ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਮਹਾਰਾਜਾ ਰਣਜੀਤ ਸਿੰਘ ਅਤੇ ਸਰਕਾਰ (ਭਾਗ-2)
ਮਹਾਰਾਜਾ ਰਣਜੀਤ ਸਿੰਘ ਅਤੇ ਸਰਕਾਰ (ਭਾਗ-2)
Page Visitors: 2559

 ਮਹਾਰਾਜਾ ਰਣਜੀਤ ਸਿੰਘ ਅਤੇ ਸਰਕਾਰ (ਭਾਗ-2)
   ਲੇਖ ਦੇ ਪਹਿਲੇ ਭਾਗ ਹੇਠ ਅਮਰਜੀਤ ਸਿੰਘ ਚੰਦੀ ਜੀ ਵਲੋਂ ਆਈ ਸੰਪਾਦਕੀ ਟਿੱਪਣੀ ਮਹੱਤਵਪੁਰਣ ਹੋਣ ਕਾਰਣ, ਲੇਖ ਵਿਚਲੇ ਸਵਾਲ ਬਾਰੇ, ਇਤਹਾਸਕਾਰੀ ਪੱਖੋਂ ਵਿਸਤ੍ਰਤ ਵਿਸ਼ਲੇਸ਼ਣ ਦੀ ਮੰਗ ਕਰਦੀ ਹੈ। ਚੰਦੀ ਜੀ ਨੇ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਨ ਸਿੱਖ ਜਰਨੈਲਾਂ ਵਿਚਲੇ ਮਤਭੇਦਾਂ ਦਾ ਜ਼ਿਕਰ ਕਰਦੇ ਆਪਣੇ ਵਿਚਾਰ ਦਿੱਤੇ ਹਨ। ਇਤਹਾਸਕ ਸਥਿਤੀ ਇਹ ਦਰਸਾਉਂਦੀ ਹੈ ਕਿ ਕੁੱਝ ਮਤਭੇਦ ਹੋਣ ਦੇ ਬਾਵਜੂਦ, ਦੋਵੇਂ ਖ਼ਾਲਸਾ ਜਰਨੈਲਾਂ ਲਈ ਰਣਜੀਤ ਸਿੰਘ ਦਾ ਰਾਜ, ਵਿਯਕਤੀ ਰਾਜ ਤੋਂ ਵੱਧ ਕੇ ਬਹੁਤ ਕੁੱਝ ਸੀ, ਜਿਸ ਲਈ ਉਹ ਆਪਣੇ ਆਖਰੀ ਸਾਹ ਤਕ, ਉਸ ਪ੍ਰਤੀ ਵਫ਼ਾਦਾਰ ਰਹੇ।
ਸ਼ਿਮਲਾ ਵਾਰਤਾ ਵਿਚ 'ਲਾਰਡ ਆਕਲੇਂਡ' ਨੇ ਇਕ ਦਿਲਚਸਪ ਸਵਾਲ ਕੀਤਾ ਸੀ ਕਿ ਰਣਜੀਤ ਸਿੰਘ ਦੀ ਕਿਹੜੀ ਅੱਖ ਨਹੀਂ ਹੈ ? ਇਸ ਪੁਰ ਰਣਜੀਤ ਸਿੰਘ ਦੇ ਵਿਦੇਸ਼ ਮੰਤ੍ਰੀ ਦਾ ਜਵਾਬ ਸੀ ਕਿ; 'ਮਹਾਰਾਜਾ ਸੂਰਜ ਵਾਂਗ ਹੈ ਅਤੇ ਸੂਰਜ ਦੀ ਕੇਵਲ ਇਕ ਅੱਖ ਹੈ। ਮਹਾਰਾਜਾ ਦੀ ਇਕ ਅੱਖ ਦੀ ਚਮਕ ਅਤੇ ਨੂਰ ਇਤਨਾ ਤੇਜ ਹੈ ਕਿ ਮੈਂ ਕਦੇ ਉਸ ਦੀ ਦੂਜੀ ਅੱਖ ਵੱਲ ਵੇਖਣ ਦੀ ਹਿੰਮਤ ਨਹੀਂ ਕੀਤੀ'ਲਾਰਡ ਆਕਲੇਂਡ ਨੇ ਜਵਾਬ ਤੋਂ ਪ੍ਰਭਾਵਤ ਹੋ ਕੇ ਫ਼ਕੀਰ ਅਜ਼ੀਜ਼ੂਦੀਨ ਨੂੰ ਆਪਣੀ ਘੜੀ ਭੇਂਟ ਕੀਤੀ।
ਕੋਈ ਅਜ਼ੀਜ਼ੂਦੀਨ ਦੇ ਇਸ ਜਵਾਬ ਨੂੰ ਹਾਕਮ ਦੀ ਚਾਪਲੂਸੀ ਵੀ ਸਮਝ ਸਕਦਾ ਹੈ, ਪਰ ਸਿੱਖ ਰਾਜ ਦੀ ਸਰਬਰਾਹੀ ਬਾਰੇ ਐਸੇ ਜਵਾਬ ਵਿਚ, ਉਸ ਸਿੱਖ ਸ਼ਕਤੀ ਦਾ ਪ੍ਰਗਟਾਵਾ ਸੀ, ਜਿਸ ਨੂੰ ਅਜ਼ੀਜ਼ੂਦੀਨ ਨੇ ਕੂਟਨੀਤਕ ਅੰਦਾਜ਼ ਨਾਲ ਆਕਲੈਂਡ ਨੂੰ ਸਮਝਾਇਆ ਸੀ। ਅੰਗ੍ਰੇਜ਼ ਇਸ ਉੱਤਰ ਵਿੱਚਲੀ ਸੰਜੀਦਗੀ  ਨੂੰ ਭਲੀ-ਭਾਂਤ ਸਮਝਦੇ ਸੀ ਅਤੇ ਇਸੇ ਸਮਝ ਨੇ ਅੰਗ੍ਰੇਜਾਂ ਨੂੰ, ਰਣਜੀਤ ਸਿੰਘ ਦੇ ਸਮੇਂ ਦੇ ਸਿੱਖ ਰਾਜ ਵੱਲ ਅੱਖ ਚੁੱਕ ਕੇ ਵੇਖਣ ਦੀ ਹਿੰਮਤ ਨਹੀਂ ਕਰਨ ਦਿੱਤੀ ਸੀ। ਇਹ ਉਸ ਵਿਯੱਕਤੀ (ਰਣਜੀਤ ਸਿੰਘ) ਦਾ ਅੰਤ ਹੀ ਸੀ, ਜਿਸਦੀ ਅਣਹੋਂਦ ਵਿਚ ਸਿੱਖ ਰਾਜ ਦਾ ਸ਼ਿਕਾਰ ਕੀਤਾ ਗਿਆ।
ਰਣਜੀਤ ਸਿੰਘ ਉਪਰੰਤ ਘਟਨਾਕ੍ਰਮ ਦੇ ਵਿਸ਼ਲੇਸ਼ਣ ਲਈ ਦਾਰਸ਼ਨਕਪਲੇਟੋ’ ਦੇ ਉਸ ਪ੍ਰਸ਼ਨ ਨੂੰ ਵਿਚਾਰਨ ਦੀ ਲੋੜ ਹੈ ਜਿਸ ਵਿਚ ਉਹ ਪੁੱਛਦਾ ਹੈ, ਕਿ ਕਮੀਆਂ ਵਾਲੇ ਇਕ ਵਿਯੱਕਤੀ ਦੇ ਨਿਰਅੰਕੁਸ਼ ਰਾਜ, ਅਤੇ ਕਮੀਆਂ ਵਾਲੇ ਬਹੁਤ ਸਾਰੇ ਬੁਰੇ ਵਿਯਕਤੀਆਂ ਦੇ ਨਿਰਅੰਕੁਸ਼ ਰਾਜ ਵਿਚੋਂ, ਸਮਾਜ ਲਈ ਕਿਹੜਾ ਰਾਜ ਬੇਹਤਰ ਸਿੱਧ ਹੋ ਸਕਦਾ ਹੈ ?
 ਖ਼ੈਰ, ਰਣਜੀਤ ਸਿੰਘ ਦੇ ਰਾਜ ਲਈ ਅਕਾਲੀ ਫੂਲਾ ਸਿੰਘ ਜੀ ਦੀ ਸ਼ਹੀਦੀ ੧੮੨੩ ਵਿਚ ਹੋਈ ਸੀ ਅਤੇ ਇਸ ਤੋਂ ਚਿਰ ਪਹਿਲਾਂ ਰਣਜੀਤ ਸਿੰਘ ਸਿੱਖ ਰਾਜ  ਦਾ ਸਭ ਤੋਂ ਸ਼ਕਤੀਸ਼ਾਲੀ ਸਰਬਰਾਹ ਬਣ ਚੁੱਕਿਆ ਸੀ। ਉਸਦੀ ਸਰਬਰਾਹੀ ਲਈ ਚੂਨੌਤੀ ਨੂੰ ਅਕਾਲੀ ਫੂਲਾ ਸਿੰਘ ਜੀ ਸਿੱਖ ਰਾਜ ਨੂੰ ਚੂਨੌਤੀ ਬਰਾਬਰ ਸਮਝਦੇ, ਕਈਂ ਜੰਗਾਂ ਤੋਂ ਆਖ਼ਰੀ ਜੰਗ ਤਕ ਉਸਦਾ ਸਾਥ ਦਿੱਤਾ।
ਕੰਵਰ ਨੌ ਨਿਹਾਲ ਸਿੰਘ ਦੀ ਸ਼ਾਦੀ ਅਪ੍ਰੈਲ ੧੮੩੭ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਲੜਕੀ ਨਾਲ ਹੋਈ, ਜਿਸ ਦੇ ਉਪਰੰਤ ਹੀ ਹਰੀ ਸਿੰਘ ਨਲਵੇ ਨੇ ਜਮਰੂਧ ਦੀ ਜੰਗ (੩੦ ਅਪ੍ਰੈਲ) ਵਿਚ ਸ਼ਹੀਦੀ ਪ੍ਰਾਪਤ ਕੀਤੀ ਸੀ। ਮਹਾਰਾਜਾ ਰਣਜੀਤ ਸਿੰਘ ਨਾਲ ਕਿਸੇ ਮਤਭੇਦ, ਜਾਂ ਉਸ ਵੇਲੇ ਪਨਪੀ ਸਿਧਾਂਤਕ ਕਮੀ ਨੇ ਹਰੀ ਸਿੰਘ ਨਲਵੇ ਨੂੰ ਮਹਾਰਾਜਾ ਅਤੇ ਉਸਦੇ ਰਾਜ ਦਾ ਬਾਗੀ ਨਹੀਂ ਸੀ ਬਣਾਇਆ।
ਐਸੇ ਜਰਨੈਲਾਂ ਨੇ ਕਦੇ ਰਣਜੀਤ ਸਿੰਘ ਅਤੇ ਉਸ ਦੇ ਸਮੇਂ ਦੇ ਰਾਜ ਦੀ ਐਸੀ ਨਿੰਦਾ ਨਹੀਂ ਸੀ ਕੀਤੀ ਜਿਸ ਤਰ੍ਹਾਂ (ਉਸ ਨੂੰ ਖ਼ਲਨਾਯਕ ਬਨਾਉਣ ਲਈ) ਅੱਜ ਕੀਤੀ ਜਾਂਦੀ ਹੈ।
ਇਨ੍ਹਾਂ ਜਰਨੈਲਾਂ ਨੇ ਰਣਜੀਤ ਸਿੰਘ ਨਾਲ ਕਿਸੇ ਮਤਭੇਦ ਜਾਂ ਉਤਪੰਨ ਹੋਈ ਕਿਸੇ ਕਮੀ ਕਾਰਣ ਉਸਦੀ ਤਸਵੀਰ ਕਿਸੇ ਗਧੇ ਦੀ ਤਸਵੀਰ ਨਾਲ ਨਹੀਂ ਸੀ ਲਗਾਈ।

 

ਹਰਦੇਵ ਸਿੰਘ,ਜੰਮੂ-੧੮.੦੫.੨੦੧੫

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.