ 'ਮੁੜਨਾ'(Turn) ਲੇਂਣਾ ਹੋਵੇ ਤਾਂ ਇਹ ਉਸ ਸੋਲਰ ਈਯਰ ਲਈ ਜ਼ਿਆਦਾ ਢੁੱਕਵਾਂ ਹੈ ਜਿਸ ਦਾ ਅਧਾਰ ਇਕ ਨਿਸ਼ਚਤ ਚਿੰਨ (ਤਾਰਾ) ਹੋਵੇ, ਜਿਸ ਤੇ ਪਹੁੰਚ ਕੇ ਰਥੁ ਨੇ 'ਮੁੜਨਾ' ਹੈ ਜਾਂ 'ਫਿਰ ਜਾਣਾ' ਹੈ।ਤਾਂ ਸਥਿਰ ਚਿੰਨ (ਫਿਕਸਡ ਪੁਆਂਇਟ) ਵਾਲਾ ਸੋਲਰ ਈਯਰ, ਲੂਯਨੀਲੋਸਰ ਪੱਧਤੀ ਵਾਲਾ ਸੋਲਰ ਈਯਰ ਹੈ, ਨਾ ਕਿ ਟ੍ਰਾਪਿਕਲ ਸੋਲਰ ਈਯਰ !
ਕਿਉਂਕਿ ਪੁਰੇਵਾਲ ਜੀ ਵਲੋਂ ਦਿੱਤੀ ਸੁਚਨਾ ਅਨੁਸਾਰ, ਟ੍ਰਾਪਿਕਲ ਸੋਲਰ ਈਯਰ ਵਿਚ ਸੂਰਜ ਦੂਆਲੇ ਧਰਤੀ ਦਾ ਪੁਰਨ ਚੱਕਰ, ਫਿਕਸਡ 'ਭਾਰਤੀ ਰਾਸ਼ੀਚੱਕਰ' ਦੀ ਮੇਸ਼ ਰਾਸ਼ੀ ਦੇ ਪਹਿਲੇ ਪੁਆਂਇਟ ਤੇ ਨਾ ਹੋ ਕੇ, 'ਪੱਛਮੀ ਰਾਸ਼ੀ ਚੱਕਰ' ਦੀ ਮੇਸ਼ ਰਾਸ਼ੀ ਦੇ ਉਸ ਪਹਿਲੇ ਪੁਆਂਇਟ ਤੇ ਹੁੰਦਾ ਹੈ, ਜੋ ਕਿ ਸੂਰਜ ਦੂਆਲੇ ਧਰਤੀ ਦਾ ਚੱਕਰ ਪੁਰਾ ਹੋਂਣ ਤਕ, ਹਰ ਸਾਲ, ੫੦.੩ (ਕਰੀਬ ੨੦ ਮਿੰਟ ਦਾ ਸਮੇਂ) ਉਲਟੀ ਦਿਸ਼ਾ ਪਿੱਛੇ ਨੂੰ ਘੁੰਮ ਗਿਆ ਹੁੰਦਾ ਹੈ।ਇਸੇ ਕਾਰਨ ਟ੍ਰਾਪਿਕਲ ਸੋਲਰ ਈਯਰ, ਬਿਕਰਮੀ ਸੋਲਰ ਈਯਰ ਨਾਲੋਂ ੨੦ ਮਿੰਟ ਛੋਟਾ ਹੁੰਦਾ ਹੈ।
ਇਸ ਕ੍ਰਮ ਅਨੁਸਾਰ ਜੋ ਸਥਿਤੀ ਪ੍ਰਤੀਤ ਹੁੰਦੀ ਹੈ ਉਹ ਇਹ ਹੈ ਕਿ ਬਿਕਰਮੀ ਸੋਲਰ ਈਯਰ ਵਿਚ ਧਰਤੀ ਦੇ ਸੂਰਜ ਦੁਆਲੇ ਚੱਕਰ ਪੁਰਾ ਹੋਂਣ ਦੀ ਇਕ ਨਿਸ਼ਚਤ ਸਥਿਰ ਨਿਸ਼ਾਨੀ (ਤਾਰਾ) ਹੈ, ਜਦ ਕਿ ਟ੍ਰਾਪਿਕਲ ਈਯਰ ਅਨੁਸਾਰ ਧਰਤੀ ਦੇ ਚੱਕਰ ਪੁਰਾ ਹੋਂਣ ਦੀ ਨਿਸ਼ਾਨੀ (ਪੱਛਮੀ ਮੇਖ ਰਾਸ਼ੀ) ਸਥਿਰ ਨਹੀਂ, ਬਲਕਿ, ਇਹ ਨਿਸ਼ਾਨੀ ਇਕ ਸਾਲ ਅੰਦਰ, ਧਰਤੀ ਦੇ ਘੁਮਾਉ ਕ੍ਰਮ ਦੀ ਵਪਰੀਤ ਦਿਸ਼ਾ ਵਲ, ਗੋਲਾਈ ਚੱਕਰ ਤੇ ੫੦.੩ ਦੇ ਹਿਸਾਬ ਨਾਲ ਘੁੰਮਦੀ ਜਾਂਦੀ ਹੈ। ਅਸਾਨ ਸ਼ਬਦਾਂ ਵਿਚ ਟ੍ਰਾਪਿਕਲ ਈਯਰ ਗਣਿਤ ਪੱਧਤੀ ਵਿਚ ਧਰਤੀ, ਅਤੇ ਸੂਰਜ ਦੁਆਲੇ ਧਰਤੀ ਦੇ ਚੱਕਰ ਪੁਰਾ ਹੋਂਣ ਦਾ ਚਿੰਨ, ਇਕ ਦੂਜੇ ਦੀ ਵਿਪਰੀਤ ਦਿਸ਼ਾ ਵਿਚ ਘੰਮਦੇ ਹਨ।
ਐਸੀ ਸੂਰਤ ਵਿਚ ਸੂਰਜ ਦਾ ਇਕ ਫਿਕਸਡ (ਸਥਿਰ) ਪੁਆਂਇਟ ਤੇ ਪਹੁੰਚ ਕੇ ਦੁਬਾਰਾ ਚੱਕਰ ਵਿਚ ਪੇਂਣਾ ਦਰਅਸਲ "ਰਥੁ ਫਿਰੈ" ਦੇ ਭਾਵ ਨੂੰ ਜ਼ਿਆਦਾ ਸਾਰਥਕ ਕਰਦਾ ਹੈ ਅਤੇ ਇਹ ਭਾਵ ਗੁਰੂ ਸਾਹਿਬਾਨ ਵਲੋਂ ਬਿਕਰਮੀ ਸੋਲਰ ਈਯਰ ਅਤੇ ਤਤਕਾਲੀ ਰਿਤੂਆਂ ਦੇ ਪੈਟਰਨ ਅਨੁਸਾਰ ਹੀ ਉਚਰਿਆ ਗਿਆ ਹੈ।
ਸੰਖੇਪ ਇਹ ਕਿ  ਰਥੁ ਫਿਰੈ ਗੁਰੂ ਸਾਹਿਬਾਨ ਵਲੋਂ ਟ੍ਰਾਪਿਕਲ ਸੋਲਰ ਈਯਰ ਦੇ ਸੰਧਰਭ ਵਿਚ ਨਹੀਂ ਬਲਕਿ ਉਸ ਵੇਲੇ ਪ੍ਰਚਲਤ ਉਸ ਸੋਲਰ ਈਯਰ ਅਨੁਸਾਰ ਵਰਤਿਆ ਗਿਆ ਜੋ ਕਿ ਬਿਕਰਮੀ ਕਲੈਂਡਰ ਪੱਧਤੀ ਵਿਚ ਵਰਤਿਆ ਜਾਂਦਾ ਸੀ।
ਇਸਦੇ ਨਾਲ, ਜਿਵੇਂ ਕਿ ਪਹਿਲੇ ਭਾਗ ਵਿਚ ਵਿਚਾਰ ਆਏ ਹਾਂ, ਪੁਰੇਵਾਲ ਜੀ ਧਰਤੀ ਦੇ ਪਿੱਛਲੇ ਮੌਸਮੀ ਇਤਹਾਸ ਵਿਚ ਆਏ ਬਦਲਾਵਾਂ ਨੂੰ ਨਹੀਂ ਵਿਚਾਰ ਸਕੇ ਜਿਨਾਂ ਅਨੁਸਾਰ ਧਰਤੀ ਦੇ ਰਿਤੂ ਪੈਟਰਨ ਵਿਚ ਐਸੇ ਬਦਲਾਉ ਆਏ ਹਨ ਜਿਨਾਂ ਨੂੰ ਕਿਸੇ ਵੀ ਕਲੈਂਡਰ ਦੀ ਬੰਦਿਸ਼ ਵਿਚ ਹਮੇਸ਼ਾ ਲਈ ਬੰਨ ਕੇ ਨਹੀਂ ਰੱਖਿਆ ਜਾ ਸਕਦਾ। ਮੌਸਮ ਵਿਗਿਆਨੀ ਇਹ ਕਹਿ ਰਹੇ ਹਨ ਕਿ ਆਉਣ ਵਾਲੇ ੩੦ ਤੋਂ ੪੦ ਸਾਲਾਂ ਵਿਚ ਹੀ ਧਰਤੀ ਦਾ ਤਾਪਮਾਨ .੮ ਤੋਂ ੨.੬ ਡਿਗ੍ਰੀ ਸੈਲਸਿਅਸ ਵੱਧ ਜਾਏਗਾ। ਧਰਤੀ ਦੇ ਵੱਧਦੇ ਤਾਪਮਾਨ ਨੇ ਜੇ ਕਰ ੨-੪, ੧੦-੧੨ ਹਜ਼ਾਰ ਸਾਲ ਵਿਚ ਵਿਸ਼ਵ ਰਿਤੂ ਪੈਟਰਨ ਵਿਚ ਬਦਲਾਉ ਲੈ ਆਉਂਦਾ ਤਾਂ ਪੁਰੇਵਾਲ ਜੀ ਵਲੋਂ ਤਰਜੀਹ ਦਿੱਤੇ ਗਏ ਟ੍ਰਾਪਿਕਲ ਸੋਲਰ ਈਯਰ ਵਿਚ ਰਿਤੂਆਂ ਨਾਲ ਬਾਣੀ ਅਨੁਸਾਰੀ ਸਬੰਧ ਦਾ ਕੀ ਬਣੇਗਾ ?
ਹੁਣ ਚਰਚਾ ਦੇ ਅੰਤਲੇ ਭਾਗ ਵਿਚ, ਅਸੀਂ ਪੁਰੇਵਾਲ ਜੀ ਵਲੋਂ ਵਰਤਿਆਂ ਤੀਜੇ ਕਿਸਮ ਦਿਆਂ ਉਨਾਂ ਦਲੀਲਾਂ ਦੀ ਵਿਚਾਰ ਕਰਨ ਦਾ ਜਤਨ ਕਰਾਂ ਗੇ, ਜਿਨਾਂ ਵਿਚ ਇਹ ਦਰਸਾਉਂਣ ਦਾ ਯਤਨ ਸੀ, ਕਿ ਗ੍ਰਗੇਰਿਯਨ ਕਲੈਂਡਰ ਵਿਚ ਹਰ ਸਾਲ ਬਦਲਵੀਆਂ ਤਾਰੀਖਾਂ ਨੂੰ ਆਉਂਦੇ ਕੌਮੀ ਦਿਹਾੜੇ, ਤਾਰੀਖਾਂ ਦੇ ਪਤੇ ਵਿਚ ਮੂਸ਼ਕਿਲ ਖੜੀ ਕਰਦੇ ਹਨ।
ਇਸ ਸ਼੍ਰੋਣੀ ਵਿਚ ਪੁਰੇਵਾਲ ਜੀ ਨੇ ਇਹ ਤਰਕ ਵੀ ਦਿੱਤਾ ਕਿ ਪੱਛਮੀ ਦੇਸ਼ਾਂ ਵਿਚ ਕਿਸੇ ਨੇ ਵਿਆਹ-ਸ਼ਾਦੀ ਲਈ ਦੋ-ਚਾਰ ਸਾਲ ਪਹਿਲਾਂ ਕੋਈ ਬੁੱਕਿੰਗ ਕਰਵਾਉਨਣੀ ਹੋਵੇ ਤਾਂ ਪਤਾ ਨਹੀਂ ਚਲਦਾ ਕਿ ਬੁਕਿੰਗ ਵਾਲੇ ਦਿਨ ਕਿੱਧਰੇ ਗੁਰਪੁਰਬ ਹੀ ਨਾ ਹੋਵੇ।
ਹੁਣ ਐਸੀਆਂ ਦਲੀਲਾਂ 'ਮੁਸ਼ਕਿਲ' ਅਧਾਰਤ ਹਨ ਅਤੇ ਇਨਾਂ ਦਾ ਵਿਚਾਰ 'ਅਸਾਨੀ' ਉਤਪੰਨ ਕਰਨਾ ਹੈ, ਤਾਂ ਕਿ ਕਿਸੇ ਨੂੰ ਕਿਸੇ ਕੌਮੀ ਦਿਹਾੜੇ ਦੀ ਤਾਰੀਖ ਦਾ ਪਤਾ ਕਰਨ ਲਈ ਕੋਈ ਤਕਲੀਫ਼ ਨਾ ਚੁੱਕਣੀ ਪਵੇ।ਕਹਿੰਦੇ ਹਨ ਕਿ ਸਿੱਖੀ ਦੀ ਪ੍ਰਾਪਤੀ ਲਈ ਘਾਲਣਾ ਕਰਨੀ ਪੈਂਦੀ ਹੈ, ਪਰ ਜੇ ਕਰ ਗੁਰੂ ਸਾਹਿਬਾਨ ਵਲੋਂ ਸਹਰਸ਼ ਅਤੇ ਨਿਰਸੰਕੋਚ ਵਰਤੀ ਜਾਂਦੀ ਰਹੀ ਕਲੈਂਡਰ ਪੱਧਤੀ ਅਨੁਸਾਰ ਆਉਂਦੇ ਕੌਮੀ ਦਿਹਾੜੇਆਂ ਦਾ ਪਤਾ ਲਗਾਉਂਣ ਵਿਚ ਕਿਸੇ ਨੂੰ ਮੁਸ਼ਕਿਲ ਆਉਂਦੀ ਹੈ, ਤਾਂ ਇਸ ਤੇ ਵੀ ਵਿਚਾਰ ਜ਼ਰੂਰੀ ਹੈ। ਵਿਸ਼ੇਸ਼ ਰੂਪ ਵਿਚ ਉਸ ਵੇਲੇ ਜਿਸ ਵੇਲੇ ਕਿ ਕਈਆਂ ਲਈ 'ਕੋਈ ਮੁਸ਼ਕਿਲ' ਇਕ ਮਸਲੇ ਦਾ ਰੂਪ ਧਾਰਨ ਕਰ ਲਵੇ ਅਤੇ ਕਈਂਆਂ ਲਈ 'ਮੁਸ਼ਕਿਲ' ਦੀ ਥਾਂ ਲੱਭੀ ਜਾ ਰਹੀ 'ਆਸਾਨੀ' ਇਕ ਮੁਸ਼ਕਿਲ ਬਣ ਗਈ ਹੋਵੇ।
ਆਉ ਜ਼ਰਾ ਇਸ ਸਵਾਲ ਤੇ ਵਿਚਾਰ ਕਰੀਏ ਕਿ ਕੇਵਲ ਆਸਾਨੀ ਨੂੰ ਕੌਮੀ ਪ੍ਰਬੰਧਾਂ ਨੂੰ ਬਦਲਣ ਲਈ   ਇਕ ਤਰਕ ਵਜੋਂ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ ?    
           ਚਲਦਾ………
  ਹਰਦੇਵ ਸਿੰਘ, ਜੰਮੂ-੧੪.੧੨.੨੦੧੩

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.