ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
'ਨਾਨਕਸ਼ਾਹੀ ਕਲੈਂਡਰ ਸਬੰਧੀ ਸ. ਪਾਲ ਸਿੰਘ ਪੁਰੇਵਾਲ ਜੀ ਦਾ ਪੱਖ' (ਇਕ ਪੜਚੋਲ ਭਾਗ-੩)
'ਨਾਨਕਸ਼ਾਹੀ ਕਲੈਂਡਰ ਸਬੰਧੀ ਸ. ਪਾਲ ਸਿੰਘ ਪੁਰੇਵਾਲ ਜੀ ਦਾ ਪੱਖ' (ਇਕ ਪੜਚੋਲ ਭਾਗ-੩)
Page Visitors: 2824

'ਨਾਨਕਸ਼ਾਹੀ ਕਲੈਂਡਰ ਸਬੰਧੀ ਸ. ਪਾਲ ਸਿੰਘ ਪੁਰੇਵਾਲ ਜੀ ਦਾ ਪੱਖ'
(ਇਕ ਪੜਚੋਲ ਭਾਗ-੩)

ਆਰੰਭਕ ਬੇਨਤੀ:- ਸਤਿਕਾਰ ਯੋਗ ਸ. ਪਾਲ ਸਿੰਘ ਪੁਰੇਵਾਲ ਜੀ, ਫ਼ਤਿਹ ਪਰਵਾਨ ਕਰਨੀ! ਆਪ ਜੀ ਨਾਲ ਹੋਈ ਮੁਲਾਕਾਤ ਉਪਰੰਤ ਇਹ ਪੜਚੋਲ ਕਰਨ ਦਾ ਉਦੇਸ਼, ਕਿਸੇ ਕਲੈਂਡਰ ਪੱਧਤੀ ਨੂੰ ਅਨੁਚਿਤ ਢੰਗ ਨਾਲ ਸਹੀ ਜਾਂ ਗਲਤ ਠਹਿਰਾਉਂਣਾ ਨਹੀਂ, ਅਤੇ ਨਾ ਹੀ ਆਪ ਜੀ ਦੇ ਕਲੈਂਡਰ ਪੱਧਤੀ ਗਿਆਨ ਤੇ ਕਿੰਤੂ ਕਰਨਾ ਹੈ।ਗਣਿਤ ਬਾਰੇ ਮੇਰੇ ਗਿਆਨ ਦਾ ਦਾਇਰਾ ਬੜਾ ਛੋਟਾ ਜਿਹਾ ਹੈ। ਮੈਂ ਕੇਵਲ ਉਨਾਂ ਦਲੀਲਾਂ ਦੀ ਪੜਚੋਲ ਕਰਨ ਦਾ ਜਿਗਿਆਸੂ ਹਾਂ ਜੋ ਬਾਣੀ ਜਾਂ ਆਮ ਜਾਣਕਾਰੀ ਦੇ ਅਧਾਰ ਤੇ ਆਪ ਜੀ ਵਲੋਂ ਦਿੱਤੀਆਂ ਗਈਆਂ ਹਨ। ਆਸ ਹੈ ਆਪ ਜੀ ਕਿਸੇ ਸੰਭਾਵਤ ਭੁੱਲ ਚੂਕ ਲਈ ਮੈਂਨੂੰ ਨਾ ਕੇਵਲ ਛਿਮਾ ਕਰੋਗੇ, ਬਲਕਿ ਉਸ ਵਿਚ ਸੁਧਾਰ ਕਰਨ ਦੀ ਸੇਧ ਵੀ ਦਰਸਾਉ ਗੇ! (ਹਰਦੇਵ ਸਿੰਘ, ਜੰਮੂ)
ਇਸ ਲੇਖ ਦੇ ਦੂਜੇ ਭਾਗ ਵਿਚ ਅਸੀਂ ਇਸ ਸਵਾਲ ਤੇ ਬਾਰੇ ਵਿਚਾਰ ਆ ਪਹੁੰਚੇ ਸੀ ਕਿ 'ਆਸਾਨੀ' ਨੂੰ ਗੁਰੂ ਸਾਹਿਬਾਨ ਦੇ ਕਾਲ ਤੋਂ ਚਲੇ ਆ ਰਹੇ ਕੌਮੀ ਪ੍ਰਬੰਧਾਂ ਨੂੰ ਬਦਲਣ ਲਈ ਇਕ ਤਰਕ ਵਜੋਂ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ ?
ਤਾਂ ਦਲੀਲ਼ ਇਹ ਸੀ ਕਿ ਲਿਯੁਨੀਸੋਲਰ ਪੱਧਤੀ ਅਧਾਰਤ ਨਿਸ਼ਚਤ ਕੀਤੇ ਜਾਂਦੇ ਦਿਹਾੜੇ ਗ੍ਰੇਗੇਰਿਅਨ ਕਲੈਂਡਰ ਅੰਦਰ ਬਦਲਵੀਆਂ ਤਾਰੀਖਾਂ ਨੂੰ ਆਉਂਦੇ ਹਨ ਤਾਂ ਭਾਰੀ ਮੁਸ਼ਕਿਲ ਖੜੀ ਹੁੰਦੀ ਹੈ ਇਸ ਲਈ ਆਸਨੀ ਵਾਸਤੇ ਕੌਮੀ ਦਿਹਾੜੇਆਂ ਦਿਆਂ ਤਾਰੀਖਾਂ ਗ੍ਰੇਗੇਰਿਅਨ ਕਲੈਂਡਰ ਅਨੁਸਾਰ ਨਿਸ਼ਚਤ ਹੋ ਜਾਣੀਆਂ ਚਾਹੀਦੀਆਂ ਹਨ, ਜਿਵੇਂ ਕਿ, ਮਿਸਾਲ ਦੇ ਤੋਰ ਤੇ ਕ੍ਰਿਸਮਿਸ ਡੇ, ਜੋ ਕਿ ਹਰ ਸਾਲ ੨੫ ਦਿਸੰਬਰ ਨੂੰ ਨਿਸ਼ਚਤ ਹੈ।
ਚਲੋ, ਕੁੱਝ ਚਿਰ ਵਾਸਤੇ ਅਸੀਂ, ਬਦਲਵੀਆਂ ਤਾਰੀਖਾਂ ਦੇ ਕਿਹੇ ਜਾਂਦੇ ਝੰਜਟ ਤੋਂ ਨਿਜਾਤ ਪਾਉਂਣ ਲਈ ਅਸਾਨੀ ਨੂੰ ਪੈਦਾ ਕਰਨਾ ਸਵੀਕਾਰ ਕਰ ਲੇਂਦੇ ਹਾਂ ਤਾਂ ਇਹ ਸਵਾਲ ਉੱਠਦਾ ਹੈ ਕਿ ਜੇ ਕਰ ੯੮% ਸਿੱਖਾਂ ਨੂੰ ਪੰਜਾਬੀ ਨਹੀਂ ਆਉਂਦੀ ਤੇ ਉਹ ਬਾਣੀ ਨਹੀਂ ਪੜ ਸਕਦੇ ਤਾਂ ਇਸ ਮੁਸ਼ਕਿਲ ਨੂੰ ਕਿਵੇਂ ਅਸਾਨ ਕੀਤਾ ਜਾਏ ? ਅਤੇ ਇਹ ਸਵਾਲ ਵੀ ਕਿ ਜੇ ਕਰ ੯੯% ਨੂੰ ਪੰਜਾਬੀ ਪੜ ਕੇ ਵੀ ਬਾਣੀ ਦੇ ਅਰਥ ਸਮਝ ਨਹੀਂ ਆਉਂਦੇ, ਤਾਂ ਇਸ ਮੁਸ਼ਕਿਲ ਨੂੰ ਕਿਵੇਂ ਅਸਾਨ ਕੀਤਾ ਜਾਏ ? ਇਸ ਮੁਸ਼ਕਿਲ ਨੂੰ ਦੂਰ ਕਰਨ ਲਈ ਮੋਟੇ ਤੌਰ ਤੇ ਅਸੀਂ ਹੇਠ ਲਿਖੇ ਉਪਾਅ ਕਰ ਸਕਦੇ ਹਾਂ:-
(੧) ਸਿੱਖਾਂ ਨੂੰ ਪੰਜਾਬੀ ਪੜਾਈ ਜਾਏ ਤਾਂ ਕਿ ਉਹ ਬਾਣੀ ਪੜ ਸਕਣ !
(੨) ਬਾਣੀ ਪੜਨ ਯੋਗ ਸੱਜਣ ਬਾਣੀ ਦੇ ਅਰਥ ਸਮਝਣ ਲਈ ਬਾਣੀ ਟੀਕੇ ਪੜਨ !
ਇਹ ਦੋਵੇਂ ਤਰੀਕੇ ਬਾਣੀ ਪਾਠ ਅਤੇ ਉਸ ਨੂੰ ਸਮਝਣ ਨਾਲ ਜੁੜੀ ਮੁਸ਼ਕਿਲ ਦਾ ਹਲ ਕਹੇ ਜਾਂਦੇ ਹਨ। ਐਸੇ ਹਲ, ਜਿਸ ਵਿਚ ਸਿੱਖਾਂ ਨੂੰ ਮਹਿਤਨ ਕਰਨ ਦੀ ਲੋੜ ਹੈ। ਇਹ ਮਹਿਨਤ ਤਾ-ਉਮਰ ਵੀ ਚਲਦੀ ਰਹਿੰਦੀ ਹੈ ਪਰ ਫਿਰ ਵੀ ਜ਼ਰੂਰੀ ਨਹੀਂ, ਕਿ ਬੰਦੇ ਦੇ ਪੱਲੇ ਉਹ ਸਭ ਕੁੱਝ ਪੈ ਜਾਏ, ਜੋ ਗੁਰੂ ਦੀ ਬਾਣੀ ਦੇ ਅੰਦਰ ਹੈ। ਪਰ ਬਾਣੀ ਪੜਨ ਤੇ ਸਮਝਣ ਲਈ ਇਤਨੀ ਜ਼ਹਮਤ (ਮੁਸ਼ਕਿਲ) ਤਾਂ ਚੁੱਕਣੀ ਹੀ ਪਵੇਗੀ! ਨਹੀਂ? ਹੈ ਕੋਈ ਹੋਰ ਇਸ ਮੁਸ਼ਕਿਲ ਦਾ ਅਸਾਨ ਹਲ ?
ਹਾਂ ਜੇ ਕਰ ਐਸੀਆਂ ਮੁਸ਼ਕਿਲਾਂ ਤੋਂ ਪਰੇਸ਼ਾਨ ਕੋਈ ਵਿਦਵਾਨ ਕਲ ਨੂੰ ਇਹ ਕਹੇ ਕਿ; 'ਭਾਈ ਬਾਣੀ ਦੀ ਥਾਂ ਬਾਣੀ ਦੇ ਅਰਥ ਲਿਖ ਦੇਵੋ' ਤਾਂ ਅਸਾਨੀ ਅਧਾਰਤ ਇਸ ਤਰਕ ਦਾ ਕੀ ਹਸ਼ਰ ਹੋ ਸਕਦਾ ਹੈ ?
ਨਾਲ ਹੀ ਸਿੱਖ ਨੂੰ ਨਿਤਨੇਮ ਕਰਨ ਦੀ ਤਾਕੀਦ ਹੈ। ਜੇ ਕਰ ਨਿਤਨੇਮ ਕਰਨ ਵਾਲੇ ੯੮% ਜਪੁ ਦੀ ਬਾਣੀ ਦੇ ਅਰਥ ਨਹੀਂ ਜਾਣਦੇ ਤਾਂ ਕੀ ਅਸਾਨੀ ਉਤਪੰਨ ਕਰਨ ਲਈ ਜਪੁ ਦੀ ਬਾਣੀ ਦੀ ਥਾਂ ਜਪੁ ਦੇ ਅਰਥਾਂ ਦਾ ਪਾਠ ਹੀ ਸ਼ੁਰ ਕੀਤਾ ਜਾਏ ? ਜੇ ਕਰ ਤੋਲਾ, ਮਾਸਾ, ਕੋਸ, ਘੜੀਆਂ, ਵਿਸੁਏ ਆਦਿ ਛੱਡ ਆਏ ਹਾਂ, ਤਾਂ ਬਾਣੀ ਦਿਆਂ ਡੁੰਗੀਆਂ ਰਮਜ਼ਾਂ ਨੂੰ ਸਮਝਣਾ ਕਿਵੇਂ ਅਸਾਨ ਕਰੀਏ ? ਬਾਣੀ ਦੀ ਥਾਂ ਉਸਦੇ ਅਰਥ ਲਿਖ ਲਈਏ ਤਾਂ ਕਿ ਟੀਕੇ ਖੋਲ-ਖੋਲ ਕੇ ਬਾਣੀ ਸਮਝਣ ਦੀ ਖੋਚਲ ਨਾ ਕਰਨੀ ਪਵੇ? ਬਸ ਪੰਨਾ ਖੋਲੋ, ਅਰਥ ਸਾਹਮਣੇ! ਕੰਮ ਸੋਖਾ!! ਨਹੀਂ?
ਜ਼ਰਾ ਕੀਰਤਨ ਸੁਣਨ ਵਾਲੇ ਸਿੱਖਾਂ ਨੂੰ ਪੁੱਛ ਲਵੇਂ ਜੇ ੯੫% ਨੂੰ ਕੀਰਤਨ ਚੰਗਾ ਤਾਂ ਲਗਦਾ ਹੈ ਪਰ ਉਸਦੇ ਅਰਥ ਸਮਝ ਨਹੀਂ ਆਉਂਦੇ। ਹੁਣ ਕੀ ਕੀਤਾ ਜਾਏ ? ਇਹੀ ਕੀਤਾ ਜਾ ਸਕਦਾ ਹੈ ਕਿ ਕੀਰਤਨ ਕਰਨ ਵਾਲਾ ਕੋਈ ਸੁਲਝਿਆ ਕੀਰਤਨੀਆ ਅਰਥ ਵੀ ਸਮਝਾਏ ਜਾਂ ਸਰੋਤੇ, ਘਰ ਜਾ ਕੇ,  ਸੁਣੇ ਗਏ ਸ਼ਬਦਾਂ ਦਾ ਅਰਥ ਕਿਸੇ ਟੀਕੇ ਵਿਚੋਂ ਪੜਨ। ਕੀ ਇਹ ਕੰਮ ਮਹਿਨਤ ਨਹੀਂ ਮੰਗਦਾ ? ਅਸਾਨ ਹੈ ਇਹ ਕੰਮ?
ਤਾਰੀਖਾਂ ਨੂੰ ਅਸਾਨ ਕਰਨ ਦਾ ਰੋਲਾ ਤਾਂ ਇਵੇਂ ਹੈ ਜਿਵੇਂ ਕਿ ਬਾਣੀ ਪੜਨਾ-ਸਮਝਣਾ ਅਸਾਨ, ਅਤੇ ਸਿਰਫ ਕਲੈਂਡਰ ਵੇਖਣਾ ਔਖਾ ਹੋ ਗਿਆ ਹੋਵੇ ! ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨਾਲ ਜੁੜੇ ਸਿੱਖੀ ਜੀਵਨ ਦੇ ਪੱਖ ਸਮਝਣੇ ਬੈਲਗੱਡੀ, ਘੋੜਾ, ਘੜਾ, ਚਿੱਠੀ ਜਾਂ ਸਾਇਕਲ ਦੀ ਥਾਂ ਕਾਰ,ਹਵਾਈ ਜਹਾਜ, ਫਰਿੱਜ ਜਾਂ ਈਮੇਲ ਇਤੇਮਾਲ ਕਰਨ ਵਰਗੀ ਗਲ ਨਹੀਂ,ਜਿਸ ਨੂੰ ਐਸੇ ਤਰਕਾਂ ਰਾਹੀਂ ਅਸਾਨ ਕਰ ਲਿਆ ਜਾਏ! ਅਸੀਂ ਮੁਸ਼ਕਿਲ ਦੀ ਥਾਂ ਅਸਾਨੀ ਕਰਨ ਦੇ ਤਰਕ ਦੇ ਅਧਾਰ ਤੇ ਇਹ ਨਹੀਂ ਕਹਿ ਸਕਦੇ ਕਿ; ਭਾਈ ਜੇ ਕਰ ਅੱਜ ਅਸੀ ਤੋਲਾ,ਮਾਸਾ,ਸੇਰ ਮਣ, ਗਜ ਆਦਿ ਦੀ ਥਾਂ ਕਿਲੋ, ਕਵਿੰਟਲ ਮੀਟਰ, ਕਿਲੋਮੀਟਰ ਅਤੇ ਪੰਜਾਬੀ ਦੀ ਥਾਂ ਅੰਗ੍ਰੇਜ਼ੀ ਪੜ-ਲਿਖ-ਸਮਝ ਸਕਦੇ ਹਾਂ ਤਾਂ ਫਿਰ ਬਾਣੀ ਵੀ ਪੰਜਾਬੀ ਵਿਚ ਨਾ ਰਹਿਣ ਦਿੱਤੀ ਜਾਏ ਕਿਉਂਕਿ ਇਸ ਨੂੰ ਪੜਨ ਲਈ ਪੰਜਾਬੀ ਸਿੱਖਣੀ ਪੈਂਦੀ ਹੈ, ਅਤੇ ਫਿਰ ਸਮਝਣ ਲਈ ਇੱਧਰ-ਉੱਧਰ ਟੀਕੇ ਫੋਲਣ ਦੀ ਮੁਸ਼ਕਿਲ ਚੁੱਕਣੀ ਪੈਂਦੀ ਹੈ ਅਤੇ ਵਿਦਵਾਨ ਪ੍ਰਚਾਰਕਾਂ ਨੂੰ ਵੀ ਸੁਣਨਾ-ਪੜਨਾ ਪੈਂਦਾ ਹੈ!
ਅੱਜ ਤਾਂ ਸਿਰ ਤੇ ਕੇਸ ਰੱਖਣਾ ਬਹੁਤਿਆਂ ਲਈ ਮੁਸ਼ਕਿਲ ਹੁੰਦਾ ਜਾ ਰਿਹਾ ਹੈ।ਇਸ ਮੁਸ਼ਕਿਲ ਨੂੰ ਕਿਵੇਂ ਦੂਰ ਕਰੀਏ ? ਨਿਜ਼ਾਮ ਨੂੰ ਸਮਝਾਉਂਦੇ, ਨਿਜ਼ਾਮ ਨਾਲ ਜੋੜ ਕੇ ਜਾਂ ਫਿਰ ਨਿਜ਼ਾਮ ਨੂੰ ਬਦਲ ਕੇ ? ਜਿਹੜੀ ਕੌਮ ਆਪਣਾ ਕੌਮੀ ਦਿਹਾੜਾ ਵੇਖਣ ਲਈ ਕਲੈਂਡਰ ਵੇਖਣ ਨੂੰ ਮੁਸ਼ਕਿਲ ਮੰਨਦੀ ਹੋਵੇ ਉਹ ਸੀਸ ਨੂੰ ਤਲੀ ਤੇ ਰੱਖ ਕੇ ਪ੍ਰੇਮ ਦੀ ਗਲੀ ਵਿਚ ਕਿਵੇਂ ਵੱੜ ਸਕਦੀ ਹੈ ?
ਜਉ ਤਉ ਪ੍ਰੇਮ ਖੇਲਣ ਕਾ ਚਾਉ॥ਸਿਰੁ ਧਰਿ ਤਲੀ ਗਲੀ ਮੇਰੀ ਆਉ॥ (ਗੁਰੂ ਗ੍ਰੰਥ ਸਾਹਿਬ, ਪੰਨਾ ੧੪੧੨)
ਜੋਗ ਕਾ ਮਾਰਗੁ ਬਿਖਮੁ ਹੈ ਜੋਗੀ ਜਿਸ ਨੋ ਨਦਰਿ ਕਰੇ ਸੋ ਪਾਏ (ਗੁਰੂ ਗ੍ਰੰਥ ਸਾਹਿਬ ਪੰਨਾ ੯੦੯)
ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ (ਗੁਰੂ ਗ੍ਰੰਥ ਸਾਹਿਬ ਪੰਨਾ ੯੧੮)
ਗੁਰੂ ਗ੍ਰੰਥ ਸਾਹਿਬ ਜੀ ਤਾਂ ਅਕਾਲ ਪੁਰਖ ਨਾਲ ਜੋਗ (ਮਿਲਨ)  ਨੂੰ ਬਿਖਮੁ (ਮੁਸ਼ਕਿਲ) ਉਚਾਰਦੇ ਹਨ। ਉਹ ਤਾਂ ਉਨਾਂ ਭਗਤਾਂ ਦੀ ਚਾਲ ਨੂੰ ਨਿਰਲਾ ਕਹਿੰਦੇ ਹਨ ਜੇ ਬਿਖਮੁ ਮਾਰਗ ਤੇ ਤੁਰਦੇ ਹਨ। ਪਰ  ਅਸੀਂ ਤਾਂ ਕਲੈਂਡਰ ਪੱਧਤੀਆਂ ਵਿਚ ਅਸਾਨੀ ਲੱਭਦੇ ਪਏ ਹਾਂ। ਕਈਂਆਂ ਨੇ ਤਾਂ ਇਸ ਦੀ ਆੜ ਵਿਚ ਪੰਥਕ ਮੁਸ਼ਕਿਲਾਂ ਖੜੀਆਂ ਕਰਕੇ ਆਪਣੀ  ਵਪਾਰਕ ਰਾਜਨੀਤੀ/ਚੌਧਰਪੁਣਾ ਕਰਨ ਨੂੰ ਅਸਾਨ ਕਰ ਲਿਆ ਹੈ। ਕਿੱਧਰੇ ਕੋਈ ਜਲਦਬਾਜ਼ੀ ਹੋ ਗਈ ਦੀ ਸੰਭਾਵਨਾ ਵੀ ਪ੍ਰਤੀਤ ਹੁੰਦੀ ਹੈ।ਖ਼ੈਰ!
ਕੀ ਕ੍ਰਿਸਮਿਸ ਡੇ ਹਰ ਸਾਲ ੨੫ ਦਿਸੰਬਰ ਨੂੰ ਦੇ ਅਧਾਰ ਤੇ ਅਸਾਨੀ ਦਾ ਨਾਰਾ ਮਾਰਨ ਵਾਲੇ  ਸੱਜਣਾਂ ਨੇ ਸਿੱਖਾਂ ਨੂੰ ਇਹ ਦੱਸਿਆ ਹੈ ਕਿ ਈਸਾਈ ਕੌਮ ਦੇ ਬਾਕੀ ਕਈਂ ਦਿਹਾੜੇ ਬਦਲਵੀਆਂ ਤਾਰੀਖਾਂ ਨੂੰ ਆਉਂਦੇ ਹਨ ? ਕੀ ਉਨਾਂ ਨੇ ਸਿੱਖਾਂ ਇਹ ਦੱਸਿਆ ਹੈ ਕਿ ਸੰਸਾਰ ਦੀ ਸਭ ਤੋਂ ਸਿਆਣੀ ਅਤੇ ਪ੍ਰਭਾਵਸ਼ਾਲੀ ਮੰਨੀ ਜਾਂਦੀ ਉਂਨਤ ਯਹੂਦੀ ਕੌਮ, ਆਪਣੇ ਕੌਮੀ ਦਿਹਾੜੇ ਲਿਯੂਨੀਸੋਲਰ ਪੱਧਤੀ ਅਨੁਸਾਰ ਬਦਲਵਿਆਂ ਤਾਰੀਖਾਂ ਤੇ ਹੀ  ਕਿਉਂ ਮਨਾਉਂਦੀ ਹੈ ? ਚੀਨ ਵਰਗੇ ਉਂਨਤ ਦੇਸ਼ ਦਾ ਸਮਾਜ ਆਪਣਾ ਸਭ ਤੋਂ ਵੱਡਾ ਦਿਹਾੜਾ 'ਸਪਰਿੰਗ ਫੈਸਟੀਵਲ' ਬਦਲਦੀਆਂ ਤਾਰੀਖਾਂ ਅਨੁਸਾਰ ਮਨਾਉਂਦਾ ਹੈ! ਕਿਉਂ? ਬੌਧੀ ਕਲੈਂਡਰ ਅੱਜ ਤਕ ਲਿਯੁਨੀਸੋਲਰ ਕਿਉਂ ਹੈ ? ਸਾਉਥ ਈਸਟ ਏਸ਼ੀਅਨ ਕਲੈਂਡਰ ਲਿਯੂਨੀਸੋਲਰ ਕਿਉਂ ਹੈ ?
ਕੋਈ ਤਾਂ ਕਾਰਣ ਹੋਵੇਗਾ ਕਿ ਜਿਨਾਂ ਕੌਮਾਂ ਨੇ ਕਰੋੜਾਂ ਮੀਲਾਂ ਦੇ ਫਾਸਲੇ  ਕੁੱਝ ਦਿਨਾਂ ਵਿਚ ਤੈਅ ਕਰਾ ਕੇ ਨਸਲੇ-ਇਨਸਾਨੀ ਨੂੰ ਚੰਨ ਦੀ ਧਰਤੀ ਤੇ ਉਤਾਰ ਛੱਡਿਆ, ਉਨਾਂ ਕੌਮਾਂ ਨੇ ਆਪਣੇ ਕੌਮੀ ਦਿਹਾੜੇ ਕੇਵਲ ਗ੍ਰਗੇਰਿਅਨ ਕਲੈਂਡਰ ਦੀਆਂ ਨਿਸ਼ਚਤ ਤਾਰੀਖਾਂ ਤੇ ਮਨਾਉਂਣ ਲਈ ਕਦਮ ਨਾ ਪੁੱਟੇ ? 
ਕੁੱਝ ਸੱਜਣ ਕੁਦਰਤੀ ਨਿਯਮਾਂ ਦੇ ਸਮਰਥਨ ਦੀ ਹਦ ਪਾਰ ਕਰਦੇ ਕੁਦਰਤ ਨੂਮ ਹੀ ਪਰਮਾਤਮਾ ਦੇ ਰੂਪ ਵਿਚ ਸਥਾਪਤ ਕਰਨ ਦਾ ਜਤਨ ਕਰਦੇ ਹਨ ਜਦ ਕਿ ਬਾਣੀ ਵਿਚ ਪਰਮਾਤਮਾ ਦਾ ਸਵਰੂਪ ਉਸਦੀ ਸਾਜੀ ਕੁਦਰਤ ਤੋਂ ਪਹਿਲਾਂ ਅਤੇ ਉਸ ਤੋਂ ਬਾਦ ਦਾ ਵੀ ਹੈ। ਨਾਨਕਸ਼ਾਹੀ ਕਲੈਂਡਰ ਸਬੰਧੀ ਚਰਚਾ ਦੇ ਇਸ ਅੰਤਲੇ ਭਾਗ ਵਿਚ ਜੇ ਕਰ ਉਨਾਂ ਸੱਜਣਾਂ ਦੇ ਦ੍ਰਿਸ਼ਟੀਕੋਂਣ ਦਾ ਜ਼ਿਕਰ ਨਾ ਕੀਤਾ ਤਾਂ ਵਿਚਾਰ ਪੁਰੀ ਨਾ ਹੋਵੇਗੀ।
ਇਹ ਸੱਜਣ ਕੁਦਰਤ ਪ੍ਰਤੀ ਇਤਨੇ ਸਮਰਪਤ ਹਨ ਕਿ ਹਰ ਥਾਂ ਕੁਦਰਤੀ ਨਿਯਮਾਂ ਦੀ ਹੀ ਦੁਹਾਈ ਪਾਉਂਦੇ ਹਨ। ਹੁਣ ਇਕ ਸੱਜਣ ਜਾਂ ਕੋਈ ਸਮਾਜ, ਆਪਣੇ ਕਿਸੇ ਪੈਗੰਭਰ ਦੇ ਜਨਮ ਜਾਂ ਅਕਾਲ ਚਲਾਣੇ ਦੇ ਦਿਹਾੜੇ ਨੂੰ ਉਸ ਦਿਨ ਕੁਦਰਤ ( ਸੂਰਜ, ਧਰਤੀ ਅਤੇ ਚੰਨ ਦੀ ਸਾਲਾਨਾ ਤੁਲਨਾਤਮਕ ਸਥਿਤੀ) ਅਨੁਸਾਰ ਨੋਟ ਕਰ ਲੇਂਦਾ ਹੈ, ਅਤੇ ਆਉਂਦੇ ਸਮੇਂ ਵਿਚ ਆਪਣੇ ਉਸ ਕੌਮੀ ਦਿਹਾੜੇ ਨੂੰ ਕੁਦਰਤ ਦੀ ਉਸੇ ਸਥਿਤੀ ਅਨੁਸਾਰ ਨਿਸ਼ਚਤ ਕਰਦਾ ਹੈ ਤਾਂ ਕੁਦਰਤ ਦੇ ਇਨਾਂ ਅਥਾਹ ਪ੍ਰੇਮੀਆਂ ਨੂੰ ਉਸ ਵੇਲੇ ਕੁਦਰਤ ਦੀ ਚਾਲ ਵਿਚ ਬ੍ਰਾਹਮਣ ਤੁਰਦਾ ਨਜ਼ਰ ਕਿਉਂ ਆਉਂਦਾ ਹੈ ? ਕੀ ਸੂਰਜ ਦੇ ਮੁਕਾਬਲੇ ਧਰਤੀ ਅਤੇ ਚੰਨ ਦੀ ਸਥਿਤੀ ਨੂੰ ਸਮੇਂ(ਦਿਨ) ਨਿਸ਼ਚਤ ਕਰਨ ਦਾ ਪੈਮਾਨਾ-ਢੰਗ ਗ਼ੈਰ ਕੁਦਰਤੀ ਕਿਹਾ ਜਾ ਸਕਦਾ ਹੈ ? ਪੁਰੇਵਾਲ ਜੀ ਪਾਸ ਬੇਨਤੀ ਹੈ ਕਿ ਉਹ ਇਸ ਬਾਰੇ ਸੇਧ ਦੇਂਣ ਤਾਂ ਕਿ ਇਸ ਗਲ ਦਾ ਪਤਾ ਵੀ ਚਲੇ ਕੀ ਕਿ ਸੂਰਜ ਦੇ ਮੁਕਾਬਲ ਧਰਤੀ ਅਤੇ ਚੰਨ ਦੀ ਸਾਲਾਨਾ ਸਥਿਤੀ ਦਾ ਅਨੁਸਰਨ ਕੁਦਰਤ ਦਾ ਅਨੁਸਰਨ ਕਰਨਾ ਹੈ ਜਾਂ ਕਿਸੇ ਬ੍ਰਾਹਮਣ ਦਾ ਅਨੁਸਰਨ ਕਰਨਾ ?
ਕਿਸੇ ਸੱਜਣ ਦੇ ਘਰ ਕਿਸੇ ਮਹੀਨੇ ਦੀ ਪੁਰਨਮਾਸੀ (ਮਹੀਨਾ ਪੁਰਾ ਹੇਂਣ ਵਾਲਾ ਦਿਨ) ਬੇਟਾ ਹੋਵੇ ਤਾਂ ਉਹ ਉਸ ਦਾ ਜਨਮ ਦਿਨ ਦੀ ਨਿਸ਼ਾਨੀ ਦੋ ਤਰੀਕਿਆਂ ਨਾਲ ਤੈਅ ਕਰ ਸਕਦਾ ਹੈ।
(੧) ਪੁਰਨਮਾਸੀ ( ਪੈਦਾਇਸ਼ ਵਾਲੇ ਮਹੀਨੇ ਦੇ ਜਿਸ ਦਿਨ ਚੰਨ ਪੁਰਾ ਸੀ) ਵਾਲਾ ਦਿਨ!(ਨਿਸ਼ਚਤ ਪਰ ਗ੍ਰੇਗੇਰਿਅਨ ਕਲੈਂਡਰ ਪੱਧਤੀ ਅਨੁਸਾਰ ਅਨਿਸ਼ਚਤ)
(੨) ਗ੍ਰੇਗੇਰਿਅਨ ਕਲੈਂਡਰ ਦੇ ਮਹੀਨੇ ਵਾਲਾ ਨਿਸ਼ਚਤ ਦਿਨ!
ਦੂਜਾ ਤਰੀਕਾ ਉਹ ਤਰੀਕਾ ਹੈ ਜੋ ਸੰਸਾਰਕ ਸਮਾਜ ਵਿਚ ਨਾਗਰਿਕ ਅਤੇ ਦਿਵਾਨੀ ਤੌਰ ਤੇ ਪ੍ਰਚਲਤ/ਮਾਨਯ ਹੈ, ਅਤੇ ਪਹਿਲਾ ਤਰੀਕਾ ਉਹ ਹੈ ਜੋ ਮਨੁੱਖੀ ਸਮਾਜ ਦੇ ਬਜਾਏ ਕੁਦਰਤ ਦੀ ਚਾਲ ਤੇ ਅਧਾਰਤ ਹੈ। ਦੂਜੇ ਤਰੀਕੇ ਵਿਚ, ਸੂਰਜ ਦੁਆਲੇ ਧਰਤੀ ਦੇ ਕੁਲ ਚੱਕਰ ਸਮੇਂ ਦੀ ਮਨੁੱਖਾਂ ਵਲੋਂ ਕੀਤੀ ਵੰਡ ਦਾ ਇਸਤੇਮਾਲ ਹੈ, ਅਤੇ ਪਹਿਲੇ ਤਰੀਕੇ ਵਿਚ ਕੁਦਰਤ ਦੇ ਇਕ ਅੱਖੀ ਡਿੱਠੇ ਨਿਯਮ ਦਾ ਇਸਤੇਮਾਲ ਹੈ।ਹੁਣ ਐਸੇ ਕਿਸੇ ਮਾਮਲੇ  ਵਿਚ, ਕੇਵਲ ਕੁਦਰਤ ਦੇ ਨਿਯਮਾਂ ਦੇ ਕਥਿਤ ਪ੍ਰੇਮੀ ਕਿਸ ਨਿਯਮ ਦਾ ਇਸਤੇਮਾਲ ਕਰਨਾ ਪਸੰਦ ਕਰਨ ਗੇ ?
ਇਸ ਚਰਚਾ ਵਿਚ ਦਾਸ ਨੇ ਨਾਨਕਸ਼ਾਹੀ ਕਲੈਂਡਰ ਸਬੰਧੀ ਪਾਲ ਸਿੰਘ ਪੁਰੇਵਾਲ ਜੀ ਦੇ ਪੱਖ ਦੀਆਂ ਉਨਾਂ ਦਲੀਲਾਂ ਦੀ ਵਿਚਾਰ ਕੀਤੀ ਹੈ, ਜੋ ਉਨਾਂ ਨੇ ਬਾਣੀ ਦੇ ਕੁੱਝ ਹਵਾਲਿਆਂ ਦੇ ਇਸਤੇਮਾਲ ਅਤੇ ਹੋਰ ਯੁੱਕਤਿਆਂ ਰਾਹੀਂ ਦਿੱਤੀਆਂ ਹਨ। ਪੁਰੇਵਾਲ ਜੀ ਦੀਆਂ ਇਸ ਪੱਖੀ ਦਲੀਲਾਂ ਬਾਰੇ ਵਿਚਾਰ ਦੀ ਭਾਰੀ ਗੁੰਜਾਇਸ਼ ਹੈ, ਜੋ ਕੇਵਲ ‘ਖਗੋਲ ਗਣਿਤ ਵਿਗਿਆਨ’ ਦੇ ਨਾਲ ਜੋੜ ਕੇ ਨਹੀਂ ਕੀਤੀ ਜਾ ਸਕਦੀ, ਕਿਉਂਕਿ ਬਾਣੀ ਦਾ ਵਿਸ਼ਾ ਬਦਲਦੀਆਂ ਰਿਤੂਆਂ ਦੇ ਉਨਾਂ ਨਮੂਨੇਆਂ (Patterns) ਦਾ ਮੁਹਤਾਜ ਨਹੀਂ, ਜੋ ਕਿ ਵਿਆਪਕ (Wide Spread) ਅਤੇ ਸਥਾਨਕ (Local) ਤੌਰ ਤੇ ਭੂਤਕਾਲ ਤੋਂ ਵਰਤਮਾਨ ਤਕ ਬਦਲਦੇ ਆਏ ਹਨ, ਅਤੇ ਵਰਤਮਾਨ ਤੋਂ ਭਵਿੱਖ ਤਕ ਬਦਲਦੇ ਰਹਿਣ ਗੇ !!
ਆਸ ਹੈ ਕਿ ਸ. ਪਾਲ ਸਿੰਘ ਪੁਰੇਵਾਲ ਜੀ ਉਪਰੋਕਤ ਚਰਚਾ ਵਿਚ, ਆਰੰਭਕ ਬੇਨਤੀ ਅਨੁਰੂਪ, ਵਿਚਾਰੇ ਉਨਾਂ ਦੇ ਪੱਖ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਗੇ।
ਹਰਦੇਵ ਸਿੰਘ,ਜੰਮੂ-੧੭.੧੨.੨੦੧੩

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.