ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਸਭ ਕੁੱਝ ਆਸਾਨ ਕਰੋ ?
ਸਭ ਕੁੱਝ ਆਸਾਨ ਕਰੋ ?
Page Visitors: 2685

ਸਭ ਕੁੱਝ ਆਸਾਨ ਕਰੋ ?
ਇੱਕ ਸੱਜਣ ਪੁਰਸ਼ ਨਾਲ ਗਲ ਬਾਤ ਹੋਈ ਤਾਂ ਉਨ੍ਹਾਂ ਨੇ ਤਰਕ ਦਿੱਤਾ ਕਿ ਬੱਚਿਆਂ ਨੂੰ ਗੁਰਬਾਣੀ ਕਿਵੇਂ ਅਸਾਨ ਕਰਕੇ ਸਮਝਾਈ ਜਾਏ ? ਸਵਾਲ ਮਹੱਤਵਪੂਰਣ ਸੀ। ਬੱਚਿਆਂ ਨੂੰ ਗੁਰਮਤਿ ਸਮਝਾਉਣ ਦਾ ਕੰਮ ਮਾਂ-ਬਾਪ ਅਤੇ ਸਿੱਖ ਸਮਾਜ ਦਾ ਹੈ। ਬੱਚਾ ਕੁੱਝ ਗਲਾਂ ਬਾਰੇ ਜਾਣਕਾਰੀ ਬੋਲਣ ਤੋਂ ਪਹਿਲਾਂ ਹੀ ਵਾਚਦੇ ਹੋਏ ਗ੍ਰਹਿਣ ਕਰਨ ਲੱਗਦਾ ਹੈ। ਜਿਵੇਂ ਕਿ ਗੁਰਦੁਆਰੇ ਜਾਣਾ, ਹੱਥ ਜੋੜਨਾ ਮੱਥਾ ਟੇਕਣਾ ਆਦਿ। ਕੁੱਝ ਵੱਡਾ ਹੋਣ ਪੁਰ ਉਸ ਨੂੰ ਬਾਕਾਯਦਾ ਸਿੱਖੀ ਦੀ ਤਾਲੀਮ ਵੀ ਦਿੱਤੀ ਜਾਣੀ ਚਾਹੀਦੀ ਹੈ, ਅਤੇ ਉਮਰ ਨੂੰ ਵੇਖਦੇ ਹੋਏ ਇਹ ਤਾਲੀਮ ਪੜਾਅ ਵਾਰ ਹੀ ਹੋ ਸਕਦੀ ਹੈ। ਮਸਲਨ  ੮-੧੦ ਸਾਲ ਦੇ ਬੱਚੇ ਨੂੰ ਗੁਰਬਾਣੀ ਦੇ ਡੁੰਘੇ ਭਾਵਾਂ ਦਾ ਪਤਾ ਨਹੀਂ ਚਲਦਾ।ਇਸ ਲਈ ਡੁੰਘੇ ਵਿਸ਼ੇ ਬਾਰੇ ਜਾਣਕਾਰੀ  ਅਸਾਨੀ ਨਾਲ ਨਹੀਂ ਦਿੱਤੀ ਜਾ ਸਕਦੀ। ਇਹ ਨੁੱਕਤਾ ਵਿਚਾਰਣ ਯੋਗ ਹੈ।
  ਮਸਲਨ ਸਰਜਨ ਬਣਨ ਲਈ ਵਿਸ਼ੇਸ਼ ਅਤੇ ਸਿਲਸਿਲੇ ਵਾਰ ਪੜਾਈ ਦੀ ਲੋੜ ਹੁੰਦੀ ਹੈ। ਹੁਣ ਕਿਸੇ ਉਸਤਾਦ ਸਰਜਨ ਵਲੋਂ ੮-੧੦ ਸਾਲ ਦੇ ਬੱਚੇ ਨੂੰ ਸਰਜਰੀ ਵਰਗੀ ਵਿਸ਼ੇਸ਼ ਸਿੱਖਿਆ, ਅਸਾਨ ਕਰਕੇ ਨਹੀਂ ਸਮਝਾਈ ਜਾ ਸਕਦੀ। ਜੇ ਕਰ ਬੱਚੇ ਨੇ ਦਿਮਾਗ ਦਾ ਸਰਜਨ ਬਣਨਾ ਹੈ ਤਾਂ ਕੋਈ ਐਸੀ ਤਰਕੀਬ ਨਹੀਂ ਕਿ ਦਿਮਾਗ ਦੀ ਸਰਜਰੀ ਸਬੰਧਤ ਗਿਆਨ ਨੂੰ ਅਸਾਨ ਕਰਕੇ ੮ ਸਾਲ ਦੇ ਬੱਚੇ ਨੂੰ ਸਰਜਨ ਬਨਾ ਦਿੱਤਾ ਜਾਏ। ਜੇ ਕਰ ਬੱਚੇ ਜਾਂ ਵੱਡੇ ਨੇ ਸਰਜਨ ਬਣਨਾ ਹੈ ਤਾਂ ਵਿਸ਼ੇਸ਼ ਪੜਾਈ, ਵਿਸ਼ੇਸ਼ ਢੰਗ ਨਾਲ ਹੀ ਕਰਨੀ ਪਵੇਗੀ ਜਿਸ ਵਿਚ, ਸਿਵਾ ਮਹਿਨਤ,  ਅਸਾਨੀ ਵਰਗਾ ਕੋਈ ਸ਼ਾਟਕਟ (Shortcut) ਸੋਖਾ ਤਰੀਕਾ (Method) ਨਹੀਂ।
  ਇੰਝ ਹੀ ਕਾਨੂਨੀ ਵਿੱਦਆ ਨੂੰ ਅਸਾਨ ਕਰਨ ਦਾ ਕੋਈ ਐਸਾ ਢੰਗ ਨਹੀਂ ਕਿ ੫-੧੦ ਸਾਲ ਦਾ ਬੱਚਾ ਜਾਂ ਨੋਜਵਾਨ ਬਿਨ੍ਹਾਂ ਵਿਸ਼ੇਸ਼ ਪੜਾਈ ਕੀਤੇ ਸੁਪਰੀਮ ਕੋਰਟ ਦਾ ਜੱਜ ਬਣ ਜਾਏ। ਇਸ ਵਾਸਤਵਿਕਤਾ ਨੂੰ ਸਮਝਣ ਦੀ ਲੋੜ ਹੈ। ਪਰ ਧਰਮ ਫ਼ਿਲਾਸਫ਼ੀ ਦੇ ਖੇਤਰ ਵਿਚ ਜਿਸ ਵੇਲੇ ਸ਼ਾਟਕਟ (Shortcut) ਚਲਦੇ ਹਨ ਤਾਂ ਉਹ ਸੱਜਣ ਵੀ ਪ੍ਰਚਾਰਕ ਜਾਂ ਨਿਰਣਾਕਾਰ  ਬਣ ਜਾਂਦੇ ਹਨ ਜਿਨ੍ਹਾਂ ਨੇ ਵਿਸ਼ੇ ਬਾਰੇ ਵਿਸ਼ੇਸ਼ ਜਾਣਕਾਰੀ ਪ੍ਰਾਪਤ ਨਹੀਂ ਕੀਤੀ ਹੁੰਦੀ। ਇਸੇ ਕਿਸਮ ਦੇ ਨਿਰਣਾਕਾਰ, ਡੁੰਗੀ ਵਿਚਾਰ ਨੂੰ ਅਸਾਨ ਕਰਨ ਦੇ ਚੱਕਰ ਵਿਚ, ਉਨ੍ਹਾਂ ਸਾਰੇਆਂ ਵਿਸ਼ੇਆ ਬਾਰੇ ਜੱਜ ਬਣ ਜਾਂਦੇ ਹਨ ਜਿਨ੍ਹਾਂ ਦਾ ਪਤਾ ਉਨ੍ਹਾਂ ਨੂੰ ਆਪ ਨਹੀਂ ਹੁੰਦਾ।
  ਇੰਝ ਦਾ ਨਿਰਣਾਕਾਰ ਬਣ ਜਾਣਾ ਵੱਡੀਆਂ ਸਮੱਸਿਆਵਾਂ ਖੜੀਆਂ ਕਰਦਾ ਹੈ।ਇਹ ਲਗਭਗ ਉਂਝ ਹੀ ਹੁੰਦਾ ਹੈ ਕਿ ਕੋਈ ਬਿਨ੍ਹਾਂ ਵਿਸ਼ੇਸ਼ ਸਿੱਖਿਆ ਦੇ ਸਰਜਨ ਜਾਂ ਜੱਜ ਬਣ ਕੇ ਆਪਰੇਸ਼ਨ ਕਰਨ ਲੱਗ ਜਾਏ ਜਾਂ ਫੈਸਲੇ ਕਰਨ-ਥੋਪਣ ਲੱਗ ਜਾਏ।
  ਇਕ ਦਿਨ ਇਕ ਬੰਦਾ ਟਰੱਕ ਖੜਾ ਕਰਕੇ ਦਿਲ ਦੇ ਹਸਪਤਾਲ ਜਾ ਵੱੜਿਆ! ਪ੍ਰਬੰਧਕ ਨੂੰ ਕਹਿਣ ਲੱਗਾ; “ਮੈਂ ਟਰੱਕ ਚਲਾਉਦੇ-ਚਲਾਉਂਦੇ ਥੱਕ ਗਿਆ ਹਾਂ, ਮੈਂਨੁੰ ਸੋਖੇ ਢੰਗ ਨਾਲ ਦਿਲ ਦਾ ਡਾਕਟਰ ਬਣਾ ਦਿਉ !”
  “ਆਪ ਜੀ ਨੂੰ ਇਵੇਂ ਕਿਵੇਂ ਡਾਕਟਰ ਬਣਾ ਦੇਈਏ ? ਇਸ ਲਈ ਤਾਂ ਆਪ ਜੀ ਨੂੰ ਸਾਲਾਂ ਬੱਧੀ ਉਚੇਚੀ ਅਤੇ ਕਠਿਨ ਪੜਾਈ ਕਰਨੀ ਪਵੇਗੀ” ਪ੍ਰਬੰਧਕ ਮੇਜ਼ ਤੇ ਪਇਆਂ ਪੁਸਤਕਾਂ ਵੱਲ ਇਸ਼ਾਰਾ ਕਰਦੇ ਬੋਲਿਆ।
  “ਭਾਈ ਤੁਸੀ ਤਾਂ ਦਿਲ ਦੀ ਡਾਕਟਰੀ ਨੂੰ ਬੰਨ ਕੇ ਰੱਖ ਦਿੱਤਾ ਹੈ। ਭਲਾ ਇਸ ਨੂੰ ਅਸਾਨ ਕਰਕੇ ਮੇਰੇ ਵਰਗਿਆਂ ਨੂੰ ਅਸਾਨੀ ਨਾਲ ਡਾਕਟਰ ਕਿਉਂ ਨਹੀਂ ਬਣਾ ਦਿੰਦੇ ? ਤੁਸਾਂ ਤਾਂ ਪੁਸਤਕਾਂ ਵਿਚ ਸ਼ਬਦ ਵੀ ਐਸੇ-ਐਸੇ ਲਿਖੇ ਹਨ ਕਿ ਮੇਰੇ ਵਰਗਾ ਬੰਦਾ ਸਮਝਣਾ ਤਾਂ ਦੂਰ, ਉਨ੍ਹਾਂ ਦਾ ਉੱਚਾਰਣ ਤਕ  ਨਹੀਂ ਕਰ ਸਕਦਾ।ਬੜੇ ਨਾਸਮਝ ਚਲਾਕ ਹੋ ਤੁਸੀ ! ਅੱਜਕਲ ਤਾਂ ਹਰ ਤੀਜਾ ਬੰਦਾ ਦਿਲ ਦਾ ਮਰੀਜ਼ ਹੈ, ਪਰ ਤੁਹਾਡੇ ਵਰਗੇ ਬੰਦਿਆਂ ਨੇ ਤਾਂ ਦਿਲ ਦੇ ਗਿਆਨ ਨੂੰ ਆਮ ਬੰਦੇ ਦੀ ਪਹੁੰਚ ਤੋਂ ਦੂਰ ਰੱਖਿਆ ਹੋਇਆ ਹੈ। ਕੀ ਇਕ ਮੋਚੀ ਡਾਕਟਰ ਨਹੀਂ ਬਣ ਸਕਦਾ ? ਉਹ ਭਲਿਉ ਕੁੱਝ ਅਸਾਨ ਸ਼ਬਦ ਲੱਭੋ ਜਿਨ੍ਹਾਂ ਨੂੰ ਪੜ ਕੇ ਮੋਚੀ ਵੀ ਸਰਜਰੀ ਕਰਨ ਲਗੇ ਅਤੇ ਦਵਾਈ ਦੇਣ ਲੱਗੇ। ਉਹ ਭਲਿਉ ਕੁੱਝ ਕਾਮੇ ਆਦਿ ਠੋਕੋ ਤਾਂ ਕਿ ਬੰਦਾ ਸੋਖਾ ਸਮਝ ਸਕੇ। ਨਾਲ ਇਹ ਵੀ ਦੱਸੋ ਕਿ 'ਦਿਲ' ਅਤੇ 'ਦਿਲ ਦੀ ਧੜਕਨ' ਸ਼ਬਦ ਕਿਹੜੀ  ਪੁਸਤਕ ਵਿਚ ਕਿੰਨੀ ਵਾਰੀ ਆਏ ਹਨ ? ਤੁਸੀ ਆਪਣੀਆਂ ਪੁਸਤਕਾਂ ਦੇ ਟੀਕੇ ਕਿਉਂ ਨਹੀਂ ਕਰਵਾ ਲੇਂਦੇ ?” ਬੰਦੇ ਨੇ ਅੱਖਾਂ ਅੱਡ ਕੇ ਪੁੱਛਿਆ।
  “ਭਾਈ ਸਾਬ ਮੋਚੀ ਸਰਜਰੀ ਨਹੀਂ ਕਰ ਸਕਦਾ ਜਦ ਤਕ ਕਿ ਉਹ ਮੁਸ਼ਕਿਲ ਪੜਾਈ ਕਰਕੇ ਸਰਜਨ ਨਾ ਬਣੇ ਅਤੇ ਸਰਜਨ ਬੂਟ ਨਹੀਂ ਬਣਾ ਸਕਦਾ ਜਦ ਤਕ ਕਿ ਉਹ ਮੋਚੀ  ਵਾਲਾ ਹੁਨਰ ਨਾ ਸਿੱਖੇ। ਇਸ ਵਿਚ ਨਾਸਮਝ ਚਲਾਕੀ ਵਾਲੀ ਕੋਈ ਗਲ ਨਹੀਂ” ਪ੍ਰਬੰਧਕ ਨੇ ਸਮਝਾਉਣ ਦਾ ਜਤਨ ਕੀਤਾ, ਪਰ ਸਭ ਵਿਅਰਥ ! ਬੰਦੇ ਨੇ ਅੱਖਾਂ ਅੱਡ ਕੇ ਹੀ ਰੱਖਿਆਂ।
  ਪ੍ਰਬੰਧਕ ਚੱਕਰ ਖਾ ਗਿਆ। ਹੁਣ ਕੀ ਕਹਿੰਦਾ ? ਕਿਵੇਂ ਅਤੇ ਕਿਸ ਹੱਦ ਤਕ ਅਸਾਨ ਕਰਦਾ ਉਸ ਬੰਦੇ ਦੀ ਸਮੱਸਿਆ ? ਜਿਹੜਾ ਕੰਮ ਹੈ ਹੀ ਮਹਿਨਤ ਵਾਲਾ ਉਸ ਨੂੰ ਆਪਣੀ ਮਰਜ਼ੀ ਕਿਵੇਂ ਅਸਾਨ ਕਰਦਾ ?
ਹਰਦੇਵ ਸਿੰਘ, ਜੰਮੂ-੦4.੦2.2015

 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.