ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
‘ਕਲੈਂਡਰ ਜਾਣਕਾਰਾਂ ਦੇ ਵਿਚਾਰ ਲਈ
‘ਕਲੈਂਡਰ ਜਾਣਕਾਰਾਂ ਦੇ ਵਿਚਾਰ ਲਈ
Page Visitors: 2738

‘ਕਲੈਂਡਰ ਜਾਣਕਾਰਾਂ ਦੇ ਵਿਚਾਰ ਲਈ
ਗੁਰਮਤਿ ਵਿਚ ਉਪਦੇਸ਼ਤ ਨਿਆਂ ਸੰਗਤ ਸੱਚਾ ਅਚਾਰ ਅਤੇ ਉਸਦਾ ਔਚਿੱਤ ਕਲੈਂਡਰ ਨਾਲ ਨਹੀਂ ਬਦਲਦਾ।ਜੇ ਕਰ ਐਸਾ ਹੁੰਦਾ ਤਾਂ ਗੁਰੂ ਸਾਹਿਬਾਨ ਨਿਆਂ ਸੰਗਤ ਅਚਾਰ, ਅਤੇ ਉਸਦੇ ਔਚਿੱਤ (Justification) ਨੂੰ ਸਥਾਪਤ ਕਰਨ ਲਈ ਗੁਰਬਾਣੀ ਨਾ ਉੱਚਾਰਦੇ ਬਲਕਿ ਇਕ ਕਲੈਂਡਰ ਬਣਾ ਜਾਂਦੇ।ਬਸ ਇੱਧਰ ਕਲੈਂਡਰ ਬਣਦਾ ਉੱਧਰ ਸਾਰੀ ਲੋਕਾਈ ਗੁਰਮਤਿ ਅਨੁਸਾਰੀ ਹੋ ਸੋਧੀ ਜਾਂਦੀ! ਨਹੀਂ? ਹਜ਼ਾਰਾ ਮੀਲ ਦੇ ਪੈਂਡੇ ਪਰ ਕਲੈਂਡਰ ਇਕ ਵੀ ਨਹੀਂ।
 ਖੈਰ, ਸੰਸਾਰ ਵਿਚ ਜਾਣਕਾਰ ਮਨੁੱਖਾ ਵਲੋਂ ਬਣਾਈ ਕੋਈ ਵੀ ਕਲੈਂਡਰ ਪੱਧਤੀ ਐਸੀ ਨਹੀਂ ਜੋ ਕਿ ਦੋਸ਼ ਮੁੱਕਤ ਹੋਵੇ।ਕਾਰਣ? ਕਾਰਣ ਇਹ ਕਿ ਕੁਦਰਤ ਵਿਚ ਸਥਾਪਤ ਸੁਰਜ, ਚੰਨ ਜਾਂ ਧਰਤੀ ਦੀ ਚਾਲ ਮਨੁੱਖਾਂ ਦੇ ਹੱਥ ਨਹੀਂ ਕਿ ਉਹ ਇਨ੍ਹਾਂ ਨੂੰ ਪੁਰਣਰੂਪ ਵਿਚ ਆਪਣੀ ਗਣਨਾ ਵਿਚ ਬੰਨ ਲੇਣ।ਇਹੀ ਕਾਰਣ ਹੈ ਕਿ ਮਨੁੱਖਾਂ ਵਲੋਂ ਸਮੇਂ ਸੀਮਾ ਨਿਰਧਾਰਨ ਪੱਧਤੀ ਵਿੱਚ ਉੱਤਪੰਨ ਹੁੰਦੇ ਦੋਸ਼ਾਂ ਨੂੰ ਸਮੇਂ-ਸਮੇਂ ਸਿਰ ਸੁਧਾਰ ਵਿਵਸਥਾ ਰਾਹੀਂ ਠੀਕ ਕੀਤਾ ਜਾਂਦਾ ਹੈ।ਜਿਵੇਂ ਕਿ ਗ੍ਰਰੇਗੌਰਿਅਨ ਕਲੈਂਡਰ ਪੱਧਤੀ ਵਿਚ ਹਰ ਚਾਰ ਸਾਲ ਬਾਦ 29 ਫਰਵਰੀ ਦੀ ਵਿਵਸਥਾ ਅਤੇ 400 ਨਾਲ ਤਕਸੀਮ ਹੁੰਦੇ ਸਾਲ ਵਿਚ ਲੀਪ ਦਾ ਸਾਲ ਨਾ ਹੋਣ ਦੀ ਵਿਵਸਥਾ।ਯਾਨੀ ਚੰਨ-ਧਰਤੀ ਦੀ ਚਾਲ ਮੁਤਾਬਕ ਅਸੀਂ ਆਪਣੀ ਗਣਿਤ ਪੱਧਤੀ ਨੂੰ ਸੰਤੁਲਿਤ ਕਰਦੇ ਹਾਂ ਕਿਉਂਕਿ ਚੰਨ-ਸੂਰਜ ਦੀ ਚਾਲ ਨੂੰ ਸੰਤੁਲਿਤ ਕਰਨਾ ਨਾ ਸਾਡਾ ਕੰਮ ਹੈ, ਅਤੇ ਨਾ ਹੀ ਸਾਡੇ ਵੱਸ ਵਿਚ!
ਇਹ ਸਭ ਕੁੱਝ ਕਰਨ ਦੇ ਬਾਵਜੂਦ ਦੋਸ਼ ਨਹੀਂ ਹੱਟਦਾ ਅਤੇ 3326 ਸਾਲਾਂ ਬਾਦ ਇਕ ਦਿਨ ਦਾ ਦੋਸ਼ ਫਿਰ ਨਿਕਲ ਆਉਂਦਾ ਹੈ। ਜੇ ਕਰ ਇਹੀ ਇਕ ਵੱਡਾ ਤਰਕ ਹੈ ਤਾਂ ਇਸ ਦੋਸ਼ ਨਾਲੋਂ ਈਰਾਨੀ ਕਲੈਂਡਰ ਬਨਾਉਣ ਲਈ ਵਰਤੀ ਜਾਂਦੀ ਪੱਧਤੀ ਵਿਚ ਬਹੁਤ ਹੀ ਘੱਟ ਦੋਸ਼ ਹੈ ਜਿਸ ਅਨੁਸਾਰ 1,41,000 ਸਾਲ ਬਾਦ ਇਕ ਦਿਨ ਦਾ ਦੋਸ਼ ਨਿਕਲਦਾ ਹੈ।ਕਿੱਥੇ 3326 ਸਾਲ ਅਤੇ ਕਿੱਥੇ 1,41,000 ਸਾਲ। ਯਾਨੀ 42.39 ਗੁਣਾ ਘੱਟ ਦੋਸ਼! ਯਾਨੀ ਕਿ ਟ੍ਰਾਪਿਕਲ ਈਅਰ ਪੱਧਤੀ ਅਨੁਸਾਰ ਮਿੱਥੇ ਨਾਨਕਸ਼ਾਹੀ ਕਲੈਂਡਰ ਵਿਚ 1,41,000 ਸਾਲ ਵਿਚ 42 ਕੁ ਦਿਨ ਦਾ ਫਰਕ ਪੈ ਜਾਏਗਾ ? ਐਡਜਸਟਮੈਂਟ ਕਰਨੀ ਪਵੇਗੀ ? ਫਿਰ ਕੀ ਘੱਟ ਦੋਸ਼ ਵਾਲੇ ਤਰਕ ਅਨੁਸਾਰ ਈਰਾਨ ਵਾਲੀ ਪੱਧਤੀ ਹੀ ਨਾ ਵਰਤ ਲਈ ਜਾਏ ਨਾਨਕਸ਼ਾਹੀ ਕਲੈਂਡਰ ਲਈ ?
ਇਨ੍ਹਾਂ ਪ੍ਰਸ਼ਨ ਦਾ ਉੱਤਰ ਤਾਂ ਕਲੈਂਡਰ ਦੇ ਜਾਣਕਾਰ ਹੀ ਦੇ ਸਕਦੇ ਹਨ, ਪਰ ਇਕ ਗਲ ਸਪਸ਼ਟ ਹੈ ਕਿ ਨਾਨਕਸ਼ਾਹੀ ਕਲੈਂਡਰ ਲਈ ਵਰਤੇ ਜਾਣ ਲਈ ਗਣਿਤ ਪੱਧਤੀ ਦੀ ਚੋਂਣ ਕਰਨ ਵੇਲੇ ਜੋ ਤਰਕ ਦਿੱਤੇ ਗਏ ਉਨ੍ਹਾਂ ਵਿਚ ਕਮਜ਼ੋਰੀ ਸੀ।ਕਈਂ ਵਾਰ ਲੱਗਦਾ ਹੈ ਕਿ ਲੋੜੀਦੀ ਸਰਵ ਪੱਖੀ ਵਿਚਾਰ ਨਹੀਂ ਹੋ ਪਾਈ।
 ਖੈਰ, ਸਭ ਤੋਂ ਵੱਡੀ ਜ਼ਰੂਰਤ ਤਾਂ ਇਕ ਆਪਣੇ ਕਲੈਂਡਰ ਦੇ ਹੋਣ ਦੀ ਸੀ ਸੋ ਉਹ ਤਾਂ ਬਣ ਗਿਆ।ਹੁਣ ਅਸਲ ਮਾਮਲਾ ਉਸ ਕਲੈਂਡਰ ਨੂੰ ਬਨਾਉਣ ਲਈ ਵਰਤੇ ਜਾਣ ਵਾਲੀ ਪੱਧਤੀ ਦੀ ਚੋਂਣ ਦਾ ਹੈ। ਕਲੈਂਡਰ ਦੇ ਬਹੁਤੇ ਜਾਣਕਾਰਾਂ ਨੇ ਅੱਜੇ ਸਿੱਖਾਂ ਨੂੰ ਇਤਨਾ ਵੀ ਨਹੀਂ ਦੱਸਿਆ ਕਿ ਕਲੈਂਡਰ ਬਨਾਉਣ ਲਈ ਵਰਤੇ ਜਾਣ ਵਾਲੀ ਕੋਈ ਵੀ ਪੱਧਤੀ ਧਾਰਮਕ ਨਹੀਂ, ਬਲਕਿ ਉਹ ਗਣਿਤ (ਮੈਥੇਮੇਟਿਕਲ ਫਾਰਮੂਲਾ) ਪੱਧਤੀ ਹੈ।ਇਹ ਇਕ ਮੁੱਖ ਕਾਰਣ ਹੈ ਕਲੈਂਡਰ ਮਾਮਲੇ ਤੇ ਹੋ ਰਹੀ ਸਾਡੀ ਜੱਗ ਹਸਾਈ ਦਾ।ਇਸ ਪਿੱਛੇ ਮੁੱਖ ਦਲੀਲਾਂ ਇਹ ਹਨ:-
(1)    ਵਿਕਰਮੀ ਕਲੈਂਡਰ ਲਈ ਵਰਤੇ ਜਾਣ ਵਾਲੀ ਗਣਿਤ ਪੱਧਤੀ ਹਿੰਦੂ ਹੈ!
(2)    ਇਸ ਅਨੁਸਾਰ ਰਿਤੂ ਪੈਟਰਨ ਬਦਲਿਆ ਤਾਂ ਗੁਰਬਾਣੀ ਉਪਦੇਸ਼ ਗਲਤ ਹੋ ਜਾਣ ਗੇ!
(3)    ਵਿਕਰਮੀ ਕਲੈਂਡਰ ਅਨੁਸਾਰ ਸਾਲ ਵਿਚ ਇਕ ਪ੍ਰਕਾਸ਼ ਦਿਹਾੜਾ ਦੋ ਵਾਰ ਆਉਂਦਾ ਹੈ ਅਤੇ ਇਕ ਸਾਲ ਇਕ ਵਾਰ ਵੀ ਨਹੀਂ!
(4)    ਗੁਰਮਤਿ ਚੰਨ-ਸੂਰਜ ਆਦਿ ਨੂੰ ਦੇਵਤਾ ਨਹੀਂ ਮੰਨਦੀ ਇਸ ਲਈ ਚੰਨ-ਸੂਰਜ ਦੀ ਚਾਲ ਅਧਾਰਤ ਕਲੈਂਡਰ ਸਾਨੂੰ ਹਿੰਦੂਮਤ ਨਾਲ ਜੋੜਦਾ ਹੈ।
ਚਾਹੀਦਾ ਤਾਂ ਇਹ ਸੀ ਕਿ ਟ੍ਰਾਪਿਕਲ ਈਅਰ ਪੱਧਤੀ ਪੱਖੀ ਸੱਜਣ ਉਪਰੋਕਤ ਦਲੀਲਾਂ ਦਾ ਸਹਾਰਾ ਨਾ ਲੇਂਦੇ, ਪਰ ਉਨ੍ਹਾਂ ਨੇ ਇਨ੍ਹਾਂ ਦਲੀਲਾਂ ਦਾ ਸਹਾਰਾ ਲੈ ਕੇ ਆਪਣੇ ਪੱਖ ਨੂੰ ਕਮਜ਼ੋਰ ਹੀ ਸਿੱਧ ਕੀਤਾ।
 ਜੇ ਕਰ ਵਿਚਾਰ ਕਰੀਏ ਪਹਲੀ ਦਲੀਲ ਵਿਚਲੀ ਕਮਜ਼ੋਰੀ ਦੀ ਤਾਂ ਉਹ ਇਹ ਹੈ ਕਿ ਕੋਈ ਕਲੈਂਡਰ ਪੱਧਤੀ ਧਾਰਮਕ ਨਹੀਂ ਹੁੰਦੀ।
ਦੁਜੀ ਦਲੀਲ ਦਲੀਲ ਵਿਚਲੀ ਕਮਜ਼ੋਰੀ ਇਹ ਹੈ ਕਿ ਬਾਣੀ ਰਿਤੂ ਪੈਟਰਨ ਦੀ ਮੁਹਤਾਜ ਨਹੀਂ ਜੋ ਕਿ ਮੋਸਮ ਇਤਹਾਸ ਵਿਚ ਕਲਾਂਤਰ ਬਦਲਦੇ ਆਏ ਹਨ ਅਤੇ ਬਦਲਦੇ ਰਹਿਣਗੇ।ਕੋਈ ਵੀ ਕਲੈਂਡਰ ਪੱਧਤੀ ਰਿਤੂ ਪੈਟਰਨ ਨੂੰ ਹਰ ਸਮੇ, ਹਰ ਥਾਂ ਇਕੋ ਜਿਹਾ ਨਹੀਂ ਰੱਖ ਸਕਦੀ।ਠੰਡੇ ਮੁਲਕਾਂ-ਖੇਤਰਾਂ ਵਿਚ ਕੀ ਬਾਣੀ ਉਪਦੇਸ਼ ਗਲਤ ਸਿੱਧ ਹੁੰਦੇ ਹਨ ? ਨਹੀਂ!
ਤੀਜੀ ਦਲੀਲ ਦਲੀਲ ਵਿਚਲੀ ਕਮਜ਼ੋਰੀ ਇਹ ਹੈ ਕਿ ਚੰਨ-ਸੂਰਜੀ ਕਲੈਂਡਰ ਲਈ ਅਪਨਾਈ ਜਾਂਦੀ ਪੱਧਤੀ ਅਨੁਸਾਰ ਇਕ ਪ੍ਰਕਾਸ਼ ਦਿਹਾੜਾ ਦੋ ਵਾਰ ਨਹੀਂ ਆਉਂਦਾ ਬਲਕਿ ਉਹ ਗ੍ਰੇਗੋਰਿਅਨ ਕਲੈਂਡਰ ਮੁਤਾਬਕ ਇਕ ਸਾਲ ਵਿਚ ਦੋ ਵਾਰ ਆਉਂਦਾ ਪ੍ਰਤੀਤ ਹੁੰਦਾ ਹੈ।ਇਸ ਬਾਰੇ ਕਲੈਂਡਰ ਜਾਣਕਾਰ ਜ਼ਿਆਦਾ ਜਾਣਦੇ ਹੋਣ ਗੇ।
ਚੌਥੀ ਦਲੀਲ ਦਲੀਲ ਵਿਚਲੀ ਕਮਜ਼ੋਰੀ ਇਹ ਹੈ ਕਿ ਸਾਡੇ ਲਈ ਚੰਨ-ਸੂਰਜ ਦੀ ਚਾਲ ਨੂੰ ਮਾਣਕ ਬਨਾਉਣਾ ਕੁਦਰਤ ਨੂੰ ਮਾਣਕ ਬਨਾਉਣਾ ਹੈ ਨਾ ਕਿ ਦੇਵਤਿਆਂ ਨੂੰ। ਚੰਨ ਸੂਰਜ ਕੁਦਰਤ ਦੇ ਹਨ ਧਰਮ ਵਿਸ਼ੇਸ਼ ਦੇ ਨਹੀਂ।ਲੋਗ ਤਾਂ ਹਵਾ-ਪਾਣੀ ਨੂੰ ਵੀ ਦੇਵਤਾ ਮੰਨਦੇ ਹਨ ਤਾਂ ਕੀ ਅਸੀਂ ਸਾਹ ਲੇਣਾ ਜਾਂ ਪਾਣੀ ਪੀਣਾ-ਵਰਤਣਾ ਬੰਦ ਕਰ ਦਿੱਤਾ ਹੈ ?
ਮੇਰੇ ਵਿਚਾਰ ਵਿਚ ਨਾਨਕਸ਼ਾਹੀ ਕਲੈਂਡਰ ਚਿਰ ਤੋਂ ਬਣ ਚੁੱਕਾ ਹੈ। ਰਹੀ ਗਲ ਉਸ ਲਈ ਵਰਤੇ ਜਾਣ ਵਾਲੀ ਗਣਿਤ ਪੱਧਤੀ ਦੀ ਚੋਂਣ ਦੀ, ਤਾਂ ਉਪਰੋਕਤ ਦਲੀਲਾਂ ਨੂੰ ਪਰੇ ਕਰਕੇ ਮਜ਼ਬੂਤ ਦਲੀਲਾਂ ਰਾਹੀਂ ਵਿਚਾਰਾਂ ਦਾ ਵਟਾਂਦਰਾ ਹੋਂਣਾ ਚਾਹੀਦਾ ਹੈ, ਤਾਂ ਕਿ ਇਸ ਮੁੱਧੇ ਪੁਰ ਅਸੀਂ ਗੁਰਮਤਿ ਦੀ ਰੌਸ਼ਨੀ ਵਿਚ ਦਲ਼ੀਲ ਯੁੱਕਤ ਵਿਚਾਰ ਕਰਨ ਵਾਲੀ ਕੌਮ ਕਰਕੇ ਜਾਣੇ ਜਾਈਏ।
ਗੁਰਮਤਿ ਵਿਚ ਦਰਸਾਇਆ ਨਿਆਂ ਸੰਗਤ ਸੱਚਾ ਅਚਾਰ ਅਤੇ ਉਸਦਾ ਔਚਿੱਤ ਕਲੈਂਡਰ ਨਾਲ ਨਹੀਂ ਬਦਲਦਾ।ਕਲੈਂਡਰ ਜਾਣਕਾਰ ਇਸ ਤੇ ਵਿਚਾਰ ਕਰਕੇ ਸੇਧ ਤੈਅ ਕਰਨ ਦੀ ਕਿਰਪਾਲਤਾ ਕਰਨ।
ਹਰਦੇਵ ਸਿੰਘ, ਜੰਮੂ- 28.01.2015
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.